ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 4/8 ਸਫ਼ੇ 15-17
  • ਦੰਦ-ਸੁਧਾਈ ਇਸ ਵਿਚ ਕੀ ਸ਼ਾਮਲ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੰਦ-ਸੁਧਾਈ ਇਸ ਵਿਚ ਕੀ ਸ਼ਾਮਲ ਹੈ?
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦੰਦ-ਵਿਗਿਆਨ ਦੀ ਇਕ ਸ਼ਾਖਾ
  • ਦੰਦ-ਸੁਧਾਈ ਕੀ ਕਰਦੀ ਹੈ
  • ਇਕ ਵਿਅਕਤੀ ਦਾ ਕਦੋਂ ਇਲਾਜ ਕੀਤਾ ਜਾਣਾ ਚਾਹੀਦਾ ਹੈ?
  • ਬੱਚਿਆਂ ਲਈ ਹੀ ਨਹੀਂ
  • ਸਮਾਂ ਅਤੇ ਇਲਾਜ ਦੇ ਢੰਗ
  • ਦੰਦਾਂ ਦੇ ਡਾਕਟਰ ਨੂੰ ਕਿਉਂ ਮਿਲੀਏ?
    ਜਾਗਰੂਕ ਬਣੋ!—2007
  • ਸਮੁੰਦਰੀ ਘੋਗੇ ਦੇ ਦੰਦਾਂ ਦੀ ਬਣਤਰ
    ਇਹ ਕਿਸ ਦਾ ਕਮਾਲ ਹੈ?
  • ਦੰਦ-ਪੀੜ ਇਕ ਦਰਦ ਭਰੀ ਦਾਸਤਾਨ
    ਜਾਗਰੂਕ ਬਣੋ!—2007
  • ਸੁਝਾਅ 2–ਸਰੀਰ ਦੀ ਦੇਖ-ਭਾਲ ਕਰੋ
    ਜਾਗਰੂਕ ਬਣੋ!—2011
ਹੋਰ ਦੇਖੋ
ਜਾਗਰੂਕ ਬਣੋ!—1998
g98 4/8 ਸਫ਼ੇ 15-17

ਦੰਦ-ਸੁਧਾਈ ਇਸ ਵਿਚ ਕੀ ਸ਼ਾਮਲ ਹੈ?

ਤੁਹਾਡੇ ਦੰਦ ਮਹੱਤਵਪੂਰਣ ਹਨ! ਤੁਹਾਨੂੰ ਖਾਣ-ਪੀਣ ਅਤੇ ਬੋਲਣ ਲਈ ਇਨ੍ਹਾਂ ਦੀ ਜ਼ਰੂਰਤ ਹੈ, ਅਤੇ ਇਹ ਇਕ ਸੋਹਣੀ ਮੁਸਕਰਾਹਟ ਜਾਂ ਹਾਸੇ ਲਈ ਵੀ ਮਹੱਤਵਪੂਰਣ ਹਨ।

ਵਿੰਗੇ-ਟੇਢੇ ਦੰਦ ਭੋਜਨ ਨੂੰ ਚਿੱਥਣਾ ਮੁਸ਼ਕਲ ਬਣਾ ਸਕਦੇ ਹਨ, ਮਸੂੜਿਆਂ ਨੂੰ ਰੋਗੀ ਕਰ ਸਕਦੇ ਹਨ, ਅਤੇ ਬੋਲਣ ਵਿਚ ਨੁਕਸ ਲਈ ਜ਼ਿੰਮੇਵਾਰ ਹੋ ਸਕਦੇ ਹਨ। ਮਾਹਰਾਂ ਨੇ ਇਹ ਵੀ ਦੇਖਿਆ ਹੈ ਕਿ ਕੁਝ ਲੋਕਾਂ ਲਈ ਵਿੰਗੇ-ਟੇਢੇ ਦੰਦ ਇਕ ਸਮਾਜਕ ਅੜਿੱਕਾ ਵੀ ਸਾਬਤ ਹੋ ਸਕਦੇ ਹਨ। ਕਿਉਂਕਿ ਉਹ ਯਕੀਨ ਕਰਦੇ ਹਨ ਕਿ ਉਨ੍ਹਾਂ ਦੇ ਦੰਦਾਂ ਕਾਰਨ ਉਨ੍ਹਾਂ ਦੀ ਮੁਸਕਰਾਹਟ ਖ਼ਰਾਬ ਲੱਗਦੀ ਹੈ, ਇਸ ਲਈ ਉਨ੍ਹਾਂ ਨੂੰ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਵਿਚ ਸ਼ਾਇਦ ਮੁਸ਼ਕਲ ਪੇਸ਼ ਆਵੇ।

ਜੇਕਰ ਤੁਹਾਡੇ ਦੰਦ ਸਿੱਧੇ ਨਹੀਂ ਹਨ, ਤਾਂ ਕੀ ਕੀਤਾ ਜਾ ਸਕਦਾ ਹੈ? ਤੁਹਾਡੀ ਕੌਣ ਮਦਦ ਕਰ ਸਕਦਾ ਹੈ? ਕਿਸ ਉਮਰ ਤੇ? ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ? ਕੀ ਇਹ ਤਕਲੀਫ਼ ਭਰਿਆ ਹੋਵੇਗਾ? ਕੀ ਇਹ ਹਮੇਸ਼ਾ ਜ਼ਰੂਰੀ ਹੁੰਦਾ ਹੈ?

ਦੰਦ-ਵਿਗਿਆਨ ਦੀ ਇਕ ਸ਼ਾਖਾ

ਦੰਦ-ਵਿਗਿਆਨ ਦੀ ਉਸ ਸ਼ਾਖਾ ਨੂੰ, ਜੋ ਅਜਿਹੀਆਂ ਸਮੱਸਿਆਵਾਂ ਨਾਲ ਨਿਭਦੀ ਹੈ, ਦੰਦ-ਸੁਧਾਈ (orthodontics) ਸੱਦਿਆ ਜਾਂਦਾ ਹੈ। ਇਹ ਵਿੰਗੇ-ਟੇਢੇ ਦੰਦਾਂ ਦੇ ਨੁਕਸਾਂ ਨੂੰ ਸੁਧਾਰਦੀ ਹੈ।

ਦੰਦ-ਸੁਧਾਈ ਦੇ ਮੁੱਖ ਕੰਮ ਕੀ ਹਨ? ਇਹ ਵਿਗਿਆਨ, ਰੋਗ ਲੱਭਣ ਅਤੇ ਇਨ੍ਹਾਂ ਤੋਂ ਪਰਹੇਜ਼ ਕਰਨ, ਨਾਲੇ ਸੁਧਾਰਕ ਯੰਤਰ ਬਣਾਉਣ ਨਾਲ ਸੰਬੰਧ ਰੱਖਦਾ ਹੈ।

ਪ੍ਰਾਚੀਨ ਸਮਿਆਂ ਵਿਚ ਵੀ ਲੋਕਾਂ ਨੂੰ ਭੀੜੇ, ਉੱਚੇ-ਨੀਵੇਂ, ਅਤੇ ਬਾਹਰ ਨੂੰ ਨਿਕਲੇ ਦੰਦਾਂ ਦੀ ਸਮੱਸਿਆ ਸੀ। ਇਨ੍ਹਾਂ ਦਾ ਇਲਾਜ ਕਰਨ ਦਾ ਜਤਨ ਘੱਟੋ-ਘੱਟ ਅੱਠਵੀਂ ਸਦੀ ਸਾ.ਯੁ.ਪੂ. ਤੋਂ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਵਧੀਆ ਤਰੀਕੇ ਨਾਲ ਬਣਾਏ ਗਏ ਦੰਦ-ਸੁਧਾਰਕ ਯੰਤਰ (braces) ਯੂਨਾਨੀ ਅਤੇ ਇਤਰੂਸਕਨ ਪੁਰਾਤੱਤਵੀ ਲੱਭਤਾਂ ਵਿਚ ਪਾਏ ਗਏ ਹਨ।

ਅੱਜ, ਸੰਸਾਰ ਦੇ ਜ਼ਿਆਦਾਤਰ ਹਿੱਸਿਆਂ ਵਿਚ, ਮਾਹਰ ਦੰਦਸਾਜ਼ ਜਿਨ੍ਹਾਂ ਨੂੰ ਦੰਦ-ਸੋਧਕ ਡਾਕਟਰ (orthodontists) ਸੱਦਿਆ ਜਾਂਦਾ ਹੈ, ਵਿੰਗੇ-ਟੇਢੇ ਦੰਦਾਂ ਸੰਬੰਧੀ ਸਮੱਸਿਆਵਾਂ ਦਾ ਇਲਾਜ ਕਰਦੇ ਹਨ। ਉਨ੍ਹਾਂ ਨੂੰ ਦੰਦਾਂ ਅਤੇ ਜਬਾੜਿਆਂ, ਨਾਲੇ ਆਲੇ-ਦੁਆਲੇ ਦੀਆਂ ਮਾਸ-ਪੇਸ਼ੀਆਂ ਅਤੇ ਟਿਸ਼ੂਆਂ ਦੇ ਵਿਕਾਸ ਦਾ ਚੰਗਾ ਗਿਆਨ ਹੋਣਾ ਜ਼ਰੂਰੀ ਹੈ।

ਦੰਦ-ਸੁਧਾਈ ਕੀ ਕਰਦੀ ਹੈ

ਦੰਦ-ਸੁਧਾਈ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਜਾ ਸਕਦੀ ਹੈ, ‘ਦੰਦ-ਵਿਗਿਆਨ ਦਾ ਉਹ ਖੇਤਰ ਜੋ ਦੰਦ-ਮੂੰਹ ਦੇ ਵੱਧ ਰਹੇ ਅਤੇ ਵੱਧ ਚੁੱਕੇ ਢਾਂਚਿਆਂ ਦੀ ਦੇਖ-ਭਾਲ ਅਤੇ ਸੁਧਾਰ ਨਾਲ ਸੰਬੰਧ ਰੱਖਦਾ ਹੈ।’ ਇਸ ਵਿਚ ‘ਦੰਦਾਂ ਅਤੇ ਚਿਹਰੇ ਦੀਆਂ ਹੱਡੀਆਂ ਦੇ ਆਪਸੀ ਸੰਬੰਧਾਂ ਨੂੰ ਬਦਲਣਾ’ ਸ਼ਾਮਲ ਹੈ। ਇਹ ‘ਦਬਾਅ ਦੀ ਵਰਤੋਂ ਨਾਲ ਅਤੇ/ਜਾਂ ਸਿਰ-ਮੂੰਹ ਦੇ ਢਾਂਚੇ ਅੰਦਰ ਕ੍ਰਿਆਸ਼ੀਲ ਦਬਾਅ ਨੂੰ ਉਕਸਾਉਣ ਅਤੇ ਹੋਰ ਪਾਸੇ ਮੋੜਨ ਨਾਲ’ ਕੀਤਾ ਜਾਂਦਾ ਹੈ। ਨਿਸ਼ਚੇ ਹੀ, ਦੰਦ-ਸੁਧਾਈ ਦੀ ਇਕ ਤਕਨੀਕੀ, ਪਰ ਸਹੀ ਪਰਿਭਾਸ਼ਾ।

ਇਸ ਲਈ ਦੰਦ-ਸੁਧਾਈ ਵਿਚ, ਦੰਦਾਂ ਉੱਤੇ ਜਾਂ ਉਨ੍ਹਾਂ ਦੇ ਆਲੇ-ਦੁਆਲੇ ਦੇ ਹਿੱਸਿਆਂ ਉੱਤੇ ਦਬਾਅ ਪਾਇਆ ਜਾਂਦਾ ਹੈ। ਇਹ ਮਾਪ ਅਨੁਸਾਰ ਬਣਾਏ ਗਏ ਯੰਤਰਾਂ ਦੁਆਰਾ ਕੀਤਾ ਜਾਂਦਾ ਹੈ ਜੋ ਹਰ ਮਰੀਜ਼ ਦੀਆਂ ਆਪੋ-ਆਪਣੀਆਂ ਸਮੱਸਿਆਵਾਂ ਨੂੰ ਸੁਧਾਰਦੇ ਹਨ। ਇਹ ਦੰਦਾਂ ਅਤੇ ਹੱਡੀਆਂ ਨੂੰ ਵੀ ਸਹੀ ਜਗ੍ਹਾ ਵਿਚ ਧੱਕਦੇ ਹਨ।

ਦੰਦ ਦੇ ਆਲੇ-ਦੁਆਲੇ ਦੀ ਹੱਡੀ ਵਿਚ ਔਸਟੀਓਕਲਾਸਟ (osteoclasts) ਅਤੇ ਔਸਟੀਓਬਲਾਸਟ (osteoblasts) ਨਾਮਕ ਕੋਸ਼ਾਣੂ ਪਾਏ ਜਾਂਦੇ ਹਨ। ਦੰਦ-ਸੁਧਾਰਕ ਯੰਤਰ ਦੁਆਰਾ ਪਾਏ ਗਏ ਦਬਾਅ ਕਾਰਨ, ਔਸਟੀਓਕਲਾਸਟ ਨੂੰ ਉੱਥੇ ਕੰਮ ਵਿਚ ਲਾਇਆ ਜਾਂਦਾ ਹੈ ਜਿੱਥੇ ਦਬਾਅ ਹੁੰਦਾ ਹੈ, ਤਾਂਕਿ ਹੱਡ-ਟਿਸ਼ੂ (bony tissue) ਟੁੱਟ ਜਾਵੇ। ਜਿਨ੍ਹਾਂ ਥਾਵਾਂ ਵਿਚ ਖਿੱਚ ਪੈਂਦੀ ਹੈ, ਉੱਥੇ ਖਾਲੀ ਥਾਂ ਨੂੰ ਹੁਣ ਔਸਟੀਓਬਲਾਸਟ ਦੁਆਰਾ ਬਣਾਈ ਗਈ ਨਵੀਂ ਹੱਡੀ ਨਾਲ ਭਰਿਆ ਜਾਂਦਾ ਹੈ। ਇਸ ਤਰ੍ਹਾਂ ਦੰਦ ਹੌਲੀ-ਹੌਲੀ ਹਿਲਾਏ ਜਾਂਦੇ ਹਨ।

ਕੀ ਕਈ ਮਹੀਨਿਆਂ ਤਕ ਤਾਰ, ਬਰੋਜ਼ੇ, ਅਤੇ ਸ਼ਾਇਦ ਇਲਾਸਟਿਕ ਦਾ ਬਣਿਆ ਯੰਤਰ ਮੂੰਹ ਵਿਚ ਪਹਿਨਣਾ ਤਕਲੀਫ਼ਦੇਹ ਨਹੀਂ ਹੈ? ਜਦੋਂ ਯੰਤਰ ਫਿਟ ਕੀਤੇ ਜਾਂਦੇ ਹਨ ਜਾਂ ਉਨ੍ਹਾਂ ਵਿਚ ਬਦਲੀ ਲਿਆਈ ਜਾਂਦੀ ਹੈ, ਤਾਂ ਪਹਿਲਾਂ-ਪਹਿਲ ਉਹ ਕੁਝ ਤਕਲੀਫ਼ ਦੇ ਸਕਦੇ ਹਨ; ਪਰ ਕੁਝ ਸਮੇਂ ਬਾਅਦ, ਇਕ ਵਿਅਕਤੀ ਉਨ੍ਹਾਂ ਦਾ ਆਦੀ ਬਣ ਜਾਂਦਾ ਹੈ। ਅਸੂਲਨ, ਕੋਈ ਵੀ ਵਿਅਕਤੀ ਦੰਦ-ਸੁਧਾਰਕ ਯੰਤਰ ਪਹਿਨਣ ਦਾ ਆਦੀ ਹੋ ਸਕਦਾ ਹੈ।

ਇਕ ਵਿਅਕਤੀ ਦਾ ਕਦੋਂ ਇਲਾਜ ਕੀਤਾ ਜਾਣਾ ਚਾਹੀਦਾ ਹੈ?

ਇਹ ਜ਼ਰੂਰੀ ਨਹੀਂ ਕਿ ਬੱਚਿਆਂ ਵਿਚ ਭੋਜਨ ਚਿੱਥਣ ਸੰਬੰਧੀ ਸਮੱਸਿਆਵਾਂ ਜਾਂ ਦੰਦਾਂ ਦਾ ਅਣਮੇਲ ਬਾਲਗੀ ਵਿਚ ਵੀ ਜਾਰੀ ਰਹੇ। ਕਈ ਪ੍ਰਕਾਰ ਦੇ ਨੁਕਸ ਆਪ ਹੀ ਸੁਧਰ ਜਾਂਦੇ ਹਨ। ਅਸਲ ਵਿਚ, ਜਦੋਂ ਬਚਪਨ ਦੇ ਦੰਦਾਂ, ਜਾਂ ਦੁੱਧ ਦੇ ਦੰਦਾਂ ਦੀ ਥਾਂ ਤੇ ਪੱਕੇ ਦੰਦ ਨਿਕਲਦੇ ਹਨ, ਤਾਂ ਮੂੰਹ ਦੇ ਮੁਹਰਲੇ ਪੱਕੇ ਦੰਦ ਅਕਸਰ ਭੀੜੇ ਹੁੰਦੇ ਹਨ ਕਿਉਂਕਿ ਇਹ ਦੁੱਧ ਦੇ ਦੰਦਾਂ ਨਾਲੋਂ ਵੱਡੇ ਹੁੰਦੇ ਹਨ।

ਪਰ ਫਿਰ, ਬਚਪਨ ਦੀਆਂ ਦਾੜ੍ਹਾਂ ਨਿਕਲਣ ਤੋਂ ਬਾਅਦ, ਜਿਨ੍ਹਾਂ ਦੀ ਥਾਂ ਤੇ ਪੱਕੇ ਦੋ-ਨੁੱਕਰੇ ਦੰਦ ਆਉਂਦੇ ਹਨ, ਦੰਦਾਂ ਦੀ ਸੰਬੰਧਿਤ ਥਾਂ ਵਿਚ ਬਦਲੀ ਆ ਜਾਂਦੀ ਹੈ। ਦੰਦਾਂ ਦੀ ਵਰਤੋਂ ਨਾਲ ਅਤੇ ਮਾਸ-ਪੇਸ਼ੀਆਂ ਦੇ ਢਾਂਚੇ ਦੇ ਪ੍ਰਭਾਵ ਹੇਠ, ਦੰਦ ਆਪ ਹੀ ਸਿੱਧੇ ਹੋ ਸਕਦੇ ਹਨ। ਇਸ ਲਈ ਜੇਕਰ ਤੁਸੀਂ ਇਕ ਮਾਤਾ ਜਾਂ ਪਿਤਾ ਹੋ, ਅਤੇ ਤੁਸੀਂ ਦੇਖਦੇ ਹੋ ਕਿ ਤੁਹਾਡੇ ਬੱਚੇ ਦੇ ਪੱਕੇ ਦੰਦ ਪਹਿਲਾਂ-ਪਹਿਲ ਵਿੰਗੇ-ਟੇਢੇ ਉੱਗ ਰਹੇ ਜਾਪਦੇ ਹਨ, ਤਾਂ ਇਸ ਵਿਚ ਘਬਰਾਉਣ ਦੀ ਗੱਲ ਨਹੀਂ ਹੈ। ਇਕ ਦੰਦ-ਸੋਧਕ ਡਾਕਟਰ ਨਿਸ਼ਚਿਤ ਕਰ ਸਕੇਗਾ ਕਿ ਕੁਝ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ।

ਦੰਦ-ਸੋਧਕ ਡਾਕਟਰ ਆਪਸ ਵਿਚ ਸਹਿਮਤ ਨਹੀਂ ਹਨ ਕਿ ਬੱਚਿਆਂ ਦਾ ਕਦੋਂ ਇਲਾਜ ਕਰਨਾ ਚਾਹੀਦਾ ਹੈ। ਕੁਝ ਕਹਿੰਦੇ ਹਨ ਕਿ ਇਲਾਜ ਬਹੁਤ ਹੀ ਛੋਟੀ ਉਮਰ (4-6 ਸਾਲ ਦੀ ਉਮਰ) ਤੇ ਕੀਤਾ ਜਾਣਾ ਚਾਹੀਦਾ ਹੈ। ਦੂਜੇ ਕਹਿੰਦੇ ਹਨ ਕਿ ਇਲਾਜ ਬਾਅਦ ਵਿਚ, ਵੱਧ-ਫੁੱਲਣ ਦੇ ਅੰਤਲੇ ਪੜਾਅ ਤੇ, ਅਰਥਾਤ ਗਭਰੇਟ-ਅਵਸਥਾ (12-15 ਸਾਲ ਦੀ ਉਮਰ) ਦੌਰਾਨ ਕੀਤਾ ਜਾਣਾ ਚਾਹੀਦਾ ਹੈ। ਫਿਰ ਦੂਜੇ ਡਾਕਟਰ ਦਰਮਿਆਨੀ ਸਥਿਤੀ ਅਪਣਾਉਂਦੇ ਹਨ।

ਬੱਚਿਆਂ ਲਈ ਹੀ ਨਹੀਂ

ਖ਼ੈਰ, ਦੰਦ-ਸੁਧਾਈ ਕੇਵਲ ਬੱਚਿਆਂ ਲਈ ਹੀ ਨਹੀਂ ਹੈ। ਵਿੰਗੇ-ਟੇਢੇ ਦੰਦ ਬਾਲਗੀ ਵਿਚ ਵੀ ਕਈ ਸਮੱਸਿਆਵਾਂ ਪੇਸ਼ ਕਰਦੇ ਹਨ। ਤੁਹਾਡੀ ਮੁਸਕਰਾਹਟ ਕਿਸੇ ਵੀ ਉਮਰ ਤੇ ਸੁਧਾਰੀ ਜਾ ਸਕਦੀ ਹੈ ਜੇਕਰ ਦੰਦ ਅਤੇ ਉਨ੍ਹਾਂ ਦੇ ਢਾਂਚੇ ਸਿਹਤਮੰਦ ਹੋਣ।

ਵਿੰਗੇ-ਟੇਢੇ ਦੰਦ ਕਿਹੜੀਆਂ ਸਮੱਸਿਆਵਾਂ ਪੇਸ਼ ਕਰਦੇ ਹਨ? ਘੱਟੋ-ਘੱਟ ਤਿੰਨ ਪ੍ਰਕਾਰ ਦੀਆਂ ਸਮੱਸਿਆਵਾਂ: (1) ਸ਼ਕਲ ਨਾਲ ਸੰਬੰਧਿਤ ਸਮੱਸਿਆਵਾਂ; (2) ਕਾਰਜ ਸੰਬੰਧੀ ਸਮੱਸਿਆਵਾਂ, ਜਿਨ੍ਹਾਂ ਵਿਚ ਜਬਾੜਾ ਹਿਲਾਉਣ ਦੀਆਂ ਮੁਸ਼ਕਲਾਂ (ਦਰਦ ਅਤੇ ਮਾਸ-ਪੇਸ਼ੀਆਂ ਵਿਚ ਤਾਲਮੇਲ ਦੀ ਘਾਟ), ਚਿੱਥਣ ਦੀਆਂ ਸਮੱਸਿਆਵਾਂ ਅਤੇ ਉਚਾਰਣ ਤੇ ਬੋਲਣ ਵਿਚ ਸਮੱਸਿਆਵਾਂ ਸ਼ਾਮਲ ਹਨ; (3) ਬਾਹਰ ਨੂੰ ਨਿਕਲੇ ਦੰਦਾਂ ਕਾਰਨ ਸੱਟ ਲੱਗਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ, ਨਾਲੇ ਮਸੂੜਿਆਂ ਦੀ ਬੀਮਾਰੀ ਅਤੇ ਦੰਦਾਂ ਦੇ ਸੜਨ ਅਤੇ ਇਸ ਦੇ ਨਾਲ ਦੰਦਾਂ ਵਿਚ ਅਣਮੇਲ ਕਾਰਨ ਇਨ੍ਹਾਂ ਦੀ ਖ਼ਰਾਬੀ ਅਤੇ ਘਸਾਈ ਦਾ ਵੀ ਜ਼ਿਆਦਾ ਖ਼ਤਰਾ ਰਹਿੰਦਾ ਹੈ।

ਇਸ ਤੋਂ ਇਲਾਵਾ, ਕੁਝ ਮਾਹਰ ਦੰਦਾਂ ਵਿਚ ਅਣਮੇਲ ਦੀ ਸਮੱਸਿਆ ਨੂੰ ਰੀੜ੍ਹ ਦੀ ਹੱਡੀ ਦੀ ਸਥਿਤੀ (ਖ਼ਾਸ ਕਰਕੇ ਧੌਣ ਦੇ ਇਲਾਕੇ ਵਿਚ) ਦੀਆਂ ਸਮੱਸਿਆਵਾਂ ਨਾਲ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿਚ ਮਾਸ-ਪੇਸ਼ੀਆਂ ਦੇ ਕਾਰਜ ਵਿਚ ਸਮੱਸਿਆਵਾਂ ਨਾਲ ਜੋੜਦੇ ਹਨ। ਪਰ ਇਲਾਜ ਕਿਵੇਂ ਕੀਤਾ ਜਾਂਦਾ ਹੈ? ਅਤੇ ਕਿੰਨਾ ਸਮਾਂ ਲੱਗਦਾ ਹੈ?

ਸਮਾਂ ਅਤੇ ਇਲਾਜ ਦੇ ਢੰਗ

ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਜਾਂ ਤੁਹਾਡੇ ਕਿਸੇ ਬੱਚੇ ਨੂੰ ਇਕ ਦੰਦ-ਸੋਧਕ ਡਾਕਟਰ ਦੀ ਜ਼ਰੂਰਤ ਹੈ, ਤਾਂ ਤੁਹਾਨੂੰ ਇਕ ਅਜਿਹਾ ਡਾਕਟਰ ਚੁਣਨਾ ਚਾਹੀਦਾ ਹੈ ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ। ਸਮੱਸਿਆ ਦੀ ਗੰਭੀਰਤਾ ਅਤੇ ਇਲਾਜ ਲਈ ਅਪਣਾਇਆ ਗਿਆ ਢੰਗ ਨਿਸ਼ਚਿਤ ਕਰਨਗੇ ਕਿ ਕਿੰਨਾ ਸਮਾਂ ਲੱਗੇਗਾ, ਪਰ ਇਸ ਵਿਚ ਸ਼ਾਇਦ ਕਈ ਮਹੀਨੇ, ਜਾਂ ਸਾਲ ਵੀ ਲੱਗ ਸਕਦੇ ਹਨ।

ਸਰਲਤਾ ਲਈ, ਅਸੀਂ ਇਲਾਜ ਦੇ ਯੰਤਰਾਂ ਨੂੰ ਦੋ ਕਿਸਮਾਂ ਵਿਚ ਵੰਡ ਸਕਦੇ ਹਾਂ: ਲਾਹੁਣਯੋਗ ਯੰਤਰ ਅਤੇ ਪੱਕੇ ਯੰਤਰ। ਜਦ ਕਿ ਮਰੀਜ਼ ਲਾਹੁਣਯੋਗ ਯੰਤਰਾਂ ਨੂੰ ਆਪ ਹੀ ਲਾਹ ਸਕਦਾ ਹੈ ਅਤੇ ਵਾਪਸ ਫਿਟ ਕਰ ਸਕਦਾ ਹੈ, ਪੱਕੇ ਯੰਤਰ ਅਸਲ ਵਿਚ ਦੰਦਾਂ ਨਾਲ ਪੱਕੀ ਤਰ੍ਹਾਂ ਨਾਲ ਜੋੜੇ ਗਏ ਹੁੰਦੇ ਹਨ ਅਤੇ ਦੰਦਾਂ ਦੇ ਜ਼ਿਆਦਾ ਗੁੰਝਲਦਾਰ ਕੰਮ ਕਰਦੇ ਹਨ।

ਸੁੰਦਰ ਸ਼ਕਲ ਦੇ ਮਾਮਲੇ ਵਿਚ ਕਾਫ਼ੀ ਰਿਸਰਚ ਕੀਤੀ ਗਈ ਹੈ, ਇਸ ਕਰਕੇ ਅੱਜ ਅਨੇਕ “ਕੁਦਰਤੀ ਜਾਪਦੇ” ਯੰਤਰ ਵਰਤੇ ਜਾਂਦੇ ਹਨ। ਕੁਝ ਯੰਤਰ ਦਿਸਦੇ ਵੀ ਨਹੀਂ ਹਨ ਕਿਉਂਕਿ ਉਹ ਦੰਦਾਂ ਦੇ ਰੰਗ ਵਰਗੇ ਹੁੰਦੇ ਹਨ। ਦੂਜੇ ਯੰਤਰ ਦੰਦਾਂ ਦੇ ਅੰਦਰਲੇ ਪਾਸੇ, ਜੀਭ ਦੇ ਨਾਲ-ਨਾਲ, ਇਕ ਅਜਿਹੀ ਜਗ੍ਹਾ ਵਿਚ ਫਿਟ ਕੀਤੇ ਜਾਂਦੇ ਹਨ ਜਿਸ ਨੂੰ ਜੀਭੀ ਸਥਿਤੀ (lingual position) ਸੱਦਿਆ ਜਾਂਦਾ ਹੈ ਅਤੇ ਇਹ ਯੰਤਰ ਨਜ਼ਰ ਨਹੀਂ ਆਉਂਦੇ ਹਨ। ਅਜਿਹੇ ਢੰਗਾਂ ਨੂੰ ਅਦ੍ਰਿਸ਼ਟ ਦੰਦ-ਸੁਧਾਈ ਸੱਦਿਆ ਜਾਂਦਾ ਹੈ।

ਬਹੁਤ ਗੰਭੀਰ ਕੇਸਾਂ ਵਿਚ, ਜਦੋਂ ਦੰਦ-ਸੋਧਕ ਡਾਕਟਰ ਦੰਦ-ਸੁਧਾਰਕ ਯੰਤਰਾਂ ਨਾਲ ਸਮੱਸਿਆ ਨਹੀਂ ਸੁਧਾਰ ਸਕਦਾ ਹੈ, ਤਾਂ ਉਹ ਸ਼ਾਇਦ ਇਕ ਅਜਿਹੇ ਸਰਜਨ ਦੀ ਮਦਦ ਭਾਲੇ ਜੋ ਮੂੰਹ ਅਤੇ ਚਿਹਰੇ ਦੀਆਂ ਸਮੱਸਿਆਵਾਂ ਦਾ ਮਾਹਰ ਹੈ। ਉਹ ਇਕ ਅਜਿਹਾ ਓਪਰੇਸ਼ਨ ਕਰ ਸਕਦਾ ਹੈ ਜੋ ਚਿਹਰੇ ਨੂੰ ਰੂਪ ਦੇਣ ਵਾਲੀਆਂ ਹੱਡੀਆਂ ਨੂੰ ਅਸਲ ਵਿਚ ਹਿਲਾ ਦਿੰਦਾ ਹੈ।

ਅੱਜ-ਕੱਲ੍ਹ, ਦੰਦ-ਸੁਧਾਈ ਦੰਦਾਂ ਅਤੇ ਜਬਾੜਿਆਂ ਦੀਆਂ ਸਮੱਸਿਆਵਾਂ ਨਾਲ ਪੀੜਿਤ ਲੋਕਾਂ ਦੀਆਂ ਅਨੇਕ ਲੋੜਾਂ ਪੂਰੀਆਂ ਕਰ ਸਕਦੀ ਹੈ—ਉਨ੍ਹਾਂ ਲੋਕਾਂ ਦੀਆਂ ਵੀ ਜੋ ਆਪਣੇ ਦੰਦਾਂ ਬਾਰੇ ਸੰਕੋਚ ਕੀਤੇ ਬਿਨਾਂ ਮੁਸਕਰਾਉਣ ਦੀ ਇੱਛਾ ਰੱਖਦੇ ਹਨ। ਲੇਕਿਨ, ਇਹ ਇਕ ਨਿੱਜੀ ਫ਼ੈਸਲਾ ਹੈ ਕਿ ਕੋਈ ਵਿਅਕਤੀ ਦੰਦ-ਸੁਧਾਈ ਤੋਂ ਫ਼ਾਇਦਾ ਲੈਂਦਾ ਹੈ ਜਾਂ ਨਹੀਂ।

ਹੁਣ ਇਸ ਵੇਲੇ ਮਨੁੱਖਜਾਤੀ ਨੂੰ ਸਰੀਰਕ ਅਪੂਰਣਤਾਵਾਂ ਨਾਲ ਨਿਭਣਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਕੁਝ ਅਪੂਰਣਤਾਵਾਂ ਸੁਧਾਰਕ ਕਦਮਾਂ ਦੁਆਰਾ ਘਟਾਈਆਂ ਜਾ ਸਕਦੀਆਂ ਹਨ। ਫਿਰ ਵੀ, ਅਸੀਂ ਉਸ ਸਮੇਂ ਦੀ ਉਡੀਕ ਕਰ ਸਕਦੇ ਹਾਂ ਜਦੋਂ ਪਰਮੇਸ਼ੁਰ ਨਵੇਂ ਸੰਸਾਰ ਵਿਚ ਅਪੂਰਣਤਾ ਦੇ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਅਤੇ ਸਦਾ ਲਈ ਖ਼ਤਮ ਕਰ ਦੇਵੇਗਾ, ਜਿਨ੍ਹਾਂ ਵਿਚ ਮੂੰਹ ਦੀਆਂ ਅਪੂਰਣਤਾਵਾਂ ਵੀ ਸ਼ਾਮਲ ਹਨ। ਫਿਰ, ਸੰਪੂਰਣ ਸਿਹਤ ਵਾਲੀ ਉਸ ਨਵੀਂ ਵਿਵਸਥਾ ਵਿਚ, ਅਸੀਂ ਸਾਰੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ ਮਿਲਾਂਗੇ, ਭਰੋਸੇ ਨਾਲ ਇਕ ਨਿੱਘੀ, ਦੋਸਤਾਨਾ ਮੁਸਕਰਾਹਟ ਦੇ ਸਕਾਂਗੇ।

ਉਸ ਸਮੇਂ ਦੇ ਸੰਬੰਧ ਵਿਚ, ਬਾਈਬਲ ਪਹਿਲਾਂ ਤੋਂ ਦੱਸਦੀ ਹੈ: “ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਓਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।” (ਯਸਾਯਾਹ 14:7) ਨਿਸ਼ਚੇ ਹੀ, ਅਜਿਹੇ ਜੈਕਾਰੇ ਸੁੰਦਰ ਮੁਸਕਰਾਹਟਾਂ ਨਾਲ ਗਜਾਏ ਜਾਣਗੇ!

[ਸਫ਼ੇ 15 ਉੱਤੇ ਤਸਵੀਰਾਂ]

(1) ਦਾੜ੍ਹਾਂ ਨੂੰ ਪਿੱਛੇ ਵੱਲ ਧੱਕਣ ਲਈ ਅਤੇ (2) ਜਬਾੜੇ ਦੇ ਵਧਾਅ ਨੂੰ ਤੇਜ਼ ਕਰਨ ਲਈ ਡੀਜ਼ਾਈਨ ਕੀਤੇ ਗਏ ਦੰਦ-ਸੁਧਾਰਕ ਯੰਤਰਾਂ ਦੀਆਂ ਨੁਮਾਇਸ਼ਾਂ

1

2

[ਸਫ਼ੇ 16 ਉੱਤੇ ਤਸਵੀਰ]

ਦੰਦਾਂ ਵਿਚਾਲੇ ਫ਼ਾਸਲਾ ਘਟਾਉਣ ਲਈ ਦੰਦ-ਸੁਧਾਰਕ ਯੰਤਰ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ