ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 10/1 ਸਫ਼ੇ 24-29
  • ਪਾਇਨੀਅਰ ਸੇਵਕਾਈ ਦੀਆਂ ਬਰਕਤਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਇਨੀਅਰ ਸੇਵਕਾਈ ਦੀਆਂ ਬਰਕਤਾਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸੰਤੁਸ਼ਟਤਾ ਅਤੇ ਆਨੰਦ ਦੀਆਂ ਗਹਿਰੀਆਂ ਭਾਵਨਾਵਾਂ
  • ਯਹੋਵਾਹ ਦੀ ਪਰਵਾਹ ਦਾ ਸਬੂਤ
  • “ਯਹੋਵਾਹ ਦੇ ਹੋਰ ਨਜ਼ਦੀਕ ਖਿੱਚੇ ਜਾਣ ਦਾ ਇਕ ਵਧੀਆ ਤਰੀਕਾ”
  • ਕੀ ਤੁਹਾਡਾ ਦਿਲ ਹੋਰ ਜ਼ਿਆਦਾ ਕਰਨ ਲਈ ਤਾਂਘਦਾ ਹੈ?
  • ਅਸੀਂ ਸਾਰੇ ਹੀ ਪਾਇਨੀਅਰ-ਸਮਾਨ ਮਨੋਬਿਰਤੀ ਦਿਖਾ ਸਕਦੇ ਹਾਂ
  • ਪਾਇਨੀਅਰ ਸੇਵਾ ਦੀਆਂ ਬਰਕਤਾਂ
    ਸਾਡੀ ਰਾਜ ਸੇਵਕਾਈ—2003
  • ਪਾਇਨੀਅਰਿੰਗ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਪਾਇਨੀਅਰ ਸੇਵਾ—ਕੀ ਇਹ ਤੁਹਾਡੇ ਲਈ ਹੈ?
    ਸਾਡੀ ਰਾਜ ਸੇਵਕਾਈ—1998
  • ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 10/1 ਸਫ਼ੇ 24-29

ਪਾਇਨੀਅਰ ਸੇਵਕਾਈ ਦੀਆਂ ਬਰਕਤਾਂ

“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਕਹਾਉਤਾਂ 10:22.

1, 2. (ੳ) ਇਕ ਪਾਇਨੀਅਰ ਨੇ ਪੂਰਣ-ਕਾਲੀ ਸੇਵਕਾਈ ਬਾਰੇ ਆਪਣੀਆਂ ਭਾਵਨਾਵਾਂ ਕਿਵੇਂ ਪ੍ਰਗਟ ਕੀਤੀਆਂ? (ਅ) ਪਾਇਨੀਅਰ ਚੇਲੇ ਬਣਾਉਣ ਦੇ ਹੋਰ ਜ਼ਿਆਦਾ ਆਨੰਦ ਨੂੰ ਅਨੁਭਵ ਕਰਨ ਦੀ ਸਥਿਤੀ ਵਿਚ ਕਿਉਂ ਹੁੰਦੇ ਹਨ?

“ਕੀ ਕਿਸੇ ਵਿਅਕਤੀ ਨੂੰ ਜਿਸ ਨਾਲ ਤੁਸੀਂ ਅਧਿਐਨ ਕਰਦੇ ਹੋ ਯਹੋਵਾਹ ਦਾ ਇਕ ਸਰਗਰਮ ਉਸਤਤਕਰਤਾ ਬਣਦੇ ਹੋਏ ਦੇਖਣ ਨਾਲੋਂ ਕੋਈ ਹੋਰ ਵੱਡਾ ਆਨੰਦ ਹੋ ਸਕਦਾ ਹੈ? ਇਹ ਦੇਖਣਾ ਉਤੇਜਕ ਅਤੇ ਨਿਹਚਾ-ਵਧਾਉ ਹੈ ਕਿ ਯਹੋਵਾਹ ਨੂੰ ਪ੍ਰਸੰਨ ਕਰਨ ਵਾਸਤੇ ਲੋਕਾਂ ਨੂੰ ਆਪਣੇ ਜੀਵਨਾਂ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਨ ਵਿਚ ਪਰਮੇਸ਼ੁਰ ਦਾ ਬਚਨ ਕਿੰਨਾ ਪ੍ਰਭਾਵਸ਼ਾਲੀ ਹੈ।” 32 ਤੋਂ ਵੱਧ ਸਾਲਾਂ ਤੋਂ ਪੂਰਣ-ਕਾਲੀ ਸੇਵਕਾਈ ਕਰ ਰਹੇ ਕੈਨੇਡਾ ਤੋਂ ਇਕ ਪਾਇਨੀਅਰ ਨੇ ਇਸ ਤਰ੍ਹਾਂ ਲਿਖਿਆ। ਉਹ ਆਪਣੀ ਪਾਇਨੀਅਰ ਸੇਵਕਾਈ ਬਾਰੇ ਕਹਿੰਦਾ ਹੈ: “ਮੈਂ ਹੋਰ ਕੁਝ ਕਰਨ ਦੀ ਕਲਪਨਾ ਨਹੀਂ ਕਰ ਸਕਦਾ ਹਾਂ। ਯਕੀਨਨ ਮੈਂ ਹੋਰ ਕੋਈ ਕੰਮ ਦੀ ਕਲਪਨਾ ਨਹੀਂ ਕਰ ਸਕਦਾ ਜੋ ਇਸ ਦੇ ਬਰਾਬਰ ਆਨੰਦ ਲਿਆਵੇਗਾ।”

2 ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੀਵਨ ਦੇ ਰਾਹ ਤੇ ਆਉਣ ਲਈ ਕਿਸੇ ਵਿਅਕਤੀ ਦੀ ਸਹਾਇਤਾ ਕਰਨ ਵਿਚ ਹਿੱਸਾ ਲੈਣਾ ਵੱਡੇ ਆਨੰਦ ਦਾ ਕਾਰਨ ਹੁੰਦਾ ਹੈ? ਬੇਸ਼ੱਕ, ਪਾਇਨੀਅਰ ਇਕੱਲੇ ਹੀ ਅਜਿਹਾ ਆਨੰਦ ਨਹੀਂ ਅਨੁਭਵ ਕਰਦੇ ਹਨ। ਯਹੋਵਾਹ ਦੇ ਸਾਰੇ ਸੇਵਕ ‘ਕੌਮਾਂ ਨੂੰ ਚੇਲੇ ਬਣਾਉਣ’ ਦੀ ਕਾਰਜ-ਨਿਯੁਕਤੀ ਅਧੀਨ ਹਨ, ਅਤੇ ਉਹ ਇਹ ਕਰਨ ਦੀ ਕੋਸ਼ਿਸ਼ ਕਰਦੇ ਹਨ। (ਮੱਤੀ 28:19) ਪਰੰਤੂ, ਕਿਉਂਕਿ ਪਾਇਨੀਅਰ ਖੇਤਰ ਸੇਵਕਾਈ ਵਿਚ ਕਾਫ਼ੀ ਘੰਟੇ ਬਿਤਾਉਂਦੇ ਹਨ, ਉਹ ਅਕਸਰ ਚੇਲੇ ਬਣਾਉਣ ਦੇ ਹੋਰ ਜ਼ਿਆਦਾ ਆਨੰਦ ਨੂੰ ਅਨੁਭਵ ਕਰਨ ਦੀ ਸਥਿਤੀ ਵਿਚ ਹੁੰਦੇ ਹਨ। ਪਰ ਪਾਇਨੀਅਰੀ ਕਰਨ ਦੇ ਹੋਰ ਵੀ ਪ੍ਰਤਿਫਲ ਮਿਲਦੇ ਹਨ। ਜੇਕਰ ਤੁਸੀਂ ਪਾਇਨੀਅਰਾਂ ਨਾਲ ਗੱਲਬਾਤ ਕਰੋ, ਤਾਂ ਉਹ ਤੁਹਾਨੂੰ ਦੱਸਣਗੇ ਕਿ ਪਾਇਨੀਅਰੀ ‘ਧਨੀ ਬਣਾਉਣ ਵਾਲੀ ਯਹੋਵਾਹ ਦੀ ਬਰਕਤ’ ਅਨੁਭਵ ਕਰਨ ਦਾ ਇਕ ਸ਼ਾਨਦਾਰ ਤਰੀਕਾ ਹੈ।—ਕਹਾਉਤਾਂ 10:22.

3. ਸਾਨੂੰ ਕਿਹੜੀ ਚੀਜ਼ ਸ਼ਾਇਦ ਉਤੇਜਿਤ ਕਰੇ ਜਿਉਂ ਹੀ ਅਸੀਂ ਯਹੋਵਾਹ ਦੀ ਸੇਵਾ ਕਰਨੀ ਜਾਰੀ ਰੱਖਦੇ ਹਾਂ?

3 ਹਾਲ ਹੀ ਵਿਚ, ਸੰਸਾਰ ਦੇ ਕਈ ਹਿੱਸਿਆਂ ਵਿਚ ਪਾਇਨੀਅਰਾਂ ਨੂੰ ਪੂਰਣ-ਕਾਲੀ ਸੇਵਕਾਈ ਵਿਚ ਉਨ੍ਹਾਂ ਵੱਲੋਂ ਅਨੁਭਵ ਕੀਤੀਆਂ ਗਈਆਂ ਬਰਕਤਾਂ ਦਾ ਵਰਣਨ ਕਰਨ ਲਈ ਆਖਿਆ ਗਿਆ ਸੀ। ਆਓ ਅਸੀਂ ਉਸ ਉੱਤੇ ਵਿਚਾਰ ਕਰੀਏ ਜੋ ਉਨ੍ਹਾਂ ਨੇ ਕਿਹਾ ਹੈ। ਫਿਰ ਵੀ, ਜੇਕਰ ਮਾੜੀ ਸਿਹਤ, ਵਧਦੀ ਉਮਰ, ਜਾਂ ਹੋਰ ਹਾਲਾਤ ਦੇ ਕਾਰਨ ਤੁਹਾਡੀ ਸੇਵਾ ਸੀਮਿਤ ਹੈ, ਤਾਂ ਨਿਰਾਸ਼ ਨਾ ਹੋਵੋ। ਯਾਦ ਰੱਖੋ ਕਿ ਪੂਰੇ ਪ੍ਰਾਣ ਨਾਲ ਯਹੋਵਾਹ ਦੀ ਸੇਵਾ ਕਰਨੀ ਮਹੱਤਵਪੂਰਣ ਗੱਲ ਹੈ, ਭਾਵੇਂ ਇਹ ਜਿਹੜੀ ਮਰਜੀ ਹੈਸੀਅਤ ਵਿਚ ਹੋਵੇ। ਫਿਰ ਵੀ, ਕੁਝ ਪਾਇਨੀਅਰਾਂ ਦੀਆਂ ਟਿੱਪਣੀਆਂ ਸੁਣਨ ਨਾਲ, ਜੇਕਰ ਸੰਭਵ ਹੋਵੇ, ਇਸ ਸੰਤੋਖਜਨਕ ਸਰਗਰਮੀ ਨੂੰ ਅਪਣਾਉਣ ਲਈ ਸ਼ਾਇਦ ਤੁਹਾਡੀ ਰੁਚੀ ਵੱਧ ਸਕਦੀ ਹੈ।

ਸੰਤੁਸ਼ਟਤਾ ਅਤੇ ਆਨੰਦ ਦੀਆਂ ਗਹਿਰੀਆਂ ਭਾਵਨਾਵਾਂ

4, 5. (ੳ) ਦੂਸਰਿਆਂ ਨਾਲ ਸੱਚਾਈ ਨੂੰ ਸਾਂਝੀ ਕਰਨਾ ਇਕ ਇੰਨਾ ਸੰਤੋਖਜਨਕ ਅਨੁਭਵ ਕਿਉਂ ਹੈ? (ਅ) ਸੇਵਕਾਈ ਵਿਚ ਪੂਰਣ-ਕਾਲੀ ਹਿੱਸਾ ਲੈਣ ਬਾਰੇ ਪਾਇਨੀਅਰ ਕਿਵੇਂ ਮਹਿਸੂਸ ਕਰਦੇ ਹਨ?

4 “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ,” ਯਿਸੂ ਨੇ ਕਿਹਾ। (ਰਸੂਲਾਂ ਦੇ ਕਰਤੱਬ 20:35) ਜੀ ਹਾਂ, ਨਿਰਸੁਆਰਥ ਭਾਵਨਾ ਨਾਲ ਦੇਣ ਵਿਚ ਫਲ ਮਿਲਦੇ ਹਨ। (ਕਹਾਉਤਾਂ 11:25) ਇਹ ਖ਼ਾਸ ਤੌਰ ਤੇ ਦੂਸਰਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਦੇ ਸੰਬੰਧ ਵਿਚ ਸੱਚ ਹੁੰਦਾ ਹੈ। ਅਸਲ ਵਿਚ, ਅਸੀਂ ਇਕ ਸੰਗੀ ਮਾਨਵ ਨੂੰ ਪਰਮੇਸ਼ੁਰ ਦਾ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਪ੍ਰਾਪਤ ਕਰਨ ਵਿਚ ਮਦਦ ਕਰਨ ਨਾਲੋਂ ਹੋਰ ਕਿਹੜਾ ਵੱਡਾ ਤੋਹਫ਼ਾ ਦੇ ਸਕਦੇ ਹਾਂ?—ਯੂਹੰਨਾ 17:3.

5 ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸੇਵਕਾਈ ਵਿਚ ਪੂਰਣ-ਕਾਲੀ ਹਿੱਸਾ ਲੈਣ ਵਾਲੇ ਅਕਸਰ ਉਸ ਆਨੰਦ ਅਤੇ ਸੰਤੁਸ਼ਟੀ ਦੀ ਗਹਿਰੀ ਭਾਵਨਾ ਬਾਰੇ ਟਿੱਪਣੀ ਕਰਦੇ ਹਨ ਜੋ ਉਨ੍ਹਾਂ ਨੂੰ ਆਪਣੀ ਸੇਵਕਾਈ ਤੋਂ ਮਿਲਦੀ ਹੈ। “ਮੈਂ ਜਾਣਦਾ ਹਾਂ ਕਿ ਮੈਨੂੰ ਹੋਰ ਕਿਸੇ ਵੀ ਕੰਮ ਤੋਂ ਉਹ ਸੰਤੁਸ਼ਟੀ ਨਾ ਮਿਲਦੀ ਜੋ ਦੂਸਰਿਆਂ ਨਾਲ ਸੱਚਾਈ ਸਾਂਝੀ ਕਰਨ ਤੋਂ ਮਿਲਦੀ ਹੈ,” ਬਰਤਾਨੀਆ ਤੋਂ ਇਕ 64 ਸਾਲਾ ਪਾਇਨੀਅਰ ਕਹਿੰਦਾ ਹੈ। ਜ਼ੇਅਰ ਤੋਂ ਇਕ ਵਿਧਵਾ ਨੇ ਪ੍ਰਗਟ ਕੀਤਾ ਕਿ ਉਸ ਲਈ ਪਾਇਨੀਅਰੀ ਕਰਨਾ ਕਿੰਨਾ ਮਹੱਤਵਪੂਰਣ ਸਾਬਤ ਹੋਇਆ ਹੈ: “ਮੇਰੇ ਪਿਆਰੇ ਪਤੀ ਦੀ ਮੌਤ ਤੋਂ ਬਾਅਦ ਪਾਇਨੀਅਰ ਸੇਵਾ ਮੇਰੇ ਲਈ ਅਸਲੀ ਦਿਲਾਸੇ ਦਾ ਕਾਰਨ ਰਹੀ। ਮੈਂ ਜਿੰਨਾ ਜ਼ਿਆਦਾ ਸੇਵਾ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਬਾਹਰ ਜਾਂਦੀ ਹਾਂ ਮੈਂ ਉੱਨਾ ਹੀ ਉਸ ਦੇ ਦੁਖਦਾਈ ਵਿਛੋੜੇ ਨੂੰ ਘੱਟ ਮਹਿਸੂਸ ਕਰਦੀ ਹਾਂ। ਮੈਂ ਯਹੋਵਾਹ ਦੇ ਵਾਅਦਿਆਂ ਵਿਚ ਆਪਣੀ ਨਿਹਚਾ ਰੱਖਦੀ ਹਾਂ ਅਤੇ ਅਕਸਰ ਇਸ ਬਾਰੇ ਸੋਚਦੀ ਹਾਂ ਕਿ ਜਿਨ੍ਹਾਂ ਵਿਅਕਤੀਆਂ ਨਾਲ ਮੈਂ ਅਧਿਐਨ ਕਰ ਰਹੀ ਹਾਂ ਉਨ੍ਹਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਾਂ ਤਾਂ ਜੋ ਉਹ ਆਪਣੇ ਜੀਵਨਾਂ ਵਿਚ ਤਬਦੀਲੀਆਂ ਲਿਆ ਸਕਣ। ਹਰ ਦਿਹਾੜੀ ਸਮਾਪਤ ਹੋਣ ਤੇ, ਮੇਰੀ ਨੀਂਦ ਮਿੱਠੀ ਹੁੰਦੀ ਹੈ, ਅਤੇ ਮੇਰਾ ਦਿਲ ਖ਼ੁਸ਼ੀ ਨਾਲ ਭਰਿਆ ਹੁੰਦਾ ਹੈ।”

6. ਕੁਝ ਪਾਇਨੀਅਰਾਂ ਨੇ ਕਿਹੜਾ ਵਿਸ਼ੇਸ਼ ਆਨੰਦ ਮਾਣਿਆ ਹੈ?

6 ਕਈ ਦਹਾਕਿਆਂ ਤੋਂ ਪਾਇਨੀਅਰੀ ਕਰਨ ਵਾਲੇ ਕੁਝ ਵਿਅਕਤੀਆਂ ਨੇ ਦੂਰ-ਦੁਰੇਡੇ ਖੇਤਰਾਂ ਵਿਚ ਸੇਵਾ ਕਰਨ ਦਾ ਵਿਸ਼ੇਸ਼ ਆਨੰਦ ਮਾਣਿਆ ਹੈ, ਅਤੇ ਕਲੀਸਿਯਾਵਾਂ ਸਥਾਪਿਤ ਕੀਤੀਆਂ ਹਨ ਜਿਹੜੀਆਂ ਆਖ਼ਰਕਾਰ ਸਰਕਟ ਬਣ ਗਈਆਂ ਹਨ। ਉਦਾਹਰਣ ਲਈ, ਆਬੱਸ਼ਿਰੀ, ਹੋਕਾਇਡੋ (ਜਪਾਨ ਦਾ ਧੁਰ ਉੱਤਰ ਦਾ ਟਾਪੂ) ਵਿਚ, ਇਕ ਭੈਣ ਰਹਿੰਦੀ ਹੈ ਜੋ 33 ਸਾਲਾਂ ਤੋਂ ਪਾਇਨੀਅਰ ਹੈ। ਉਹ ਯਾਦ ਕਰਦੀ ਹੈ ਕਿ ਉਸ ਦੇ ਪਹਿਲੇ ਸਰਕਟ ਸੰਮੇਲਨ ਤੇ—ਜੋ ਸਾਰੇ ਹੋਕਾਇਡੋ ਲਈ ਸੀ—ਸਿਰਫ਼ 70 ਵਿਅਕਤੀ ਹਾਜ਼ਰ ਸਨ। ਅਤੇ ਹੁਣ? ਉਸ ਟਾਪੂ ਉੱਤੇ 12 ਸਰਕਟ ਹਨ, ਅਤੇ ਪ੍ਰਕਾਸ਼ਕਾਂ ਦੀ ਕੁੱਲ ਗਿਣਤੀ 12,000 ਤੋਂ ਵੱਧ ਹੈ। ਕਲਪਨਾ ਕਰੋ ਕਿ ਉਹ ਦਾ ਦਿਲ ਕਿਵੇਂ ਆਨੰਦ ਨਾਲ ਉਛਲਦਾ ਹੈ ਜਦੋਂ ਉਹ ਉਸ ਟਾਪੂ ਉੱਤੇ ਸੰਗੀ ਰਾਜ ਘੋਸ਼ਕਾਂ ਦੇ ਇਕੱਠਾਂ ਨਾਲ ਸੰਮੇਲਨਾਂ ਅਤੇ ਮਹਾਂ-ਸੰਮੇਲਨਾਂ ਤੇ ਹਾਜ਼ਰ ਹੁੰਦੀ ਹੈ!

7, 8. ਅਨੇਕ ਚਿਰਕਾਲੀ ਪਾਇਨੀਅਰਾਂ ਨੇ ਕਿਹੜਾ ਆਨੰਦ ਮਾਣਿਆ ਹੈ?

7 ਦੂਸਰੇ ਚਿਰਕਾਲੀ ਪਾਇਨੀਅਰਾਂ ਨੇ ਬਾਈਬਲ ਵਿਦਿਆਰਥੀਆਂ ਨੂੰ ਬਪਤਿਸਮਾ ਲੈਂਦੇ ਅਤੇ ਫਿਰ ਸੇਵਾ ਦੇ ਹੋਰ ਵਿਸ਼ੇਸ਼-ਸਨਮਾਨਾਂ ਲਈ ਅੱਗੇ ਵਧਦੇ ਦੇਖਣ ਦਾ ਆਨੰਦ ਮਾਣਿਆ ਹੈ। ਜਪਾਨ ਵਿਚ ਇਕ ਭੈਣ, ਜਿਸ ਨੇ 1957 ਤੋਂ ਨੌਂ ਵੱਖਰੋ-ਵੱਖਰੀਆਂ ਪਾਇਨੀਅਰ ਕਾਰਜ-ਨਿਯੁਕਤੀਆਂ ਵਿਚ ਸੇਵਾ ਕੀਤੀ ਹੈ, ਯਾਦ ਕਰਦੀ ਹੈ ਕਿ ਉਸ ਨੇ ਬੈਂਕ ਵਿਚ ਨੌਕਰੀ ਕਰਨ ਵਾਲੀ ਇਕ ਜਵਾਨ ਔਰਤ ਨੂੰ ਇਕ ਜਾਗਰੂਕ ਬਣੋ! ਰਸਾਲਾ ਦਿੱਤਾ। ਨੌਂ ਮਹੀਨਿਆਂ ਦੇ ਅੰਦਰ-ਅੰਦਰ ਉਸ ਜਵਾਨ ਔਰਤ ਨੇ ਬਪਤਿਸਮਾ ਲੈ ਲਿਆ। ਬਾਅਦ ਵਿਚ ਉਸ ਨੇ ਵਿਆਹ ਕਰ ਲਿਆ, ਅਤੇ ਉਹ ਤੇ ਉਹ ਦਾ ਪਤੀ ਵਿਸ਼ੇਸ਼ ਪਾਇਨੀਅਰ ਬਣ ਗਏ। ਇਸ ਪਾਇਨੀਅਰ ਭੈਣ ਲਈ ਕਿੰਨੀ ਆਨੰਦ ਦੀ ਗੱਲ ਹੋਈ ਜਦੋਂ ਤੀਸਰੀ ਕਾਰਜ-ਨਿਯੁਕਤੀ ਵਿਚ, ਨਵਾਂ ਸਰਕਟ ਨਿਗਾਹਬਾਨ ਅਤੇ ਉਸ ਦੀ ਪਤਨੀ—ਉਸ ਦੀ ਸਾਬਕਾ ਬਾਈਬਲ ਸਿੱਖਿਆਰਥਣ—ਉਹ ਦੀ ਕਲੀਸਿਯਾ ਨਾਲ ਮੁਲਾਕਾਤ ਕਰਨ ਆਏ!

8 ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹ ਜੋ ਪਾਇਨੀਅਰ ਸੇਵਕਾਈ ਨੂੰ ਆਪਣੇ ਕੈਰੀਅਰ ਵਜੋਂ ਅਪਣਾਉਂਦੇ ਹਨ, ਇਸ ਨੂੰ “ਇਕ ਅਨਮੋਲ ਵਿਸ਼ੇਸ਼-ਸਨਮਾਨ” ਵਜੋਂ ਵਿਚਾਰਦੇ ਹਨ, ਜਿਵੇਂ ਇਕ 22 ਸਾਲਾਂ ਤੋਂ ਪਾਇਨੀਅਰੀ ਕਰ ਰਹੇ ਇਕ ਭਰਾ ਨੇ ਕਿਹਾ!

ਯਹੋਵਾਹ ਦੀ ਪਰਵਾਹ ਦਾ ਸਬੂਤ

9. ਮਹਾਨ ਪ੍ਰਦਾਤਾ ਵਜੋਂ, ਯਹੋਵਾਹ ਆਪਣੇ ਸੇਵਕਾਂ ਨਾਲ ਕੀ ਵਾਅਦਾ ਕਰਦਾ ਹੈ, ਅਤੇ ਸਾਡੇ ਲਈ ਇਸ ਦਾ ਅਰਥ ਕੀ ਹੈ?

9 ਯਹੋਵਾਹ, ਇਕ ਮਹਾਨ ਪ੍ਰਦਾਤਾ ਵਜੋਂ, ਆਪਣੇ ਸੇਵਕਾਂ ਦੀ ਸੰਭਾਲ ਕਰਨ ਦਾ ਵਾਅਦਾ ਕਰਦਾ ਹੈ, ਅਤੇ ਅਧਿਆਤਮਿਕ ਅਤੇ ਭੌਤਿਕ ਤੌਰ ਤੇ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ। ਪ੍ਰਾਚੀਨ ਰਾਜਾ ਦਾਊਦ ਠੀਕ ਹੀ ਕਹਿ ਸਕਿਆ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।” (ਜ਼ਬੂਰ 37:25) ਨਿਰਸੰਦੇਹ, ਇਹ ਈਸ਼ਵਰੀ ਗਾਰੰਟੀ ਸਾਨੂੰ ਆਪਣੇ ਪਰਿਵਾਰਾਂ ਲਈ ਭੌਤਿਕ ਤੌਰ ਤੇ ਪ੍ਰਬੰਧ ਕਰਨ ਦੇ ਫ਼ਰਜ਼ ਤੋਂ ਮੁਕਤ ਨਹੀਂ ਕਰ ਦਿੰਦੀ ਹੈ, ਅਤੇ ਨਾ ਹੀ ਇਹ ਸਾਨੂੰ ਆਪਣੇ ਮਸੀਹੀ ਭਰਾਵਾਂ ਦੀ ਉਦਾਰਤਾ ਉੱਤੇ ਆਸ ਰੱਖਣ ਦੀ ਖੁੱਲ੍ਹ ਦਿੰਦੀ ਹੈ। (1 ਥੱਸਲੁਨੀਕੀਆਂ 4:11, 12; 1 ਤਿਮੋਥਿਉਸ 5:8) ਫਿਰ ਵੀ, ਜਦੋਂ ਅਸੀਂ ਰਜ਼ਾਮੰਦੀ ਨਾਲ ਆਪਣੇ ਜੀਵਨਾਂ ਵਿਚ ਕੁਰਬਾਨੀਆਂ ਕਰਦੇ ਹਾਂ ਤਾਂਕਿ ਯਹੋਵਾਹ ਦੀ ਸੇਵਾ ਹੋਰ ਪੂਰੀ ਤਰ੍ਹਾਂ ਕਰ ਸਕੀਏ, ਤਾਂ ਉਹ ਸਾਨੂੰ ਕਦੇ ਵੀ ਨਹੀਂ ਤਿਆਗੇਗਾ।—ਮੱਤੀ 6:33.

10, 11. ਤਜਰਬੇ ਤੋਂ, ਅਨੇਕ ਪਾਇਨੀਅਰ ਯਹੋਵਾਹ ਦੀ ਪ੍ਰਬੰਧ ਕਰਨ ਦੀ ਯੋਗਤਾ ਬਾਰੇ ਕੀ ਜਾਣਦੇ ਹਨ?

10 ਸੰਸਾਰ ਭਰ ਵਿਚ, ਪਾਇਨੀਅਰ ਆਪਣੇ ਤਜਰਬੇ ਤੋਂ ਜਾਣਦੇ ਹਨ ਕਿ ਯਹੋਵਾਹ ਉਨ੍ਹਾਂ ਲਈ ਪ੍ਰਬੰਧ ਕਰਦਾ ਹੈ ਜੋ ਆਪਣੇ ਆਪ ਨੂੰ ਉਸ ਦੇ ਪ੍ਰੇਮਪੂਰਣ ਹੱਥਾਂ ਵਿਚ ਸੌਂਪ ਦਿੰਦੇ ਹਨ। ਇਕ ਪਾਇਨੀਅਰ ਜੋੜੇ ਦੇ ਮਾਮਲੇ ਉੱਤੇ ਵਿਚਾਰ ਕਰੋ ਜੋ ਇਕ ਛੋਟੇ ਜਿਹੇ ਨਗਰ ਵਿਚ ਗਿਆ ਜਿੱਥੇ ਰਾਜ ਪ੍ਰਚਾਰਕਾਂ ਦੀ ਜ਼ਿਆਦਾ ਜ਼ਰੂਰਤ ਸੀ। ਕੁਝ ਮਹੀਨਿਆਂ ਬਾਅਦ, ਨੌਕਰੀਆਂ ਘੱਟ ਗਈਆਂ, ਅਤੇ ਉਨ੍ਹਾਂ ਦਾ ਜੋੜਿਆ ਪੈਸਾ ਖ਼ਤਮ ਹੋ ਗਿਆ। ਫਿਰ ਉਨ੍ਹਾਂ ਨੂੰ ਕਾਰ-ਬੀਮਾ ਲਈ 81 ਡਾਲਰ ਦਾ ਇਕ ਬਿਲ ਆਇਆ। “ਸਾਡੇ ਕੋਲ ਬਿਲ ਭਰਨ ਲਈ ਪੈਸੇ ਨਹੀਂ ਸੀ,” ਭਰਾ ਵਿਆਖਿਆ ਕਰਦਾ ਹੈ। “ਅਸੀਂ ਉਸ ਰਾਤ ਕਾਫ਼ੀ ਜ਼ੋਰਦਾਰ ਪ੍ਰਾਰਥਨਾ ਕੀਤੀ।” ਅਗਲੇ ਦਿਨ, ਉਨ੍ਹਾਂ ਨੂੰ ਇਕ ਅਜਿਹੇ ਪਰਿਵਾਰ ਤੋਂ ਇਕ ਕਾਰਡ ਮਿਲਿਆ, ਜੋ ਖ਼ੁਦ ਔਖਿਆਈ ਨਾਲ ਗੁਜ਼ਾਰਾ ਕਰ ਰਿਹਾ ਸੀ। ਕਾਰਡ ਵਿਚ ਉਨ੍ਹਾਂ ਨੇ ਸਮਝਾਇਆ ਕਿ ਪਰਿਵਾਰ ਨੂੰ ਟੈਕਸ ਰੀਫ਼ੰਡ ਕੀਤਾ ਗਿਆ ਸੀ, ਅਤੇ ਕਿਉਂਕਿ ਵਾਪਸ ਦਿੱਤੀ ਗਈ ਰਕਮ ਉਨ੍ਹਾਂ ਦੀ ਆਸ ਤੋਂ ਜ਼ਿਆਦਾ ਸੀ, ਇਸ ਲਈ ਉਹ ਉਸ ਦਾ ਕੁਝ ਹਿੱਸਾ ਇਸ ਪਾਇਨੀਅਰ ਜੋੜੇ ਨਾਲ ਸਾਂਝਾ ਕਰਨਾ ਚਾਹੁੰਦੇ ਸਨ। ਇਸ ਕਾਰਡ ਦੇ ਨਾਲ 81 ਡਾਲਰ ਦਾ ਇਕ ਚੈੱਕ ਸੀ! “ਮੈਂ ਉਹ ਦਿਨ ਕਦੀ ਵੀ ਨਹੀਂ ਭੁੱਲਾਂਗਾ—ਮੇਰੇ ਪਿੰਡੇ ਦਾ ਰੋਮ-ਰੋਮ ਖੜ੍ਹਾ ਹੋ ਗਿਆ!” ਪਾਇਨੀਅਰ ਭਰਾ ਕਹਿੰਦਾ ਹੈ। “ਅਸੀਂ ਇਸ ਪਰਿਵਾਰ ਦੀ ਉਦਾਰਤਾ ਲਈ ਬਹੁਤ ਧੰਨਵਾਦੀ ਹੋਏ।” ਯਹੋਵਾਹ ਵੀ ਅਜਿਹੀ ਦਿਆਲਗੀ ਦੀ ਕਦਰ ਕਰਦਾ ਹੈ, ਜੋ ਉਸ ਉਦਾਰ ਮਨੋਬਿਰਤੀ ਦਾ ਨਮੂਨਾ ਹੈ ਜੋ ਉਹ ਆਪਣੇ ਸੇਵਕਾਂ ਵਿਚ ਉਤਸ਼ਾਹਿਤ ਕਰਦਾ ਹੈ।—ਕਹਾਉਤਾਂ 19:17; ਇਬਰਾਨੀਆਂ 13:16.

11 ਅਨੇਕ ਪਾਇਨੀਅਰ ਇਹੋ ਜਿਹੇ ਅਨੁਭਵ ਸੁਣਾ ਸਕਦੇ ਹਨ। ਉਨ੍ਹਾਂ ਤੋਂ ਪੁੱਛੋ, ਤਾਂ ਉਹ ਤੁਹਾਨੂੰ ਦੱਸਣਗੇ ਕਿ ਉਹ ਕਦੇ ਵੀ ਨਹੀਂ ‘ਤਿਆਗੇ ਗਏ’ ਹਨ। ਆਪਣੀ 55 ਸਾਲਾਂ ਦੀ ਪੂਰਣ-ਕਾਲੀ ਸੇਵਕਾਈ ਉੱਪਰ ਵਿਚਾਰ ਕਰਦੇ ਹੋਏ, ਇਕ 72 ਸਾਲਾ ਪਾਇਨੀਅਰ ਕਹਿੰਦਾ ਹੈ, “ਯਹੋਵਾਹ ਨੇ ਮੈਨੂੰ ਕਦੇ ਵੀ ਨਹੀਂ ਨਿਰਾਸ਼ ਕੀਤਾ ਹੈ।”—ਇਬਰਾਨੀਆਂ 13:5, 6.

“ਯਹੋਵਾਹ ਦੇ ਹੋਰ ਨਜ਼ਦੀਕ ਖਿੱਚੇ ਜਾਣ ਦਾ ਇਕ ਵਧੀਆ ਤਰੀਕਾ”

12. ਖ਼ੁਸ਼ ਖ਼ਬਰੀ ਐਲਾਨ ਕਰਨ ਦਾ ਕੰਮ ਇਕ ਇੰਨਾ ਮਾਅਰਕੇ ਵਾਲਾ ਵਿਸ਼ੇਸ਼-ਸਨਮਾਨ ਕਿਉਂ ਹੈ?

12 ਇਸ ਗੱਲ ਵਿਚ ਸਾਡਾ ਸਨਮਾਨ ਹੁੰਦਾ ਹੈ ਕਿ ਯਹੋਵਾਹ ਸਾਡੇ ਤੋਂ ਆਪਣੇ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰਵਾਉਂਦਾ ਹੈ। ਉਹ ਇਸ ਜਾਨ-ਬਚਾਊ ਸਰਗਰਮੀ ਵਿਚ ਸਾਨੂੰ—ਭਾਵੇਂ ਅਸੀਂ ਅਪੂਰਣ ਇਨਸਾਨ ਹਾਂ—‘ਕੰਮ ਕਰਨ ਵਿੱਚ ਆਪਣੇ ਸਾਂਝੀ’ ਵਿਚਾਰਦਾ ਹੈ। (1 ਕੁਰਿੰਥੀਆਂ 3:9; 1 ਤਿਮੋਥਿਉਸ 4:16) ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਾਂ, ਜਿਉਂ-ਜਿਉਂ ਅਸੀਂ ਦੁਸ਼ਟਤਾ ਦੇ ਅੰਤ ਦਾ ਐਲਾਨ ਕਰਦੇ ਹਾਂ, ਜਿਉਂ-ਜਿਉਂ ਰਿਹਾਈ-ਕੀਮਤ ਪ੍ਰਦਾਨ ਕਰਨ ਵਿਚ ਉਸ ਦੇ ਅਸਚਰਜ ਪ੍ਰੇਮ ਬਾਰੇ ਲੋਕਾਂ ਨੂੰ ਸਮਝਾਉਂਦੇ ਹਾਂ, ਜਿਉਂ-ਜਿਉਂ ਅਸੀਂ ਉਸ ਦਾ ਜੀਉਂਦਾ ਬਚਨ ਖੋਲ੍ਹ ਕੇ ਨੇਕਦਿਲ ਲੋਕਾਂ ਨੂੰ ਇਸ ਵਿੱਚੋਂ ਬਹੁਮੁੱਲੀਆਂ ਗੱਲਾਂ ਸਿਖਾਉਂਦੇ ਹਾਂ, ਅਸੀਂ ਕੁਦਰਤੀ ਤੌਰ ਤੇ ਆਪਣੇ ਸ੍ਰਿਸ਼ਟੀਕਰਤਾ, ਯਹੋਵਾਹ ਦੇ ਹੋਰ ਵੀ ਨਜ਼ਦੀਕ ਖਿੱਚੇ ਜਾਂਦੇ ਹਾਂ।—ਜ਼ਬੂਰ 145:11; ਯੂਹੰਨਾ 3:16; ਇਬਰਾਨੀਆਂ 4:12.

13. ਕਈ ਵਿਅਕਤੀ ਯਹੋਵਾਹ ਨਾਲ ਆਪਣੇ ਰਿਸ਼ਤੇ ਉੱਤੇ ਆਪਣੀ ਪਾਇਨੀਅਰ ਸੇਵਕਾਈ ਦੇ ਪ੍ਰਭਾਵ ਬਾਰੇ ਕੀ ਕਹਿੰਦੇ ਹਨ?

13 ਹਰ ਮਹੀਨੇ ਪਾਇਨੀਅਰ ਯਹੋਵਾਹ ਬਾਰੇ ਸਿੱਖਣ ਅਤੇ ਉਸ ਬਾਰੇ ਸਿਖਾਉਣ ਵਿਚ ਬਹੁਤ ਸਮਾਂ ਬਿਤਾ ਸਕਦੇ ਹਨ। ਉਨ੍ਹਾਂ ਦੇ ਵਿਚਾਰ ਅਨੁਸਾਰ ਇਹ ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? “ਪਾਇਨੀਅਰੀ ਕਰਨਾ ਯਹੋਵਾਹ ਦੇ ਹੋਰ ਨਜ਼ਦੀਕ ਖਿੱਚੇ ਜਾਣ ਦਾ ਇਕ ਵਧੀਆ ਤਰੀਕਾ ਹੈ,” ਫਰਾਂਸ ਵਿਚ ਵਸਦਾ ਇਕ ਬਜ਼ੁਰਗ ਜਵਾਬ ਦਿੰਦਾ ਹੈ ਜੋ ਦਸ ਤੋਂ ਵੱਧ ਸਾਲਾਂ ਤੋਂ ਇਕ ਪਾਇਨੀਅਰ ਰਿਹਾ ਹੈ। ਉਸੇ ਦੇਸ਼ ਵਿਚ ਵਸਦਾ ਇਕ ਹੋਰ ਪਾਇਨੀਅਰ ਭਰਾ, ਜਿਸ ਨੇ ਪੂਰਣ-ਕਾਲੀ ਸੇਵਕਾਈ ਵਿਚ 18 ਸਾਲ ਗੁਜ਼ਾਰੇ ਹਨ, ਕਹਿੰਦਾ ਹੈ: “ਪਾਇਨੀਅਰ ਸੇਵਾ ਸਾਨੂੰ ‘ਚੱਖਣ ਤੇ ਵੇਖਣ’ ਦਾ ਮੌਕਾ ਦਿੰਦੀ ਹੈ ‘ਭਈ ਯਹੋਵਾਹ ਭਲਾ ਹੈ,’ ਅਤੇ ਦਿਨ-ਬ-ਦਿਨ ਸਾਡਾ ਆਪਣੇ ਸ੍ਰਿਸ਼ਟੀਕਰਤਾ ਨਾਲ ਇਕ ਜ਼ਿਆਦਾ ਮਜ਼ਬੂਤ ਰਿਸ਼ਤਾ ਬਣਦਾ ਜਾਂਦਾ ਹੈ।” (ਜ਼ਬੂਰ 34:8) ਬਰਤਾਨੀਆ ਵਿਚ 30 ਸਾਲਾਂ ਤੋਂ ਪਾਇਨੀਅਰੀ ਕਰ ਰਹੀ ਇਕ ਭੈਣ ਇਸੇ ਤਰ੍ਹਾਂ ਮਹਿਸੂਸ ਕਰਦੀ ਹੈ। “ਆਪਣੀ ਸੇਵਕਾਈ ਵਿਚ ਅਗਵਾਈ ਲਈ ਯਹੋਵਾਹ ਦੀ ਆਤਮਾ ਉੱਤੇ ਨਿਰਭਰ ਕਰਨਾ ਮੈਨੂੰ ਉਹ ਦੇ ਹੋਰ ਵੀ ਨਜ਼ਦੀਕ ਲਿਆਉਂਦਾ ਹੈ,” ਉਹ ਕਹਿੰਦੀ ਹੈ। “ਮੈਨੂੰ ਕਈ ਅਵਸਰਾਂ ਤੇ ਮਹਿਸੂਸ ਹੋਇਆ ਹੈ ਕਿ ਯਹੋਵਾਹ ਦੀ ਆਤਮਾ ਨੇ ਸਹੀ ਵਕਤ ਤੇ ਮੈਨੂੰ ਕਿਸੇ ਖ਼ਾਸ ਘਰ ਵੱਲ ਨਿਰਦੇਸ਼ਿਤ ਕੀਤਾ ਹੈ।”—ਤੁਲਨਾ ਕਰੋ ਰਸੂਲਾਂ ਦੇ ਕਰਤੱਬ 16:6-10.

14. ਪਾਇਨੀਅਰ ਦੂਸਰਿਆਂ ਨੂੰ ਸਿਖਾਉਣ ਲਈ ਦਿਨ-ਬ-ਦਿਨ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਇਸਤੇਮਾਲ ਕਰਨ ਤੋਂ ਕਿਵੇਂ ਲਾਭ ਪ੍ਰਾਪਤ ਕਰਦੇ ਹਨ?

14 ਅਨੇਕ ਪਾਇਨੀਅਰ ਪਾਉਂਦੇ ਹਨ ਕਿ ਸ਼ਾਸਤਰ-ਸੰਬੰਧੀ ਸੱਚਾਈਆਂ ਨੂੰ ਸਮਝਾਉਣ ਅਤੇ ਸਿਖਾਉਣ ਲਈ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਦਿਨ-ਬ-ਦਿਨ ਇਸਤੇਮਾਲ ਕਰਨਾ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੇ ਗਿਆਨ ਵਿਚ ਵਧਣ ਵਿਚ ਸਹਾਇਤਾ ਦਿੰਦਾ ਹੈ। ਸਪੇਨ ਵਿਚ ਇਕ 85 ਸਾਲਾ ਭਰਾ ਜੋ 31 ਸਾਲਾਂ ਤੋਂ ਇਕ ਪਾਇਨੀਅਰ ਰਿਹਾ ਹੈ ਵਿਆਖਿਆ ਕਰਦਾ ਹੈ: “ਪਾਇਨੀਅਰੀ ਨੇ ਬਾਈਬਲ ਦਾ ਡੂੰਘਾ ਗਿਆਨ ਪ੍ਰਾਪਤ ਕਰਨ ਵਿਚ ਮੇਰੀ ਮਦਦ ਕੀਤੀ ਹੈ, ਇਕ ਅਜਿਹਾ ਗਿਆਨ ਜੋ ਮੈਂ ਅਨੇਕ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਜਾਣਨ ਵਿਚ ਮਦਦ ਦੇਣ ਲਈ ਇਸਤੇਮਾਲ ਕੀਤਾ ਹੈ।” 23 ਸਾਲਾਂ ਤੋਂ ਪਾਇਨੀਅਰੀ ਕਰ ਰਹੀ ਬਰਤਾਨੀਆ ਤੋਂ ਇਕ ਭੈਣ ਕਹਿੰਦੀ ਹੈ: “ਪੂਰਣ-ਕਾਲੀ ਸੇਵਕਾਈ ਨੇ ਅਧਿਆਤਮਿਕ ਭੋਜਨ ਲਈ ਜ਼ਿਆਦਾ ਭੁੱਖ ਪੈਦਾ ਕਰਨ ਵਿਚ ਮੇਰੀ ਮਦਦ ਕੀਤੀ ਹੈ।” ਦੂਸਰਿਆਂ ਨੂੰ ‘ਤੁਹਾਡੀ ਆਸ ਦਾ ਕਾਰਨ’ ਸਮਝਾਉਣਾ ਉਨ੍ਹਾਂ ਵਿਸ਼ਵਾਸਾਂ ਬਾਰੇ ਤੁਹਾਡੇ ਆਪਣੇ ਯਕੀਨ ਨੂੰ ਮਜ਼ਬੂਤ ਬਣਾ ਸਕਦਾ ਹੈ, ਜਿਨ੍ਹਾਂ ਨੂੰ ਤੁਸੀਂ ਬਹੁਮੁੱਲੇ ਸਮਝਦੇ ਹੋ। (1 ਪਤਰਸ 3:15) ਆਸਟ੍ਰੇਲੀਆ ਤੋਂ ਇਕ ਪਾਇਨੀਅਰ ਭਰਾ ਕਹਿੰਦਾ ਹੈ: “ਪਾਇਨੀਅਰੀ ਕਰਨਾ ਮੇਰੀ ਨਿਹਚਾ ਨੂੰ ਵਧਾਉਂਦਾ ਹੈ ਜਿਉਂ-ਜਿਉਂ ਮੈਂ ਦੂਸਰਿਆਂ ਨਾਲ ਇਸ ਬਾਰੇ ਗੱਲਬਾਤ ਕਰਦਾ ਹਾਂ।”

15. ਪਾਇਨੀਅਰ ਸੇਵਕਾਈ ਨੂੰ ਸ਼ੁਰੂ ਕਰਨ ਅਤੇ ਉਸ ਵਿਚ ਕਾਇਮ ਰਹਿਣ ਲਈ ਅਨੇਕ ਕੀ ਕਰਨ ਲਈ ਰਜ਼ਾਮੰਦ ਹੋਏ ਹਨ, ਅਤੇ ਕਿਉਂ?

15 ਬਿਨਾਂ ਸ਼ੱਕ, ਇਹ ਪਾਇਨੀਅਰ ਸੇਵਕ ਕਾਇਲ ਹਨ ਕਿ ਉਨ੍ਹਾਂ ਨੇ ਇਕ ਅਜਿਹੀ ਸੇਵਾ ਕਰਨੀ ਚੁਣੀ ਹੈ ਜੋ ਯਹੋਵਾਹ ਵੱਲੋਂ ਅਣਗਿਣਤ ਬਰਕਤਾਂ ਲਿਆਉਂਦੀ ਹੈ। ਤਾਂ ਫਿਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅਨੇਕ ਆਪਣੇ ਜੀਵਨਾਂ ਵਿਚ ਤਬਦੀਲੀਆਂ ਲਿਆਉਣ ਲਈ ਰਜ਼ਾਮੰਦ ਹੋਏ ਹਨ, ਇੱਥੋਂ ਤਕ ਕਿ ਉਨ੍ਹਾਂ ਨੇ ਦੁਨਿਆਵੀ ਪੇਸ਼ਾ ਅਤੇ ਭੌਤਿਕ ਧਨ ਤਿਆਗ ਦਿੱਤਾ ਹੈ, ਤਾਂਕਿ ਉਹ ਪਾਇਨੀਅਰ ਸੇਵਕਾਈ ਸ਼ੁਰੂ ਕਰਨ ਅਤੇ ਉਸ ਵਿਚ ਕਾਇਮ ਰਹਿਣ!—ਕਹਾਉਤਾਂ 28:20.

ਕੀ ਤੁਹਾਡਾ ਦਿਲ ਹੋਰ ਜ਼ਿਆਦਾ ਕਰਨ ਲਈ ਤਾਂਘਦਾ ਹੈ?

16, 17. (ੳ) ਜੇਕਰ ਤੁਸੀਂ ਸੋਚ ਰਹੇ ਹੋ ਕਿ ਕੀ ਪਾਇਨੀਅਰੀ ਕਰਨਾ ਤੁਹਾਡੇ ਲਈ ਸੰਭਵ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? (ਅ) ਕੁਝ ਵਿਅਕਤੀ ਕਿਵੇਂ ਮਹਿਸੂਸ ਕਰਦੇ ਹਨ ਜਦੋਂ ਉਹ ਪਾਇਨੀਅਰੀ ਨਹੀਂ ਕਰ ਸਕਦੇ ਹਨ?

16 ਇਸ ਬਾਰੇ ਵਿਚਾਰ ਕਰਨ ਤੋਂ ਬਾਅਦ ਕਿ ਪਾਇਨੀਅਰ, ਪਾਇਨੀਅਰ ਸੇਵਕਾਈ ਦੀਆਂ ਬਰਕਤਾਂ ਬਾਰੇ ਕੀ ਕਹਿੰਦੇ ਹਨ, ਤੁਸੀਂ ਸ਼ਾਇਦ ਸੋਚ ਰਹੇ ਹੋਵੋ ਕਿ ਕੀ ਪਾਇਨੀਅਰੀ ਕਰਨਾ ਤੁਹਾਡੇ ਲਈ ਵਿਵਹਾਰਕ ਹੈ ਜਾਂ ਨਹੀਂ। ਜੇਕਰ ਇੰਜ ਹੈ, ਤਾਂ ਕਿਉਂ ਨਾ ਇਕ ਪਾਇਨੀਅਰ ਨਾਲ ਗੱਲਬਾਤ ਕਰੋ ਜੋ ਪੂਰਣ-ਕਾਲੀ ਸੇਵਕਾਈ ਨੂੰ ਅਪਣਾਉਣ ਵਿਚ ਸਫ਼ਲ ਹੋਇਆ ਹੈ? ਤੁਸੀਂ ਸ਼ਾਇਦ ਕਲੀਸਿਯਾ ਵਿਚ ਬਜ਼ੁਰਗਾਂ ਵਿੱਚੋਂ ਇਕ ਨਾਲ ਗੱਲਬਾਤ ਕਰਨੀ ਵੀ ਸਹਾਇਕ ਪਾਓ, ਅਜਿਹਾ ਕੋਈ ਬਜ਼ੁਰਗ ਜੋ ਤੁਹਾਨੂੰ—ਤੁਹਾਡੀ ਸਿਹਤ-ਸਥਿਤੀ, ਤੁਹਾਡੀਆਂ ਸੀਮਾਵਾਂ, ਅਤੇ ਤੁਹਾਡੀਆਂ ਪਰਿਵਾਰਕ ਜ਼ਿੰਮੇਵਾਰੀਆਂ—ਜਾਣਦਾ ਹੈ। (ਕਹਾਉਤਾਂ 15:22) ਦੂਸਰਿਆਂ ਦੀਆਂ ਵਿਵਹਾਰਕ ਟਿੱਪਣੀਆਂ ਸ਼ਾਇਦ ਧਿਆਨ ਨਾਲ ਨਿਸ਼ਚਿਤ ਕਰਨ ਵਿਚ ਤੁਹਾਡੀ ਮਦਦ ਕਰਨ ਕਿ ਪਾਇਨੀਅਰੀ ਕਰਨਾ ਤੁਹਾਡੇ ਲਈ ਸੰਭਵ ਹੈ ਜਾਂ ਨਹੀਂ। (ਤੁਲਨਾ ਕਰੋ ਲੂਕਾ 14:28.) ਜੇਕਰ ਤੁਸੀਂ ਪਾਇਨੀਅਰੀ ਕਰ ਸਕਦੇ ਹੋ, ਤਾਂ ਤੁਹਾਨੂੰ ਭਰਪੂਰ ਬਰਕਤਾਂ ਮਿਲਣਗੀਆਂ।—ਮਲਾਕੀ 3:10.

17 ਲੇਕਿਨ ਉਨ੍ਹਾਂ ਅਨੇਕ ਵਫ਼ਾਦਾਰ ਰਾਜ ਪ੍ਰਕਾਸ਼ਕਾਂ ਬਾਰੇ ਕੀ, ਜੋ ਪਾਇਨੀਅਰੀ ਕਰਨ ਦੀ ਸਥਿਤੀ ਵਿਚ ਨਹੀਂ ਹਨ, ਭਾਵੇਂ ਕਿ ਉਹ ਸੇਵਕਾਈ ਵਿਚ ਸ਼ਾਇਦ ਹੋਰ ਜ਼ਿਆਦਾ ਕਰਨ ਦੀ ਤਾਂਘ ਰੱਖਦੇ ਹਨ? ਉਦਾਹਰਣ ਲਈ, ਇਕ ਮਸੀਹੀ ਭੈਣ ਦੀਆਂ ਭਾਵਨਾਵਾਂ ਉੱਤੇ ਵਿਚਾਰ ਕਰੋ ਜੋ ਇਕੱਲੀ ਚਾਰ ਬੱਚਿਆਂ ਨੂੰ ਪਾਲਣ-ਪੋਸਣ ਵਿਚ ਸਖ਼ਤ ਮਿਹਨਤ ਕਰ ਰਹੀ ਹੈ। “ਮੈਨੂੰ ਦੁੱਖ ਹੁੰਦਾ ਹੈ,” ਉਹ ਕਹਿੰਦੀ ਹੈ, “ਕਿਉਂਕਿ ਮੈਂ ਇਕ ਨਿਯਮਿਤ ਪਾਇਨੀਅਰ ਹੁੰਦੀ ਸੀ, ਪਰ ਹੁਣ, ਮੇਰੀਆਂ ਹਾਲਤਾਂ ਦੇ ਕਾਰਨ, ਮੈਂ ਖੇਤਰ ਸੇਵਾ ਵਿਚ ਉੱਨਾ ਨਹੀਂ ਜਾ ਸਕਦੀ ਜਿੰਨਾ ਮੈਂ ਜਾਂਦੀ ਹੁੰਦੀ ਸੀ।” ਇਹ ਭੈਣ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੀ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨਾ ਚਾਹੁੰਦੀ ਹੈ। ਨਾਲ ਹੀ, ਉਹ ਪ੍ਰਚਾਰ ਕੰਮ ਵਿਚ ਹੋਰ ਹਿੱਸਾ ਲੈਣਾ ਚਾਹੁੰਦੀ ਹੈ। “ਮੈਨੂੰ ਸੇਵਕਾਈ ਬਹੁਤ ਪਸੰਦ ਹੈ,” ਉਹ ਵਿਆਖਿਆ ਕਰਦੀ ਹੈ। ਦੂਸਰੇ ਅਰਪਿਤ ਮਸੀਹੀ ਵੀ ਅਜਿਹੀਆਂ ਭਾਵਨਾਵਾਂ ਮਹਿਸੂਸ ਕਰਦੇ ਹਨ ਜਿਨ੍ਹਾਂ ਦਾ ਪਰਮੇਸ਼ੁਰ ਲਈ ਪ੍ਰੇਮ ਉਨ੍ਹਾਂ ਨੂੰ “ਆਪਣੇ ਸਾਰੇ ਮਨ ਨਾਲ” ਯਹੋਵਾਹ ਦੀ ਸੇਵਾ ਕਰਨ ਲਈ ਪ੍ਰੇਰਦਾ ਹੈ।—ਜ਼ਬੂਰ 86:12.

18. (ੳ) ਯਹੋਵਾਹ ਸਾਡੇ ਤੋਂ ਕੀ ਆਸ ਰੱਖਦਾ ਹੈ? (ਅ) ਸਾਨੂੰ ਨਿਰਉਤਸ਼ਾਹਿਤ ਕਿਉਂ ਨਹੀਂ ਹੋਣਾ ਚਾਹੀਦਾ ਹੈ ਜੇਕਰ ਸਾਡੀਆਂ ਹਾਲਤਾਂ ਸਾਨੂੰ ਸੀਮਿਤ ਕਰਨ?

18 ਯਾਦ ਰੱਖੋ ਕਿ ਯਹੋਵਾਹ ਸਾਡੇ ਤੋਂ ਪੂਰਨ-ਪ੍ਰਾਣ ਸੇਵਾ ਦੀ ਆਸ ਰੱਖਦਾ ਹੈ। ਇਸ ਦਾ ਅਰਥ ਹਰੇਕ ਵਿਅਕਤੀ ਲਈ ਵੱਖੋ-ਵੱਖਰਾ ਹੁੰਦਾ ਹੈ। ਕੁਝ ਵਿਅਕਤੀ ਨਿਯਮਿਤ ਪਾਇਨੀਅਰਾਂ ਵਜੋਂ ਸੇਵਾ ਕਰਨ ਲਈ ਆਪਣੇ ਕਾਰੋਬਾਰ ਬਦਲ ਸਕਦੇ ਹਨ। ਅਨੇਕ ਦੂਸਰੇ ਸਹਿਯੋਗੀ ਪਾਇਨੀਅਰਾਂ ਵਜੋਂ, ਕਦੀ-ਕਦਾਈਂ ਜਾਂ ਲਗਾਤਾਰ ਆਪਣਾ ਨਾਂ ਦਰਜ ਕਰਾਉਂਦੇ ਹਨ, ਅਤੇ ਸੇਵਕਾਈ ਵਿਚ ਹਰ ਮਹੀਨੇ 60 ਘੰਟੇ ਬਿਤਾਉਂਦੇ ਹਨ। ਪਰ, ਯਹੋਵਾਹ ਦੇ ਲੋਕਾਂ ਦੀ ਵੱਡੀ ਗਿਣਤੀ, ਪ੍ਰਚਾਰ ਅਤੇ ਸਿੱਖਿਆ ਦੇ ਕੰਮ ਵਿਚ ਕਲੀਸਿਯਾ ਪ੍ਰਕਾਸ਼ਕਾਂ ਵਜੋਂ ਪੂਰੇ ਪ੍ਰਾਣ ਨਾਲ ਲੀਨ ਰਹਿੰਦੀ ਹੈ। ਇਸ ਲਈ ਜੇਕਰ ਤੁਸੀਂ ਵਾਕਈ ਮਾੜੀ ਸਿਹਤ, ਵਧਦੀ ਉਮਰ, ਪਰਿਵਾਰਕ ਜ਼ਿੰਮੇਵਾਰੀਆਂ, ਜਾਂ ਹੋਰ ਹਾਲਤਾਂ ਕਾਰਨ ਸੀਮਿਤ ਹੋ, ਤਾਂ ਹੌਸਲਾ ਨਾ ਹਾਰੋ। ਜਿੰਨਾ ਚਿਰ ਤੁਸੀਂ ਆਪਣੀ ਪੂਰੀ ਹਿੰਮਤ ਦੇ ਅਨੁਸਾਰ ਦਿੰਦੇ ਹੋ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੁਹਾਡੀ ਸੇਵਾ ਬਹੁਮੁੱਲੀ ਹੈ, ਠੀਕ ਜਿਵੇਂ ਪੂਰਣ-ਕਾਲੀ ਸੇਵਕਾਈ ਵਿਚ ਵਿਅਕਤੀਆਂ ਦੀ ਸੇਵਾ ਵੀ ਬਹੁਮੁੱਲੀ ਹੈ!

ਅਸੀਂ ਸਾਰੇ ਹੀ ਪਾਇਨੀਅਰ-ਸਮਾਨ ਮਨੋਬਿਰਤੀ ਦਿਖਾ ਸਕਦੇ ਹਾਂ

19. ਪਾਇਨੀਅਰ-ਸਮਾਨ ਮਨੋਬਿਰਤੀ ਕੀ ਹੈ?

19 ਭਾਵੇਂ ਕਿ ਤੁਸੀਂ ਇਕ ਪਾਇਨੀਅਰ ਵਜੋਂ ਆਪਣਾ ਨਾਂ ਦਰਜ ਨਹੀਂ ਕਰਵਾ ਸਕਦੇ ਹੋ, ਤੁਸੀਂ ਪਾਇਨੀਅਰ-ਸਮਾਨ ਮਨੋਬਿਰਤੀ ਦਿਖਾ ਸਕਦੇ ਹੋ। ਪਾਇਨੀਅਰ-ਸਮਾਨ ਮਨੋਬਿਰਤੀ ਕੀ ਹੈ? ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਜੁਲਾਈ 1988 ਦੇ ਅੰਕ ਨੇ ਕਿਹਾ: “ਇਸ ਨੂੰ ਸ਼ਾਇਦ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਹੁਕਮ ਵੱਲ ਇਕ ਸਕਾਰਾਤਮਕ ਰਵੱਈਆ ਰੱਖਣ, ਲੋਕਾਂ ਪ੍ਰਤੀ ਪ੍ਰੇਮ ਅਤੇ ਰੁਚੀ ਦਿਖਾਉਣ ਵਿਚ ਪੂਰੀ ਤਰ੍ਹਾਂ ਵਚਨਬੱਧ ਹੋਣ, ਆਤਮ-ਬਲੀਦਾਨੀ ਹੋਣ, ਪ੍ਰਭੂ ਦੀ ਧਿਆਨਪੂਰਵਕ ਪੈਰਵੀ ਕਰਨ ਵਿਚ ਆਨੰਦ ਮਾਣਨ, ਅਤੇ ਭੌਤਿਕ ਚੀਜ਼ਾਂ ਦੀ ਬਜਾਇ, ਅਧਿਆਤਮਿਕ ਚੀਜ਼ਾਂ ਵਿਚ ਖ਼ੁਸ਼ੀ ਪ੍ਰਾਪਤ ਕਰਨ ਵਜੋਂ ਵਰਣਿਤ ਕੀਤਾ ਜਾ ਸਕਦਾ ਹੈ।” ਤੁਸੀਂ ਪਾਇਨੀਅਰ-ਸਮਾਨ ਮਨੋਬਿਰਤੀ ਕਿਵੇਂ ਪ੍ਰਗਟ ਕਰ ਸਕਦੇ ਹੋ?

20. ਮਾਪੇ ਪਾਇਨੀਅਰ-ਸਮਾਨ ਮਨੋਬਿਰਤੀ ਕਿਵੇਂ ਦਿਖਾ ਸਕਦੇ ਹਨ?

20 ਜੇਕਰ ਤੁਸੀਂ ਛੋਟੇ ਬੱਚਿਆਂ ਦੀ ਮਾਤਾ ਜਾਂ ਪਿਤਾ ਹੋ, ਤਾਂ ਤੁਸੀਂ ਪੂਰੇ ਦਿਲ ਨਾਲ ਉਨ੍ਹਾਂ ਨੂੰ ਪਾਇਨੀਅਰੀ ਦਾ ਕੈਰੀਅਰ ਅਪਣਾਉਣ ਦੀ ਸਲਾਹ ਦੇ ਸਕਦੇ ਹੋ। ਸੇਵਕਾਈ ਵੱਲ ਤੁਹਾਡਾ ਸਕਾਰਾਤਮਕ ਰਵੱਈਆ ਸ਼ਾਇਦ ਉਨ੍ਹਾਂ ਨੂੰ ਆਪਣੇ ਜੀਵਨਾਂ ਵਿਚ ਯਹੋਵਾਹ ਦੀ ਸੇਵਾ ਨੂੰ ਸਭ ਤੋਂ ਮਹੱਤਵਪੂਰਣ ਚੀਜ਼ ਬਣਾਉਣ ਦੀ ਲੋੜ ਨੂੰ ਸਮਝਣ ਲਈ ਪ੍ਰਭਾਵਿਤ ਕਰੇ। ਤੁਸੀਂ ਪਾਇਨੀਅਰਾਂ ਅਤੇ ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਆਪਣੇ ਘਰ ਸੱਦ ਸਕਦੇ ਹੋ ਤਾਂ ਜੋ ਤੁਹਾਡੇ ਬੱਚੇ ਪੂਰਣ-ਕਾਲੀ ਸੇਵਕਾਈ ਵਿਚ ਆਨੰਦ ਪਾਉਣ ਵਾਲਿਆਂ ਦੀਆਂ ਉਦਾਹਰਣਾਂ ਤੋਂ ਲਾਭ ਉਠਾ ਸਕਣ। (ਤੁਲਨਾ ਕਰੋ ਇਬਰਾਨੀਆਂ 13:7.) ਧਾਰਮਿਕ ਰੂਪ ਵਿਚ ਵਿਭਾਜਿਤ ਘਰਾਣਿਆਂ ਵਿਚ ਵੀ, ਵਿਸ਼ਵਾਸੀ ਮਾਪੇ, ਸ਼ਬਦਾਂ ਅਤੇ ਉਦਾਹਰਣ ਰਾਹੀਂ, ਪੂਰਣ-ਕਾਲੀ ਸੇਵਕਾਈ ਨੂੰ ਜੀਵਨ ਵਿਚ ਇਕ ਟੀਚਾ ਰੱਖਣ ਲਈ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ।—2 ਤਿਮੋਥਿਉਸ 1:5; 3:15.

21. (ੳ) ਅਸੀਂ ਸਾਰੇ ਹੀ ਪਾਇਨੀਅਰੀ ਕਰਨ ਵਾਲਿਆਂ ਨੂੰ ਕਿਵੇਂ ਸਮਰਥਨ ਦੇ ਸਕਦੇ ਹਾਂ? (ਅ) ਪਾਇਨੀਅਰਾਂ ਨੂੰ ਉਤਸ਼ਾਹ ਦੇਣ ਲਈ ਬਜ਼ੁਰਗ ਕੀ ਕਰ ਸਕਦੇ ਹਨ?

21 ਕਲੀਸਿਯਾ ਵਿਚ, ਅਸੀਂ ਸਾਰੇ ਹੀ ਪੂਰੇ ਦਿਲ ਨਾਲ ਪਾਇਨੀਅਰੀ ਕਰਨ ਵਾਲਿਆਂ ਨੂੰ ਸਮਰਥਨ ਦੇ ਸਕਦੇ ਹਾਂ। ਉਦਾਹਰਣ ਲਈ, ਕੀ ਤੁਸੀਂ ਸੇਵਕਾਈ ਵਿਚ ਇਕ ਪਾਇਨੀਅਰ ਦੇ ਨਾਲ ਕੰਮ ਕਰਨ ਲਈ ਉਚੇਚਾ ਜਤਨ ਕਰ ਸਕਦੇ ਹੋ, ਖ਼ਾਸ ਕਰਕੇ ਉਨ੍ਹਾਂ ਸਮਿਆਂ ਤੇ ਜਦੋਂ ਪਾਇਨੀਅਰ ਇਕੱਲਾ ਕੰਮ ਕਰ ਰਿਹਾ ਹੋਵੇ? ਸ਼ਾਇਦ ਤੁਸੀਂ ‘ਦੋਵੇਂ ਧਿਰ ਉਤਸ਼ਾਹ ਪ੍ਰਾਪਤ’ ਕਰੋਗੇ। (ਰੋਮੀਆਂ 1:11, 12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇਕਰ ਤੁਸੀਂ ਇਕ ਬਜ਼ੁਰਗ ਹੋ, ਤਾਂ ਤੁਸੀਂ ਪਾਇਨੀਅਰਾਂ ਨੂੰ ਉਤਸ਼ਾਹ ਦੇਣ ਲਈ ਇਸ ਤੋਂ ਵੀ ਵੱਧ ਕੁਝ ਕਰ ਸਕਦੇ ਹੋ। ਜਦੋਂ ਬਜ਼ੁਰਗਾਂ ਦਾ ਸਮੂਹ ਮਿਲਦਾ ਹੈ, ਤਾਂ ਉਨ੍ਹਾਂ ਨੂੰ ਪਾਇਨੀਅਰਾਂ ਦੀਆਂ ਜ਼ਰੂਰਤਾਂ ਉੱਤੇ ਬਾਕਾਇਦਾ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਇਕ ਪਾਇਨੀਅਰ ਨਿਰਉਤਸ਼ਾਹਿਤ ਹੁੰਦਾ ਹੈ ਜਾਂ ਕੁਝ ਮੁਸ਼ਕਲਾਂ ਅਨੁਭਵ ਕਰ ਰਿਹਾ ਹੁੰਦਾ ਹੈ, ਤਾਂ ਇਹ ਸਲਾਹ ਦੇਣ ਦੀ ਕਾਹਲੀ ਨਾ ਕਰੋ ਕਿ ਉਹ ਪਾਇਨੀਅਰੀ ਕਰਨਾ ਛੱਡ ਦੇਵੇ। ਜਦ ਕਿ ਕੁਝ ਹਾਲਤਾਂ ਵਿਚ ਇਹ ਸਲਾਹ ਦੇਣੀ ਸ਼ਾਇਦ ਜ਼ਰੂਰੀ ਹੋਵੇ, ਪਰੰਤੂ ਇਹ ਨਾ ਭੁੱਲੋ ਕਿ ਪਾਇਨੀਅਰੀ ਕਰਨਾ ਇਕ ਬਹੁਮੁੱਲਾ ਵਿਸ਼ੇਸ਼-ਸਨਮਾਨ ਹੈ ਜੋ ਸ਼ਾਇਦ ਪੂਰਣ-ਕਾਲੀ ਸੇਵਕ ਨੂੰ ਅਤਿ ਪਿਆਰਾ ਹੋਵੇ। ਸ਼ਾਇਦ ਥੋੜ੍ਹੇ-ਬਹੁਤੇ ਹੌਸਲੇ ਅਤੇ ਕੁਝ ਵਿਵਹਾਰਕ ਸਲਾਹਾਂ ਜਾਂ ਸਹਾਇਤਾ ਦੀ ਹੀ ਜ਼ਰੂਰਤ ਹੋਵੇ। ਸਪੇਨ ਵਿਚ ਸੋਸਾਇਟੀ ਦਾ ਸ਼ਾਖਾ ਦਫ਼ਤਰ ਲਿਖਦਾ ਹੈ: “ਜਦੋਂ ਬਜ਼ੁਰਗ ਪਾਇਨੀਅਰੀ ਕਰਨ ਦਾ ਹੌਸਲਾ ਦਿੰਦੇ ਹਨ, ਖੇਤਰ ਸੇਵਕਾਈ ਵਿਚ ਪਾਇਨੀਅਰਾਂ ਦਾ ਸਮਰਥਨ ਕਰਦੇ ਹਨ, ਅਤੇ ਉਨ੍ਹਾਂ ਦੀ ਬਾਕਾਇਦਾ ਰਹਿਨੁਮਾਈ ਕਰਦੇ ਹਨ, ਪਾਇਨੀਅਰ ਜ਼ਿਆਦਾ ਆਨੰਦ ਮਾਣਦੇ ਹਨ, ਉਪਯੋਗੀ ਮਹਿਸੂਸ ਕਰਦੇ ਹਨ, ਅਤੇ ਰੁਕਾਵਟਾਂ ਉੱਠਣ ਦੇ ਬਾਵਜੂਦ ਪਾਇਨੀਅਰੀ ਵਿਚ ਲੱਗੇ ਰਹਿਣਾ ਚਾਹੁੰਦੇ ਹਨ।”

22. ਮਾਨਵੀ ਇਤਿਹਾਸ ਦੇ ਇਸ ਭੈੜੇ ਸਮੇਂ ਵਿਚ, ਸਾਨੂੰ ਕੀ ਕਰਨ ਲਈ ਦ੍ਰਿੜ੍ਹ ਹੋਣਾ ਚਾਹੀਦਾ ਹੈ?

22 ਅਸੀਂ ਮਾਨਵੀ ਇਤਿਹਾਸ ਦੇ ਇਕ ਭੈੜੇ ਸਮੇਂ ਵਿਚ ਜੀ ਰਹੇ ਹਾਂ। ਯਹੋਵਾਹ ਨੇ ਸਾਨੂੰ ਇਕ ਜਾਨ-ਬਚਾਊ ਕੰਮ ਪੂਰਾ ਕਰਨ ਲਈ ਦਿੱਤਾ ਹੈ। (ਰੋਮੀਆਂ 10:13, 14) ਚਾਹੇ ਅਸੀਂ ਇਸ ਕੰਮ ਵਿਚ ਪਾਇਨੀਅਰ ਵਜੋਂ ਪੂਰਣ-ਕਾਲੀ ਹਿੱਸਾ ਲੈ ਸਕਦੇ ਹਾਂ ਜਾਂ ਨਹੀਂ, ਆਓ ਅਸੀਂ ਪਾਇਨੀਅਰ-ਸਮਾਨ ਮਨੋਬਿਰਤੀ ਦਿਖਾਈਏ। ਆਓ ਅਸੀਂ ਤੀਬਰਤਾ ਦਾ ਅਹਿਸਾਸ ਅਤੇ ਆਤਮ-ਬਲੀਦਾਨੀ ਮਨੋਬਿਰਤੀ ਰੱਖੀਏ। ਆਓ ਅਸੀਂ ਯਹੋਵਾਹ ਨੂੰ ਉਹ ਦੇਣ ਲਈ ਦ੍ਰਿੜ੍ਹ ਹੋਈਏ ਜੋ ਉਹ ਸਾਡੇ ਤੋਂ ਮੰਗ ਕਰਦਾ ਹੈ—ਪੂਰਨ-ਪ੍ਰਾਣ ਸੇਵਾ। ਅਤੇ ਆਓ ਅਸੀਂ ਯਾਦ ਰੱਖੀਏ ਕਿ ਜਦੋਂ ਅਸੀਂ ਆਪਣੀ ਹਿੰਮਤ ਅਨੁਸਾਰ ਸਭ ਕੁਝ ਦਿੰਦੇ ਹਾਂ, ਚਾਹੇ ਇਹ ਵਿਧਵਾ ਦੇ ਛੋਟੇ ਸਿੱਕਿਆਂ ਸਮਾਨ ਹੋਵੇ ਜਾਂ ਮਰਿਯਮ ਦੇ ਮਹਿੰਗੇ ਤੇਲ ਸਮਾਨ, ਇਹ ਸਾਡੀ ਸੇਵਾ ਪੂਰਨ-ਪ੍ਰਾਣ ਹੁੰਦੀ ਹੈ, ਅਤੇ ਯਹੋਵਾਹ ਸਾਡੀ ਪੂਰਨ-ਪ੍ਰਾਣ ਸੇਵਾ ਨੂੰ ਬਹੁਮੁੱਲੀ ਸਮਝਦਾ ਹੈ!

ਕੀ ਤੁਹਾਨੂੰ ਯਾਦ ਹੈ?

◻ ਪੂਰਣ-ਕਾਲੀ ਸੇਵਕਾਈ ਸੰਤੁਸ਼ਟਤਾ ਅਤੇ ਆਨੰਦ ਦੀਆਂ ਭਾਵਨਾਵਾਂ ਕਿਉਂ ਲਿਆਉਂਦੀ ਹੈ?

◻ ਤਜਰਬੇ ਤੋਂ, ਅਨੇਕ ਪਾਇਨੀਅਰ ਦੇਖ-ਭਾਲ ਕਰਨ ਦੀ ਯਹੋਵਾਹ ਦੀ ਯੋਗਤਾ ਬਾਰੇ ਕੀ ਜਾਣਦੇ ਹਨ?

◻ ਪਾਇਨੀਅਰਾਂ ਅਨੁਸਾਰ, ਉਨ੍ਹਾਂ ਦੀ ਸੇਵਕਾਈ ਯਹੋਵਾਹ ਨਾਲ ਉਨ੍ਹਾਂ ਦੇ ਰਿਸ਼ਤੇ ਉੱਤੇ ਕਿਹੜੇ ਪ੍ਰਭਾਵ ਪਾਉਂਦੀ ਹੈ?

◻ ਤੁਸੀਂ ਪਾਇਨੀਅਰ-ਸਮਾਨ ਮਨੋਬਿਰਤੀ ਕਿਵੇਂ ਦਿਖਾ ਸਕਦੇ ਹੋ?

[ਸਫ਼ੇ 25 ਉੱਤੇ ਤਸਵੀਰ]

ਪਾਇਨੀਅਰ ਚੇਲੇ ਬਣਾਉਣ ਦੇ ਕੰਮ ਤੋਂ ਵੱਡਾ ਆਨੰਦ ਹਾਸਲ ਕਰਦੇ ਹਨ

[ਸਫ਼ੇ 25 ਉੱਤੇ ਤਸਵੀਰ]

ਤੁਹਾਡੇ ਬੱਚੇ ਪੂਰਣ-ਕਾਲੀ ਰਾਜ ਘੋਸ਼ਕਾਂ ਨਾਲ ਸੰਗਤ ਰੱਖਣ ਤੋਂ ਲਾਭ ਹਾਸਲ ਕਰ ਸਕਦੇ ਹਨ

[ਸਫ਼ੇ 25 ਉੱਤੇ ਤਸਵੀਰ]

ਖੇਤਰ ਸੇਵਕਾਈ ਵਿਚ ਬਜ਼ੁਰਗ ਪਾਇਨੀਅਰਾਂ ਨੂੰ ਉਤਸ਼ਾਹ ਦੇ ਸਕਦੇ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ