ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr16 ਸਤੰਬਰ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2016
  • ਸਿਰਲੇਖ
  • 5-11 ਸਤੰਬਰ
  • 12-18 ਸਤੰਬਰ
  • 19-25 ਸਤੰਬਰ
  • 26 ਸਤੰਬਰ–2 ਅਕਤੂਬਰ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2016
mwbr16 ਸਤੰਬਰ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

5-11 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰਾਂ 119

“ਯਹੋਵਾਹ ਦੀ ਬਿਵਸਥਾ ਉੱਤੇ ਚੱਲੋ”

(ਜ਼ਬੂਰ 119:1-8) ਧੰਨ ਓਹ ਹਨ ਜਿਹੜੇ ਪਰਮ ਚਾਲ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਉੱਤੇ ਚੱਲਦੇ ਹਨ! 2 ਧੰਨ ਓਹ ਹਨ ਜਿਹੜੇ ਉਹ ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਮਨੋਂ ਤਨੋਂ ਉਹ ਨੂੰ ਭਾਲਦੇ ਹਨ! 3 ਓਹ ਤਾਂ ਬਦੀ ਨਹੀਂ ਕਰਦੇ, ਓਹ ਉਸ ਦੇ ਰਾਹਾਂ ਵਿੱਚ ਚੱਲਦੇ ਹਨ। 4 ਤੈਂ ਸਾਨੂੰ ਆਪਣੇ ਫ਼ਰਮਾਨਾਂ ਦਾ ਹੁਕਮ ਦਿੱਤਾ, ਭਈ ਅਸੀਂ ਮਨ ਲਾ ਕੇ ਉਨ੍ਹਾਂ ਦੀ ਪਾਲਨਾ ਕਰੀਏ। 5 ਕਾਸ਼ ਕਿ ਮੇਰੀ ਚਾਲ ਤੇਰੀਆਂ ਬਿਧੀਆਂ ਦੀ ਪਾਲਨਾ ਕਰਨ ਲਈ ਪੱਕੀ ਹੋਵੇ! 6 ਜਦ ਮੈਂ ਤੇਰੇ ਸਾਰੇ ਹੁਕਮਾਂ ਉੱਤੇ ਗੌਹ ਕਰਾਂਗਾ, ਤਦ ਮੈਂ ਲੱਜਿਆਵਾਨ ਨਾ ਹੋਵਾਂਗਾ। 7 ਜਦ ਮੈਂ ਤੇਰੀਆਂ ਸੱਚਿਆਂ ਨਿਆਵਾਂ ਨੂੰ ਸਿੱਖ ਲਵਾਂਗਾ, ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ। 8 ਮੈਂ ਤੇਰੀਆਂ ਬਿਧੀਆਂ ਦੀ ਪਾਲਨਾ ਕਰਾਂਗਾ, ਤੂੰ ਮੈਨੂੰ ਮੂਲੋਂ ਹੀ ਤਿਆਗ ਨਾ ਦੇਹ!

w05 4/15 10 ਪੈਰੇ 3-4

ਯਹੋਵਾਹ ਦੇ ਬਚਨ ਉੱਤੇ ਭਰੋਸਾ ਰੱਖੋ

ਯਹੋਵਾਹ ਦੇ ਕਹੇ ਤੇ ਚੱਲ ਕੇ ਸੁਖ ਪਾਓ

3 ਅਸਲੀ ਸੁਖ ਪਰਮੇਸ਼ੁਰ ਦੇ ਕਹੇ ਤੇ ਚੱਲ ਕੇ ਮਿਲਦਾ ਹੈ। (ਜ਼ਬੂਰਾਂ ਦੀ ਪੋਥੀ 119:1-8) ਜੇ ਅਸੀਂ ਇਸ ਰਾਹ ਚੱਲਾਂਗੇ, ਤਾਂ ਯਹੋਵਾਹ ਸਮਝੇਗਾ ਕਿ ਅਸੀਂ “ਪਰਮ ਚਾਲ” ਚੱਲ ਰਹੇ ਹਾਂ। (ਜ਼ਬੂਰਾਂ ਦੀ ਪੋਥੀ 119:1) ਪਰਮ ਚਾਲ ਚੱਲਣ ਦਾ ਇਹ ਮਤਲਬ ਨਹੀਂ ਕਿ ਅਸੀਂ ਕੋਈ ਗ਼ਲਤੀ ਨਹੀਂ ਕਰਾਂਗੇ, ਪਰ ਇਸ ਤੋਂ ਪਤਾ ਲੱਗੇਗਾ ਕਿ ਅਸੀਂ ਯਹੋਵਾਹ ਪਰਮੇਸ਼ੁਰ ਦੀ ਮਰਜ਼ੀ ਤੇ ਚੱਲਣ ਦੀ ਦਿਲੋਂ-ਜਾਨ ਨਾਲ ਕੋਸ਼ਿਸ਼ ਕਰਦੇ ਹਾਂ। ਮਿਸਾਲ ਲਈ, ‘ਨੂਹ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਉਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।’ ਪਰਮੇਸ਼ੁਰ ਦਾ ਉਹ ਵਫ਼ਾਦਾਰ ਬੰਦਾ ਆਪਣੇ ਪਰਿਵਾਰ ਸਣੇ ਜਲ-ਪਰਲੋ ਵਿੱਚੋਂ ਬਚ ਨਿਕਲਿਆ ਸੀ ਕਿਉਂਕਿ ਉਸ ਨੇ “ਪਰਮ ਚਾਲ” ਚੱਲ ਕੇ ਆਪਣੀ ਜ਼ਿੰਦਗੀ ਵਿਚ ਉਹ ਕੀਤਾ ਜੋ ਯਹੋਵਾਹ ਨੇ ਕਿਹਾ ਸੀ। (ਉਤਪਤ 6:9; 1 ਪਤਰਸ 3:20) ਇਸੇ ਤਰ੍ਹਾਂ ਇਸ ਦੁਨੀਆਂ ਦੇ ਅੰਤ ਵਿੱਚੋਂ ਬਚ ਨਿਕਲਣ ਲਈ ਜ਼ਰੂਰੀ ਹੈ ਕਿ ਅਸੀਂ ਵੀ ‘ਮਨ ਲਾ ਕੇ ਪਰਮੇਸ਼ੁਰ ਦੇ ਫ਼ਰਮਾਨਾਂ ਦੀ ਪਾਲਨਾ ਕਰੀਏ।’—ਜ਼ਬੂਰਾਂ ਦੀ ਪੋਥੀ 119:4.

4 ਜੇ ਅਸੀਂ ‘ਸਿੱਧੇ ਮਨ ਨਾਲ ਯਹੋਵਾਹ ਦਾ ਧੰਨਵਾਦ ਕਰਾਂਗਾ ਅਤੇ ਉਸ ਦੀਆਂ ਬਿਧੀਆਂ ਦੀ ਪਾਲਨਾ ਕਰਾਂਗੇ,’ ਤਾਂ ਉਹ ਸਾਨੂੰ ਕਦੇ ਨਹੀਂ ਤਿਆਗੇਗਾ। (ਜ਼ਬੂਰਾਂ ਦੀ ਪੋਥੀ 119:7, 8) ਪਰਮੇਸ਼ੁਰ ਨੇ ਇਸਰਾਏਲੀਆਂ ਦੇ ਆਗੂ ਯਹੋਸ਼ੁਆ ਨੂੰ ਨਹੀਂ ਤਿਆਗਿਆ ਸੀ ਕਿਉਂਕਿ ਉਸ ਨੇ ‘ਬਿਵਸਥਾ ਦੀ ਪੋਥੀ ਉੱਤੇ ਦਿਨ ਰਾਤ ਧਿਆਨ ਰੱਖਿਆ ਤਾਂਕਿ ਉਹ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰ ਸਕੇ।’ ਇਸ ਤਰੀਕੇ ਨਾਲ ਚੱਲ ਕੇ ਉਹ ਆਪਣੇ ਕੰਮਾਂ ਵਿਚ ਸਫ਼ਲ ਹੋ ਸਕਿਆ ਅਤੇ ਬੁੱਧ ਤੋਂ ਕੰਮ ਲੈ ਸਕਿਆ। (ਯਹੋਸ਼ੁਆ 1:8) ਆਪਣੀ ਜ਼ਿੰਦਗੀ ਦੇ ਅਖ਼ੀਰ ਤਕ ਆ ਕੇ ਵੀ ਯਹੋਸ਼ੁਆ ਪਰਮੇਸ਼ੁਰ ਦੇ ਗੁਣ ਗਾਉਂਦਾ ਰਿਹਾ ਅਤੇ ਇਸਰਾਏਲੀਆਂ ਨੂੰ ਇਹ ਗੱਲ ਯਾਦ ਦਿਲਾ ਸਕਿਆ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।” (ਯਹੋਸ਼ੁਆ 23:14) ਯਹੋਸ਼ੁਆ ਅਤੇ 119ਵੇਂ ਜ਼ਬੂਰ ਦੇ ਲਿਖਾਰੀ ਵਾਂਗ ਯਹੋਵਾਹ ਦੀ ਵਡਿਆਈ ਕਰ ਕੇ ਅਤੇ ਉਸ ਦੇ ਬਚਨ ਤੇ ਭਰੋਸਾ ਰੱਖ ਕੇ ਅਸੀਂ ਵੀ ਸੁਖ ਅਤੇ ਸਫ਼ਲਤਾ ਪਾ ਸਕਦੇ ਹਾਂ।

(ਜ਼ਬੂਰ 119:33-40) ਹੇ ਯਹੋਵਾਹ, ਤੂੰ ਆਪਣੀਆਂ ਬਿਧੀਆਂ ਦਾ ਰਾਹ ਮੈਨੂੰ ਸਿਖਲਾ, ਤਾਂ ਮੈਂ ਅੰਤ ਤੀਕ ਉਹ ਨੂੰ ਸੰਭਾਲੀ ਰੱਖਾਂਗਾ। 34 ਮੈਨੂੰ ਸਮਝ ਦੇਹ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਨਾ ਕਰਾਂਗਾ। 35 ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ! 36 ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਮੋੜ, ਨਾ ਕਿ ਲੋਭ ਵੱਲ,— 37 ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ, ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ! 38 ਆਪਣੇ ਬਚਨ ਨੂੰ ਆਪਣੇ ਸੇਵਕ ਲਈ ਕਾਇਮ ਰੱਖ, ਜਿਹੜਾ ਤੇਰੇ ਭੈ ਮੰਨਣ ਵਾਲਿਆਂ ਦੇ ਲਈ ਹੈ। 39 ਮੇਰੀ ਨਿੰਦਿਆ ਨੂੰ ਜਿਸ ਤੋਂ ਮੈਂ ਡਰਦਾ ਹਾਂ ਮੈਥੋਂ ਲੰਘਾ ਦੇਹ, ਤੇਰੇ ਨਿਆਉਂ ਭਲੇ ਹਨ! 40 ਵੇਖ, ਮੈਂ ਤੇਰੇ ਫ਼ਰਮਾਨਾਂ ਲਈ ਲੋਚਿਆ ਹੈ, ਆਪਣੇ ਧਰਮ ਵਿੱਚ ਮੈਨੂੰ ਜਿਵਾਲ!

w05 4/15 12 ਪੈਰਾ 12

ਯਹੋਵਾਹ ਦੇ ਬਚਨ ਉੱਤੇ ਭਰੋਸਾ ਰੱਖੋ

ਯਹੋਵਾਹ ਦਾ ਬਚਨ ਸਾਨੂੰ ਹਿੰਮਤ ਦਿੰਦਾ ਹੈ

12 ਪਰਮੇਸ਼ੁਰ ਦੇ ਬਚਨ ਮੁਤਾਬਕ ਚੱਲ ਕੇ ਸਾਨੂੰ ਜ਼ਿੰਦਗੀ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 119:33-40) ਅਸੀਂ ਸਿਰ ਨਿਵਾ ਕੇ ਯਹੋਵਾਹ ਤੋਂ ਤਾਲੀਮ ਮੰਗਦੇ ਹਾਂ, ਤਾਂਕਿ ਅਸੀਂ “ਆਪਣੇ ਸਾਰੇ ਮਨ ਨਾਲ” ਉਸ ਦੀ ਮਰਜ਼ੀ ਪੂਰੀ ਕਰ ਸਕੀਏ। (ਜ਼ਬੂਰਾਂ ਦੀ ਪੋਥੀ 119:33, 34) ਇਸ ਜ਼ਬੂਰ ਦੇ ਲਿਖਾਰੀ ਵਾਂਗ ਅਸੀਂ ਪਰਮੇਸ਼ੁਰ ਅੱਗੇ ਤਰਲੇ ਕਰਦੇ ਹਾਂ ਕਿ ਉਹ ‘ਆਪਣੀਆਂ ਸਾਖੀਆਂ ਵੱਲ ਸਾਡਾ ਦਿਲ ਮੋੜੇ, ਨਾ ਕਿ ਲੋਭ ਵੱਲ।’ (ਜ਼ਬੂਰਾਂ ਦੀ ਪੋਥੀ 119:36) ਪੌਲੁਸ ਰਸੂਲ ਵਾਂਗ ਅਸੀਂ ਈਮਾਨਦਾਰ ਰਹਿ ਕੇ “ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਜੇ ਸਾਡੀ ਨੌਕਰੀ ਦੀ ਥਾਂ ਤੇ ਸਾਨੂੰ ਕੋਈ ਬੇਈਮਾਨੀ ਦਾ ਕੰਮ ਕਰਨ ਲਈ ਕਹੇ, ਤਾਂ ਸਾਨੂੰ ਲੋਭੀ ਬਣਨ ਦੀ ਬਜਾਇ ਹਿੰਮਤ ਨਾਲ ਪਰਮੇਸ਼ੁਰ ਦੇ ਬਚਨ ਮੁਤਾਬਕ ਚੱਲਣਾ ਚਾਹੀਦਾ ਹੈ। ਯਹੋਵਾਹ ਹਮੇਸ਼ਾ ਅਜਿਹੇ ਫ਼ੈਸਲਿਆਂ ਤੇ ਅਸੀਸ ਦਿੰਦਾ ਹੈ। ਦਰਅਸਲ ਉਹ ਤਾਂ ਸਾਨੂੰ ਆਪਣੀ ਹਰ ਗ਼ਲਤ ਖ਼ਾਹਸ਼ ਨੂੰ ਕਾਬੂ ਰੱਖਣ ਵਿਚ ਸਾਡੀ ਮਦਦ ਕਰਦਾ ਹੈ। ਇਸ ਲਈ ਆਓ ਆਪਾਂ ਦੁਆ ਕਰੀਏ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।” (ਜ਼ਬੂਰਾਂ ਦੀ ਪੋਥੀ 119:37) ਅਸੀਂ ਕਦੇ ਵੀ ਅਜਿਹਾ ਕੁਝ ਦੇਖਣਾ ਪਸੰਦ ਨਹੀਂ ਕਰਾਂਗੇ ਜਿਸ ਤੋਂ ਯਹੋਵਾਹ ਨੂੰ ਘਿਣ ਹੈ। (ਜ਼ਬੂਰਾਂ ਦੀ ਪੋਥੀ 97:10) ਹੋਰਨਾਂ ਗ਼ਲਤ ਗੱਲਾਂ ਦੇ ਨਾਲ-ਨਾਲ ਅਸੀਂ ਅਜਿਹੀਆਂ ਤਸਵੀਰਾਂ ਜਾਂ ਫਿਲਮਾਂ ਵਗੈਰਾ ਨਹੀਂ ਦੇਖਾਂਗੇ ਜਿਨ੍ਹਾਂ ਵਿਚ ਅਸ਼ਲੀਲਤਾ ਅਤੇ ਜਾਦੂ-ਟੂਣਾ ਹੈ।—1 ਕੁਰਿੰਥੀਆਂ 6:9, 10; ਪਰਕਾਸ਼ ਦੀ ਪੋਥੀ 21:8.

(ਜ਼ਬੂਰ 119:41-48) ਹੇ ਯਹੋਵਾਹ, ਤੇਰੀ ਦਯਾ ਮੇਰੇ ਉੱਤੇ ਆਵੇ, ਤੇਰਾ ਬਚਾਓ ਵੀ ਤੇਰੇ ਬਚਨ ਅਨੁਸਾਰ! 42 ਤਾਂ ਮੈਂ ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦਿਆਂਗਾ, ਕਿਉਂ ਜੋ ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ, 43 ਅਤੇ ਮੇਰੇ ਮੂੰਹੋਂ ਸਚਿਆਈ ਦਾ ਬਚਨ ਮੂਲੋਂ ਹੀ ਖੋਹ ਨਾ ਲੈ, ਕਿਉਂ ਜੋ ਤੇਰੇ ਨਿਆਵਾਂ ਉੱਤੇ ਮੇਰੀ ਆਸ ਹੈ, 44 ਤਾਂ ਮੈਂ ਤੇਰੀ ਬਿਵਸਥਾ ਦੀ ਹਰ ਵੇਲੇ ਸਦਾ ਤੀਕ ਪਾਲਨਾ ਕਰਾਂਗਾ, 45 ਅਤੇ ਮੈਂ ਖੁਲ੍ਹਮਖੁਲ੍ਹਾ ਚੱਲਦਾ ਫਿਰਾਂਗਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ। 46 ਮੈਂ ਪਾਤਸ਼ਾਹਾਂ ਦੇ ਸਨਮੁਖ ਤੇਰੀਆਂ ਸਾਖੀਆਂ ਦਾ ਚਰਚਾ ਕਰਾਂਗਾ, ਅਤੇ ਲੱਜਿਆਵਾਨ ਨਾ ਹੋਵਾਂਗਾ। 47 ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ, ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ। 48 ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ਆਪਣੇ ਹੱਥ ਅੱਡਾਂਗਾ, ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ।

w05 4/15 13 ਪੈਰੇ 13-14

ਯਹੋਵਾਹ ਦੇ ਬਚਨ ਉੱਤੇ ਭਰੋਸਾ ਰੱਖੋ

13 ਯਹੋਵਾਹ ਦੇ ਬਚਨ ਦਾ ਸਹੀ ਗਿਆਨ ਜਾਣ ਕੇ ਸਾਨੂੰ ਉਸ ਬਾਰੇ ਗਵਾਹੀ ਦੇਣ ਲਈ ਹਿੰਮਤ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 119:41-48) ਸਾਨੂੰ ਉਸ ਸਮੇਂ ਵੀ ਹਿੰਮਤ ਦੀ ਲੋੜ ਹੁੰਦੀ ਹੈ ਜਦ ਸਾਨੂੰ ‘ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦੇਣਾ’ ਪੈਂਦਾ ਹੈ। (ਜ਼ਬੂਰਾਂ ਦੀ ਪੋਥੀ 119:42) ਕਦੀ-ਕਦੀ ਸਾਡੀ ਹਾਲਤ ਯਿਸੂ ਦੇ ਚੇਲਿਆਂ ਵਰਗੀ ਹੁੰਦੀ ਹੈ। ਸਿਤਮ ਸਹਿੰਦੇ ਸਮੇਂ ਉਨ੍ਹਾਂ ਨੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅਸੀਂ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਈਏ।’ ਇਸ ਦਾ ਅੰਜਾਮ ਕੀ ਹੋਇਆ? “ਸੱਭੋ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।” ਉਹੀ ਸੱਚਾ ਪਰਮੇਸ਼ੁਰ ਸਾਨੂੰ ਵੀ ਦਲੇਰੀ ਨਾਲ ਗੱਲ ਕਰਨ ਦੀ ਹਿੰਮਤ ਦਿੰਦਾ ਹੈ।—ਰਸੂਲਾਂ ਦੇ ਕਰਤੱਬ 4:24-31.

14 ਜੇ ਅਸੀਂ ‘ਸਚਿਆਈ ਦੇ ਬਚਨ’ ਦੀ ਮਹੱਤਤਾ ਸਮਝਦੇ ਹਾਂ ਅਤੇ ‘ਬਿਵਸਥਾ ਦੀ ਹਰ ਵੇਲੇ ਪਾਲਨਾ ਕਰਦੇ ਹਾਂ,’ ਤਾਂ ਅਸੀਂ ਸ਼ਰਮਿੰਦਗੀ ਦੇ ਡਰ ਤੋਂ ਬਗੈਰ ਹਿੰਮਤ ਨਾਲ ਸੱਚ ਦਾ ਪ੍ਰਚਾਰ ਕਰ ਸਕਾਂਗੇ। (ਜ਼ਬੂਰਾਂ ਦੀ ਪੋਥੀ 119:43, 44) ਧਿਆਨ ਨਾਲ ਬਾਈਬਲ ਦੀ ਸਟੱਡੀ ਕਰ ਕੇ ਅਸੀਂ ‘ਪਾਤਸ਼ਾਹਾਂ ਦੇ ਸਨਮੁਖ ਪਰਮੇਸ਼ੁਰ ਦੀਆਂ ਸਾਖੀਆਂ ਦੀ ਚਰਚਾ’ ਕਰਨ ਲਈ ਤਿਆਰ ਰਹਾਂਗੇ। (ਜ਼ਬੂਰਾਂ ਦੀ ਪੋਥੀ 119:46) ਪ੍ਰਾਰਥਨਾ ਅਤੇ ਯਹੋਵਾਹ ਦੀ ਪਵਿੱਤਰ ਆਤਮਾ ਰਾਹੀਂ ਸਾਨੂੰ ਸਹੀ ਗੱਲ ਸਹੀ ਤਰੀਕੇ ਨਾਲ ਕਰਨ ਦੀ ਮਦਦ ਮਿਲੇਗੀ। (ਮੱਤੀ 10:16-20; ਕੁਲੁੱਸੀਆਂ 4:6) ਮਿਸਾਲ ਲਈ ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਹਾਕਮਾਂ ਨੂੰ ਹਿੰਮਤ ਨਾਲ ਪਰਮੇਸ਼ੁਰ ਦੀਆਂ ਗੱਲਾਂ ਸੁਣਾਈਆਂ ਸਨ। ਉਸ ਨੇ ਰੋਮੀ ਹਾਕਮ ਫ਼ੇਲਿਕਸ ਨੂੰ ਗਵਾਹੀ ਦਿੱਤੀ ਅਤੇ ਫ਼ੇਲਿਕਸ ਨੇ “ਮਸੀਹ ਯਿਸੂ ਦੇ ਉੱਤੇ ਨਿਹਚਾ ਕਰਨ ਦੇ ਵਿਖੇ [ਪੌਲੁਸ] ਤੋਂ ਸੁਣਿਆ।” (ਰਸੂਲਾਂ ਦੇ ਕਰਤੱਬ 24:24, 25) ਇਸ ਤੋਂ ਇਲਾਵਾ ਪੌਲੁਸ ਨੇ ਫ਼ੇਸਤੁਸ ਨਾਂ ਦੇ ਹਾਕਮ ਤੇ ਰਾਜਾ ਅਗ੍ਰਿੱਪਾ ਨੂੰ ਵੀ ਗਵਾਹੀ ਦਿੱਤੀ ਸੀ। (ਰਸੂਲਾਂ ਦੇ ਕਰਤੱਬ 25:22–26:32) ਯਹੋਵਾਹ ਦੇ ਸਹਾਰੇ ਨਾਲ ਅਸੀਂ ਵੀ ਦਲੇਰੀ ਨਾਲ ‘ਇੰਜੀਲ ਤੋਂ ਸ਼ਰਮਾਉਣ’ ਤੋਂ ਬਗੈਰ ਗਵਾਹੀ ਦੇ ਸਕਦੇ ਹਾਂ।—ਰੋਮੀਆਂ 1:16.

ਹੀਰੇ-ਮੋਤੀਆਂ ਦੀ ਖੋਜ ਕਰੋ

(ਜ਼ਬੂਰ 119:71) ਮੇਰੇ ਲਈ ਭਲਾ ਹੈ ਕਿ ਮੈਂ ਦੁਖੀ ਹੋਇਆ, ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ।

w06 9/1 14 ਪੈਰਾ 4

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

119:71—ਦੁਖੀ ਹੋਣ ਵਿਚ ਕੀ ਭਲਾ ਹੈ? ਜਦ ਅਸੀਂ ਕੋਈ ਦੁੱਖ ਝੱਲਦੇ ਹਾਂ, ਤਾਂ ਅਸੀਂ ਯਹੋਵਾਹ ਦਾ ਹੋਰ ਆਸਰਾ ਭਾਲਦੇ ਹਾਂ, ਉਸ ਅੱਗੇ ਰੋ-ਰੋ ਕੇ ਪ੍ਰਾਰਥਨਾ ਕਰਦੇ ਹਾਂ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਾਈਬਲ ਪੜਦੇ ਤੇ ਉਸ ਤੇ ਅਮਲ ਕਰਦੇ ਹਾਂ। ਦੁੱਖ ਸਹਿੰਦੇ ਸਮੇਂ ਸਾਨੂੰ ਆਪਣੇ ਆਪ ਬਾਰੇ ਵੀ ਪਤਾ ਲੱਗਦਾ ਹੈ ਕਿ ਸਾਡੇ ਵਿਚ ਕਿਨ੍ਹਾਂ ਗੁਣਾਂ ਦੀ ਕਮੀ ਹੈ ਤੇ ਸਾਨੂੰ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਜੇ ਅਸੀਂ ਦੁੱਖ ਦੀਆਂ ਘੜੀਆਂ ਨੂੰ ਚੰਗੇ ਇਨਸਾਨ ਬਣਨ ਦਾ ਮੌਕਾ ਸਮਝੀਏ, ਤਾਂ ਸਾਡੇ ਦਿਲ ਵਿਚ ਨਫ਼ਰਤ ਦਾ ਜ਼ਹਿਰ ਕਦੇ ਨਹੀਂ ਘੁਲੇਗਾ।

(ਜ਼ਬੂਰ 119:96) ਸਾਰੇ ਕਮਾਲ ਦਾ ਅੰਤ ਮੈਂ ਵੇਖਿਆ, ਪਰ ਤੇਰਾ ਹੁਕਮਨਾਮਾ ਬਹੁਤ ਲੰਮਾ ਚੌੜਾ ਹੈ।

w06 9/1 14 ਪੈਰਾ 5

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

119:96—“ਸਾਰੇ ਕਮਾਲ ਦਾ ਅੰਤ” ਕਿਵੇਂ ਹੋ ਸਕਦਾ ਹੈ? ਇਨਸਾਨ ਦੀ ਨਜ਼ਰ ਵਿਚ ਕੋਈ ਚੀਜ਼ ਭਾਵੇਂ ਕਮਾਲ ਦੀ ਹੋਵੇ ਫਿਰ ਵੀ ਉਸ ਦਾ ਅੰਤ ਹੋ ਜਾਂਦਾ ਹੈ। ਪਰ ਯਹੋਵਾਹ ਦੇ ਹੁਕਮਨਾਮਿਆਂ ਦਾ ਕੋਈ ਅੰਤ ਨਹੀਂ ਹੋਵੇਗਾ ਅਤੇ ਉਨ੍ਹਾਂ ਦੀ ਸੇਧ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦੀ ਹੈ। ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਇਸੇ ਆਇਤ ਦਾ ਤਰਜਮਾ ਇਸ ਤਰ੍ਹਾਂ ਕੀਤਾ ਗਿਆ ਹੈ: “ਮੈਂ ਜਾਣ ਗਿਆ ਹਾਂ ਕਿ ਕੋਈ ਚੀਜ਼ ਪੂਰਨ ਨਹੀਂ; ਪਰ ਤੇਰੇ ਹੁਕਮਾਂ ਦੀ ਕੋਈ ਹੱਦ ਨਹੀਂ ਹੈ।”

12-18 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 120-134

“ਮੇਰੀ ਸਹਾਇਤਾ ਯਹੋਵਾਹ ਤੋਂ ਹੈ”

(ਜ਼ਬੂਰ 121:1, 2) ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ? 2 ਮੇਰੀ ਸਹਾਇਤਾ ਯਹੋਵਾਹ ਤੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।

w04 12/15 12 ਪੈਰਾ 3

ਯਹੋਵਾਹ ਸਾਡਾ ਸਹਾਇਕ ਹੈ

ਮਦਦ ਕਰਨ ਲਈ ਹਮੇਸ਼ਾ ਤਿਆਰ

3 ਅਸੀਂ ਯਹੋਵਾਹ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ? ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਯਹੋਵਾਹ ਸਾਡਾ ਕਰਤਾਰ ਹੈ: “ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ? ਮੇਰੀ ਸਹਾਇਤਾ ਯਹੋਵਾਹ ਤੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।” (ਜ਼ਬੂਰਾਂ ਦੀ ਪੋਥੀ 121:1, 2) ਜਦ ਇਹ ਸ਼ਬਦ ਲਿਖੇ ਗਏ ਸਨ, ਤਾਂ ਯਹੋਵਾਹ ਦੀ ਹੈਕਲ ਯਰੂਸ਼ਲਮ ਵਿਚ ਸੀ। ਇਹ ਸ਼ਹਿਰ ਯਹੂਦਾਹ ਦੇ ਉੱਚੇ ਪਹਾੜਾਂ ਉੱਤੇ ਸਥਿਤ ਸੀ ਅਤੇ ਕਿਹਾ ਜਾ ਸਕਦਾ ਸੀ ਕਿ ਯਹੋਵਾਹ ਉੱਥੇ ਵੱਸਦਾ ਸੀ। (ਜ਼ਬੂਰਾਂ ਦੀ ਪੋਥੀ 135:21) ਜ਼ਬੂਰਾਂ ਦਾ ਲਿਖਾਰੀ ਸ਼ਾਇਦ ਯਰੂਸ਼ਲਮ ਦੇ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕ ਰਿਹਾ ਸੀ ਜਿੱਥੇ ਯਹੋਵਾਹ ਦੀ ਹੈਕਲ ਸੀ। ਇਸ ਤਰ੍ਹਾਂ ਉਹ ਯਹੋਵਾਹ ਦੀ ਮਦਦ ਭਾਲ ਰਿਹਾ ਸੀ। ਉਸ ਨੂੰ ਪੂਰਾ ਯਕੀਨ ਕਿਉਂ ਸੀ ਕਿ ਯਹੋਵਾਹ ਉਸ ਦੀ ਮਦਦ ਕਰ ਸਕਦਾ ਹੈ? ਕਿਉਂਕਿ ਯਹੋਵਾਹ “ਅਕਾਸ਼ ਤੇ ਧਰਤੀ ਦਾ ਕਰਤਾ ਹੈ।” ਜ਼ਬੂਰਾਂ ਦੇ ਲਿਖਾਰੀ ਦੇ ਕਹਿਣ ਦਾ ਭਾਵ ਸੀ ਕਿ ‘ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਮੇਰੀ ਮਦਦ ਕਰਨ ਤੋਂ ਕੌਣ ਰੋਕ ਸਕਦਾ ਹੈ? ਉਹ ਤਾਂ ਸਭ ਕੁਝ ਬਣਾਉਣ ਵਾਲਾ ਹੈ!’—ਯਸਾਯਾਹ 40:26.

(ਜ਼ਬੂਰ 121:3, 4) ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖਾ ਨਾ ਉਂਘਲਾਵੇਗਾ, 4 ਵੇਖ, ਇਸਰਾਏਲ ਦਾ ਰਾਖਾ ਨਾ ਉਂਘਲਾਵੇਗਾ ਨਾ ਸੌਵੇਂਗਾ!

w04 12/15 12 ਪੈਰਾ 4

ਯਹੋਵਾਹ ਸਾਡਾ ਸਹਾਇਕ ਹੈ

4 ਜ਼ਬੂਰਾਂ ਦੇ ਲਿਖਾਰੀ ਨੇ ਅੱਗੇ ਦੱਸਿਆ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ: “ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖਾ ਨਾ ਉਂਘਲਾਵੇਗਾ, ਵੇਖ, ਇਸਰਾਏਲ ਦਾ ਰਾਖਾ ਨਾ ਉਂਘਲਾਵੇਗਾ ਨਾ ਸੌਵੇਂਗਾ!” (ਜ਼ਬੂਰਾਂ ਦੀ ਪੋਥੀ 121:3, 4) ਇਸ ਦਾ ਕੀ ਮਤਲਬ ਹੈ ਕਿ ਪਰਮੇਸ਼ੁਰ ਸਾਡੇ ਪੈਰ ਕਦੇ ਵੀ ਡੋਲਣ ਨਾ ਦੇਵੇਗਾ? ਯਹੋਵਾਹ ਉੱਤੇ ਭਰੋਸਾ ਰੱਖਣ ਵਾਲੇ ਕਦੇ ਵੀ ਅਜਿਹੀ ਠੋਕਰ ਨਾ ਖਾਣਗੇ ਜਿਸ ਤੋਂ ਉਹ ਦੁਬਾਰਾ ਉੱਠ ਨਾ ਸਕਣਗੇ। (ਕਹਾਉਤਾਂ 24:16) ਕਿਉਂ? ਕਿਉਂਕਿ ਯਹੋਵਾਹ ਇਕ ਜਾਗਦੇ ਅਤੇ ਸੁਚੇਤ ਚਰਵਾਹੇ ਵਾਂਗ ਆਪਣੀਆਂ ਭੇਡਾਂ ਦੀ ਰਾਖੀ ਕਰਦਾ ਹੈ। ਸਾਨੂੰ ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ। ਉਹ ਇਕ ਪਲ ਲਈ ਵੀ ਆਪਣੇ ਲੋਕਾਂ ਦੀਆਂ ਲੋੜਾਂ ਤੋਂ ਮੂੰਹ ਨਹੀਂ ਫੇਰਦਾ। ਉਹ ਦਿਨ-ਰਾਤ ਉਨ੍ਹਾਂ ਦਾ ਧਿਆਨ ਰੱਖਦਾ ਹੈ।

(ਜ਼ਬੂਰ 121:5-8) ਯਹੋਵਾਹ ਤੇਰਾ ਰਾਖਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ। 6 ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀਂ ਚੰਦਰਮਾ। 7 ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਛਿਆ ਕਰੇਗਾ, ਉਹ ਤੇਰੀ ਜਾਨ ਦੀ ਰੱਛਿਆ ਕਰੇਗਾ। 8 ਯਹੋਵਾਹ ਤੇਰੇ ਅੰਦਰ ਬਾਹਰ ਆਉਣ ਜਾਣ ਦੀ ਹੁਣ ਤੋਂ ਲੈ ਕੇ ਸਦੀਪ ਕਾਲ ਤੀਕ ਰੱਛਿਆ ਕਰੇਗਾ!

w04 12/15 13 ਪੈਰੇ 5-7

ਯਹੋਵਾਹ ਸਾਡਾ ਸਹਾਇਕ ਹੈ

5 ਜ਼ਬੂਰਾਂ ਦੇ ਲਿਖਾਰੀ ਨੂੰ ਇਹ ਵੀ ਯਕੀਨ ਸੀ ਕਿ ਯਹੋਵਾਹ ਆਪਣੇ ਲੋਕਾਂ ਦਾ ਰਖਵਾਲਾ ਹੈ: “ਯਹੋਵਾਹ ਤੇਰਾ ਰਾਖਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ। ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀਂ ਚੰਦਰਮਾ।” (ਜ਼ਬੂਰਾਂ ਦੀ ਪੋਥੀ 121:5, 6) ਪੂਰਬੀ ਇਲਾਕਿਆਂ ਵਿਚ ਤੁਰੇ ਜਾਂਦੇ ਰਾਹੀ ਨੂੰ ਜਦ ਧੁੱਪ ਤੋਂ ਬਚਣ ਲਈ ਛਾਂ ਲੱਭਦੀ ਸੀ, ਤਾਂ ਇਹ ਕਿੰਨਾ ਚੰਗਾ ਸੀ। ਯਹੋਵਾਹ ਆਪਣੇ ਲੋਕਾਂ ਲਈ ਸਾਇਆ ਬਣ ਕੇ ਉਨ੍ਹਾਂ ਨੂੰ ਬਿਪਤਾ ਦੀ ਗਰਮੀ ਤੋਂ ਬਚਾਉਂਦਾ ਹੈ। ਧਿਆਨ ਦਿਓ ਕਿ ਯਹੋਵਾਹ ਸਾਡੇ “ਸੱਜੇ ਹੱਥ” ਹੈ। ਪੁਰਾਣੇ ਜ਼ਮਾਨੇ ਵਿਚ ਲੜਾਈਆਂ ਦੌਰਾਨ ਇਕ ਫ਼ੌਜੀ ਦਾ ਸੱਜਾ ਹੱਥ ਜ਼ਖ਼ਮੀ ਹੋ ਸਕਦਾ ਸੀ ਕਿਉਂਕਿ ਢਾਲ ਖੱਬੇ ਹੱਥ ਵਿਚ ਫੜੀ ਜਾਂਦੀ ਸੀ। ਇਕ ਵਫ਼ਾਦਾਰ ਫ਼ੌਜੀ ਸ਼ਾਇਦ ਆਪਣੇ ਦੋਸਤ ਦੀ ਰਾਖੀ ਕਰਨ ਲਈ ਉਸ ਦੇ ਸੱਜੇ ਪਾਸੇ ਖੜ੍ਹਾ ਹੋ ਕੇ ਲੜਦਾ ਸੀ। ਅਜਿਹੇ ਵਫ਼ਾਦਾਰ ਦੋਸਤ ਦੀ ਤਰ੍ਹਾਂ ਯਹੋਵਾਹ ਵੀ ਆਪਣੇ ਲੋਕਾਂ ਦੇ ਨਾਲ ਹੈ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਖੜ੍ਹਾ ਹੈ।

6 ਕੀ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰਨ ਤੋਂ ਕਦੇ ਰੁਕੇਗਾ? ਇਹ ਕਦੀ ਹੋ ਹੀ ਨਹੀਂ ਸਕਦਾ! ਜ਼ਬੂਰਾਂ ਦੇ ਲਿਖਾਰੀ ਨੇ 121ਵੇਂ ਜ਼ਬੂਰ ਦੇ ਅਖ਼ੀਰ ਵਿਚ ਕਿਹਾ: “ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਛਿਆ ਕਰੇਗਾ, ਉਹ ਤੇਰੀ ਜਾਨ ਦੀ ਰੱਛਿਆ ਕਰੇਗਾ। ਯਹੋਵਾਹ ਤੇਰੇ ਅੰਦਰ ਬਾਹਰ ਆਉਣ ਜਾਣ ਦੀ ਹੁਣ ਤੋਂ ਲੈ ਕੇ ਸਦੀਪ ਕਾਲ ਤੀਕ ਰੱਛਿਆ ਕਰੇਗਾ!” (ਜ਼ਬੂਰਾਂ ਦੀ ਪੋਥੀ 121:7, 8) ਧਿਆਨ ਦਿਓ ਕਿ ਲਿਖਾਰੀ ਨੇ ਪਹਿਲਾਂ 5ਵੀਂ ਆਇਤ ਵਿਚ ਕਿਹਾ ਸੀ: ‘ਯਹੋਵਾਹ ਤੇਰਾ ਰਾਖਾ ਹੈ।’ ਪਰ 7ਵੀਂ ਅਤੇ 8ਵੀਂ ਆਇਤ ਵਿਚ ਉਸ ਨੇ ਇਹ ਨਹੀਂ ਕਿਹਾ ਕਿ ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਛਿਆ ਕਰਦਾ ਹੈ, ਪਰ ਕਿਹਾ ਕਿ ਉਹ ‘ਤੇਰੀ ਰੱਛਿਆ ਕਰੇਗਾ।’ ਇਸ ਤੋਂ ਯਹੋਵਾਹ ਦੇ ਸੇਵਕਾਂ ਨੂੰ ਵਿਸ਼ਵਾਸ ਮਿਲਦਾ ਹੈ ਕਿ ਯਹੋਵਾਹ ਭਵਿੱਖ ਵਿਚ ਵੀ ਉਨ੍ਹਾਂ ਦੀ ਮਦਦ ਕਰਦਾ ਰਹੇਗਾ। ਉਹ ਜਿੱਥੇ ਮਰਜ਼ੀ ਜਾਣ ਅਤੇ ਉਨ੍ਹਾਂ ਉੱਤੇ ਜੋ ਮਰਜ਼ੀ ਬਿਪਤਾ ਆਵੇ, ਯਹੋਵਾਹ ਉਨ੍ਹਾਂ ਦੀ ਮਦਦ ਕਰਨ ਲਈ ਸਦਾ ਉਨ੍ਹਾਂ ਦੇ ਨਾਲ ਰਹੇਗਾ।—ਕਹਾਉਤਾਂ 12:21.

7 ਹਾਂ, 121ਵੇਂ ਜ਼ਬੂਰ ਦੇ ਲਿਖਾਰੀ ਨੂੰ ਪੂਰਾ ਭਰੋਸਾ ਸੀ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਆਪਣੇ ਸੇਵਕਾਂ ਦਾ ਧਿਆਨ ਰੱਖਦਾ ਹੈ। ਉਹ ਇਕ ਪਿਆਰੇ ਚਰਵਾਹੇ ਦੀ ਤਰ੍ਹਾਂ ਕੋਮਲ ਹੈ ਅਤੇ ਇਕ ਰਾਖੇ ਦੀ ਤਰ੍ਹਾਂ ਸਾਵਧਾਨ ਰਹਿੰਦਾ ਹੈ। ਅਸੀਂ ਵੀ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਯਹੋਵਾਹ ਪਰਮੇਸ਼ੁਰ ਬਦਲਿਆ ਨਹੀਂ ਹੈ। (ਮਲਾਕੀ 3:6) ਕੀ ਇਸ ਦਾ ਮਤਲਬ ਹੈ ਕਿ ਸਰੀਰਕ ਤੌਰ ਤੇ ਸਾਡਾ ਕਦੇ ਵੀ ਕੋਈ ਨੁਕਸਾਨ ਨਹੀਂ ਹੋਵੇਗਾ? ਨਹੀਂ, ਪਰ ਜੇ ਅਸੀਂ ਪਰਮੇਸ਼ੁਰ ਦੀ ਮਦਦ ਭਾਲਦੇ ਰਹਾਂਗੇ, ਤਾਂ ਉਹ ਸਾਡੀ ਨਿਹਚਾ ਨੂੰ ਕਾਇਮ ਰੱਖੇਗਾ। ਪਰ ਅਸੀਂ ਪੁੱਛ ਸਕਦੇ ਹਾਂ, ‘ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ?’ ਆਓ ਆਪਾਂ ਚਾਰ ਜ਼ਰੀਏ ਦੇਖੀਏ ਜਿਨ੍ਹਾਂ ਰਾਹੀਂ ਯਹੋਵਾਹ ਸਾਡੀ ਮਦਦ ਕਰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਪੁਰਾਣੇ ਜ਼ਮਾਨਿਆਂ ਵਿਚ ਉਸ ਨੇ ਆਪਣੇ ਸੇਵਕਾਂ ਦੀ ਮਦਦ ਕਿੱਦਾਂ ਕੀਤੀ ਸੀ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਉਹ ਅੱਜ ਆਪਣੇ ਲੋਕਾਂ ਦੀ ਮਦਦ ਕਿੱਦਾਂ ਕਰਦਾ ਹੈ।

ਹੀਰੇ-ਮੋਤੀਆਂ ਦੀ ਖੋਜ ਕਰੋ

(ਜ਼ਬੂਰ 123:2) ਵੇਖ, ਜਿਵੇਂ ਦਾਸਾਂ ਦੀਆ ਅੱਖਾਂ ਆਪਣੇ ਮਾਲਕਾਂ ਦੇ ਹੱਥ ਵੱਲ, ਅਤੇ ਗੋੱਲੀ ਦੀਆਂ ਅੱਖਾਂ ਆਪਣੀ ਬੀਬੀ ਦੇ ਹੱਥ ਵੱਲ ਹਨ, ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ੁਰ ਯਹੋਵਾਹ ਵੱਲ ਹਨ, ਜਦ ਤੀਕ ਉਹ ਸਾਡੇ ਉੱਤੇ ਤਰਸ ਨਾ ਖਾਵੇ।

w06 9/1 15 ਪੈਰਾ 4

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

123:2—ਇਸ ਦ੍ਰਿਸ਼ਟਾਂਤ ਵਿਚ ਦਾਸਾਂ ਦੀਆਂ ਅੱਖਾਂ ਦਾ ਕੀ ਭਾਵ ਹੈ? ਨੌਕਰ-ਚਾਕਰ ਆਪਣੇ ਮਾਲਕ ਵੱਲ ਦੋ ਕਾਰਨਾਂ ਕਰਕੇ ਤੱਕਦੇ ਸਨ: ਇਕ ਉਹ ਆਪਣੇ ਮਾਲਕ ਦੀ ਇੱਛਾ ਜਾਣਨੀ ਚਾਹੁੰਦੇ ਸੀ ਅਤੇ ਦੂਜਾ ਉਹ ਮਾਲਕ ਵੱਲੋਂ ਸੁਰੱਖਿਆ ਅਤੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ ਚਾਹੁੰਦੇ ਸਨ। ਇਸੇ ਤਰ੍ਹਾਂ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਯਹੋਵਾਹ ਦੀ ਸਾਡੇ ਲਈ ਕੀ ਇੱਛਾ ਹੈ ਅਤੇ ਅਸੀਂ ਉਸ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦੇ ਹਾਂ।

(ਜ਼ਬੂਰ 133:1-3) ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ! 2 ਏਹ ਉਸ ਖਾਲਸ ਤੇਲ ਦੀ ਨਿਆਈਂ ਹੈ, ਜਿਹੜਾ ਸਿਰ ਉੱਤੋਂ ਚੋ ਕੇ ਦਾੜ੍ਹੀ ਉੱਤੇ, ਅਰਥਾਤ ਹਾਰੂਨ ਦੀ ਦਾੜ੍ਹੀ ਉੱਤੇ ਉਤਰਿਆ, ਅਤੇ ਉਸ ਦੀ ਪੁਸ਼ਾਕ ਦੀ ਕੋਰ ਤੀਕ ਪੁੱਜਿਆ। 3 ਹਰਮੋਨ ਦੀ ਤ੍ਰੇਲ ਦੀ ਨਿਆਈਂ, ਜੋ ਸੀਯੋਨ ਦੇ ਪਹਾੜ ਉੱਤੇ ਚੋਂਦੀ ਹੈ, ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।

w06 9/1 16 ਪੈਰਾ 3

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

133:1-3. ਏਕਤਾ ਸਦਕਾ ਯਹੋਵਾਹ ਦੇ ਲੋਕਾਂ ਵਿਚ ਸ਼ਾਂਤੀ, ਤਾਜ਼ਗੀ ਤੇ ਸੰਜਮ ਹੈ। ਸਾਨੂੰ ਦੂਸਰਿਆਂ ਵਿਚ ਨੁਕਸ ਕੱਢ ਕੇ, ਲੜਾਈ-ਝਗੜੇ ਕਰ ਕੇ ਜਾਂ ਉਲਾਹਮੇ ਦੇ ਕੇ ਇਸ ਏਕਤਾ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ।

19-25 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 145-141

“ਸਾਨੂੰ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ”

(ਜ਼ਬੂਰ 139:14) ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!

w07 6/15 21 ਪੈਰੇ 1-4

ਸਾਡੀ ਬਣਤਰ “ਅਚਰਜ” ਹੈ

ਕੁਦਰਤ ਸ਼ਾਨਦਾਰ ਚੀਜ਼ਾਂ ਨਾਲ ਭਰੀ ਹੋਈ ਹੈ। ਇਹ ਸਭ ਚੀਜ਼ਾਂ ਕਿੱਥੋਂ ਆਈਆਂ? ਕੁਝ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤੇ ਬਿਨਾਂ ਵੀ ਇਸ ਸਵਾਲ ਦਾ ਜਵਾਬ ਮਿਲ ਸਕਦਾ ਹੈ। ਹੋਰਨਾਂ ਦਾ ਕਹਿਣਾ ਹੈ ਕਿ ਸਿਰਜਣਹਾਰ ਤੋਂ ਬਿਨਾਂ ਕੁਦਰਤ ਦੇ ਭੇਦ ਨੂੰ ਸਮਝਿਆ ਨਹੀਂ ਜਾ ਸਕਦਾ। ਉਨ੍ਹਾਂ ਦਾ ਮੰਨਣਾ ਹੈ ਕਿ ਧਰਤੀ ਦੇ ਜੀਵ-ਜੰਤੂਆਂ ਦੀ ਗੁੰਝਲਦਾਰ ਤੇ ਸ਼ਾਨਦਾਰ ਬਣਤਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਆਪੇ ਹੀ ਹੋਂਦ ਵਿਚ ਨਹੀਂ ਆਏ ਕਿਉਂਕਿ ਹਰ ਜੀਵ ਇਕ ਤੋਂ ਵਧ ਕੇ ਇਕ ਹੈ। ਬਹੁਤ ਸਾਰੇ ਲੋਕ, ਇੱਥੋਂ ਤਕ ਕਿ ਕੁਝ ਵਿਗਿਆਨੀ ਵੀ ਮੰਨਦੇ ਹਨ ਕਿ ਸੱਭੋ ਕੁਝ ਇਕ ਬੁੱਧੀਮਾਨ, ਤਾਕਤਵਰ ਅਤੇ ਸੂਝਵਾਨ ਦਾਤੇ ਦੇ ਹੱਥਾਂ ਦਾ ਕਮਾਲ ਹੈ।

2 ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਦਾਊਦ ਨੂੰ ਯਕੀਨ ਸੀ ਕਿ ਸ਼ਾਨਦਾਰ ਚੀਜ਼ਾਂ ਬਣਾਉਣ ਵਾਲੇ ਕਰਤਾਰ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ। ਭਾਵੇਂ ਦਾਊਦ ਅੱਜ ਦੇ ਵਿਗਿਆਨਕ ਯੁਗ ਤੋਂ ਸਦੀਆਂ ਪਹਿਲਾਂ ਦੇ ਜ਼ਮਾਨੇ ਵਿਚ ਰਹਿੰਦਾ ਸੀ, ਫਿਰ ਵੀ ਉਹ ਆਪਣੇ ਆਲੇ-ਦੁਆਲੇ ਦੀਆਂ ਸ਼ਾਨਦਾਰ ਕੁਦਰਤੀ ਚੀਜ਼ਾਂ ਨੂੰ ਦੇਖ ਕੇ ਸਮਝ ਗਿਆ ਕਿ ਇਨ੍ਹਾਂ ਨੂੰ ਪਰਮੇਸ਼ੁਰ ਨੇ ਹੀ ਬਣਾਇਆ ਹੈ। ਆਪਣੇ ਸਰੀਰ ਦੀ ਬਣਾਵਟ ਦੇਖ ਕੇ ਹੀ ਦਾਊਦ ਦਾ ਦਿਲ ਪਰਮੇਸ਼ੁਰ ਲਈ ਸ਼ਰਧਾ ਨਾਲ ਭਰ ਗਿਆ ਹੋਣਾ। ਉਸ ਨੇ ਲਿਖਿਆ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!”—ਜ਼ਬੂਰਾਂ ਦੀ ਪੋਥੀ 139:14.

3 ਦਾਊਦ ਨੇ ਡੂੰਘਾਈ ਨਾਲ ਸੋਚ-ਵਿਚਾਰ ਕੀਤਾ ਜਿਸ ਕਰਕੇ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਸੀ। ਅੱਜ-ਕੱਲ੍ਹ ਸਕੂਲਾਂ ਵਿਚ ਅਤੇ ਮੀਡੀਆ ਦੇ ਜ਼ਰੀਏ ਇਨਸਾਨ ਦੀ ਸ਼ੁਰੂਆਤ ਬਾਰੇ ਅਜਿਹੀਆਂ ਥਿਊਰੀਆਂ ਸਿਖਾਈਆਂ ਜਾਂਦੀਆਂ ਹਨ ਕਿ ਲੋਕ ਪਰਮੇਸ਼ੁਰ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ। ਦਾਊਦ ਵਰਗੀ ਪੱਕੀ ਨਿਹਚਾ ਪਾਉਣ ਲਈ ਸਾਨੂੰ ਵੀ ਡੂੰਘਾਈ ਨਾਲ ਸੋਚਣਾ ਚਾਹੀਦਾ ਹੈ। ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੂਜੇ ਸਾਡੇ ਵਾਸਤੇ ਇਹ ਤੈ ਨਾ ਕਰਨ ਕਿ ਸਾਨੂੰ ਸਿਰਜਣਹਾਰ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਨਹੀਂ ਜਾਂ ਸਾਰਾ ਕੁਝ ਉਸ ਨੇ ਬਣਾਇਆ ਹੈ ਜਾਂ ਨਹੀਂ।

4 ਇਸ ਤੋਂ ਇਲਾਵਾ, ਯਹੋਵਾਹ ਦੀਆਂ ਕਾਰੀਗਰੀਆਂ ਉੱਤੇ ਡੂੰਘਾਈ ਨਾਲ ਸੋਚ-ਵਿਚਾਰ ਕਰਨ ਦੁਆਰਾ ਸਾਡੇ ਦਿਲ ਵਿਚ ਉਸ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਪੈਦਾ ਹੁੰਦੀ ਹੈ ਅਤੇ ਉਸ ਦੇ ਵਾਅਦਿਆਂ ਵਿਚ ਸਾਡੀ ਨਿਹਚਾ ਪੱਕੀ ਹੁੰਦੀ ਹੈ। ਇਸ ਤਰ੍ਹਾਂ ਹੋਣ ਤੇ ਅਸੀਂ ਯਹੋਵਾਹ ਬਾਰੇ ਹੋਰ ਜ਼ਿਆਦਾ ਸਿੱਖਣਾ ਚਾਹਾਂਗੇ ਅਤੇ ਉਸ ਦੀ ਸੇਵਾ ਕਰਨੀ ਚਾਹਾਂਗੇ। ਤਾਂ ਫਿਰ ਆਓ ਆਪਾਂ ਗੌਰ ਕਰੀਏ ਕਿ ਆਧੁਨਿਕ ਵਿਗਿਆਨ ਵੀ ਦਾਊਦ ਦੀ ਇਸ ਗੱਲ ਨਾਲ ਕਿਵੇਂ ਸਹਿਮਤ ਹੈ ਕਿ ਇਨਸਾਨ ਦੀ ਬਣਤਰ “ਅਚਰਜ” ਹੈ।

(ਜ਼ਬੂਰ 139:15, 16) ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ, ਅਤੇ ਧਰਤੀ ਦਿਆਂ ਹੇਠਲਿਆਂ ਥਾਂਵਾਂ ਵਿੱਚ ਮੇਰਾ ਕਸੀਦਾ ਕੱਢੀਦਾ ਸੀ। 16 ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ।

w07 6/15 22-23 ਪੈਰੇ 7-11

ਸਾਡੀ ਬਣਤਰ “ਅਚਰਜ” ਹੈ

7 “ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ, ਅਤੇ ਧਰਤੀ ਦਿਆਂ ਹੇਠਲਿਆਂ ਥਾਂਵਾਂ ਵਿੱਚ ਮੇਰਾ ਕਸੀਦਾ ਕੱਢੀਦਾ ਸੀ।” (ਜ਼ਬੂਰਾਂ ਦੀ ਪੋਥੀ 139:15) ਪਹਿਲੇ ਸੈੱਲ ਦੇ ਦੋ ਸੈੱਲ ਬਣ ਗਏ ਅਤੇ ਉਹ ਦੋ ਸੈੱਲ ਅੱਗੋਂ ਚਾਰ ਬਣ ਗਏ। ਨਵੇਂ ਸੈੱਲਾਂ ਤੋਂ ਹੋਰ ਸੈੱਲ ਬਣਦੇ ਗਏ। ਜਲਦੀ ਹੀ ਕੁਝ ਸੈੱਲ ਨਾੜੀਆਂ ਦੇ ਸੈੱਲਾਂ ਦਾ ਰੂਪ ਧਾਰਨ ਲੱਗੇ ਤੇ ਕੁਝ ਮਾਸ-ਪੇਸ਼ੀਆਂ ਦੇ ਸੈੱਲਾਂ ਦਾ ਅਤੇ ਕੁਝ ਚਮੜੀ ਦੇ ਸੈੱਲਾਂ ਆਦਿ ਦਾ। ਫਿਰ ਇੱਕੋ ਕਿਸਮ ਦੇ ਸੈੱਲ ਇਕੱਠੇ ਹੋ ਕੇ ਤੰਤੂ ਅਤੇ ਅੰਗ ਬਣ ਗਏ। ਮਿਸਾਲ ਲਈ, ਗਰਭ-ਧਾਰਣ ਦੇ ਤੀਸਰੇ ਹਫ਼ਤੇ ਦੌਰਾਨ ਤੁਹਾਡਾ ਪਿੰਜਰ ਬਣਨਾ ਸ਼ੁਰੂ ਹੋ ਗਿਆ। ਸੱਤਵੇਂ ਹਫ਼ਤੇ ਤੋਂ ਬਾਅਦ ਜਦ ਤੁਸੀਂ ਮਸੀਂ ਇਕ ਇੰਚ ਲੰਬੇ ਸੀ, ਤੁਹਾਡੀਆਂ 206 ਹੱਡੀਆਂ ਨੇ ਆਪਣਾ ਮੁਢਲਾ ਰੂਪ ਲੈ ਲਿਆ ਸੀ, ਪਰ ਇਹ ਅਜੇ ਸਖ਼ਤ ਨਹੀਂ ਹੋਈਆਂ ਸਨ।

8 ਇਹ ਸਾਰਾ ਕੁਝ ਤੁਹਾਡੀ ਮਾਤਾ ਦੀ ਕੁੱਖ ਵਿਚ ਹੋ ਰਿਹਾ ਸੀ ਜਿਵੇਂ ਕਿਤੇ ਇਹ ਧਰਤੀ ਦੀਆਂ ਹੇਠਲੀਆਂ ਥਾਵਾਂ ਵਿਚ ਹੋ ਰਿਹਾ ਹੋਵੇ ਜਿੱਥੇ ਕੋਈ ਇਨਸਾਨ ਇਸ ਨੂੰ ਦੇਖ ਨਹੀਂ ਸਕਦਾ ਸੀ। ਦਰਅਸਲ ਕਿਸੇ ਨੂੰ ਬਹੁਤਾ ਨਹੀਂ ਪਤਾ ਕਿ ਗਰਭ ਵਿਚ ਬੱਚਾ ਕਿਵੇਂ ਬਣਦਾ ਹੈ। ਕਿਸੇ ਨੂੰ ਇਹ ਨਹੀਂ ਪਤਾ ਕਿ ਕਿਸ ਚੀਜ਼ ਨੇ ਇਹ ਗੱਲ ਤੈਅ ਕੀਤੀ ਕਿ ਕਿਹੜੇ ਸੈੱਲ ਕੀ ਬਣਨਗੇ। ਇਕ ਦਿਨ ਸ਼ਾਇਦ ਵਿਗਿਆਨੀਆਂ ਨੂੰ ਇਹ ਪਤਾ ਲੱਗ ਜਾਵੇ, ਪਰ ਦਾਊਦ ਨੇ ਕਿਹਾ ਕਿ ਯਹੋਵਾਹ ਸਾਡਾ ਕਰਤਾਰ ਸਭ ਕੁਝ ਪਹਿਲਾਂ ਹੀ ਜਾਣਦਾ ਹੈ।

9 “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ।” (ਜ਼ਬੂਰਾਂ ਦੀ ਪੋਥੀ 139:16) ਤੁਹਾਡੇ ਪਹਿਲੇ ਸੈੱਲ ਵਿਚ ਹੀ ਤੁਹਾਡੇ ਸਾਰੇ ਸਰੀਰ ਦੀ ਪੂਰੀ ਜਾਣਕਾਰੀ ਸੀ। ਤੁਹਾਡੇ ਜਨਮ ਤੋਂ ਪਹਿਲਾਂ ਨੌਂ ਮਹੀਨਿਆਂ ਦੌਰਾਨ ਗਰਭ ਵਿਚ ਇਸ ਜਾਣਕਾਰੀ ਅਨੁਸਾਰ ਤੁਹਾਡਾ ਵਿਕਾਸ ਹੋਣ ਲੱਗਾ। ਉਸ ਸਮੇਂ ਦੌਰਾਨ ਤੁਹਾਡਾ ਸਰੀਰ ਵਿਕਾਸ ਦੇ ਕਈ ਪੜਾਵਾਂ ਵਿੱਚੋਂ ਲੰਘਿਆ ਅਤੇ ਇਹ ਸਾਰੀ ਜਾਣਕਾਰੀ ਉਸ ਪਹਿਲੇ ਸੈੱਲ ਵਿਚ ਪਹਿਲਾਂ ਹੀ ਲਿਖੀ ਹੋਈ ਸੀ।

10 ਦਾਊਦ ਨੂੰ ਸੈੱਲਾਂ ਅਤੇ ਜੀਨਾਂ ਦਾ ਕੋਈ ਗਿਆਨ ਨਹੀਂ ਸੀ ਤੇ ਨਾ ਹੀ ਉਸ ਵੇਲੇ ਮਾਈਕ੍ਰੋਸਕੋਪ ਵਰਗੀ ਕੋਈ ਚੀਜ਼ ਸੀ। ਪਰ ਉਹ ਆਪਣੀ ਸਰੀਰਕ ਬਣਤਰ ਨੂੰ ਦੇਖ ਕੇ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਉਸ ਨੂੰ ਬਹੁਤ ਸੋਚ-ਸਮਝ ਕੇ ਬਣਾਇਆ ਗਿਆ ਸੀ। ਉਸ ਨੂੰ ਸ਼ਾਇਦ ਥੋੜ੍ਹਾ-ਬਹੁਤਾ ਗਿਆਨ ਸੀ ਕਿ ਗਰਭ ਵਿਚ ਭਰੂਣ ਦਾ ਵਿਕਾਸ ਕਿਵੇਂ ਹੁੰਦਾ ਹੈ। ਸੋ ਉਸ ਨੇ ਆਪਣੀ ਸੋਚ ਮੁਤਾਬਕ ਸਮਝਿਆ ਹੋਣਾ ਕਿ ਬੱਚੇ ਦੀ ਬਣਤਰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਡੀਜ਼ਾਈਨ ਕੀਤੀ ਗਈ ਹੁੰਦੀ ਹੈ ਅਤੇ ਨਿਰਧਾਰਿਤ ਕੀਤੇ ਗਏ ਸਮੇਂ ਅਨੁਸਾਰ ਬੱਚਾ ਬਣਦਾ ਹੈ। ਫਿਰ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਉਸ ਨੇ ਉਸ ਡੀਜ਼ਾਈਨ ਬਾਰੇ ਕਿਹਾ ਕਿ ਪਰਮੇਸ਼ੁਰ ਦੀ ‘ਪੋਥੀ ਵਿੱਚ ਓਹ ਸਭ ਲਿਖਿਆ ਗਿਆ’ ਸੀ।

11 ਅੱਜ-ਕੱਲ੍ਹ ਹਰ ਕੋਈ ਜਾਣਦਾ ਹੈ ਕਿ ਸਾਡਾ ਰੰਗ-ਰੂਪ ਆਪਣੇ ਮਾਪਿਆਂ ਅਤੇ ਦਾਦੇ-ਪੜਦਾਦਿਆਂ ਤੋਂ ਮਿਲੀਆਂ ਜੀਨਾਂ ਤੇ ਨਿਰਭਰ ਕਰਦਾ ਹੈ ਜਿਵੇਂ ਸਾਡਾ ਕੱਦ, ਸਾਡੀ ਸ਼ਕਲ, ਸਾਡੇ ਵਾਲਾਂ ਤੇ ਅੱਖਾਂ ਦਾ ਰੰਗ, ਵਗੈਰਾ-ਵਗੈਰਾ। ਸਾਡੇ ਹਰ ਸੈੱਲ ਵਿਚ ਕਈ ਹਜ਼ਾਰ ਜੀਨਾਂ ਹਨ ਅਤੇ ਹਰ ਜੀਨ ਡੀ. ਐੱਨ. ਏ. (ਡੀਆਕਸੀਰਾਈਬੋਨੁਕਲੇਇਕ ਐਸਿਡ) ਦੀ ਬਣੀ ਲੰਬੀ ਜ਼ੰਜੀਰ ਨਾਲ ਜੁੜੀ ਹੋਈ ਹੈ। ਸਾਡੀ ਬਣਤਰ ਦੀ ਇਕ-ਇਕ ਗੱਲ ਡੀ. ਐੱਨ. ਏ. ਵਿਚ “ਲਿਖੀ” ਹੋਈ ਹੈ। ਜਦ ਵੀ ਸਾਡੇ ਸੈੱਲਾਂ ਤੋਂ ਨਵੇਂ ਸੈੱਲ ਬਣਦੇ ਹਨ ਜਾਂ ਪੁਰਾਣੇ ਸੈੱਲਾਂ ਦੀ ਥਾਂ ਲੈਂਦੇ ਹਨ, ਤਾਂ ਸਾਡਾ ਡੀ. ਐੱਨ. ਏ. ਨਵੇਂ ਸੈੱਲਾਂ ਨੂੰ ਸਾਰੀ ਜਾਣਕਾਰੀ ਦੇ ਦਿੰਦਾ ਹੈ ਜਿਸ ਕਰਕੇ ਅਸੀਂ ਜ਼ਿੰਦਾ ਰਹਿੰਦੇ ਹਾਂ ਅਤੇ ਸਾਡੀ ਸ਼ਕਲ ਨਹੀਂ ਬਦਲਦੀ। ਪਰਮੇਸ਼ੁਰ ਦੀ ਤਾਕਤ ਅਤੇ ਬੁੱਧ ਦੀ ਇਹ ਕਿੰਨੀ ਸ਼ਾਨਦਾਰ ਮਿਸਾਲ ਹੈ!

(ਜ਼ਬੂਰ 139:17, 18) ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ! 18 ਜੇ ਮੈਂ ਉਨ੍ਹਾਂ ਨੂੰ ਗਿਣਾਂ, ਓਹ ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ, ਜਦ ਮੈਂ ਜਾਗ ਉੱਠਦਾ ਹਾਂ, ਮੈਂ ਤੇਰੇ ਨਾਲ ਹੁੰਦਾ ਹਾਂ।

w07 6/15 23 ਪੈਰੇ 12-13

ਸਾਡੀ ਬਣਤਰ “ਅਚਰਜ” ਹੈ

ਸਾਡਾ ਅਨੋਖਾ ਦਿਮਾਗ਼

12 “ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ! ਜੇ ਮੈਂ ਉਨ੍ਹਾਂ ਨੂੰ ਗਿਣਾਂ, ਓਹ ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ।” (ਜ਼ਬੂਰਾਂ ਦੀ ਪੋਥੀ 139:17, 18ੳ) ਜਾਨਵਰਾਂ ਨੂੰ ਵੀ ਅਸਚਰਜ ਢੰਗ ਨਾਲ ਬਣਾਇਆ ਗਿਆ ਹੈ। ਉਨ੍ਹਾਂ ਦੀਆਂ ਕੁਝ ਗਿਆਨ-ਇੰਦਰੀਆਂ ਅਤੇ ਕਾਬਲੀਅਤਾਂ ਇਨਸਾਨਾਂ ਨੂੰ ਵੀ ਮਾਤ ਦੇ ਦਿੰਦੀਆਂ ਹਨ। ਪਰ ਪਰਮੇਸ਼ੁਰ ਨੇ ਇਨਸਾਨ ਨੂੰ ਜਾਨਵਰਾਂ ਨਾਲੋਂ ਤੇਜ਼ ਦਿਮਾਗ਼ੀ ਸ਼ਕਤੀ ਦਿੱਤੀ ਹੈ। ਵਿਗਿਆਨ ਦੀ ਇਕ ਪਾਠ-ਪੁਸਤਕ ਕਹਿੰਦੀ ਹੈ: “ਭਾਵੇਂ ਇਨਸਾਨ ਅਤੇ ਹੋਰ ਜੀਵ-ਜੰਤੂ ਕਈ ਤਰੀਕਿਆਂ ਨਾਲ ਮਿਲਦੇ-ਜੁਲਦੇ ਹਨ, ਫਿਰ ਵੀ ਇਨਸਾਨ ਦੀ ਇਕ ਗੱਲ ਉਸ ਨੂੰ ਸਭ ਤੋਂ ਅਨੋਖਾ ਬਣਾਉਂਦੀ ਹੈ। ਇਹ ਹੈ ਸਾਡੀ ਬੋਲਣ ਅਤੇ ਸੋਚਣ ਦੀ ਯੋਗਤਾ। ਇਸ ਤੋਂ ਇਲਾਵਾ, ਆਪਣੇ ਆਪ ਬਾਰੇ ਜਾਣਨ ਦੀ ਸਾਡੀ ਜਿਗਿਆਸਾ ਵੀ ਅਨੋਖੀ ਹੈ ਕਿਉਂਕਿ ਅਸੀਂ ਸਵਾਲ ਪੁੱਛਦੇ ਹਾਂ ਕਿ ਸਾਡੇ ਸਰੀਰ ਨੂੰ ਕਿਵੇਂ ਬਣਾਇਆ ਗਿਆ ਸੀ?” ਹੋ ਸਕਦਾ ਹੈ ਕਿ ਦਾਊਦ ਨੇ ਵੀ ਇਹ ਸਵਾਲ ਪੁੱਛਿਆ ਹੋਵੇ।

13 ਜਾਨਵਰਾਂ ਦੇ ਉਲਟ ਸਾਡੇ ਵਿਚ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਪਰਮੇਸ਼ੁਰ ਦੇ ਵਿਚਾਰਾਂ ਉੱਤੇ ਸੋਚ-ਵਿਚਾਰ ਕਰਨ ਦੀ ਕਾਬਲੀਅਤ ਰੱਖਦੇ ਹਾਂ। ਇਹ ਇਕ ਖ਼ਾਸ ਦਾਤ ਹੈ ਕਿ ਅਸੀਂ “ਪਰਮੇਸ਼ੁਰ ਦੇ ਸਰੂਪ ਉੱਤੇ” ਬਣਾਏ ਗਏ ਹਾਂ। (ਉਤਪਤ 1:27) ਦਾਊਦ ਨੇ ਆਪਣੀ ਇਸ ਦਾਤ ਨੂੰ ਚੰਗੀ ਤਰ੍ਹਾਂ ਵਰਤਿਆ ਸੀ। ਉਸ ਨੇ ਆਪਣੇ ਆਲੇ-ਦੁਆਲੇ ਕੁਦਰਤੀ ਚੀਜ਼ਾਂ ਵੱਲ ਧਿਆਨ ਨਾਲ ਦੇਖ ਕੇ ਪਰਮੇਸ਼ੁਰ ਦੇ ਗੁਣਾਂ ਉੱਤੇ ਗੌਰ ਕੀਤਾ ਜੋ ਪਰਮੇਸ਼ੁਰ ਦੀ ਹੋਂਦ ਦਾ ਸਬੂਤ ਹਨ। ਦਾਊਦ ਕੋਲ ਬਾਈਬਲ ਦੀਆਂ ਪਹਿਲੀਆਂ ਪੋਥੀਆਂ ਵੀ ਸਨ ਜਿਨ੍ਹਾਂ ਵਿਚ ਪਰਮੇਸ਼ੁਰ ਅਤੇ ਉਸ ਦੇ ਕੰਮਾਂ ਬਾਰੇ ਦੱਸਿਆ ਗਿਆ ਸੀ। ਇਨ੍ਹਾਂ ਦੇ ਜ਼ਰੀਏ ਉਹ ਪਰਮੇਸ਼ੁਰ ਨੂੰ ਜਾਣ ਸਕਿਆ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ, ਉਸ ਦੇ ਵਿਚਾਰ ਅਤੇ ਉਸ ਦਾ ਮਕਸਦ ਕੀ ਹੈ। ਜਦ ਦਾਊਦ ਨੇ ਪਰਮੇਸ਼ੁਰ ਦੇ ਬਚਨ ਉੱਤੇ, ਉਸ ਦੀ ਸ੍ਰਿਸ਼ਟੀ ਉੱਤੇ ਅਤੇ ਉਸ ਨਾਲ ਪੇਸ਼ ਆਉਣ ਦੇ ਪਰਮੇਸ਼ੁਰ ਦੇ ਤਰੀਕੇ ਉੱਤੇ ਮਨਨ ਕੀਤਾ, ਤਾਂ ਦਾਊਦ ਪਰਮੇਸ਼ੁਰ ਦੀ ਵਡਿਆਈ ਕਰਨ ਤੋਂ ਨਾ ਰਹਿ ਸਕਿਆ।

w06 9/1 16 ਪੈਰਾ 8

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

139:17, 18. ਕੀ ਯਹੋਵਾਹ ਦਾ ਗਿਆਨ ਸਾਨੂੰ ਪਿਆਰਾ ਲੱਗਣ ਲੱਗਾ ਹੈ? (ਕਹਾਉਤਾਂ 2:10) ਜੇ ਹਾਂ ਤਾਂ ਅਸੀਂ ਜੁਗੋ-ਜੁਗ ਖ਼ੁਸ਼ ਰਹਿ ਸਕਾਂਗੇ। ਯਹੋਵਾਹ ਦੇ ਵਿਚਾਰ “ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ।” ਉਸ ਬਾਰੇ ਅਸੀਂ ਹਮੇਸ਼ਾ ਕੁਝ-ਨ-ਕੁਝ ਨਵਾਂ ਸਿੱਖਦੇ ਰਹਾਂਗੇ।

ਹੀਰੇ-ਮੋਤੀਆਂ ਦੀ ਖੋਜ ਕਰੋ

(ਜ਼ਬੂਰ 136:15) ਫਿਰਊਨ ਤੇ ਉਹ ਦੀ ਫੌਜ ਨੂੰ ਲਾਲ ਸਮੁੰਦਰ ਵਿੱਚ ਝਾੜ ਸੁੱਟਿਆ, ਉਹ ਦੀ ਦਯਾ ਜੋ ਸਦਾ ਦੀ ਹੈ।

it-1 783 ਪੈਰਾ 5

ਕੂਚ

ਯਹੋਵਾਹ ਨੇ ਜਿਸ ਸ਼ਾਨਦਾਰ ਤਰੀਕੇ ਨਾਲ ਆਪਣੀ ਸ਼ਕਤੀ ਵਰਤੀ, ਉਸ ਨਾਲ ਉਸ ਦਾ ਨਾਮ ਉੱਚਾ ਹੋਇਆ ਅਤੇ ਇਜ਼ਰਾਈਲੀਆਂ ਨੂੰ ਛੁਡਾਇਆ। ਲਾਲ ਸਮੁੰਦਰ ਦੇ ਕੰਢੇ ਸੁਰੱਖਿਅਤ ਪਹੁੰਚ ਕੇ ਮੂਸਾ ਨੇ ਗੀਤ ਗਾਉਣ ਵਿਚ ਇਜ਼ਰਾਈਲੀ ਆਦਮੀਆਂ ਦੀ ਅਗਵਾਈ ਕੀਤੀ ਤੇ ਉਸ ਦੀ ਭੈਣ ਮਰੀਅਮ ਨਬੀਆ ਨੇ ਆਪਣੇ ਹੱਥ ਵਿਚ ਡਫਲੀ ਲਈ ਅਤੇ ਬਾਕੀ ਡਫਲੀ ਵਜਾਉਂਦੀਆਂ ਤੇ ਨੱਚਦੀਆਂ ਔਰਤਾਂ ਦੀ ਅਗਵਾਈ ਕੀਤੀ ਜੋ ਗੀਤ ਗਾ ਰਹੇ ਆਦਮੀਆਂ ਨੂੰ ਗੀਤ ਗਾ ਕੇ ਜਵਾਬ ਦੇ ਰਹੀਆਂ ਸਨ। (ਕੂਚ 15:1, 20,21) ਇਜ਼ਰਾਈਲੀਆਂ ਤੋਂ ਬਿਨਾਂ ਉਨ੍ਹਾਂ ਦੇ ਦੁਸ਼ਮਣਾਂ ਦਾ ਗੁਜ਼ਾਰਾ ਚੱਲਣਾ ਬਹੁਤ ਔਖਾ ਹੋ ਗਿਆ ਸੀ। ਜਦੋਂ ਉਹ ਮਿਸਰ ਤੋਂ ਆਜ਼ਾਦ ਹੋਏ, ਤਾਂ ਉਨ੍ਹਾਂ ਨੂੰ ਇਨਸਾਨ ਜਾਂ ਜਾਨਵਰ, ਇੱਥੋਂ ਤਕ ਕੁੱਤਾ ਵੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਸੀ। (ਕੂਚ 11:7) ਹਾਲਾਂਕਿ ਕੂਚ ਦੀ ਕਿਤਾਬ ਵਿਚ ਇਹ ਨਹੀਂ ਦੱਸਿਆ ਕਿ ਫਿਰਊਨ ਖ਼ੁਦ ਆਪਣੀਆਂ ਫ਼ੌਜਾਂ ਦੇ ਨਾਲ ਸਮੁੰਦਰ ਵਿਚ ਗਿਆ ਅਤੇ ਨਾਸ਼ ਹੋ ਗਿਆ, ਪਰ ਜ਼ਬੂਰਾਂ ਦੀ ਪੋਥੀ 136:15 ਦੱਸਦਾ ਹੈ ਕਿ ਯਹੋਵਾਹ ਨੇ “ਫਿਰਊਨ ਤੇ ਉਹ ਦੀ ਫੌਜ ਨੂੰ ਲਾਲ ਸਮੁੰਦਰ ਵਿੱਚ ਝਾੜ ਸੁੱਟਿਆ।”

(ਜ਼ਬੂਰ 141:5) ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ, ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ,—ਉਨ੍ਹਾਂ ਦੀਆਂ ਬੁਰਿਆਈਆਂ ਵਿੱਚ ਵੀ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ।

w15 4/15 31 ਪੈਰਾ 1

ਮੰਡਲੀ ਵਿੱਚੋਂ ਛੇਕਿਆ ਜਾਣਾ ਪਿਆਰ ਦਾ ਸਬੂਤ—ਕਿਉਂ?

ਜੇ ਅਸੀਂ ਚਾਹੁੰਦੇ ਹਾਂ ਕਿ ਛੇਕੇ ਜਾਣ ਦਾ ਚੰਗਾ ਨਤੀਜਾ ਨਿਕਲੇ, ਤਾਂ ਸਾਨੂੰ ਪਿਆਰ ਦਿਖਾਉਣ ਅਤੇ ਇਰਾਦੇ ਦੇ ਪੱਕੇ ਰਹਿਣ ਦੀ ਲੋੜ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ ਸੀ: “ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ।” (ਜ਼ਬੂ. 141:5) ਕਲਪਨਾ ਕਰੋ ਕੋਈ ਜਣਾ ਰੋਟੀ ਖਾ ਰਿਹਾ ਹੈ ਅਤੇ ਖਾਂਦੇ-ਖਾਂਦੇ ਬੁਰਕੀ ਉਸ ਦੇ ਸੰਘ ਵਿਚ ਫਸ ਜਾਂਦੀ ਹੈ ਜਿਸ ਕਰਕੇ ਉਸ ਨੂੰ ਸਾਹ ਨਹੀਂ ਆਉਂਦਾ। ਜੇ ਕੋਈ ਤੁਰੰਤ ਉਸ ਦੀ ਮਦਦ ਨਹੀਂ ਕਰਦਾ, ਤਾਂ ਉਹ ਮਰ ਜਾਵੇਗਾ। ਫਿਰ ਇਕ ਦੋਸਤ ਉਸ ਦੀ ਪਿੱਠ ʼਤੇ ਜ਼ੋਰ-ਜ਼ੋਰ ਦੀ ਥੱਪੜ ਮਾਰਦਾ ਹੈ। ਹਾਲਾਂਕਿ ਥੱਪਣ ਨਾਲ ਸੱਟ ਤਾਂ ਲੱਗਦੀ ਹੈ, ਪਰ ਉਸ ਦੀ ਜਾਨ ਬਚ ਸਕਦੀ ਹੈ। ਇਸੇ ਤਰ੍ਹਾਂ ਦਾਊਦ ਨੂੰ ਅਹਿਸਾਸ ਹੋਇਆ ਕਿ ਧਰਮੀ ਇਨਸਾਨ ਵੱਲੋਂ ਦਿੱਤੀ ਤਾੜਨਾ ਤੋਂ ਸ਼ਾਇਦ ਉਸ ਨੂੰ ਦਰਦ ਹੋਵੇ, ਪਰ ਇਹ ਉਸ ਦੇ ਭਲੇ ਲਈ ਹੋਵੇਗੀ।

26 ਸਤੰਬਰ–2 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 142-150

“ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ”

(ਜ਼ਬੂਰ 145:1-9) ਹੇ ਮੇਰੇ ਪਰਮੇਸ਼ੁਰ, ਹੇ ਪਾਤਸ਼ਾਹ, ਮੈਂ ਤੈਨੂੰ ਸਲਾਹਾਂਗਾ, ਤੇਰੇ ਨਾਮ ਨੂੰ ਜੁੱਗੋ ਜੁੱਗ ਮੁਬਾਰਕ ਆਖਾਂਗਾ! 2 ਮੈਂ ਤੈਨੂੰ ਦਿਨੋ ਦਿਨ ਮੁਬਾਰਕ ਆਖਾਂਗਾ, ਅਤੇ ਜੁੱਗੋ ਜੁੱਗ ਤੇਰੇ ਨਾਮ ਦੀ ਉਸਤਤ ਕਰਾਂਗਾ! 3 ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, ਅਤੇ ਉਹ ਦੀ ਮਹਾਨਤਾ ਅਗੰਮ ਹੈ। 4 ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਤੇਰੀ ਕਾਰ ਦਾ ਜਸ ਸੁਣਾਏਗੀ, ਅਤੇ ਓਹ ਤਰੀਆਂ ਕੁਦਰਤਾਂ ਦੱਸਣਗੇ। 5 ਮੈਂ ਤੇਰੇ ਤੇਜਵਾਨ ਪਰਤਾਪ ਦੀ ਸ਼ਾਨ ਦਾ, ਅਤੇ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ। 6 ਓਹ ਤੇਰੇ ਭਿਆਣਕ ਕੰਮਾਂ ਦੀ ਸਮਰੱਥਾ ਦੀ ਪਰਚਾਰ ਕਰਨਗੇ, ਅਤੇ ਮੈਂ ਤੇਰੀ ਮਹਾਨਤਾ ਦਾ ਵਰਨਣ ਕਰਾਂਗਾ। 7 ਓਹ ਤੇਰੀ ਬਹੁਤੀ ਭਲਿਆਈ ਨੂੰ ਚੇਤੇ ਕਰ ਕੇ ਉੱਬਲ ਉੱਠਣਗੇ, ਅਤੇ ਓਹ ਤੇਰੇ ਧਰਮ ਦਾ ਜੈਕਾਰਾ ਗਜਾਉਣਗੇ। 8 ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਵਿੱਚ ਮਹਾਨ। 9 ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।

w04 1/15 10 ਪੈਰੇ 3-4

‘ਮੈਂ ਆਪਣੇ ਪਰਮੇਸ਼ੁਰ ਤੇ ਪਾਤਸ਼ਾਹ ਨੂੰ ਸਲਾਹਾਂਗਾ’

3 ਹਾਲਾਂਕਿ ਦਾਊਦ ਨੂੰ ਪਰਮੇਸ਼ੁਰ ਨੇ ਰਾਜਾ ਠਹਿਰਾਇਆ ਸੀ, ਪਰ ਦਾਊਦ ਯਹੋਵਾਹ ਨੂੰ ਇਸਰਾਏਲ ਦਾ ਅਸਲੀ ਪਾਤਸ਼ਾਹ ਸਮਝਦਾ ਸੀ। ਦਾਊਦ ਨੇ ਕਿਹਾ: “ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉਚੇ ਤੋਂ ਉੱਚਾ ਹੈਂ।” (1 ਇਤਹਾਸ 29:11) ਦਾਊਦ ਸੱਚ-ਮੁੱਚ ਪਰਮੇਸ਼ੁਰ ਨੂੰ ਆਪਣਾ ਹਾਕਮ ਮੰਨਦਾ ਸੀ। ਉਸ ਨੇ ਗਾਇਆ: “ਹੇ ਮੇਰੇ ਪਰਮੇਸ਼ੁਰ, ਹੇ ਪਾਤਸ਼ਾਹ, ਮੈਂ ਤੈਨੂੰ ਸਲਾਹਾਂਗਾ, ਤੇਰੇ ਨਾਮ ਨੂੰ ਜੁੱਗੋ ਜੁੱਗ ਮੁਬਾਰਕ ਆਖਾਂਗਾ! ਮੈਂ ਤੈਨੂੰ ਦਿਨੋ ਦਿਨ ਮੁਬਾਰਕ ਆਖਾਂਗਾ, ਅਤੇ ਜੁੱਗੋ ਜੁੱਗ ਤੇਰੇ ਨਾਮ ਦੀ ਉਸਤਤ ਕਰਾਂਗਾ!” (ਜ਼ਬੂਰਾਂ ਦੀ ਪੋਥੀ 145:1, 2) ਦਾਊਦ ਹਰ ਰੋਜ਼ ਅਤੇ ਹਮੇਸ਼ਾ ਲਈ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰਨੀ ਚਾਹੁੰਦਾ ਸੀ।

4 ਸ਼ਤਾਨ ਦਾਅਵਾ ਕਰਦਾ ਹੈ ਕਿ ਪਰਮੇਸ਼ੁਰ ਸੁਆਰਥੀ ਹਾਕਮ ਹੈ ਜੋ ਆਪਣੇ ਲੋਕਾਂ ਉੱਤੇ ਕਈ ਪਾਬੰਦੀਆਂ ਲਾਉਂਦਾ ਹੈ। (ਉਤਪਤ 3:1-5) ਜ਼ਬੂਰ 145 ਸ਼ਤਾਨ ਦੇ ਇਸ ਝੂਠੇ ਦਾਅਵੇ ਦਾ ਜ਼ਬਰਦਸਤ ਜਵਾਬ ਦਿੰਦਾ ਹੈ। ਇਹ ਜ਼ਬੂਰ ਸ਼ਤਾਨ ਦੇ ਇਸ ਝੂਠ ਦਾ ਵੀ ਪਰਦਾਫ਼ਾਸ਼ ਕਰਦਾ ਹੈ ਕਿ ਲੋਕ ਪਰਮੇਸ਼ੁਰ ਦਾ ਕਹਿਣਾ ਪਿਆਰ ਕਰਕੇ ਨਹੀਂ, ਬਲਕਿ ਆਪਣੇ ਸੁਆਰਥ ਕਰਕੇ ਮੰਨਦੇ ਹਨ। (ਅੱਯੂਬ 1:9-11; 2:4, 5) ਦਾਊਦ ਵਾਂਗ ਅੱਜ ਸੱਚੇ ਮਸੀਹੀ ਵੀ ਸ਼ਤਾਨ ਦੇ ਝੂਠੇ ਇਲਜ਼ਾਮਾਂ ਦਾ ਜਵਾਬ ਦੇ ਰਹੇ ਹਨ। ਉਹ ਪਰਮੇਸ਼ੁਰ ਦੀ ਹਕੂਮਤ ਅਧੀਨ ਸਦਾ ਦੀ ਜ਼ਿੰਦਗੀ ਦੀ ਆਪਣੀ ਉਮੀਦ ਨੂੰ ਬਹੁਤ ਕੀਮਤੀ ਸਮਝਦੇ ਹਨ ਕਿਉਂਕਿ ਉਹ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਉਸਤਤ ਕਰਨੀ ਚਾਹੁੰਦੇ ਹਨ। ਅੱਜ ਲੱਖਾਂ ਹੀ ਲੋਕ ਯਹੋਵਾਹ ਦੀ ਉਸਤਤ ਕਰ ਰਹੇ ਹਨ। ਉਹ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਹਨ ਅਤੇ ਯਹੋਵਾਹ ਨਾਲ ਆਪਣੇ ਪਿਆਰ ਦੀ ਖ਼ਾਤਰ ਉਸ ਦੀ ਸੇਵਾ ਕਰਦੇ ਹਨ।—ਰੋਮੀਆਂ 5:8; 1 ਯੂਹੰਨਾ 5:3.

w04 1/15 11 ਪੈਰੇ 7-8

ਯਹੋਵਾਹ ਦੀ ਮਹਾਨਤਾ ਅਸੀਮ ਹੈ

ਪਰਮੇਸ਼ੁਰ ਦੀ ਮਹਾਨਤਾ ਦੀਆਂ ਮਿਸਾਲਾਂ

7 ਜ਼ਬੂਰਾਂ ਦੀ ਪੋਥੀ 145:3 ਤੋਂ ਸਾਨੂੰ ਯਹੋਵਾਹ ਦੀ ਉਸਤਤ ਕਰਨ ਦਾ ਇਕ ਵੱਡਾ ਕਾਰਨ ਮਿਲਦਾ ਹੈ। ਦਾਊਦ ਨੇ ਗਾਇਆ: “ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, ਅਤੇ ਉਹ ਦੀ ਮਹਾਨਤਾ ਅਗੰਮ ਹੈ।” ਯਹੋਵਾਹ ਦੀ ਮਹਾਨਤਾ ਅਸੀਮ ਹੈ। ਇਨਸਾਨ ਉਸ ਦੀ ਮਹਾਨਤਾ ਦੀ ਨਾ ਹੀ ਪੂਰੀ ਤਰ੍ਹਾਂ ਖੋਜ ਕਰ ਸਕਦੇ, ਨਾ ਹੀ ਸਮਝ ਸਕਦੇ ਅਤੇ ਨਾ ਹੀ ਮਾਪ ਸਕਦੇ ਹਨ। ਪਰ ਯਹੋਵਾਹ ਦੀ ਅਸੀਮ ਮਹਾਨਤਾ ਦੀਆਂ ਮਿਸਾਲਾਂ ਉੱਤੇ ਗੌਰ ਕਰ ਕੇ ਸਾਨੂੰ ਫ਼ਾਇਦਾ ਜ਼ਰੂਰ ਹੋਵੇਗਾ।

8 ਕਲਪਨਾ ਕਰੋ ਕਿ ਤੁਸੀਂ ਸ਼ਹਿਰ ਦੀ ਜਗਮਗਾਉਂਦੀ ਰੌਸ਼ਨੀ ਤੋਂ ਬਹੁਤ ਦੂਰ ਜਾ ਕੇ ਤਾਰਿਆਂ ਨਾਲ ਭਰੇ ਆਕਾਸ਼ ਨੂੰ ਦੇਖ ਰਹੇ ਹੋ। ਕੀ ਤੁਸੀਂ ਅਜਿਹਾ ਨਜ਼ਾਰਾ ਦੇਖ ਕੇ ਹੈਰਾਨ ਨਹੀਂ ਹੋਵੋਗੇ? ਕੀ ਇਨ੍ਹਾਂ ਆਕਾਸ਼ੀ ਪਿੰਡਾਂ ਨੂੰ ਰਚਣ ਵਿਚ ਯਹੋਵਾਹ ਦੀ ਮਹਾਨਤਾ ਨੂੰ ਦੇਖ ਕੇ ਤੁਸੀਂ ਉਸ ਦੀ ਉਸਤਤ ਕਰਨ ਲਈ ਪ੍ਰੇਰਿਤ ਨਹੀਂ ਹੋਵੋਗੇ? ਪਰ ਤੁਸੀਂ ਤਾਂ ਇਕ ਗਲੈਕਸੀ ਦੇ ਅਣਗਿਣਤ ਤਾਰਿਆਂ ਦੇ ਸਿਰਫ਼ ਇਕ ਛੋਟੇ ਜਿਹੇ ਹਿੱਸੇ ਨੂੰ ਹੀ ਦੇਖਿਆ ਹੈ। ਧਰਤੀ ਵੀ ਇਸ ਗਲੈਕਸੀ ਦਾ ਇਕ ਹਿੱਸਾ ਹੈ। ਇਸ ਤੋਂ ਇਲਾਵਾ, ਇਕ ਅੰਦਾਜ਼ੇ ਮੁਤਾਬਕ ਬ੍ਰਹਿਮੰਡ ਵਿਚ ਇਕ ਖਰਬ ਨਾਲੋਂ ਜ਼ਿਆਦਾ ਗਲੈਕਸੀਆਂ ਹਨ ਜਿਨ੍ਹਾਂ ਵਿੱਚੋਂ ਸਿਰਫ਼ ਤਿੰਨ ਗਲੈਕਸੀਆਂ ਨੂੰ ਦੂਰਬੀਨ ਤੋਂ ਬਿਨਾਂ ਦੇਖਿਆ ਜਾ ਸਕਦਾ ਹੈ। ਦਰਅਸਲ, ਅਣਗਿਣਤ ਤਾਰਿਆਂ ਅਤੇ ਗਲੈਕਸੀਆਂ ਨਾਲ ਬਣਿਆ ਵਿਸ਼ਾਲ ਬ੍ਰਹਿਮੰਡ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਅਤੇ ਉਸ ਦੀ ਅਸੀਮ ਮਹਾਨਤਾ ਦਾ ਸਬੂਤ ਦਿੰਦਾ ਹੈ।—ਯਸਾਯਾਹ 40:26.

w04 1/15 14 ਪੈਰੇ 20-21

ਯਹੋਵਾਹ ਦੀ ਮਹਾਨਤਾ ਅਸੀਮ ਹੈ

ਯਹੋਵਾਹ ਦੇ ਨੈਤਿਕ ਗੁਣ ਕਿੰਨੇ ਸ਼ਾਨਦਾਰ ਹਨ!

20 ਅਸੀਂ ਦੇਖਿਆ ਹੈ ਕਿ ਜ਼ਬੂਰ 145 ਦੀਆਂ ਪਹਿਲੀਆਂ ਛੇ ਆਇਤਾਂ ਵਿਚ ਯਹੋਵਾਹ ਦੀ ਅਸੀਮ ਮਹਾਨਤਾ ਨਾਲ ਸੰਬੰਧਿਤ ਕੰਮਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਆਇਤਾਂ ਤੋਂ ਸਾਨੂੰ ਉਸ ਦੀ ਉਸਤਤ ਕਰਨ ਦੇ ਵਧੀਆ ਕਾਰਨ ਮਿਲਦੇ ਹਨ। ਸੱਤਵੀਂ ਤੋਂ ਨੌਵੀਂ ਆਇਤ ਵਿਚ ਪਰਮੇਸ਼ੁਰ ਦੇ ਨੈਤਿਕ ਗੁਣਾਂ ਕਰਕੇ ਉਸ ਦੀ ਮਹਾਨਤਾ ਦੀ ਵਡਿਆਈ ਕੀਤੀ ਗਈ ਹੈ। ਦਾਊਦ ਨੇ ਗਾਇਆ: “ਓਹ ਤੇਰੀ ਬਹੁਤੀ ਭਲਿਆਈ ਨੂੰ ਚੇਤੇ ਕਰ ਕੇ ਉੱਬਲ ਉੱਠਣਗੇ, ਅਤੇ ਓਹ ਤੇਰੇ ਧਰਮ ਦਾ ਜੈਕਾਰਾ ਗਜਾਉਣਗੇ। ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਵਿੱਚ ਮਹਾਨ। ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।”

21 ਇਨ੍ਹਾਂ ਆਇਤਾਂ ਵਿਚ ਦਾਊਦ ਪਹਿਲਾਂ ਯਹੋਵਾਹ ਦੀ ਭਲਾਈ ਅਤੇ ਧਾਰਮਿਕਤਾ ਦੇ ਗੁਣਾਂ ਬਾਰੇ ਗੱਲ ਕਰਦਾ ਹੈ ਜਿਨ੍ਹਾਂ ਬਾਰੇ ਸ਼ਤਾਨ ਨੇ ਸਵਾਲ ਖੜ੍ਹਾ ਕੀਤਾ ਸੀ। ਇਨ੍ਹਾਂ ਗੁਣਾਂ ਦਾ ਉਨ੍ਹਾਂ ਸਾਰਿਆਂ ਉੱਤੇ ਕੀ ਅਸਰ ਪੈਂਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਹਕੂਮਤ ਦੇ ਅਧੀਨ ਹੁੰਦੇ ਹਨ? ਯਹੋਵਾਹ ਦੀ ਭਲਾਈ ਅਤੇ ਹਕੂਮਤ ਕਰਨ ਦੇ ਉਸ ਦੇ ਧਰਮੀ ਤਰੀਕੇ ਤੋਂ ਉਸ ਦੇ ਸੇਵਕਾਂ ਨੂੰ ਇੰਨੀ ਖ਼ੁਸ਼ੀ ਹੁੰਦੀ ਹੈ ਕਿ ਉਹ ਉਸ ਦੀ ਉਸਤਤ ਕੀਤੇ ਬਗੈਰ ਨਹੀਂ ਰਹਿ ਸਕਦੇ। ਇਸ ਤੋਂ ਇਲਾਵਾ, ਯਹੋਵਾਹ “ਸਭਨਾਂ” ਨਾਲ ਭਲਾਈ ਕਰਦਾ ਹੈ। ਉਮੀਦ ਹੈ ਕਿ ਇਸ ਕਾਰਨ ਹੋਰ ਬਹੁਤ ਸਾਰੇ ਲੋਕਾਂ ਨੂੰ ਤੋਬਾ ਕਰਨ ਅਤੇ ਬਿਨਾਂ ਦੇਰ ਕੀਤਿਆਂ ਸੱਚੇ ਪਰਮੇਸ਼ੁਰ ਦੇ ਸੇਵਕ ਬਣਨ ਵਿਚ ਮਦਦ ਮਿਲੇਗੀ।—ਰਸੂਲਾਂ ਦੇ ਕਰਤੱਬ 14:15-17.

w04 1/15 15 ਪੈਰਾ 2

ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਵਫ਼ਾਦਾਰ ਰਹਿੰਦਾ ਹੈ

2 ਯਹੋਵਾਹ ਆਪਣੇ ਸੱਚੇ ਭਗਤਾਂ ਨੂੰ ਇਕ ਖ਼ਾਸ ਤਰੀਕੇ ਨਾਲ ਪਿਆਰ ਕਰਦਾ ਹੈ। ਇਬਰਾਨੀ ਭਾਸ਼ਾ ਵਿਚ ਇਸ ਪਿਆਰ ਵਿਚ ਵਫ਼ਾਦਾਰੀ ਅਤੇ ਦਇਆ ਵੀ ਸ਼ਾਮਲ ਹਨ। ਪ੍ਰਾਚੀਨ ਇਸਰਾਏਲ ਦਾ ਰਾਜਾ ਦਾਊਦ ਇਸ ਗੱਲ ਦੀ ਬਹੁਤ ਕਦਰ ਕਰਦਾ ਸੀ ਕਿ ਪਰਮੇਸ਼ੁਰ ਆਪਣੇ ਪਿਆਰ ਦੀ ਖ਼ਾਤਰ ਵਫ਼ਾਦਾਰ ਰਹਿੰਦਾ ਹੈ। ਇਸ ਪਿਆਰ ਨੂੰ ਉਸ ਨੇ ਆਪ ਅਨੁਭਵ ਕੀਤਾ ਸੀ ਅਤੇ ਉਹ ਇਹ ਵੀ ਜਾਣਦਾ ਸੀ ਕਿ ਪਰਮੇਸ਼ੁਰ ਨੇ ਹੋਰਨਾਂ ਲੋਕਾਂ ਨਾਲ ਵੀ ਵਫ਼ਾਦਾਰੀ ਅਤੇ ਦਇਆ ਕੀਤੀ ਸੀ। ਇਸ ਲਈ ਉਹ ਪੱਕੇ ਭਰੋਸੇ ਨਾਲ ਕਹਿ ਸਕਿਆ ਕਿ ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ‘ਦਯਾ ਵਿੱਚ ਮਹਾਨ ਹੈ।’—ਜ਼ਬੂਰਾਂ ਦੀ ਪੋਥੀ 145:8.

(ਜ਼ਬੂਰ 145:10-13) ਹੇ ਯਹੋਵਾਹ, ਤੇਰੇ ਸਾਰੇ ਕੰਮ ਤੇਰਾ ਧੰਨਵਾਦ ਕਰਨਗੇ, ਅਤੇ ਤੇਰੇ ਸੰਤ ਤੈਨੂੰ ਮੁਬਾਰਕ ਆਖਣਗੇ। 11 ਓਹ ਤੇਰੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ, 12 ਭਈ ਓਹ ਆਦਮੀ ਦੇ ਵੰਸ ਉੱਤੇ ਤੇਰੀਆਂ ਕੁਦਰਤਾਂ ਨੂੰ ਪਰਗਟ ਕਰਨ, ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ। 13 ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਪਾਤਸ਼ਾਹੀ ਹੈ, ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੀਕ।

w04 1/15 16 ਪੈਰੇ 3-6

ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਵਫ਼ਾਦਾਰ ਰਹਿੰਦਾ ਹੈ

ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀ ਪਛਾਣ

3 ਯਹੋਵਾਹ ਪਰਮੇਸ਼ੁਰ ਬਾਰੇ ਨਬੀ ਸਮੂਏਲ ਦੀ ਮਾਂ ਹੰਨਾਹ ਨੇ ਕਿਹਾ: “ਉਹ ਆਪਣੇ ਸੰਤਾਂ ਦੇ ਪੈਰਾਂ ਦੀ ਰਾਖੀ ਕਰੇਗਾ।” (1 ਸਮੂਏਲ 2:9) ਇਹ “ਸੰਤ” ਕੌਣ ਹਨ? ਰਾਜਾ ਦਾਊਦ ਇਸ ਦਾ ਜਵਾਬ ਦਿੰਦਾ ਹੈ। ਯਹੋਵਾਹ ਦੇ ਸ਼ਾਨਦਾਰ ਗੁਣਾਂ ਦੀ ਵਡਿਆਈ ਕਰਨ ਤੋਂ ਬਾਅਦ ਉਸ ਨੇ ਕਿਹਾ: “ਤੇਰੇ ਸੰਤ ਤੈਨੂੰ ਮੁਬਾਰਕ ਆਖਣਗੇ।” (ਜ਼ਬੂਰਾਂ ਦੀ ਪੋਥੀ 145:10) ਇਹ ਸੰਤ ਯਹੋਵਾਹ ਦੇ ਵਫ਼ਾਦਾਰ ਸੇਵਕ ਹਨ। ਤੁਸੀਂ ਸ਼ਾਇਦ ਸੋਚੋ ਕਿ ਇਨਸਾਨ ਪਰਮੇਸ਼ੁਰ ਨੂੰ ਮੁਬਾਰਕ ਕਿਵੇਂ ਆਖ ਸਕਦੇ ਹਨ? ਉਹ ਪਰਮੇਸ਼ੁਰ ਦੀ ਵਡਿਆਈ ਕਰਨ ਦੁਆਰਾ ਉਸ ਨੂੰ ਮੁਬਾਰਕ ਆਖਦੇ ਹਨ।

4 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਕਿਉਂਕਿ ਉਹ ਉਸ ਦੀ ਵਡਿਆਈ ਕਰਦੇ ਹਨ। ਇਕ-ਦੂਜੇ ਨਾਲ ਉੱਠਦੇ-ਬੈਠਦੇ ਅਤੇ ਮਸੀਹੀ ਸਭਾਵਾਂ ਵਿਚ ਉਹ ਕਿਹੜੇ ਵਿਸ਼ੇ ਤੇ ਗੱਲਬਾਤ ਕਰਦੇ ਹਨ? ਜੀ ਹਾਂ, ਉਹ ਯਹੋਵਾਹ ਦੇ ਰਾਜ ਬਾਰੇ ਗੱਲ ਕਰਦੇ ਹਨ। ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਦਾਊਦ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਗਾਇਆ: “ਓਹ ਤੇਰੀ [ਯਹੋਵਾਹ ਦੀ] ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ।”—ਜ਼ਬੂਰਾਂ ਦੀ ਪੋਥੀ 145:11.

5 ਕੀ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਸੁਣਦਾ ਹੈ ਜਦੋਂ ਉਹ ਉਸ ਦੀ ਵਡਿਆਈ ਕਰਦੇ ਹਨ? ਜੀ ਹਾਂ, ਉਹ ਉਨ੍ਹਾਂ ਨੂੰ ਜ਼ਰੂਰ ਸੁਣਦਾ ਹੈ। ਸਾਡੇ ਦਿਨਾਂ ਵਿਚ ਸੱਚੀ ਭਗਤੀ ਸੰਬੰਧੀ ਭਵਿੱਖਬਾਣੀ ਵਿਚ ਮਲਾਕੀ ਨੇ ਲਿਖਿਆ: “ਤਦ ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।” (ਮਲਾਕੀ 3:16) ਯਹੋਵਾਹ ਉਦੋਂ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਉਸ ਦੇ ਵਫ਼ਾਦਾਰ ਸੇਵਕ ਉਸ ਬਾਰੇ ਗੱਲਾਂ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਯਾਦ ਰੱਖਦਾ ਹੈ।

6 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਇਕ ਹੋਰ ਗੱਲ ਤੋਂ ਵੀ ਪਛਾਣਿਆ ਜਾ ਸਕਦਾ ਹੈ। ਉਹ ਦਲੇਰ ਹਨ ਅਤੇ ਉਹ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਵਿਚ ਪਹਿਲ ਕਰਦੇ ਹਨ ਜੋ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੇ। ਦਰਅਸਲ, ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ‘ਆਦਮੀ ਦੇ ਵੰਸ ਉੱਤੇ ਪਰਮੇਸ਼ੁਰ ਦੀਆਂ ਕੁਦਰਤਾਂ ਨੂੰ ਪਰਗਟ ਕਰਦੇ ਹਨ, ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ।’ (ਜ਼ਬੂਰਾਂ ਦੀ ਪੋਥੀ 145:12) ਕੀ ਤੁਸੀਂ ਮੌਕੇ ਭਾਲ ਕੇ ਅਜਨਬੀਆਂ ਨਾਲ ਯਹੋਵਾਹ ਦੀ ਪਾਤਸ਼ਾਹੀ ਬਾਰੇ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋ? ਮਨੁੱਖੀ ਸਰਕਾਰਾਂ ਜਲਦੀ ਹੀ ਨਾਸ਼ ਹੋ ਜਾਣਗੀਆਂ, ਪਰ ਯਹੋਵਾਹ ਦੀ ਪਾਤਸ਼ਾਹੀ ਹਮੇਸ਼ਾ ਲਈ ਕਾਇਮ ਰਹੇਗੀ। (1 ਤਿਮੋਥਿਉਸ 1:17) ਇਸ ਲਈ ਜ਼ਰੂਰੀ ਹੈ ਕਿ ਲੋਕ ਯਹੋਵਾਹ ਦੀ ਹਮੇਸ਼ਾ ਰਹਿਣ ਵਾਲੀ ਪਾਤਸ਼ਾਹੀ ਬਾਰੇ ਸਿੱਖਣ ਅਤੇ ਇਸ ਦੇ ਅਧੀਨ ਹੋਣ। ਦਾਊਦ ਨੇ ਗਾਇਆ: “ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਪਾਤਸ਼ਾਹੀ ਹੈ, ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੀਕ।”—ਜ਼ਬੂਰਾਂ ਦੀ ਪੋਥੀ 145:13.

(ਜ਼ਬੂਰ 145:14-16) ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ। 15 ਸਾਰਿਆਂ ਦੀਆਂ ਅੱਖਾਂ ਤੇਰੀ ਵੱਲ ਲੱਗੀਆਂ ਹੋਈਆਂ ਹਨ, ਅਤੇ ਤੂੰ ਵੇਲੇ ਸਿਰ ਉਨ੍ਹਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈਂ। 16 ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।

w04 1/15 17-18 ਪੈਰੇ 10-14

ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਵਫ਼ਾਦਾਰ ਰਹਿੰਦਾ ਹੈ

10 ਇਹ ਵੀ ਸੱਚ ਹੈ ਕਿ ਕੁਝ ਮਨੁੱਖੀ ਹਾਕਮ ਦਿਲੋਂ ਆਪਣੀ ਪਰਜਾ ਦੀ ਭਲਾਈ ਚਾਹੁੰਦੇ ਹਨ। ਪਰ ਸਭ ਤੋਂ ਚੰਗੇ ਹਾਕਮ ਵੀ ਆਪਣੀ ਪਰਜਾ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ। ਤਾਂ ਫਿਰ ਅਸੀਂ ਪੁੱਛ ਸਕਦੇ ਹਾਂ: ਕੀ ਕੋਈ ਅਜਿਹਾ ਹਾਕਮ ਹੈ ਜੋ ਆਪਣੀ ਸਾਰੀ ਪਰਜਾ ਦਾ ਇੰਨਾ ਫ਼ਿਕਰ ਕਰਦਾ ਹੈ ਕਿ ਉਹ ਮੁਸ਼ਕਲ ਸਮਿਆਂ ਵਿਚ ਹਰੇਕ ਵਿਅਕਤੀ ਦੀ ਤੁਰੰਤ ਮਦਦ ਕਰਨ ਲਈ ਆ ਜਾਂਦਾ ਹੈ? ਜੀ ਹਾਂ, ਇਕ ਹੈ। ਦਾਊਦ ਨੇ ਲਿਖਿਆ: “ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।”—ਜ਼ਬੂਰਾਂ ਦੀ ਪੋਥੀ 145:14.

11 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਅਤੇ ਬਿਪਤਾਵਾਂ ਆਉਂਦੀਆਂ ਹਨ। ਇਹ ਇਸ ਲਈ ਆਉਂਦੀਆਂ ਹਨ ਕਿਉਂਕਿ ਉਹ ਨਾਮੁਕੰਮਲ ਹਨ ਅਤੇ ਉਹ ਅਜਿਹੀ ਦੁਨੀਆਂ ਵਿਚ ਰਹਿੰਦੇ ਹਨ ਜੋ “ਦੁਸ਼ਟ” ਸ਼ਤਾਨ ਦੇ ਵੱਸ ਵਿਚ ਪਈ ਹੋਈ ਹੈ। (1 ਯੂਹੰਨਾ 5:19; ਜ਼ਬੂਰਾਂ ਦੀ ਪੋਥੀ 34:19) ਮਸੀਹੀਆਂ ਨੂੰ ਸਤਾਹਟਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕੁਝ ਕਿਸੇ ਬੀਮਾਰੀ ਕਾਰਨ ਦੁਖੀ ਹਨ ਜਾਂ ਉਨ੍ਹਾਂ ਨੂੰ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਸਹਿਣਾ ਪੈਂਦਾ ਹੈ। ਕਦੇ-ਕਦੇ ਯਹੋਵਾਹ ਦੇ ਵਫ਼ਾਦਾਰ ਸੇਵਕ ਆਪਣੀਆਂ ਗ਼ਲਤੀਆਂ ਕਾਰਨ ਨਿਰਾਸ਼ਾ ਅੱਗੇ ‘ਝੁਕ’ ਜਾਂਦੇ ਹਨ। ਉਨ੍ਹਾਂ ਉੱਤੇ ਜੋ ਮਰਜ਼ੀ ਅਜ਼ਮਾਇਸ਼ਾਂ ਆਉਣ, ਯਹੋਵਾਹ ਉਨ੍ਹਾਂ ਨੂੰ ਦਿਲਾਸਾ ਦੇਣ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਰਾਜਾ ਯਿਸੂ ਮਸੀਹ ਵੀ ਆਪਣੀ ਵਫ਼ਾਦਾਰ ਪਰਜਾ ਨਾਲ ਇਸੇ ਤਰ੍ਹਾਂ ਪਿਆਰ ਕਰਦਾ ਹੈ।—ਜ਼ਬੂਰਾਂ ਦੀ ਪੋਥੀ 72:12-14.

ਵੇਲੇ ਸਿਰ ਭੋਜਨ

12 ਪਿਆਰ ਨਾਲ ਯਹੋਵਾਹ ਆਪਣੇ ਸਾਰੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਉਹ ਉਨ੍ਹਾਂ ਨੂੰ ਭੋਜਨ ਦੇ ਕੇ ਉਨ੍ਹਾਂ ਨੂੰ ਸੰਤੁਸ਼ਟ ਕਰਦਾ ਹੈ। ਰਾਜਾ ਦਾਊਦ ਨੇ ਲਿਖਿਆ: “ਸਾਰਿਆਂ ਦੀਆਂ ਅੱਖਾਂ ਤੇਰੀ ਵੱਲ ਲੱਗੀਆਂ ਹੋਈਆਂ ਹਨ, ਅਤੇ ਤੂੰ ਵੇਲੇ ਸਿਰ ਉਨ੍ਹਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈਂ। ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂਰਾਂ ਦੀ ਪੋਥੀ 145:15, 16) ਬਿਪਤਾ ਦੇ ਸਮਿਆਂ ਵਿਚ ਵੀ ਯਹੋਵਾਹ ਹਾਲਾਤਾਂ ਨੂੰ ਬਦਲ ਸਕਦਾ ਹੈ ਤਾਂਕਿ ਉਸ ਦੇ ਵਫ਼ਾਦਾਰ ਸੇਵਕਾਂ ਨੂੰ “ਰੋਜ਼ ਦੀ ਰੋਟੀ” ਮਿਲ ਸਕੇ।—ਲੂਕਾ 11:3; 12:29, 30.

13 ਦਾਊਦ ਨੇ ਦੱਸਿਆ ਕਿ ਯਹੋਵਾਹ “ਸਾਰੇ ਜੀਆਂ” ਦੀ ਇੱਛਾ ਪੂਰੀ ਕਰਦਾ ਹੈ। ਇਨ੍ਹਾਂ ਜੀਆਂ ਵਿਚ ਜਾਨਵਰ ਵੀ ਸ਼ਾਮਲ ਹਨ। ਜੇ ਧਰਤੀ ਉੱਤੇ ਪੇੜ-ਪੌਦੇ ਅਤੇ ਸਮੁੰਦਰੀ ਪੌਦੇ ਨਾ ਹੁੰਦੇ, ਤਾਂ ਜਲਜੀਵਾਂ, ਪੰਛੀਆਂ ਅਤੇ ਧਰਤੀ ਉੱਤੇ ਰਹਿਣ ਵਾਲੇ ਜਾਨਵਰਾਂ ਲਈ ਸਾਹ ਲੈਣ ਵਾਸਤੇ ਆਕਸੀਜਨ ਨਹੀਂ ਹੋਣੀ ਸੀ ਜਾਂ ਉਨ੍ਹਾਂ ਨੂੰ ਖਾਣ ਲਈ ਭੋਜਨ ਨਹੀਂ ਮਿਲਣਾ ਸੀ। (ਜ਼ਬੂਰਾਂ ਦੀ ਪੋਥੀ 104:14) ਪਰ ਯਹੋਵਾਹ ਧਿਆਨ ਰੱਖਦਾ ਹੈ ਕਿ ਇਨ੍ਹਾਂ ਸਾਰੇ ਜੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ।

14 ਜਾਨਵਰਾਂ ਦੇ ਉਲਟ, ਇਨਸਾਨ ਅਧਿਆਤਮਿਕ ਲੋੜ ਮਹਿਸੂਸ ਕਰਦੇ ਹਨ। (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਅਨੋਖੇ ਢੰਗ ਨਾਲ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਦਾ ਹੈ। ਯਿਸੂ ਨੇ ਮਰਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਉਸ ਦੇ ਚੇਲਿਆਂ ਨੂੰ ‘ਵੇਲੇ ਸਿਰ ਅਧਿਆਤਮਿਕ ਰਸਤ’ ਦੇਵੇਗਾ। (ਮੱਤੀ 24:45) ਇਹ ਬੁੱਧਵਾਨ ਨੌਕਰ 1,44,000 ਵਿੱਚੋਂ ਬਾਕੀ ਬਚੇ ਮਸਹ ਕੀਤੇ ਹੋਏ ਮਸੀਹੀ ਹਨ। ਇਨ੍ਹਾਂ ਦੇ ਜ਼ਰੀਏ ਯਹੋਵਾਹ ਨੇ ਬਹੁਤ ਸਾਰਾ ਅਧਿਆਤਮਿਕ ਭੋਜਨ ਦਿੱਤਾ ਹੈ।

ਹੀਰੇ-ਮੋਤੀਆਂ ਦੀ ਖੋਜ ਕਰੋ

(ਜ਼ਬੂਰ 143:8) ਸਵੇਰ ਨੂੰ ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, ਮੈਂ ਜੋ ਤੇਰਾ ਭਰੋਸਾ ਰੱਖਿਆ ਹੈ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ, ਮੈਂ ਤਾਂ ਆਪਣੀ ਜਾਨ ਤੇਰੀ ਵੱਲ ਉਠਾ ਰੱਖੀ ਹੈ।

w10 1/15 21 ਪੈਰੇ 1-2

ਜ਼ਿੰਦਗੀ ਦਾ ਹਰ ਦਿਨ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਗੁਜ਼ਾਰੋ

ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਹੋਵਾਹ ਅੱਗੇ ਬੇਨਤੀ ਕੀਤੀ: ‘ਸਵੇਰ ਨੂੰ ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ।’ (ਜ਼ਬੂ. 143:8) ਜਦੋਂ ਤੁਸੀਂ ਸਵੇਰ ਨੂੰ ਉੱਠ ਕੇ ਜ਼ਿੰਦਗੀ ਦੇ ਨਵੇਂ ਦਿਨ ਲਈ ਯਹੋਵਾਹ ਦਾ ਧੰਨਵਾਦ ਕਰਦੇ ਹੋ, ਤਾਂ ਕੀ ਤੁਸੀਂ ਦਾਊਦ ਵਾਂਗ ਯਹੋਵਾਹ ਨੂੰ ਬੇਨਤੀ ਕਰਦੇ ਹੋ ਕਿ ਉਹ ਚੰਗੇ ਫ਼ੈਸਲੇ ਕਰਨ ਅਤੇ ਵਧੀਆ ਰਾਹ ʼਤੇ ਤੁਰਨ ਲਈ ਸੇਧ ਦੇਵੇ? ਤੁਸੀਂ ਜ਼ਰੂਰ ਇਵੇਂ ਕਰਦੇ ਹੋਵੋਗੇ।

ਯਹੋਵਾਹ ਦੇ ਸਮਰਪਿਤ ਸੇਵਕਾਂ ਵਜੋਂ, ਅਸੀਂ ‘ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰਨ’ ਦੀ ਕੋਸ਼ਿਸ਼ ਕਰਦੇ ਹਾਂ, ‘ਭਾਵੇਂ ਅਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹਾਂ।’ (1 ਕੁਰਿੰ. 10:31) ਅਸੀਂ ਜਾਣਦੇ ਹਾਂ ਕਿ ਸਾਡੇ ਜੀਣ ਦੇ ਤੌਰ-ਤਰੀਕਿਆਂ ਨਾਲ ਜਾਂ ਤਾਂ ਯਹੋਵਾਹ ਦੀ ਵਡਿਆਈ ਹੋਵੇਗੀ ਜਾਂ ਬਦਨਾਮੀ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਬਾਈਬਲ ਅਨੁਸਾਰ ਸ਼ਤਾਨ ਮਸੀਹ ਦੇ ਭਰਾਵਾਂ ਉੱਤੇ ਹੀ ਨਹੀਂ, ਸਗੋਂ ਧਰਤੀ ਉੱਤੇ ਪਰਮੇਸ਼ੁਰ ਦੇ ਸਾਰੇ ਸੇਵਕਾਂ ਉੱਤੇ “ਰਾਤ ਦਿਨ” ਦੋਸ਼ ਲਾਉਂਦਾ ਹੈ। (ਪਰ. 12:10) ਇਸ ਲਈ ਅਸੀਂ ਠਾਣੀ ਹੋਈ ਹੈ ਕਿ ਅਸੀਂ ਸ਼ਤਾਨ ਦੇ ਝੂਠੇ ਇਲਜ਼ਾਮਾਂ ਦਾ ਜਵਾਬ ਦੇਵਾਂਗੇ ਅਤੇ ਆਪਣੇ ਸਵਰਗੀ ਪਿਤਾ ਯਹੋਵਾਹ ਦੀ “ਰਾਤ ਦਿਨ” ਭਗਤੀ ਕਰ ਕੇ ਉਸ ਦਾ ਜੀਅ ਖ਼ੁਸ਼ ਕਰਾਂਗੇ।—ਪਰ. 7:15; ਕਹਾ. 27:11.

(ਜ਼ਬੂਰ 150:6) ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!

it-2 448

ਮੂੰਹ

ਪਰਮੇਸ਼ੁਰ ਨੇ ਇਕ ਅੰਗ ਬਣਾਇਆ ਹੈ ਜੋ ਢਿੱਡ ਲਈ ਖਾਣੇ ਨੂੰ ਤਿਆਰ ਕਰਦਾ ਹੈ ਅਤੇ ਜਿਸ ਰਾਹੀਂ ਅਸੀਂ ਗੱਲਬਾਤ ਕਰ ਸਕਦੇ ਹਾਂ। ਸਾਡੀਆਂ ਸਾਰੀਆਂ ਗੱਲਾਂ ਤੋਂ ਉਸ ਦੀ ਵਡਿਆਈ ਹੋਣੀ ਚਾਹੀਦੀ ਹੈ। (ਜ਼ਬੂ 34:1; 51:15; 71:8; 145:21) ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਹਰ ਜੀਉਂਦੀ ਚੀਜ਼ ਯਹੋਵਾਹ ਦੀ ਵਡਿਆਈ ਕਰੇਗੀ। ਇਸ ਲਈ ਜੇ ਇਨਸਾਨ ਜੀਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਮੂੰਹ ਰਾਹੀਂ ਪਰਮੇਸ਼ੁਰ ਦੀ ਵਡਿਆਈ ਕਰਨੀ ਚਾਹੀਦੀ ਹੈ। ਪੌਲੁਸ ਰਸੂਲ ਨੇ ਦੱਸਿਆ ਕਿ ਰੱਬ ਤੇ ਉਸ ਦੇ ਪੁੱਤਰ ʼਤੇ ਸਿਰਫ਼ ਵਿਸ਼ਵਾਸ ਕਰਨਾ ਹੀ ਕਾਫ਼ੀ ਨਹੀਂ ਹੈ ਭਾਵੇਂ ਉਹ ਦਿਲੋਂ ਹੀ ਕਿਉਂ ਨਾ ਹੋਵੇ। ਵਿਸ਼ਵਾਸ ਕਰਨ ਦੇ ਨਾਲ-ਨਾਲ ਸਾਰਿਆਂ ਸਾਮ੍ਹਣੇ ਇਸ ਦਾ ਐਲਾਨ ਕਰਨਾ ਵੀ ਜ਼ਰੂਰੀ ਹੈ।—ਜ਼ਬੂ 150:6; ਰੋਮੀ 10:10.

ਸ੍ਰਿਸ਼ਟੀਕਰਤਾ ਹੋਣ ਕਰਕੇ ਯਹੋਵਾਹ ਆਪਣੇ ਮਕਸਦ, ਹੱਕ ਅਤੇ ਤਾਕਤ ਅਨੁਸਾਰ ਆਪਣੇ ਸੇਵਕ ਦੇ ਮੂੰਹ ਵਿਚ ਸਹੀ ਸ਼ਬਦ ਪਾ ਸਕਦਾ ਹੈ। ਉਸ ਨੇ ਚਮਤਕਾਰੀ ਤਰੀਕੇ ਨਾਲ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਆਪਣੇ ਨਬੀਆਂ ਦੇ ਮੂੰਹ ਵਿਚ ਸ਼ਬਦ ਪਾਏ। (ਕੂਚ 4:11, 12; ਯਿਰ 1:9) ਇਕ ਮੌਕੇ ਤੇ ਉਸ ਨੇ ਗਧੀ ਤੋਂ ਵੀ ਗੱਲ ਕਰਵਾਈ ਸੀ। (ਗਿਣ 22:28, 30; 2 ਪਤ 2:15, 16) ਅੱਜ ਪਰਮੇਸ਼ੁਰ ਆਪਣੇ ਸੇਵਕਾਂ ਦੇ ਮੂੰਹ ਵਿਚ ਪਵਿੱਤਰ ਸ਼ਕਤੀ ਦੇ ਜ਼ਰੀਏ ਸ਼ਬਦ ਨਹੀਂ ਪਾਉਂਦਾ, ਸਗੋਂ ਉਸ ਦੇ ਬਚਨ ਰਾਹੀਂ ਉਨ੍ਹਾਂ ਦੇ ਮੂੰਹ ਵਿਚ ਸ਼ਬਦ ਪੈਂਦੇ ਹਨ ਜੋ ਬਚਨ ਉਨ੍ਹਾਂ ਨੂੰ ਹਰ ਚੰਗੇ ਕੰਮ ਲਈ ਤਿਆਰ ਕਰਦਾ ਹੈ। (1 ਤਿਮੋਥਿਉਸ 3:16, 17) ਉਨ੍ਹਾਂ ਨੂੰ ਇਹ ਇੰਤਜ਼ਾਰ ਕਰਨ ਦੀ ਲੋੜ ਨਹੀਂ ਕਿ ਮਸੀਹ ਧਰਤੀ ʼਤੇ ਆ ਕੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਦੱਸੇ ਤੇ ਨਾ ਹੀ ਉਨ੍ਹਾਂ ਨੂੰ ਕਿਤੇ ਹੋਰ ਜਾ ਕੇ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਨੇ ਕੀ ਪ੍ਰਚਾਰ ਕਰਨਾ ਹੈ। ਇਹ ਸੰਦੇਸ਼ ਉਨ੍ਹਾਂ ਦੇ ਸਾਮ੍ਹਣੇ ਤਿਆਰ ਪਿਆ ਹੈ ਕਿ ਉਨ੍ਹਾਂ ਨੇ ਕੀ ਬੋਲਣਾ ਹੈ। ਉਨ੍ਹਾਂ ਨੂੰ ਦੱਸਿਆ ਗਿਆ ਹੈ: “ਸੰਦੇਸ਼ ਤੇਰੇ ਨੇੜੇ ਹੈ, ਤੇਰੀ ਜ਼ਬਾਨ ʼਤੇ ਅਤੇ ਤੇਰੇ ਆਪਣੇ ਦਿਲ ਵਿਚ ਹੈ।”—ਰੋਮੀ 10:6-9; ਬਿਵ 30:11-14.

ਮੂੰਹ ਜ਼ਿੰਦਗੀ ਜਾਂ ਮੌਤ ਦਾ ਕਾਰਨ ਬਣ ਸਕਦਾ। ਮੂੰਹ ਸੰਭਾਲ ਕੇ ਬੋਲਣਾ ਜ਼ਰੂਰੀ ਹੈ ਤੇ ਯਹੋਵਾਹ ਵੀ ਇਹੀ ਕਹਿੰਦਾ ਹੈ। ਉਸ ਦਾ ਬਚਨ ਦੱਸਦਾ ਹੈ: “ਧਰਮੀ ਦਾ ਮੂੰਹ ਜੀਉਣ ਦਾ ਚਸ਼ਮਾ ਹੈ।” (ਕਹਾ 10:11) ਇਸ ਲਈ ਧਿਆਨ ਨਾਲ ਮੂੰਹ ਖੋਲ੍ਹਣਾ ਚਾਹੀਦਾ ਹੈ (ਜ਼ਬੂ 141:3; ਕਹਾ 13:3; 21:23), ਕਿਉਂਕਿ ਮੂਰਖਤਾਈ ਨਾਲ ਮੂੰਹ ਖੋਲ੍ਹਣ ਵਾਲਾ ਆਪਣੀ ਹੀ ਬਰਬਾਦੀ ਕਰੇਗਾ। (ਕਹਾ 10:14; 18:7) ਇਨਸਾਨ ਜੋ ਕੁਝ ਆਪਣੇ ਮੂੰਹੋਂ ਕੱਢਦਾ ਹੈ, ਉਸ ਲਈ ਉਹ ਪਰਮੇਸ਼ੁਰ ਅੱਗੇ ਜਵਾਬਦੇਹ ਹੈ। (ਮੱਤੀ 12:36, 37) ਕੋਈ ਵਿਅਕਤੀ ਸ਼ਾਇਦ ਜਲਦਬਾਜ਼ੀ ਵਿਚ ਕੋਈ ਸੁੱਖਣਾ ਸੁੱਖ ਲਵੇ। (ਉਪ 5:4-6) ਉਹ ਸ਼ਾਇਦ ਕਿਸੇ ਦੀ ਚਾਪਲੂਸੀ ਕਰੇ, ਉਸ ਨੂੰ ਬਰਬਾਦ ਕਰੇ ਤੇ ਆਪਣੀ ਵੀ ਭੰਡੀ ਕਰਾਵੇ। (ਕਹਾ 26:28) ਖ਼ਾਸਕਰ ਦੁਸ਼ਟਾਂ ਦੇ ਸਾਮ੍ਹਣੇ ਮੂੰਹ ਸੰਭਾਲ ਕੇ ਬੋਲਣਾ ਜ਼ਰੂਰੀ ਹੈ ਕਿਉਂਕਿ ਪਰਮੇਸ਼ੁਰ ਦਾ ਬਚਨ ਆਪਣੇ ਸੇਵਕਾਂ ਨੂੰ ਜੋ ਕਰਨ ਲਈ ਕਹਿੰਦਾ ਹੈ, ਉਸ ਦੇ ਉਲਟ ਮਾੜਾ ਜਿਹਾ ਵੀ ਕੁਝ ਕਹਿਣ ਨਾਲ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੋ ਸਕਦੀ ਹੈ ਤੇ ਕਿਸੇ ਦੀ ਮੌਤ ਵੀ ਹੋ ਸਕਦੀ ਹੈ। (ਜ਼ਬੂ 39:1) ਯਿਸੂ ਨੇ ਕੋਈ ਵੀ ਸ਼ਿਕਾਇਤ ਕੀਤੇ ਬਿਨਾਂ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਣ ਅਤੇ ਦੁਸ਼ਟ ਵਿਰੋਧੀਆਂ ਤੋਂ ਬਦਲਾ ਨਾ ਲੈਣ ਵਿਚ ਵਧੀਆ ਮਿਸਾਲ ਕਾਇਮ ਕੀਤੀ।—ਯਸਾ 53:7; ਰਸੂ 8:32; 1 ਪਤ 2:23.

ਇਕ ਮਸੀਹੀ ਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਨਾਮੁਕੰਮਲ ਹੈ; ਉਸ ਨੂੰ ਆਪਣੇ ਦਿਲ ਜਾਂ ਮਨ ਦੀ ਰਾਖੀ ਕਰਨੀ ਚਾਹੀਦੀ ਹੈ। ਯਿਸੂ ਨੇ ਕਿਹਾ ਸੀ ਕਿ ਇਨਸਾਨ ਜੋ ਕੁਝ ਖਾਂਦਾ ਹੈ ਉਸ ਨਾਲ ਨਹੀਂ, ਸਗੋਂ ਜੋ ਕੁਝ ਉਸ ਦੇ ਮੂੰਹੋਂ ਨਿਕਲਦਾ ਹੈ ਉਸ ਨਾਲ ਭ੍ਰਿਸ਼ਟ ਹੁੰਦਾ ਹੈ ਕਿਉਂਕਿ “ਜੋ ਮਨ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ।” (ਮੱਤੀ 12:34; 15:11) ਇਸ ਲਈ ਇਕ ਵਿਅਕਤੀ ਨੂੰ ਬਿਨਾਂ ਸੋਚੇ-ਸਮਝੇ ਨਹੀਂ ਬੋਲਣਾ ਚਾਹੀਦਾ ਹੈ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦੇ ਕੀ ਅੰਜਾਮ ਹੋ ਸਕਦੇ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਇਕ ਵਿਅਕਤੀ ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਲਈ ਦਿਮਾਗ਼ ਤੋਂ ਕੰਮ ਲਵੇ।—ਕਹਾ 13:3; 21:23.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ