ਵਧੀਆ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਓ—ਸਟੱਡੀਆਂ ਨੂੰ ਸੰਗਠਨ ਬਾਰੇ ਦੱਸੋ
1 ਬਾਈਬਲ ਸਟੱਡੀਆਂ ਕਰਾਉਣ ਦਾ ਸਾਡਾ ਟੀਚਾ ਸਿਰਫ਼ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈਆਂ ਸਿਖਾਉਣਾ ਹੀ ਨਹੀਂ ਹੈ, ਸਗੋਂ ਇਹ ਵੀ ਹੈ ਕਿ ਉਹ ਕਲੀਸਿਯਾ ਦਾ ਹਿੱਸਾ ਬਣ ਸਕਣ। (ਜ਼ਕ. 8:23) ਅਜਿਹਾ ਕਰਨ ਵਿਚ ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਵਿਸ਼ਵਾਸ ਕਰਦੇ ਹਨ? (ਹਿੰਦੀ) ਨਾਂ ਦਾ ਬਰੋਸ਼ਰ ਸਾਡੀ ਮਦਦ ਕਰ ਸਕਦਾ ਹੈ। ਨਵੀਆਂ ਬਾਈਬਲ ਸਟੱਡੀਆਂ ਨੂੰ ਇਹ ਬਰੋਸ਼ਰ ਪੜ੍ਹਨ ਦੀ ਹੱਲਾਸ਼ੇਰੀ ਦਿਓ। ਇਸ ਤੋਂ ਇਲਾਵਾ, ਹਰ ਹਫ਼ਤੇ ਸਟੱਡੀ ਕਰਾਉਂਦੇ ਹੋਏ ਉਨ੍ਹਾਂ ਨੂੰ ਯਹੋਵਾਹ ਦੇ ਸੰਗਠਨ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਦਿਓ।
2 ਮੀਟਿੰਗਾਂ: ਬਾਈਬਲ ਸਟੱਡੀ ਉਦੋਂ ਪਰਮੇਸ਼ੁਰ ਦੇ ਸੰਗਠਨ ਦੀ ਕਦਰ ਕਰਨੀ ਸਿੱਖਦੀ ਹੈ, ਜਦੋਂ ਉਹ ਸਾਡੇ ਨਾਲ ਮੀਟਿੰਗਾਂ ਵਿਚ ਆਉਂਦੀ ਹੈ। (1 ਕੁਰਿੰ. 14:24, 25) ਇਸ ਕਰਕੇ ਤੁਸੀਂ ਉਨ੍ਹਾਂ ਨੂੰ ਹਫ਼ਤੇ ਵਿਚ ਹੁੰਦੀਆਂ ਪੰਜ ਮੀਟਿੰਗਾਂ ਬਾਰੇ ਇਕ-ਇਕ ਕਰ ਕੇ ਦੱਸਣਾ ਸ਼ੁਰੂ ਕਰ ਸਕਦੇ ਹੋ। ਉਨ੍ਹਾਂ ਨੂੰ ਅਗਲੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸੋ। ਉਨ੍ਹਾਂ ਨੂੰ ਪਹਿਰਾਬੁਰਜ ਸਟੱਡੀ ਅਤੇ ਕਲੀਸਿਯਾ ਦੀ ਬਾਈਬਲ ਸਟੱਡੀ ਵਿਚ ਚਰਚਾ ਕੀਤੇ ਜਾਣ ਵਾਲੇ ਲੇਖ ਦਿਖਾਓ। ਉਨ੍ਹਾਂ ਨੂੰ ਸਮਝਾਓ ਕਿ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਅਤੇ ਸੇਵਾ ਸਭਾ ਵਿਚ ਕੀ-ਕੀ ਹੁੰਦਾ ਹੈ। ਜੇ ਸਕੂਲ ਵਿਚ ਤੁਸੀਂ ਭਾਸ਼ਣ ਦੇਣਾ ਹੈ, ਤਾਂ ਤੁਸੀਂ ਸ਼ਾਇਦ ਉਸ ਨਾਲ ਰੀਹਰਸਲ ਕਰ ਸਕਦੇ ਹੋ। ਮੀਟਿੰਗਾਂ ਵਿਚ ਦੱਸੇ ਗਏ ਵਧੀਆ ਨੁਕਤਿਆਂ ਬਾਰੇ ਉਸ ਨਾਲ ਗੱਲਬਾਤ ਕਰੋ। ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀਆਂ ਤਸਵੀਰਾਂ ਦਿਖਾ ਕੇ ਉਨ੍ਹਾਂ ਨੂੰ ਸਮਝਾਓ ਕਿ ਉੱਥੇ ਕੀ-ਕੀ ਹੁੰਦਾ ਹੈ। ਪਹਿਲੀ ਸਟੱਡੀ ਤੋਂ ਹੀ ਉਨ੍ਹਾਂ ਨੂੰ ਮੀਟਿੰਗਾਂ ਵਿਚ ਆਉਣ ਦਾ ਸੱਦਾ ਦਿਓ।
3 ਜਦੋਂ ਮੈਮੋਰੀਅਲ, ਸੰਮੇਲਨ ਜਾਂ ਸਰਕਟ ਓਵਰਸੀਅਰ ਆਉਣ ਵਾਲਾ ਹੋਵੇ, ਤਾਂ ਕੁਝ ਸਮਾਂ ਕੱਢ ਕੇ ਉਸ ਨੂੰ ਇਨ੍ਹਾਂ ਪ੍ਰਬੰਧਾਂ ਬਾਰੇ ਸਮਝਾਓ। ਹੌਲੀ-ਹੌਲੀ ਅਜਿਹੇ ਸਵਾਲਾਂ ਦੇ ਜਵਾਬ ਦਿਓ ਜਿਵੇਂ ਕਿ ਸਾਨੂੰ ਯਹੋਵਾਹ ਦੇ ਗਵਾਹ ਕਿਉਂ ਕਿਹਾ ਜਾਂਦਾ ਹੈ? ਸਾਡੀਆਂ ਮੀਟਿੰਗਾਂ ਦੀਆਂ ਥਾਵਾਂ ਨੂੰ ਕਿੰਗਡਮ ਹਾਲ ਕਿਉਂ ਕਿਹਾ ਜਾਂਦਾ ਹੈ? ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਦੀਆਂ ਕੀ-ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ? ਪ੍ਰਚਾਰ ਕਰਨ ਲਈ ਕਿਹੜੇ-ਕਿਹੜੇ ਇੰਤਜ਼ਾਮ ਕੀਤੇ ਜਾਂਦੇ ਹਨ? ਸਾਡਾ ਸਾਹਿੱਤ ਕਿਵੇਂ ਤਿਆਰ ਕੀਤਾ ਜਾਂਦਾ ਹੈ? ਸੰਗਠਨ ਦਾ ਖ਼ਰਚਾ ਕਿੱਦਾਂ ਪੂਰਾ ਕੀਤਾ ਜਾਂਦਾ ਹੈ? ਇਸ ਨੂੰ ਚਲਾਉਣ ਲਈ ਬ੍ਰਾਂਚ ਆਫ਼ਿਸ ਅਤੇ ਪ੍ਰਬੰਧਕ ਸਭਾ ਕੀ-ਕੀ ਕਰਦੀ ਹੈ?
4 ਫ਼ਾਇਦੇਮੰਦ ਵਿਡਿਓ: ਸਟੱਡੀਆਂ ਲਈ ਯਹੋਵਾਹ ਦੇ ਵਧੀਆ ਸੰਗਠਨ ਨੂੰ ਜਾਣਨ ਦਾ ਇਕ ਹੋਰ ਤਰੀਕਾ ਹੈ ਵਿਡਿਓ ਦੇਖਣੇ। ਅੰਗ੍ਰੇਜ਼ੀ ਵਿਚ ਵਿਡਿਓ ਦੇਖਣੀਆਂ ਜਿਵੇਂ ਕਿ ਧਰਤੀ ਦੀਆਂ ਹੱਦਾਂ ਤਕ, ਸਾਡਾ ਭਾਈਚਾਰਾ ਅਤੇ ਪਰਮੇਸ਼ੁਰੀ ਸਿੱਖਿਆ ਦੁਆਰਾ ਇਕਮੁੱਠ। ਇਕ ਔਰਤ ਪੰਜ ਸਾਲਾਂ ਤੋਂ ਸਾਡੇ ਰਸਾਲੇ ਅਤੇ ਹੋਰ ਪ੍ਰਕਾਸ਼ਨ ਪੜ੍ਹ ਰਹੀ ਸੀ। ਜਦੋਂ ਉਸ ਨੇ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ ਨਾਮਕ ਵਿਡਿਓ ਦੇਖੀ, ਤਾਂ ਇਸ ਦਾ ਉਸ ਦੇ ਦਿਲ ʼਤੇ ਗਹਿਰਾ ਅਸਰ ਪਿਆ। ਪਹਿਲਾਂ ਤਾਂ ਉਹ ਉਨ੍ਹਾਂ ਗਵਾਹਾਂ ʼਤੇ ਵਿਸ਼ਵਾਸ ਕਰਦੀ ਸੀ ਜੋ ਉਸ ਨੂੰ ਮਿਲਣ ਲਈ ਆਉਂਦੇ ਸਨ, ਪਰ ਵਿਡਿਓ ਦੇਖਣ ਤੋਂ ਬਾਅਦ ਉਸ ਨੂੰ ਲੱਗਿਆ ਕਿ ਉਹ ਯਹੋਵਾਹ ਦੇ ਸੰਗਠਨ ʼਤੇ ਵੀ ਵਿਸ਼ਵਾਸ ਕਰ ਸਕਦੀ ਸੀ। ਉਸ ਨਾਲ ਸਟੱਡੀ ਸ਼ੁਰੂ ਕੀਤੀ ਗਈ ਅਤੇ ਅਗਲੇ ਹੀ ਹਫ਼ਤੇ ਉਹ ਕਿੰਗਡਮ ਹਾਲ ਵਿਚ ਮੀਟਿੰਗਾਂ ʼਤੇ ਆਈ।
5 ਆਪਣੀਆਂ ਸਟੱਡੀਆਂ ਨਾਲ ਹਰ ਹਫ਼ਤੇ ਕੁਝ ਮਿੰਟ ਬਿਤਾ ਕੇ ਅਤੇ ਸੰਗਠਨ ਵੱਲੋਂ ਕੀਤੇ ਗਏ ਪ੍ਰਬੰਧ ਵਰਤ ਕੇ ਅਸੀਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਬਣਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।
[ਸਵਾਲ]
1. ਹਰ ਹਫ਼ਤੇ ਸਟੱਡੀ ਕਰਾਉਂਦੇ ਹੋਏ ਯਹੋਵਾਹ ਦੇ ਸੰਗਠਨ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਦੇਣੀ ਕਿਉਂ ਫ਼ਾਇਦੇਮੰਦ ਹੈ?
2. ਤੁਸੀਂ ਬਾਈਬਲ ਸਟੱਡੀ ਨੂੰ ਮੀਟਿੰਗਾਂ ਵਿਚ ਆਉਣ ਦੀ ਹੱਲਾਸ਼ੇਰੀ ਕਿੱਦਾਂ ਦੇ ਸਕਦੇ ਹੋ?
3. ਅਸੀਂ ਸੰਗਠਨ ਬਾਰੇ ਕਿਹੜੀਆਂ ਖ਼ਾਸ ਗੱਲਾਂ ਦੱਸ ਸਕਦੇ ਹਾਂ?
4, 5. ਸੰਗਠਨ ਵਾਸਤੇ ਕਦਰ ਵਧਾਉਣ ਵਿਚ ਵਿਡਿਓ ਕਿਵੇਂ ਮਦਦ ਕਰ ਸਕਦੇ ਹਨ?