ਵਹਿਮ—ਅੱਜ ਕਿੰਨੇ ਕੁ ਫੈਲੇ ਹੋਏ ਹਨ?
ਇਹ ਹਰ ਜਗ੍ਹਾ ਹੁੰਦਾ ਹੈ—ਕੰਮ ਤੇ, ਸਕੂਲੇ, ਬੱਸਾਂ ਜਾਂ ਰੇਲ-ਗੱਡੀਆਂ ਵਿਚ, ਅਤੇ ਸੜਕਾਂ ਤੇ। ਤੁਸੀਂ ਛਿੱਕਦੇ ਹੋ ਅਤੇ ਕੋਲੋਂ ਲੰਘਣ ਵਾਲੇ ਅਜਨਬੀ ਕਹਿੰਦੇ ਹਨ: “ਰੱਬ ਤੇਰਾ ਭਲਾ ਕਰੇ” ਜਾਂ “ਬਲੈਸ ਯੂ।” ਕਈਆਂ ਬੋਲੀਆਂ ਵਿਚ ਅਜਿਹੇ ਸ਼ਬਦ ਹਨ। ਜਰਮਨ ਭਾਸ਼ਾ ਵਿਚ “ਗੇਜ਼ੂੰਟਹਾਈਟ” ਕਿਹਾ ਜਾਂਦਾ ਹੈ। ਅਰਬੀ ਲੋਕ “ਯਾਹਾਮੋਕ ਅੱਲਾ” ਕਹਿੰਦੇ ਹਨ, ਅਤੇ ਕੁਝ ਦੱਖਣੀ ਸ਼ਾਂਤ ਮਹਾਂਸਾਗਰ ਦੇ ਪੌਲੀਨੀਸ਼ੀ ਲੋਕ “ਟੀਹੇ ਮਾਊਰੀ ਓਰੌਰ” ਕਹਿੰਦੇ ਹਨ।
ਇਹ ਮੰਨਦੇ ਹੋਏ ਕਿ ਇਹ ਸਿਰਫ਼ ਤਮੀਜ਼ ਦੀ ਗੱਲ ਹੈ, ਤੁਸੀਂ ਸ਼ਾਇਦ ਇਸ ਬਾਰੇ ਸੋਚਿਆ ਵੀ ਨਹੀਂ ਹੋਣਾ ਕਿ ਲੋਕ ਇਸ ਤਰ੍ਹਾਂ ਕਿਉਂ ਕਹਿੰਦੇ ਹਨ। ਪਰ, ਇਨ੍ਹਾਂ ਸ਼ਬਦਾਂ ਦੀ ਜੜ੍ਹ ਵਹਿਮਾਂ ਵਿਚ ਹੈ। ਬਲੂਮਿੰਗਟਨ, ਅਮਰੀਕਾ ਵਿਚ, ਇੰਡਿਆਨਾ ਦੀ ਯੂਨੀਵਰਸਿਟੀ ਵਿਚ, ਮੋਇਰਾ ਸਮਿਥ ਲੋਕ-ਧਾਰਾ ਸੰਸਥਾ ਦੀ ਪੁਸਤਕਾਲਾ-ਪ੍ਰਬੰਧਕ ਹੈ। ਉਹ ਇਨ੍ਹਾਂ ਸ਼ਬਦਾਂ ਬਾਰੇ ਕਹਿੰਦੀ ਹੈ ਕਿ “ਇਹ ਇਸ ਖ਼ਿਆਲ ਤੋਂ ਆਉਂਦੇ ਹਨ ਕਿ ਛਿੱਕਣ ਨਾਲ ਤੁਹਾਡੀ ਜਾਨ ਨਿਕਲ ਰਹੀ ਹੈ।” ਤਾਂ ਫਿਰ, “ਰੱਬ ਭਲਾ ਕਰੇ” ਕਹਿ ਕੇ ਮਾਨੋ ਤੁਸੀਂ ਰੱਬ ਨੂੰ ਜਾਨ ਬਖ਼ਸ਼ਣ ਲਈ ਕਹਿ ਰਹੇ ਹੋ।
ਜ਼ਿਆਦਾਤਰ ਲੋਕ ਸ਼ਾਇਦ ਸਹਿਮਤ ਹੋਣ ਕਿ ਇਹ ਮੰਨਣਾ ਕਿ ਛਿੱਕਣ ਨਾਲ ਤੁਹਾਡੀ ਜਾਨ ਨਿਕਲ ਜਾਵੇਗੀ ਪਾਗਲਪੁਣਾ ਹੈ। ਇਸ ਲਈ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਵੈਬਸਟਰਸ ਨਾਇੰਥ ਨਿਊ ਕੌਲੀਜੀਏਟ ਡਿਕਸ਼ਨਰੀ ਕਹਿੰਦੀ ਹੈ ਕਿ ਵਹਿਮ ਦਾ ਮਤਲਬ ਇਹ ਹੈ: “ਵਿਸ਼ਵਾਸ ਜਾਂ ਰੀਤ ਜੋ ਅਗਿਆਨ ਤੋਂ ਪੈਦਾ ਹੁੰਦੀ ਹੈ, ਅਣਜਾਣੀ ਗੱਲ ਦਾ ਡਰ, ਜਾਦੂ ਜਾਂ ਇਤਫ਼ਾਕੀ ਘਟਨਾ ਉੱਤੇ ਭਰੋਸਾ, ਜਾਂ ਹੋਣੀ ਬਾਰੇ ਗ਼ਲਤ ਵਿਚਾਰ।”
ਅਸੀਂ ਸਮਝ ਸਕਦੇ ਹਾਂ ਕਿ 17ਵੀਂ ਸਦੀ ਦੇ ਇਕ ਡਾਕਟਰ ਨੇ ਆਪਣੇ ਜ਼ਮਾਨੇ ਦੇ ਵਹਿਮਾਂ ਨੂੰ ਅਨਪੜ੍ਹ ਲੋਕਾਂ ਦੀਆਂ “ਆਮ ਗ਼ਲਤੀਆਂ” ਕਿਉਂ ਸੱਦਿਆ ਸੀ। ਇਸ ਲਈ, ਜਿੱਦਾਂ-ਜਿੱਦਾਂ ਇਨਸਾਨ ਵਿਗਿਆਨਕ ਪ੍ਰਾਪਤੀਆਂ ਨਾਲ 20ਵੀਂ ਸਦੀ ਵਿਚ ਆਏ, 1910 ਦੇ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਨੇ ਉਮੀਦ ਨਾਲ ਇਹ ਕਿਹਾ ਕਿ ਉਹ ਸਮਾਂ ਆਵੇਗਾ ਜਦੋਂ “ਸਭਿਅਤਾ ਵਿਚ ਕੋਈ ਵਹਿਮ ਨਾ [ਹੋਵੇਗਾ।]”
ਪਹਿਲਾਂ ਵਾਂਗ ਵਹਿਮ ਅੱਜ ਵੀ ਫੈਲੇ ਹੋਏ ਹਨ
ਕੁਝ 80 ਸਾਲ ਪਹਿਲਾਂ ਦੀ ਇਹ ਆਸ਼ਾ ਝੂਠੀ ਨਿਕਲੀ, ਕਿਉਂਕਿ ਲੋਕ ਅੱਜ ਵੀ ਬਹੁਤ ਵਹਿਮ ਕਰਦੇ ਹਨ। ਅਕਸਰ ਵਹਿਮ ਪੱਕੇ ਹੀ ਹੁੰਦੇ ਹਨ। ਅੰਗ੍ਰੇਜ਼ੀ ਸ਼ਬਦ “ਸੂਪਰਸਟਿਸ਼ਨ” ਦਾ ਮੁੱਢ ਲਾਤੀਨੀ ਭਾਸ਼ਾ ਵਿਚ ਹੈ, ਸੂਪਰ ਦਾ ਮਤਲਬ “ਉੱਚਾ” ਅਤੇ ਸਟਾਰ ਦਾ ਮਤਲਬ “ਖੜ੍ਹਾ ਹੋਣਾ” ਹੈ। ਜੰਗ ਵਿੱਚੋਂ ਬਚਣ ਵਾਲੇ ਫ਼ੌਜੀਆਂ ਨੂੰ ਸੂਪਰਸਟਾਈਟਸ ਸੱਦਿਆ ਜਾਂਦਾ ਸੀ ਕਿਉਂਕਿ ਦੂਸਰੇ ਫ਼ੌਜੀਆਂ ਤੋਂ ਭਿੰਨ ਇਹ ਜੀਉਂਦੇ ਰਹੇ, ਮਾਨੋ ਇਹ ਉਨ੍ਹਾਂ ਤੋਂ “ਉੱਚੇ ਖੜ੍ਹੇ” ਰਹੇ। ਇਸ ਸ਼ਬਦ ਦੇ ਮੁੱਢ ਵੱਲ ਸੰਕੇਤ ਕਰਦੇ ਹੋਏ, ਵਹਿਮ ਨਾਂ ਦੀ ਅੰਗ੍ਰੇਜ਼ੀ ਪੁਸਤਕ ਕਹਿੰਦੀ ਹੈ: “ਅੱਜ ਜੋ ਵਹਿਮ ਕੀਤੇ ਜਾਂਦੇ ਹਨ ਉਹ ਉਨ੍ਹਾਂ ਜੁਗਾਂ ਦੇ ਲੋਕਾਂ ਤੋਂ ਉੱਚੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ।” ਅੱਜ ਦੇ ਵਹਿਮਾਂ ਦੀਆਂ ਕੁਝ ਉਦਾਹਰਣਾਂ ਉੱਤੇ ਵਿਚਾਰ ਕਰੋ।
◻ ਏਸ਼ੀਆ ਦੇ ਇਕ ਸ਼ਹਿਰ ਦੇ ਗਵਰਨਰ ਦੀ ਅਚਾਨਕ ਮੌਤ ਤੋਂ ਬਾਅਦ, ਉਸ ਦੇ ਕਾਮਿਆਂ ਨੇ ਨਵੇਂ ਗਵਰਨਰ ਨੂੰ ਸਲਾਹ ਦਿੱਤੀ ਕਿ ਉਹ ਇਕ ਖ਼ਾਸ ਜੋਤਸ਼ੀ ਦੀ ਰਾਇ ਲਵੇ, ਜਿਸ ਨੇ ਉਸ ਦੇ ਸਰਕਾਰੀ ਮਕਾਨ ਵਿਚ ਅਤੇ ਆਲੇ-ਦੁਆਲੇ ਕਈ ਬਦਲੀਆਂ ਕਰਨ ਦਾ ਸੁਝਾਅ ਦਿੱਤਾ। ਉਸ ਦੇ ਕਾਮੇ ਵਿਸ਼ਵਾਸ ਕਰਦੇ ਸਨ ਕਿ ਇਹ ਬਦਲੀਆਂ ਬਦਸ਼ਗਨ ਨੂੰ ਖ਼ਤਮ ਕਰ ਦੇਣਗੀਆਂ।
◻ ਅਮਰੀਕਾ ਵਿਚ ਕਰੋੜਾਂ ਡਾਲਰ ਕਮਾਉਣ ਵਾਲੀ ਇਕ ਵੱਡੀ ਵਪਾਰ ਕੰਪਨੀ ਦੀ ਪ੍ਰੈਜ਼ੀਡੈਂਟ ਇਕ ਖ਼ਾਸ ਪੱਥਰ ਨੂੰ ਹਮੇਸ਼ਾ ਆਪਣੇ ਕੋਲ ਰੱਖਦੀ ਹੈ। ਪਹਿਲੀ ਵੱਡੀ ਕਾਮਯਾਬੀ ਤੋਂ ਬਾਅਦ ਉਹ ਉਸ ਪੱਥਰ ਬਿਨਾਂ ਘਰੋਂ ਨਹੀਂ ਨਿਕਲਦੀ।
◻ ਕਾਰੋਬਾਰ ਵਿਚ ਧੰਦੇ ਬਾਰੇ ਕੋਈ ਵੀ ਵੱਡਾ ਫ਼ੈਸਲਾ ਕਰਨ ਤੋਂ ਪਹਿਲਾਂ ਏਸ਼ੀਆਈ ਬਿਜ਼ਨਿਸਮੈਨ ਜੋਤਸ਼ੀਆਂ ਤੋਂ ਸਲਾਹ ਲੈਂਦੇ ਹਨ।
◻ ਇਕ ਖਿਡਾਰੀ ਬਹੁਤ ਟ੍ਰੇਨਿੰਗ ਕਰਨ ਦੇ ਬਾਵਜੂਦ ਵੀ ਮੰਨਦਾ ਹੈ ਕਿ ਉਸ ਦੀ ਜਿੱਤ ਕਿਸੇ ਕੱਪੜੇ ਦੇ ਕਾਰਨ ਹੋਈ ਹੈ। ਇਸ ਲਈ ਉਹ ਉਸ ਕੱਪੜੇ ਨੂੰ ਬਿਨਾਂ ਧੋਤੇ ਅਗਲੀਆਂ ਖੇਡਾਂ ਵਿਚ ਪਹਿਨਦਾ ਹੈ।
◻ ਇਕ ਵਿਦਿਆਰਥੀ ਇਮਤਿਹਾਨ ਵਿਚ ਕੋਈ ਪੈਨ ਇਸਤੇਮਾਲ ਕਰਦਾ ਹੈ ਅਤੇ ਉਸ ਨੂੰ ਚੰਗੇ ਨੰਬਰ ਮਿਲਦੇ ਹਨ। ਇਸ ਤੋਂ ਬਾਅਦ ਉਹ ਉਸ ਪੈਨ ਨੂੰ “ਸ਼ੁਭ-ਸ਼ਗਨ” ਸਮਝਦਾ ਹੈ।
◻ ਸਹੁਰਿਆਂ ਦੇ ਘਰ ਅੰਦਰ ਵੜ ਰਹੀ ਨਵੀਂ ਵਹੁਟੀ ਨੂੰ ਆਪਣਾ ਸੱਜਾ ਪੈਰ ਪਹਿਲਾਂ ਰੱਖਣਾ ਪੈਂਦਾ ਹੈ।
◻ ਇਕ ਵਿਅਕਤੀ ਬਾਈਬਲ ਖੋਲ੍ਹਦਾ ਹੈ ਅਤੇ ਜਿਹੜੀ ਆਇਤ ਉੱਤੇ ਉਸ ਦੀ ਨਜ਼ਰ ਪੈਂਦੀ ਹੈ ਉਸ ਨੂੰ ਉਹ ਪੜ੍ਹਦਾ ਹੈ ਅਤੇ ਵਿਸ਼ਵਾਸ ਕਰਦਾ ਹੈ ਕਿ ਉਸ ਆਇਤ ਤੋਂ ਉਸ ਨੂੰ ਲੋੜੀਂਦੀ ਅਗਵਾਈ ਮਿਲੇਗੀ।
◻ ਇਕ ਵੱਡਾ ਹਵਾਈ-ਜਹਾਜ਼ ਚੜ੍ਹਨ ਵਾਲਾ ਹੈ ਅਤੇ ਕਈ ਸਵਾਰੀਆਂ ਕ੍ਰਾਸ ਦਾ ਨਿਸ਼ਾਨ ਬਣਾਉਂਦੀਆਂ ਹਨ। ਦੂਸਰੇ ਸ਼ਾਇਦ ਸਫ਼ਰ ਕਰਦੇ ਸਮੇਂ ਮੰਤਰ ਜਪਣ ਜਾਂ ਮਾਲ਼ਾ ਫੇਰਨ।
ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਜ ਵੀ ਹਰ ਜਗ੍ਹਾ ਲੋਕੀ ਵਹਿਮ ਕਰਦੇ ਹਨ। ਦਰਅਸਲ, ਕਨੈਟੀਕਟ ਕਾਲਜ ਵਿਚ ਮਨੋਵਿਗਿਆਨ ਦਾ ਪ੍ਰੋਫ਼ੈਸਰ ਸਟੂਅਰਟ ਏ. ਵਾਇਸ ਆਪਣੀ ਪੁਸਤਕ ਜਾਦੂ ਵਿਚ ਵਿਸ਼ਵਾਸ ਕਰਨਾ—ਵਹਿਮਾਂ ਦਾ ਵਿਗਿਆਨ (ਅੰਗ੍ਰੇਜ਼ੀ) ਵਿਚ ਕਹਿੰਦਾ ਹੈ: “ਭਾਵੇਂ ਕਿ ਅਸੀਂ ਤਕਨਾਲੋਜੀ-ਭਰੇ ਸਮਾਜ ਵਿਚ ਰਹਿੰਦੇ ਹਾਂ, ਲੋਕੀ ਅੱਜ ਵੀ ਵਹਿਮ ਕਰਦੇ ਹਨ।”
ਵਹਿਮ ਅੱਜ ਵੀ ਇੰਨੇ ਪੱਕੇ ਹਨ ਕਿ ਇਨ੍ਹਾਂ ਨੂੰ ਮਿਟਾਉਣ ਦੇ ਜਤਨ ਸਫ਼ਲ ਨਹੀਂ ਹੋਏ। ਇਸ ਤਰ੍ਹਾਂ ਕਿਉਂ ਹੈ?