ਸੰਸਾਰ ਉੱਤੇ ਨਜ਼ਰ
ਕੁਦਰਤੀ ਸੰਪਤੀ ਖ਼ਤਰੇ ਵਿਚ
ਭਾਰਤ ਦਾ ਉੱਤਰ-ਪੂਰਬੀ ਖੇਤਰ, ਜੋ ਬਨਸਪਤੀ ਅਤੇ ਪਸ਼ੂ ਜੀਵਨ ਨਾਲ ਭਰਪੂਰ ਹੈ, ਹੁਣ ਬਨਸਪਤੀ ਦੀਆਂ 650 ਕਿਸਮਾਂ ਅਤੇ ਪਸ਼ੂਆਂ ਦੀਆਂ 70 ਕਿਸਮਾਂ ਨੂੰ ਖ਼ਤਰੇ ਵਿਚ ਹੋਣ ਵਜੋਂ ਸੂਚੀਬੱਧ ਕਰਦਾ ਹੈ। ਬੰਗਲਾਦੇਸ਼ ਦੀ ਸਰਹੱਦ ਨਾਲ ਸਥਿਤ ਮੇਘਾਲਿਆ ਰਾਜ ਦਾ ਨਾਜ਼ੁਕ ਵਾਤਾਵਰਣ, ਉਨ੍ਹਾਂ 18 ‘ਫ਼ੌਰੀ ਧਿਆਨ ਦੇ ਖੇਤਰਾਂ’ ਵਿੱਚੋਂ ਇਕ ਵਜੋਂ ਪਛਾਣਿਆ ਗਿਆ ਹੈ ਜਿੱਥੇ ਜੀਵ-ਵੰਨਸੁਵੰਨਤਾ ਖ਼ਤਰੇ ਵਿਚ ਹੈ। ਜਿਵੇਂ ਦੀ ਏਸ਼ੀਅਨ ਏਜ ਵਿਚ ਰਿਪੋਰਟ ਕੀਤਾ ਗਿਆ ਹੈ, ਵਾਤਾਵਰਣ-ਵਿਵਸਥਾ, ਹੋਰ ਚੀਜ਼ਾਂ ਤੋਂ ਇਲਾਵਾ ਮਨੁੱਖਾਂ ਦੇ ਲੁੱਟਮਾਰ ਅਤੇ ਗ਼ੈਰ-ਕਾਨੂੰਨੀ ਸ਼ਿਕਾਰ ਕਰਨ ਦੁਆਰਾ ਖ਼ਤਰੇ ਵਿਚ ਪਈ ਹੈ। ਦੇਸ਼ ਦੇ ਦੂਸਰੇ ਭਾਗਾਂ ਨਾਲੋਂ, ਭਾਰਤ ਦੇ ਸੱਤ ਉੱਤਰ-ਪੂਰਬੀ ਰਾਜਾਂ ਦੀ ਜੀਵ-ਵੰਨਸੁਵੰਨਤਾ ਨੂੰ ਵਾਤਾਵਰਣ-ਵਿਗਿਆਨ ਦੇ ਪੱਖੋਂ ਜ਼ਿਆਦਾ ਨਾਜ਼ੁਕ ਅਤੇ ਸੰਵੇਦਨਸ਼ੀਲ ਸਮਝਿਆ ਜਾਂਦਾ ਹੈ।
ਬੱਚਿਆਂ ਨੂੰ ਦੁੱਧ ਪਿਲਾਉਣ ਦੀ ਦੁਬਿਧਾ
“ਦੋ ਦਹਾਕਿਆਂ ਤੋਂ, ਡਾਕਟਰਾਂ ਅਤੇ ਜਨਤਕ ਸਿਹਤ ਏਜੰਸੀਆਂ ਨੇ ਗ਼ਰੀਬ ਦੇਸ਼ਾਂ ਦੀਆਂ ਨਵੀਆਂ ਮਾਵਾਂ ਨੂੰ ਇਕ-ਸਮਾਨ ਸਲਾਹ ਦਿੱਤੀ ਹੈ: ਆਪਣੇ ਬੱਚਿਆਂ ਦੀ ਸਿਹਤ ਦੀ ਰੱਖਿਆ ਕਰਨ ਵਾਸਤੇ ਉਨ੍ਹਾਂ ਨੂੰ ਆਪਣਾ ਦੁੱਧ ਚੁੰਘਾਓ,” ਦ ਨਿਊਯਾਰਕ ਟਾਈਮਜ਼ ਕਹਿੰਦਾ ਹੈ। “ਲੇਕਿਨ ਹੁਣ, ਏਡਜ਼ ਦੀ ਮਹਾਂਮਾਰੀ ਉਸ ਸਾਧਾਰਣ ਸਲਾਹ ਨੂੰ ਰੱਦ ਕਰ ਰਹੀ ਹੈ। ਅਧਿਐਨ ਦਿਖਾ ਰਹੇ ਹਨ ਕਿ ਏਡਜ਼ ਵਿਸ਼ਾਣੂ ਨਾਲ ਗ੍ਰਸਤ ਮਾਵਾਂ ਇਸ ਨੂੰ ਅਕਸਰ ਆਪਣੇ ਦੁੱਧ ਦੁਆਰਾ ਫੈਲਾ ਸਕਦੀਆਂ ਹਨ। . . . ਸੰਯੁਕਤ ਰਾਸ਼ਟਰ-ਸੰਘ ਨੇ ਹਾਲ ਹੀ ਵਿਚ ਇਹ ਅੰਦਾਜ਼ਾ ਲਗਾਇਆ ਕਿ ਐੱਚ. ਆਈ. ਵੀ. ਨਾਲ ਗ੍ਰਸਤ ਸਾਰੇ ਨਿਆਣਿਆਂ ਵਿੱਚੋਂ ਇਕ ਤਿਹਾਈ ਨੂੰ ਇਹ ਵਿਸ਼ਾਣੂ ਆਪਣੀਆਂ ਮਾਵਾਂ ਦੇ ਦੁੱਧ ਤੋਂ ਮਿਲਿਆ।” ਦੂਜੀ ਚੋਣ ਹੈ ਨਿਆਣਿਆਂ ਲਈ ਸੁੱਕਾ ਦੁੱਧ, ਲੇਕਿਨ ਇਸ ਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ। ਅਨੇਕ ਦੇਸ਼ਾਂ ਵਿਚ ਮਾਵਾਂ ਕੋਲ ਸੁੱਕਾ ਦੁੱਧ ਖ਼ਰੀਦਣ ਜਾਂ ਬੋਤਲਾਂ ਨੂੰ ਰੋਗਾਣੂਰਹਿਤ ਕਰਨ ਲਈ ਪੈਸੇ ਨਹੀਂ ਹੁੰਦੇ ਹਨ ਅਤੇ ਉਨ੍ਹਾਂ ਕੋਲ ਸਾਫ਼ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ। ਇਸ ਦੇ ਨਤੀਜੇ ਵਜੋਂ, ਬੱਚੇ ਦਸਤ ਅਤੇ ਨਿਰਜਲੀਕਰਣ, ਨਾਲ ਹੀ ਸੁਆਸੀ ਅਤੇ ਪੇਟ-ਅੰਤੜੀਆਂ ਦੇ ਰੋਗਾਂ ਨਾਲ ਪੀੜਿਤ ਹੁੰਦੇ ਹਨ। ਗ਼ਰੀਬ ਪਰਿਵਾਰ ਸੁੱਕੇ ਦੁੱਧ ਵਿਚ ਜ਼ਿਆਦਾ ਪਾਣੀ ਮਿਲਾਉਂਦੇ ਹਨ, ਜਿਸ ਕਾਰਨ ਬੱਚਿਆਂ ਨੂੰ ਖ਼ੁਰਾਕ ਦਾ ਘਾਟਾ ਹੁੰਦਾ ਹੈ। ਸਿਹਤ ਅਧਿਕਾਰੀ ਹੁਣ ਦੋਹਾਂ ਮਾਮਲਿਆਂ ਦਾ ਸੰਤੁਲਨ ਕਰਨ ਲਈ ਸਖ਼ਤ ਕੋਸ਼ਿਸ਼ ਕਰ ਰਹੇ ਹਨ। ਸੰਸਾਰ ਭਰ ਵਿਚ, ਹਰ ਰੋਜ਼ ਨਿਆਣਿਆਂ ਅਤੇ ਬੱਚਿਆਂ ਵਿਚ ਐੱਚ. ਆਈ. ਵੀ. ਇਨਫੇਕਸ਼ਨ ਦੇ 1,000 ਤੋਂ ਜ਼ਿਆਦਾ ਨਵੇਂ ਕੇਸ ਹੁੰਦੇ ਹਨ।
ਟੋਕੀਓ ਦੇ ਸਫ਼ਰੀ ਕਾਂ
ਦ ਡੇਲੀ ਯੋਮੀਉਰੀ ਰਿਪੋਰਟ ਕਰਦਾ ਹੈ ਕਿ ਟੋਕੀਓ, ਜਪਾਨ, ਵਿਚ ਕਾਵਾਂ ਨੇ ਹਰ ਰੋਜ਼ ਸ਼ਹਿਰ ਅਤੇ ਉਸ ਦੇ ਬਾਹਰਲੇ ਇਲਾਕਿਆਂ ਦਰਮਿਆਨ ਆਉਣ ਜਾਣ ਦੀ ਆਦਤ ਪਾ ਲਈ ਹੈ। ਪੰਛੀਆਂ ਦੇ ਮਾਹਰ ਕਹਿੰਦੇ ਹਨ ਕਿ ਇਹ ਕੁਝ ਹੀ ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਟੋਕੀਓ ਦੇ ਪਾਰਕਾਂ ਅਤੇ ਮੰਦਰ ਦੇ ਵਿਹੜਿਆਂ ਵਿਚ ਕਾਵਾਂ ਦੀ ਆਬਾਦੀ ਇੰਨੀ ਵੱਧ ਗਈ ਕਿ ਕਾਵਾਂ ਨੂੰ ਮਜਬੂਰਨ ਹੋਰ ਕਿਤੇ ਆਲ੍ਹਣੇ ਬਣਾਉਣੇ ਪਏ। ਇਸ ਹੀ ਸਮੇਂ ਕਾਵਾਂ ਨੂੰ ਸ਼ਹਿਰ ਦੇ ਬਾਹਰਲੇ ਇਲਾਕਿਆਂ ਦੇ ਜੀਵਨ ਦੇ ਅਰਾਮਾਂ ਦਾ ਪਤਾ ਲੱਗਾ। ਲੇਕਿਨ, ਉਨ੍ਹਾਂ ਨੂੰ ਸ਼ਹਿਰ ਦੇ ਮਨਮੋਹਕ ਖਾਣੇ, ਅਰਥਾਤ ਕੂੜੇ-ਕਰਕਟ ਅਤੇ ਰਹਿੰਦੇ-ਖੂੰਹਦੇ ਖਾਣੇ ਨਹੀਂ ਮਿਲਦੇ ਸਨ। “ਤਨਖ਼ਾਹ ਵਾਲੇ ਮਜ਼ਦੂਰਾਂ ਵਾਂਗ ਆਉਣ ਜਾਣ ਦੇ ਨਮੂਨਿਆਂ ਦੀ,” ਨਕਲ ਕਰ ਕੇ ਉਹ ਇਸ ਸਮੱਸਿਆ ਉੱਤੇ ਜੇਤੂ ਹੋਏ। “ਉਹ ਖਾਣੇ ਦੀ ਭਾਲ ਵਿਚ ਸਵੇਰ ਨੂੰ ਸ਼ਹਿਰੀ ਇਲਾਕਿਆਂ ਨੂੰ ਉੱਡਦੇ ਹਨ, ਫਿਰ ਸ਼ਾਮ ਨੂੰ ਸ਼ਹਿਰ ਦੇ ਬਾਹਰਲੇ ਇਲਾਕਿਆਂ ਨੂੰ ਮੁੜ ਆਉਂਦੇ ਹਨ,” ਦ ਡੇਲੀ ਯੋਮੀਉਰੀ ਕਹਿੰਦਾ ਹੈ।
ਸੰਸਾਰ ਦਾ ਸਫ਼ਾਈ ਪੱਧਰ ਵਿਗੜਦਾ ਜਾਂਦਾ
“ਤਕਰੀਬਨ ਤਿੰਨ ਅਰਬ ਲੋਕਾਂ, ਅਰਥਾਤ ਸੰਸਾਰ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਕੋਲ ਥੋੜ੍ਹਾ ਜਿਹਾ ਵੀ ਸਾਫ਼ ਗੁਸਲਖ਼ਾਨਾ ਨਹੀਂ ਹੈ,” ਦ ਨਿਊਯਾਰਕ ਟਾਈਮਜ਼ ਰਿਪੋਰਟ ਕਰਦਾ ਹੈ। ਇਹ ਸਿੱਟੇ, ਜੋ ਯੂਨੀਸੈਫ (UNICEF, ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ) ਦੁਆਰਾ ਕੀਤੇ ਗਏ ਸਾਲਾਨਾ ਸਰਵੇਖਣ ਕੌਮਾਂ ਦੀ ਪ੍ਰਗਤੀ (Progress of Nations) ਦਾ ਹਿੱਸਾ ਹਨ, ਇਹ ਵੀ ਜ਼ਾਹਰ ਕਰਦੇ ਹਨ ਕਿ “ਸਫ਼ਾਈ ਦਾ ਪੱਧਰ, ਬਿਹਤਰ ਹੋਣ ਦੀ ਬਜਾਇ, ਸੰਸਾਰ ਭਰ ਵਿਚ ਵਿਗੜਦਾ ਜਾ ਰਿਹਾ ਹੈ।” ਉਦਾਹਰਣ ਲਈ, ਕੁਝ ਦੇਸ਼ਾਂ ਨੇ ਗ਼ਰੀਬਾਂ ਲਈ ਸਾਫ਼ ਪਾਣੀ ਦੇ ਪ੍ਰਬੰਧ ਕਰਨ ਵਿਚ ਤਰੱਕੀ ਤਾਂ ਕੀਤੀ ਹੈ, ਲੇਕਿਨ ਮਲ-ਮੂਤਰ ਨੂੰ ਠਿਕਾਣੇ ਲਗਾਉਣ ਵਿਚ ਉਹ ਅਸਫ਼ਲ ਹੋਏ ਹਨ। ਇਹ ਰਿਪੋਰਟ ਕਹਿੰਦੀ ਹੈ ਕਿ ਬੁਨਿਆਦੀ ਸਿਹਤ-ਵਿਦਿਆ ਦੀ ਇਹ ਘਾਟ ਨਵੀਆਂ ਮਹਾਂਮਾਰੀਆਂ ਨੂੰ ਫੈਲਾਉਣ ਅਤੇ ਪੁਰਾਣੇ ਰੋਗਾਂ ਨੂੰ ਪੁਨਰ-ਜੀਵਿਤ ਕਰਨ ਵਿਚ ਖ਼ਾਸ ਹਿੱਸਾ ਪਾਉਂਦੀ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਸਾਲ ਗੰਦਗੀ ਨਾਲ ਸੰਬੰਧਿਤ ਬੀਮਾਰੀਆਂ ਕਾਰਨ 20 ਲੱਖ ਤੋਂ ਜ਼ਿਆਦਾ ਬੱਚੇ ਮਰ ਜਾਂਦੇ ਹਨ। ਇਸ ਅਧਿਐਨ ਦਾ ਲੇਖਕ, ਅਖ਼ਤਰ ਹਮੀਦ ਖਾਨ ਕਹਿੰਦਾ ਹੈ: “ਜਦੋਂ ਤੁਹਾਡੇ ਕੋਲ ਪੁਰਾਣੇ ਜ਼ਮਾਨੇ ਦੇ ਸਫ਼ਾਈ ਪ੍ਰਬੰਧ ਹਨ, ਤਾਂ ਤੁਹਾਡੇ ਕੋਲ ਪੁਰਾਣੇ ਜ਼ਮਾਨੇ ਦੇ ਰੋਗ ਵੀ ਹੋਣਗੇ।”
ਵਿਲੱਖਣ ਦੋਸਤੀ
ਸਾਇੰਸਦਾਨ ਲੰਬੇ ਸਮੇਂ ਤੋਂ ਕੀੜੀਆਂ ਅਤੇ ਅਫ਼ਰੀਕਾ ਦੇ ਕਿੱਕਰ ਦਰਖ਼ਤਾਂ ਵਿਚਕਾਰ ਰਿਸ਼ਤੇ ਤੋਂ ਹੈਰਾਨ ਹੋਏ ਹਨ। ਦਰਖ਼ਤ ਕੀੜੀਆਂ ਲਈ ਖ਼ੁਰਾਕ ਅਤੇ ਪਨਾਹ ਮੁਹੱਈਆ ਕਰਦੇ ਹਨ। ਇਸ ਦੇ ਵੱਟੇ, ਕੀੜੀਆਂ ਉਨ੍ਹਾਂ ਕੀੜੇ-ਮਕੌੜਿਆਂ ਤੇ ਹਮਲਾ ਕਰਦੀਆਂ ਹਨ ਜੋ ਦਰਖ਼ਤਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਅਤੇ ਉਨ੍ਹਾਂ ਜਾਨਵਰਾਂ ਨੂੰ ਲੜਦੀਆਂ ਹਨ ਜੋ ਪੱਤਿਆਂ ਨੂੰ ਖਾਂਦੇ ਹਨ। ਦਰਖ਼ਤ ਆਪਣੇ ਬਚਾਅ ਲਈ ਇਸ ਰਖਵਾਲੀ ਉੱਤੇ ਨਿਰਭਰ ਕਰਦੇ ਜਾਪਦੇ ਹਨ। ਲੇਕਿਨ ਦਰਖ਼ਤਾਂ ਨੂੰ ਆਪਣੇ ਫੁੱਲਾਂ ਦਾ ਪਰਾਗ ਕਰਵਾਉਣ ਲਈ ਉੱਡਣ ਵਾਲੇ ਪਤੰਗਿਆਂ ਦੀ ਵੀ ਜ਼ਰੂਰਤ ਹੈ। ਇਸ ਨੂੰ ਮਨ ਵਿਚ ਰੱਖਦੇ ਹੋਏ, ਪਰਾਗ ਕਰਨ ਵਾਲੇ ਪਤੰਗਿਆਂ ਨੂੰ ਆਪਣਾ ਕੰਮ ਕਰਨ ਦਾ ਕਿਵੇਂ ਮੌਕਾ ਮਿਲਦਾ ਹੈ? ਸਾਇੰਸ ਜਰਨਲ ਕੁਦਰਤ (ਅੰਗ੍ਰੇਜ਼ੀ) ਦੇ ਅਨੁਸਾਰ, ਜਦੋਂ ਦਰਖ਼ਤ “ਫੁੱਲ ਪਰਾਗੇ ਜਾਣ ਦੇ ਸਿਖਰ” ਤੇ ਹੁੰਦੇ ਹਨ, ਤਾਂ ਉਹ ਇਕ ਰਸਾਇਣਕ ਪਦਾਰਥ ਛੱਡਦੇ ਹਨ ਜੋ ਕੀੜੀਆਂ ਨੂੰ ਰੋਕਦਾ ਹੈ। ਇਹ ਪਤੰਗਿਆਂ ਨੂੰ ਫੁੱਲਾਂ ਕੋਲ “ਆਵੱਸ਼ਕ ਸਮੇਂ” ਤੇ ਆਉਣ ਦਾ ਮੌਕਾ ਦਿੰਦਾ ਹੈ। ਫਿਰ, ਜਦੋਂ ਫੁੱਲ ਪਰਾਗੇ ਜਾਂਦੇ ਹਨ, ਤਾਂ ਕੀੜੀਆਂ ਆਪਣੀ ਰਖਵਾਲੀ ਡਿਊਟੀ ਮੁੜ ਕਰਨ ਲਗਦੀਆਂ ਹਨ।
ਗੁਟਨਬਰਗ ਬਾਈਬਲ ਲੱਭੀ ਗਈ
ਯੋਹਾਨਸ ਗੁਟਨਬਰਗ ਦੁਆਰਾ 15ਵੀਂ ਸਦੀ ਵਿਚ ਛਾਪੀ ਗਈ ਬਾਈਬਲ ਦਾ ਇਕ ਹਿੱਸਾ, ਰੇਂਟਸਬੁਰਗ, ਜਰਮਨੀ ਵਿਚ ਇਕ ਗਿਰਜੇ ਦੇ ਪੁਰਾਲੇਖ-ਭਵਨ ਵਿੱਚੋਂ ਲੱਭਿਆ ਗਿਆ ਹੈ। 1996 ਦੇ ਮੁੱਢ ਵਿਚ ਇਸ ਦੇ ਮਿਲਣ ਮਗਰੋਂ, ਬਾਈਬਲ ਦੇ ਇਸ 150 ਪੰਨਿਆਂ ਦੇ ਹਿੱਸੇ ਨੂੰ ਗੁਟਨਬਰਗ ਦੇ ਅਸਲੀ ਨਮੂਨੇ ਵਜੋਂ ਐਲਾਨ ਕਰਨ ਤੋਂ ਪਹਿਲਾਂ ਇਸ ਦੀ ਧਿਆਨ ਨਾਲ ਜਾਂਚ ਕੀਤੀ ਗਈ ਸੀ, ਵੀਸਬਾਡਨਰ ਕੂਰੀਅਰ ਰਿਪੋਰਟ ਕਰਦਾ ਹੈ। ਸੰਸਾਰ ਭਰ ਵਿਚ, 48 ਗੁਟਨਬਰਗ ਬਾਈਬਲਾਂ ਦਾ ਪਤਾ ਹੈ, ਜਿਨ੍ਹਾਂ ਵਿੱਚੋਂ 20 ਪੂਰੀਆਂ ਹਨ। “ਯੋਹਾਨਸ ਗੁਟਨਬਰਗ ਦੁਆਰਾ ਛਾਪੀਆਂ ਗਈਆਂ ਪ੍ਰਸਿੱਧ ਦੋ-ਖੰਡ ਬਾਈਬਲਾਂ, ਕਿਤਾਬਾਂ ਦੀ ਛਪਾਈ ਵਿਚ ਪਹਿਲੀ ਮੁੱਖ ਰਚਨਾ ਵਜੋਂ ਵਿਚਾਰੀਆਂ ਜਾਂਦੀਆਂ ਹਨ,” ਅਖ਼ਬਾਰ ਕਹਿੰਦਾ ਹੈ। ਇਸ ਨਵੀਂ ਲੱਭਤ “ਉੱਤੇ ਕਿਤਾਬ ਦੀ ਮੁਢਲੀ ਸੰਗਲੀ ਹਾਲੇ ਵੀ ਸਹੀ-ਸਲਾਮਤ ਹੈ, ਜਿਸ ਦੇ ਨਾਲ ਬਾਈਬਲ ਉਪਦੇਸ਼-ਮੰਚ ਨਾਲ ਬੰਨ੍ਹੀ ਜਾਂਦੀ ਸੀ ਤਾਂਕਿ ਉਹ ਚੋਰੀ ਨਾ ਕੀਤੀ ਜਾ ਸਕੇ।”