ਸਾਡੇ ਪਾਠਕਾਂ ਵੱਲੋਂ
ਡਾਊਨ ਅੰਡਰ ਦੀ ਜ਼ਿੰਦਗੀ ਮੈਂ ਆਸਟ੍ਰੇਲੀਆ ਬਾਰੇ, ਉਸ ਦਿਲੀ ਅਤੇ ਦਿਲਚਸਪ ਲੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਦਾ ਵਿਸ਼ਾ ਸੀ “ਡਾਊਨ ਅੰਡਰ ਦੀ ਜ਼ਿੰਦਗੀ ਨਿਆਰੀ ਹੈ।” (ਅਕਤੂਬਰ-ਦਸੰਬਰ 1997) ਭਾਵੇਂ ਕਿ ਮੈਂ ਇਸ ਮਨਮੋਹਣੇ ਅਤੇ ਦਿਲਚਸਪ ਦੇਸ਼ ਬਾਰੇ ਕਾਫ਼ੀ ਕੁਝ ਪੜ੍ਹਿਆ ਹੈ, ਤੁਹਾਡੇ ਲੇਖ ਨੇ ਇਹ ਸਮਝਣ ਵਿਚ ਮੇਰੀ ਮਦਦ ਕੀਤੀ ਕਿ ਸਾਨੂੰ ਯਹੋਵਾਹ ਦੀ ਸ਼ਾਨਦਾਰ ਸ੍ਰਿਸ਼ਟੀ ਲਈ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਹੈ।
ਐੱਲ. ਕੇ., ਜਰਮਨੀ
ਸਮੱਸਿਆ-ਰਹਿਤ ਪਰਾਦੀਸ “ਇਕ ਸਮੱਸਿਆ-ਰਹਿਤ ਪਰਾਦੀਸ—ਕਦੋਂ?” (ਅਕਤੂਬਰ-ਦਸੰਬਰ 1997) ਦੀ ਲੇਖ-ਮਾਲਾ ਲਈ ਮੈਂ ਬਹੁਤ ਧੰਨਵਾਦੀ ਹਾਂ। ਮੇਰੇ ਜਨਮ ਤੋਂ ਪਹਿਲਾਂ ਹੀ ਮੇਰੀ ਦਾਦੀ ਦੀ ਮੌਤ ਹੋ ਗਈ ਸੀ। ਉਹ ਕੈਂਸਰ ਤੋਂ ਮਰੀ ਸੀ। ਪਰ ਪਰਾਦੀਸ ਵਿਚ, ਬੀਮਾਰੀ ਨਹੀਂ ਹੋਵੇਗੀ। ਇਸ ਲੇਖ ਨੇ ਮੈਨੂੰ ਵਫ਼ਾਦਾਰ ਰਹਿਣ ਲਈ ਉਤਸ਼ਾਹ ਦਿੱਤਾ ਤਾਂਕਿ ਮੈਂ ਉਸ ਨੂੰ ਪਰਾਦੀਸ ਵਿਚ ਮਿਲ ਸਕਾਂ।
ਐੱਮ. ਜੇ., ਤ੍ਰਿਨੀਦਾਦ
ਜਾਨਵਰਾਂ ਦੀ ਨੀਂਦ ਮੈਂ “ਜਾਨਵਰਾਂ ਦੀ ਨੀਂਦ ਦੇ ਰਾਜ਼” (ਅਕਤੂਬਰ-ਦਸੰਬਰ 1997) ਲੇਖ ਲਈ ਆਪਣੀ ਕਦਰ ਪ੍ਰਗਟ ਕਰਨਾ ਚਾਹੁੰਦੀ ਹਾਂ। ਇਹ ਹਸਾਉਣਾ ਸੀ—ਅਤੇ ਮੈਂ ਸ੍ਰਿਸ਼ਟੀ ਬਾਰੇ ਕੁਝ ਅਸਚਰਜ ਗੱਲਾਂ ਸਿੱਖੀਆਂ।
ਜੇ. ਜੀ., ਪੋਰਟੋ ਰੀਕੋ
ਮੇਰੇ ਕੋਲ ਇਕ ਮੱਛੀ ਹੈ, ਅਤੇ ਮੈਂ ਹਮੇਸ਼ਾ ਇਹ ਜਾਣਨਾ ਚਾਹੁੰਦੀ ਸੀ ਕਿ ਮੱਛੀਆਂ ਸੌਂਦੀਆਂ ਹਨ ਕਿ ਨਹੀਂ। ਇਸ ਲਈ ਮੈਂ ਬਹੁਤ ਖ਼ੁਸ਼ ਹੋਈ ਜਦੋਂ ਮੈਨੂੰ ਪਤਾ ਲੱਗਾ ਕਿ ਜਦੋਂ ਉਹ ਹਿਲਦੀ ਨਹੀਂ, ਤਾਂ ਉਹ ਆਰਾਮ ਕਰ ਰਹੀ ਹੈ।
ਏ. ਪੀ. ਐੱਲ. ਐੱਮ., ਬ੍ਰਾਜ਼ੀਲ
ਦੁਖਦੇ ਪੈਰ ਇਸ ਤਰ੍ਹਾਂ ਲੱਗਦਾ ਸੀ ਕਿ ਤੁਹਾਡਾ ਲੇਖ “ਦੁਖਦੇ ਪੈਰਾਂ ਲਈ ਮਦਦ” (ਅਕਤੂਬਰ-ਦਸੰਬਰ 1997) ਖ਼ਾਸ ਕਰਕੇ ਔਰਤਾਂ ਲਈ ਲਿਖਿਆ ਗਿਆ ਸੀ। ਲੇਕਿਨ, ਇਸ ਲੇਖ ਨੂੰ ਪੜ੍ਹਨ ਤੋਂ ਕੁਝ ਦਿਨ ਬਾਅਦ, ਮੇਰੇ ਪਤੀ ਨੇ ਆਪਣੇ ਪੈਰਾਂ ਵਿਚ ਦਰਦ ਬਾਰੇ ਮੈਨੂੰ ਦੱਸਿਆ—ਜਿਵੇਂ ਉਹ ਪਿਛਲੇ ਸੱਤ ਸਾਲਾਂ ਤੋਂ ਦੱਸਦਾ ਆਇਆ ਹੈ। ਇਸ ਲੇਖ ਨੂੰ ਮਨ ਵਿਚ ਰੱਖਦਿਆਂ, ਅਸੀਂ ਜੁੱਤੀਆਂ ਦੀ ਦੁਕਾਨ ਤੇ ਗਏ। ਕੀ ਤੁਸੀਂ ਸੱਚ ਮੰਨੋਗੇ? ਉਸ ਨੇ 8 ਸਾਈਜ਼ ਦੀ ਜੁੱਤੀ ਪਾਈ ਹੋਈ ਸੀ ਜਦੋਂ ਕਿ ਉਸ ਨੂੰ 9 ਸਾਈਜ਼ ਦੀ ਚੌੜੀ ਜੁੱਤੀ ਦੀ ਜ਼ਰੂਰਤ ਸੀ! ਜਾਗਰੂਕ ਬਣੋ! ਦਾ ਧੰਨਵਾਦ ਹੈ ਕਿ ਉਸ ਨੂੰ ਕੁਝ ਆਰਾਮ ਮਿਲ ਚੁੱਕਾ ਹੈ।
ਐੱਸ. ਜੇ., ਸੰਯੁਕਤ ਰਾਜ ਅਮਰੀਕਾ
ਮੈਂ ਤਕਰੀਬਨ ਸਾਰਾ ਦਿਨ ਕੰਮ ਤੇ ਖੜ੍ਹੀ ਰਹਿੰਦੀ ਹਾਂ, ਅਤੇ ਉੱਚੀ ਅੱਡੀ ਪਾਉਣ ਕਰਕੇ ਮੈਨੂੰ ਮੁਸ਼ਕਲਾਂ ਆਉਣ ਲੱਗ ਪਈਆਂ ਸਨ। ਇਸ ਮਹੀਨੇ ਮੈਂ ਇਕ ਸਹਿਯੋਗੀ ਪਾਇਨੀਅਰ (ਅੰਸ਼ਕਾਲੀ ਪ੍ਰਚਾਰਕ) ਵਜੋਂ ਸੇਵਾ ਕੀਤੀ, ਅਤੇ ਇਸ ਲੇਖ ਦੀ ਮਦਦ ਨਾਲ ਮੈਂ ਆਰਾਮਦਾਇਕ ਜੁੱਤੀਆਂ ਦੇ ਤਿੰਨ ਜੋੜੇ ਪ੍ਰਾਪਤ ਕੀਤੇ। ਸਾਡੀ ਸਿਹਤ ਵਿਚ ਦਿਲਚਸਪੀ ਰੱਖਣ ਲਈ ਅਤੇ ਸਾਨੂੰ ਜਾਣਕਾਰੀ ਦੇਣ ਲਈ ਤੁਹਾਡਾ ਸ਼ੁਕਰੀਆ।
ਕੇ. ਐੱਲ., ਜਰਮਨੀ
ਭੈਣਾਂ-ਭਰਾਵਾਂ ਦੀਆਂ ਸਮੱਸਿਆਵਾਂ ਇਹ ਲੇਖ “ਨੌਜਵਾਨ ਪੁੱਛਦੇ ਹਨ . . . ਸਾਰਾ ਧਿਆਨ ਮੇਰੇ ਭਰਾ ਨੂੰ ਹੀ ਕਿਉਂ ਦਿੱਤਾ ਜਾਂਦਾ ਹੈ?” (ਅਕਤੂਬਰ-ਦਸੰਬਰ 1997) ਠੀਕ ਉਸ ਸਮੇਂ ਤੇ ਆਇਆ ਜਦੋਂ ਸਾਨੂੰ ਇਸ ਦੀ ਜ਼ਰੂਰਤ ਸੀ। ਇਸ ਨੇ ਸਾਨੂੰ ਅਹਿਸਾਸ ਦਿਲਾਇਆ ਕਿ ਪੱਖਪਾਤੀ ਵਰਤਾਉ ਹਮੇਸ਼ਾ ਅਨਿਆਂ ਨਹੀਂ ਹੁੰਦਾ। ਅਸੀਂ ਹੁਣ ਸਮਝਦੀਆਂ ਹਾਂ ਕਿ ਸਾਡੇ ਮਾਪਿਆਂ ਕੋਲ ਸਾਡੇ ਭਰਾਵਾਂ ਨੂੰ ਜ਼ਿਆਦਾ ਧਿਆਨ ਦੇਣ ਦੇ ਚੰਗੇ ਕਾਰਨ ਹਨ। ਅਸੀਂ ਇਸ ਲੇਖ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
ਬੀ. ਕੇ., ਐੱਚ. ਕੇ., ਅਤੇ ਜੀ. ਯੂ. ਓ., ਨਾਈਜੀਰੀਆ
ਸ਼ੋਰਸ਼ਰਾਬਾ ਪ੍ਰਦੂਸ਼ਣ ਮੈਂ ਕਈ ਸਾਲਾਂ ਲਈ ਇਕ ਵੱਡੇ ਕਾਰਖ਼ਾਨੇ ਵਿਚ ਕੰਮ ਕਰਦਾ ਆਇਆ ਹਾਂ, ਅਤੇ ਮੇਰੇ ਉੱਤੇ ਨਾਲੇ ਮੇਰੇ ਕੁਝ ਸਾਥੀਆਂ ਉੱਤੇ ਸ਼ੋਰਸ਼ਰਾਬੇ ਵਾਲੇ ਮਾਹੌਲ ਦਾ ਅਸਰ ਪਿਆ ਹੈ। ਮੈਂ ਨਵੰਬਰ 8, 1997 (ਅੰਗ੍ਰੇਜ਼ੀ) ਦੇ ਅੰਕ ਨੂੰ ਕੰਮ ਤੇ ਲੈ ਗਿਆ (“ਸ਼ੋਰਸ਼ਰਾਬਾ—ਸਭ ਤੋਂ ਖ਼ਰਾਬ ਪ੍ਰਦੂਸ਼ਣ?”), ਅਤੇ ਮੈਨੇਜਮੈਂਟ ਨੇ ਸਾਰੇ ਕਾਮਿਆਂ ਦੀ ਸਿਹਤ ਦੀ ਰੱਖਿਆ ਕਰਨ ਲਈ ਜ਼ਰੂਰੀ ਕਦਮ ਚੁੱਕਣ ਦਾ ਫ਼ੈਸਲਾ ਕੀਤਾ।
ਆਰ. ਪੀ., ਇਟਲੀ
ਮੈਂ ਕਈ ਸਾਲਾਂ ਤੋਂ ਦੁਖੀ ਰਿਹਾ ਹਾਂ ਕਿਉਂਕਿ ਮੇਰਾ ਗੁਆਂਢੀ ਕਾਫ਼ੀ ਸ਼ੋਰਸ਼ਰਾਬਾ ਕਰਦਾ ਰਹਿੰਦਾ ਹੈ। ਉਹ ਕਾਫ਼ੀ ਰਾਤ ਗਏ ਤਕ ਬਿਜ਼ਨਿਸ ਚਲਾਉਂਦਾ ਹੈ। ਮੈਨੂੰ ਕਦੀ-ਕਦੀ ਬਹੁਤ ਗੁੱਸਾ ਵੀ ਆਇਆ ਹੈ। ਪਰ ਇਹ ਜਾਣ ਕੇ ਮੈਨੂੰ ਹੌਸਲਾ ਮਿਲਿਆ ਕਿ ਅਜਿਹੇ ਕਈ ਭੈਣ-ਭਰਾ ਹਨ ਜੋ ਸ਼ੋਰਸ਼ਰਾਬੇ ਦੇ ਸ਼ਿਕਾਰ ਬਣਦੇ ਹਨ ਪਰ ਉਹ ਆਤਮ-ਸੰਜਮ ਦਾ ਅਮਲ ਕਰ ਕੇ ਇਸ ਨੂੰ ਸਹਿ ਰਹੇ ਹਨ।
ਟੀ. ਓ., ਜਪਾਨ
ਮੇਰਾ ਇਕ ਗੁਆਂਢੀ ਹੈ ਜੋ ਅੱਧੀ ਰਾਤ ਨੂੰ ਦੂਜਿਆਂ ਨੂੰ ਟੈਲੀਫ਼ੋਨ ਕਰ ਕੇ ਮੈਨੂੰ ਤੰਗ ਕਰਦਾ ਹੈ। ਇਨ੍ਹਾਂ ਲੇਖਾਂ ਨੇ ਮੈਨੂੰ ਅੱਛੇ ਸੁਝਾਉ ਦਿੱਤੇ ਹਨ ਕਿ ਮੈਂ ਇਕ ਦੋਸਤਾਨਾ, ਮਸੀਹੀ ਤਰੀਕੇ ਵਿਚ ਇਸ ਮਸਲੇ ਨੂੰ ਕਿਵੇਂ ਹੱਲ ਕਰ ਸਕਦਾ ਹਾਂ।
ਜੇ. ਆਰ., ਇੰਗਲੈਂਡ