ਪਾਇਨੀਅਰ ਸੇਵਾ—ਕੀ ਤੁਸੀਂ ਕਰ ਸਕਦੇ ਹੋ?
1 “ਮੈਂ ਹੋਰ ਕੁਝ ਕਰਨ ਦੀ ਕਲਪਨਾ ਨਹੀਂ ਕਰ ਸਕਦਾ ਹਾਂ। ਯਕੀਨਨ ਮੈਂ ਹੋਰ ਕੋਈ ਕੰਮ ਦੀ ਕਲਪਨਾ ਨਹੀਂ ਕਰ ਸਕਦਾ ਜੋ ਇਸ ਦੇ ਬਰਾਬਰ ਆਨੰਦ ਲਿਆਵੇਗਾ।” ਇਹ ਕਿਸ ਨੇ ਕਿਹਾ ਸੀ? ਇਹ ਗੱਲ ਯਹੋਵਾਹ ਦੇ ਲੱਖਾਂ ਹੀ ਗਵਾਹਾਂ ਵਿੱਚੋਂ ਇਕ ਨੇ ਕਹੀ ਸੀ ਜਿਨ੍ਹਾਂ ਨੇ ਪਾਇਨੀਅਰ ਸੇਵਾ ਨੂੰ ਆਪਣਾ ਕੈਰੀਅਰ ਬਣਾਇਆ ਹੈ। ਉਨ੍ਹਾਂ ਨੂੰ ਪਾਇਨੀਅਰਿੰਗ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਕੀ ਤੁਸੀਂ ਪਾਇਨੀਅਰਿੰਗ ਕਰ ਸਕਦੇ ਹੋ? ਕੀ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੇ ਨਾਲ-ਨਾਲ ਆਪਣੇ ਹਾਲਾਤਾਂ ਨੂੰ ਜਾਂਚਿਆ ਹੈ? ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪੀ ਹੈ, ਤਾਂ ਫਿਰ ਸਾਨੂੰ ਗੰਭੀਰਤਾ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹੋਰ ਵਧ-ਚੜ੍ਹ ਕੇ ਹਿੱਸਾ ਕਿਵੇਂ ਲੈ ਸਕਦੇ ਹਾਂ। ਇਸ ਲਈ, ਉਨ੍ਹਾਂ ਕੁਝ ਸਵਾਲਾਂ ਉੱਤੇ ਸੋਚ-ਵਿਚਾਰ ਕਰੋ ਜੋ ਬਹੁਤ ਸਾਰੇ ਭੈਣ-ਭਰਾ ਪਾਇਨੀਅਰਿੰਗ ਕਰਨ ਬਾਰੇ ਪੁੱਛਦੇ ਹਨ।
ਸਵਾਲ 1: “ਕੁਝ ਭੈਣ-ਭਰਾ ਕਹਿੰਦੇ ਹਨ ਕਿ ਸਾਰੇ ਪਾਇਨੀਅਰਿੰਗ ਨਹੀਂ ਕਰ ਸਕਦੇ। ਪਰ ਮੈਂ ਕਿਵੇਂ ਜਾਣ ਸਕਦਾ ਹਾਂ ਕਿ ਮੈਂ ਕਰ ਸਕਦਾ ਹਾਂ ਜਾਂ ਨਹੀਂ?”
2 ਇਸ ਦਾ ਜਵਾਬ ਤੁਹਾਡੇ ਹਾਲਾਤਾਂ ਅਤੇ ਜ਼ਿੰਮੇਵਾਰੀਆਂ ਉੱਤੇ ਨਿਰਭਰ ਕਰਦਾ ਹੈ। ਬਹੁਤ ਸਾਰੇ ਭੈਣ-ਭਰਾ ਮਾੜੀ ਸਿਹਤ ਜਾਂ ਹਾਲਾਤਾਂ ਕਰਕੇ ਹਰ ਮਹੀਨੇ 70 ਘੰਟੇ ਪ੍ਰਚਾਰ ਨਹੀਂ ਕਰ ਸਕਦੇ। ਫਿਰ ਵੀ ਉਹ ਆਪਣੇ ਹਾਲਾਤਾਂ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੌਕਾ ਮਿਲਣ ਤੇ ਉਹ ਸਾਲ ਵਿਚ ਇਕ ਜਾਂ ਇਕ ਤੋਂ ਜ਼ਿਆਦਾ ਮਹੀਨੇ ਔਗਜ਼ੀਲਰੀ ਪਾਇਨੀਅਰਿੰਗ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਜ਼ਿਆਦਾ ਪ੍ਰਚਾਰ ਕਰ ਕੇ ਖ਼ੁਸ਼ੀ ਮਿਲਦੀ ਹੈ। (ਗਲਾ. 6:9) ਭਾਵੇਂ ਉਨ੍ਹਾਂ ਦੇ ਹਾਲਾਤ ਸ਼ਾਇਦ ਉਨ੍ਹਾਂ ਨੂੰ ਇਸ ਸਮੇਂ ਰੈਗੂਲਰ ਪਾਇਨੀਅਰਿੰਗ ਕਰਨ ਦੀ ਇਜਾਜ਼ਤ ਨਾ ਦੇਣ, ਉਹ ਫਿਰ ਵੀ ਮੰਡਲੀ ਵਿਚ ਪਾਇਨੀਅਰਾਂ ਵਰਗਾ ਜੋਸ਼ ਦਿਖਾਉਂਦੇ ਹਨ ਅਤੇ ਮੰਡਲੀ ਲਈ ਬਰਕਤ ਸਾਬਤ ਹੁੰਦੇ ਹਨ।
3 ਦੂਜੇ ਪਾਸੇ, ਬਹੁਤ ਸਾਰੇ ਭੈਣ-ਭਰਾ ਅਜਿਹੇ ਹਨ ਜਿਨ੍ਹਾਂ ʼਤੇ ਬਹੁਤੀਆਂ ਜ਼ਿੰਮੇਵਾਰੀਆਂ ਨਹੀਂ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰ ਕੇ ਪਾਇਨੀਅਰ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ। ਤੁਹਾਡੇ ਬਾਰੇ ਕੀ? ਨੌਜਵਾਨੋ, ਕੀ ਤੁਸੀਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਹੈ? ਪਤਨੀਓ, ਕੀ ਤੁਹਾਡੇ ਪਤੀ ਇਕੱਲਿਆਂ ਹੀ ਪਰਿਵਾਰ ਦਾ ਗੁਜ਼ਾਰਾ ਤੋਰ ਸਕਦੇ ਹਨ? ਕੀ ਤੁਸੀਂ ਵਿਆਹੇ ਹੋ ਅਤੇ ਤੁਹਾਡੇ ਬੱਚੇ ਨਹੀਂ ਹਨ? ਕੀ ਤੁਸੀਂ ਆਪਣੀ ਨੌਕਰੀ ਤੋਂ ਰੀਟਾਇਰ ਹੋ ਚੁੱਕੇ ਹੋ? ਪਾਇਨੀਅਰ ਸੇਵਾ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਹਰੇਕ ਨੇ ਖ਼ੁਦ ਕਰਨਾ ਹੈ। ਸੋ ਆਪਣੇ ਆਪ ਤੋਂ ਪੁੱਛੋ: “ਕੀ ਮੈਂ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰ ਕੇ ਪਾਇਨੀਅਰਿੰਗ ਕਰ ਸਕਦਾ ਹਾਂ?”
4 ਸ਼ੈਤਾਨ ਦੁਨੀਆਂ ਦੀਆਂ ਚੀਜ਼ਾਂ ਰਾਹੀਂ ਸਾਡਾ ਧਿਆਨ ਭਟਕਾਉਣ ਦੇ ਨਾਲ-ਨਾਲ ਚਾਹੁੰਦਾ ਹੈ ਕਿ ਅਸੀਂ ਆਪਣੇ ਬਾਰੇ ਹੀ ਸੋਚਦੇ ਰਹੀਏ। ਜੇ ਅਸੀਂ ਦੁਨੀਆਂ ਵਰਗੇ ਨਾ ਬਣਨ ਦਾ ਪੱਕਾ ਇਰਾਦਾ ਕੀਤਾ ਹੈ, ਤਾਂ ਯਹੋਵਾਹ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਵਿਚ ਸਾਡੀ ਮਦਦ ਕਰੇਗਾ। ਨਾਲੇ ਉਹ ਸੱਚਾਈ ਵਿਚ ਤਰੱਕੀ ਕਰਨ ਅਤੇ ਹੋਰ ਸਨਮਾਨ ਹਾਸਲ ਕਰਨ ਵਿਚ ਸਾਡੀ ਮਦਦ ਕਰੇਗਾ। ਜੇ ਤੁਸੀਂ ਪਾਇਨੀਅਰਿੰਗ ਕਰਨ ਲਈ ਆਪਣੇ ਹਾਲਾਤਾਂ ਵਿਚ ਫੇਰ-ਬਦਲ ਕਰ ਸਕਦੇ ਹੋ, ਤਾਂ ਕਿਉਂ ਨਾ ਇਸ ਤਰ੍ਹਾਂ ਕਰੋ?
ਸਵਾਲ 2: “ਮੈਂ ਇਸ ਗੱਲ ਦਾ ਯਕੀਨ ਕਿਉਂ ਰੱਖ ਸਕਦਾ ਹਾਂ ਕਿ ਮੈਂ ਪਾਇਨੀਅਰ ਸੇਵਾ ਕਰਦਿਆਂ ਆਪਣਾ ਗੁਜ਼ਾਰਾ ਤੋਰ ਸਕਦਾ ਹਾਂ?”
5 ਇਹ ਸੱਚ ਹੈ ਕਿ ਮਹਿੰਗਾਈ ਵਧਣ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਹਰ ਹਫ਼ਤੇ ਕਈ ਘੰਟੇ ਕੰਮ ਕਰਨਾ ਪੈਂਦਾ ਹੈ ਤਾਂਕਿ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਫਿਰ ਵੀ, ਬਹੁਤ ਸਾਰੇ ਭੈਣ-ਭਰਾ ਕਈ ਸਾਲਾਂ ਤੋਂ ਪਾਇਨੀਅਰਿੰਗ ਕਰਦੇ ਆ ਰਹੇ ਹਨ ਅਤੇ ਯਹੋਵਾਹ ਹਮੇਸ਼ਾ ਉਨ੍ਹਾਂ ਨੂੰ ਸੰਭਾਲਦਾ ਆਇਆ ਹੈ। ਇਕ ਕਾਮਯਾਬ ਪਾਇਨੀਅਰ ਬਣਨ ਲਈ ਨਿਹਚਾ ਦੀ ਲੋੜ ਪੈਂਦੀ ਹੈ ਅਤੇ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। (ਮੱਤੀ 17:20) ਸਾਨੂੰ ਜ਼ਬੂਰ 34:10 ਵਿਚ ਇਹ ਭਰੋਸਾ ਦਿਵਾਇਆ ਗਿਆ ਹੈ ਕਿ “ਯਹੋਵਾਹ ਦੇ ਤਾਲਿਬਾਂ ਨੂੰ ਕਿਸੇ ਚੰਗੀ ਵਸਤ ਦੀ ਥੁੜ ਨਹੀਂ ਹੋਵੇਗੀ।” ਜੇ ਕੋਈ ਭੈਣ-ਭਰਾ ਪਾਇਨੀਅਰਿੰਗ ਕਰਨ ਬਾਰੇ ਸੋਚ ਰਿਹਾ ਹੈ, ਤਾਂ ਉਸ ਨੂੰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਯਹੋਵਾਹ ਅੱਜ ਵੀ ਦੁਨੀਆਂ ਭਰ ਦੇ ਵਫ਼ਾਦਾਰ ਪਾਇਨੀਅਰਾਂ ਦੀ ਦੇਖ-ਭਾਲ ਕਰ ਰਿਹਾ ਹੈ! (ਜ਼ਬੂ. 37:25) ਪਰ 2 ਥੱਸਲੁਨੀਕੀਆਂ 3:8, 10 ਅਤੇ 1 ਤਿਮੋਥਿਉਸ 5:8 ਦੇ ਅਸੂਲਾਂ ਅਨੁਸਾਰ ਪਾਇਨੀਅਰ ਇਹ ਉਮੀਦ ਨਹੀਂ ਰੱਖਦੇ ਕਿ ਦੂਜੇ ਉਨ੍ਹਾਂ ਦੀ ਪੈਸੇ-ਧੇਲੇ ਪੱਖੋਂ ਮਦਦ ਕਰਨ।
6 ਜਿਹੜੇ ਭੈਣ-ਭਰਾ ਪਾਇਨੀਅਰਿੰਗ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਯਿਸੂ ਦੀ ਇਸ ਗੱਲ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ: ‘ਪਹਿਲਾਂ ਬੈਠ ਕੇ ਪੂਰਾ ਹਿਸਾਬ ਲਾਓ।’ (ਲੂਕਾ 14:28) ਇਸ ਤਰ੍ਹਾਂ ਕਰਨਾ ਸਮਝਦਾਰੀ ਦੀ ਗੱਲ ਹੋਵੇਗੀ। ਨਾਲੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਗੱਲ ਕਰੋ ਜੋ ਕਾਫ਼ੀ ਸਾਲਾਂ ਤੋਂ ਖ਼ੁਸ਼ੀ-ਖ਼ੁਸ਼ੀ ਪਾਇਨੀਅਰਿੰਗ ਕਰਦੇ ਆਏ ਹਨ। ਉਨ੍ਹਾਂ ਨੂੰ ਪੁੱਛੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਸੰਭਾਲਿਆ ਹੈ। ਤੁਹਾਡਾ ਸਰਕਟ ਓਵਰਸੀਅਰ ਇਕ ਤਜਰਬੇਕਾਰ ਪਾਇਨੀਅਰ ਹੈ ਅਤੇ ਉਹ ਤੁਹਾਨੂੰ ਕਾਮਯਾਬ ਪਾਇਨੀਅਰ ਬਣਨ ਬਾਰੇ ਸੁਝਾਅ ਦੇ ਸਕਦਾ ਹੈ।
7 ਇਸ ਦੁਨੀਆਂ ਦੇ ਲੋਕ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਹਾਸਲ ਕਰਨ ਵਿਚ ਲੱਗੇ ਹੋਏ ਹਨ। ਸਾਡੇ ਉੱਤੇ ਵੀ ਦੁਨੀਆਂ ਵਰਗੇ ਬਣਨ ਦਾ ਦਬਾਅ ਵਧਦਾ ਜਾ ਰਿਹਾ ਹੈ। ਪਰ ਜੇ ਅਸੀਂ ਸੇਵਾ ਦੇ ਇਸ ਸਨਮਾਨ ਦੀ ਕਦਰ ਕਰਦੇ ਹਾਂ, ਤਾਂ ਅਸੀਂ ਥੋੜ੍ਹੀਆਂ ਚੀਜ਼ਾਂ ਵਿਚ ਵੀ ਖ਼ੁਸ਼ ਰਹਾਂਗੇ। (1 ਤਿਮੋ. 6:8) ਜਿਹੜੇ ਪਾਇਨੀਅਰ ਆਪਣੀ ਜ਼ਿੰਦਗੀ ਸਾਦੀ ਰੱਖਦੇ ਹਨ ਅਤੇ ਬੇਲੋੜੀਆਂ ਚੀਜ਼ਾਂ ਮਗਰ ਨਹੀਂ ਭੱਜਦੇ, ਉਨ੍ਹਾਂ ਕੋਲ ਪ੍ਰਚਾਰ ਲਈ ਜ਼ਿਆਦਾ ਸਮਾਂ ਹੁੰਦਾ ਹੈ। ਨਾਲੇ ਉਨ੍ਹਾਂ ਨੂੰ ਦੂਜਿਆਂ ਨੂੰ ਸੱਚਾਈ ਸਿਖਾ ਕੇ ਬੇਹੱਦ ਖ਼ੁਸ਼ੀ ਮਿਲਦੀ ਹੈ ਅਤੇ ਪਰਮੇਸ਼ੁਰ ਨਾਲ ਉਨ੍ਹਾਂ ਦਾ ਆਪਣਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਭਾਵੇਂ ਉਹ ਸਾਧੂ-ਸੰਤਾਂ ਵਰਗੀ ਜ਼ਿੰਦਗੀ ਨਹੀਂ ਜੀਉਂਦੇ, ਪਰ ਉਨ੍ਹਾਂ ਕੋਲ ਜਿੰਨਾ ਕੁ ਹੈ, ਉਹ ਉਸੇ ਵਿਚ ਖ਼ੁਸ਼ ਰਹਿੰਦੇ ਹਨ ਅਤੇ ਪਾਇਨੀਅਰ ਸੇਵਾ ਦੀਆਂ ਬਰਕਤਾਂ ਦਾ ਆਨੰਦ ਮਾਣਦੇ ਹਨ।
8 ਜੇ ਤੁਹਾਨੂੰ ਪੂਰਾ ਯਕੀਨ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ ਅਤੇ ਇਸ ਦੁਸ਼ਟ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਤਾਂ ਤੁਸੀਂ ਹਰ ਮੌਕੇ ਤੇ ਖ਼ੁਸ਼ ਖ਼ਬਰੀ ਸੁਣਾਉਣ ਲਈ ਕੁਰਬਾਨੀਆਂ ਕਰਨ ਵਾਸਤੇ ਤਿਆਰ ਰਹੋਗੇ। ਜੇ ਤੁਸੀਂ ਆਪਣੀ ਆਰਥਿਕ ਹਾਲਤ ਉੱਤੇ ਦੁਬਾਰਾ ਸੋਚ-ਵਿਚਾਰ ਕਰੋ ਅਤੇ ਇਸ ਮਾਮਲੇ ਬਾਰੇ ਯਹੋਵਾਹ ਨਾਲ ਗੱਲ ਕਰੋ, ਤਾਂ ਸ਼ਾਇਦ ਤੁਹਾਨੂੰ ਅਹਿਸਾਸ ਹੋਵੇ ਕਿ ਤੁਸੀਂ ਪਾਇਨੀਅਰਿੰਗ ਕਰ ਸਕਦੇ ਹੋ। ਜੇ ਤੁਸੀਂ ਪਾਇਨੀਅਰਿੰਗ ਕਰਨ ਲਈ ਆਪਣੀਆਂ ਕੁਝ ਖ਼ਾਹਸ਼ਾਂ ਨੂੰ ਦਬਾ ਕੇ ਰੱਖਦੇ ਹੋ, ਤਾਂ ਯਹੋਵਾਹ ਤੁਹਾਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।—ਜ਼ਬੂ. 145:16.
ਸਵਾਲ 3: “ਸਕੂਲ ਵਿਚ ਹੁੰਦਿਆਂ ਮੈਨੂੰ ਪਾਇਨੀਅਰਿੰਗ ਨੂੰ ਕੈਰੀਅਰ ਬਣਾਉਣ ਬਾਰੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ?”
9 ਸਕੂਲ ਦੀ ਪੜ੍ਹਾਈ ਦੇ ਆਖ਼ਰੀ ਸਾਲਾਂ ਦੌਰਾਨ ਤੁਸੀਂ ਆਪਣੇ ਭਵਿੱਖ ਬਾਰੇ ਸੋਚਣ ਲੱਗ ਜਾਂਦੇ ਹੋ। ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਆਉਣ ਵਾਲਾ ਕੱਲ੍ਹ ਸੁਰੱਖਿਅਤ ਅਤੇ ਸੁਖੀ ਹੋਵੇ। ਸਕੂਲਾਂ ਵਿਚ ਨੌਜਵਾਨਾਂ ਨੂੰ ਕੈਰੀਅਰ ਬਾਰੇ ਸਲਾਹ-ਮਸ਼ਵਰਾ ਦਿੱਤਾ ਜਾਂਦਾ ਹੈ। ਸ਼ਾਇਦ ਤੁਹਾਡੇ ਉੱਤੇ ਚੰਗੀ-ਖ਼ਾਸੀ ਕਮਾਈ ਵਾਲਾ ਕੈਰੀਅਰ ਚੁਣਨ ਦਾ ਜ਼ੋਰ ਪਾਇਆ ਜਾਵੇ ਜਿਸ ਲਈ ਤੁਹਾਨੂੰ ਕਾਫ਼ੀ ਸਾਲਾਂ ਤਕ ਪੜ੍ਹਾਈ ਕਰਨੀ ਪਵੇ। ਪਰ ਸੱਚਾਈ ਵਿਚ ਹੋਣ ਕਰਕੇ ਤੁਹਾਡੀ ਜ਼ਮੀਰ ਤੁਹਾਨੂੰ ਕਹਿੰਦੀ ਹੈ ਕਿ ਤੁਹਾਨੂੰ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨੀ ਚਾਹੀਦੀ ਹੈ। (ਉਪ. 12:1) ਤੁਸੀਂ ਸ਼ਾਇਦ ਅੱਗੇ ਚੱਲ ਕੇ ਵਿਆਹ ਕਰਾਉਣ ਅਤੇ ਘਰ ਵਸਾਉਣ ਬਾਰੇ ਵੀ ਸੋਚੋ। ਤੁਸੀਂ ਕੀ ਫ਼ੈਸਲਾ ਕਰੋਗੇ?
10 ਤੁਹਾਡੇ ਅੱਜ ਦੇ ਫ਼ੈਸਲਿਆਂ ਦਾ ਤੁਹਾਡੇ ਆਉਣ ਵਾਲੇ ਕੱਲ੍ਹ ʼਤੇ ਅਸਰ ਪੈ ਸਕਦਾ ਹੈ। ਜੇ ਤੁਸੀਂ ਬਪਤਿਸਮਾ ਲੈ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਚੁੱਕੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ। (ਇਬ. 10:7) ਮੌਕਾ ਮਿਲਣ ਤੇ ਤੁਸੀਂ ਇਕ ਜਾਂ ਜ਼ਿਆਦਾ ਮਹੀਨਿਆਂ ਲਈ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੀ ਕੋਸ਼ਿਸ਼ ਕਰੋ। ਇੱਦਾਂ ਨਾ ਸਿਰਫ਼ ਤੁਹਾਨੂੰ ਖ਼ੁਸ਼ੀ ਮਿਲੇਗੀ, ਸਗੋਂ ਤੁਸੀਂ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਵੀ ਸਮਝ ਸਕੋਗੇ ਜੋ ਇਕ ਰੈਗੂਲਰ ਪਾਇਨੀਅਰ ਨੂੰ ਨਿਭਾਉਣੀਆਂ ਪੈਂਦੀਆਂ ਹਨ। ਨਾਲੇ ਤੁਹਾਨੂੰ ਇਹ ਫ਼ੈਸਲਾ ਕਰਨ ਵਿਚ ਵੀ ਮਦਦ ਮਿਲੇਗੀ ਕਿ ਤੁਸੀਂ ਜ਼ਿੰਦਗੀ ਵਿਚ ਕੀ ਕਰੋਗੇ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫੁੱਲ-ਟਾਈਮ ਨੌਕਰੀ ਕਰਨ ਦੀ ਬਜਾਇ ਕਿਉਂ ਨਾ ਰੈਗੂਲਰ ਪਾਇਨੀਅਰਿੰਗ ਕਰੋ? ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਦੇਰ ਨਾਲ ਪਾਇਨੀਅਰਿੰਗ ਸ਼ੁਰੂ ਕੀਤੀ ਸੀ, ਉਨ੍ਹਾਂ ਨੂੰ ਅਫ਼ਸੋਸ ਰਹਿੰਦਾ ਹੈ ਕਿ ਇਹ ਉਨ੍ਹਾਂ ਨੇ ਪਹਿਲਾਂ ਕਿਉਂ ਨਹੀਂ ਕੀਤਾ।
11 ਨੌਜਵਾਨੋ, ਸੋਚੋ ਕਿ ਤੁਹਾਡੇ ਕੋਲ ਯਹੋਵਾਹ ਦੀ ਸੇਵਾ ਕਰਨ ਦੇ ਕਿੰਨੇ ਸਾਰੇ ਮੌਕੇ ਹਨ। ਪਾਇਨੀਅਰਿੰਗ ਵੀ ਇਹੋ ਜਿਹਾ ਹੀ ਇਕ ਮੌਕਾ ਹੈ ਜਿਸ ਰਾਹੀਂ ਤੁਸੀਂ ਬਹੁਤ ਸਾਰੀਆਂ ਖ਼ੁਸ਼ੀਆਂ ਦਾ ਮਜ਼ਾ ਲੈ ਸਕਦੇ ਹੋ। ਜੇ ਤੁਸੀਂ ਅੱਗੇ ਜਾ ਕੇ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਵਧੀਆ ਹੋਵੇਗਾ ਕਿ ਤੁਸੀਂ ਪਹਿਲਾਂ ਰੈਗੂਲਰ ਪਾਇਨੀਅਰਿੰਗ ਕਰੋ ਜੋ ਤੁਹਾਨੂੰ ਆਪਣੇ ਵਿਆਹੁਤਾ ਜੀਵਨ ਦੀ ਮਜ਼ਬੂਤ ਨੀਂਹ ਰੱਖਣ ਵਿਚ ਮਦਦ ਦੇਵੇਗੀ। ਜਿੱਦਾਂ-ਜਿੱਦਾਂ ਤੁਸੀਂ ਸੱਚਾਈ ਵਿਚ ਤਰੱਕੀ ਕਰੋਗੇ ਅਤੇ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ, ਤੁਸੀਂ ਸ਼ਾਇਦ ਅਜਿਹੇ ਜੀਵਨ ਸਾਥੀ ਦੀ ਚੋਣ ਕਰੋ ਜਿਸ ਨਾਲ ਮਿਲ ਕੇ ਤੁਸੀਂ ਪਾਇਨੀਅਰ ਸੇਵਾ ਨੂੰ ਆਪਣਾ ਕੈਰੀਅਰ ਬਣਾ ਸਕੋਗੇ। ਇਕੱਠਿਆਂ ਪਾਇਨੀਅਰਿੰਗ ਕਰਨ ਵਾਲੇ ਕੁਝ ਜੋੜੇ ਹੁਣ ਸਰਕਟ ਕੰਮ ਕਰ ਰਹੇ ਹਨ ਜਾਂ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਹਨ। ਇਸ ਤੋਂ ਵੱਧ ਖ਼ੁਸ਼ੀਆਂ ਭਰੀ ਜ਼ਿੰਦਗੀ ਹੋ ਹੀ ਨਹੀਂ ਸਕਦੀ!
12 ਪਾਇਨੀਅਰਿੰਗ ਕਰਦੇ ਹੋਏ ਤੁਸੀਂ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਸਿੱਖੋਗੇ ਅਤੇ ਤੁਹਾਨੂੰ ਸਭ ਤੋਂ ਵਧੀਆ ਸਿਖਲਾਈ ਮਿਲੇਗੀ ਜੋ ਹੋਰ ਕਿਸੇ ਵੀ ਕੰਮ ਤੋਂ ਨਹੀਂ ਮਿਲ ਸਕਦੀ। ਪਾਇਨੀਅਰਿੰਗ ਕਰਨ ਨਾਲ ਤੁਸੀਂ ਆਪਣੇ ਸਮੇਂ ਨੂੰ ਸਹੀ ਤਰ੍ਹਾਂ ਇਸਤੇਮਾਲ ਕਰਨਾ, ਹਰ ਕੰਮ ਸਲੀਕੇ ਤੇ ਸਹੀ ਢੰਗ ਨਾਲ ਕਰਨਾ, ਦੂਜਿਆਂ ਨਾਲ ਸਹੀ ਤਰ੍ਹਾਂ ਪੇਸ਼ ਆਉਣਾ ਅਤੇ ਯਹੋਵਾਹ ʼਤੇ ਭਰੋਸਾ ਰੱਖਣਾ ਸਿੱਖਦੇ ਹੋ। ਨਾਲੇ ਤੁਸੀਂ ਆਪਣੇ ਵਿਚ ਧੀਰਜ ਅਤੇ ਦਇਆ ਵਰਗੇ ਗੁਣ ਪੈਦਾ ਕਰਦੇ ਹੋ ਜਿਸ ਸਦਕਾ ਤੁਸੀਂ ਹੋਰ ਵੱਡੀਆਂ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਬਣਦੇ ਹੋ।
13 ਦੇਖਿਆ ਜਾਵੇ ਤਾਂ ਇਨਸਾਨਾਂ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਯਹੋਵਾਹ ਦੇ ਵਾਅਦੇ ਪੂਰੇ ਹੋ ਕੇ ਰਹਿਣਗੇ, ਪਰ ਹੋਰ ਗੱਲਾਂ ਦੀ ਕੋਈ ਗਾਰੰਟੀ ਨਹੀਂ ਹੈ। ਤੁਹਾਡੇ ਸਾਮ੍ਹਣੇ ਤੁਹਾਡਾ ਪੂਰਾ ਭਵਿੱਖ ਪਿਆ ਹੈ, ਸੋ ਆਪਣੀ ਜ਼ਿੰਦਗੀ ਬਾਰੇ ਗੰਭੀਰਤਾ ਨਾਲ ਸੋਚਣ ਦਾ ਹੁਣ ਹੀ ਸਮਾਂ ਹੈ। ਪਾਇਨੀਅਰਿੰਗ ਕਰਨ ਦੇ ਸਨਮਾਨ ਬਾਰੇ ਧਿਆਨ ਨਾਲ ਸੋਚ-ਵਿਚਾਰ ਕਰੋ। ਪਾਇਨੀਅਰਿੰਗ ਨੂੰ ਆਪਣਾ ਕੈਰੀਅਰ ਬਣਾ ਕੇ ਤੁਹਾਨੂੰ ਜ਼ਿੰਦਗੀ ਵਿਚ ਕਦੇ ਵੀ ਅਫ਼ਸੋਸ ਨਹੀਂ ਹੋਵੇਗਾ।
ਸਵਾਲ 4: “ਪਾਇਨੀਅਰਾਂ ਨੂੰ ਆਪਣੇ ਘੰਟੇ ਪੂਰੇ ਕਰਨ ਦੀ ਟੈਨਸ਼ਨ ਰਹਿੰਦੀ ਹੈ। ਜੇ ਮੈਂ ਘੰਟੇ ਨਾ ਪੂਰੇ ਕਰ ਪਾਇਆ, ਤਾਂ ਫਿਰ ਕੀ?”
14 ਜਦ ਤੁਸੀਂ ਰੈਗੂਲਰ ਪਾਇਨੀਅਰਿੰਗ ਦਾ ਫਾਰਮ ਭਰਦੇ ਹੋ, ਤਾਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਣਾ ਪੈਂਦਾ ਹੈ: “ਕੀ ਤੁਸੀਂ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕੀਤਾ ਹੈ ਤਾਂਕਿ ਤੁਸੀਂ ਸਾਲ ਵਿਚ 840 ਘੰਟੇ ਕਰ ਸਕੋ?” ਇਸ ਟੀਚੇ ਨੂੰ ਹਾਸਲ ਕਰਨ ਲਈ ਤੁਹਾਨੂੰ ਹਰ ਰੋਜ਼ ਤਕਰੀਬਨ ਢਾਈ ਘੰਟੇ ਪ੍ਰਚਾਰ ਕਰਨਾ ਪਵੇਗਾ। ਬੇਸ਼ੱਕ ਇਸ ਤਰ੍ਹਾਂ ਕਰਨ ਲਈ ਇਕ ਚੰਗੇ ਸ਼ਡਿਉਲ ਦੀ ਲੋੜ ਪੈਂਦੀ ਹੈ ਅਤੇ ਉਸ ਮੁਤਾਬਕ ਚੱਲਣ ਦੀ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਿਆਦਾਤਰ ਪਾਇਨੀਅਰ ਕੁਝ ਹੀ ਮਹੀਨਿਆਂ ਵਿਚ ਵਧੀਆ ਰੁਟੀਨ ਬਣਾ ਲੈਂਦੇ ਹਨ।
15 ਇਹ ਸੱਚ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪ. 9:11, CL) ਕੋਈ ਪਾਇਨੀਅਰ ਕਿਸੇ ਗੰਭੀਰ ਬੀਮਾਰੀ ਜਾਂ ਮਾੜੇ ਹਾਲਾਤਾਂ ਕਾਰਨ ਆਪਣੇ ਘੰਟੇ ਪੂਰੇ ਨਹੀਂ ਕਰ ਪਾਉਂਦਾ। ਜੇ ਸੇਵਾ ਸਾਲ ਦੇ ਸ਼ੁਰੂ-ਸ਼ੁਰੂ ਵਿਚ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਅਤੇ ਤੁਹਾਨੂੰ ਪਤਾ ਹੈ ਕਿ ਇਹ ਥੋੜ੍ਹੇ ਸਮੇਂ ਲਈ ਹੈ, ਤਾਂ ਅਜਿਹਾ ਸ਼ਡਿਉਲ ਬਣਾਓ ਕਿ ਤੁਸੀਂ ਪਿਛਲੇ ਘੰਟੇ ਪੂਰੇ ਕਰ ਸਕੋ। ਪਰ ਜੇ ਤੁਹਾਨੂੰ ਸੇਵਾ ਸਾਲ ਦੇ ਆਖ਼ਰ ਵਿਚ ਕੋਈ ਸਮੱਸਿਆ ਆਉਂਦੀ ਹੈ ਅਤੇ ਤੁਸੀਂ ਆਪਣੇ ਘੰਟੇ ਪੂਰੇ ਨਹੀਂ ਕਰ ਸਕਦੇ, ਤਾਂ ਫਿਰ ਕੀ?
16 ਜੇ ਤੁਸੀਂ ਕੁਝ ਮਹੀਨੇ ਬੀਮਾਰ ਰਹਿਣ ਕਰਕੇ ਜਾਂ ਕਿਸੇ ਹੋਰ ਸਮੱਸਿਆ ਕਾਰਨ ਘੰਟੇ ਪੂਰੇ ਨਹੀਂ ਕਰ ਪਾਉਂਦੇ, ਤਾਂ ਤੁਸੀਂ ਇਸ ਬਾਰੇ ਮੰਡਲੀ ਦੀ ਸਰਵਿਸ ਕਮੇਟੀ ਦੇ ਕਿਸੇ ਮੈਂਬਰ ਨਾਲ ਗੱਲ ਕਰ ਸਕਦੇ ਹੋ। ਜੇ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਤੁਸੀਂ ਪਾਇਨੀਅਰਿੰਗ ਜਾਰੀ ਰੱਖ ਸਕਦੇ ਹੋ ਅਤੇ ਤੁਹਾਨੂੰ ਉਨ੍ਹਾਂ ਮਹੀਨਿਆਂ ਦੇ ਘੰਟਿਆਂ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ, ਤਾਂ ਉਹ ਇਹ ਫ਼ੈਸਲਾ ਕਰ ਸਕਦੇ ਹਨ। ਮੰਡਲੀ ਦਾ ਸੈਕਟਰੀ ਤੁਹਾਡੇ ਪਬਲੀਸ਼ਰ ਰਿਕਾਰਡ ਕਾਰਡ ʼਤੇ ਲਿਖੇਗਾ ਕਿ ਤੁਹਾਨੂੰ ਉਹ ਘੰਟੇ ਪੂਰੇ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਇਸ ਤਰ੍ਹਾਂ ਨਾ ਸੋਚੋ ਕਿ ਉਨ੍ਹਾਂ ਮਹੀਨਿਆਂ ਦੌਰਾਨ ਤੁਹਾਨੂੰ ਛੁੱਟੀ ਦੇ ਦਿੱਤੀ ਗਈ ਸੀ, ਸਗੋਂ ਤੁਹਾਡੇ ਹਾਲਾਤਾਂ ਕਾਰਨ ਤੁਹਾਨੂੰ ਲਿਹਾਜ਼ ਦਿਖਾਇਆ ਗਿਆ ਹੈ।
17 ਤਜਰਬੇਕਾਰ ਪਾਇਨੀਅਰ ਸੇਵਾ ਸਾਲ ਦੇ ਸ਼ੁਰੂ ਵਿਚ ਹੀ ਕਾਫ਼ੀ ਘੰਟੇ ਕਰ ਲੈਂਦੇ ਹਨ। ਉਹ ਪਾਇਨੀਅਰ ਸੇਵਾ ਨੂੰ ਪਹਿਲ ਦਿੰਦੇ ਹਨ ਅਤੇ ਕਦੇ-ਕਦੇ ਗ਼ੈਰ-ਜ਼ਰੂਰੀ ਕੰਮਾਂ ਨੂੰ ਛੱਡ ਦਿੰਦੇ ਹਨ। ਜੇ ਕੋਈ ਪਾਇਨੀਅਰ ਆਪਣੇ ਸ਼ਡਿਉਲ ਮੁਤਾਬਕ ਨਾ ਚੱਲਣ ਕਰ ਕੇ ਆਪਣੇ ਘੰਟੇ ਪੂਰੇ ਨਹੀਂ ਕਰ ਪਾਉਂਦਾ, ਤਾਂ ਉਸ ਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਸ ਨੂੰ ਕੋਈ ਲਿਹਾਜ਼ ਦਿਖਾਇਆ ਜਾਵੇਗਾ। ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਘੰਟੇ ਪੂਰੇ ਕਰੇ।
18 ਕਈ ਵਾਰ ਪਾਇਨੀਅਰ ਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਦੇ ਬਦਲਾਅ ਆਉਂਦੇ ਹਨ ਜਿਨ੍ਹਾਂ ʼਤੇ ਉਸ ਦਾ ਕੋਈ ਵੱਸ ਨਹੀਂ ਚੱਲਦਾ। ਸ਼ਾਇਦ ਖ਼ਰਾਬ ਸਿਹਤ, ਪਰਿਵਾਰਕ ਜ਼ਿੰਮੇਵਾਰੀਆਂ ਦੇ ਵਧਣ ਜਾਂ ਕਿਸੇ ਹੋਰ ਵਜ੍ਹਾ ਕਾਰਨ ਉਹ ਲੰਬੇ ਸਮੇਂ ਤੋਂ ਆਪਣੇ ਘੰਟੇ ਪੂਰੇ ਨਹੀਂ ਕਰ ਪਾ ਰਿਹਾ। ਤਾਂ ਫਿਰ ਸਮਝਦਾਰੀ ਇਸੇ ਵਿਚ ਹੈ ਕਿ ਉਹ ਰੈਗੂਲਰ ਪਾਇਨੀਅਰਿੰਗ ਛੱਡ ਦੇਵੇ ਅਤੇ ਜਦੋਂ ਹੋ ਸਕੇ, ਤਾਂ ਉਹ ਔਗਜ਼ੀਲਰੀ ਪਾਇਨੀਅਰਿੰਗ ਕਰੇ। ਜੇ ਪਾਇਨੀਅਰ ਆਪਣੇ ਹਾਲਾਤਾਂ ਕਾਰਨ ਘੰਟੇ ਪੂਰੇ ਨਹੀਂ ਕਰ ਪਾਉਂਦਾ, ਤਾਂ ਉਸ ਨੂੰ ਪਾਇਨੀਅਰਿੰਗ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਸਵਾਲ 5: “ਮੈਂ ਜ਼ਿੰਦਗੀ ਵਿਚ ਕੁਝ ਕਰਨਾ ਚਾਹੁੰਦਾ ਹਾਂ ਜਿਸ ਤੋਂ ਮੈਨੂੰ ਖ਼ੁਸ਼ੀ ਮਿਲੇ। ਕੀ ਪਾਇਨੀਅਰਿੰਗ ਕਰ ਕੇ ਮੈਂ ਖ਼ੁਸ਼ ਰਹਾਂਗਾ?”
19 ਸੱਚੀ ਖ਼ੁਸ਼ੀ ਇਸ ਗੱਲੋਂ ਮਿਲਦੀ ਹੈ ਕਿ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੈ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਉਸ ਦੀ ਸੇਵਾ ਵਫ਼ਾਦਾਰੀ ਨਾਲ ਕਰ ਰਹੇ ਹਾਂ। ‘ਯਿਸੂ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ,’ ਉਸ ਕਰਕੇ ਉਸ ਨੇ ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ। (ਇਬ. 12:2) ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਉਸ ਨੂੰ ਖ਼ੁਸ਼ੀ ਮਿਲੀ। (ਜ਼ਬੂ. 40:8) ਇਸ ਦੁਨੀਆਂ ਵਿਚ ਅਸੀਂ ਸੱਚੀ ਖ਼ੁਸ਼ੀ ਤਾਂ ਹੀ ਪਾ ਸਕਦੇ ਹਾਂ ਜੇ ਅਸੀਂ ਯਹੋਵਾਹ ਦੇ ਕੰਮਾਂ ਵਿਚ ਜ਼ਿਆਦਾ ਸਮਾਂ ਲਾਉਂਦੇ ਹਾਂ। ਇਨ੍ਹਾਂ ਕੰਮਾਂ ਤੋਂ ਸਾਨੂੰ ਇਸ ਕਰਕੇ ਖ਼ੁਸ਼ੀ ਮਿਲਦੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ। ਇਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਸਿੱਖਿਆ ਦਿੰਦੇ ਹਾਂ। ਵਾਕਈ, ਦੇਣ ਨਾਲ ਖ਼ੁਸ਼ੀ ਮਿਲਦੀ ਹੈ।—ਰਸੂ. 20:35.
20 ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਪਾਇਨੀਅਰ ਨੇ ਕਿਹਾ ਕਿ ਆਪਣੀ ਬਾਈਬਲ ਸਟੱਡੀ ਨੂੰ ਯਹੋਵਾਹ ਦਾ ਜੋਸ਼ੀਲਾ ਸੇਵਕ ਬਣਦੇ ਹੋਏ ਦੇਖ ਕੇ ਬਹੁਤ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਇਸ ਨਾਲ ਸਾਡੀ ਆਪਣੀ ਨਿਹਚਾ ਵੀ ਵਧਦੀ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਦੀ ਤਾਕਤ ਹੈ। (ਪਹਿਰਾਬੁਰਜ, 1 ਅਕਤੂਬਰ 1997 ਸਫ਼ੇ 24-29 ਦੇਖੋ।) ਪਾਇਨੀਅਰਿੰਗ ਤੋਂ ਤੁਹਾਨੂੰ ਵੀ ਖ਼ੁਸ਼ੀ ਮਿਲ ਸਕਦੀ ਹੈ। ਪਾਇਨੀਅਰਿੰਗ ਵਿਚ ਤੁਹਾਡੀ ਮਿਹਨਤ ਦੇ ਫ਼ਾਇਦੇ ਹਮੇਸ਼ਾ ਰਹਿਣਗੇ ਅਤੇ ਤੁਹਾਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਵੇਗੀ ਕਿ ਤੁਸੀਂ ਜਾਨਾਂ ਬਚਾਉਣ ਦੇ ਕੰਮ ਵਿਚ ਹਿੱਸਾ ਲਿਆ ਹੈ। ਯਾਦ ਰੱਖੋ ਕਿ ਦੁਨੀਆਂ ਦਾ ਮਜ਼ਾ ਥੋੜ੍ਹੇ ਸਮੇਂ ਲਈ ਹੈ, ਪਰ ਪਾਇਨੀਅਰਿੰਗ ਤੋਂ ਮਿਲਣ ਵਾਲੀ ਖ਼ੁਸ਼ੀ ਹਮੇਸ਼ਾ ਰਹੇਗੀ।
ਸਵਾਲ 6: “ਜੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਪਾਇਨੀਅਰਿੰਗ ਕਰਨੀ ਜ਼ਰੂਰੀ ਨਹੀਂ, ਤਾਂ ਕੀ ਇਹ ਮੇਰੀ ਮਰਜ਼ੀ ਨਹੀਂ ਕਿ ਮੈਂ ਕਰਾਂ ਜਾਂ ਨਾ ਕਰਾਂ?”
21 ਇਹ ਸੱਚ ਹੈ ਕਿ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਤੁਹਾਡਾ ਆਪਣਾ ਹੈ। ਸਿਰਫ਼ ਯਹੋਵਾਹ ਹੀ ਤੁਹਾਡੇ ਹਾਲਾਤਾਂ ਬਾਰੇ ਪੂਰੀ ਤਰ੍ਹਾਂ ਜਾਣਦਾ ਹੈ। (ਰੋਮੀ. 14:4) ਉਹ ਉਮੀਦ ਰੱਖਦਾ ਹੈ ਕਿ ਤੁਸੀਂ ਪੂਰੇ ਦਿਲ, ਜਾਨ, ਸਮਝ ਅਤੇ ਸ਼ਕਤੀ ਨਾਲ ਉਸ ਦੀ ਸੇਵਾ ਕਰੋ। (ਮਰ. 12:30; ਗਲਾ. 6:4, 5) ਯਹੋਵਾਹ ਬੇਦਿਲੀ ਜਾਂ ਮਜਬੂਰੀ ਨਾਲ ਸੇਵਾ ਕਰਨ ਵਾਲੇ ਨੂੰ ਨਹੀਂ, ਸਗੋਂ ਖ਼ੁਸ਼ੀ ਨਾਲ ਸੇਵਾ ਕਰਨ ਵਾਲੇ ਨੂੰ ਪਿਆਰ ਕਰਦਾ ਹੈ। (2 ਕੁਰਿੰ. 9:7; ਕੁਲੁ. 3:23) ਤੁਹਾਨੂੰ ਇਸ ਲਈ ਪਾਇਨੀਅਰਿੰਗ ਕਰਨੀ ਚਾਹੀਦੀ ਹੈ ਕਿਉਂਕਿ ਤੁਸੀਂ ਯਹੋਵਾਹ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਪਿਆਰ ਕਰਦੇ ਹੋ। (ਮੱਤੀ 9:36-38; ਮਰ. 12:30, 31) ਜੇ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਪਾਇਨੀਅਰਿੰਗ ਕਰਨ ਬਾਰੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ।
ਸਵਾਲ 7: “ਬਜ਼ੁਰਗ ਪਾਇਨੀਅਰਾਂ ਦੀ ਕਿਵੇਂ ਮਦਦ ਕਰ ਸਕਦੇ ਹਨ?”
22 ਮੰਡਲੀ ਦੇ ਸਾਰੇ ਬਜ਼ੁਰਗਾਂ ਅਤੇ ਖ਼ਾਸ ਕਰਕੇ ਸਰਵਿਸ ਕਮੇਟੀ ਦੇ ਭਰਾਵਾਂ ਨੂੰ ਪਾਇਨੀਅਰਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਅੱਗੇ ਦਿੱਤੇ ਸਵਾਲ ਬਜ਼ੁਰਗਾਂ ਦੀ ਇਸ ਸੰਬੰਧੀ ਮਦਦ ਕਰ ਸਕਦੇ ਹਨ: ਕੀ ਪਾਇਨੀਅਰ ਵੱਖੋ-ਵੱਖਰੇ ਤਰੀਕਿਆਂ ਨਾਲ ਚੰਗੀ ਤਰ੍ਹਾਂ ਪ੍ਰਚਾਰ ਕਰ ਪਾਉਂਦੇ ਹਨ? ਜਾਂ ਕੀ ਉਨ੍ਹਾਂ ਨੂੰ ਰਿਟਰਨ ਵਿਜ਼ਿਟਾਂ ਕਰਨ ਜਾਂ ਬਾਈਬਲ ਸਟੱਡੀਆਂ ਕਰਾਉਣ ਲਈ ਹੋਰ ਟ੍ਰੇਨਿੰਗ ਦੀ ਲੋੜ ਹੈ? ਕੀ ਉਹ ਪਵਿੱਤਰ ਸ਼ਕਤੀ ਦੇ ਗੁਣ ਦਿਖਾਉਂਦੇ ਹੋਏ ਦੂਜਿਆਂ ਨਾਲ ਸ਼ਾਂਤੀ ਅਤੇ ਏਕਤਾ ਨਾਲ ਕੰਮ ਕਰਦੇ ਹਨ? (ਰੋਮੀ. 14:19) ਕੀ ਉਹ ਆਪਣੇ ਸ਼ਡਿਉਲ ਮੁਤਾਬਕ ਚੱਲ ਸਕਦੇ ਹਨ? ਜੇ ਨਹੀਂ, ਤਾਂ ਕੀ ਉਨ੍ਹਾਂ ਨੂੰ ਮਦਦ ਦੀ ਲੋੜ ਹੈ? ਕੀ ਇਹ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਨੂੰ ਸਟੱਡੀ ਕਰਨ ਦੀ ਚੰਗੀ ਆਦਤ ਹੈ? ਕੀ ਉਹ ਮੀਟਿੰਗਾਂ ਵਿਚ ਜਵਾਬ ਦਿੰਦੇ ਹਨ? ਜਿਹੜੇ ਬਜ਼ੁਰਗ ਪਾਇਨੀਅਰਾਂ ਵਿਚ ਦਿਲਚਸਪੀ ਲੈਂਦੇ ਹਨ, ਉਹ ਉਨ੍ਹਾਂ ਦੀਆਂ ਲੋੜਾਂ ਅਤੇ ਹਾਲਾਤਾਂ ਦਾ ਖ਼ਿਆਲ ਰੱਖਦੇ ਹਨ। ਉਹ ਸਮੇਂ-ਸਮੇਂ ਤੇ ਉਨ੍ਹਾਂ ਨਾਲ ਗੱਲ ਕਰਦੇ ਹਨ।
23 ਪਾਇਨੀਅਰਾਂ ਲਈ ਉੱਚੇ ਮਿਆਰ ਰੱਖੇ ਗਏ ਹਨ। ਇਹ ਧਿਆਨ ਰੱਖਣਾ ਬਜ਼ੁਰਗਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਪਾਇਨੀਅਰ ਇਨ੍ਹਾਂ ਉੱਚੇ ਮਿਆਰਾਂ ʼਤੇ ਖਰੇ ਉਤਰਨ ਅਤੇ ਆਪਣੇ ਘੰਟੇ ਪੂਰੇ ਕਰਨ। ਪਰ ਜੇ ਕਿਸੇ ਸਮੱਸਿਆ ਕਰਕੇ ਕਿਸੇ ਪਾਇਨੀਅਰ ਨੂੰ ਕੁਝ ਮਹੀਨਿਆਂ ਤੋਂ ਘੰਟੇ ਪੂਰੇ ਕਰਨ ਵਿਚ ਦਿੱਕਤ ਆ ਰਹੀ ਹੈ, ਤਾਂ ਬਜ਼ੁਰਗਾਂ ਨੂੰ ਜਲਦੀ ਉਸ ਦੀ ਮਦਦ ਕਰਨੀ ਚਾਹੀਦੀ ਹੈ। ਜਲਦਬਾਜ਼ੀ ਵਿਚ ਉਨ੍ਹਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਜੇ ਉਹ ਆਪਣੇ ਘੰਟੇ ਪੂਰੇ ਨਹੀਂ ਕਰ ਸਕਦਾ, ਤਾਂ ਉਸ ਨੂੰ ਪਾਇਨੀਅਰਿੰਗ ਤੋਂ ਹਟਾ ਦਿੱਤਾ ਜਾਵੇਗਾ। ਇਸ ਲਈ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਛੇਤੀ ਮਦਦ ਦੇਣ, ਨਾ ਕਿ ਕਈ ਮਹੀਨੇ ਬੀਤਣ ਤੋਂ ਬਾਅਦ। ਇੱਦਾਂ ਨਾ ਹੋਵੇ ਕਿ ਘੰਟੇ ਪੂਰੇ ਨਾ ਹੋਣ ਕਾਰਨ ਕਿਤੇ ਪਾਇਨੀਅਰ ਇੰਨਾ ਨਿਰਾਸ਼ ਹੋ ਜਾਵੇ ਕਿ ਉਹ ਪਾਇਨੀਅਰਿੰਗ ਛੱਡਣ ਬਾਰੇ ਸੋਚਣ ਲੱਗ ਪਵੇ।
24 ਜੇ ਪਾਇਨੀਅਰ ਨਾਲ ਗੱਲ ਕਰਨ ਤੋਂ ਬਾਅਦ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਉਸ ਦੀ ਸਮੱਸਿਆ ਜ਼ਿਆਦਾ ਦੇਰ ਤਕ ਨਹੀਂ ਰਹਿਣੀ ਅਤੇ ਉਹ ਸੇਵਾ ਸਾਲ ਦੇ ਖ਼ਤਮ ਹੋਣ ਤਕ ਆਪਣੇ ਘੰਟੇ ਪੂਰੇ ਕਰ ਲਵੇਗਾ, ਤਾਂ ਉਹ ਉਸ ਦੀ ਮਦਦ ਲਈ ਸੁਝਾਅ ਅਤੇ ਹੌਸਲਾ ਦੇ ਸਕਦੇ ਹਨ। ਪਰ ਜੇਕਰ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਪਾਇਨੀਅਰ ਆਪਣੀ ਸਮੱਸਿਆ ਕਾਰਨ ਸੇਵਾ ਸਾਲ ਦੇ ਖ਼ਤਮ ਹੋਣ ਤਕ ਘੰਟੇ ਪੂਰੇ ਨਹੀਂ ਕਰ ਪਾਵੇਗਾ, ਤਾਂ ਬਜ਼ੁਰਗਾਂ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਸ ਨੂੰ ਲਿਹਾਜ਼ ਦਿਖਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ। ਜੇ ਉਨ੍ਹਾਂ ਨੂੰ ਲਿਹਾਜ਼ ਦਿਖਾਉਣਾ ਜਾਇਜ਼ ਲੱਗਦਾ ਹੈ, ਤਾਂ ਉਸ ਦੇ ਪਬਲੀਸ਼ਰ ਕਾਰਡ ʼਤੇ ਇਸ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਨਾਲੇ ਉਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਪਿਛਲੇ ਘੰਟਿਆਂ ਦੀ ਚਿੰਤਾ ਕਰਨ ਦੀ ਬਜਾਇ ਉਹ ਮਿਹਨਤ ਕਰ ਕੇ ਆਉਣ ਵਾਲੇ ਮਹੀਨਿਆਂ ਦੇ ਘੰਟੇ ਪੂਰੇ ਕਰੇ। ਪਰ ਜੇ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਸਮੱਸਿਆ ਜਲਦੀ ਖ਼ਤਮ ਨਹੀਂ ਹੋਣੀ ਅਤੇ ਪਾਇਨੀਅਰ ਦੇ ਹਾਲਾਤ ਉਸ ਨੂੰ ਇਸ ਸਮੇਂ ਪਾਇਨੀਅਰਿੰਗ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੰਦੇ, ਤਾਂ ਉਨ੍ਹਾਂ ਨੂੰ ਇਸ ਬਾਰੇ ਬ੍ਰਾਂਚ ਨੂੰ ਦੱਸ ਦੇਣਾ ਚਾਹੀਦਾ ਹੈ।
ਸਵਾਲ 8: “ਮੈਂ ਰੈਗੂਲਰ ਪਾਇਨੀਅਰਿੰਗ ਕਰਨ ਦੇ ਕਾਬਲ ਕਿਵੇਂ ਬਣ ਸਕਦਾ ਹਾਂ?”
25 ਰੈਗੂਲਰ ਪਾਇਨੀਅਰਿੰਗ ਕਰਨ ਦੇ ਕਾਬਲ ਬਣਨ ਲਈ ਜ਼ਰੂਰੀ ਹੈ ਕਿ ਪਬਲੀਸ਼ਰ ਦੇ ਬਪਤਿਸਮੇ ਨੂੰ ਘੱਟੋ-ਘੱਟ ਛੇ ਮਹੀਨੇ ਹੋ ਗਏ ਹੋਣ ਅਤੇ ਉਹ ਹਰ ਮਹੀਨੇ ਪ੍ਰਚਾਰ ਦੀ ਰਿਪੋਰਟ ਪਾਉਂਦਾ ਹੋਵੇ। ਨਾਲੇ ਜ਼ਰੂਰੀ ਹੈ ਕਿ ਉਹ ਆਪਣੇ ਹਾਲਾਤਾਂ ਅਨੁਸਾਰ ਸਾਲ ਵਿਚ 840 ਘੰਟੇ ਪੂਰੇ ਕਰ ਸਕੇ। ਉਸ ਦਾ ਚਾਲ-ਚਲਣ ਵੀ ਸ਼ੁੱਧ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਇਕ ਮਸੀਹੀ ਵਜੋਂ ਚੰਗੀ ਮਿਸਾਲ ਹੋਣਾ ਚਾਹੀਦਾ ਹੈ। (od-HI ਸਫ਼ੇ 113-14) ਇਸ ਵਿਚ ਕੀ-ਕੀ ਸ਼ਾਮਲ ਹੈ? ਜੋ ਪਾਇਨੀਅਰ ਸੇਵਾ ਕਰਨੀ ਚਾਹੁੰਦੇ ਹਨ, ਬਜ਼ੁਰਗਾਂ ਨੂੰ ਉਨ੍ਹਾਂ ਵਿਚ ਕਿਹੋ ਜਿਹੇ ਗੁਣ ਦੇਖਣੇ ਚਾਹੀਦੇ ਹਨ?
26 ਚੰਗੀ ਮਿਸਾਲ ਬਣਨ ਦਾ ਮਤਲਬ ਹੈ ਤਨੋਂ-ਮਨੋਂ ਸ਼ੁੱਧ ਹੋਣਾ। ਜਿਸ ਨੂੰ ਪਾਇਨੀਅਰਿੰਗ ਦਾ ਸਨਮਾਨ ਮਿਲਦਾ ਹੈ, ਉਸ ਦੀ ਮੰਡਲੀ ਵਿਚ ਅਤੇ ਮੰਡਲੀ ਤੋਂ ਬਾਹਰ ਵੀ ਨੇਕਨਾਮੀ ਹੋਣੀ ਚਾਹੀਦੀ ਹੈ। ਉਹ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦਾ ਹੋਵੇ। ਉਸ ਦੀ ਜ਼ਿੰਦਗੀ ਤੋਂ ਪਵਿੱਤਰ ਸ਼ਕਤੀ ਦੇ ਗੁਣ ਸਾਫ਼ ਜ਼ਾਹਰ ਹੋਣੇ ਚਾਹੀਦੇ ਹਨ। ਉਸ ਦੇ ਲਈ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਸਭ ਤੋਂ ਜ਼ਰੂਰੀ ਹੋਣਾ ਚਾਹੀਦਾ ਹੈ। ਉਸ ਨੂੰ ਘਰ-ਘਰ ਪ੍ਰਚਾਰ ਕਰਦੇ ਵੇਲੇ ਬਾਈਬਲ ਦਾ ਵਧੀਆ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈ, ਉਹ ਰਿਟਰਨ ਵਿਜ਼ਿਟਾਂ ਕਰ ਸਕੇ ਅਤੇ ਬਾਈਬਲ ਸਟੱਡੀਆਂ ਸ਼ੁਰੂ ਕਰ ਸਕੇ ਅਤੇ ਉਨ੍ਹਾਂ ਨੂੰ ਜਾਰੀ ਰੱਖ ਸਕੇ। ਪਾਇਨੀਅਰਾਂ ਨੂੰ ਬਜ਼ੁਰਗਾਂ ਵੱਲੋਂ ਪ੍ਰਚਾਰ ਅਤੇ ਪ੍ਰਚਾਰ ਵਾਸਤੇ ਰੱਖੀਆਂ ਮੀਟਿੰਗਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
27 ਜੁਡੀਸ਼ਲ ਕਮੇਟੀ ਵੱਲੋਂ ਤਾੜਨਾ ਦਿੱਤੇ ਜਾਣ ਜਾਂ ਮੰਡਲੀ ਵਿੱਚ ਬਹਾਲ ਹੋਣ ਤੋਂ ਪੂਰੇ ਇਕ ਸਾਲ ਬਾਅਦ ਹੀ ਕਿਸੇ ਬਾਰੇ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਉਹ ਔਗਜ਼ੀਲਰੀ ਜਾਂ ਰੈਗੂਲਰ ਪਾਇਨੀਅਰਿੰਗ ਕਰ ਸਕਦਾ ਹੈ ਜਾਂ ਨਹੀਂ। ਜੇ ਜੁਡੀਸ਼ਲ ਕਮੇਟੀ ਵੱਲੋਂ ਕਿਸੇ ʼਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ, ਤਾਂ ਉਹ ਉਸ ਸਮੇਂ ਤਕ ਪਾਇਨੀਅਰ ਸੇਵਾ ਨਹੀਂ ਕਰ ਸਕਦਾ ਜਦ ਤਕ ਸਾਰੀਆਂ ਪਾਬੰਦੀਆਂ ਹਟਾ ਨਹੀਂ ਦਿੱਤੀਆਂ ਜਾਂਦੀਆਂ।
28 ਜੇ ਕਿਸੇ ਨੇ ਰੈਗੂਲਰ ਪਾਇਨੀਅਰਿੰਗ ਕਰਨੀ ਹੈ, ਤਾਂ ਕੀ ਇਹ ਜ਼ਰੂਰੀ ਹੈ ਕਿ ਉਹ ਪਹਿਲਾਂ ਕਈ ਮਹੀਨੇ ਔਗਜ਼ੀਲਰੀ ਪਾਇਨੀਅਰਿੰਗ ਕਰੇ? ਨਹੀਂ। ਪਰ ਰੈਗੂਲਰ ਪਾਇਨੀਅਰਿੰਗ ਦੇ ਸ਼ਡਿਉਲ ਨੂੰ ਧਿਆਨ ਵਿਚ ਰੱਖਦਿਆਂ ਵਧੀਆ ਹੋਵੇਗਾ ਕਿ ਪਹਿਲਾਂ ਔਗਜ਼ੀਲਰੀ ਪਾਇਨੀਅਰਿੰਗ ਕੀਤੀ ਜਾਵੇ। ਬਜ਼ੁਰਗਾਂ ਨੂੰ ਇਹ ਦੇਖ ਲੈਣਾ ਚਾਹੀਦਾ ਹੈ ਕਿ ਜੋ ਰੈਗੂਲਰ ਪਾਇਨੀਅਰਿੰਗ ਕਰਨੀ ਚਾਹੁੰਦਾ ਹੈ, ਉਹ ਹਰ ਮਹੀਨੇ 70 ਘੰਟੇ ਤੇ ਸੇਵਾ ਸਾਲ ਵਿਚ 840 ਘੰਟੇ ਕਰ ਸਕਦਾ ਹੈ ਜਾਂ ਨਹੀਂ।
29 ਜਦੋਂ ਕੋਈ ਭੈਣ ਜਾਂ ਭਰਾ ਮੰਡਲੀ ਦੇ ਕੋਆਰਡੀਨੇਟਰ ਨੂੰ ਐਪਲੀਕੇਸ਼ਨ ਫਾਰ ਰੈਗੂਲਰ ਪਾਇਨੀਅਰ ਸਰਵਿਸ ਫਾਰਮ ਭਰ ਕੇ ਮਨਜ਼ੂਰੀ ਲਈ ਦਿੰਦਾ ਹੈ, ਤਾਂ ਮੰਡਲੀ ਦੀ ਸਰਵਿਸ ਕਮੇਟੀ ਨੂੰ ਇਸ ʼਤੇ ਫ਼ੌਰਨ ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਕਮੇਟੀ ਦਾ ਇਕ ਬਜ਼ੁਰਗ ਇਕ-ਦੋ ਹਫ਼ਤਿਆਂ ਲਈ ਬਾਹਰ ਗਿਆ ਹੋਇਆ ਹੈ, ਤਾਂ ਵੀ ਫਾਰਮ ʼਤੇ ਵਿਚਾਰ ਕਰਨ ਵਿਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ। ਉਸ ਦੀ ਗ਼ੈਰ-ਹਾਜ਼ਰੀ ਵਿਚ ਕਿਸੇ ਹੋਰ ਬਜ਼ੁਰਗ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇ ਸਰਵਿਸ ਕਮੇਟੀ ਫਾਰਮ ਮਨਜ਼ੂਰ ਕਰ ਦਿੰਦੀ ਹੈ, ਤਾਂ ਬ੍ਰਾਂਚ ਨੂੰ ਫਾਰਮ ਭੇਜਣ ਤੋਂ ਪਹਿਲਾਂ ਬਾਕੀ ਬਜ਼ੁਰਗਾਂ ਨੂੰ ਵੀ ਇਸ ਬਾਰੇ ਦੱਸਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਵੀ ਆਪਣੀ ਰਾਇ ਦੇ ਸਕਣ।
30 ਐਪਲੀਕੇਸ਼ਨ ਫਾਰ ਰੈਗੂਲਰ ਪਾਇਨੀਅਰ ਸਰਵਿਸ ਫਾਰਮ ਵਿਚ ਇਹ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਪਬਲੀਸ਼ਰ ਨੇ ਕਿੰਨੇ ਘੰਟੇ ਪ੍ਰਚਾਰ ਕੀਤਾ ਹੈ। ਬਜ਼ੁਰਗਾਂ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਹਰ ਮਹੀਨੇ ਘੰਟੇ ਪੂਰੇ ਕਰ ਸਕਦਾ ਹੈ। ਇਕ ਪਬਲੀਸ਼ਰ ਦੀ ਛੇ ਮਹੀਨਿਆਂ ਦੀ ਰਿਪੋਰਟ ਤੋਂ ਸ਼ਾਇਦ ਪਤਾ ਨਾ ਲੱਗੇ ਕਿ ਉਹ ਲੰਬੇ ਸਮੇਂ ਤਕ ਪਾਇਨੀਅਰਿੰਗ ਦੇ ਘੰਟੇ ਪੂਰੇ ਕਰ ਪਾਵੇਗਾ ਜਾਂ ਨਹੀਂ। ਉਸ ਨੇ ਸ਼ਾਇਦ ਜ਼ਿਆਦਾ ਮਿਹਨਤ ਕਰਨ ਕਰਕੇ ਇਕ ਜਾਂ ਦੋ ਮਹੀਨੇ ਜ਼ਿਆਦਾ ਘੰਟੇ ਕੀਤੇ ਹੋਣ। ਇਸ ਲਈ, ਬਜ਼ੁਰਗਾਂ ਨੂੰ ਉਸ ਦੀ ਪੂਰੀ ਛੇ ਮਹੀਨੇ ਦੀ ਰਿਪੋਰਟ ʼਤੇ ਧਿਆਨ ਨਾਲ ਵਿਚਾਰ ਕਰਨਾ ਚਾਹੀਦਾ ਹੈ। ਜੇ ਉਹ ਹਰ ਮਹੀਨੇ ਪ੍ਰਚਾਰ ਵਿਚ ਕਾਫ਼ੀ ਘੰਟੇ ਬਿਤਾਉਂਦਾ ਹੈ, ਪਰ ਜ਼ਿਆਦਾ ਰਿਟਰਨ ਵਿਜ਼ਿਟਾਂ ਜਾਂ ਸਟੱਡੀਆਂ ਵਗੈਰਾ ਨਹੀਂ ਕਰਾ ਰਿਹਾ, ਤਾਂ ਬਜ਼ੁਰਗ ਉਸ ਨੂੰ ਸੁਝਾਅ ਦੇ ਸਕਦੇ ਹਨ ਕਿ ਉਹ ਪਾਇਨੀਅਰ ਬਣਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਵਿਚ ਸੁਧਾਰ ਕਰੇ। ਜੇ ਬਜ਼ੁਰਗ ਫਾਰਮ ਮਨਜ਼ੂਰ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਬਿਨਾਂ ਦੇਰ ਕੀਤਿਆਂ ਪਬਲੀਸ਼ਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਬ੍ਰਾਂਚ ਨੂੰ ਉਸ ਦਾ ਫਾਰਮ ਕਿਉਂ ਨਹੀਂ ਭੇਜ ਰਹੇ। ਬਜ਼ੁਰਗਾਂ ਨੂੰ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਜੇ ਬਾਅਦ ਵਿਚ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਉਹ ਉਸ ਦੇ ਪਹਿਲਾਂ ਦਿੱਤੇ ਫਾਰਮ ਨੂੰ ਹੀ ਮਨਜ਼ੂਰ ਕਰ ਸਕਦੇ ਹਨ, ਤਾਂ ਫਾਰਮ ʼਤੇ ਪਾਇਨੀਅਰਿੰਗ ਸ਼ੁਰੂ ਕਰਨ ਦੀ ਤਾਰੀਖ਼ ਬਦਲੀ ਜਾਣੀ ਚਾਹੀਦੀ ਹੈ।
31 ਸਾਨੂੰ ਉਮੀਦ ਹੈ ਕਿ ਇਸ ਲੇਖ ਵਿਚ ਦਿੱਤੀ ਜਾਣਕਾਰੀ ਪਾਇਨੀਅਰਿੰਗ ਬਾਰੇ ਸੋਚ-ਵਿਚਾਰ ਕਰਨ ਵਿਚ ਤੁਹਾਡੀ ਮਦਦ ਕਰੇਗੀ। ਕੀ ਰੈਗੂਲਰ ਪਾਇਨੀਅਰਿੰਗ ਕਰਨ ਲਈ ਤੁਸੀਂ ਆਪਣੇ ਹਾਲਾਤਾਂ ਵਿਚ ਫੇਰ-ਬਦਲ ਕਰ ਸਕਦੇ ਹੋ? ਸ਼ਡਿਉਲ ਬਣਾਓ ਕਿ ਤੁਸੀਂ ਹਰ ਦਿਨ ਕਦੋਂ ਤੇ ਕਿੰਨਾ ਪ੍ਰਚਾਰ ਕਰੋਗੇ ਤਾਂਕਿ ਤੁਸੀਂ ਹਰ ਹਫ਼ਤੇ ਲਗਭਗ 17 ਘੰਟੇ ਪ੍ਰਚਾਰ ਕਰ ਸਕੋ। ਇਸ ਦੇ ਨਾਲ-ਨਾਲ ਯਹੋਵਾਹ ʼਤੇ ਪੂਰਾ ਭਰੋਸਾ ਰੱਖੋ। ਉਸ ਦੀ ਮਦਦ ਨਾਲ ਤੁਸੀਂ ਕਾਮਯਾਬ ਹੋ ਸਕਦੇ ਹੋ! ਉਸ ਨੇ ਵਾਅਦਾ ਕੀਤਾ ਹੈ: ‘ਮੈਂ ਤੁਹਾਡੇ ਲਈ ਬਰਕਤ ਵਰ੍ਹਾਵਾਂਗਾ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!’—ਮਲਾ. 3:10.
32 ਸੋ ਅਸੀਂ ਤੁਹਾਨੂੰ ਪੁੱਛਦੇ ਹਾਂ, “ਪਾਇਨੀਅਰ ਸੇਵਾ—ਕੀ ਤੁਸੀਂ ਕਰ ਸਕਦੇ ਹੋ?” ਜੇ ਤੁਹਾਡਾ ਜਵਾਬ “ਹਾਂ” ਹੈ, ਤਾਂ ਛੇਤੀ ਤੋਂ ਛੇਤੀ ਰੈਗੂਲਰ ਪਾਇਨੀਅਰਿੰਗ ਸ਼ੁਰੂ ਕਰਨ ਲਈ ਇਕ ਤਾਰੀਖ਼ ਚੁਣੋ ਅਤੇ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਦੇਵੇਗਾ!