ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/12 ਸਫ਼ਾ 3
  • ਪ੍ਰਬੰਧਕ ਸਭਾ ਵੱਲੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਵੱਲੋਂ ਚਿੱਠੀ
  • ਸਾਡੀ ਰਾਜ ਸੇਵਕਾਈ—2012
ਸਾਡੀ ਰਾਜ ਸੇਵਕਾਈ—2012
km 3/12 ਸਫ਼ਾ 3

ਪ੍ਰਬੰਧਕ ਸਭਾ ਵੱਲੋਂ ਚਿੱਠੀ

ਸਾਡੇ ਪਿਆਰੇ ਭੈਣ-ਭਰਾਵੋ:

70 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਪਿਆਰੇ ਵਫ਼ਾਦਾਰ ਸੇਵਕੋ, ਤੁਹਾਨੂੰ ਇਹ ਚਿੱਠੀ ਲਿਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਜਦੋਂ ਅਸੀਂ ਦੁਨੀਆਂ ਦੇ ਕਿਸੇ ਹੋਰ ਹਿੱਸੇ ਤੋਂ ਆਏ ਕਿਸੇ ਭੈਣ-ਭਰਾ ਨੂੰ ਮਿਲਦੇ ਹਾਂ, ਤਾਂ ਸਾਨੂੰ ਝੱਟ ਅਹਿਸਾਸ ਹੁੰਦਾ ਹੈ ਕਿ ਉਹ ਸਾਡੇ ਨਾਲ ਪਿਆਰ ਦੇ ਖ਼ਾਸ ਬੰਧਨ ਵਿਚ ਬੱਝਾ ਹੋਇਆ ਹੈ। (ਯੂਹੰ. 13:34, 35) ਕੋਈ ਸ਼ੱਕ ਨਹੀਂ ਕਿ ਜਦੋਂ ਤੁਸੀਂ ਇਸ ਸਾਲ ਦੀ ਯੀਅਰ ਬੁੱਕ ਪੜ੍ਹੋਗੇ, ਤਾਂ ਤੁਹਾਨੂੰ ਵੱਖੋ-ਵੱਖਰੇ ਦੇਸ਼ਾਂ ਦੇ ਵਫ਼ਾਦਾਰ ਭੈਣਾਂ-ਭਰਾਵਾਂ ਦੇ ਵਧੀਆ ਤਜਰਬੇ ਪੜ੍ਹ ਕੇ ਇਹ ਖ਼ਾਸ ਬੰਧਨ ਚੇਤੇ ਆਵੇਗਾ।

ਦੁਨੀਆਂ ਭਰ ਵਿਚ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕਾਫ਼ੀ ਭੈਣ-ਭਰਾ ਪਰਿਵਾਰਕ ਸਟੱਡੀ ਪ੍ਰੋਗ੍ਰਾਮ ਲਈ ਬਾਕਾਇਦਾ ਸਮਾਂ ਕੱਢ ਰਹੇ ਹਨ। ਤੁਹਾਡੇ ਵਿੱਚੋਂ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ, ਉਨ੍ਹਾਂ ਨੇ ਉਨ੍ਹਾਂ ਦਾ ਧਿਆਨ ਬੰਨ੍ਹੀ ਰੱਖਣ ਲਈ ਵਧੀਆ ਤਰੀਕੇ ਵਰਤੇ ਹਨ। (ਅਫ਼. 6:4) ਵਿਆਹੇ ਜੋੜੇ ਇਕੱਠੇ ਸਟੱਡੀ ਕਰ ਰਹੇ ਹਨ ਜਿਸ ਸਦਕਾ ਉਨ੍ਹਾਂ ਦਾ ਆਪਸ ਵਿਚ ਰਿਸ਼ਤਾ ਹੋਰ ਵੀ ਪੱਕਾ ਹੋਇਆ ਹੈ। (ਅਫ਼. 5:28-33) ਬਾਈਬਲ ਦੀ ਡੂੰਘਾਈ ਨਾਲ ਸਟੱਡੀ ਕਰਨ ਦੇ ਇਸ ਪ੍ਰਬੰਧ ਤੋਂ ਇਕੱਲੇ ਭੈਣਾਂ-ਭਰਾਵਾਂ ਅਤੇ ਪਰਿਵਾਰਾਂ ਨੂੰ ਬਹੁਤ ਲਾਭ ਹੋ ਰਿਹਾ ਹੈ।—ਯਹੋ. 1:8, 9.

ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਨਾਲ ਹਮਦਰਦੀ ਹੈ ਜਿਨ੍ਹਾਂ ਦਾ ਹਾਲ ਹੀ ਦੀਆਂ ਕੁਦਰਤੀ ਆਫ਼ਤਾਂ ਵਿਚ ਕਾਫ਼ੀ ਨੁਕਸਾਨ ਹੋਇਆ ਹੈ। ਅਸੀਂ ਉਨ੍ਹਾਂ ਅਨੇਕ ਭੈਣਾਂ-ਭਰਾਵਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਨ੍ਹਾਂ ਔਖੇ ਸਮਿਆਂ ਵਿਚ ਬਿਨਾਂ ਝਿਜਕਿਆਂ ਰਾਹਤ ਪਹੁੰਚਾਉਣ ਵਿਚ ਹੱਥ ਵਟਾਇਆ। (ਰਸੂ. 11:28-30; ਗਲਾ. 6:9, 10) ਇਸ ਤੋਂ ਇਲਾਵਾ, ਹਰੇਕ ਮੰਡਲੀ ਵਿਚ ਅਜਿਹੇ ਭੈਣ-ਭਰਾ ਵੀ ਹਨ ਜੋ ਦੇਖਦੇ ਹਨ ਕਿ ਦੂਸਰਿਆਂ ਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ ਅਤੇ ਢੰਡੋਰਾ ਪਿੱਟੇ ਬਿਨਾਂ ਉਨ੍ਹਾਂ ਨੂੰ ਪੂਰਾ ਕਰਦੇ ਹਨ। ਬਾਈਬਲ ਵਿਚ ਦੱਸੀ ਦੋਰਕਸ ਨਾਂ ਦੀ ਭੈਣ ਵਾਂਗ ਤੁਸੀਂ ਵੀ ‘ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ ਵਿਚ ਲੱਗੇ ਰਹਿੰਦੇ ਹੋ।’ (ਰਸੂ. 9:36) ਯਕੀਨ ਕਰੋ ਕਿ ਯਹੋਵਾਹ ਇਹ ਸਭ ਕੁਝ ਦੇਖਦਾ ਹੈ ਅਤੇ ਤੁਹਾਨੂੰ ਇਸ ਮੁਤਾਬਕ ਫਲ ਦੇਵੇਗਾ।—ਮੱਤੀ 6:3, 4.

ਕੁਝ ਦੇਸ਼ਾਂ ਵਿਚ ਲੋਕ ਚਲਾਕੀ ਨਾਲ ਕਾਨੂੰਨ ਵਰਤ ਕੇ ‘ਸ਼ਰਾਰਤਾਂ ਘੜਦੇ’ ਹਨ ਅਤੇ ਤੁਹਾਡੇ ਹੱਕਾਂ ਨੂੰ ਪੈਰਾਂ ਹੇਠ ਮਸਲਦੇ ਹਨ। (ਜ਼ਬੂ. 94:20-22) ਤੁਸੀਂ ਯਾਦ ਰੱਖਦੇ ਹੋ ਕਿ ਯਿਸੂ ਨੇ ਪਹਿਲਾਂ ਹੀ ਇਸ ਅਤਿਆਚਾਰ ਬਾਰੇ ਦੱਸਿਆ ਸੀ ਜਿਸ ਕਰਕੇ ਤੁਸੀਂ ਹਿੰਮਤ ਨਾਲ ਸਹਿ ਰਹੇ ਹੋ ਤੇ ਯਹੋਵਾਹ ਨੂੰ ਆਪਣੀ ਪਨਾਹ ਸਮਝਦੇ ਹੋ। (ਯੂਹੰ. 15:19, 20) ਯਕੀਨ ਕਰੋ ਕਿ ਅਸੀਂ ਤੁਹਾਡੇ ਲਈ ਬਾਕਾਇਦਾ ਪ੍ਰਾਰਥਨਾ ਕਰਦੇ ਹਾਂ ਜਿਉਂ-ਜਿਉਂ ਤੁਸੀਂ ਉਨ੍ਹਾਂ ਲੋਕਾਂ ਨੂੰ “ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹੋ” ਜੋ ‘ਤੁਹਾਡੇ ਤੋਂ ਇਹ ਪੁੱਛਦੇ ਹਨ ਕਿ ਤੁਸੀਂ ਆਸ਼ਾ ਕਿਉਂ ਰੱਖਦੇ ਹੋ।’—1 ਪਤ. 3:13-15.

ਅਸੀਂ ਤੁਹਾਨੂੰ ਲੱਖਾਂ ਭੈਣਾਂ-ਭਰਾਵਾਂ ਨੂੰ ਸ਼ਾਬਾਸ਼ ਦਿੰਦੇ ਹਾਂ ਜੋ ਸਾਲੋਂ-ਸਾਲ ਆਪਣਾ ਚਾਲ-ਚੱਲਣ ਸ਼ੁੱਧ ਰੱਖਦੇ ਹੋ ਭਾਵੇਂ ਕਿ ਸ਼ੈਤਾਨ ਚਲਾਕੀ ਨਾਲ ਤੁਹਾਨੂੰ ਗੰਦੇ ਕੰਮਾਂ ਵਿਚ ਫਸਾਉਣ ਤੇ ਤੁਲਿਆ ਹੋਇਆ ਹੈ। ਜਿਉਂ-ਜਿਉਂ ਇਸ ਦੁਨੀਆਂ ਦੇ ਨੈਤਿਕ ਮਿਆਰ ਗਿਰਦੇ ਜਾ ਰਹੇ ਹਨ, ਤੁਸੀਂ ‘ਪ੍ਰਭੂ ਤੋਂ ਤਾਕਤ ਪਾ ਰਹੇ ਹੋ ਅਤੇ ਉਸ ਦੇ ਡਾਢੇ ਬਲ ਦੀ ਮਦਦ ਨਾਲ ਤਕੜੇ ਹੋ ਰਹੇ ਹੋ।’ (ਅਫ਼. 6:10) ਤੁਸੀਂ “ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ ਚੁੱਕ” ਕੇ “ਸ਼ੈਤਾਨ ਦੀਆਂ ਚਾਲਾਂ” ਦਾ ਡਟ ਕੇ ਮੁਕਾਬਲਾ ਕਰ ਰਹੇ ਹੋ। (ਅਫ਼. 6:11, 12) ਯਾਦ ਰੱਖੋ ਕਿ ਯਹੋਵਾਹ ਤੁਹਾਡੀ ਮਿਸਾਲ ਦੇ ਕੇ ਸ਼ੈਤਾਨ ਨੂੰ ਯਾਨੀ ਉਸ ਨੂੰ ਮੇਹਣੇ ਮਾਰਨ ਵਾਲੇ ਨੂੰ ਜਵਾਬ ਦੇ ਰਿਹਾ ਹੈ!—ਕਹਾ. 27:11.

ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਈ ਕਿ 2011 ਵਿਚ 1,93,74,737 ਜਣੇ ਸਾਡੇ ਪ੍ਰਭੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੋਏ ਸਨ। ਇੰਨੇ ਲੋਕ ਇਸ ਲਈ ਆਏ ਕਿਉਂਕਿ ਤੁਹਾਡੇ ਵਿੱਚੋਂ ਵੱਡੀ ਗਿਣਤੀ ਨੇ ਪਿਛਲੇ ਅਪ੍ਰੈਲ ਵਿਚ ਔਗਜ਼ੀਲਰੀ ਪਾਇਨੀਅਰਿੰਗ ਕੀਤੀ ਸੀ। ਦੁਨੀਆਂ ਭਰ ਦੇ ਲੱਖਾਂ ਹੀ ਲੋਕਾਂ ਨੇ ਵਫ਼ਾਦਾਰ ਗਵਾਹਾਂ ਨੂੰ ਯਹੋਵਾਹ ਦੀ ਪ੍ਰਸ਼ੰਸਾ ਕਰਦਿਆਂ ਸੁਣਿਆ ਸੀ! (ਰੋਮੀ. 10:18) ਭਾਵੇਂ ਕਿ ਤੁਸੀਂ ਉਨ੍ਹਾਂ 26,57,377 ਔਗਜ਼ੀਲਰੀ ਪਾਇਨੀਅਰਿੰਗ ਕਰਨ ਵਾਲਿਆਂ ਵਿਚ ਸੀ ਜਾਂ ਤੁਸੀਂ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਤੁਹਾਡੀ ਸਾਰਿਆਂ ਦੀ ਜੀ-ਜਾਨ ਲਾ ਕੇ ਕੀਤੀ ਸੇਵਾ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ।—ਜ਼ਬੂ. 110:3; ਕੁਲੁ. 3:23.

ਪਿਛਲੇ ਸਾਲ 2,63,131 ਨਵੇਂ ਭੈਣਾਂ-ਭਰਾਵਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ। ਅਸੀਂ ਇਸ ਲਈ ਯਹੋਵਾਹ ਦਾ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਰਲ਼ ਕੇ ਹੋਰਨਾਂ ਨੂੰ ਇਹ ਸੱਦਾ ਦਿੱਤਾ ਕਿ “‘ਆਓ!’ ਅਤੇ ਜਿਹੜਾ ਵੀ ਪਿਆਸਾ ਹੈ, ਉਹ ਆਵੇ; ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।” (ਪ੍ਰਕਾ. 22:17) ਖ਼ਾਸ ਕਰਕੇ 2011 ਦੇ ਸਾਡੇ ਜ਼ਿਲ੍ਹਾ ਸੰਮੇਲਨਾਂ ਵਿਚ ਪਰਮੇਸ਼ੁਰ ਦੇ ਸਥਾਪਿਤ ਹੋ ਚੁੱਕੇ ਰਾਜ ਬਾਰੇ ਪਹਿਲੂਆਂ ʼਤੇ ਗੌਰ ਕਰਨ ਤੋਂ ਬਾਅਦ, ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ੋਰ-ਸ਼ੋਰ ਨਾਲ ਕਹਿੰਦੇ ਹਾਂ “ਪਰਮੇਸ਼ੁਰ ਦਾ ਰਾਜ ਆਵੇ!” ਯਿਸੂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ “ਮੈਂ ਜਲਦੀ ਆ ਰਿਹਾ ਹਾਂ।” ਇਸ ਤੋਂ ਪ੍ਰੇਰਿਤ ਹੋ ਕੇ ਅਸੀਂ ਯੂਹੰਨਾ ਵਾਂਗ ਕਹਿੰਦੇ ਹਾਂ: “ਆਮੀਨ! ਪ੍ਰਭੂ ਯਿਸੂ ਆ।”—ਪ੍ਰਕਾ. 22:20.

ਉਸ ਵਧੀਆ ਸਮੇਂ ਦੀ ਉਡੀਕ ਕਰਦਿਆਂ, ਅਸੀਂ ਤੁਹਾਨੂੰ ਭਰੋਸਾ ਦਿਲਾਉਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਸਾਰੇ ਭੈਣਾਂ-ਭਰਾਵਾਂ ਨੂੰ ਦਿਲੋਂ ਪਿਆਰ ਕਰਦੇ ਹਾਂ ਕਿਉਂਕਿ ਤੁਸੀਂ “ਕੁਝ ਕਰ ਕੇ” ਆਪਣੇ ਪਿਆਰ ਦਾ ਸਬੂਤ ਦੇ ਰਹੇ ਹੋ।—1 ਯੂਹੰ. 3:18.

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ