ਪੜ੍ਹਾਈ ਅਤੇ ਪਰਮੇਸ਼ੁਰ ਦੀ ਸੇਵਾ ਸੰਬੰਧੀ ਤੁਹਾਡੇ ਟੀਚੇ
1 ਤੁਸੀਂ ਜਵਾਨੀ ਵਿਚ ਚੰਗੀ ਮੂਲ ਸਿੱਖਿਆ ਲੈ ਕੇ ਚੰਗੀ ਤਰ੍ਹਾਂ ਪੜ੍ਹਨ-ਲਿਖਣ ਦੇ ਕਾਬਲ ਬਣ ਸਕਦੇ ਹੋ ਅਤੇ ਭੂਗੋਲ, ਇਤਿਹਾਸ, ਹਿਸਾਬ ਅਤੇ ਵਿਗਿਆਨ ਬਾਰੇ ਆਮ ਜਾਣਕਾਰੀ ਲੈ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਚੰਗੀ ਤਰ੍ਹਾਂ ਸੋਚਣਾ, ਤੱਥਾਂ ʼਤੇ ਸੋਚ-ਵਿਚਾਰ ਕਰਨਾ, ਸਮੱਸਿਆਵਾਂ ਨੂੰ ਸੁਲਝਾਉਣਾ ਅਤੇ ਚੰਗੇ ਤੇ ਨਵੇਂ-ਨਵੇਂ ਹੱਲ ਕੱਢਣੇ ਸਿੱਖ ਸਕਦੇ ਹੋ। ਅਜਿਹੀ ਸਿੱਖਿਆ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਵੇਗੀ। ਤੁਹਾਡੀ ਪੜ੍ਹਾਈ ਦਾ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚਿਆਂ ਨਾਲ ਕੀ ਤਅੱਲਕ ਹੈ ਅਤੇ ਤੁਸੀਂ “ਬੁੱਧੀ ਅਤੇ ਸੂਝ” ਕਿਵੇਂ ਹਾਸਲ ਕਰ ਸਕਦੇ ਹੋ?—ਕਹਾ. 3:21, 22, CL.
2 ਪਰਮੇਸ਼ੁਰ ਦੀ ਸੇਵਾ ਵਿਚ ਲਾਹੇਵੰਦ ਹੋਵੋ: ਸਕੂਲੇ ਕਲਾਸ ਵਿਚ ਧਿਆਨ ਨਾਲ ਪੜ੍ਹੋ-ਲਿਖੋ ਅਤੇ ਆਪਣਾ ਹੋਮ-ਵਰਕ ਚੰਗੀ ਤਰ੍ਹਾਂ ਕਰੋ। ਜੇ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਸਿੱਖੋਗੇ ਅਤੇ ਪੜ੍ਹਾਈ ਕਰਨ ਦੀਆਂ ਚੰਗੀਆਂ ਆਦਤਾਂ ਅਪਣਾਓਗੇ, ਤਾਂ ਤੁਸੀਂ ਸੌਖਿਆਂ ਬਾਈਬਲ ਸਟੱਡੀ ਕਰ ਸਕੋਗੇ ਅਤੇ ਆਪਣੇ ਆਪ ਨੂੰ ਸੱਚਾਈ ਵਿਚ ਮਜ਼ਬੂਤ ਰੱਖ ਸਕੋਗੇ। (ਰਸੂ. 17:11) ਹਰ ਵਿਸ਼ੇ ਦਾ ਗਿਆਨ ਹਾਸਲ ਕਰ ਕੇ ਤੁਸੀਂ ਪ੍ਰਚਾਰ ਕਰਦਿਆਂ ਵੱਖੋ-ਵੱਖਰੇ ਪਿਛੋਕੜਾਂ, ਰੁਚੀਆਂ ਅਤੇ ਵਿਸ਼ਵਾਸ ਰੱਖਣ ਵਾਲੇ ਲੋਕਾਂ ਨਾਲ ਗੱਲ ਕਰ ਸਕੋਗੇ। ਸਕੂਲ ਵਿਚ ਹਾਸਲ ਕੀਤੀ ਸਿੱਖਿਆ ਤੁਹਾਡੇ ਬਹੁਤ ਕੰਮ ਆਵੇਗੀ ਜਦੋਂ ਤੁਸੀਂ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨਿਭਾਓਗੇ।—ਹੋਰ ਜਾਣਕਾਰੀ ਲਈ 2 ਤਿਮੋਥਿਉਸ 2:21; 4:11 ਦੇਖੋ।
3 ਆਪਣਾ ਗੁਜ਼ਾਰਾ ਤੋਰਨਾ ਸਿੱਖੋ: ਮਿਹਨਤ ਨਾਲ ਕੀਤੀ ਗਈ ਪੜ੍ਹਾਈ ਅਜਿਹੇ ਹੁਨਰ ਸਿੱਖਣ ਵਿਚ ਵੀ ਤੁਹਾਡੀ ਮਦਦ ਕਰੇਗੀ ਜਿਸ ਨਾਲ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਆਪਣੀ ਰੋਜ਼ੀ-ਰੋਟੀ ਕਮਾ ਸਕੋਗੇ। (ਹੋਰ ਜਾਣਕਾਰੀ ਲਈ 1 ਤਿਮੋਥਿਉਸ 5:8 ਦੇਖੋ।) ਅਜਿਹੇ ਵਿਸ਼ੇ ਚੁਣਨ ਦੀ ਬਜਾਇ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਨੌਕਰੀ ਘੱਟ-ਵੱਧ ਹੀ ਮਿਲਦੀ ਹੈ, ਕੋਈ ਅਜਿਹਾ ਕਿੱਤਾ ਜਾਂ ਹੁਨਰ ਸਿੱਖਣ ਬਾਰੇ ਸੋਚੋ ਜਿਸ ਨਾਲ ਤੁਹਾਨੂੰ ਕਿਤੇ ਵੀ ਚੰਗੀ ਨੌਕਰੀ ਮਿਲ ਸਕਦੀ ਹੈ। (ਕਹਾ. 22:29) ਅਜਿਹੀ ਸਿਖਲਾਈ ਆਪਣਾ ਗੁਜ਼ਾਰਾ ਆਪ ਤੋਰਨ ਵਿਚ ਤੁਹਾਡੀ ਮਦਦ ਕਰੇਗੀ ਜੇ ਤੁਸੀਂ ਕਦੇ ਅਜਿਹੀ ਜਗ੍ਹਾ ਜਾਣ ਦਾ ਫ਼ੈਸਲਾ ਕਰਦੇ ਹੋ ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ।—ਹੋਰ ਜਾਣਕਾਰੀ ਲਈ ਰਸੂਲਾਂ ਦੇ ਕੰਮ 18:1-4 ਦੇਖੋ।
4 ਸਕੂਲ ਵਿਚ ਚੰਗੀ ਮੂਲ ਸਿੱਖਿਆ ਲੈ ਕੇ ਤੁਸੀਂ ਜ਼ਿਆਦਾ ਪ੍ਰਚਾਰ ਕਰ ਸਕੋਗੇ। ਯਹੋਵਾਹ ਦੀ ਸੇਵਾ ਵਿਚ ਤਰੱਕੀ ਕਰਨ ਦੇ ਨਾਲ-ਨਾਲ ਆਪਣਾ ਗੁਜ਼ਾਰਾ ਤੋਰਨ ਵਾਸਤੇ ਲੋੜੀਂਦੇ ਹੁਨਰ ਸਿੱਖਣ ਲਈ ਵੀ ਮਿਹਨਤ ਕਰੋ। ਇਸ ਤਰ੍ਹਾਂ ਸਕੂਲੀ ਪੜ੍ਹਾਈ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚੇ ਹਾਸਲ ਕਰਨ ਵਿਚ ਤੁਹਾਡੀ ਮਦਦ ਕਰੇਗੀ।