ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 10/8 ਸਫ਼ੇ 8-11
  • ਵਹਿਮ—ਇੰਨੇ ਖ਼ਤਰਨਾਕ ਕਿਉਂ ਹਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਹਿਮ—ਇੰਨੇ ਖ਼ਤਰਨਾਕ ਕਿਉਂ ਹਨ?
  • ਜਾਗਰੂਕ ਬਣੋ!—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅੰਧਵਿਸ਼ਵਾਸ ਮਿਟਾਉਣ ਵਾਲੀ ਇਕ ਕਹਾਣੀ
  • ਖ਼ਤਰਨਾਕ ਸ੍ਰੋਤ
  • ਤਵੀਤ ਅਤੇ ਮੂਰਤੀ ਪੂਜਾ
  • ਅਸੀਂ ਭਵਿੱਖ ਬਾਰੇ ਕਿਵੇਂ ਜਾਣ ਸਕਦੇ ਹਾਂ
  • ਪਰਮੇਸ਼ੁਰ ਦੇ ਵਾਅਦੇ ਅਨੁਸਾਰ ਸ਼ਾਨਦਾਰ ਭਵਿੱਖ
  • ਕੀ ਵਹਿਮਾਂ-ਭਰਮਾਂ ਵਿਚ ਪੈਣਾ ਬਾਈਬਲ ਮੁਤਾਬਕ ਸਹੀ ਹੈ?
    ਜਾਗਰੂਕ ਬਣੋ!—2008
  • ਵਹਿਮ—ਇੰਨੇ ਪੱਕੇ ਕਿਉਂ ਹਨ?
    ਜਾਗਰੂਕ ਬਣੋ!—1999
  • ਕੀ ਤੁਸੀਂ ਵਹਿਮੀ ਇਨਸਾਨ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਵਹਿਮ—ਅੱਜ ਕਿੰਨੇ ਕੁ ਫੈਲੇ ਹੋਏ ਹਨ?
    ਜਾਗਰੂਕ ਬਣੋ!—1999
ਜਾਗਰੂਕ ਬਣੋ!—1999
g99 10/8 ਸਫ਼ੇ 8-11

ਵਹਿਮ—ਇੰਨੇ ਖ਼ਤਰਨਾਕ ਕਿਉਂ ਹਨ?

ਕੀਵਹਿਮ ਜਾਂ ਅੰਧਵਿਸ਼ਵਾਸ ਤੁਹਾਡਾ ਨੁਕਸਾਨ ਕਰ ਸਕਦੇ ਹਨ? ਕੁਝ ਲੋਕ ਸ਼ਾਇਦ ਇਸ ਖ਼ਤਰੇ ਦੇ ਖ਼ਿਆਲ ਨੂੰ ਮਾਮੂਲੀ ਸਮਝਣ। ਫਿਰ ਵੀ, ਪ੍ਰੋਫ਼ੈਸਰ ਸਟੂਅਰਟ ਏ. ਵਾਇਸ ਜਾਦੂ ਵਿਚ ਵਿਸ਼ਵਾਸ ਕਰਨਾ—ਵਹਿਮਾਂ ਦਾ ਵਿਗਿਆਨ ਨਾਮਕ ਆਪਣੀ ਅੰਗ੍ਰੇਜ਼ੀ ਪੁਸਤਕ ਵਿਚ ਚੇਤਾਵਨੀ ਦਿੰਦਾ ਹੈ: “ਜੇ ਕੋਈ ਵਿਅਕਤੀ ਪ੍ਰੇਤ-ਮਾਧਿਅਮਾਂ, ਜੋਤਸ਼ੀਆਂ, ਜਾਂ ਪੱਤੇ ਪੜ੍ਹਨ ਵਾਲਿਆਂ ਨੂੰ ਮਿਲਣ ਲਈ ਬਹੁਤ ਸਾਰੇ ਪੈਸੇ ਖ਼ਰਚ ਕਰੇ, ਜਾਂ ਜੇ ਕਿਸੇ ਵਿਅਕਤੀ ਦੀਆਂ ਵਹਿਮੀ ਰਸਮਾਂ ਜੂਆ ਖੇਡਣ ਦੀ ਸਮੱਸਿਆ ਚਾਲੂ ਰੱਖਣ, ਤਾਂ ਵਹਿਮ ਜ਼ਿੰਦਗੀ ਦੀ ਖ਼ੁਸ਼ੀ ਨੂੰ ਖੋਹ ਸਕਦੇ ਹਨ।” ਜੇਕਰ ਅਸੀਂ ਵਹਿਮਾਂ ਨੂੰ ਆਪਣੀ ਜ਼ਿੰਦਗੀ ਉੱਤੇ ਕਾਬੂ ਕਰਨ ਦਈਏ ਤਾਂ ਇਸ ਤੋਂ ਵੀ ਭੈੜੇ ਨਤੀਜੇ ਹੋ ਸਕਦੇ ਹਨ।

ਜਿੱਦਾਂ ਅਸੀਂ ਦੇਖ ਚੁੱਕੇ ਹਾਂ, ਕਈ ਵਹਿਮ ਭਵਿੱਖ ਬਾਰੇ ਲੋਕਾਂ ਦੇ ਡਰਾਂ ਨੂੰ ਘਟਾਉਣ ਲਈ ਕੀਤੇ ਜਾਂਦੇ ਹਨ। ਲੇਕਿਨ, ਇਹ ਬਹੁਤ ਜ਼ਰੂਰੀ ਹੈ ਕਿ ਭਵਿੱਖ ਵਿਚ ਅੰਧਵਿਸ਼ਵਾਸ ਅਤੇ ਉਸ ਬਾਰੇ ਸਹੀ ਗਿਆਨ ਵਿਚਕਾਰ ਫ਼ਰਕ ਦੇਖਿਆ ਜਾਵੇ। ਇਕ ਮਿਸਾਲ ਉੱਤੇ ਗੌਰ ਕਰੋ।

ਅੰਧਵਿਸ਼ਵਾਸ ਮਿਟਾਉਣ ਵਾਲੀ ਇਕ ਕਹਾਣੀ

ਸੰਨ 1503 ਵਿਚ, ਮੱਧ ਅਮਰੀਕਾ ਦੇ ਕਿਨਾਰੇ ਖੋਜ-ਯਾਤਰਾ ਕਰਨ ਤੋਂ ਕਈ ਮਹੀਨਿਆਂ ਬਾਅਦ, ਕ੍ਰਿਸਟਿਫਰ ਕਲੱਮਬਸ ਨੇ ਆਪਣੇ ਆਖ਼ਰੀ ਦੋ ਜਹਾਜ਼ਾਂ ਨੂੰ ਜਮੈਕਾ ਦੇ ਟਾਪੂ ਦੇ ਕੰਢੇ ਤੇ ਲਗਾਇਆ। ਸ਼ੁਰੂ ਵਿਚ, ਟਾਪੂ ਦੇ ਵਾਸੀਆਂ ਨੇ ਉਨ੍ਹਾਂ ਫਸੇ ਹੋਏ ਖੋਜੀਆਂ ਨੂੰ ਖ਼ੁਸ਼ੀ ਨਾਲ ਰੋਟੀ ਦਿੱਤੀ। ਪਰ, ਥੋੜ੍ਹੀ ਦੇਰ ਬਾਅਦ ਇਨ੍ਹਾਂ ਸਮੁੰਦਰੀ ਮੁਸਾਫ਼ਰਾਂ ਦੀ ਬਦਸਲੂਕੀ ਕਾਰਨ ਟਾਪੂ ਦੇ ਵਾਸੀਆਂ ਨੇ ਉਨ੍ਹਾਂ ਨੂੰ ਰੋਟੀ ਦੇਣੀ ਬੰਦ ਕਰ ਦਿੱਤੀ। ਸਥਿਤੀ ਨਾਜ਼ੁਕ ਸੀ, ਕਿਉਂਕਿ ਉਨ੍ਹਾਂ ਨੂੰ ਬਚਾਉਣ ਲਈ ਹੋਰ ਜਹਾਜ਼ ਆਉਣ ਤੋਂ ਪਹਿਲਾਂ ਕਾਫ਼ੀ ਸਮਾਂ ਲੰਘ ਸਕਦਾ ਸੀ।

ਕਹਾਣੀ ਦੇ ਅਨੁਸਾਰ, ਕਲੱਮਬਸ ਨੇ ਆਪਣੀ ਜੰਤਰੀ ਵਿਚ ਦੇਖਿਆ ਅਤੇ ਉਸ ਨੂੰ ਪਤਾ ਲੱਗਾ ਕਿ 29 ਫਰਵਰੀ, 1504 ਨੂੰ ਪੂਰਾ ਚੰਨ-ਗ੍ਰਹਿਣ ਲੱਗੇਗਾ। ਟਾਪੂ ਦੇ ਵਾਸੀਆਂ ਦੇ ਵਹਿਮਾਂ ਦਾ ਫ਼ਾਇਦਾ ਉਠਾ ਕੇ ਉਸ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਕਿ ਜੇ ਉਨ੍ਹਾਂ ਨੇ ਉਸ ਦੇ ਬੰਦਿਆਂ ਨੂੰ ਰੋਟੀ ਨਾ ਦਿੱਤੀ ਤਾਂ ਚੰਦ ਹਨੇਰਾ ਹੋ ਜਾਵੇਗਾ। ਟਾਪੂ ਦੇ ਵਾਸੀਆਂ ਨੇ ਇਸ ਚੇਤਾਵਨੀ ਨੂੰ ਤਦ ਤਕ ਕਬੂਲ ਨਹੀਂ ਕੀਤਾ ਜਦ ਤਕ ਗ੍ਰਹਿਣ ਲੱਗਣਾ ਸ਼ੁਰੂ ਨਹੀਂ ਹੋਇਆ! ਫਿਰ “ਚੀਕਾਂ ਮਾਰਦੇ ਅਤੇ ਰੋਂਦੇ-ਰੋਂਦੇ” ਉਹ “ਅੰਨ-ਪਾਣੀ ਲੈ ਕੇ ਜਹਾਜ਼ਾਂ ਵੱਲ ਹਰ ਪਾਸਿਓਂ ਦੌੜੇ ਆਏ।” ਜਿੰਨਾ ਚਿਰ ਖੋਜ-ਯਾਤਰਾ ਕਰਨ ਵਾਲੇ ਟਾਪੂ ਤੇ ਰਹੇ ਉਨ੍ਹਾਂ ਨੂੰ ਰੋਟੀ ਮਿਲਦੀ ਰਹੀ।

ਟਾਪੂ ਦੇ ਵਾਸੀਆਂ ਨੂੰ ਲੱਗਾ ਕਿ ਕਲੱਮਬਸ ਨੇ ਵੱਡਾ ਜਾਦੂ ਕੀਤਾ ਸੀ। ਪਰ ਉਨ੍ਹਾਂ ਦਾ ਸਿੱਟਾ ਸਿਰਫ਼ ਅੰਧਵਿਸ਼ਵਾਸ ਦੇ ਕਾਰਨ ਸੀ। ਅਸਲ ਵਿਚ, “ਭਵਿੱਖਬਾਣੀ” ਧਰਤੀ, ਚੰਦ, ਅਤੇ ਸੂਰਜ ਦੀ ਚਾਲ ਉੱਤੇ ਆਧਾਰਿਤ ਸੀ। ਖਗੋਲ-ਵਿਗਿਆਨੀ ਬਹੁਤ ਚਿਰ ਪਹਿਲਾਂ ਗ੍ਰਹਿਣ ਲੱਗਣ ਵਰਗੀਆਂ ਚੀਜ਼ਾਂ ਬਾਰੇ ਪੱਕੀ ਤਰ੍ਹਾਂ ਦੱਸ ਸਕਦੇ ਹਨ, ਅਤੇ ਇਹ ਜਾਣਕਾਰੀ ਜੰਤਰੀਆਂ ਵਿਚ ਲਿਖੀ ਹੁੰਦੀ ਹੈ। ਇਸ ਤੋਂ ਇਲਾਵਾ, ਆਕਾਸ਼ੀ ਪਿੰਡਾਂ ਦੀ ਐਨ ਸਹੀ ਗਤੀ ਦੇ ਕਾਰਨ ਖਗੋਲ-ਵਿਗਿਆਨੀ ਪਤਾ ਕਰ ਸਕਦੇ ਹਨ ਕਿ ਕਿਸੇ ਵੀ ਸਮੇਂ ਤੇ ਇਹ ਪਿੰਡ ਕਿੱਥੇ ਹੋਣਗੇ। ਇਸ ਲਈ, ਜਦੋਂ ਅਖ਼ਬਾਰ ਸੂਰਜ ਚੜ੍ਹਨ ਜਾਂ ਡੁੱਬਣ ਦਾ ਸਮਾਂ ਦੱਸਦਾ ਹੈ, ਤੁਸੀਂ ਉਸ ਨੂੰ ਹਕੀਕਤ ਵਜੋਂ ਸਵੀਕਾਰ ਕਰਦੇ ਹੋ।

ਦਰਅਸਲ, ਗ੍ਰਹਿਣ ਲੱਗਣ, ਸੂਰਜ ਚੜ੍ਹਨ ਅਤੇ ਡੁੱਬਣ ਬਾਰੇ ਜੋ ਜਾਣਕਾਰੀ ਛਾਪੀ ਜਾਂਦੀ ਹੈ ਉਹ ਆਕਾਸ਼ੀ ਪਿੰਡਾਂ ਦੇ ਮਹਾਨ ਕਰਤਾਰ ਤੋਂ ਆਉਂਦੀ ਹੈ। ਪਰ ਜੋਤਸ਼ੀਆਂ, ਪ੍ਰੇਤ-ਮਾਧਿਅਮਾਂ, ਬਲੌਰ ਉੱਪਰ ਟਿਕਟਿਕੀ ਲਾ ਕੇ ਦੇਖਣ ਵਾਲਿਆਂ, ਅਤੇ ਪੱਤੇ ਪੜ੍ਹਨ ਵਾਲਿਆਂ ਦੀਆਂ ਭਵਿੱਖਬਾਣੀਆਂ ਕਿਸੇ ਹੋਰ ਤੋਂ ਆਉਂਦੀਆਂ ਹਨ ਅਤੇ ਉਹ ਸਰਬਸ਼ਕਤੀਮਾਨ ਦਾ ਦੁਸ਼ਮਣ ਹੈ। ਇਸ ਉੱਤੇ ਵਿਚਾਰ ਕਰੋ ਕਿ ਸਾਡੇ ਕਹਿਣ ਦਾ ਕੀ ਮਤਲਬ ਹੈ।

ਖ਼ਤਰਨਾਕ ਸ੍ਰੋਤ

ਰਸੂਲਾਂ ਦੇ ਕਰਤੱਬ 16:16-19 ਵਿਚ ਪਵਿੱਤਰ ਬਾਈਬਲ ਕਹਿੰਦੀ ਹੈ ਕਿ “ਇੱਕ ਗੋੱਲੀ” ਫ਼ਿਲਿੱਪੈ ਦੇ ਪ੍ਰਾਚੀਨ ਸ਼ਹਿਰ ਵਿਚ “ਟੇਵੇ ਲਾ ਕੇ” ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ। ਬਿਰਤਾਂਤ ਸਾਫ਼-ਸਾਫ਼ ਦੱਸਦਾ ਹੈ ਕਿ ਉਸ ਦੀਆਂ ਗੱਲਾਂ ਸਰਬਸ਼ਕਤੀਮਾਨ ਕਰਤਾਰ ਵੱਲੋਂ ਨਹੀਂ ਬਲਕਿ “ਭੇਤ ਬੁਝਣ ਦੀ ਰੂਹ,” ਯਾਨੀ ਇਕ ਬੁਰੇ ਦੂਤ ਵੱਲੋਂ ਸਨ। ਇਸ ਲਈ, ਜਦੋਂ ਪੌਲੁਸ ਰਸੂਲ ਨੇ ਉਸ ਵਿੱਚੋਂ ਉਹ ਰੂਹ ਕੱਢੀ, ਤਾਂ ਇਹ ਕੁੜੀ ਭਵਿੱਖ ਬਾਰੇ ਨਹੀਂ ਦੱਸ ਸਕਦੀ ਸੀ।

ਜਦੋਂ ਅਸੀਂ ਸਮਝਦੇ ਹਾਂ ਕਿ ਅਜਿਹੀਆਂ ਭਵਿੱਖਬਾਣੀਆਂ ਬੁਰੇ ਦੂਤਾਂ ਤੋਂ ਆਉਂਦੀਆਂ ਹਨ ਅਸੀਂ ਸਮਝ ਜਾਂਦੇ ਹਾਂ ਕਿ ਪਰਮੇਸ਼ੁਰ ਦੀ ਬਿਵਸਥਾ ਨੇ ਇਸਰਾਏਲ ਨੂੰ ਇਹ ਕਿਉਂ ਕਿਹਾ ਸੀ ਕਿ ‘ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਫ਼ਾਲ ਪਾਉਣ ਵਾਲਾ ਹੈ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ, ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ।’ (ਬਿਵਸਥਾ ਸਾਰ 18:10-12) ਅਸਲ ਵਿਚ, ਬਿਵਸਥਾ ਦੇ ਅਨੁਸਾਰ ਜਿਹੜਾ ਵੀ ਇਹ ਕੰਮ ਕਰਦਾ ਸੀ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।—ਲੇਵੀਆਂ 19:31; 20:6.

ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਹੋਵੋ ਕਿ ਦੁਸ਼ਟ ਦੂਤ ਉਨ੍ਹਾਂ ਵਹਿਮੀ ਕੰਮਾਂ ਦੇ ਪਿੱਛੇ ਹਨ, ਜੋ ਦੇਖਣ ਨੂੰ ਖ਼ਤਰਨਾਕ ਨਹੀਂ ਲੱਗਦੇ। ਪਰ, ਬਾਈਬਲ ਕਹਿੰਦੀ ਹੈ ਕਿ ਸ਼ਤਾਨ “ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।” (2 ਕੁਰਿੰਥੀਆਂ 11:14) ਸ਼ਤਾਨ ਅਤੇ ਉਸ ਦੇ ਅਧੀਨ ਬੁਰੇ ਦੂਤ ਖ਼ਤਰਨਾਕ ਕੰਮਾਂ ਨੂੰ ਚੰਗੇ ਅਤੇ ਫ਼ਾਇਦੇਮੰਦ ਵੀ ਦਿਖਾ ਸਕਦੇ ਹਨ। ਕਦੀ-ਕਦੀ ਉਹ ਚਮਤਕਾਰੀ ਚੀਜ਼ਾਂ ਘੜਦੇ ਹਨ ਅਤੇ ਉਨ੍ਹਾਂ ਨੂੰ ਅਸਲੀਅਤ ਵਜੋਂ ਪੇਸ਼ ਕਰਦੇ ਹਨ। ਦੇਖਣ ਵਾਲੇ ਧੋਖਾ ਖਾ ਕੇ ਸੋਚਦੇ ਹਨ ਕਿ ਇਹ ਚੀਜ਼ਾਂ ਪਰਮੇਸ਼ੁਰ ਤੋਂ ਹਨ। (ਮੱਤੀ 7:21-23; 2 ਥੱਸਲੁਨੀਕੀਆਂ 2:9-12 ਦੀ ਤੁਲਨਾ ਕਰੋ।) ਇਸ ਤੋਂ ਪਤਾ ਲੱਗਦਾ ਹੈ ਕਿ ਜੰਤਰ-ਮੰਤਰ ਕਰਨ ਵਾਲਿਆਂ ਦੀਆਂ ਗੱਲਾਂ ਕਦੀ-ਕਦੀ ਸੱਚੀਆਂ ਕਿਉਂ ਹੋ ਜਾਂਦੀਆਂ ਹਨ।

ਜੰਤਰ-ਮੰਤਰ ਕਰਨ ਵਾਲੇ ਤਕਰੀਬਨ ਸਾਰੇ ਜਣੇ ਨਕਲੀ ਅਤੇ ਪਖੰਡੀ ਹਨ ਜੋ ਭੋਲਿਆਂ ਲੋਕਾਂ ਨੂੰ ਠੱਗਦੇ ਹਨ। ਪਰ ਨਕਲੀ ਹੋਣ ਜਾਂ ਨਾ, ਸ਼ਤਾਨ ਇਨ੍ਹਾਂ ਸਾਰਿਆਂ ਰਾਹੀਂ ਲੋਕਾਂ ਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਲੋਕਾਂ ਨੂੰ “ਤੇਜ ਦੀ ਖੁਸ਼ ਖਬਰੀ” ਪ੍ਰਤੀ ਅੰਨ੍ਹੇ ਕਰਦਾ ਹੈ।—2 ਕੁਰਿੰਥੀਆਂ 4:3, 4.

ਤਵੀਤ ਅਤੇ ਮੂਰਤੀ ਪੂਜਾ

ਤਵੀਤਾਂ ਅਤੇ ਵਹਿਮੀ ਰੀਤਾਂ ਬਾਰੇ ਕੀ ਜਿਨ੍ਹਾਂ ਨੂੰ ਲੋਕ ਚੈਨ ਭਾਲਣ ਅਤੇ ਜ਼ਿੰਦਗੀ ਦੀਆਂ ਇਤਫ਼ਾਕੀ ਘਟਨਾਵਾਂ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਵਿਚ ਪਹਿਨਦੇ ਜਾਂ ਉਨ੍ਹਾਂ ਦੇ ਅਨੁਸਾਰ ਚੱਲਦੇ ਹਨ? ਇਨ੍ਹਾਂ ਵਿਚ ਕਈ ਖ਼ਤਰੇ ਛੁਪੇ ਹਨ। ਇਕ ਗੱਲ ਇਹ ਹੈ ਕਿ ਵਹਿਮੀ ਵਿਅਕਤੀ ਆਪਣੀ ਜ਼ਿੰਦਗੀ ਅਣਦੇਖੀਆਂ ਸ਼ਕਤੀਆਂ ਦੇ ਵੱਸ ਵਿਚ ਕਰ ਸਕਦਾ ਹੈ। ਉਹ ਬਿਨਾਂ ਸੋਚੇ-ਸਮਝੇ, ਸਿਰਫ਼ ਡਰ ਦੇ ਮਾਰੇ ਕੰਮ ਕਰਦਾ ਹੈ।

ਇਕ ਲੇਖਕ ਹੋਰ ਖ਼ਤਰੇ ਬਾਰੇ ਦੱਸਦਾ ਹੈ: “ਜਦੋਂ ਕੋਈ ਵਿਅਕਤੀ ਕਿਸੇ ਤਵੀਤ ਉੱਤੇ ਭਰੋਸਾ ਰੱਖਦਾ ਹੈ ਅਤੇ ਉਸ ਦਾ ਕੁਝ ਫ਼ਾਇਦਾ ਨਹੀਂ ਹੁੰਦਾ, ਤਾਂ ਖ਼ੁਦ ਜ਼ਿੰਮੇਵਾਰੀ ਲੈਣ ਦੀ ਬਜਾਇ ਉਹ ਸ਼ਾਇਦ [ਆਪਣੀ] ਬਦਕਿਸਮਤੀ ਦਾ ਇਲਜ਼ਾਮ ਦੂਸਰਿਆਂ ਤੇ ਲਾਵੇ।” (ਗਲਾਤੀਆਂ 6:7 ਦੀ ਤੁਲਨਾ ਕਰੋ।) ਦਿਲਚਸਪੀ ਦੀ ਗੱਲ ਹੈ ਕਿ ਲੇਖਕ ਰੈਲਫ ਵਾਲਡੋ ਐਮਰਸਨ ਨੇ ਕਿਹਾ: “ਕਮਜ਼ੋਰ ਆਦਮੀ ਕਿਸਮਤ ਉੱਤੇ ਵਿਸ਼ਵਾਸ ਰੱਖਦੇ ਹਨ . . . ਮਜ਼ਬੂਤ ਆਦਮੀ ਵਿਸ਼ਵਾਸ ਕਰਦੇ ਹਨ ਕਿ ਹਰ ਕਰਨੀ ਦਾ ਕੋਈ ਕਾਰਨ ਹੁੰਦਾ ਹੈ।”

ਸਾਡੀਆਂ ਜ਼ਿੰਦਗੀਆਂ ਵਿਚ ‘ਕਰਨੀ ਦੇ ਕਾਰਨ’ ਕਰਕੇ ਅਕਸਰ ਇਤਫ਼ਾਕੀ ਘਟਨਾਵਾਂ ਵੀ ਵਾਪਰਦੀਆਂ ਹਨ—ਹਰ ਕਿਸੇ ਉੱਤੇ “ਬੁਰਾ ਸਮਾਂ” ਆਉਂਦਾ ਹੈ। (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਤਫ਼ਾਕੀ ਘਟਨਾਵਾਂ “ਬੁਰੀ ਕਿਸਮਤ” ਦਾ ਨਤੀਜਾ ਨਹੀਂ ਹੁੰਦੀਆਂ। ਮਸੀਹੀ ਜਾਣਦੇ ਹਨ ਕਿ ਵਹਿਮੀ ਰਸਮਾਂ ਅਤੇ ਜਾਦੂ-ਟੂਣੇ ਇਤਫ਼ਾਕੀ ਘਟਨਾਵਾਂ ਉੱਤੇ ਕੋਈ ਅਸਰ ਨਹੀਂ ਪਾ ਸਕਦੇ। ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਸਾਨੂੰ ਬਾਈਬਲ ਦੀ ਇਹ ਸੱਚਾਈ ਯਾਦ ਆਉਂਦੀ ਹੈ: “ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ! ਤੁਹਾਡੀ ਜਿੰਦ ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।”—ਯਾਕੂਬ 4:14.

ਇਸ ਤੋਂ ਇਲਾਵਾ, ਸੱਚੇ ਮਸੀਹੀ ਜਾਣਦੇ ਹਨ ਕਿ ਲੋਕ ਚੰਗੀ ਕਿਸਮਤ ਲਿਆਉਣ ਵਾਲੀਆਂ ਚੀਜ਼ਾਂ ਲਈ ਅਤੇ ਵਹਿਮੀ ਰੀਤਾਂ ਜਾਂ ਰਸਮਾਂ ਲਈ ਸ਼ਰਧਾ ਰੱਖਦੇ ਹਨ। ਇਸ ਲਈ, ਮਸੀਹੀ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮੂਰਤੀ ਪੂਜਾ ਦਾ ਰੂਪ ਸਮਝਦੇ ਹਨ ਅਤੇ ਪਰਮੇਸ਼ੁਰ ਦੇ ਬਚਨ ਵਿਚ ਇਸ ਦੀ ਸਾਫ਼-ਸਾਫ਼ ਨਿੰਦਿਆ ਕੀਤੀ ਜਾਂਦੀ ਹੈ।—ਕੂਚ 20:4, 5; 1 ਯੂਹੰਨਾ 5:21.

ਅਸੀਂ ਭਵਿੱਖ ਬਾਰੇ ਕਿਵੇਂ ਜਾਣ ਸਕਦੇ ਹਾਂ

ਇਸ ਦਾ ਇਹ ਮਤਲਬ ਨਹੀਂ ਕਿ ਮਸੀਹੀ ਭਵਿੱਖ ਬਾਰੇ ਬੇਫ਼ਿਕਰੇ ਹਨ। ਇਸ ਦੇ ਉਲਟ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਭਵਿੱਖ ਬਾਰੇ ਜਾਣਨਾ ਚੰਗੀ ਗੱਲ ਹੈ। ਜੇ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਕੀ ਹੋਣ ਵਾਲਾ ਹੈ, ਤਾਂ ਅਸੀਂ ਉਸ ਦੇ ਅਨੁਸਾਰ ਕਦਮ ਚੁੱਕ ਸਕਦੇ ਹਾਂ ਅਤੇ ਇਸ ਤੋਂ ਸਾਨੂੰ ਅਤੇ ਹੋਰਨਾਂ ਨੂੰ ਵੀ ਫ਼ਾਇਦਾ ਹੋ ਸਕਦਾ ਹੈ।

ਪਰ, ਇਸ ਜਾਣਕਾਰੀ ਨੂੰ ਸਹੀ ਸ੍ਰੋਤ ਤੋਂ ਲੈਣ ਦੀ ਸਖ਼ਤ ਜ਼ਰੂਰਤ ਹੈ। ਯਸਾਯਾਹ ਨਬੀ ਨੇ ਖ਼ਬਰਦਾਰ ਕੀਤਾ: “ਲੋਕ ਤੁਹਾਨੂੰ ਕਹਿਣਗੇ, ‘ਪਰਮੇਸ਼ੁਰ ਦੀ ਥਾਂ ਤੁਸੀਂ ਜਾਦੂ-ਟੂਣਾ ਕਰਨ ਵਾਲਿਆਂ ਸਿਆਣਿਆਂ ਤੋਂ ਪੁੱਛੋ।’ . . . ਪਰ ਤੁਸੀਂ ਉੱਤਰ ਦੇਣਾ, ‘ਅਸੀਂ ਤਾਂ ਪ੍ਰਭੂ ਦੀਆਂ ਸਿਖਿਆਵਾਂ ਉਤੇ ਧਿਆਨ ਦੇਵਾਂਗੇ। ਅਸੀਂ ਜਾਦੂ ਟੂਣਾ ਕਰਨ ਵਾਲਿਆਂ ਦੀ ਨਹੀਂ ਸੁਣਾਂਗੇ, ਕਿਉਂਕਿ ਉਹ ਜੋ ਕੁਝ ਕਹਿੰਦੇ ਹਨ ਸਭ ਵਿਅਰਥ ਹੈ।’”—ਯਸਾਯਾਹ 8:19, 20, ਨਵਾਂ ਅਨੁਵਾਦ।

ਭਵਿੱਖ ਬਾਰੇ ਭਰੋਸੇਯੋਗ ਜਾਣਕਾਰੀ ਬਾਈਬਲ ਦੇ ਲੇਖਕ ਤੋਂ ਮਿਲਦੀ ਹੈ। (2 ਪਤਰਸ 1:19-21) ਬਾਈਬਲ ਵਿਚ ਬਹੁਤ ਸਾਰਾ ਸਬੂਤ ਹੈ ਕਿ ਜੋ ਭਵਿੱਖਬਾਣੀਆਂ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਕੀਤੀਆਂ ਹਨ, ਉਹ ਭਰੋਸੇਯੋਗ ਹਨ। ਦਰਅਸਲ, ਇਨ੍ਹਾਂ ਉੱਤੇ ਆਕਾਸ਼ੀ ਪਿੰਡਾਂ ਦੀ ਗਤੀ ਜਿੰਨਾ ਭਰੋਸਾ ਕੀਤਾ ਜਾ ਸਕਦਾ ਹੈ ਜਿਸ ਬਾਰੇ ਕਈਆਂ ਜੰਤਰੀਆਂ ਵਿਚ “ਪਹਿਲਾਂ ਹੀ ਦੱਸਿਆ ਗਿਆ” ਹੈ। ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰੀ ਸੱਚਾਈ ਦੇਖਣ ਲਈ, ਇਸ ਉਦਾਹਰਣ ਉੱਤੇ ਗੌਰ ਕਰੋ। ਫ਼ਰਜ਼ ਕਰੋ ਕਿ ਅੱਜ ਦਾ ਕੋਈ ਮਸ਼ਹੂਰ ਆਦਮੀ ਸਾਰਿਆਂ ਦੇ ਸਾਮ੍ਹਣੇ ਅੱਜ ਤੋਂ 200 ਸਾਲ ਬਾਅਦ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਦਾ ਹੈ, ਯਾਨੀ ਕਿ 2199 ਵਿਚ ਕੀ ਹੋਵੇਗਾ। ਉਹ ਇਹ ਕੁਝ ਗੱਲਾਂ ਦੱਸਦਾ ਹੈ:

◻ ਉਨ੍ਹਾਂ ਕੌਮਾਂ ਵਿਚ ਇਕ ਵੱਡੀ ਸੈਨਿਕ ਲੜਾਈ ਹੋਵੇਗੀ ਜੋ ਅਜੇ ਵਿਰੋਧੀ ਵਿਸ਼ਵ ਸ਼ਕਤੀਆਂ ਵੀ ਨਹੀਂ ਹਨ, ਅਤੇ ਨਤੀਜੇ ਵਜੋਂ ਇਤਿਹਾਸ ਬਦਲ ਜਾਵੇਗਾ।

◻ ਯੁੱਧ-ਕਲਾ ਵਿਚ ਇਕ ਵੱਡੀ ਇੰਜੀਨੀਅਰੀ ਦਾ ਕੰਮ ਇਕ ਵੱਡੀ ਨਦੀ ਦੇ ਪਾਣੀ ਨੂੰ ਮੋੜੇਗਾ।

◻ ਵਿਜੇਤੇ ਦੇ ਜਨਮ ਤੋਂ ਕਈ ਸਾਲ ਪਹਿਲਾਂ ਉਸ ਦਾ ਨਾਂ ਦਿੱਤਾ ਜਾਂਦਾ ਹੈ।

◻ ਹਾਰਨ ਵਾਲੇ ਦੀ ਆਖ਼ਰੀ ਹਾਲਤ ਬਾਰੇ ਵੀ ਦੱਸਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਭਵਿੱਖਬਾਣੀ ਕਈਆਂ ਸਦੀਆਂ ਬਾਅਦ ਦੀਆਂ ਗੱਲਾਂ ਦੱਸਦੀ ਹੈ।

ਜੇ ਇਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਜਾਣ, ਕੀ ਲੋਕ ਹੋਰ ਗੱਲਾਂ ਵੱਲ ਧਿਆਨ ਨਹੀਂ ਦੇਣਗੇ ਜੋ ਇਸ ਵਿਅਕਤੀ ਨੇ ਭਵਿੱਖ ਬਾਰੇ ਕਹੀਆਂ ਸਨ?

ਅਸੀਂ ਜੋ ਕੁਝ ਉੱਪਰ ਦੱਸਿਆ ਹੈ ਉਹ ਅਸਲ ਵਿਚ ਹੋਇਆ ਸੀ। ਯਸਾਯਾਹ ਨਬੀ ਰਾਹੀਂ ਯਹੋਵਾਹ ਨੇ ਬਾਬਲ ਉੱਤੇ ਮਾਦੀਆਂ ਅਤੇ ਫ਼ਾਰਸੀਆਂ ਦੀ ਜਿੱਤ ਬਾਰੇ ਕੁਝ 200 ਸਾਲ ਪਹਿਲਾਂ ਇਹ ਗੱਲਾਂ ਦੱਸੀਆਂ ਸਨ:

◻ ਮਾਦੀ-ਫ਼ਾਰਸ ਅਤੇ ਬਾਬਲ ਵਿਚਕਾਰ ਇਕ ਵੱਡੀ ਸੈਨਿਕ ਲੜਾਈ ਹੋਵੇਗੀ।—ਯਸਾਯਾਹ 13:17, 19.

◻ ਯੁੱਧ-ਕਲਾ ਵਿਚ ਖਾਈ ਵਰਗੀ ਨਦੀ ਸੁਕਾਈ ਜਾਵੇਗੀ। ਇਸ ਤੋਂ ਇਲਾਵਾ, ਕਿਲ੍ਹੇ ਵਰਗੇ ਸ਼ਹਿਰ ਦੇ ਫਾਟਕ ਖੁੱਲ੍ਹੇ ਛੱਡੇ ਜਾਣਗੇ।—ਯਸਾਯਾਹ 44:27–45:2.

◻ ਵਿਜੇਤੇ ਦਾ ਨਾਂ ਖੋਰਸ ਹੋਵੇਗਾ—ਇਹ ਉਸ ਦੇ ਜਨਮ ਤੋਂ 150 ਸਾਲ ਪਹਿਲਾਂ ਦੱਸਿਆ ਗਿਆ ਸੀ।—ਯਸਾਯਾਹ 45:1.

◻ ਅੰਤ ਵਿਚ, ਬਾਬਲ ਦਾ ਸੱਤਿਆਨਾਸ ਕੀਤਾ ਜਾਵੇਗਾ।—ਯਸਾਯਾਹ 13:17-22.

ਇਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ। ਕੀ ਇਹ ਤੁਹਾਡੇ ਲਈ ਫ਼ਾਇਦੇਮੰਦ ਨਹੀਂ ਹੋਵੇਗਾ ਜੇ ਤੁਸੀਂ ਯਹੋਵਾਹ ਦੇ ਬਚਨ ਵਿਚ ਲਿਖੀਆਂ ਗਈਆਂ ਹੋਰ ਭਵਿੱਖਬਾਣੀਆਂ ਵੱਲ ਵੀ ਧਿਆਨ ਦਿਓ?

ਪਰਮੇਸ਼ੁਰ ਦੇ ਵਾਅਦੇ ਅਨੁਸਾਰ ਸ਼ਾਨਦਾਰ ਭਵਿੱਖ

ਬਾਈਬਲ ਭਵਿੱਖ ਬਾਰੇ ਕੀ ਦੱਸਦੀ ਹੈ? ਬਾਈਬਲ ਵਾਅਦਾ ਕਰਦੀ ਹੈ ਕਿ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਕੋਈ ਵੀ ਭਵਿੱਖ ਦੇ ਫ਼ਿਕਰ ਕਾਰਨ ਦੁੱਖ ਨਹੀਂ ਸਹਾਰੇਗਾ। ਉਸ ਸਮੇਂ ਜੀ ਰਹੇ ਲੋਕਾਂ ਨੂੰ ਪਰਮੇਸ਼ੁਰ ਦੀ ਦਿੱਤੀ ਗਈ ਗਾਰੰਟੀ ਵੱਲ ਧਿਆਨ ਦਿਓ: “ਕੋਈ [ਮੇਰੇ ਲੋਕਾਂ] ਨੂੰ ਨਹੀਂ ਡਰਾਏਗਾ।”—ਮੀਕਾਹ 4:4.

ਬਾਈਬਲ ਅੱਗੇ ਵਾਅਦਾ ਕਰਦੀ ਹੈ ਕਿ ਪਰਮੇਸ਼ੁਰ ‘ਆਪਣਾ ਹੱਥ ਖੋਲ੍ਹੇਗਾ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰੇਗਾ।’ (ਜ਼ਬੂਰ 145:16) ਕੀ ਇਸ ਵਾਅਦੇ ਦੀ ਪੂਰਤੀ ਬਹੁਤ ਦੇਰ ਨੂੰ ਹੋਵੇਗੀ? ਜੀ ਨਹੀਂ! ਬਹੁਤ ਚਿਰ ਪਹਿਲਾਂ ਬਾਈਬਲ ਵਿਚ ਉਨ੍ਹਾਂ ਹਾਲਤਾਂ ਬਾਰੇ ਦੱਸਿਆ ਗਿਆ ਸੀ ਜੋ ਅਸੀਂ ਹੁਣ ਧਰਤੀ ਉੱਤੇ ਦੇਖ ਰਹੇ ਹਾਂ। ਇਹ ਹਾਲਾਤ ਸਬੂਤ ਦਿੰਦੇ ਹਨ ਕਿ ਅਸੀਂ ਇਸ ਦੁਸ਼ਟ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ।—2 ਤਿਮੋਥਿਉਸ 3:1-5.

ਬਹੁਤ ਜਲਦੀ ਸਾਡਾ ਪ੍ਰੇਮਪੂਰਣ ਕਰਤਾਰ ਇਨ੍ਹਾਂ ਭੈੜੀਆਂ ਹਾਲਤਾਂ ਦਾ ਅੰਤ ਲਿਆਵੇਗਾ। ਉਹ ਸਾਰੀਆਂ ਲੜਾਈਆਂ, ਜੋ ਦੁਨੀਆਂ ਵਿਚ ਬੇਚੈਨੀ ਅਤੇ ਦੁੱਖ ਪੈਦਾ ਕਰਦੀਆਂ ਹਨ, ਖ਼ਤਮ ਕਰੇਗਾ। ਇਸ ਤੋਂ ਇਲਾਵਾ, ਨਫ਼ਰਤ, ਖ਼ੁਦਗਰਜ਼ੀ, ਜੁਰਮ, ਅਤੇ ਹਿੰਸਾ ਹਮੇਸ਼ਾ ਲਈ ਖ਼ਤਮ ਕੀਤੇ ਜਾਣਗੇ। ਬਾਈਬਲ ਵਾਅਦਾ ਕਰਦੀ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:10, 11.

ਚੰਗੀ ਸਿਹਤ ਇਕ ਬਰਕਤ ਹੈ ਜਿਸ ਦਾ ਲੋਕ ਇਸ ਨਵੇਂ ਸੰਸਾਰ ਵਿਚ ਆਨੰਦ ਮਾਣਨਗੇ। ਮੌਤ ਅਤੇ ਸੋਗ ਵੀ ਖ਼ਤਮ ਕੀਤੇ ਜਾਣਗੇ। ਪਰਮੇਸ਼ੁਰ ਆਪ ਕਹਿੰਦਾ ਹੈ: “ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।”—ਪਰਕਾਸ਼ ਦੀ ਪੋਥੀ 21:4, 5.

ਉਸ ਸਮੇਂ ਕੋਈ ਵੀ ਇਨਸਾਨ ਉਨ੍ਹਾਂ ਇਤਫ਼ਾਕੀ ਘਟਨਾਵਾਂ ਦਾ ਸਾਮ੍ਹਣਾ ਨਹੀਂ ਕਰੇਗਾ ਜੋ ਅੱਜ ਜ਼ਿੰਦਗੀਆਂ ਨੂੰ ਬਦਲ ਕੇ ਬਰਬਾਦ ਕਰ ਦਿੰਦੀਆਂ ਹਨ। ਸ਼ਤਾਨ ਅਤੇ ਉਸ ਦੇ ਬੁਰੇ ਦੂਤ ਵੀ ਨਾ ਰਹਿਣਗੇ, ਜਿਨ੍ਹਾਂ ਤੋਂ ਵਹਿਮੀ ਡਰ ਅਤੇ ਝੂਠੀਆਂ ਗੱਲਾਂ ਆਉਂਦੀਆਂ ਹਨ। ਇਹ ਸੋਹਣੀਆਂ ਸੱਚਾਈਆਂ ਬਾਈਬਲ ਵਿਚ ਮਿਲਦੀਆਂ ਹਨ।

[ਸਫ਼ੇ 8, 9 ਉੱਤੇ ਤਸਵੀਰਾਂ]

ਵਹਿਮ ਅਤੇ ਜਾਦੂ-ਟੂਣੇ ਦਾ ਗਹਿਰਾ ਤਅੱਲਕ ਹੈ

[ਕ੍ਰੈਡਿਟ ਲਾਈਨ]

ਬਲੌਰ ਵਿਚ ਔਰਤ ਤੋਂ ਇਲਾਵਾ: Les Wies/Tony Stone Images

[ਸਫ਼ੇ 10 ਉੱਤੇ ਤਸਵੀਰ]

ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਕੋਈ ਵਹਿਮ ਨਹੀਂ ਹੋਣਗੇ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ