ਇਕ ਘਾਤਕ ਦੋਸਤੀ
ਸਾਲ 1959 ਵਿਚ, ਸੰਯੁਕਤ ਰਾਜ ਅਮਰੀਕਾ ਦੇ ਸਿਹਤ ਕਰਮਚਾਰੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਤਪਦਿਕ (ਟੀ. ਬੀ.) ਜਲਦੀ ਹੀ ਖ਼ਤਮ ਕਰ ਦਿੱਤੀ ਜਾਵੇਗੀ। ਦਰਅਸਲ, ਇਸ ਤੋਂ ਬਾਅਦ ਦੇ ਸਾਲਾਂ ਵਿਚ ਇਹ ਬੀਮਾਰੀ ਇੰਨੀ ਤੇਜ਼ੀ ਨਾਲ ਘਟੀ ਕਿ ਕਈ ਲੋਕਾਂ ਨੇ ਮੰਨ ਲਿਆ ਕਿ ਇਹ ਨਿਯੰਤ੍ਰਣ ਵਿਚ ਹੈ। ਪਰ ਟੀ. ਬੀ. ਵਾਪਸ ਆ ਗਈ ਹੈ, ਅਤੇ ਆਪਣੇ ਨਾਲ ਇਕ ਘਾਤਕ ਦੋਸਤ ਨੂੰ ਲਿਆਈ ਹੈ—ਐੱਚ. ਆਈ. ਵੀ., ਉਹ ਵਿਸ਼ਾਣੂ ਜੋ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਜਿਸ ਕਰਕੇ ਅਕਸਰ ਏਡਜ਼ ਦੀ ਬੀਮਾਰੀ ਹੋ ਜਾਂਦੀ ਹੈ।
ਭਾਵੇਂ ਕਿ ਦੋ ਅਰਬ ਲੋਕਾਂ ਵਿਚ, ਅਰਥਾਤ ਸੰਸਾਰ ਦੀ ਆਬਾਦੀ ਦੇ ਲਗਭਗ ਇਕ ਤਿਹਾਈ ਹਿੱਸੇ ਵਿਚ ਟੀ. ਬੀ. ਦੇ ਬੈਕਟੀਰੀਆ ਹਨ, ਫਿਰ ਵੀ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਜੀਵਨ ਵਿਚ ਬੀਮਾਰੀ ਲੱਗਣ ਦਾ ਸਿਰਫ਼ 10 ਪ੍ਰਤਿਸ਼ਤ ਖ਼ਤਰਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਐੱਚ. ਆਈ. ਵੀ. ਨਾਲ ਪੀੜਿਤ ਲੋਕਾਂ ਨੂੰ ਇਕ ਸਾਲ ਵਿਚ ਟੀ. ਬੀ. ਦੀ ਬੀਮਾਰੀ ਲੱਗਣ ਦਾ 8 ਪ੍ਰਤਿਸ਼ਤ ਖ਼ਤਰਾ ਹੈ। ਜਿਉਂ-ਜਿਉਂ ਹੋਰ ਜ਼ਿਆਦਾ ਲੋਕ ਐੱਚ. ਆਈ. ਵੀ. ਨਾਲ ਪ੍ਰਭਾਵਿਤ ਹੋ ਰਹੇ ਹਨ, ਹੋਰ ਜ਼ਿਆਦਾ ਲੋਕਾਂ ਨੂੰ ਟੀ. ਬੀ. ਹੋਣ ਦਾ ਖ਼ਤਰਾ ਹੈ।
ਵਿਸ਼ਵ ਸਿਹਤ ਸੰਗਠਨ ਦਾ ਡਾ. ਰਿਚਰਡ ਜੇ. ਓਬ੍ਰਾਇਨ ਟਿੱਪਣੀ ਕਰਦਾ ਹੈ ਕਿ ਹਾਲ ਹੀ ਦੇ ਸਾਲਾਂ ਦੌਰਾਨ ਸੰਯੁਕਤ ਰਾਜ ਅਮਰੀਕਾ ਵਿਚ ਟੀ. ਬੀ. ਦੇ ਕੇਸਾਂ ਵਿਚ ਲਗਭਗ 15 ਪ੍ਰਤਿਸ਼ਤ ਵਾਧਾ ਹੋਇਆ ਹੈ। ਉਹ ਕਹਿੰਦਾ ਹੈ ਕਿ ਇਸ ਦਾ “ਵੱਡਾ ਕਾਰਨ ਹੈ ਐੱਚ. ਆਈ. ਵੀ. ਅਤੇ ਟੀ. ਬੀ. ਦਾ ਆਪਸ ਵਿਚ ਸੰਬੰਧ।” ਪਰੰਤੂ, ਵਿਕਾਸਸ਼ੀਲ ਦੇਸ਼ਾਂ ਵਿਚ ਇਸ ਦਾ ਖ਼ਤਰਾ ਸਭ ਤੋਂ ਜ਼ਿਆਦਾ ਗੰਭੀਰ ਹੈ। ਹਰ ਸਾਲ 80 ਲੱਖ ਨਵੇਂ ਕੇਸਾਂ ਵਿੱਚੋਂ 90 ਪ੍ਰਤਿਸ਼ਤ ਕੇਸ ਦੁਨੀਆਂ ਦੇ ਸਭ ਤੋਂ ਗ਼ਰੀਬ ਦੇਸ਼ਾਂ ਵਿਚ ਹੀ ਹੁੰਦੇ ਹਨ, ਅਤੇ ਇਨ੍ਹਾਂ ਵਿੱਚੋਂ ਲਗਭਗ 30 ਲੱਖ ਮਰੀਜ਼ ਮਰ ਜਾਂਦੇ ਹਨ।
ਸੰਸਾਰ ਭਰ ਵਿਚ, ਕੁਝ 44 ਲੱਖ ਲੋਕ ਇਸ ਘਾਤਕ ਜੋੜੇ ਦਾ ਸਾਮ੍ਹਣਾ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਭਵਿੱਖਬਾਣੀ ਕਰਦਾ ਹੈ ਕਿ ਨੇੜਲੇ ਭਵਿੱਖ ਵਿਚ ਟੀ. ਬੀ. ਹਰ ਸਾਲ ਐੱਚ. ਆਈ. ਵੀ. ਨਾਲ ਪੀੜਿਤ 10 ਲੱਖ ਲੋਕਾਂ ਦੀਆਂ ਜਾਨਾਂ ਲੈ ਲਵੇਗੀ। ਐੱਚ. ਆਈ. ਵੀ./ਏਡਜ਼ ਉੱਤੇ ਜੌਇੰਟ ਯੂਨਾਇਟਿਡ ਨੇਸ਼ਨਜ਼ ਪ੍ਰੋਗ੍ਰਾਮ ਦੇ ਪ੍ਰਬੰਧਕੀ ਨਿਰਦੇਸ਼ਕ, ਪੀਟਰ ਪੀਜੌ ਨੇ ਕਿਹਾ: “ਇਹ ਜੋਟੀਦਾਰ ਮਹਾਂਮਾਰੀਆਂ ਇਕੱਠੀਆਂ ਮਿਲ ਕੇ ਇਸ ਦਹਾਕੇ ਵਿਚ ਲੋਕਾਂ ਦੀ ਸਿਹਤ ਲਈ ਸਭ ਤੋਂ ਗੰਭੀਰ ਖ਼ਤਰਾ ਬਣ ਗਈਆਂ ਹਨ।”
[ਸਫ਼ੇ 25 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
New Jersey Medical School —National Tuberculosis Center