ਬੇਚੈਨੀ—ਸਾਰੀ ਦੁਨੀਆਂ ਨੂੰ ਲੱਗੀ ਇਕ ਬੀਮਾਰੀ
ਕੀ ਤੁਸੀਂ ਕਦੇ-ਕਦੇ ਮਹਿਸੂਸ ਕਰਦੇ ਹੋ ਕਿ ਤੁਹਾਡੇ ਜੀਵਨ ਅਤੇ ਜੀਵਨ-ਢੰਗ ਦਾ ਕੋਈ ਭਰੋਸਾ ਨਹੀਂ ਹੈ? ਸਿਰਫ਼ ਤੁਹਾਨੂੰ ਹੀ ਇਸ ਤਰ੍ਹਾਂ ਨਹੀਂ ਲੱਗਦਾ। ਲੱਖਾਂ ਹੀ ਲੋਕ ਇਸ ਤਰ੍ਹਾਂ ਮਹਿਸੂਸ ਕਰਦੇ ਹਨ। ਕੌਮੀ, ਮਜ਼ਹਬੀ, ਜਾਂ ਸਮਾਜਕ ਰੁਕਾਵਟਾਂ ਪਾਰ ਕਰਦੀ ਹੋਈ, ਮੁੰਬਈ ਤੋਂ ਮੈਂਨਹੈਟਨ ਤਕ ਬੇਚੈਨੀ ਇਕ ਬੀਮਾਰੀ ਵਾਂਗ ਫੈਲ ਰਹੀ ਹੈ।
ਜਦੋਂ ਸਾਡਾ ਜੀਵਨ ਬੇਚੈਨ ਹੁੰਦਾ ਹੈ, ਇਕ ਡਿਕਸ਼ਨਰੀ ਅਨੁਸਾਰ, ਅਸੀਂ “ਡਰ ਅਤੇ ਚਿੰਤਾ ਦੇ ਕਾਬੂ ਵਿਚ” ਹੁੰਦੇ ਹਾਂ। ਚਿੰਤਾ ਇਕ ਜਜ਼ਬਾਤੀ ਬੋਝ ਹੈ ਜੋ ਤਣਾਅ ਪੈਦਾ ਕਰਦਾ ਹੈ, ਅਤੇ ਤਣਾਅ ਸਾਡੀ ਸਿਹਤ ਖ਼ਰਾਬ ਕਰ ਸਕਦਾ ਹੈ। ਪਰ ਅਸੀਂ ਫ਼ਿਕਰ ਕਿਉਂ ਕਰਦੇ ਹਾਂ ਅਤੇ ਬੇਚੈਨੀ ਕਿਉਂ ਮਹਿਸੂਸ ਕਰਦੇ ਹਾਂ?
ਯੂਰਪ ਵਿਚ ਚਿੰਤਾਵਾਂ
ਯੂਰਪੀ ਸੰਘ ਵਿਚ, ਹਰ 6 ਇਨਸਾਨਾਂ ਵਿੱਚੋਂ 1 ਘੋਰ ਗ਼ਰੀਬੀ ਵਿਚ ਰਹਿ ਰਿਹਾ ਹੈ, 1 ਕਰੋੜ 80 ਲੱਖ ਲੋਕ ਬੇਰੋਜ਼ਗਾਰ ਹਨ, ਅਤੇ ਕਈ ਹੋਰ ਨੌਕਰੀ ਛੁੱਟਣ ਦੇ ਡਰ ਵਿਚ ਰਹਿੰਦੇ ਹਨ। ਯੂਰਪੀ ਸੰਘ ਦੇ ਕਈ ਦੇਸ਼ਾਂ ਵਿਚ, ਮਾਪਿਆਂ ਨੂੰ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲੇ ਵਿਅਕਤੀਆਂ ਤੋਂ ਡਰ ਲੱਗਾ ਰਹਿੰਦਾ ਹੈ। ਯੂਰਪੀ ਸੰਘ ਦੇ ਇਕ ਦੇਸ਼ ਵਿਚ, ਤਿੰਨਾਂ ਵਿੱਚੋਂ ਦੋ ਇਨਸਾਨ ਅਪਰਾਧ ਦੇ ਖ਼ਤਰੇ ਕਰਕੇ ਚਿੰਤਿਤ ਰਹਿੰਦੇ ਹਨ। ਯੂਰਪੀ ਸੰਘ ਦੇ ਦੂਸਰੇ ਵਾਸੀ ਖ਼ੂਨ-ਖ਼ਰਾਬੇ, ਹਿੰਸਾ ਅਤੇ ਪ੍ਰਦੂਸ਼ਣ ਕਾਰਨ ਭੈ ਮਹਿਸੂਸ ਕਰਦੇ ਹਨ ਜੋ ਲਗਾਤਾਰ ਵੱਧ ਰਿਹਾ ਹੈ।
ਜੀਉਣਾ ਅਤੇ ਰੋਜ਼ੀ-ਰੋਟੀ ਕਮਾਉਣੀ, ਇਨ੍ਹਾਂ ਸਮਾਜਕ ਗੜਬੜੀਆਂ ਕਰਕੇ ਹੀ ਖ਼ਤਰੇ ਵਿਚ ਨਹੀਂ ਹੈ, ਸਗੋਂ ਕੁਦਰਤੀ ਹੋਣ ਵਾਲੀਆਂ ਤਬਾਹੀਆਂ ਕਰਕੇ ਵੀ ਖ਼ਤਰੇ ਵਿਚ ਹੈ। ਉਦਾਹਰਣ ਵਜੋਂ, 1997 ਅਤੇ 1998 ਵਿਚ, ਮੋਹਲ਼ੇਧਾਰ ਬਰਸਾਤਾਂ, ਚਿੱਕੜ ਹੜ੍ਹਾਂ, ਅਤੇ ਵਾਵਰੋਲਿਆਂ ਨੇ ਅਮਰੀਕਾ ਦੇ ਕੁਝ ਹਿੱਸਿਆਂ ਨੂੰ ਤਬਾਹ ਕਰ ਦਿੱਤਾ। 1997 ਵਿਚ, ਮੱਧ-ਯੂਰਪ ਵਿਚ ਹੜ੍ਹ ਆ ਗਏ ਜਦੋਂ ਓਡਰ ਅਤੇ ਨਾਈਸ ਨਦੀਆਂ ਵਿਚ ਪਾਣੀ ਜ਼ਿਆਦਾ ਆ ਜਾਣ ਕਾਰਨ ਉਨ੍ਹਾਂ ਦੇ ਕੰਢੇ ਟੁੱਟ ਗਏ। ਪੋਲਿਸ਼ ਦੀ ਹਫ਼ਤਾਵਾਰ ਅਖ਼ਬਾਰ ਪੋਲਿਟਿਕਾ ਅਨੁਸਾਰ, ਖੇਤੀਬਾੜੀਯੋਗ ਵੱਡਾ ਇਲਾਕਾ, 86 ਸ਼ਹਿਰ ਤੇ ਕਸਬੇ ਅਤੇ ਲਗਭਗ 900 ਪਿੰਡ, ਹੜ੍ਹਾਂ ਦੀ ਮਾਰ ਹੇਠ ਆ ਗਏ ਸਨ। ਤਕਰੀਬਨ 50,000 ਪਰਿਵਾਰਾਂ ਦੀ ਫ਼ਸਲ ਤਬਾਹ ਹੋ ਗਈ, ਅਤੇ ਲਗਭਗ 50 ਜਣੇ ਆਪਣੀਆਂ ਜਾਨਾਂ ਗੁਆ ਬੈਠੇ। ਅਤੇ ਮਈ 1998 ਵਿਚ, ਦੱਖਣੀ ਇਟਲੀ ਵਿਚ ਕਈ ਲੋਕ ਚਿੱਕੜ ਹੜ੍ਹਾਂ ਦੇ ਸ਼ਿਕਾਰ ਬਣੇ।
ਨਿੱਜੀ ਸੁਖ
ਪਰ ਕੀ ਸਾਨੂੰ ਤਸੱਲੀ ਨਹੀਂ ਦਿੱਤੀ ਜਾਂਦੀ ਕਿ ਪਿਛਲੇ ਦਸਾਂ ਸਾਲਾਂ ਨਾਲੋਂ ਜ਼ਿੰਦਗੀ ਅੱਜ ਜ਼ਿਆਦਾ ਸੁਖੀ ਹੈ? ਕੀ ਸੀਤ ਯੁੱਧ ਦੇ ਖ਼ਤਮ ਹੋਣ ਨਾਲ ਫ਼ੌਜਾਂ ਦੀ ਗਿਣਤੀ ਘਟਾਈ ਨਹੀਂ ਗਈ? ਜੀ ਹਾਂ, ਕੌਮੀ ਸੁਰੱਖਿਆ ਸ਼ਾਇਦ ਬਿਹਤਰ ਹੋ ਗਈ ਹੈ। ਪਰ, ਜੋ ਘਰਾਂ ਵਿਚ ਅਤੇ ਸੜਕਾਂ ਉੱਤੇ ਹੋ ਰਿਹਾ ਹੈ, ਉਹ ਨਿੱਜੀ ਸੁਖ ਉੱਤੇ ਪ੍ਰਭਾਵ ਪਾਉਂਦਾ ਹੈ। ਜੇਕਰ ਸਾਡੀ ਨੌਕਰੀ ਛੁੱਟ ਜਾਵੇ ਜਾਂ ਜੇ ਸਾਨੂੰ ਸ਼ੱਕ ਹੋਵੇ ਕਿ ਬਾਹਰ ਕੋਈ ਚੋਰ ਜਾਂ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲਾ ਲੁਕਿਆ ਹੋਇਆ ਹੈ, ਤਾਂ ਬੇਸ਼ੱਕ ਜਿੰਨੇ ਮਰਜ਼ੀ ਹਥਿਆਰ ਤਬਾਹ ਕਿਉਂ ਨਾ ਕੀਤੇ ਜਾਣ, ਅਸੀਂ ਫਿਰ ਵੀ ਫ਼ਿਕਰ ਕਰਦੇ ਹਾਂ ਅਤੇ ਬੇਚੈਨ ਹੁੰਦੇ ਹਾਂ।
ਜ਼ਿੰਦਗੀ ਦੇ ਦੁੱਖ ਸੁਖ ਬਾਰੇ ਲੋਕ ਕੀ ਕਰ ਰਹੇ ਹਨ? ਇਸ ਤੋਂ ਵੀ ਵੱਧ ਮਹੱਤਵਪੂਰਣ ਸਵਾਲ ਇਹ ਹੈ ਕਿ ਕੀ ਸਾਰਿਆਂ ਦੀ—ਤੁਹਾਡੀ ਵੀ—ਜ਼ਿੰਦਗੀ ਨੂੰ ਹਮੇਸ਼ਾ ਲਈ ਸੁਖੀ ਬਣਾਉਣ ਦਾ ਕੋਈ ਤਰੀਕਾ ਹੈ? ਅਗਲੇ ਦੋ ਲੇਖਾਂ ਵਿਚ ਇਨ੍ਹਾਂ ਨੁਕਤਿਆਂ ਤੇ ਗੱਲ ਕੀਤੀ ਜਾਵੇਗੀ।
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
UN PHOTO 186705/J. Isaac
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
FAO photo/B. Imevbore