ਕੀ ਤੁਹਾਡੇ ਬੱਚੇ ਤਿਆਰ ਹਨ?
1. ਸਕੂਲ ਜਾਂਦੇ ਬੱਚਿਆਂ ਨੂੰ ਤਿਆਰ ਰਹਿਣ ਦੀ ਕਿਉਂ ਲੋੜ ਹੈ?
1 ਬਿਨਾਂ ਸ਼ੱਕ ਤੁਹਾਡੇ ਬੱਚਿਆਂ ਨੂੰ ਸਕੂਲ ਵਿਚ ਬਹੁਤ ਸਾਰੀਆਂ ਚੁਣੌਤੀਆਂ ਅਤੇ ਦਬਾਅ ਆਉਂਦੇ ਹਨ। ਉਨ੍ਹਾਂ ਨੂੰ “ਸੱਚਾਈ ਬਾਰੇ ਗਵਾਹੀ” ਦੇਣ ਦੇ ਕਈ ਮੌਕੇ ਵੀ ਮਿਲਦੇ ਹਨ। (ਯੂਹੰ. 18:37) ਕੀ ਉਹ ਇਸ ਵਾਸਤੇ ਤਿਆਰ ਹਨ?
2. ਤਿਆਰ ਰਹਿਣ ਲਈ ਤੁਹਾਡੇ ਬੱਚਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ?
2 ਕੀ ਤੁਹਾਡੇ ਬੱਚੇ ਚੰਗੀ ਤਰ੍ਹਾਂ ਸਮਝਦੇ ਹਨ ਕਿ ਦੇਸ਼-ਭਗਤੀ ਦੇ ਕੰਮ ਕਰਨ ਅਤੇ ਤਿਉਹਾਰਾਂ ਨੂੰ ਮਨਾਉਣ ਵਿਚ ਕੀ ਕੁਝ ਸ਼ਾਮਲ ਹੈ ਅਤੇ ਇਨ੍ਹਾਂ ਵਿਚ ਹਿੱਸਾ ਲੈਣਾ ਗ਼ਲਤ ਕਿਉਂ ਹੈ? ਜਦੋਂ ਉਨ੍ਹਾਂ ਉੱਤੇ ਉੱਚ-ਸਿੱਖਿਆ ਹਾਸਲ ਕਰਨ, ਡੇਟਿੰਗ ਕਰਨ ਅਤੇ ਸ਼ਰਾਬ ਪੀਣ ਜਾਂ ਨਸ਼ੇ ਕਰਨ ਦੇ ਦਬਾਅ ਆਉਣਗੇ, ਤਾਂ ਕੀ ਉਹ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਣਗੇ? ਕੀ ਉਹ ਸਿਰਫ਼ ਇੰਨਾ ਹੀ ਕਹਿਣਗੇ ਕਿ ਇਹ ਕੰਮ ਕਰਨਾ ਸਾਡੇ ਧਰਮ ਦੇ ਖ਼ਿਲਾਫ਼ ਹੈ ਜਾਂ ਫਿਰ ਕੀ ਉਹ ਆਪਣੇ ਵਿਸ਼ਵਾਸਾਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਜਾਣਦੇ ਹਨ?—1 ਪਤ. 3:15.
3. ਆਪਣੇ ਬੱਚਿਆਂ ਨੂੰ ਤਿਆਰ ਕਰਨ ਲਈ ਮਾਪੇ ਪਰਿਵਾਰਕ ਸਟੱਡੀ ਨੂੰ ਕਿਵੇਂ ਵਰਤ ਸਕਦੇ ਹਨ?
3 ਪਰਿਵਾਰਕ ਸਟੱਡੀ ਵਿਚ ਚਰਚਾ ਕਰੋ: ਤੁਸੀਂ ਸਾਰਾ ਸਾਲ ਲੋੜ ਪੈਣ ਤੇ ਵੱਖੋ-ਵੱਖਰੀਆਂ ਮੁਸ਼ਕਲਾਂ ਬਾਰੇ ਆਪਣੇ ਬੱਚਿਆਂ ਨਾਲ ਚਰਚਾ ਕਰਦੇ ਹੋ। ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਸਕੂਲ ਸੰਬੰਧੀ ਮਾਮਲਿਆਂ ਬਾਰੇ ਗੱਲ ਕਰਨ ਲਈ ਖ਼ਾਸ ਕੋਸ਼ਿਸ਼ ਕਰਦੇ ਹੋ, ਤਾਂ ਬੱਚਿਆਂ ਦਾ ਆਤਮ-ਵਿਸ਼ਵਾਸ ਵਧੇਗਾ। ਕਿਉਂ ਨਾ ਕਦੇ-ਕਦੇ ਪਰਿਵਾਰਕ ਸਟੱਡੀ ਵਿਚ ਇਸ ਬਾਰੇ ਗੱਲ ਕਰੋ? ਤੁਸੀਂ ਆਪਣੇ ਬੱਚਿਆਂ ਨੂੰ ਪੁੱਛ ਸਕਦੇ ਹੋ ਕਿ ਜਦੋਂ ਉਹ ਸਕੂਲ ਜਾਣ ਬਾਰੇ ਸੋਚਦੇ ਹਨ, ਤਾਂ ਕਿਹੜੀ ਗੱਲ ਕਰਕੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਹੈ। ਤੁਸੀਂ ਪਿਛਲੇ ਕੁਝ ਸਾਲਾਂ ਵਿਚ ਜਿਹੜੀਆਂ ਕੁਝ ਗੱਲਾਂ ʼਤੇ ਚਰਚਾ ਕੀਤੀ ਸੀ, ਉਨ੍ਹਾਂ ʼਤੇ ਤੁਸੀਂ ਦੁਬਾਰਾ ਚਰਚਾ ਕਰ ਸਕਦੇ ਹੋ ਕਿਉਂਕਿ ਹੁਣ ਤੁਹਾਡੇ ਬੱਚੇ ਵੱਡੇ ਤੇ ਸਮਝਦਾਰ ਹੋ ਗਏ ਹਨ। (ਜ਼ਬੂ. 119:95) ਤੁਸੀਂ ਪ੍ਰੈਕਟਿਸ ਸੈਸ਼ਨ ਰੱਖ ਸਕਦੇ ਹੋ ਜਿਨ੍ਹਾਂ ਵਿਚ ਤੁਸੀਂ ਅਧਿਆਪਕ, ਨਾਲ ਪੜ੍ਹਨ ਵਾਲਾ ਵਿਦਿਆਰਥੀ ਜਾਂ ਸਲਾਹਕਾਰ ਬਣ ਸਕਦੇ ਹੋ ਜੋ ਉੱਚ-ਸਿੱਖਿਆ ਲੈਣ ਜਾਂ ਨੌਕਰੀ ਲਈ ਤਿਆਰੀ ਕਰਨ ਦਾ ਸੁਝਾਅ ਦਿੰਦਾ ਹੈ। ਆਪਣੇ ਬੱਚਿਆਂ ਨੂੰ ਸਿਖਾਓ ਕਿ ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਹਨ ਅਤੇ ਨੌਜਵਾਨਾਂ ਦੇ ਸਵਾਲ (ਹਿੰਦੀ) ਕਿਤਾਬ ਕਿਵੇਂ ਵਰਤਣੀ ਹੈ। ਇਕ ਮਾਂ ਆਪਣੇ ਬੱਚਿਆਂ ਨੂੰ ਪ੍ਰੈਕਟਿਸ ਸੈਸ਼ਨ ਵਿਚ ਸਿਖਾਉਂਦੀ ਹੈ ਕਿ ਹਰ ਸਾਲ ਨਵੀਂ ਕਲਾਸ ਵਿਚ ਬੱਚਿਆਂ ਨੇ ਆਪਣੇ ਨਵੇਂ ਅਧਿਆਪਕਾਂ ਨਾਲ ਕਿਵੇਂ ਗੱਲ ਕਰਨੀ ਅਤੇ ਉਨ੍ਹਾਂ ਨੂੰ ਦੱਸਣਾ ਹੈ ਕਿ ਉਹ ਯਹੋਵਾਹ ਦੇ ਗਵਾਹ ਹਨ।—ਪਹਿਰਾਬੁਰਜ, 15 ਦਸੰਬਰ 2010, ਸਫ਼ੇ 3-5 ਦੇਖੋ।
4. ਸਮਝਦਾਰ ਮਾਪੇ ਕੀ ਕਰਨਗੇ?
4 ਇਨ੍ਹਾਂ ਅੰਤ ਦੇ ਦਿਨਾਂ ਵਿਚ ਮਸੀਹੀ ਨੌਜਵਾਨਾਂ ਲਈ ਚੁਣੌਤੀਆਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (2 ਤਿਮੋ. 3:1) ਸਮਝਦਾਰ ਮਾਪੇ ਪਹਿਲਾਂ ਤੋਂ ਹੀ ਆਪਣੇ ਬੱਚਿਆਂ ਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕਰ ਸਕਦੇ ਹਨ। (ਕਹਾ. 22:3) ਆਪਣੇ ਬੱਚਿਆਂ ਨੂੰ ਤਿਆਰ ਕਰਨ ਲਈ ਪੂਰੀ ਵਾਹ ਲਾਓ।