ਕਮਲ ਵਿਰਦੀ | ਜੀਵਨੀ
“ਮੈਂ ਚਾਹੁੰਦੀ ਸੀ ਕਿ ਸਾਰਿਆਂ ਨਾਲ ਇਨਸਾਫ਼ ਹੋਵੇ”
ਅਗਸਤ 1973 ਵਿਚ ਮੈਂ ਅਤੇ ਮੇਰੀਆਂ ਦੋ ਭੈਣਾਂ ਇੰਗਲੈਂਡ ਦੇ ਟਵਿਕਨਮ ਸ਼ਹਿਰ ਵਿਚ ਇਕ ਅੰਤਰਰਾਸ਼ਟਰੀ ਸੰਮੇਲਨ ʼਤੇ ਗਈਆਂ। ਉਸ ਸੰਮੇਲਨ ਦਾ ਵਿਸ਼ਾ ਸੀ: “ਪਰਮੇਸ਼ੁਰੀ ਜਿੱਤ।” ਉੱਥੇ ਅਸੀਂ ਭਰਾ ਐਡਵਿਨ ਸਕਿਨਰ ਨੂੰ ਮਿਲੀਆਂ ਜੋ 1926 ਤੋਂ ਭਾਰਤ ਵਿਚ ਇਕ ਮਿਸ਼ਨਰੀ ਵਜੋਂ ਸੇਵਾ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਸੀਂ ਪੰਜਾਬੀ ਬੋਲਦੀਆਂ ਹਾਂ, ਤਾਂ ਉਨ੍ਹਾਂ ਨੇ ਸਾਨੂੰ ਕਿਹਾ: “ਤੁਸੀਂ ਇੱਥੇ ਕੀ ਕਰ ਰਹੀਆਂ ਹੋ? ਤੁਹਾਨੂੰ ਤਾਂ ਭਾਰਤ ਜਾਣਾ ਚਾਹੀਦਾ!” ਇਸ ਲਈ ਅਸੀਂ ਭਾਰਤ ਜਾਣ ਦਾ ਫ਼ੈਸਲਾ ਕੀਤਾ ਅਤੇ ਇੱਦਾਂ ਮੈਂ ਪੰਜਾਬੀ ਬੋਲਣ ਵਾਲੇ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਵਿਚ ਮਦਦ ਕਰਨ ਲੱਗੀ। ਆਓ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਗੱਲਬਾਤ ਤੋਂ ਪਹਿਲਾਂ ਕੀ ਹੋਇਆ ਸੀ।
ਮੇਰਾ ਜਨਮ ਅਪ੍ਰੈਲ 1951 ਵਿਚ ਕੀਨੀਆ ਦੇ ਨੈਰੋਬੀ ਸ਼ਹਿਰ ਵਿਚ ਹੋਇਆ ਸੀ। ਮੇਰੇ ਮਾਪੇ ਭਾਰਤ ਤੋਂ ਸਨ ਅਤੇ ਉਹ ਸਿੱਖ ਧਰਮ ਨੂੰ ਮੰਨਦੇ ਸਨ। ਮੇਰੇ ਡੈਡੀ ਦੀ ਪਹਿਲੀ ਪਤਨੀ ਮੇਰੇ ਮੰਮੀ ਸਨ ਅਤੇ ਉਹ ਮੇਰੇ ਡੈਡੀ ਨੂੰ ਮੇਰੀ ਵਿਧਵਾ ਤਾਈ ਨੂੰ ਆਪਣੇ ਘਰ ਬਿਠਾਉਣ ਤੋਂ ਨਹੀਂ ਰੋਕ ਸਕੇ। ਮੇਰੇ ਮੰਮੀ ਦੇ ਬੱਚੇ ਅਤੇ ਮਤਰੇਈ ਮੰਮੀ ਦੇ ਬੱਚੇ ਲਗਭਗ ਇੱਕੋ ਸਮੇਂ ਤੇ ਪੈਦਾ ਹੋਏ। ਇਸ ਕਰਕੇ ਮੇਰੀ ਪਰਵਰਿਸ਼ ਸਕੇ ਅਤੇ ਮਤਰੇਏ ਭੈਣਾਂ-ਭਰਾਵਾਂ ਨਾਲ ਹੋਈ। ਮੇਰੇ ਤਾਇਆ ਜੀ ਦਾ ਵੀ ਇਕ ਮੁੰਡਾ ਸੀ। ਇਸ ਤਰ੍ਹਾਂ ਅਸੀਂ ਕੁੱਲ ਮਿਲਾ ਕੇ ਸੱਤ ਬੱਚੇ ਸੀ। 1964 ਵਿਚ ਮੇਰੇ ਡੈਡੀ ਜੀ ਦੀ ਮੌਤ ਹੋ ਗਈ। ਉਸ ਵੇਲੇ ਮੈਂ ਸਿਰਫ਼ 13 ਸਾਲਾਂ ਦੀ ਸੀ।
ਮੈਂ ਇਨਸਾਫ਼ ਦੀ ਭਾਲ ਕਰ ਰਹੀ ਸੀ
ਵੱਡੇ ਹੁੰਦਿਆਂ ਮੈਂ ਆਪਣੇ ਪਰਿਵਾਰ ਵਿਚ ਲੜਾਈ-ਝਗੜਾ ਅਤੇ ਪੱਖਪਾਤ ਹੁੰਦਾ ਦੇਖਿਆ ਸੀ। ਬਾਅਦ ਵਿਚ ਜਦੋਂ ਮੈਂ ਬਾਈਬਲ ਵਿੱਚੋਂ ਲੇਆਹ ਅਤੇ ਰਾਕੇਲ ਦਾ ਬਿਰਤਾਂਤ ਪੜ੍ਹਿਆ, ਤਾਂ ਮੈਨੂੰ ਲੱਗਾ ਕਿ ਸਾਡੇ ਪਰਿਵਾਰ ਦੀ ਕਹਾਣੀ ਵੀ ਇਹੀ ਸੀ। ਮੈਂ ਦੇਖਿਆ ਸੀ ਕਿ ਸਾਡੇ ਘਰ ਵਿਚ ਕੰਮ ਕਰਨ ਵਾਲੇ ਨੌਕਰਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਉਹ ਅਫ਼ਰੀਕੀ ਸਨ ਅਤੇ ਸਾਨੂੰ ਸਿਖਾਇਆ ਜਾਂਦਾ ਸੀ ਕਿ ਉਹ ਸਾਡੇ ਤੋਂ ਘੱਟ ਦਰਜੇ ਦੇ ਸਨ। ਮੇਰੇ ਡੈਡੀ ਜੀ ਚਾਹੁੰਦੇ ਸਨ ਕਿ ਅਸੀਂ ਆਪਣੇ ਯੂਰਪੀ ਗੁਆਂਢੀਆਂ ਨਾਲ ਦੋਸਤੀ ਕਰੀਏ। ਉਹ ਸਾਨੂੰ ਕਹਿੰਦੇ ਸਨ ਕਿ ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ਉਹ ਅਫ਼ਰੀਕਾ ਦੇ ਲੋਕਾਂ ਬਾਰੇ ਕਹਿੰਦੇ ਸਨ ਕਿ ਅਸੀਂ ਉਨ੍ਹਾਂ ਨਾਲ ਸੰਗਤੀ ਨਾ ਕਰੀਏ ਕਿਉਂਕਿ ਅਸੀਂ ਉਨ੍ਹਾਂ ਤੋਂ ਕੁਝ ਵੀ ਨਹੀਂ ਸਿੱਖ ਸਕਦੇ। ਨਾਲੇ ਸਾਨੂੰ ਇਹ ਵੀ ਸਿਖਾਇਆ ਜਾਂਦਾ ਸੀ ਕਿ ਅਸੀਂ ਪਾਕਿਸਤਾਨੀ ਲੋਕਾਂ ਨਾਲ ਵੀ ਦੋਸਤੀ ਨਾ ਕਰੀਏ ਕਿਉਂਕਿ ਉਨ੍ਹਾਂ ਨੂੰ ਸਾਡੇ ਦੁਸ਼ਮਣ ਸਮਝਿਆ ਜਾਂਦਾ ਸੀ। ਮੈਂ ਹਮੇਸ਼ਾ ਚਾਹੁੰਦੀ ਸੀ ਕਿ ਸਾਰਿਆਂ ਨਾਲ ਇਨਸਾਫ਼ ਕੀਤਾ ਜਾਵੇ। ਇਸ ਕਰਕੇ ਮੈਂ ਆਪਣੇ ਡੈਡੀ ਦੀ ਸੋਚ ਨਾਲ ਸਹਿਮਤ ਨਹੀਂ ਸੀ।
ਸਿੱਖ ਧਰਮ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਲਗਭਗ 15ਵੀਂ ਸਦੀ ਵਿਚ ਕੀਤੀ ਸੀ। ਮੈਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਮੰਨਣ ਲੱਗ ਪਈ। ਉਨ੍ਹਾਂ ਵਿੱਚੋਂ ਇਕ ਸਿੱਖਿਆ ਸੀ ਕਿ ਇੱਕੋ ਹੀ ਸੱਚਾ ਰੱਬ ਹੈ। ਪਰ ਜਦੋਂ ਮੈਂ ਸਿੱਖ ਧਰਮ ਦੇ ਲੋਕਾਂ ਵਿਚ ਬੇਇਨਸਾਫ਼ੀ ਹੁੰਦੀ ਦੇਖੀ, ਤਾਂ ਮੈਂ ਸੋਚਿਆ ਕਿ ਇਸ ਵਿਚ ਕੁਝ ਤਾਂ ਗੜਬੜ ਹੈ।
ਸਿਰਫ਼ ਇਹੀ ਗੱਲ ਮੈਨੂੰ ਪਰੇਸ਼ਾਨ ਨਹੀਂ ਸੀ ਕਰ ਰਹੀ, ਸਗੋਂ ਹੋਰ ਵੀ ਕਈ ਗੱਲਾਂ ਸਨ। ਮਿਸਾਲ ਲਈ, ਸਿੱਖ ਧਰਮ ਦੀ ਸ਼ੁਰੂਆਤ ਲਗਭਗ 500 ਸਾਲ ਪਹਿਲਾਂ ਹੀ ਹੋਈ ਸੀ। ਇਸ ਕਰਕੇ ਮੈਂ ਅਕਸਰ ਸੋਚਦੀ ਸੀ, ‘ਇਸ ਤੋਂ ਪਹਿਲਾਂ ਲੋਕ ਕੀ ਮੰਨਦੇ ਸਨ? ਜਦੋਂ ਦੁਨੀਆਂ ਦੀ ਸ਼ੁਰੂਆਤ ਹੋਈ, ਤਾਂ ਲੋਕ ਰੱਬ ਦੀ ਭਗਤੀ ਕਿੱਦਾਂ ਕਰਦੇ ਸਨ?’ ਸਾਡੇ ਘਰ ਵਿਚ ਲੱਗੇ ਕਲੰਡਰ ʼਤੇ ਸਿੱਖਾਂ ਦੇ ਦਸ ਗੁਰੂਆਂ ਦੀਆਂ ਤਸਵੀਰਾਂ ਸਨ। ਮੈਂ ਸੋਚਦੀ ਹੁੰਦੀ ਸੀ, ‘ਸਾਨੂੰ ਕਿੱਦਾਂ ਪਤਾ ਕਿ ਉਹ ਦੇਖਣ ਵਿਚ ਕਿੱਦਾਂ ਦੇ ਸਨ? ਨਾਲੇ ਜਦੋਂ ਗੁਰੂਆਂ ਨੇ ਕਿਹਾ ਕਿ ਸਾਨੂੰ ਸਿਰਫ਼ ਇਕ ਹੀ ਰੱਬ ਦੀ ਭਗਤੀ ਕਰਨੀ ਚਾਹੀਦੀ ਹੈ, ਤਾਂ ਮੇਰਾ ਪਰਿਵਾਰ ਤੇ ਹੋਰ ਲੋਕ ਇਨ੍ਹਾਂ ਗੁਰੂਆਂ ਦੀਆਂ ਤਸਵੀਰਾਂ ਅੱਗੇ ਮੱਥਾ ਕਿਉਂ ਟੇਕਦੇ ਹਨ?’
1965 ਵਿਚ ਮੈਂ ਆਪਣੇ ਪਰਿਵਾਰ ਨਾਲ ਭਾਰਤ ਚਲੀ ਗਈ। ਉਸ ਵੇਲੇ ਮੈਂ 14 ਸਾਲ ਦੀ ਸੀ। ਸਾਡੇ ਕੋਲ ਹੁਣ ਜ਼ਿਆਦਾ ਪੈਸੇ ਨਹੀਂ ਸਨ, ਇਸ ਲਈ ਸਾਨੂੰ ਭਾਰਤ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਲਗਭਗ ਇਕ ਸਾਲ ਬਾਅਦ ਅਸੀਂ ਇੰਗਲੈਂਡ ਜਾਣ ਦਾ ਫ਼ੈਸਲਾ ਕੀਤਾ। ਪਰ ਜ਼ਿਆਦਾ ਪੈਸੇ ਨਾ ਹੋਣ ਕਰਕੇ ਅਸੀਂ ਸਾਰੇ ਇਕੱਠੇ ਉੱਥੇ ਨਹੀਂ ਜਾ ਸਕਦੇ ਸੀ। ਇਸ ਲਈ ਅਸੀਂ ਦੋ-ਦੋ ਕਰ ਕੇ ਇੰਗਲੈਂਡ ਦੇ ਲੈਸਟਰ ਸ਼ਹਿਰ ਵਿਚ ਚਲੇ ਗਏ।
16 ਸਾਲ ਦੀ ਉਮਰ ਵਿਚ ਮੈਂ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਮੇਰੀ ਪੜ੍ਹਾਈ ਵਿੱਚੇ ਛੁੱਟ ਗਈ ਸੀ, ਇਸ ਲਈ ਮੈਂ ਉੱਥੇ ਰਾਤ ਨੂੰ ਚੱਲਣ ਵਾਲੇ ਇਕ ਸਕੂਲ ਵਿਚ ਜਾਣ ਲੱਗੀ। ਕੰਮ ਦੀ ਥਾਂ ʼਤੇ ਮੈਂ ਦੇਖਿਆ ਕਿ ਬਹੁਤ ਪੱਖਪਾਤ ਹੁੰਦਾ ਸੀ। ਮਿਸਾਲ ਲਈ, ਦੂਸਰੇ ਦੇਸ਼ ਤੋਂ ਆਏ ਲੋਕਾਂ ਦੇ ਮੁਕਾਬਲੇ ਗੋਰੇ ਲੋਕਾਂ ਨੂੰ ਜ਼ਿਆਦਾ ਤਨਖ਼ਾਹ ਦਿੱਤੀ ਜਾਂਦੀ ਸੀ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕੀ। ਇਸ ਲਈ ਮੈਂ ਨੌਜਵਾਨਾਂ ਨਾਲ ਬਣੇ ਇਕ ਲੇਬਰ ਯੂਨੀਅਨ ਨਾਲ ਜੁੜ ਗਈ। ਮੈਂ ਦੂਸਰੇ ਦੇਸ਼ਾਂ ਤੋਂ ਆਈਆਂ ਕੁਝ ਔਰਤਾਂ ਨੂੰ ਇਕੱਠਾ ਕੀਤਾ ਅਤੇ ਸਾਰਿਆਂ ਨੂੰ ਬਰਾਬਰ ਤਨਖ਼ਾਹ ਦਿਵਾਉਣ ਲਈ ਹੜਤਾਲ ਕਰਦੀ ਸੀ। ਮੈਂ ਬੱਸ ਇੰਨਾ ਚਾਹੁੰਦੀ ਸੀ ਕਿ ਸਾਰਿਆਂ ਨੂੰ ਇਨਸਾਫ਼ ਮਿਲੇ।
ਮੈਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਗਏ
1968 ਵਿਚ ਦੋ ਯਹੋਵਾਹ ਦੇ ਗਵਾਹਾਂ ਨੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ। ਉਸ ਸਮੇਂ ਮੈਂ ਪਹਿਲੀ ਵਾਰ ਗਵਾਹਾਂ ਨੂੰ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਰੱਬ ਦਾ ਰਾਜ ਆਵੇਗਾ, ਉਦੋਂ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ। ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ। ਫਿਰ ਉਨ੍ਹਾਂ ਵਿੱਚੋਂ ਇਕ ਗਵਾਹ ਆਪਣੀ ਪਤਨੀ ਨਾਲ ਸਾਡੇ ਘਰ ਦੁਬਾਰਾ ਆਇਆ। ਮੈਂ, ਮੇਰੀ ਭੈਣ ਜਸਵਿੰਦਰ ਅਤੇ ਮੇਰੀ ਮਤਰੇਈ ਭੈਣ ਚੰਨੀ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈਆਂ। ਸਿਰਫ਼ ਛੇ ਪਾਠਾਂ ʼਤੇ ਚਰਚਾ ਕਰਨ ਤੋਂ ਬਾਅਦ ਹੀ ਸਾਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ, ਉਸ ਨੇ ਹੀ ਬਾਈਬਲ ਲਿਖਵਾਈ ਹੈ ਅਤੇ ਉਸ ਦੇ ਰਾਜ ਵਿਚ ਹੀ ਹਰ ਕਿਸੇ ਨੂੰ ਇਨਸਾਫ਼ ਮਿਲੇਗਾ।
ਪਰ ਸਾਡਾ ਪਰਿਵਾਰ ਸਾਡਾ ਬਹੁਤ ਜ਼ਿਆਦਾ ਵਿਰੋਧ ਕਰਨ ਲੱਗ ਪਿਆ। ਡੈਡੀ ਦੀ ਮੌਤ ਤੋਂ ਬਾਅਦ ਮੇਰਾ ਮਤਰੇਆ ਭਰਾ ਘਰ ਦਾ ਮੁਖੀ ਬਣ ਗਿਆ। ਮੇਰੀ ਮਤਰੇਈ ਮਾਂ ਉਸ ਦੇ ਕੰਨ ਭਰਨ ਲੱਗ ਪਈ ਅਤੇ ਉਸ ਦੀਆਂ ਗੱਲਾਂ ਵਿਚ ਆ ਕੇ ਉਹ ਸਾਡਾ ਵਿਰੋਧ ਕਰਨ ਲੱਗਾ। ਉਹ ਸੇਫ਼ਟੀ ਬੂਟ ਪਾਉਂਦਾ ਸੀ ਜਿਨ੍ਹਾਂ ਨਾਲ ਉਹ ਮੇਰੀਆਂ ਛੋਟੀਆਂ ਭੈਣਾਂ ਜਸਵਿੰਦਰ ਤੇ ਚੰਨੀ ਨੂੰ ਠੁੱਡਾਂ ਮਾਰਦਾ ਸੀ ਅਤੇ ਉਨ੍ਹਾਂ ਨੂੰ ਮਾਰਦਾ-ਕੁੱਟਦਾ ਵੀ ਸੀ। ਉਹ ਜਾਣਦਾ ਸੀ ਕਿ ਮੈਂ 18 ਸਾਲਾਂ ਦੀ ਸੀ ਜਿਸ ਕਰਕੇ ਉਹ ਮੈਨੂੰ ਹੱਥ ਵੀ ਨਹੀਂ ਸੀ ਲਾ ਸਕਦਾ। ਨਾਲੇ ਜੇ ਉਹ ਕੁਝ ਕਰਦਾ, ਤਾਂ ਮੈਂ ਪੁਲਿਸ ਵਿਚ ਉਸ ਦੀ ਰਿਪੋਰਟ ਕਰ ਸਕਦੀ ਸੀ। ਪਰ ਮੇਰੀਆਂ ਭੈਣਾਂ ਛੋਟੀਆਂ ਸਨ। ਇਸ ਲਈ ਉਸ ਨੂੰ ਲੱਗਦਾ ਸੀ ਕਿ ਉਹ ਉਨ੍ਹਾਂ ਨਾਲ ਜਿੱਦਾਂ ਮਰਜ਼ੀ ਪੇਸ਼ ਆ ਸਕਦਾ ਸੀ। ਇਕ ਵਾਰ ਉਸ ਨੇ ਬਾਈਬਲ ਲਈ, ਉਸ ਨੂੰ ਵਿੱਚੋਂ ਖੋਲ੍ਹਿਆ ਤੇ ਉਸ ਨੂੰ ਅੱਗ ਲਾ ਦਿੱਤੀ। ਫਿਰ ਜਦੋਂ ਬਾਈਬਲ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ, ਤਾਂ ਉਹ ਬਾਈਬਲ ਨੂੰ ਉਨ੍ਹਾਂ ਦੇ ਮੂੰਹ ਕੋਲ ਲੈ ਗਿਆ ਅਤੇ ਕਿਹਾ: “ਆਪਣੇ ਯਹੋਵਾਹ ਨੂੰ ਕਹੋ ਕਿ ਉਹ ਇਸ ਅੱਗ ਨੂੰ ਬੁਝਾ ਦੇਵੇ!” ਉਸ ਸਮੇਂ ਤਕ ਅਸੀਂ ਚੋਰੀ-ਛਿਪੇ ਸਿਰਫ਼ ਇਕ-ਦੋ ਸਭਾਵਾਂ ʼਤੇ ਹੀ ਗਈਆਂ ਸੀ, ਪਰ ਅਸੀਂ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀਆਂ ਸੀ। ਪਰ ਆਪਣੇ ਹਾਲਾਤਾਂ ਕਰਕੇ ਸਾਨੂੰ ਇੱਦਾਂ ਕਰਨਾ ਨਾਮੁਮਕਿਨ ਲੱਗ ਰਿਹਾ ਸੀ। ਇਸ ਲਈ ਅਸੀਂ ਸੋਚਿਆ ਕਿ ਅਸੀਂ ਘਰੋਂ ਭੱਜ ਕੇ ਕਿਤੇ ਹੋਰ ਚਲੇ ਜਾਵਾਂਗੀਆਂ। ਚਲੋ ਮੈਂ ਦੱਸਦੀ ਹਾਂ ਕਿ ਅਸੀਂ ਇਹ ਕਿੱਦਾਂ ਕੀਤਾ।
ਸਾਨੂੰ ਸਕੂਲ ਵਿਚ ਖਾਣ-ਪੀਣ ਲਈ ਅਤੇ ਬੱਸ ਦੇ ਕਿਰਾਏ ਲਈ ਜੋ ਪੈਸੇ ਮਿਲਦੇ ਸੀ, ਅਸੀਂ ਉਹ ਚੋਰੀ-ਛਿਪੇ ਬਚਾ ਕੇ ਰੱਖਣ ਲੱਗ ਪਈਆਂ। ਨਾਲੇ ਜਿਹੜੀ ਤਨਖ਼ਾਹ ਮੈਂ ਆਪਣੀ ਮਤਰੇਈ ਮਾਂ ਨੂੰ ਦਿੰਦੀ ਸੀ, ਉਸ ਵਿੱਚੋਂ ਵੀ ਮੈਂ ਥੋੜ੍ਹੇ ਪੈਸੇ ਬਚਾਉਣ ਲੱਗ ਪਈ। ਫਿਰ ਅਸੀਂ ਤਿੰਨ ਸੂਟਕੇਸ ਖ਼ਰੀਦੇ ਅਤੇ ਆਪਣੇ ਘਰ ਤੋਂ ਦੂਰ ਇਕ ਜਗ੍ਹਾ ʼਤੇ ਲੁਕਾ ਕੇ ਰੱਖ ਲਏ। ਹੌਲੀ-ਹੌਲੀ ਅਸੀਂ ਉਨ੍ਹਾਂ ਵਿਚ ਆਪਣੇ ਕੱਪੜੇ ਰੱਖਣ ਲੱਗ ਪਈਆਂ। ਮਈ 1972 ਵਿਚ ਜਸਵਿੰਦਰ 18 ਸਾਲਾਂ ਦੀ ਹੋਣ ਵਾਲੀ ਹੀ ਸੀ ਅਤੇ ਉਸ ਵੇਲੇ ਤਕ ਅਸੀਂ 100 ਪੌਂਡ (ਲਗਭਗ 2,000 ਰੁਪਏ) ਜਮ੍ਹਾ ਕਰ ਲਏ ਸੀ। ਫਿਰ ਅਸੀਂ ਇਕ ਟ੍ਰੇਨ ਵਿਚ ਬੈਠ ਕੇ ਇੰਗਲੈਂਡ ਦੇ ਦੱਖਣੀ-ਪੱਛਮੀ ਇਲਾਕੇ ਦੇ ਪੈਨਜ਼ਾਂਸ ਸ਼ਹਿਰ ਚਲੇ ਗਈਆਂ। ਪੈਨਜ਼ਾਂਸ ਪਹੁੰਚ ਕੇ ਅਸੀਂ ਇਕ ਫ਼ੋਨ ਬੂਥ ਤੋਂ ਉੱਥੇ ਦੇ ਗਵਾਹਾਂ ਨੂੰ ਫ਼ੋਨ ਕੀਤਾ। ਭੈਣਾਂ-ਭਰਾਵਾਂ ਨੇ ਸਾਡਾ ਬਹੁਤ ਪਿਆਰ ਨਾਲ ਸੁਆਗਤ ਕੀਤਾ। ਫਿਰ ਕਿਰਾਏ ʼਤੇ ਇਕ ਫਲੈਟ ਲੈਣ ਅਤੇ ਆਪਣਾ ਗੁਜ਼ਾਰਾ ਤੋਰਨ ਲਈ ਅਸੀਂ ਕੁਝ ਛੋਟੇ-ਮੋਟੇ ਕੰਮ ਕਰਨ ਲੱਗ ਪਈਆਂ, ਜਿਵੇਂ ਕਿ ਮੱਛੀਆਂ ਨੂੰ ਕੱਟ ਕੇ ਸਾਫ਼ ਕਰਨਾ ਅਤੇ ਇੱਦਾਂ ਦੇ ਹੋਰ ਕੰਮ।
ਅਸੀਂ ਇਕ ਬਜ਼ੁਰਗ ਪਤੀ-ਪਤਨੀ ਨਾਲ ਦੁਬਾਰਾ ਤੋਂ ਬਾਈਬਲ ਸਟੱਡੀ ਕਰਨ ਲੱਗ ਪਈਆਂ। ਉਨ੍ਹਾਂ ਦਾ ਨਾਂ ਸੀ, ਹੈਰੀ ਅਤੇ ਬੈਟੀ ਬ੍ਰਿਗਜ਼। ਫਿਰ ਸਤੰਬਰ 1972 ਵਿਚ ਅਸੀਂ ਟਰੂਰੋ ਕਿੰਗਡਮ ਹਾਲ ਵਿਚ ਇਕ ਛੋਟੇ ਜਿਹੇ ਪੂਲ ਵਿਚ ਬਪਤਿਸਮਾ ਲੈ ਲਿਆ। ਸਾਡੇ ਘਰਦਿਆਂ ਨੂੰ ਹਾਲੇ ਤਕ ਨਹੀਂ ਸੀ ਪਤਾ ਕਿ ਅਸੀਂ ਕਿੱਥੇ ਸੀ। ਬਪਤਿਸਮੇ ਤੋਂ ਬਾਅਦ ਚੰਨੀ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਤੇ ਜਸਵਿੰਦਰ ਕੰਮ ਕਰ ਕੇ ਘਰ ਦਾ ਗੁਜ਼ਾਰਾ ਤੋਰਦੀਆਂ ਸੀ।
ਉੱਥੇ ਜਾ ਕੇ ਸੇਵਾ ਕਰਨੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ
ਭਰਾ ਹੈਰੀ ਅਤੇ ਭੈਣ ਬੈਟੀ ਲਗਭਗ 90 ਸਾਲਾਂ ਦੇ ਸਨ, ਫਿਰ ਵੀ ਉਹ ਸਮੇਂ-ਸਮੇਂ ਤੇ ਇੰਗਲੈਂਡ ਦੇ ਦੱਖਣੀ-ਪੱਛਮੀ ਤਟ ʼਤੇ ਸਿਲੀ ਨਾਂ ਦੇ ਟਾਪੂ ʼਤੇ ਪ੍ਰਚਾਰ ਕਰਨ ਜਾਂਦੇ ਸਨ। ਉਨ੍ਹਾਂ ਦਾ ਜੋਸ਼ ਦੇਖ ਕੇ ਸਾਡਾ ਵੀ ਮਨ ਕਰਨ ਲੱਗਾ ਕਿ ਅਸੀਂ ਵੀ ਕੁਝ ਇੱਦਾਂ ਦਾ ਕਰੀਏ। ਫਿਰ 1973 ਵਿਚ ਸਾਡੀ ਮੁਲਾਕਾਤ ਭਰਾ ਸਕਿਨਰ ਨਾਲ ਹੋਈ ਜਿਨ੍ਹਾਂ ਬਾਰੇ ਮੈਂ ਸ਼ੁਰੂ ਵਿਚ ਦੱਸਿਆ ਸੀ। ਉਨ੍ਹਾਂ ਨਾਲ ਗੱਲਬਾਤ ਹੋਣ ਤੋਂ ਬਾਅਦ ਅਸੀਂ ਸਮਝ ਗਈਆਂ ਕਿ ਸਾਨੂੰ ਕੀ ਕਰਨਾ ਚਾਹੀਦਾ।
ਜਨਵਰੀ 1974 ਵਿਚ ਅਸੀਂ ਭਾਰਤ ਦੇ ਸ਼ਹਿਰ ਨਵੀਂ ਦਿੱਲੀ ਜਾਣ ਲਈ ਟਿਕਟਾਂ ਲੈ ਲਈਆਂ ਅਤੇ ਅਸੀਂ ਉੱਥੇ ਚਲੇ ਗਈਆਂ। ਉੱਥੇ ਅਸੀਂ ਭਰਾ ਡਿੱਕ ਕੌਟਰਿਲ ਨੂੰ ਮਿਲੀਆਂ ਅਤੇ ਅਸੀਂ ਕੁਝ ਸਮੇਂ ਲਈ ਉਨ੍ਹਾਂ ਨਾਲ ਮਿਸ਼ਨਰੀ ਘਰ ਵਿਚ ਰਹੀਆਂ। ਚੰਨੀ ਪਾਇਨੀਅਰਿੰਗ ਕਰਦੀ ਰਹੀ ਅਤੇ ਮੈਂ ਤੇ ਜਸਵਿੰਦਰ ਪ੍ਰਚਾਰ ਵਿਚ ਹੋਰ ਵੀ ਜ਼ਿਆਦਾ ਸਮਾਂ ਬਿਤਾਉਣ ਲੱਗੀਆਂ।
ਥੋੜ੍ਹੇ ਸਮੇਂ ਬਾਅਦ ਅਸੀਂ ਪੰਜਾਬ ਚਲੇ ਗਈਆਂ ਜੋ ਭਾਰਤ ਦੇ ਉੱਤਰੀ ਹਿੱਸੇ ਵਿਚ ਹੈ। ਉੱਥੇ ਅਸੀਂ ਚੰਡੀਗੜ੍ਹ ਸ਼ਹਿਰ ਦੇ ਇਕ ਮਿਸ਼ਨਰੀ ਘਰ ਵਿਚ ਰਹੀਆਂ। ਉਸ ਤੋਂ ਬਾਅਦ ਅਸੀਂ ਇਕ ਫਲੈਟ ਕਿਰਾਏ ʼਤੇ ਲੈ ਲਿਆ। ਸਤੰਬਰ 1974 ਵਿਚ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ 1975 ਵਿਚ ਮੈਨੂੰ ਸਪੈਸ਼ਲ ਪਾਇਨੀਅਰ ਬਣਨ ਦਾ ਸੱਦਾ ਮਿਲਿਆ। ਉੱਥੇ ਪ੍ਰਚਾਰ ਕਰਨ ਨਾਲ ਮੈਨੂੰ ਅਹਿਸਾਸ ਹੋਇਆ ਕਿ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਨਾਂ ਦੀ ਬਹੁਤ ਲੋੜ ਸੀ। ਪ੍ਰਕਾਸ਼ਨਾਂ ਦੀ ਮਦਦ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਇਹ ਜਾਣ ਸਕਣਗੇ ਕਿ ਯਹੋਵਾਹ ਕਿੰਨਾ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ ਅਤੇ ਉਹ ਹਮੇਸ਼ਾ ਇਨਸਾਫ਼ ਕਰਦਾ ਹੈ। 1976 ਵਿਚ ਸਾਨੂੰ ਤਿੰਨਾਂ ਨੂੰ ਭਾਰਤ ਦੇ ਬ੍ਰਾਂਚ ਆਫ਼ਿਸ ਨੇ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਲਈ ਕਿਹਾ। ਉਨ੍ਹਾਂ ਦਿਨਾਂ ਵਿਚ ਟਾਈਪ-ਰਾਈਟਰ ਅਤੇ ਕੰਪਿਊਟਰ ਨਹੀਂ ਹੁੰਦੇ ਸਨ, ਇਸ ਲਈ ਅਨੁਵਾਦ ਦੇ ਕੰਮ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਸੀ। ਜਦੋਂ ਅਸੀਂ ਅਨੁਵਾਦ ਕਰਦੀਆਂ ਸੀ, ਤਾਂ ਸਾਨੂੰ ਹੱਥ ਨਾਲ ਖ਼ੁਦ ਲਿਖਣਾ ਤੇ ਚੈੱਕ ਕਰਨਾ ਪੈਂਦਾ ਸੀ ਅਤੇ ਫਿਰ ਦੁਬਾਰਾ ਤੋਂ ਪੜ੍ਹਨਾ ਪੈਂਦਾ ਸੀ ਤਾਂਕਿ ਅਸੀਂ ਇਹ ਦੇਖ ਸਕੀਏ ਕਿ ਉਸ ਵਿਚ ਕੋਈ ਗ਼ਲਤੀ ਨਾ ਰਹਿ ਗਈ ਹੋਵੇ। ਫਿਰ ਅਸੀਂ ਇਕ ਪ੍ਰਿੰਟਰੀ ਵਿਚ ਜਾਂਦੀਆਂ ਸੀ ਜਿੱਥੇ ਬਹੁਤ ਪੁਰਾਣੀਆਂ ਛਪਾਈ ਦੀਆਂ ਮਸ਼ੀਨਾਂ ਹੁੰਦੀਆਂ ਸਨ। ਛਾਪਣ ਤੋਂ ਪਹਿਲਾਂ ਅਸੀਂ ਉੱਥੇ ਕੰਮ ਕਰਨ ਵਾਲਿਆਂ ਨਾਲ ਮਿਲ ਕੇ ਹਰੇਕ ਅੱਖਰ ਨੂੰ ਹੱਥ ਨਾਲ ਸਹੀ ਜਗ੍ਹਾ ʼਤੇ ਸੈੱਟ ਕਰਦੀਆਂ ਸੀ।
ਭਾਰਤ ਵਿਚ ਪੰਜਾਬ ਦੇ ਚੰਡੀਗੜ੍ਹ ਸ਼ਹਿਰ ਵਿਚ ਸਾਡੀ ਮੰਡਲੀ
ਸਿਹਤ ਸਮੱਸਿਆਵਾਂ ਦੇ ਬਾਵਜੂਦ ਮੈਂ ਖ਼ੁਸ਼ੀ ਨਾਲ ਸੇਵਾ ਕਰਦੀ ਰਹੀ
ਸਾਡੇ ਹਾਲਾਤ ਬਹੁਤ ਹੀ ਛੇਤੀ ਬਦਲ ਗਏ। ਜਸਵਿੰਦਰ ਦੀ ਮੁਲਾਕਾਤ ਕੈਨੇਡਾ ਤੋਂ ਆਏ ਇਕ ਭਰਾ ਨਾਲ ਹੋਈ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਕੈਨੇਡਾ ਜਾ ਕੇ ਵਿਆਹ ਕਰਾ ਲਿਆ। ਚੰਨੀ ਦੀ ਵੀ ਮੁਲਾਕਾਤ ਅਮਰੀਕਾ ਤੋਂ ਆਏ ਇਕ ਜਰਮਨ ਭਰਾ ਨਾਲ ਹੋਈ। ਵਿਆਹ ਤੋਂ ਬਾਅਦ ਉਹ ਦੋਨੋਂ ਅਮਰੀਕਾ ਜਾ ਕੇ ਵੱਸ ਗਏ। ਇਸ ਦੌਰਾਨ ਮੇਰੀ ਸਿਹਤ ਬਹੁਤ ਖ਼ਰਾਬ ਹੋ ਗਈ ਅਤੇ ਮੈਂ ਅਕਤੂਬਰ 1976 ਵਿਚ ਇੰਗਲੈਂਡ ਵਾਪਸ ਚਲੀ ਗਈ। ਉਸ ਸਮੇਂ ਮੇਰੇ ਮੰਮੀ ਅਤੇ ਮੇਰਾ ਸਕਾ ਭਰਾ ਲੈਸਟਰ ਸ਼ਹਿਰ ਵਿਚ ਰਹਿੰਦੇ ਸਨ। ਉਨ੍ਹਾਂ ਨੇ ਸਾਡਾ ਕਦੀ ਵੀ ਵਿਰੋਧ ਨਹੀਂ ਸੀ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਰਹਿ ਸਕਦੀ ਹਾਂ। ਡਾਕਟਰਾਂ ਨੇ ਦੱਸਿਆ ਕਿ ਮੈਨੂੰ ਖ਼ੂਨ ਦੀ ਇਕ ਬੀਮਾਰੀ ਹੈ ਜੋ ਬਹੁਤ ਹੀ ਘੱਟ ਲੋਕਾਂ ਨੂੰ ਹੁੰਦੀ ਹੈ। ਇਸ ਬੀਮਾਰੀ ਕਰਕੇ ਸਰੀਰ ਆਪਣੇ ਹੀ ਸੈੱਲਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਨੂੰ ਕਈ ਤਰ੍ਹਾਂ ਦੇ ਇਲਾਜ ਕਰਾਉਣੇ ਪਏ, ਇੱਥੋਂ ਤਕ ਕਿ ਮੈਨੂੰ ਆਪਣੀ ਤਿੱਲੀ (ਸਪਲੀਨ) ਵੀ ਕਢਾਉਣੀ ਪਈ। ਇਸ ਕਰਕੇ ਮੈਨੂੰ ਪਾਇਨੀਅਰਿੰਗ ਛੱਡਣੀ ਪਈ।
ਮੈਂ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਜੇ ਮੇਰੀ ਸਿਹਤ ਠੀਕ ਹੋ ਜਾਵੇ, ਤਾਂ ਮੈਂ ਫਿਰ ਤੋਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦੇਵਾਂਗੀ। ਮੈਂ ਇੱਦਾਂ ਹੀ ਕੀਤਾ। ਭਾਵੇਂ ਬੀਮਾਰੀ ਕਰਕੇ ਮੇਰੀ ਸਿਹਤ ਖ਼ਰਾਬ ਰਹਿੰਦੀ ਸੀ, ਫਿਰ ਵੀ 1978 ਵਿਚ ਮੈਂ ਵੁਲਵਰਹੈਂਪਟਨ ਨਾਂ ਦੇ ਇਲਾਕੇ ਵਿਚ ਜਾ ਕੇ ਵੱਸ ਗਈ। ਉੱਥੇ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਲੋਕ ਰਹਿੰਦੇ ਸਨ ਅਤੇ ਮੈਂ ਉੱਥੇ ਪਾਇਨੀਅਰਿੰਗ ਕਰਨ ਲੱਗ ਪਈ। ਅਸੀਂ ਆਪਣੇ ਹੱਥ ਨਾਲ ਸਭਾਵਾਂ ਦੇ ਸੱਦਾ-ਪੱਤਰ ਬਣਾਉਂਦੇ ਸੀ ਅਤੇ ਫਿਰ ਦੁਕਾਨ ʼਤੇ ਜਾ ਕੇ ਉਸ ਦੀਆਂ ਫੋਟੋ-ਕਾਪੀਆਂ ਕਰਾਉਂਦੇ ਸੀ। ਫਿਰ ਅਸੀਂ ਇਹ ਸੱਦਾ-ਪੱਤਰ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਦਿੰਦੇ ਸੀ ਅਤੇ ਉਨ੍ਹਾਂ ਨੂੰ ਪਬਲਿਕ ਭਾਸ਼ਣ ਲਈ ਬੁਲਾਉਂਦੇ ਸੀ। ਅੱਜ ਬ੍ਰਿਟੇਨ ਵਿਚ ਪੰਜਾਬੀ ਦੀਆਂ ਪੰਜ ਮੰਡਲੀਆਂ ਅਤੇ ਤਿੰਨ ਗਰੁੱਪ ਹਨ।
ਬ੍ਰਿਟੇਨ ਦੇ ਬ੍ਰਾਂਚ ਆਫ਼ਿਸ ਨੂੰ ਪਤਾ ਸੀ ਕਿ ਮੈਂ ਭਾਰਤ ਵਿਚ ਪੰਜਾਬੀ ਅਨੁਵਾਦ ਦੇ ਕੰਮ ਵਿਚ ਹੱਥ ਵਟਾਇਆ ਸੀ। ਇਸ ਲਈ 1990 ਦੇ ਨੇੜੇ-ਤੇੜੇ ਬ੍ਰਿਟੇਨ ਬ੍ਰਾਂਚ ਆਫ਼ਿਸ ਨੇ ਮੈਨੂੰ ਦੁਬਾਰਾ ਇਸ ਕੰਮ ਵਿਚ ਮਦਦ ਕਰਨ ਬਾਰੇ ਪੁੱਛਿਆ। ਮੈਂ ਹਫ਼ਤੇ ਦੇ ਕੁਝ ਦਿਨ ਬੈਥਲ ਜਾਣ ਲੱਗ ਪਈ ਅਤੇ ਉੱਥੇ ਮੈਨੂੰ ਗੁਰਮੁਖੀ ਲਿਪੀ ਦੇ ਅੱਖਰਾਂ ਦੇ ਫੌਂਟ ਅਤੇ ਸਾਫਟਵੇਅਰ ਤਿਆਰ ਕਰਨ ਦੇ ਕੰਮ ਵਿਚ ਹੱਥ ਵਟਾਉਣ ਦਾ ਮੌਕਾ ਮਿਲਿਆ। ਉਸ ਸਮੇਂ ਮੈਂ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਕਰਦੀ ਸੀ ਅਤੇ ਆਪਣੇ ਮੰਮੀ ਦੀ ਵੀ ਦੇਖ-ਭਾਲ ਕਰ ਰਹੀ ਸੀ ਜੋ ਮੇਰੇ ਘਰ ਤੋਂ ਕੁਝ ਫ਼ਾਸਲੇ ʼਤੇ ਰਹਿੰਦੇ ਸਨ। ਨਾਲੇ ਮੈਂ ਬੈਥਲ ਵੀ ਜਾਂਦੀ ਸੀ। ਇਹ ਸਾਰੇ ਕੰਮ ਕਰਨੇ ਔਖੇ ਤਾਂ ਸਨ, ਪਰ ਮੈਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਮੈਨੂੰ ਬੈਥਲ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ।
1990 ਦੇ ਨੇੜੇ-ਤੇੜੇ ਲੰਡਨ ਬੈਥਲ ਵਿਚ ਮੈਨੂੰ ਟ੍ਰੇਨਿੰਗ ਮਿਲੀ
ਸਤੰਬਰ 1991 ਵਿਚ ਮੈਨੂੰ ਬੈਥਲ ਪਰਿਵਾਰ ਦਾ ਮੈਂਬਰ ਬਣਨ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਨ ਦਾ ਸੱਦਾ ਮਿਲਿਆ। ਇਹ ਮੇਰੇ ਲਈ ਇਕ ਇੱਦਾਂ ਦੀ ਬਰਕਤ ਸੀ ਜਿਸ ਬਾਰੇ ਮੈਂ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਮੈਨੂੰ ਲੱਗਾ ਕਿ ਮੈਂ ਇਸ ਦੇ ਕਾਬਲ ਨਹੀਂ ਸੀ, ਮੈਂ ਤਾਂ ਬੀਮਾਰ ਰਹਿੰਦੀ ਸੀ ਅਤੇ ਬੈਥਲ ਵਿਚ ਸੇਵਾ ਕਰਨ ਦੀ ਮੇਰੀ ਉਮਰ ਵੀ ਲੰਘ ਗਈ ਸੀ। ਪਰ ਫਿਰ ਵੀ ਯਹੋਵਾਹ ਨੇ ਮੈਨੂੰ ਇਹ ਬਰਕਤ ਦਿੱਤੀ। ਮੈਂ ਬੈਥਲ ਵਿਚ ਸੇਵਾ ਕਰ ਕੇ ਬਹੁਤ ਖ਼ੁਸ਼ ਸੀ, ਪਰ ਬੀਮਾਰੀ ਨੇ ਮੇਰਾ ਪਿੱਛਾ ਨਹੀਂ ਛੱਡਿਆ ਸੀ। ਕੀਮੋਥੈਰੇਪੀ ਅਤੇ ਕਈ ਹੋਰ ਇਲਾਜ ਦੌਰਾਨ ਕਈ ਵਾਰ ਖ਼ੂਨ ਚੜ੍ਹਾਉਣ ਦੀ ਨੌਬਤ ਆਈ। ਪਰ ਬਿਨਾਂ ਖ਼ੂਨ ਚੜ੍ਹਾਏ ਜਿੱਦਾਂ ਮੇਰੀ ਜਾਨ ਬਚ ਜਾਂਦੀ ਸੀ, ਇਹ ਦੇਖ ਕੇ ਡਾਕਟਰ ਹੈਰਾਨ ਰਹਿ ਜਾਂਦੇ ਸਨ। ਉਨ੍ਹਾਂ ਨੇ ਮੈਨੂੰ ਲੰਡਨ ਦੇ ਇਕ ਵੱਡੇ ਹਸਪਤਾਲ ਵਿਚ ਇਕ ਸੈਮੀਨਾਰ ਵਿਚ ਬੁਲਾਇਆ। ਉੱਥੇ ਲਗਭਗ 40 ਡਾਕਟਰ-ਨਰਸਾਂ ਵਗੈਰਾ ਆਏ ਸਨ। ਉੱਥੇ ਮੈਂ 10 ਮਿੰਟਾਂ ਤਕ ਉਨ੍ਹਾਂ ਨੂੰ ਇਹ ਦੱਸਿਆ ਕਿ ਮੈਂ ਖ਼ੂਨ ਨਾ ਚੜ੍ਹਾਉਣ ਦਾ ਫ਼ੈਸਲਾ ਕਿਉਂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸਵਾਲ ਪੁੱਛੇ ਅਤੇ ਹਸਪਤਾਲ ਸੰਪਰਕ ਕਮੇਟੀ ਦੇ ਇਕ ਭਰਾ ਨੇ ਉਨ੍ਹਾਂ ਦੇ ਜਵਾਬ ਦਿੱਤੇ।
ਇਨ੍ਹਾਂ ਮੁਸ਼ਕਲਾਂ ਦੌਰਾਨ ਮੇਰੀ ਭੈਣ ਜਸਵਿੰਦਰ ਤੇ ਚੰਨੀ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਪਿਆਰ ਨਾਲ ਮੈਨੂੰ ਸੰਭਾਲਿਆ। ਬੈਥਲ ਦੇ ਭੈਣਾਂ-ਭਰਾਵਾਂ ਤੇ ਹੋਰ ਦੋਸਤਾਂ ਨੇ ਵੀ ਮੇਰਾ ਸਾਥ ਦਿੱਤਾ ਜਿਸ ਲਈ ਮੈਂ ਉਨ੍ਹਾਂ ਦੀ ਵੀ ਬਹੁਤ ਸ਼ੁਕਰਗੁਜ਼ਾਰ ਹਾਂ। ਮੇਰੀਆਂ ਸਾਰੀਆਂ ਮੁਸ਼ਕਲਾਂ ਦੌਰਾਨ ਯਹੋਵਾਹ ਨੇ ਮੈਨੂੰ ਹਮੇਸ਼ਾ ਤਾਕਤ ਦਿੱਤੀ ਤਾਂਕਿ ਮੈਂ ਉਸ ਦਾ ਦਿੱਤਾ ਕੰਮ ਪੂਰਾ ਕਰਦੀ ਰਹਿ ਸਕਾਂ।—ਜ਼ਬੂਰ 73:26.
ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ
ਮੈਨੂੰ ਬੈਥਲ ਵਿਚ ਸੇਵਾ ਕਰਦਿਆਂ 33 ਸਾਲ ਹੋ ਗਏ ਹਨ। ਇਸ ਦੌਰਾਨ ਮੈਂ ਯਹੋਵਾਹ ਨੂੰ ‘ਚੱਖਿਆ ਅਤੇ ਦੇਖਿਆ ਕਿ ਉਹ ਭਲਾ ਹੈ।’ (ਜ਼ਬੂਰ 34:8; ਕਹਾਉਤਾਂ 10:22) ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਨੇ ਮੇਰੇ ਅੰਦਰ ਜੋਸ਼ ਭਰਿਆ ਹੈ। ਜਦੋਂ ਮੈਂ ਆਪਣੀ ਜ਼ਿੰਦਗੀ ʼਤੇ ਝਾਤ ਮਾਰਦੀ ਹਾਂ, ਤਾਂ ਮੈਨੂੰ ਇਸ ਗੱਲ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਪੰਜਾਬੀ ਭਾਸ਼ਾ ਬੋਲਣ ਵਾਲੇ ਮੇਰੇ ਕਈ ਵਿਦਿਆਰਥੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਮੇਰਾ ਆਪਣੇ ਪਰਿਵਾਰ ਨਾਲ ਵਧੀਆ ਰਿਸ਼ਤਾ ਹੈ। ਚਾਹੇ ਮੇਰੇ ਮੰਮੀ ਤੇ ਮੇਰਾ ਭਰਾ ਗਵਾਹ ਨਹੀਂ ਹਨ, ਪਰ ਫਿਰ ਵੀ ਮੰਮੀ ਅਕਸਰ ਕਹਿੰਦੇ ਹਨ: “ਤੂੰ ਵਾਕਈ ਸੱਚੇ ਰੱਬ ਦੀ ਭਗਤੀ ਕਰਦੀ ਹੈ।” ਜਦੋਂ ਮੈਂ ਆਪਣੇ ਭਰਾ ਨੂੰ ਕਿਹਾ ਕਿ ਮੈਂ ਮੰਮੀ ਦੀ ਦੇਖ-ਭਾਲ ਕਰਨ ਲਈ ਬੈਥਲ ਛੱਡ ਦਿੰਦੀ ਹਾਂ, ਤਾਂ ਉਸ ਨੇ ਮੈਨੂੰ ਕਿਹਾ: “ਤੂੰ ਬਹੁਤ ਵਧੀਆ ਕੰਮ ਕਰ ਰਹੀ ਹੈਂ। ਤੂੰ ਉੱਥੇ ਹੀ ਰਹਿ।” ਮੇਰੇ ਮੰਮੀ ਨਰਸਿੰਗ ਹੋਮ ਵਿਚ ਰਹਿੰਦੇ ਹਨ ਜੋ ਬੈਥਲ ਤੋਂ ਕਾਫ਼ੀ ਦੂਰ ਹੈ, ਪਰ ਫਿਰ ਵੀ ਮੈਂ ਅਕਸਰ ਉਨ੍ਹਾਂ ਨੂੰ ਮਿਲਣ ਜਾਂਦੀ ਹਾਂ।
ਜਦੋਂ ਵੀ ਮੇਰੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਮੈਂ ਆਪਣੇ ਮਨ ਵਿਚ ਖ਼ੁਦ ਨੂੰ ਕਹਿੰਦੀ ਹਾਂ, ‘ਕਮਲ, ਤੂੰ ਡਰ ਨਾ। ਯਹੋਵਾਹ ਤੇਰੀ ਢਾਲ ਹੈ। ਉਹ ਤੈਨੂੰ ਵੱਡਾ ਇਨਾਮ ਦੇਵੇਗਾ।’ (ਉਤਪਤ 15:1) ਮੈਂ ‘ਇਨਸਾਫ਼ ਦੇ ਪਰਮੇਸ਼ੁਰ’ ਯਹੋਵਾਹ ਦਾ ਸ਼ੁਕਰ ਕਰਦੀ ਹਾਂ ਜਿਸ ਨੇ ਮੇਰੇ ਵੱਲ ਉਦੋਂ ਧਿਆਨ ਦਿੱਤਾ ਜਦੋਂ ਮੈਂ ਇਕ ਛੋਟੀ ਕੁੜੀ ਹੀ ਸੀ ਅਤੇ ਉਸ ਨੇ ਜ਼ਿੰਦਗੀ ਵਿਚ ਮੈਨੂੰ ਇਕ ਵਧੀਆ ਕੰਮ ਕਰਨ ਲਈ ਦਿੱਤਾ। (ਯਸਾਯਾਹ 30:18) ਨਾਲੇ ਮੈਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਜਦੋਂ “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ।’”—ਯਸਾਯਾਹ 33:24.
ਚੈਮਸਫੋਰਡ ਬੈਥਲ ਵਿਚ