ਕਾਰੋਬਾਰੀ ਇਲਾਕਿਆਂ ਵਿਚ ਦਲੇਰੀ ਨਾਲ ਪ੍ਰਚਾਰ ਕਰੋ
1. ਜੇ ਅਸੀਂ ਕਾਰੋਬਾਰੀ ਇਲਾਕਿਆਂ ਵਿਚ ਗਵਾਹੀ ਦੇਣ ਤੋਂ ਘਬਰਾਉਂਦੇ ਹਾਂ, ਤਾਂ ਸਾਨੂੰ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ?
1 ਕੀ ਤੁਸੀਂ ਕਾਰੋਬਾਰੀ ਇਲਾਕਿਆਂ ਵਿਚ ਗਵਾਹੀ ਦੇਣ ਤੋਂ ਘਬਰਾਉਂਦੇ ਹੋ? ਜੇ ਇਸ ਤਰ੍ਹਾਂ ਹੈ, ਤਾਂ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਪੌਲੁਸ ਨੂੰ ਵੀ “ਦਲੇਰ” ਹੋਣ ਦੀ ਲੋੜ ਸੀ ਭਾਵੇਂ ਕਿ ਉਹ ਪਰਮੇਸ਼ੁਰ ਦਾ ਇਕ ਨਿਡਰ ਸੇਵਕ ਸੀ। (1 ਥੱਸ. 2:2) ਹੇਠਾਂ ਕੁਝ ਆਮ ਚਿੰਤਾਵਾਂ ਦੇ ਨਾਲ-ਨਾਲ ਕੁਝ ਵਧੀਆ ਸੁਝਾਅ ਪੇਸ਼ ਕੀਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਸਫ਼ਲ ਹੋ ਸਕਦੇ ਹਾਂ।
2. ਸਾਨੂੰ ਕਾਮਿਆਂ ਦੇ ਗੁੱਸੇ ਹੋਣ ਬਾਰੇ ਇੰਨੀ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ?
2 ਕੀ ਕਾਮਿਆਂ ਨਾਲ ਗੱਲ ਕਰ ਕੇ ਅਸੀਂ ਉਨ੍ਹਾਂ ਨੂੰ ਖਿਝਾਵਾਂਗੇ ਤਾਂ ਨਹੀਂ? ਕਈ ਕਾਰੋਬਾਰੀ ਥਾਵਾਂ ਤੇ ਕਾਮੇ ਪਬਲਿਕ ਦੀ ਸੇਵਾ ਕਰਨ ਲਈ ਹੁੰਦੇ ਹਨ, ਇਸ ਲਈ ਉਹ ਲੋਕਾਂ ਨਾਲ ਗੱਲ ਕਰਨ ਲਈ ਤਿਆਰ ਹੁੰਦੇ ਹਨ। ਜਦੋਂ ਅਸੀਂ ਉਨ੍ਹਾਂ ਕੋਲ ਜਾਂਦੇ ਹਾਂ, ਤਾਂ ਉਹ ਅਕਸਰ ਸਾਡੇ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ ਕਿਉਂਕਿ ਉਹ ਸਾਨੂੰ ਗਾਹਕ ਸਮਝਦੇ ਹਨ। ਜੇ ਅਸੀਂ ਢੰਗ ਦੇ ਕੱਪੜੇ ਪਾਏ ਹਨ ਅਤੇ ਉਨ੍ਹਾਂ ਨਾਲ ਨਿੱਘੇ
ਤੇ ਦੋਸਤਾਨਾ ਸੁਭਾਅ ਨਾਲ ਗੱਲ ਕਰਾਂਗੇ, ਤਾਂ ਉਹ ਸਾਡੇ ਨਾਲ ਇੱਜ਼ਤ ਨਾਲ ਪੇਸ਼ ਆਉਣਗੇ।
3. ਅਸੀਂ ਗਾਹਕਾਂ ਨੂੰ ਖਿਝਾਉਣ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਾਂ?
3 ਕੀ ਮੈਨੂੰ ਕਈ ਗਾਹਕਾਂ ਸਾਮ੍ਹਣੇ ਪੇਸ਼ਕਾਰੀ ਦੇਣੀ ਪਵੇਗੀ? ਜੇ ਹੋ ਸਕੇ, ਤਾਂ ਉਸ ਸਮੇਂ ਦੁਕਾਨਾਂ ʼਤੇ ਜਾਓ ਜਦੋਂ ਗਾਹਕ ਘੱਟ ਹੁੰਦੇ ਹਨ ਯਾਨੀ ਜਦੋਂ ਦੁਕਾਨਾਂ ਖੁੱਲ੍ਹਦੀਆਂ ਹੀ ਹਨ। ਬਿਹਤਰ ਹੋਵੇਗਾ ਜੇ ਤੁਸੀਂ ਉਦੋਂ ਗੱਲ ਕਰੋ ਜਦੋਂ ਮੈਨੇਜਰ ਜਾਂ ਕਲਰਕ ਇਕੱਲਾ ਹੋਵੇ। ਆਪਣੀ ਪੇਸ਼ਕਾਰੀ ਬਹੁਤ ਹੀ ਛੋਟੀ ਰੱਖੋ।
4. ਕਾਰੋਬਾਰੀ ਥਾਵਾਂ ਤੇ ਗਵਾਹੀ ਦਿੰਦੇ ਸਮੇਂ ਅਸੀਂ ਕੀ ਕਹਿ ਸਕਦੇ ਹਾਂ?
4 ਮੈਨੂੰ ਕੀ ਕਹਿਣਾ ਚਾਹੀਦਾ ਹੈ? ਜੇ ਕਈ ਕਾਮੇ ਹੋਣ, ਤਾਂ ਪਹਿਲਾਂ ਸੁਪਰਵਾਈਜ਼ਰ ਨਾਲ ਗੱਲ ਕਰੋ। ਤੁਸੀਂ ਕਹਿ ਸਕਦੇ ਹੋ: “ਸਾਨੂੰ ਬਿਜ਼ਨਿਸ ਕਰਨ ਵਾਲੇ ਲੋਕ ਘੱਟ ਹੀ ਘਰ ਮਿਲਦੇ ਹਨ। ਇਸ ਕਰਕੇ ਅਸੀਂ ਤੁਹਾਨੂੰ ਕੰਮ ਤੇ ਹੀ ਮਿਲਣ ਆਏ ਹਾਂ। ਸਾਨੂੰ ਪਤਾ ਹੈ ਕਿ ਤੁਸੀਂ ਬਿਜ਼ੀ ਹੋ, ਇਸ ਲਈ ਅਸੀਂ ਤੁਹਾਡਾ ਬਹੁਤਾ ਸਮਾਂ ਨਹੀਂ ਲਵਾਂਗੇ।” ਉਹ ਸਾਨੂੰ ਸੇਲਜ਼ਮੈਨ ਨਾ ਸਮਝ ਲੈਣ, ਇਸ ਲਈ ਸਾਨੂੰ ਦਾਨ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਜਦ ਤਕ ਉਹ ਸਾਨੂੰ ਖ਼ੁਦ ਨਾ ਪੁੱਛਣ ਕਿ ਸਾਡੇ ਪ੍ਰਚਾਰ ਦੇ ਕੰਮ ਦਾ ਖ਼ਰਚਾ ਕਿੱਦਾਂ ਪੂਰਾ ਕੀਤਾ ਜਾਂਦਾ ਹੈ। ਦੇਖੋ ਕਿ ਬਿਜ਼ਨਿਸ ਕਿਸ ਤਰ੍ਹਾਂ ਦਾ ਹੈ, ਫਿਰ ਤੁਸੀਂ ਮੈਨੇਜਰ ਤੋਂ ਪੁੱਛੋ ਕਿ ਤੁਸੀਂ ਕੁਝ ਮਿੰਟਾਂ ਲਈ ਕਾਮਿਆਂ ਨਾਲ ਗੱਲ ਕਰ ਸਕਦੇ ਹੋ ਜਾਂ ਨਹੀਂ। ਉਨ੍ਹਾਂ ਨਾਲ ਵੀ ਉਹੀ ਪੇਸ਼ਕਾਰੀ ਵਰਤ ਕੇ ਗੱਲ ਕਰੋ ਜੋ ਤੁਸੀਂ ਮੈਨੇਜਰ ਲਈ ਵਰਤੀ। ਜੇ ਕਾਮਾ ਬਿਜ਼ੀ ਹੋਵੇ, ਤਾਂ ਆਪਣੀ ਪੇਸ਼ਕਾਰੀ ਛੋਟੀ ਰੱਖੋ ਤੇ ਉਸ ਨੂੰ ਇਕ ਟ੍ਰੈਕਟ ਦਿਓ। ਜੇ ਕਾਮਿਆਂ ਨਾਲ ਗੱਲ ਕਰਨੀ ਮੁਮਕਿਨ ਨਾ ਹੋਵੇ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਉਸ ਜਗ੍ਹਾ ਸਾਹਿੱਤ ਛੱਡਣ ਦੀ ਇਜਾਜ਼ਤ ਮਿਲ ਜਾਵੇ ਜਿੱਥੇ ਕਾਮੇ ਬ੍ਰੇਕ ਸਮੇਂ ਉੱਠਦੇ-ਬੈਠਦੇ ਹਨ।
5. ਕਾਰੋਬਾਰੀ ਥਾਵਾਂ ਤੇ ਦਲੇਰੀ ਨਾਲ ਗਵਾਹੀ ਦੇਣ ਦੇ ਕੀ ਕਾਰਨ ਹਨ?
5 ਯਿਸੂ ਅਤੇ ਪੌਲੁਸ ਦਲੇਰੀ ਨਾਲ ਲੋਕਾਂ ਦੀਆਂ ਕਾਰੋਬਾਰੀ ਥਾਵਾਂ ਤੇ ਪ੍ਰਚਾਰ ਕਰਦੇ ਹੁੰਦੇ ਸੀ ਅਤੇ ਤੁਸੀਂ ਵੀ ਕਰ ਸਕਦੇ ਹੋ। (ਮੱਤੀ 4:18-21; 9:9; ਰਸੂ. 17:17) ਯਹੋਵਾਹ ਤੋਂ ਮਦਦ ਮੰਗੋ ਕਿ ਉਹ ਤੁਹਾਡੇ ਦਿਲ ਨੂੰ ਸ਼ਾਂਤ ਰੱਖੇ ਅਤੇ ਤੁਸੀਂ ਦਲੇਰ ਬਣ ਸਕੋ। (ਰਸੂ. 4:29) ਕਾਰੋਬਾਰੀ ਇਲਾਕਿਆਂ ਵਿਚ ਸਾਨੂੰ ਤਕਰੀਬਨ ਸਾਰੇ ਲੋਕ ਹੀ ਮਿਲਦੇ ਹਨ। ਇਸ ਲਈ ਕਿਉਂ ਨਾ ਇਸ ਤਰ੍ਹਾਂ ਦੀ ਫਲਦਾਇਕ ਗਵਾਹੀ ਦੇਣ ਦਾ ਜਤਨ ਕਰੀਏ?