ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 10/8 ਸਫ਼ੇ 4-7
  • ਵਹਿਮ—ਇੰਨੇ ਪੱਕੇ ਕਿਉਂ ਹਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਹਿਮ—ਇੰਨੇ ਪੱਕੇ ਕਿਉਂ ਹਨ?
  • ਜਾਗਰੂਕ ਬਣੋ!—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੀਨ ਵਿਚ ਵਹਿਮ ਮਿਟਾਉਣ ਦੇ ਜਤਨ
  • ਕਹਿੰਦੇ ਇਕ ਗੱਲ, ਪਰ ਕਰਦੇ ਕੁਝ ਹੋਰ
  • ਵਹਿਮ ਇੰਨੇ ਪੱਕੇ ਕਿਉਂ
  • ਕੀ ਵਹਿਮਾਂ-ਭਰਮਾਂ ਵਿਚ ਪੈਣਾ ਬਾਈਬਲ ਮੁਤਾਬਕ ਸਹੀ ਹੈ?
    ਜਾਗਰੂਕ ਬਣੋ!—2008
  • ਕੀ ਤੁਸੀਂ ਵਹਿਮੀ ਇਨਸਾਨ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਵਹਿਮ—ਅੱਜ ਕਿੰਨੇ ਕੁ ਫੈਲੇ ਹੋਏ ਹਨ?
    ਜਾਗਰੂਕ ਬਣੋ!—1999
  • ਵਹਿਮ—ਇੰਨੇ ਖ਼ਤਰਨਾਕ ਕਿਉਂ ਹਨ?
    ਜਾਗਰੂਕ ਬਣੋ!—1999
ਹੋਰ ਦੇਖੋ
ਜਾਗਰੂਕ ਬਣੋ!—1999
g99 10/8 ਸਫ਼ੇ 4-7

ਵਹਿਮ—ਇੰਨੇ ਪੱਕੇ ਕਿਉਂ ਹਨ?

ਜਿਵੇਂ ਤੁਸੀਂ ਸ਼ਾਇਦ ਜਾਣਦੇ ਹੀ ਹੋ, ਅੱਜ ਵੀ ਅਜਿਹੇ ਲੋਕ ਹਨ ਜੋ ਆਪਣੇ ਰਸਤੇ ਵਿਚ ਕਾਲੀ ਬਿੱਲੀ ਨੂੰ ਦੇਖਣਾ ਬਦਸ਼ਗਨ ਸਮਝਦੇ ਹਨ ਜਾਂ ਜੋ ਪੌੜੀ ਥੱਲਿਓਂ ਲੰਘਣ ਤੋਂ ਡਰਦੇ ਹਨ। ਕਈ ਲੋਕ ਇਹ ਵੀ ਮੰਨਦੇ ਹਨ ਕਿ ਸ਼ੁੱਕਰਵਾਰ 13 ਤਾਰੀਖ਼ ਇਕ ਬੁਰਾ ਦਿਨ ਹੈ ਅਤੇ ਕਿਸੇ ਇਮਾਰਤ ਦੀ 13ਵੀਂ ਮੰਜ਼ਲ ਖ਼ਤਰਨਾਕ ਜਗ੍ਹਾ ਹੁੰਦੀ ਹੈ। ਅਜਿਹੇ ਵਹਿਮ ਪੱਕੇ ਹਨ ਭਾਵੇਂ ਕਿ ਇਨ੍ਹਾਂ ਲਈ ਕੋਈ ਸਬੂਤ ਨਹੀਂ ਹਨ।

ਜ਼ਰਾ ਸੋਚੋ। ਕੁਝ ਲੋਕ ਸਵੇਰ ਨੂੰ ਸਭ ਤੋਂ ਪਹਿਲਾਂ ਕੋਈ ਸ਼ੁਭ ਚੀਜ਼ ਕਿਉਂ ਦੇਖਣੀ ਚਾਹੁੰਦੇ ਹਨ ਜਾਂ ਸੂਰਜ ਡੁੱਬਣ ਤੋਂ ਪਹਿਲਾਂ ਦੀਵਾ ਕਿਉਂ ਜਗਾਉਂਦੇ ਹਨ? ਕੀ ਇਹ ਇਸ ਲਈ ਨਹੀਂ ਕਿ ਬਿਨਾਂ ਪੱਕੇ ਸਬੂਤ ਉਹ ਵਿਸ਼ਵਾਸ ਕਰਦੇ ਹਨ ਕਿ ਇਹ ਚੀਜ਼ਾਂ ਚੰਗੀ ਕਿਸਮਤ ਲਿਆਉਣਗੀਆਂ? ਵਹਿਮਾਂ ਦਾ ਸ਼ਬਦ-ਕੋਸ਼ ਨਾਂ ਦੀ ਅੰਗ੍ਰੇਜ਼ੀ ਪੁਸਤਕ ਕਹਿੰਦੀ ਹੈ ਕਿ “ਇਕ ਵਹਿਮੀ ਮਨ ਮੰਨਦਾ ਹੈ ਕਿ ਕੁਝ ਚੀਜ਼ਾਂ, ਥਾਂ, ਜਾਨਵਰ, ਜਾਂ ਕੰਮ ਚੰਗੇ ਹਨ (ਸ਼ੁਭ-ਸ਼ਗਨ) ਅਤੇ ਦੂਸਰੇ ਬੁਰੇ ਹਨ (ਬਦਸ਼ਗਨ ਜਾਂ ਬਦਕਿਸਮਤ ਦੇ ਨਿਸ਼ਾਨ)।”—ਗਲਾਤੀਆਂ 5:19, 20 ਦੇਖੋ।

ਚੀਨ ਵਿਚ ਵਹਿਮ ਮਿਟਾਉਣ ਦੇ ਜਤਨ

ਇਹ ਗੱਲ ਸਾਫ਼ ਹੈ ਕਿ ਅੱਜ ਵਹਿਮਾਂ ਨੂੰ ਮਿਟਾਉਣ ਦਿਆਂ ਜਤਨਾਂ ਦੇ ਬਾਵਜੂਦ ਉਹ ਅਜੇ ਵੀ ਕੀਤੇ ਜਾਂਦੇ ਹਨ। ਉਦਾਹਰਣ ਲਈ, 1995 ਵਿਚ ਸ਼ੰਘਾਈ ਕੌਮ ਦੀ ਕਾਂਗਰਸ ਨੇ ਸਰਕਾਰੀ ਹੁਕਮ ਜਾਰੀ ਕੀਤਾ ਕਿ ਵਹਿਮਾਂ ਨੂੰ ਪੁਰਾਣੇ ਜ਼ਮਾਨੇ ਦੀਆਂ ਵਿਅਰਥ ਨਿਸ਼ਾਨੀਆਂ ਸਮਝ ਕੇ ਖ਼ਤਮ ਕੀਤਾ ਜਾਵੇ। ਟੀਚਾ ਇਹ ਸੀ ਕਿ “ਮੱਧਕਾਲੀ ਵਹਿਮਾਂ ਨੂੰ ਖ਼ਤਮ ਕੀਤਾ ਜਾਵੇ, ਦਾਹ-ਸੰਸਕਾਰ ਦਿਆਂ ਰਿਵਾਜਾਂ ਨੂੰ ਬਦਲਿਆ ਜਾਵੇ, ਅਤੇ ਸਭਿਅ ਰਾਜਧਾਨੀ ਬਣਾਈ ਜਾਵੇ।” ਪਰ ਇਸ ਦਾ ਨਤੀਜਾ ਕੀ ਨਿਕਲਿਆ ਹੈ?

ਇਕ ਰਿਪੋਰਟ ਦੇ ਅਨੁਸਾਰ, ਸ਼ੰਘਾਈ ਦੇ ਲੋਕਾਂ ਨੇ ਆਪਣੇ ਵਹਿਮਾਂ ਨੂੰ ਫੜੀ ਰੱਖਿਆ। ਵਡੇਰਿਆਂ ਦੀਆਂ ਕਬਰਾਂ ਤੇ ਨਕਲੀ ਨੋਟ ਜਾਲਣ ਦੀ ਚੀਨੀ ਰਸਮ ਉੱਤੇ ਸਰਕਾਰੀ ਪਾਬੰਦੀ ਦੀ ਵਿਰੋਧਤਾ ਕਰਦੇ ਹੋਏ, ਕਬਰਸਥਾਨ ਨੂੰ ਜਾਣ ਵਾਲੇ ਇਕ ਮਨੁੱਖ ਨੇ ਕਿਹਾ: “ਅਸੀਂ 19 ਅਰਬ ਯੁਅਨ [ਤਕਰੀਬਨ 3 ਅਰਬ ਅਮਰੀਕੀ ਡਾਲਰ] ਜਲਾਏ।” ਉਸ ਨੇ ਅੱਗੇ ਕਿਹਾ ਕਿ “ਇਸ ਤਰ੍ਹਾਂ ਕਰਨਾ ਰਿਵਾਜ ਹੈ। ਇਹ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਦਾ ਹੈ।”

ਗਵੋਂਗਮਿੰਗ ਡੇਲੀ ਨਾਮਕ ਮਸ਼ਹੂਰ ਅਖ਼ਬਾਰ ਨੇ ਪਾਬੰਦੀ ਦੀ ਅਸਫ਼ਲਤਾ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਹੋ ਸਕਦਾ ਹੈ ਕਿ “ਚੀਨ ਵਿਚ ਕੁਝ ਪੰਜਾਹ ਲੱਖ ਜੋਤਸ਼ੀ ਹੋਣ, ਜਦ ਕਿ ਵਿਗਿਆਨ ਅਤੇ ਤਕਨਾਲੋਜੀ ਵਿਚ ਕੰਮ ਕਰਨ ਵਾਲਿਆਂ ਦੀ ਗਿਣਤੀ ਸਿਰਫ਼ ਇਕ ਕਰੋੜ ਹੈ।” ਅਖ਼ਬਾਰ ਨੇ ਅੱਗੇ ਕਿਹਾ: “ਇਸ ਤਰ੍ਹਾਂ ਲੱਗਦਾ ਹੈ ਕਿ ਜੋਤਸ਼ੀਆਂ ਦੀ ਗਿਣਤੀ ਵਧਦੀ ਜਾਵੇਗੀ।”

ਦ ਐਨਸਾਈਕਲੋਪੀਡੀਆ ਅਮੈਰੀਕਾਨਾ ਦਾ ਅੰਤਰਰਾਸ਼ਟਰੀ ਐਡੀਸ਼ਨ ਵਹਿਮਾਂ ਦੇ ਬਣੇ ਰਹਿਣ ਬਾਰੇ ਕਹਿੰਦਾ ਹੈ: “ਸਾਰੇ ਸਭਿਆਚਾਰਾਂ ਵਿਚ, ਕੁਝ ਪੁਰਾਣੇ ਰਿਵਾਜ ਸਿਰਫ਼ ਕਾਇਮ ਹੀ ਨਹੀਂ ਰਹਿੰਦੇ, ਪਰ ਉਨ੍ਹਾਂ ਨੂੰ ਨਵੇਂ ਅਰਥ ਵੀ ਦਿੱਤੇ ਜਾਂਦੇ ਹਨ।” ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਇਕ ਨਵੇਂ ਐਡੀਸ਼ਨ ਨੇ ਕਬੂਲ ਕੀਤਾ ਕਿ “ਅੱਜ ਸਾਡੇ ਜ਼ਮਾਨੇ ਵਿਚ ਵੀ, ਜਦੋਂ ਅਸਲੀ ਸਬੂਤ ਦੀ ਬਹੁਤ ਕਦਰ ਕੀਤੀ ਜਾਂਦੀ ਹੈ, ਕਾਫ਼ੀ ਲੋਕ ਹਨ ਜੋ ਪੁੱਛਣ ਤੇ ਤੁਹਾਨੂੰ ਦੱਸਣਗੇ ਕਿ ਉਹ ਚੋਰੀ-ਛਿਪੇ ਦਿਲ ਵਿਚ ਇਕ-ਦੋ ਵਿਸ਼ਵਾਸ ਜਾਂ ਵਹਿਮ ਰੱਖਦੇ ਹਨ, ਜਿਨ੍ਹਾਂ ਲਈ ਕੋਈ ਸਬੂਤ ਨਹੀਂ ਹੁੰਦਾ।”

ਕਹਿੰਦੇ ਇਕ ਗੱਲ, ਪਰ ਕਰਦੇ ਕੁਝ ਹੋਰ

ਇਸ ਤਰ੍ਹਾਂ ਲੱਗਦਾ ਹੈ ਕਿ ਕਈ ਲੋਕ ਕਹਿੰਦੇ ਇਕ ਗੱਲ ਹਨ ਪਰ ਕਰਦੇ ਕੁਝ ਹੋਰ ਹਨ, ਜੋ ਉਹ ਕਰਦੇ ਹਨ ਉਹ ਦੂਸਰਿਆਂ ਨੂੰ ਦੱਸਣਾ ਨਹੀਂ ਚਾਹੁੰਦੇ। ਇਕ ਲੇਖਕ ਕਹਿੰਦਾ ਹੈ ਕਿ ਲੋਕ ਇਸ ਲਈ ਝਿਜਕਦੇ ਹਨ ਕਿਉਂਕਿ ਉਹ ਦੂਸਰਿਆਂ ਦੀ ਨਜ਼ਰ ਵਿਚ ਮੂਰਖ ਨਹੀਂ ਲੱਗਣਾ ਚਾਹੁੰਦੇ। ਇਸ ਲਈ ਅਜਿਹੇ ਲੋਕ ਆਪਣਿਆਂ ਵਹਿਮਾਂ ਨੂੰ ਰਿਵਾਜ ਜਾਂ ਆਦਤਾਂ ਸੱਦਦੇ ਹਨ। ਮਿਸਾਲ ਲਈ, ਖਿਡਾਰੀ ਸ਼ਾਇਦ ਕਹਿਣ ਕਿ ਖੇਡਾਂ ਤੋਂ ਪਹਿਲਾਂ ਉਹ ਜੋ ਕਰਦੇ ਹਨ ਉਹ ਸਿਰਫ਼ ਉਨ੍ਹਾਂ ਦਾ ਆਮ ਤੌਰ-ਤਰੀਕਾ ਹੈ।

ਥੋੜ੍ਹੇ ਚਿਰ ਪਹਿਲਾਂ ਇਕ ਪੱਤਰਕਾਰ ਨੇ ਚੇਨ ਚਿੱਠੀ ਬਾਰੇ ਪਖੰਡੀ ਗੱਲ ਕਹੀ, ਇਹ ਅਜਿਹੀ ਚਿੱਠੀ ਹੈ ਜੋ ਕਈਆਂ ਲੋਕਾਂ ਨੂੰ ਭੇਜੀ ਜਾਂਦੀ ਹੈ ਅਤੇ ਹਰੇਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੋਰਨਾਂ ਨੂੰ ਵੀ ਚਿੱਠੀ ਦੀ ਕਾਪੀ ਭੇਜਣ। ਅਕਸਰ, ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਚਿੱਠੀ ਹੋਰਨਾਂ ਨੂੰ ਭੇਜਦਾ ਹੈ ਉਸ ਦੀ ਕਿਸਮਤ ਚੰਗੀ ਨਿਕਲੇਗੀ, ਪਰ ਜਿਹੜਾ ਚਿੱਠੀ ਭੇਜਣ ਦੀ ਲੜੀ ਤੋੜਦਾ ਹੈ ਉਸ ਦਾ ਨਤੀਜਾ ਬੁਰਾ ਹੋਵੇਗਾ। ਇਹ ਪੱਤਰਕਾਰ ਲੜੀ ਵਿਚ ਇਕ ਨਵੀਂ ਕੜੀ ਬਣਿਆ ਅਤੇ ਉਸ ਨੇ ਕਿਹਾ: “ਦੇਖੋ, ਮੈਂ ਇਹ ਇਸ ਲਈ ਨਹੀਂ ਕਰ ਰਿਹਾ ਕਿਉਂਕਿ ਮੈਂ ਵਹਿਮੀ ਹਾਂ। ਗੱਲ ਬੱਸ ਇਹੀ ਹੈ ਕਿ ਮੈਂ ਬਦਕਿਸਮਤੀ ਨਹੀਂ ਬਣਨਾ ਚਾਹੁੰਦਾ।”

ਮਾਨਵ-ਵਿਗਿਆਨੀ ਅਤੇ ਲੋਕ-ਧਾਰਾ ਦੇ ਮਾਹਰ ਮੰਨਦੇ ਹਨ ਕਿ ਕਿਸੇ ਗੱਲ ਨੂੰ “ਵਹਿਮ” ਸੱਦਣਾ ਨਿੱਜੀ ਜਜ਼ਬਾਤਾਂ ਦੀ ਗੱਲ ਹੈ; ਉਹ ਨਹੀਂ ਚਾਹੁੰਦੇ ਕਿ ਉਹ ਖ਼ਾਸ ਤੌਰ-ਤਰੀਕਿਆਂ ਨੂੰ ਵਹਿਮ ਸੱਦਣ। ਉਹ “ਲੋਕਾਂ ਦੇ ਰਿਵਾਜ ਅਤੇ ਵਿਸ਼ਵਾਸ,” “ਲੋਕ-ਧਾਰਾ,” ਜਾਂ “ਵਿਸ਼ਵਾਸ ਕਰਨ ਦੀ ਰੀਤੀ” ਵਰਗੇ “ਆਮ,” ਪਰ ਨਰਮ ਬੋਲਾਂ ਦੀ ਵਰਤੋਂ ਕਰਨੀ ਪਸੰਦ ਕਰਦੇ ਹਨ। ਮਤੇ ਬਦਕਿਸਮਤੀ ਤੁਹਾਡੇ ਤੇ ਆ ਪਵੇ—ਵੱਡੇ ਅਤੇ ਛੋਟਿਆਂ ਦੇ ਵਹਿਮ ਨਾਮਕ ਆਪਣੀ ਅੰਗ੍ਰੇਜ਼ੀ ਕਿਤਾਬ ਵਿਚ ਡਿਕ ਹਾਇਮਨ ਸਾਫ਼-ਸਾਫ਼ ਕਹਿੰਦਾ ਹੈ: ‘ਪਾਪ ਵਾਂਗ, ਵਹਿਮ ਕਰਨ ਵਾਲੇ ਬਹੁਤ ਹਨ ਪਰ ਉਸ ਨੂੰ ਕਬੂਲ ਕਰਨ ਵਾਲੇ ਥੋੜ੍ਹੇ ਹਨ।’

ਪਰ, ਵਹਿਮ ਨੂੰ ਜਿਹੜਾ ਮਰਜ਼ੀ ਨਾਂ ਦਿੱਤਾ ਜਾਵੇ, ਇਹ ਅੱਜ ਵੀ ਕੀਤੇ ਜਾਂਦੇ ਹਨ। ਪਰ ਅੱਜ ਦੇ ਤਕਨਾਲੋਜੀ-ਭਰੇ ਅਤੇ ਵਿਗਿਆਨਕ ਜ਼ਮਾਨੇ ਵਿਚ ਇਸ ਤਰ੍ਹਾਂ ਕਿਉਂ ਹੈ?

ਵਹਿਮ ਇੰਨੇ ਪੱਕੇ ਕਿਉਂ

ਕੁਝ ਲੋਕ ਕਹਿੰਦੇ ਹਨ ਕਿ ਵਹਿਮੀ ਹੋਣਾ ਇਨਸਾਨਾਂ ਲਈ ਆਮ ਹੈ। ਅਜਿਹੇ ਲੋਕ ਵੀ ਹਨ ਜੋ ਦਾਅਵਾ ਕਰਦੇ ਹਨ ਕਿ ਅਸੀਂ ਕੁਦਰਤੀ ਤੌਰ ਤੇ ਵਹਿਮੀ ਹਾਂ। ਪਰ, ਖੋਜ ਕੁਝ ਹੋਰ ਸਾਬਤ ਕਰਦੀ ਹੈ। ਸਬੂਤ ਇਹ ਦਿਖਾਉਂਦਾ ਹੈ ਕਿ ਵਹਿਮ ਕਰਨਾ ਲੋਕਾਂ ਨੂੰ ਸਿਖਾਇਆ ਜਾਂਦਾ ਹੈ।

ਪ੍ਰੋਫ਼ੈਸਰ ਸਟੂਅਰਟ ਏ. ਵਾਇਸ ਸਮਝਾਉਂਦਾ ਹੈ: “ਇਕ ਵਿਅਕਤੀ, ਹੋਰਨਾਂ ਤੌਰ-ਤਰੀਕਿਆਂ ਵਾਂਗ, ਵਹਿਮ ਕਰਨਾ ਆਪਣੇ ਜੀਵਨ-ਢੰਗ ਤੋਂ ਸਿੱਖਦਾ ਹੈ।” ਪੈਦਾ ਹੋਣ ਤੇ ਅਸੀਂ ਤਵੀਤਾਂ ਜਾਂ ਜੰਤਰਾਂ-ਮੰਤਰਾਂ ਉੱਤੇ ਭਰੋਸਾ ਨਹੀਂ ਰੱਖਦੇ, ਅਸੀਂ ਇਨ੍ਹਾਂ ਉੱਤੇ ਭਰੋਸਾ ਰੱਖਣਾ ਸਿੱਖਦੇ ਹਾਂ। ਕਿਹਾ ਜਾਂਦਾ ਹੈ ਕਿ ਲੋਕ ਬਚਪਨ ਤੋਂ ਹੀ ਜਾਦੂ ਵਿਚ ਵਿਸ਼ਵਾਸ ਕਰਨਾ ਸਿੱਖਦੇ ਹਨ ਅਤੇ ਫਿਰ “ਵੱਡੇ ਹੋ ਕੇ ਜਾਣਕਾਰੀ ਮਿਲਣ” ਤੋਂ ਬਾਅਦ ਵੀ ਉਹ ਵਹਿਮਾਂ ਵਿਚ ਵਿਸ਼ਵਾਸ ਕਰਦੇ ਰਹਿੰਦੇ ਹਨ। ਉਹ ਕਈ ਵਹਿਮ ਕਿੱਥੋਂ ਸਿੱਖਦੇ ਹਨ?

ਕਈਆਂ ਵਹਿਮਾਂ ਦਾ ਧਾਰਮਿਕ ਵਿਸ਼ਵਾਸਾਂ ਨਾਲ ਵੱਡਾ ਤਅੱਲਕ ਹੁੰਦਾ ਹੈ। ਉਦਾਹਰਣ ਲਈ, ਵਹਿਮ ਕਰਨਾ ਉਨ੍ਹਾਂ ਲੋਕਾਂ ਦੇ ਧਰਮ ਦਾ ਹਿੱਸਾ ਸੀ ਜੋ ਇਸਰਾਏਲੀਆਂ ਤੋਂ ਪਹਿਲਾਂ ਕਨਾਨ ਦੇਸ਼ ਵਿਚ ਰਹਿੰਦੇ ਸਨ। ਬਾਈਬਲ ਕਹਿੰਦੀ ਹੈ ਕਿ ਕਨਾਨ ਦੇ ਲੋਕਾਂ ਦੀ ਰੀਤ ਸੀ ਕਿ ਉਹ ਫਾਲ ਪਾਉਣ, ਜਾਦੂ ਕਰਨ, ਮਹੂਰਤ ਦੇਖਣ ਅਤੇ ਜਾਦੂ-ਟੂਣੇ ਉੱਤੇ ਇਤਬਾਰ ਕਰਨ, ਜਿੰਨ-ਭੂਤਾਂ ਅਤੇ ਜੋਤਸ਼ੀਆਂ ਤੋਂ ਭਵਿੱਖ ਬਾਰੇ ਪੁੱਛਾਂ ਲੈਣ।—ਬਿਵਸਥਾ ਸਾਰ 18:9-12.

ਪ੍ਰਾਚੀਨ ਯੂਨਾਨ ਵਿਚ ਵੀ ਧਰਮ ਦੇ ਨਾਲ ਸੰਬੰਧਿਤ ਵਹਿਮ ਸਨ। ਕਨਾਨੀ ਲੋਕਾਂ ਵਾਂਗ ਉਹ ਵੀ ਪੁੱਛਾਂ, ਫਾਲ ਪਾਉਣ, ਅਤੇ ਜਾਦੂ-ਟੂਣੇ ਵਿਚ ਵਿਸ਼ਵਾਸ ਕਰਦੇ ਸਨ। ਬਾਬਲੀ ਲੋਕ ਵਿਸ਼ਵਾਸ ਕਰਦੇ ਸਨ ਕਿ ਕਿਸੇ ਜਾਨਵਰ ਦੇ ਕਲੇਜੇ ਵਿਚ ਦੇਖ ਕੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। (ਹਿਜ਼ਕੀਏਲ 21:21) ਉਹ ਜੂਆ ਖੇਡਣ ਲਈ ਵੀ ਮਸ਼ਹੂਰ ਸਨ ਅਤੇ ਬਾਈਬਲ ਕਹਿੰਦੀ ਹੈ ਕਿ ਉਹ “ਲਛਮੀ ਦੇਵੀ” ਤੋਂ ਮਦਦ ਮੰਗਦੇ ਸਨ। (ਯਸਾਯਾਹ 65:11) ਅੱਜ ਵੀ ਜੂਏਬਾਜ਼ ਵਹਿਮੀ ਹੋਣ ਲਈ ਪ੍ਰਸਿੱਧ ਹਨ।

ਦਿਲਚਸਪੀ ਦੀ ਗੱਲ ਹੈ ਕਿ ਕਈ ਗਿਰਜਿਆਂ ਨੇ ਜੂਆ ਖੇਡਣ ਦੇ ਲਗਨ ਨੂੰ ਉਕਸਾਇਆ ਹੈ। ਇਕ ਮਿਸਾਲ ਕੈਥੋਲਿਕ ਗਿਰਜੇ ਦੀ ਹੈ ਜਿਸ ਨੇ ਬਿੰਗੋ ਨਾਮ ਦੀ ਜੂਏਬਾਜ਼ ਖੇਡ ਨੂੰ ਅੱਗੇ ਵਧਾਇਆ ਹੈ। ਇਸੇ ਤਰ੍ਹਾਂ, ਇਕ ਜੂਏਬਾਜ਼ ਨੇ ਦੱਸਿਆ: “ਮੈਨੂੰ ਪੂਰਾ ਯਕੀਨ ਹੈ ਕਿ ਕੈਥੋਲਿਕ ਚਰਚ ਨੂੰ ਪਤਾ ਹੈ [ਕਿ ਜੂਏਬਾਜ਼ ਬਹੁਤ ਵਹਿਮੀ ਹੁੰਦੇ ਹਨ,] ਕਿਉਂਕਿ ‘ਸਿਸਟਰਾਂ’ ਦਾਨ ਇਕੱਠਾ ਕਰਨ ਲਈ ਹਮੇਸ਼ਾ ਘੋੜਦੌੜ ਦੇ ਮੈਦਾਨ ਨੇੜੇ ਖੜ੍ਹੀਆਂ ਹੁੰਦੀਆਂ ਸਨ। ‘ਸਿਸਟਰ’ ਨੂੰ ਦਾਨ ਦੇਣ ਤੋਂ ਇਨਕਾਰ ਕਰ ਕੇ ਇਕ ਕੈਥੋਲਿਕ ਵਿਅਕਤੀ ਦੌੜ ਜਿੱਤਣ ਦੀ ਆਸ ਕਿਵੇਂ ਰੱਖ ਸਕਦਾ ਸੀ? ਇਸ ਲਈ ਅਸੀਂ ਦਾਨ ਜ਼ਰੂਰ ਕਰਦੇ ਸਨ। ਅਤੇ ਜੇ ਅਸੀਂ ਉਸ ਦਿਨ ਜਿੱਤਦੇ ਤਾਂ ਅਸੀਂ ਬਹੁਤ ਪੈਸੇ ਦਾਨ ਕਰਦੇ ਸਨ, ਇਹ ਆਸ ਰੱਖਦੇ ਹੋਏ ਕਿ ਇਸ ਤਰ੍ਹਾਂ ਕਰਨ ਨਾਲ ਸਾਡੀ ਕਾਮਯਾਬੀ ਬਣੀ ਰਹੇਗੀ।”

ਧਰਮ ਅਤੇ ਵਹਿਮ ਦਾ ਵੱਡਾ ਤਅੱਲਕ ਦਿਖਾਉਣ ਵਾਲੀਆਂ ਕੁਝ ਮਸ਼ਹੂਰ ਮਿਸਾਲਾਂ ਈਸਾਈ-ਜਗਤ ਵਿਚ ਮਨਾਏ ਜਾਂਦੇ ਕ੍ਰਿਸਮਸ ਦੇ ਵੱਡੇ ਦਿਨ ਨਾਲ ਸੰਬੰਧ ਰੱਖਣ ਵਾਲੇ ਵਹਿਮ ਹਨ। ਇਕ ਵਹਿਮ ਇਹ ਹੈ ਕਿ ਮਿਸਲਟੋ ਦੀ ਬੂਟੀ ਥੱਲੇ ਚੁੰਮਣ ਨਾਲ ਤੁਹਾਨੂੰ ਜੀਵਨ ਸਾਥੀ ਮਿਲ ਜਾਵੇਗਾ। ਨਾਲੇ ਕ੍ਰਿਸਮਸ ਦੇ ਬਾਬੇ ਬਾਰੇ ਵੀ ਕਈ ਅੰਧਵਿਸ਼ਵਾਸ ਹਨ।

ਮਤੇ ਬਦਕਿਸਮਤੀ ਤੁਹਾਡੇ ਤੇ ਆ ਪਵੇ ਪੁਸਤਕ ਨੇ ਸਮਝਾਇਆ ਕਿ ਵਹਿਮ “ਭਵਿੱਖ ਬਾਰੇ ਜਾਣਨ” ਦੀ ਕੋਸ਼ਿਸ਼ ਵਿਚ ਸ਼ੁਰੂ ਹੋਏ ਸਨ। ਇਸ ਲਈ ਪਿਛਲੇ ਸਮਿਆਂ ਵਾਂਗ ਅੱਜ ਵੀ ਦੁਨੀਆਂ ਦੇ ਆਗੂ ਅਤੇ ਆਮ ਲੋਕ ਵੀ ਜੋਤਸ਼ੀਆਂ ਅਤੇ ਜਾਦੂਗਰਾਂ ਕੋਲ ਜਾਂਦੇ ਹਨ। ਵਹਿਮਾਂ ਬਾਰੇ ਅੰਗ੍ਰੇਜ਼ੀ ਪੁਸਤਕ ਨਾਸ਼ਤੇ ਤੋਂ ਪਹਿਲਾਂ ਗਾਓ ਨਾ, ਚਾਂਦਨੀ ਵਿਚ ਸੌਂਓ ਨਾ ਸਮਝਾਉਂਦੀ ਹੈ: “ਲੋਕਾਂ ਨੂੰ ਇਹ ਵਿਸ਼ਵਾਸ ਕਰਨ ਦੀ ਲੋੜ ਸੀ ਕਿ ਜਾਣੀ ਅਤੇ ਅਣਜਾਣੀ ਚੀਜ਼ ਦੇ ਡਰ ਖ਼ਿਲਾਫ਼ ਤਵੀਤਾਂ ਵਰਗੀਆਂ ਚੀਜ਼ਾਂ ਅਤੇ ਜਾਦੂ-ਟੂਣੇ ਕੰਮ ਕਰਨਗੇ।”

ਇਸ ਤਰ੍ਹਾਂ ਵਹਿਮੀ ਕੰਮਾਂ ਦੁਆਰਾ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਆਪਣੇ ਡਰਾਂ ਨੂੰ ਕੁਝ ਹੱਦ ਤਕ ਕਾਬੂ ਕਰ ਸਕਣ। ਵਹਿਮਾਂ ਬਾਰੇ ਅੰਗ੍ਰੇਜ਼ੀ ਪੁਸਤਕ, ਉਂਗਲੀ ਉੱਤੇ ਉਂਗਲੀ ਰੱਖੋ, ਆਪਣੀ ਟੋਪੀ ਵਿਚ ਥੁੱਕੋ, ਕਹਿੰਦੀ ਹੈ: “[ਇਨਸਾਨ] ਇੱਕੋ ਕਾਰਨ ਕਰਕੇ ਵਹਿਮ ਕਰਦੇ ਆਏ ਹਨ। ਜਦੋਂ [ਉਹ] ਅਜਿਹਿਆਂ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ ਜਿਨ੍ਹਾਂ ਉੱਤੇ [ਉਨ੍ਹਾਂ ਦਾ] ਕੋਈ ਵੱਸ ਨਹੀਂ—ਜੋ ‘ਕਿਸਮਤ’ ਜਾਂ ‘ਇਤਫ਼ਾਕ’ ਉੱਤੇ ਨਿਰਭਰ ਹੋਣ—ਤਾਂ ਵਹਿਮ [ਉਨ੍ਹਾਂ ਨੂੰ] ਚੈਨ ਦਿੰਦੇ ਹਨ।”

ਭਾਵੇਂ ਕਿ ਵਿਗਿਆਨ ਨੇ ਕਈਆਂ ਤਰੀਕਿਆਂ ਵਿਚ ਇਨਸਾਨਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਇਆ ਹੈ, ਉਨ੍ਹਾਂ ਦੀ ਬੇਚੈਨੀ ਕਾਇਮ ਰਹੀ ਹੈ। ਅਸਲ ਵਿਚ, ਬੇਚੈਨੀ ਇਸ ਲਈ ਵਧੀ ਹੈ ਕਿਉਂਕਿ ਵਿਗਿਆਨ ਨੇ ਹੋਰ ਮੁਸ਼ਕਲਾਂ ਪੈਦਾ ਕੀਤੀਆਂ ਹਨ। ਪ੍ਰੋਫ਼ੈਸਰ ਵਾਇਸ ਕਹਿੰਦਾ ਹੈ: “ਵਹਿਮ ਅਤੇ ਅਲੌਕਿਕ ਚੀਜ਼ਾਂ ਵਿਚ ਵਿਸ਼ਵਾਸ ਕਰਨਾ ਸਾਡੇ ਸਭਿਆਚਾਰ ਵਿਚ ਚੰਗੀ ਤਰ੍ਹਾਂ ਰਲਿਆ ਮਿਲਿਆ ਹੈ . . . ਕਿਉਂਕਿ ਦੁਨੀਆਂ ਨੇ ਸਾਡੀ ਬੇਚੈਨੀ ਨੂੰ ਵਧਾਇਆ ਹੈ।” ਦ ਵਰਲਡ ਬੁੱਕ ਐਨਸਾਈਕਲੋਪੀਡੀਆ ਇਸ ਸਿੱਟੇ ਤੇ ਪਹੁੰਚਿਆ: ‘ਅੰਧਵਿਸ਼ਵਾਸ ਉੱਨਾ ਚਿਰ ਜੀਵਨ ਦਾ ਹਿੱਸਾ ਹੋਵੇਗਾ ਜਿੰਨਾ ਚਿਰ ਲੋਕੀ ਭਵਿੱਖ ਬਾਰੇ ਫ਼ਿਕਰ ਕਰਦੇ ਰਹਿਣਗੇ।’

ਤਾਂ ਫਿਰ, ਸਾਰ ਇਹ ਹੈ ਕਿ ਵਹਿਮ ਅਜੇ ਵੀ ਇਸ ਲਈ ਕੀਤੇ ਜਾਂਦੇ ਹਨ ਕਿਉਂਕਿ ਉਹ ਲੋਕਾਂ ਦੇ ਡਰਾਂ ਤੋਂ ਪੈਦਾ ਹੁੰਦੇ ਹਨ ਅਤੇ ਉਹ ਕਈਆਂ ਧਾਰਮਿਕ ਵਿਸ਼ਵਾਸਾਂ ਨਾਲ ਸੰਬੰਧ ਰੱਖਦੇ ਹਨ। ਤਾਂ, ਕੀ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਵਹਿਮ ਕਰਨ ਵਿਚ ਫ਼ਾਇਦਾ ਹੈ ਕਿਉਂਕਿ ਇਹ ਲੋਕਾਂ ਨੂੰ ਭਵਿੱਖ ਬਾਰੇ ਹੱਦੋਂ ਵੱਧ ਫ਼ਿਕਰ ਕਰਨ ਤੋਂ ਬਚਾਉਂਦਾ ਹੈ? ਕੀ ਇਹ ਸਾਡੇ ਭਲੇ ਲਈ ਹਨ? ਜਾਂ ਕੀ ਇਹ ਖ਼ਤਰਨਾਕ ਹਨ ਅਤੇ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ?

[ਸਫ਼ੇ 5 ਉੱਤੇ ਤਸਵੀਰ]

ਇਕੱਲੇ ਚੀਨ ਵਿਚ ਹੀ ਸ਼ਾਇਦ ਪੰਜਾਹ ਲੱਖ ਜੋਤਸ਼ੀ ਹੋਣ

[ਸਫ਼ੇ 6 ਉੱਤੇ ਤਸਵੀਰ]

“ਬਿੰਗੋ” ਨੂੰ ਅੱਗੇ ਵਧਾ ਕੇ ਕਈ ਗਿਰਜਿਆਂ ਨੇ ਅੰਧਵਿਸ਼ਵਾਸ ਵਿਚ ਭਰੋਸਾ ਵਧਾਇਆ ਹੈ

[ਸਫ਼ੇ 7 ਉੱਤੇ ਤਸਵੀਰ]

ਮਿਸਲਟੋ ਦੀ ਬੂਟੀ ਥੱਲੇ ਚੁੰਮਣ ਵਰਗੀਆਂ ਰੀਤਾਂ ਦਾ ਮੁੱਢ ਵਹਿਮਾਂ ਵਿਚ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ