ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/15 ਸਫ਼ੇ 3-8
  • ਪ੍ਰਬੰਧਕ ਸਭਾ ਵੱਲੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਵੱਲੋਂ ਚਿੱਠੀ
  • ਸਾਡੀ ਰਾਜ ਸੇਵਕਾਈ—2015
ਸਾਡੀ ਰਾਜ ਸੇਵਕਾਈ—2015
km 6/15 ਸਫ਼ੇ 3-8

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪਿਆਰੇ ਭੈਣੋ-ਭਰਾਵੋ:

“ਅਸੀਂ ਪ੍ਰਾਰਥਨਾ ਕਰਨ ਵੇਲੇ ਹਮੇਸ਼ਾ ਤੁਹਾਡਾ ਸਾਰਿਆਂ ਦਾ ਜ਼ਿਕਰ ਕਰਦਿਆਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਪਿਤਾ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਮੇਸ਼ਾ ਉਨ੍ਹਾਂ ਕੰਮਾਂ ਨੂੰ ਯਾਦ ਰੱਖਦੇ ਹਾਂ ਜਿਹੜੇ ਤੁਸੀਂ ਨਿਹਚਾ ਅਤੇ ਪਿਆਰ ਕਰਨ ਕਰਕੇ ਕੀਤੇ ਹਨ। ਸਾਨੂੰ ਇਹ ਵੀ ਯਾਦ ਹੈ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਉੱਤੇ ਉਮੀਦ ਕਰਨ ਕਰਕੇ ਧੀਰਜ ਰੱਖਿਆ ਹੈ।” (1 ਥੱਸ. 1:2, 3) ਇਹ ਸ਼ਬਦ ਸਾਡੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਹਨ ਕਿ ਅਸੀਂ ਤੁਹਾਡੇ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ! ਅਸੀਂ ਤੁਹਾਡੇ ਅਤੇ ਤੁਹਾਡੇ ਵੱਲੋਂ ਕੀਤੇ ਚੰਗੇ ਕੰਮਾਂ ਲਈ ਯਹੋਵਾਹ ਦਾ ਧੰਨਵਾਦ ਕਰਦੇ ਹਾਂ। ਕਿਉਂ?

ਪਿਛਲੇ ਸਾਲ ਦੌਰਾਨ ਤੁਸੀਂ “ਨਿਹਚਾ ਅਤੇ ਪਿਆਰ” ਨਾਲ ਰਾਜ ਦੇ ਕੰਮਾਂ ਵਿਚ ਰੁੱਝੇ ਰਹੇ ਹੋ। ਬਹੁਤ ਸਾਰਿਆਂ ਨੇ ਵਧ-ਚੜ੍ਹ ਕੇ ਪ੍ਰਚਾਰ ਵਿਚ ਹਿੱਸਾ ਲਿਆ ਹੈ। ਕੁਝ ਉਨ੍ਹਾਂ ਇਲਾਕਿਆਂ ਵਿਚ ਗਏ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਕਈਆਂ ਨੇ ਹੋਰ ਦੇਸ਼ਾਂ ਵਿਚ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਕਈਆਂ ਨੇ ਪਬਲਿਕ ਥਾਵਾਂ ʼਤੇ ਵੀ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਬਿਤਾਇਆ ਹੈ। ਬਹੁਤ ਸਾਰੇ ਮੈਮੋਰੀਅਲ ਦੇ ਮਹੀਨਿਆਂ, ਸਰਕਟ ਓਵਰਸੀਅਰ ਦੀ ਵਿਜ਼ਿਟ ਜਾਂ ਅਗਸਤ 2014 ਵਿਚ ਹੋਈ ਖ਼ਾਸ ਮੁਹਿੰਮ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਪ੍ਰੇਰਿਤ ਹੋਏ ਸਨ। ਭਾਵੇਂ ਕਿ ਸਾਰਿਆਂ ਦੇ ਹਾਲਾਤ ਵੱਖੋ-ਵੱਖਰੇ ਹਨ, ਅਸੀਂ ਦੇਖਿਆ ਹੈ ਕਿ ਤੁਸੀਂ ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਰ ਰਹੇ ਹੋ ਜਿਸ ਕਰਕੇ ਅਸੀਂ ਤੁਹਾਡੀ ਸ਼ਲਾਘਾ ਕਰਦੇ ਹਾਂ। (ਕੁਲੁ. 3:23, 24) ਤੁਹਾਡੇ ‘ਨਿਹਚਾ ਨਾਲ ਕੀਤੇ’ ਕੰਮਾਂ ਕਾਰਨ ਅਸੀਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ!

ਇਸ ਦੇ ਨਾਲ-ਨਾਲ ਅਸੀਂ ਤੁਹਾਡੀ ‘ਪਿਆਰ ਨਾਲ ਕੀਤੀ’ ਉਸ ਮਿਹਨਤ ਦੀ ਬਹੁਤ ਕਦਰ ਕਰਦੇ ਹਾਂ ਜੋ ਤੁਸੀਂ ਦੁਨੀਆਂ ਭਰ ਵਿਚ ਹੋ ਰਹੇ ਉਸਾਰੀ ਦੇ ਕੰਮਾਂ ਵਿਚ ਲਗਾ ਰਹੇ ਹੋ। ਸਾਨੂੰ ਅਜਿਹੀਆਂ ਬਿਲਡਿੰਗਾਂ ਦੀ ਸਖ਼ਤ ਲੋੜ ਹੈ ਕਿਉਂਕਿ ਯਹੋਵਾਹ ਦੇ ਲੋਕਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। (ਯਸਾ. 60:22) ਜ਼ਰਾ ਸੋਚੋ ਕਿ ਪਿਛਲੇ ਸਾਲ ਪਬਲੀਸ਼ਰਾਂ ਦੀ ਗਿਣਤੀ 82,01,545 ਹੋ ਗਈ ਜੋ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਜਦਕਿ ਹਰ ਮਹੀਨੇ ਔਸਤਨ 94,99,933 ਬਾਈਬਲ ਸਟੱਡੀਆਂ ਕਰਾਈਆਂ ਗਈਆਂ। ਨਤੀਜੇ ਵਜੋਂ, ਕਈ ਬ੍ਰਾਂਚ ਆਫ਼ਿਸਾਂ ਨੂੰ ਜਾਂ ਤਾਂ ਵੱਡਾ ਕਰਨ ਜਾਂ ਉਨ੍ਹਾਂ ਦੀ ਮੁਰੰਮਤ ਕਰਨ ਦੀ ਲੋੜ ਪੈ ਰਹੀ ਹੈ। ਹਾਂ, ਇਸ ਦਾ ਇਹ ਵੀ ਮਤਲਬ ਹੈ ਕਿ ਸਾਨੂੰ ਹੋਰ ਕਿੰਗਡਮ ਹਾਲਾਂ ਦੀ ਵੀ ਲੋੜ ਹੈ! ਨਾਲੇ ਦੁਨੀਆਂ ਦੇ ਬਹੁਤ ਸਾਰੇ ਥਾਵਾਂ ਤੇ ਰਿਮੋਟ ਟ੍ਰਾਂਸਲੇਸ਼ਨ ਆਫ਼ਿਸਾਂ ਦੀ ਸਖ਼ਤ ਜ਼ਰੂਰਤ ਹੈ ਤਾਂਕਿ ਅਨੁਵਾਦਕ ਉੱਥੇ ਰਹਿ ਕੇ ਕੰਮ ਕਰ ਸਕਣ ਜਿੱਥੇ ਉਨ੍ਹਾਂ ਦੀ ਭਾਸ਼ਾ ਬੋਲੀ ਜਾਂਦੀ ਹੈ।

ਇਸ ਲਈ ਸਾਨੂੰ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ: ‘ਮੈਂ ਇਨ੍ਹਾਂ ਉਸਾਰੀ ਪ੍ਰਾਜੈਕਟਾਂ ਵਿਚ ਮਦਦ ਦੇਣ ਲਈ ਕੀ ਕਰ ਸਕਦਾ ਹਾਂ?’ ਸਾਡੇ ਵਿੱਚੋਂ ਸ਼ਾਇਦ ਕਈ ਭੈਣ-ਭਰਾ ਵਲੰਟੀਅਰਾਂ ਵਜੋਂ ਮਦਦ ਦੇ ਸਕਦੇ ਹਨ। ਭਾਵੇਂ ਸਾਨੂੰ ਉਸਾਰੀ ਦਾ ਕੰਮ ਕਰਨਾ ਆਉਂਦਾ ਹੈ ਜਾਂ ਨਹੀਂ, ਪਰ ਅਸੀਂ ਇਨ੍ਹਾਂ ਜ਼ਰੂਰੀ ਪ੍ਰਾਜੈਕਟਾਂ ਲਈ ਆਪਣੀਆਂ ਕੀਮਤੀ ਚੀਜ਼ਾਂ ਵਿੱਚੋਂ ਕੁਝ-ਨਾ-ਕੁਝ ਯੋਗਦਾਨ ਪਾ ਸਕਦੇ ਹਾਂ। (ਕਹਾ. 3:9, 10) ਡੇਰਾ ਬਣਾਉਣ ਵੇਲੇ ਇਜ਼ਰਾਈਲੀਆਂ ਨੇ ਇੰਨਾ ਦਾਨ ਦਿੱਤਾ ਕਿ ਘੋਸ਼ਣਾ ਸੁਣਾਈ ਗਈ ਕਿ ਉਹ ਹੋਰ ਕੁਝ ਨਾ ਲਿਆਉਣ। (ਕੂਚ 36:5-7) ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਦੀਆਂ ਇਹ ਮਿਸਾਲਾਂ ਸਾਡੇ ਦਿਲ ਨੂੰ ਛੋਹ ਕੇ ਸਾਨੂੰ ਪ੍ਰੇਰਿਤ ਕਰਦੀਆਂ ਹਨ। ਤੁਹਾਡੇ ‘ਪਿਆਰ ਨਾਲ ਕੀਤੇ’ ਭਗਤੀ ਦੇ ਇਨ੍ਹਾਂ ਕੰਮਾਂ ਕਾਰਨ ਅਸੀਂ ਫਿਰ ਤੋਂ ਯਹੋਵਾਹ ਦਾ ਸ਼ੁਕਰਗੁਜ਼ਾਰ ਕਰਦੇ ਹਾਂ!

ਜਦੋਂ ਸਾਡੇ ਭਰਾ ਵਫ਼ਾਦਾਰ ਰਹਿੰਦੇ ਹਨ, ਤਾਂ ਇਹ ਸਾਡੇ ਖ਼ੁਸ਼ ਹੋਣ ਦਾ ਖ਼ਾਸ ਕਾਰਨ ਹੁੰਦਾ ਹੈ। ਮਿਸਾਲ ਲਈ, ਦੱਖਣੀ ਕੋਰੀਆ ਦੇ ਸਾਡੇ ਪਿਆਰੇ ਭਰਾਵਾਂ ਬਾਰੇ ਸੋਚੋ। 1950 ਤੋਂ ਲੈ ਕੇ ਉਸ ਦੇਸ਼ ਦੇ ਨੌਜਵਾਨ ਭਰਾਵਾਂ ਨੂੰ ਜੇਲ੍ਹ ਵਿਚ ਸੁੱਟਿਆ ਗਿਆ। ਕਈਆਂ ਨੂੰ ਥੋੜ੍ਹੇ ਸਮੇਂ ਲਈ ਤੇ ਕਈਆਂ ਨੂੰ ਲੰਬੇ ਸਮੇਂ ਲਈ ਜੇਲ੍ਹ ਵਿਚ ਰੱਖਿਆ ਗਿਆ ਕਿਉਂਕਿ ਉਨ੍ਹਾਂ ਨੇ ਲੜਾਈਆਂ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਸੀ। ਸਾਡੇ ਭਰਾ ਬਿਨਾਂ ਡਗਮਗਾਏ ਸਾਲਾਂ ਤੋਂ ਇਹ ਸਲੂਕ ਸਹਿੰਦੇ ਆਏ ਹਨ। ਵਾਕਈ, ਉਨ੍ਹਾਂ ਦੀ ਵਫ਼ਾਦਾਰੀ ਤੋਂ ਸਾਡੀ ਨਿਹਚਾ ਪੱਕੀ ਹੁੰਦੀ ਹੈ!

ਐਰੀਟ੍ਰੀਆ ਵਿਚ ਸਾਡੇ ਤਿੰਨ ਭਰਾਵਾਂ ਨੂੰ 20 ਤੋਂ ਜ਼ਿਆਦਾ ਸਾਲਾਂ ਤੋਂ ਕੈਦ ਕੀਤਾ ਗਿਆ ਹੈ। ਕਈ ਹੋਰ ਭਰਾਵਾਂ ਦੇ ਨਾਲ-ਨਾਲ ਕੁਝ ਭੈਣਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਥੋੜ੍ਹੇ ਸਮੇਂ ਲਈ ਜੇਲ੍ਹ ਵਿਚ ਸੁੱਟਿਆ ਗਿਆ ਸੀ। ਉਨ੍ਹਾਂ ਨੂੰ ਆਜ਼ਾਦ ਕਰਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਹਾਲੇ ਤਕ ਕੋਈ ਕਾਮਯਾਬੀ ਹਾਸਲ ਨਹੀਂ ਹੋਈ। ਫਿਰ ਵੀ ਸਾਡੇ ਭਰਾਵਾਂ ਨੇ ਸਮਝੌਤਾ ਨਹੀਂ ਕੀਤਾ। ਔਖੇ ਹਾਲਾਤਾਂ ਵਿਚ ਵੀ ਉਨ੍ਹਾਂ ਨੇ ਆਪਣੀ ਵਫ਼ਾਦਾਰੀ ਕਾਇਮ ਰੱਖੀ ਹੈ। ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਇਨ੍ਹਾਂ ਵਫ਼ਾਦਾਰ ਭਰਾਵਾਂ ਦਾ ਜ਼ਿਕਰ ਕਰਨਾ ਕਦੇ ਨਹੀਂ ਭੁੱਲਦੇ।​—ਰੋਮੀ. 1:8, 9.

ਇਹ ਸੱਚ ਹੈ ਕਿ ਤੁਹਾਡੇ ਵਿੱਚੋਂ ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੇ ਵਿਸ਼ਵਾਸਾਂ ਕਰਕੇ ਜੇਲ੍ਹ ਨਹੀਂ ਹੋਈ ਹੈ। ਫਿਰ ਵੀ ਤੁਹਾਡੇ ਵਿੱਚੋਂ ਬਹੁਤ ਸਾਰੇ ਵਧਦੀ ਉਮਰ, ਗੰਭੀਰ ਸਿਹਤ ਸਮੱਸਿਆਵਾਂ, ਯਹੋਵਾਹ ਨੂੰ ਨਾ ਮੰਨਣ ਵਾਲੇ ਜੀਵਨ ਸਾਥੀ ਜਾਂ ਰਿਸ਼ਤੇਦਾਰਾਂ ਵੱਲੋਂ ਵਿਰੋਧ ਜਾਂ ਹੋਰ ਚੁਣੌਤੀਆਂ ਦਾ ਸਾਮ੍ਹਣਾ ਕਰ ਰਹੇ ਹਨ ਜਿਨ੍ਹਾਂ ਬਾਰੇ ਤੁਹਾਡੇ ਤੋਂ ਸਿਵਾਇ ਹੋਰ ਕਿਸੇ ਨੂੰ ਨਹੀਂ ਪਤਾ। ਇਸ ਦੇ ਬਾਵਜੂਦ, ਤੁਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹੋ। (ਯਾਕੂ. 1:12) ਅਸੀਂ ਤੁਹਾਡੀ ਤਾਰੀਫ਼ ਕਰਦੇ ਹਾਂ। ਤੁਹਾਡੇ ਧੀਰਜ ਕਾਰਨ ਅਸੀਂ ਯਹੋਵਾਹ ਦਾ ਫਿਰ ਤੋਂ ਧੰਨਵਾਦ ਕਰਦੇ ਹਾਂ।

ਜੀ ਹਾਂ, ਅਸੀਂ ਤੁਹਾਡੇ ਵਫ਼ਾਦਾਰੀ ਅਤੇ ਪਿਆਰ ਨਾਲ ਕੀਤੇ ਕੰਮਾਂ ਦੇ ਨਾਲ-ਨਾਲ ਤੁਹਾਡੇ ਧੀਰਜ ਲਈ ‘ਯਹੋਵਾਹ ਦਾ ਧੰਨਵਾਦ ਕਰਦੇ ਹਾਂ ਭਈ ਉਹ ਭਲਾ ਹੈ।’ (ਜ਼ਬੂ. 106:1) ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਯਹੋਵਾਹ ਨੂੰ ਦੁਆ ਕਰਦੇ ਹਾਂ ਕਿ ਉਹ ਤੁਹਾਨੂੰ ਤਾਕਤ ਤੇ ਹੌਸਲਾ ਦੇਣ ਦੇ ਨਾਲ-ਨਾਲ ਤੁਹਾਡੇ ʼਤੇ ਬਰਕਤਾਂ ਵਰਸਾਵੇ ਤਾਂਕਿ ਤੁਸੀਂ ਹਮੇਸ਼ਾ-ਹਮੇਸ਼ਾ ਉਸ ਦੀ ਸੇਵਾ ਕਰਦੇ ਰਹੋ।

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ

[ਸਫ਼ੇ 3-7 ਉੱਤੇ ਚਾਰਟ]

(ਪੂਰੀ ਤਰ੍ਹਾਂ ਫਾਰਮੈਟ ਕੀਤੇ ਹੋਏ ਟੈਕਸਟ ਲਈ ਪ੍ਰਕਾਸ਼ਨ ਦੇਖੋ)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ