ਸਾਡੇ ਪਾਠਕਾਂ ਵੱਲੋਂ
ਧੱਕੇਸ਼ਾਹੀ ਕਰਨਾ—ਇਸ ਦਾ ਕੀ ਨੁਕਸਾਨ ਹੈ? “ਨੌਜਵਾਨ ਪੁੱਛਦੇ ਹਨ . . . ਧੱਕੇਸ਼ਾਹੀ ਕਰਨਾ—ਇਸ ਦਾ ਕੀ ਨੁਕਸਾਨ ਹੈ?” (ਮਾਰਚ 22, 1997, ਅੰਗ੍ਰੇਜ਼ੀ) ਦੇ ਲੇਖ ਲਈ ਤੁਹਾਡਾ ਧੰਨਵਾਦ। ਸਕੂਲ ਵਿਚ ਕਮਜ਼ੋਰ ਬੱਚਿਆਂ ਦੀ ਸਾਰੇ ਬੇਇੱਜ਼ਤੀ ਕਰਦੇ ਹਨ, ਅਤੇ ਮੈਂ ਵੀ ਇਹ ਕਰਨ ਲਈ ਉਕਸਾਈ ਗਈ ਸੀ। ਲੇਕਿਨ ਆਪਣੇ ਆਪ ਨੂੰ ਦੂਜੇ ਵਿਅਕਤੀ ਦੀ ਥਾਂ ਰੱਖਣ ਵਾਲੀ ਸਲਾਹ, ਜੋ ਇਸ ਲੇਖ ਵਿਚ ਦਿੱਤੀ ਗਈ ਸੀ, ਨੇ ਧੱਕੇਸ਼ਾਹੀ ਕਰਨ ਤੋਂ ਮੈਨੂੰ ਰੋਕਣ ਵਿਚ ਬਹੁਤ ਮਦਦ ਕੀਤੀ ਹੈ। ਇਕ ਵਾਰ ਫਿਰ ਤੁਹਾਡਾ ਧੰਨਵਾਦ।
ਐੱਮ. ਐੱਨ., ਫਰਾਂਸ
ਮੈਂ 17 ਸਾਲਾਂ ਦੀ ਹਾਂ, ਅਤੇ ਇਸ ਲੇਖ ਲਈ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਇਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਹੈ, ਅਤੇ ਇਸ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ। ਇਹ ਜਾਣਨ ਰਾਹੀਂ ਕਿ ਯਹੋਵਾਹ ਧੱਕੇਸ਼ਾਹੀ ਨੂੰ ਨਫ਼ਰਤ ਕਰਦਾ ਹੈ ਮੈਨੂੰ ਆਪਣੇ ਚਾਲ-ਚਲਣ ਵਿਚ ਜ਼ਰੂਰੀ ਤਬਦੀਲੀਆਂ ਕਰਨ ਲਈ ਬਹੁਤ ਮਦਦ ਮਿਲੀ ਹੈ। ਸੁਨਹਿਰੇ ਅਸੂਲ ਅਤੇ ਯਿਸੂ ਦੀ ਮਿਸਾਲ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ, ਅਤੇ ਸਹੀ ਵਰਤਾਉ ਕਰਨ ਲਈ ਉਹ ਮੇਰੀ ਮਦਦ ਕਰਦੇ ਹਨ।
ਵੀ. ਟੀ., ਇਟਲੀ
ਹਾਲ ਹੀ ਵਿਚ, ਮੈਂ ਇਕ ਵੇਟਿੰਗ ਰੂਮ ਵਿਚ ਜਾਗਰੂਕ ਬਣੋ! ਰਸਾਲਾ ਚੁੱਕਿਆ ਅਤੇ ਉਸ ਵਿਚ ਇਹ ਵਧੀਆ ਲੇਖ ਪਾਇਆ। ਮੈਂ ਧੱਕੇਸ਼ਾਹੀ ਦੇ ਸਥਾਈ ਨੁਕਸਾਨ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ। ਮੇਰਾ ਭਰਾ [ਮੇਰੇ ਨਾਲ, ਯਾਨੀ ਆਪਣੀ ਭੈਣ ਨਾਲ] ਸ਼ਬਦਾਂ ਰਾਹੀਂ, ਭਾਵਾਤਮਕ ਅਤੇ ਸਰੀਰਕ ਤੌਰ ਤੇ ਅਪਮਾਨਜਨਕ ਵਿਵਹਾਰ ਕਰਦਾ ਸੀ। ਜੇ ਉਸ ਦਾ ਮੁਕਾਬਲਾ ਕੀਤਾ ਜਾਂਦਾ ਸੀ, ਤਾਂ ਉਹ ਮੋਢੇ ਚੜ੍ਹਾਉਂਦਾ, ਹੱਸਦਾ, ਅਤੇ ਦਾਅਵਾ ਕਰਦਾ ਕਿ ਇਹ ਸਿਰਫ਼ ਇਕ ਮਜ਼ਾਕ ਸੀ। ਉਹ ਮੈਨੂੰ ਦੱਸਦਾ ਕਿ ਗ਼ਲਤੀ ਮੇਰੀ ਸੀ ਕਿਉਂਕਿ ਮੈਥੋਂ ਮਜ਼ਾਕ ਸਹਾਰਿਆ ਨਹੀਂ ਸੀ ਜਾਂਦਾ! ਜਦੋਂ ਮੈਂ 13 ਸਾਲਾਂ ਦੀ ਸੀ ਅਤੇ ਉਹ 15 ਸਾਲਾਂ ਦਾ ਸੀ, ਤਾਂ ਉਹ ਮੈਨੂੰ ਲਿੰਗੀ ਛੇੜਖਾਨੀ ਨਾਲ ਧਮਕਾਉਣ ਲੱਗਾ। ਮੈਂ ਉਸ ਤੋਂ ਹਮੇਸ਼ਾ ਡਰਦੀ ਰਹਿੰਦੀ ਕਿਉਂਕਿ ਉਹ ਮੇਰੇ ਨਾਲੋਂ ਉਮਰ ਵਿਚ ਵੱਡਾ, ਲੰਬਾ-ਚੌੜਾ ਅਤੇ ਜ਼ਿਆਦਾ ਬਲਵਾਨ ਸੀ! ਮੇਰੇ ਮਾਪਿਆਂ ਨੇ ਕਦੀ ਵੀ ਮੇਰੀ ਰੱਖਿਆ ਨਹੀਂ ਕੀਤੀ। ਜਾਗਰੂਕ ਬਣੋ!, ਜੀਵਨ ਦੇ ਜ਼ਰੂਰੀ ਵਿਸ਼ਿਆਂ ਵੱਲ ਧਿਆਨ ਦੇਣ ਲਈ ਤੁਹਾਡਾ ਸ਼ੁਕਰੀਆ। ਮੈਂ ਜਾਣਦੀ ਹਾਂ ਕਿ ਇੰਜ ਕਰਨ ਲਈ ਹਿੰਮਤ ਦੀ ਲੋੜ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਲੇਖ ਰਾਹੀਂ ਤੁਸੀਂ ਕਈਆਂ ਦੇ ਦਿਲਾਂ ਨੂੰ ਛੋਹਿਆ ਹੈ।
ਬੀ. ਐੱਸ. ਐੱਮ., ਸੰਯੁਕਤ ਰਾਜ ਅਮਰੀਕਾ
ਵਿਸ਼ਵ-ਵਿਆਪੀ ਬਾਗ਼ “ਇਕ ਵਿਸ਼ਵ-ਵਿਆਪੀ ਬਾਗ਼—ਸੁਪਨਾ ਜਾਂ ਭਾਵੀ ਅਸਲੀਅਤ?” (ਅਪ੍ਰੈਲ-ਜੂਨ, 1997) ਦੀ ਸੁੰਦਰ ਲੇਖ-ਮਾਲਾ ਲਈ ਮੈਂ ਸ਼ੁਕਰੀਆ ਕਹਿਣਾ ਚਾਹੁੰਦੀ ਹਾਂ। ਜੀ ਹਾਂ, ਬਾਗ਼ ਅਤੇ ਰੰਗ ਸਾਡੀ ਸਿਹਤ ਤੇ ਅਸਰ ਪਾ ਸਕਦੇ ਹਨ ਅਤੇ ਅਸੀਂ ਉਨ੍ਹਾਂ ਤੋਂ ਆਨੰਦ ਹਾਸਲ ਕਰ ਸਕਦੇ ਹਾਂ। “ਪਰਾਦੀਸ ਨੂੰ ਵਾਪਸ ਜਾਂਦਾ ਰਾਹ” ਨਾਮਕ ਲੇਖ ਮੈਨੂੰ ਬਹੁਤ ਪਸੰਦ ਆਇਆ। ਇਹ ਕੁਝ ਸ਼ਬਦ ਬਹੁਤ ਉਤਸ਼ਾਹਜਨਕ ਸਨ—ਇਕ ਸੱਦੇ ਵਾਂਗ ਜੋ ਕਹਿ ਰਿਹਾ ਸੀ, “ਤੁਹਾਡਾ ਰਾਹ ਇਹੋ ਹੀ ਹੈ।” ਕਿਸੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤਕ ਧਰਤੀ ਨੂੰ ਪਰਾਦੀਸ ਵਿਚ ਬਦਲਣ ਦੇ ਕੰਮ ਵਿਚ ਮਦਦ ਕਰਨੀ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ! ਕਿਉਂਕਿ ਮੈਂ ਚਿੱਤਰਕਾਰੀ ਅਤੇ ਦਸਤਕਾਰੀ ਦਾ ਆਨੰਦ ਮਾਣਦੀ ਹਾਂ, ਮੈਂ ਰਸਾਲਿਆਂ ਵਿਚ ਸਾਰੀਆਂ ਤਸਵੀਰਾਂ ਦਾ ਵੀ ਆਨੰਦ ਮਾਣਦੀ ਹਾਂ।
ਵੀ. ਆਰ., ਆਸਟ੍ਰੇਲੀਆ
ਮੈਂ ਇਨ੍ਹਾਂ ਲੇਖਾਂ ਲਈ ਤੁਹਾਡੀ ਸ਼ਲਾਘਾ ਕਰਨੀ ਚਾਹੁੰਦੀ ਹਾਂ। ਮੈਨੂੰ ਇਨ੍ਹਾਂ ਤੋਂ ਪੂਰਾ ਆਨੰਦ ਮਿਲਿਆ। ਮੇਰੀ ਉਮਰ 80 ਸਾਲਾਂ ਦੇ ਕਰੀਬ ਹੈ ਅਤੇ ਮੈਂ ਅਜੇ ਵੀ ਆਪਣੇ ਬਗ਼ੀਚੇ ਵਿਚ ਕੰਮ ਕਰਨਾ ਪਸੰਦ ਕਰਦੀ ਹਾਂ। ਮੇਰੇ ਫੁੱਲ ਅਤੇ ਸਬਜ਼ੀਆਂ ਪਹਿਲਾ ਇਨਾਮ ਨਹੀਂ ਜਿੱਤਣਗੇ, ਪਰ ਮੈਂ ਬਾਹਰ ਉਨ੍ਹਾਂ ਨਾਲ ਕੰਮ ਕਰਨ ਦਾ ਆਨੰਦ ਮਾਣਦੀ ਹਾਂ। ਇਹ ਲੇਖ ਪੜ੍ਹਨ ਤੋਂ ਬਾਅਦ ਮੈਂ ਇਸ ਗੱਲ ਦੀ ਜ਼ਿਆਦਾ ਸਮਝ ਪਾ ਸਕੀ ਕਿ ਇਨਸਾਨ ਬਾਗ਼ ਵਿਚ ਕੰਮ ਕਰਨਾ ਕਿਉਂ ਪਸੰਦ ਕਰਦੇ ਹਨ।
ਆਰ. ਆਰ., ਸੰਯੁਕਤ ਰਾਜ ਅਮਰੀਕਾ
ਵਿਆਹ ਨੂੰ ਬਚਾਓ? ਜਦੋਂ ਮੈਂ “ਕੀ ਬੇਵਫ਼ਾਈ ਤੋਂ ਬਾਅਦ ਵਿਆਹ ਬਚਾਇਆ ਜਾ ਸਕਦਾ ਹੈ?” (ਅਪ੍ਰੈਲ-ਜੂਨ, 1997) ਨਾਮਕ ਲੇਖ ਪੜ੍ਹਿਆ, ਤਾਂ ਮੈਨੂੰ ਇਸ ਤਰ੍ਹਾਂ ਲੱਗਾ ਕਿ ਯਹੋਵਾਹ ਮੈਨੂੰ ਇਕ ਚਿੱਠੀ ਲਿਖ ਰਿਹਾ ਸੀ। ਇਸ ਲੇਖ ਨੇ ਐਨ ਉਹੋ ਪ੍ਰਗਟ ਕੀਤਾ ਜੋ ਮੈਂ ਭੁਗਤਿਆ ਅਤੇ ਮਹਿਸੂਸ ਕੀਤਾ ਸੀ। ਮੇਰਾ ਪਤੀ ਬੇਵਫ਼ਾ ਸੀ, ਪਰ ਉਸ ਨੇ ਸੱਚੇ ਦਿਲੋਂ ਤੋਬਾ ਕੀਤੀ। ਠੀਕ ਜਿਵੇਂ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ, ਮੈਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਤੂਫ਼ਾਨ ਵਿਚ ਸੀ। ਮੈਂ ਉਸ ਨੂੰ ਮਾਫ਼ ਕਰਨਾ ਚੁਣਿਆ, ਪਰ ਕਦੇ-ਕਦੇ ਮੈਂ ਆਪਣੇ ਵਿਚਾਰਾਂ ਕਾਰਨ ਸ਼ਰਮਿੰਦਗੀ ਮਹਿਸੂਸ ਕਰਦੀ ਸੀ। ਇਸ ਲੇਖ ਨੇ ਇਹ ਸਮਝਣ ਵਿਚ ਮੇਰੀ ਮਦਦ ਕੀਤੀ ਕਿ ਮੇਰਾ ਰਵੱਈਆ ਬਿਲਕੁਲ ਸਾਧਾਰਣ ਅਤੇ ਠੀਕ ਸੀ। ਯਹੋਵਾਹ ਨੇ ਸਾਡੇ ਜਤਨਾਂ ਨੂੰ ਬਹੁਤ ਬਰਕਤ ਦਿੱਤੀ ਹੈ ਅਤੇ ਸਾਡਾ ਵਿਆਹ ਬਚਾਇਆ ਗਿਆ ਹੈ।
ਐੱਲ. ਪੀ., ਫਰਾਂਸ
ਭਾਵੇਂ ਕਿ ਮੇਰਾ ਵਿਆਹ ਬਚਾਇਆ ਨਹੀਂ ਜਾ ਸਕਦਾ ਸੀ, ਇਹ ਲੇਖ ਇਕ ਵੱਡੀ ਬਰਕਤ ਸੀ ਕਿਉਂਕਿ ਇਸ ਨੇ ਮੇਰੇ ਜਜ਼ਬਾਤਾਂ ਨੂੰ ਸਹੀ ਤਰ੍ਹਾਂ ਵਰਣਨ ਕੀਤਾ। ਮੈਂ ਇਸ ਲੇਖ ਵਿਚ ਸਭ ਕੁਝ ਸਮਝ ਸਕਦੀ ਸੀ। ਮੈਂ ਦੂਸਰਿਆਂ ਨੂੰ ਵੀ ਜਾਣਦੀ ਹਾਂ ਜਿਨ੍ਹਾਂ ਨੂੰ ਇਸ ਤੋਂ ਸਮਾਨ ਲਾਭ ਮਿਲੇ ਹਨ। ਕਈਆਂ ਨੂੰ ਇਹ ਸਮਝਣ ਵਿਚ ਮੁਸ਼ਕਲ ਹੁੰਦੀ ਹੈ ਕਿ ਇਕ ਵਿਅਕਤੀ ਇਸ ਹਾਲਤ ਵਿਚ ਕਿਵੇਂ ਮਹਿਸੂਸ ਕਰਦਾ ਹੈ, ਇਸ ਲਈ ਇਹ ਲੇਖ ਉਨ੍ਹਾਂ ਦੀ ਬਹੁਤ ਮਦਦ ਕਰੇਗਾ, ਅਤੇ ਉਨ੍ਹਾਂ ਲਈ ਜਾਣਕਾਰੀ ਪੇਸ਼ ਕਰੇਗਾ।
ਐੱਮ. ਸੀ., ਆਇਰਲੈਂਡ
ਮੈਂ ਨੌਂ ਸਾਲਾਂ ਤੋਂ ਇਕ ਅਵਿਸ਼ਵਾਸੀ ਨਾਲ ਵਿਆਹੀ ਹੋਈ ਹਾਂ ਜੋ ਇਕ ਬੇਵਫ਼ਾ ਸਾਥੀ ਵੀ ਰਿਹਾ ਹੈ। ਲੇਕਿਨ ਜਦੋਂ ਮੈਂ “ਕੀ ਵਿਆਹ ਬਚਾਇਆ ਜਾ ਸਕਦਾ ਹੈ?” ਸਿਰਲੇਖ ਹੇਠਲੇ ਪੈਰਿਆਂ ਨੂੰ ਪੜ੍ਹਿਆ, ਤਾਂ ਮੈਨੂੰ ਬਹੁਤ ਤਸੱਲੀ ਮਿਲੀ। ਮੇਰਾ ਪਤੀ ਸਾਡੇ ਵਿਆਹ ਨੂੰ ਕਾਇਮ ਰੱਖਣ ਦੇ ਨਾਲ-ਨਾਲ ਦੂਸਰੀ ਔਰਤ ਨਾਲ ਸੰਬੰਧ ਵੀ ਰੱਖਣਾ ਚਾਹੁੰਦਾ ਹੈ। ਇਸ ਲਈ, ਮੈਂ ਆਪਣੇ ਵਿਆਹ ਨੂੰ ਖ਼ਤਮ ਕਰਨ ਵਿਚ ਖ਼ੁਸ਼ ਹਾਂ। ਹੁਣ ਮੈਨੂੰ ਆਪਣਾ ਜੀਵਨ ਦੁਬਾਰਾ ਸ਼ੁਰੂ ਕਰਨਾ ਅਤੇ ਇਕੱਲੀ ਮਾਂ ਵਜੋਂ ਰਹਿਣਾ ਪਵੇਗਾ।
ਐੱਮ. ਐੱਸ. ਬੀ., ਤ੍ਰਿਨੀਦਾਦ
ਇਸ ਸੁੰਦਰ ਅਤੇ ਨਾਜ਼ੁਕ ਲੇਖ ਲਈ ਤੁਹਾਡਾ ਸ਼ੁਕਰੀਆ। ਇਹ ਨਿਸ਼ਚਿਤ ਕਰਨ ਲਈ ਇਸ ਦੀ ਸਲਾਹ ਇਸਤੇਮਾਲ ਕਰਨੀ ਵਧੀਆ ਸੀ ਕਿ ਸੁਲ੍ਹਾ-ਸਫ਼ਾਈ ਸਫ਼ਲ ਹੋਵੇਗੀ ਜਾਂ ਨਹੀਂ। ਮੈਂ ਹਮੇਸ਼ਾ ਮੰਨਦੀ ਸੀ ਕਿ ਜੇ ਮੇਰਾ ਪਤੀ ਬੇਵਫ਼ਾ ਹੁੰਦਾ, ਤਾਂ ਮੈਂ ਉਸ ਨੂੰ ਕਦੀ ਵੀ ਮਾਫ਼ ਨਹੀਂ ਕਰ ਸਕਦੀ। ਮੈਂ ਹੁਣ ਅਹਿਸਾਸ ਕਰਦੀ ਹਾਂ ਕਿ ਇਹ ਰਵੱਈਆ ਹਮੇਸ਼ਾ ਸਹੀ ਨਹੀਂ ਹੁੰਦਾ। ਇਹ ਦੁੱਖ ਦੀ ਗੱਲ ਹੈ ਕਿ ਇਹ ਸਪੱਸ਼ਟ ਤੌਰ ਤੇ ਇਕ ਵੱਧ ਰਹੀ ਸਮੱਸਿਆ ਹੈ, ਫਿਰ ਵੀ ਸਾਨੂੰ ਆਪਣੀ ਮਦਦ ਖ਼ੁਦ ਕਰਨ ਲਈ ਸ਼ਾਸਤਰ-ਸੰਬੰਧੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਸ਼ੁਕਰੀਆ। ਯਹੋਵਾਹ ਉੱਤੇ ਮੇਰੇ ਭਰੋਸੇ ਨੇ ਗਹਿਰੀ ਦਿਲਗੀਰੀ ਦੇ ਦੌਰਾਨ ਮੇਰੀ ਮਦਦ ਕੀਤੀ ਅਤੇ ਮਾਫ਼ ਕਰਨ ਦੀ ਵੀ ਸ਼ਕਤੀ ਦਿੱਤੀ, ਕਿਉਂਕਿ ਮੇਰਾ ਪਤੀ ਪਸ਼ਚਾਤਾਪੀ ਸੀ (ਅਤੇ ਅਜੇ ਵੀ ਹੈ)।
ਐੱਸ. ਐੱਨ., ਸੰਯੁਕਤ ਰਾਜ ਅਮਰੀਕਾ