ਬਾਈਬਲ ਦਾ ਦ੍ਰਿਸ਼ਟੀਕੋਣ
ਤੁਸੀਂ ਇਕ ਪ੍ਰੇਮ ਦੇ ਪਰਮੇਸ਼ੁਰ ਤੋਂ ਕਿਵੇਂ ਡਰ ਸਕਦੇ ਹੋ?
“ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ।”—ਜ਼ਬੂਰ 112:1.
ਜੇਕਰ “ਪਰਮੇਸ਼ੁਰ ਪ੍ਰੇਮ ਹੈ,” ਜਿਵੇਂ ਬਾਈਬਲ ਉਸ ਦਾ ਵਰਣਨ ਕਰਦੀ ਹੈ, ਤਾਂ ਉਸ ਤੋਂ ਡਰਨ ਦੀ ਕੀ ਲੋੜ ਹੈ? (1 ਯੂਹੰਨਾ 4:16) ਆਮ ਤੌਰ ਤੇ ਪ੍ਰੇਮ ਅਤੇ ਡਰ ਦਾ ਆਪਸ ਵਿਚ ਕੋਈ ਮੇਲ ਨਹੀਂ ਸਮਝਿਆ ਜਾਂਦਾ ਹੈ। ਤਾਂ ਫਿਰ, ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਵਿਚ ਡਰ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ? ਪ੍ਰੇਮ ਦੇ ਪਰਮੇਸ਼ੁਰ ਤੋਂ ਕਿਉਂ ਡਰੀਏ? ਇਸ ਗੱਲ ਉੱਤੇ ਨਜ਼ਦੀਕੀ ਨਾਲ ਧਿਆਨ ਦੇਣਾ ਕਿ ਬਾਈਬਲ ਵਿਚ ਸ਼ਬਦ “ਭੈ” ਕਿਵੇਂ ਇਸਤੇਮਾਲ ਕੀਤਾ ਗਿਆ ਹੈ, ਸਾਨੂੰ ਇਸ ਗੱਲ ਦੀ ਬਿਹਤਰ ਸਮਝ ਦੇਵੇਗਾ।
ਜ਼ਿਆਦਾਤਰ ਭਾਸ਼ਾਵਾਂ ਵਿਚ, ਪ੍ਰਸੰਗ ਤੇ ਨਿਰਭਰ ਕਰਦੇ ਹੋਏ, ਇਕ ਹੀ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ। ਉਦਾਹਰਣ ਲਈ, ਕੁਝ ਭਾਸ਼ਾਵਾਂ ਵਿਚ ਕੋਈ ਸ਼ਾਇਦ ਕਹੇ: “ਮੈਨੂੰ ਰਸਮਲਾਈ ਬਹੁਤ ਪਸੰਦ ਹੈ” ਅਤੇ, “ਉਹ ਲੜਕੀ ਮੈਨੂੰ ਪਸੰਦ ਹੈ।” ਪ੍ਰਗਟ ਕੀਤੀਆਂ ਪਸੰਦਾਂ ਦੀ ਤੀਬਰਤਾ ਅਤੇ ਪ੍ਰਕਾਰਾਂ ਵਿਚ ਬਹੁਤ ਫ਼ਰਕ ਹੈ। ਇਸੇ ਤਰ੍ਹਾਂ, ਬਾਈਬਲ ਵੱਖ-ਵੱਖ ਪ੍ਰਕਾਰਾਂ ਦੇ ਡਰ ਬਾਰੇ ਗੱਲ ਕਰਦੀ ਹੈ। ਜਦੋਂ ਇਹ ਇਸ ਸ਼ਬਦ ਨੂੰ ਪਰਮੇਸ਼ੁਰ ਦੀ ਉਪਾਸਨਾ ਦੇ ਸੰਬੰਧ ਵਿਚ ਇਸਤੇਮਾਲ ਕਰਦੀ ਹੈ, ਤਾਂ ਇਹ ਦਹਿਸ਼ਤ, ਖੌਫ਼, ਜਾਂ ਮਿਲਣ ਵਾਲੀ ਸਜ਼ਾ ਦੇ ਡਰ ਦਾ ਸੰਕੇਤ ਨਹੀਂ ਕਰਦੀ। ਇਸ ਦੀ ਬਜਾਇ, ਪਰਮੇਸ਼ੁਰ ਦਾ ਡਰ ਭਲੇ ਜਜ਼ਬਾਤਾਂ ਨੂੰ ਸੰਕੇਤ ਕਰਦਾ ਹੈ—ਅਚੰਭਾ, ਸ਼ਰਧਾ ਅਤੇ ਗਹਿਰਾ ਆਦਰ। ਇਹ ਚੰਗੀਆਂ ਭਾਵਨਾਵਾਂ, ਪਰਮੇਸ਼ੁਰ ਤੋਂ ਭੱਜਣ ਜਾਂ ਲੁਕਣ ਦੇ ਝੁਕਾਅ ਦੇ ਨਾਲ ਨਹੀਂ ਬਲਕਿ ਉਸ ਦੇ ਪ੍ਰਤੀ ਪ੍ਰੇਮ ਅਤੇ ਉਸ ਵੱਲ ਖਿੱਚੇ ਜਾਣ ਨਾਲ ਜੁੜੀਆਂ ਹੋਈਆਂ ਹਨ।
ਪਰਮੇਸ਼ੁਰ ਦਾ ਡਰ ਖੌਫ਼ਨਾਕ ਡਰ ਨੂੰ ਦੂਰ ਕਰ ਦਿੰਦਾ ਹੈ। ਪਰਮੇਸ਼ੁਰ ਤੋਂ ਡਰਨ ਵਾਲੇ ਮਨੁੱਖ ਬਾਰੇ, ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਉਹ ਬੁਰੀ ਖਬਰ ਤੋਂ ਨਹੀਂ ਡਰਦਾ, ਉਹ ਦਾ ਦਿਲ ਮਜ਼ਬੂਤ ਹੈ, ਉਹ ਦਾ ਭਰੋਸਾ ਯਹੋਵਾਹ ਉੱਤੇ ਹੈ।” (ਜ਼ਬੂਰ 112:7) ਦੁਸ਼ਟ ਮਨੁੱਖਾਂ ਜਾਂ ਖ਼ੁਦ ਸ਼ਤਾਨ ਵੱਲੋਂ ਕਿਸੇ ਵੀ ਖ਼ਤਰੇ ਦਾ ਡਰ ਪਰਮੇਸ਼ੁਰ ਪ੍ਰਤੀ ਸਾਡੇ ਗਹਿਰੇ ਆਦਰ ਅਤੇ ਸ਼ਰਧਾ ਨੂੰ ਦਬਾ ਨਹੀਂ ਸਕਦਾ। (ਲੂਕਾ 12:4, 5) ਨਾ ਹੀ ਸਾਨੂੰ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਕੋਲ ਜਾਣ ਤੋਂ ਡਰਨਾ ਚਾਹੀਦਾ ਹੈ। ਇਸ ਦੀ ਬਜਾਇ, ਇਸ ਮਾਮਲੇ ਵਿਚ, “ਪ੍ਰੇਮ ਧੜਕੇ ਨੂੰ ਹਟਾ ਦਿੰਦਾ ਹੈ।”—1 ਯੂਹੰਨਾ 4:18.
ਸਵਰਗ ਅਤੇ ਪਰਮੇਸ਼ੁਰ ਦੀ ਸ਼ਾਨ
ਪ੍ਰਾਚੀਨ ਸਮੇਂ ਦਾ ਰਾਜਾ ਦਾਊਦ ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਸੀ। ਸ੍ਰਿਸ਼ਟੀ ਦੀ ਸੁੰਦਰਤਾ ਅਤੇ ਜਟਿਲਤਾ ਉੱਤੇ ਵਿਚਾਰ ਕਰਦੇ ਸਮੇਂ ਉਹ ਅਚੰਭੇ ਵਿਚ ਪੈ ਗਿਆ। ਹੈਰਾਨ ਹੋ ਕੇ ਉਸ ਨੇ ਕਿਹਾ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!” (ਜ਼ਬੂਰ 139:14) ਰਾਤ ਵੇਲੇ ਆਕਾਸ਼ ਵੱਲ ਦੇਖਦੇ ਹੋਏ, ਉਸ ਨੇ ਕਿਹਾ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ।” (ਜ਼ਬੂਰ 19:1) ਕੀ ਤੁਹਾਡੇ ਖ਼ਿਆਲ ਵਿਚ ਦਾਊਦ ਇਸ ਅਨੁਭਵ ਤੋਂ ਡਰਿਆ ਸੀ? ਇਸ ਦੇ ਉਲਟ, ਇਸ ਨੇ ਉਸ ਨੂੰ ਯਹੋਵਾਹ ਦਾ ਜਸ ਗਾਉਣ ਲਈ ਪ੍ਰੇਰਿਤ ਕੀਤਾ।
ਅੱਜ-ਕੱਲ੍ਹ ਆਕਾਸ਼ ਬਾਰੇ ਅਧਿਕ ਗਿਆਨ ਸਾਨੂੰ ਅਚੰਭਾ ਮਹਿਸੂਸ ਕਰਨ ਲਈ ਹੋਰ ਵੀ ਵਧੀਆ ਕਾਰਨ ਦਿੰਦਾ ਹੈ। ਹਾਲ ਹੀ ਵਿਚ, ਖਗੋਲ-ਵਿਗਿਆਨੀਆਂ ਨੇ ਹੱਬਲ ਪੁਲਾੜ ਦੂਰਬੀਨ ਨੂੰ ਇਸਤੇਮਾਲ ਕਰ ਕੇ, ਆਕਾਸ਼ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦੂਰ ਦੇਖਿਆ। ਉਨ੍ਹਾਂ ਨੇ ਆਕਾਸ਼ ਦਾ ਇਕ ਹਿੱਸਾ ਚੁਣਿਆ ਜੋ ਧਰਤੀ ਦੀਆਂ ਦੂਰਬੀਨਾਂ ਤੋਂ ਖਾਲੀ ਜਾਪਦਾ ਸੀ ਅਤੇ ਉਸ ਜਗ੍ਹਾ ਉੱਤੇ ਹੱਬਲ ਨੂੰ ਫੋਕਸ ਕੀਤਾ ਜੋ ਅੱਖਾਂ ਤੋਂ ਗਜ਼-ਕੁ ਦੂਰ ਰੱਖੇ ਗਏ ਰੇਤ ਦੇ ਦਾਣੇ ਜਿੰਨੀ ਵੱਡੀ ਸੀ। ਖਿੱਚੀ ਗਈ ਤਸਵੀਰ, ਇਕ ਦੋ ਤਾਰਿਆਂ ਨਾਲ ਨਹੀਂ, ਪਰ ਗਲੈਕਸੀਆਂ ਨਾਲ ਭਰੀ ਹੋਈ ਸੀ—ਵਿਸ਼ਾਲ ਮੰਡਲ, ਜਿਨ੍ਹਾਂ ਵਿਚ ਅਰਬਾਂ ਤਾਰੇ ਸਨ—ਜੋ ਮਨੁੱਖ ਦੁਆਰਾ ਪਹਿਲਾਂ ਕਦੀ ਵੀ ਨਹੀਂ ਦੇਖੇ ਗਏ ਸਨ!
ਬ੍ਰਹਿਮੰਡ ਦਾ ਵਿਸਤਾਰ, ਰਾਜ਼, ਅਤੇ ਅਸਚਰਜਤਾ ਇਕ ਕਦਰਦਾਨੀ ਨਜ਼ਰ ਵਾਲੇ ਵਿਅਕਤੀ ਵਿਚ ਅਚੰਭਾ ਪੈਦਾ ਕਰਦਾ ਹੈ। ਲੇਕਿਨ, ਅਜਿਹੇ ਅਜੂਬੇ ਸ੍ਰਿਸ਼ਟੀਕਰਤਾ ਦੇ ਪ੍ਰਤਾਪ ਅਤੇ ਸ਼ਕਤੀ ਨੂੰ ਕੇਵਲ ਕੁਝ ਹੀ ਹੱਦ ਤਕ ਪ੍ਰਤਿਬਿੰਬਤ ਕਰਦੇ ਹਨ। ਬਾਈਬਲ ਯਹੋਵਾਹ ਪਰਮੇਸ਼ੁਰ ਨੂੰ ‘ਜੋਤਾ ਦਾ ਪਿਤਾ’ ਆਖਦੀ ਹੈ ਅਤੇ ਸਾਨੂੰ ਦੱਸਦੀ ਹੈ ਕਿ ਉਹ “ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬੁਲਾਉਂਦਾ ਹੈ।”—ਯਾਕੂਬ 1:17; ਜ਼ਬੂਰ 147:4.
ਆਸਮਾਨੀ ਘਟਨਾਵਾਂ ਵਾਪਰਨ ਵਿਚ ਜਿੰਨਾ ਸਮਾਂ ਲੱਗਾ, ਉਸ ਵਿਚ ਵੀ ਬ੍ਰਹਿਮੰਡ ਦੀ ਵਿਸ਼ਾਲਤਾ ਦੇਖੀ ਜਾਂਦੀ ਹੈ। ਹੱਬਲ ਪੁਲਾੜ ਦੂਰਬੀਨ ਦੁਆਰਾ ਖਿੱਚੀਆਂ ਗਈਆਂ ਤਸਵੀਰਾਂ ਵਿਚ ਗੈਲਕਸੀਆਂ ਤੋਂ ਰੌਸ਼ਨੀ ਅਰਬਾਂ ਹੀ ਸਾਲਾਂ ਤੋਂ ਪੁਲਾੜ ਵਿਚ ਚੱਲਦੀ ਰਹੀ ਸੀ! ਆਕਾਸ਼ ਦੀ ਸਦੀਵਤਾ ਦੀ ਤੁਲਨਾ ਵਿਚ ਸਾਡੀ ਥੋੜ੍ਹੇ ਸਮੇਂ ਦੀ ਹੋਂਦ ਅਤੇ ਛੋਟੇਪਣ ਦੇ ਕਾਰਨ, ਕੀ ਸਾਨੂੰ ਤਾਰਿਆਂ ਨੂੰ ਬਣਾਉਣ ਵਾਲੇ ਲਈ ਸਤਿਕਾਰ ਅਤੇ ਗਹਿਰੀ ਸ਼ਰਧਾ ਦਿਖਾਉਣ ਲਈ ਪ੍ਰੇਰਿਤ ਨਹੀਂ ਹੋਣਾ ਚਾਹੀਦਾ ਹੈ? (ਯਸਾਯਾਹ 40:22, 26) ਇਹ ਅਹਿਸਾਸ ਕਰਨਾ ਕਿ ਜਿਸ ਪਰਮੇਸ਼ੁਰ ਨੇ ਇਹ ਸਭ ਕੁਝ ਸ੍ਰਿਸ਼ਟ ਕੀਤਾ ਹੈ ਉਹ ‘ਇਨਸਾਨ ਨੂੰ ਚੇਤੇ ਵਿਚ ਲਿਆਉਂਦਾ ਹੈ ਅਤੇ ਉਸ ਦੀ ਸੁੱਧ ਲੈਂਦਾ ਹੈ’ ਸਾਡੇ ਸ੍ਰਿਸ਼ਟੀਕਰਤਾ ਲਈ ਸਾਡਾ ਆਦਰ ਵਧਾਉਂਦਾ ਹੈ ਅਤੇ ਸਾਨੂੰ ਉਸ ਨੂੰ ਜਾਣਨ ਅਤੇ ਪ੍ਰਸੰਨ ਕਰਨ ਲਈ ਪ੍ਰੇਰਿਤ ਕਰਦਾ ਹੈ। (ਜ਼ਬੂਰ 8:3, 4) ਬਾਈਬਲ ਅਜਿਹੇ ਵੱਡੇ ਆਦਰ ਅਤੇ ਕਦਰਦਾਨੀ ਨੂੰ ਪਰਮੇਸ਼ੁਰ ਦਾ ਡਰ ਆਖਦੀ ਹੈ।
ਇਕ ਬਖ਼ਸ਼ਣਹਾਰ ਪਰਮੇਸ਼ੁਰ
ਅਸੀਂ ਸਾਰੇ ਅਪੂਰਣ ਹਾਂ। ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵੀ, ਅਸੀਂ ਅਣਜਾਣੇ ਵਿਚ ਪਾਪ ਕਰਦੇ ਹਾਂ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਕੀ ਸਾਨੂੰ ਪਰਮੇਸ਼ੁਰ ਦੀ ਕਿਰਪਾ ਨੂੰ ਖੋਹਣ ਦਾ ਡਰ ਹੋਣਾ ਚਾਹੀਦਾ ਹੈ? ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ? ਪਰ ਤੇਰੇ ਕੋਲ ਤਾਂ ਮਾਫ਼ੀ ਹੈ, ਭਈ ਤੇਰਾ ਭੈ ਮੰਨਿਆ ਜਾਵੇ।” (ਜ਼ਬੂਰ 130:3, 4) ਇਹ ਗੱਲ ਕਿ “ਕਰਤਾਰ” ਇੰਨਾ ਦਿਆਲੂ ਅਤੇ ਬਖ਼ਸ਼ਣਹਾਰ ਹੈ, ਉਸ ਦੇ ਉਪਾਸਕਾਂ ਵਿਚ ਗਹਿਰੀ ਕਦਰਦਾਨੀ ਅਤੇ ਸ਼ਰਧਾ ਉਕਸਾਉਂਦੀ ਹੈ।—ਯਸਾਯਾਹ 54:5-8.
ਪਰਮੇਸ਼ੁਰ ਦਾ ਡਰ ਸਾਨੂੰ ਚੰਗੇ ਕੰਮ ਕਰਨ ਲਈ ਅਤੇ ਪਰਮੇਸ਼ੁਰ ਜਿਸ ਨੂੰ ਬੁਰਾ ਕਹਿੰਦਾ ਹੈ ਉਸ ਤੋਂ ਵੀ ਪਰਹੇਜ਼ ਕਰਨ ਲਈ ਪ੍ਰੇਰਿਤ ਕਰਦਾ ਹੈ। ਸਾਡੇ ਸਵਰਗੀ ਪਿਤਾ ਨਾਲ ਸਾਡੇ ਸੰਬੰਧ ਦੀ ਤੁਲਨਾ ਇਕ ਚੰਗੇ ਮਾਨਵੀ ਪਿਤਾ ਅਤੇ ਉਸ ਦੇ ਬੱਚਿਆਂ ਦੇ ਆਪਸੀ ਸੰਬੰਧ ਨਾਲ ਕੀਤੀ ਜਾ ਸਕਦੀ ਹੈ। ਕਦੇ-ਕਦੇ, ਬੱਚਿਆਂ ਨੂੰ ਸ਼ਾਇਦ ਯਾਦ ਨਾ ਆਏ ਕਿ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਸੜਕ ਤੇ ਖੇਡਣ ਲਈ ਮਨ੍ਹਾ ਕਿਉਂ ਕਰਦਾ ਹੈ। ਫਿਰ ਵੀ, ਜਦੋਂ ਉਹ ਕਾਰਾਂ ਦੇ ਰਾਹ ਵਿਚ ਗਈ ਗੇਂਦ ਦੇ ਮਗਰ ਦੌੜਨ ਲੱਗਦੇ ਹੀ ਹਨ, ਤਾਂ ਉਨ੍ਹਾਂ ਦੇ ਪਿਤਾ ਦੀ ਮਨਾਹੀ ਦਾ ਚੇਤਾ ਉਨ੍ਹਾਂ ਨੂੰ ਰੋਕ ਲੈਂਦਾ ਹੈ—ਸ਼ਾਇਦ ਉਨ੍ਹਾਂ ਨੂੰ ਮੌਤ ਤੋਂ ਬਚਾ ਲੈਂਦਾ ਹੈ। ਇਸੇ ਤਰ੍ਹਾਂ, ਯਹੋਵਾਹ ਦਾ ਡਰ ਇਕ ਬਾਲਗ ਨੂੰ ਅਜਿਹੇ ਕਿਸੇ ਕਾਰਜ ਕਰਨ ਤੋਂ ਰੋਕ ਸਕਦਾ ਹੈ ਜੋ ਜੀਵਨਾਂ ਨੂੰ ਬਰਬਾਦ ਕਰ ਸਕਦਾ ਹੈ, ਭਾਵੇਂ ਉਸ ਦਾ ਜੀਵਨ ਜਾਂ ਦੂਜਿਆਂ ਦੇ ਜੀਵਨ।—ਕਹਾਉਤਾਂ 14:27.
ਯਹੋਵਾਹ ਦੇ ਨਿਆਉਂ ਤੋਂ ਡਰਨਾ
ਇਸ ਦੇ ਉਲਟ, ਜਿਸ ਵਿਅਕਤੀ ਦਾ ਜ਼ਮੀਰ ਉਸ ਨੂੰ ਪਰਮੇਸ਼ੁਰ ਨੂੰ ਨਾਰਾਜ਼ ਕਰਨ ਤੋਂ ਨਾ ਰੋਕੇ, ਉਸ ਕੋਲ ਡਰਨ ਦਾ ਇਕ ਬਹੁਤ ਵੱਖਰਾ ਕਾਰਨ ਹੈ। ਜਿਵੇਂ ਮਨੁੱਖੀ ਸਰਕਾਰਾਂ ਅਪਰਾਧੀਆਂ ਨੂੰ ਸਜ਼ਾ ਦਿੰਦੀਆਂ ਹਨ, ਪਰਮੇਸ਼ੁਰ ਕੋਲ ਹਠੀਲੇ ਅਤੇ ਅਪਸ਼ਚਾਤਾਪੀ ਅਪਰਾਧੀਆਂ ਦੇ ਵਿਰੁੱਧ ਕਾਰਵਾਈ ਕਰਨ ਦਾ ਹੱਕ ਹੈ। ਪਰਮੇਸ਼ੁਰ ਵੱਲੋਂ ਦੁਸ਼ਟਤਾ ਦੀ ਅਸਥਾਈ ਇਜਾਜ਼ਤ ਦੇ ਕਾਰਨ ਕੁਝ ਵਿਅਕਤੀ ਗ਼ਲਤ ਰਸਤੇ ਵਿਚ ਕਠੋਰ ਬਣ ਗਏ ਹਨ। ਪਰ ਬਾਈਬਲ ਸਪੱਸ਼ਟ ਤੌਰ ਤੇ ਦਿਖਾਉਂਦੀ ਹੈ ਕਿ ਇਕ ਦਿਨ ਉਹ ਧਰਤੀ ਤੋਂ ਸਾਰੀ ਦੁਸ਼ਟਤਾ ਨੂੰ ਖ਼ਤਮ ਕਰੇਗਾ। (ਜ਼ਬੂਰ 37:9, 10; ਉਪਦੇਸ਼ਕ ਦੀ ਪੋਥੀ 8:11; 1 ਤਿਮੋਥਿਉਸ 5:24) ਅਪਸ਼ਚਾਤਾਪੀ ਦੁਸ਼ਟ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਸਜ਼ਾ ਮਿਲਣ ਦਾ ਡਰ ਹੋਣਾ ਚਾਹੀਦਾ ਹੈ। ਲੇਕਿਨ, ਇਹ ਉਹ ਡਰ ਨਹੀਂ ਜਿਸ ਦੀ ਬਾਈਬਲ ਸਲਾਹ ਦਿੰਦੀ ਹੈ।
ਇਸ ਦੀ ਬਜਾਇ, ਬਾਈਬਲ ਯਹੋਵਾਹ ਦੇ ਡਰ ਨੂੰ ਜੀਵਨ ਵਿਚ ਸੁੰਦਰ ਚੀਜ਼ਾਂ ਨਾਲ ਜੋੜਦੀ ਹੈ—ਗੀਤ, ਆਨੰਦ, ਭਰੋਸਾ, ਬੁੱਧ, ਲੰਬੀ ਉਮਰ, ਵਿਸ਼ਵਾਸ, ਖ਼ੁਸ਼ਹਾਲੀ, ਉਮੀਦ, ਸ਼ਾਂਤੀ, ਆਦਿ।a ਜੇਕਰ ਅਸੀਂ ਪਰਮੇਸ਼ੁਰ ਦੇ ਡਰ ਵਿਚ ਲਗਾਤਾਰ ਚੱਲਦੇ ਰਹੀਏ, ਤਾਂ ਅਸੀਂ ਸਦਾ ਲਈ ਅਜਿਹੀਆਂ ਬਰਕਤਾਂ ਦਾ ਆਨੰਦ ਮਾਣਾਂਗੇ।—ਬਿਵਸਥਾ ਸਾਰ 10:12-14.
[ਫੁਟਨੋਟ]
a ਦੇਖੋ ਕੂਚ 15:11; ਜ਼ਬੂਰ 34:11, 12; 40:3; 111:10; ਕਹਾਉਤਾਂ 10:27; 14:26; 22:4; 23:17, 18; ਰਸੂਲਾਂ ਦੇ ਕਰਤੱਬ 9:31.
[ਸਫ਼ੇ 27 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Anglo-Australian Observatory ਦੀ ਕਿਰਪਾ ਨਾਲ, David Malin ਦੁਆਰਾ ਤਸਵੀਰ