ਨੌਜਵਾਨ ਪੁੱਛਦੇ ਹਨ . . .
ਮੈਂ ਇੰਨਾ ਸੰਗਣ ਤੋਂ ਕਿਸ ਤਰ੍ਹਾਂ ਹਟ ਸਕਦਾ ਹਾਂ?
“ਮੈਨੂੰ ਕਦੇ ਵੀ ਬਹੁਤੀ ਗੱਲਬਾਤ ਕਰਨ ਦੀ ਆਦਤ ਨਹੀਂ ਰਹੀ। ਮੈਨੂੰ ਇੱਦਾਂ ਲੱਗਦਾ ਸੀ ਕਿ ਜੇ ਮੈਂ ਕੁਝ ਕਹਿੰਦਾ, ਤਾਂ ਲੋਕ ਮੇਰੇ ਕੋਲੋਂ ਦੂਰ ਹੋ ਜਾਣਗੇ। ਮੇਰੀ ਮੰਮੀ ਵੀ ਬਹੁਤ ਸੰਗਦੀ ਹੈ, ਸ਼ਾਇਦ ਇਸ ਲਈ ਮੈਂ ਵੀ ਇੰਨਾ ਸ਼ਰਮਾਉਂਦਾ ਹਾਂ।”—ਆਰਟੀ।
ਕੀਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਮੈਂ ਇੰਨਾ ਸ਼ਰਮਾਉਂਦਾ ਨਾ ਅਤੇ ਦੂਸਰਿਆਂ ਨਾਲ ਜ਼ਿਆਦਾ ਮਿਲਦਾ-ਜੁਲਦਾ ਤਾਂ ਕਿੰਨਾ ਚੰਗਾ ਹੁੰਦਾ? ਅਸੀਂ ਪਹਿਲਾਂ ਵੀ ਇਸ ਲੇਖ-ਮਾਲਾ ਦੇ ਇਕ ਅੰਕ ਵਿਚ ਪੜ੍ਹਿਆ ਸੀ ਕਿ ਬਹੁਤ ਸਾਰੇ ਲੋਕ ਸੰਗਦੇ ਹੁੰਦੇ ਹਨ।a ਇਸ ਲਈ ਤੁਹਾਡੇ ਵਿਚ ਕੋਈ ਨੁਕਸ ਨਹੀਂ ਜੇ ਤੁਸੀਂ ਚੁੱਪ-ਚਾਪ ਅਤੇ ਸੋਚਵਾਨ ਹੋਵੋ। ਪਰ ਹੱਦੋਂ ਵੱਧ ਸ਼ਰਮਾਉਣ ਦੇ ਕਾਰਨ ਇਕ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਘੱਟੋ-ਘੱਟ ਇਹ ਤੁਹਾਡੇ ਕੋਲੋਂ ਮਿੱਤਰਤਾ ਦਾ ਆਨੰਦ ਖੋਹ ਸਕਦਾ ਹੈ, ਅਤੇ ਸ਼ਰਮਾਉਣ ਕਰਕੇ ਤੁਹਾਨੂੰ ਲੋਕਾਂ ਨਾਲ ਉੱਠਣਾ-ਬਹਿਣਾ ਵੀ ਔਖਾ ਲੱਗ ਸਕਦਾ ਹੈ।
ਸਿਆਣੇ ਵੀ ਕਈ ਵਾਰ ਸੰਗਦੇ ਹਨ। ਬੈਰੀb ਮਸੀਹੀ ਕਲੀਸਿਯਾ ਵਿਚ ਇਕ ਬਜ਼ੁਰਗ ਹੈ। ਪਰ ਜਦੋਂ ਕਿਸੇ ਇਕੱਠ ਵਿਚ ਕਈ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉਹ ਗੁੰਮ-ਸੁੰਮ ਹੋ ਜਾਂਦਾ ਹੈ। ਉਹ ਸਵੀਕਾਰ ਕਰਦਾ ਹੈ: “ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਕੋਈ ਖ਼ਾਸ ਗੱਲ ਕਹਿਣ ਦੇ ਯੋਗ ਹੀ ਨਹੀਂ।” ਉਸ ਦੀ ਪਤਨੀ, ਡਾਇਐਨ, ਵੀ ਇਸ ਤਰ੍ਹਾਂ ਮਹਿਸੂਸ ਕਰਦੀ ਹੈ। ਉਹ ਆਪਣੀ ਸਮੱਸਿਆ ਦਾ ਹੱਲ ਦੱਸਦੀ ਹੈ: “ਮੈਂ ਰੌਣਕੀ ਲੋਕਾਂ ਨਾਲ ਮੇਲ-ਜੋਲ ਰੱਖਣਾ ਪਸੰਦ ਕਰਦੀ ਹਾਂ ਕਿਉਂਕਿ ਉਹ ਚੁੱਪ-ਚਾਪ ਨਹੀਂ ਬੈਠਦੇ ਅਤੇ ਗੱਲਾਂ-ਬਾਤਾਂ ਵਿਚ ਪਹਿਲ ਕਰਦੇ ਹਨ।” ਪਰ ਤੁਸੀਂ ਅਜਿਹਿਆਂ ਲੋਕਾਂ ਵਾਂਗ ਜ਼ਿਆਦਾ ਰੌਣਕੀ ਕਿਸ ਤਰ੍ਹਾਂ ਬਣ ਸਕਦੇ ਹੋ?
ਆਪਣੇ ਆਪ ਨੂੰ ਨੀਵਾਂ ਨਾ ਸਮਝੋ
ਪਹਿਲਾਂ ਤਾਂ ਤੁਹਾਨੂੰ ਆਪਣੇ ਆਪ ਦੀ ਸ਼ਾਇਦ ਦੁਬਾਰਾ ਜਾਂਚ ਕਰਨੀ ਪਵੇ। ਕੀ ਤੁਸੀਂ ਹਰ ਵੇਲੇ ਆਪਣੇ ਆਪ ਨੂੰ ਨੀਵਾਂ ਸਮਝਦੇ ਹੋ? ਜਾਂ ਕੀ ਤੁਸੀਂ ਹਰ ਵੇਲੇ ਆਪਣੇ ਆਪ ਨੂੰ ਦੱਸਦੇ ਹੋ ਕਿ ਤੁਹਾਨੂੰ ਦੂਸਰੇ ਪਸੰਦ ਨਹੀਂ ਕਰਨਗੇ ਅਤੇ ਤੁਹਾਨੂੰ ਕੋਈ ਚੱਜ ਦੀ ਗੱਲ ਕਰਨੀ ਨਹੀਂ ਆਉਂਦੀ? ਜੇਕਰ ਤੁਸੀਂ ਆਪਣੇ ਆਪ ਬਾਰੇ ਇਸ ਤਰ੍ਹਾਂ ਸੋਚਦੇ ਹੋ ਤਾਂ ਤੁਹਾਡੇ ਰੌਣਕੀ ਬਣਨ ਵਿਚ ਇਹ ਜ਼ਰੂਰ ਇਕ ਰੁਕਾਵਟ ਬਣੇਗਾ। ਆਖ਼ਰਕਾਰ, ਯਿਸੂ ਨੇ ਕਿਹਾ ਸੀ ਕਿ “ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ”—ਨਾ ਕਿ ਆਪਣੇ ਥਾਂ ਪਿਆਰ ਕਰ! (ਟੇਢੇ ਟਾਈਪ ਸਾਡੇ; ਮੱਤੀ 19:19) ਇਸ ਲਈ ਆਪਣੇ ਆਪ ਵਿਚ ਥੋੜ੍ਹਾ-ਬਹੁਤਾ ਮਾਣ ਕਰਨਾ ਗੁਣਕਾਰੀ ਅਤੇ ਠੀਕ ਹੈ। ਇਹ ਤੁਹਾਨੂੰ ਦੂਸਰਿਆਂ ਨਾਲ ਗੱਲ ਕਰਨ ਵਿਚ ਹੌਸਲਾ ਦੇ ਸਕਦਾ ਹੈ।
ਜੇਕਰ ਤੁਸੀਂ ਆਪਣੇ ਆਪ ਨੂੰ ਕਾਬਲ ਨਹੀਂ ਮਹਿਸੂਸ ਕਰਦੇ, ਤਾਂ ਤੁਹਾਨੂੰ ਸ਼ਾਇਦ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ,c (ਅੰਗ੍ਰੇਜ਼ੀ) ਪੁਸਤਕ ਦੇ ਬਾਰ੍ਹਵੇਂ ਅਧਿਆਇ ਤੋਂ ਮਦਦ ਮਿਲ ਸਕੇ, ਜਿਸ ਦਾ ਵਿਸ਼ਾ ਹੈ: “ਮੈਂ ਆਪਣੇ ਆਪ ਨੂੰ ਪਸੰਦ ਕਿਉਂ ਨਹੀਂ ਕਰਦਾ?” ਇਸ ਅਧਿਆਇ ਤੋਂ ਤੁਸੀਂ ਸ਼ਾਇਦ ਦੇਖ ਸਕੋਗੇ ਕਿ ਤੁਹਾਡੇ ਵਿਚ ਕਈ ਚੰਗੇ ਗੁਣ ਹਨ ਅਤੇ ਤੁਸੀਂ ਦੂਸਰਿਆਂ ਲਈ ਬਹੁਤ ਕੁਝ ਕਰ ਸਕਦੇ ਹੋ। ਇਸ ਬਾਰੇ ਵੀ ਸੋਚੋ, ਕਿ ਤੁਸੀਂ ਇਸ ਕਰਕੇ ਇਕ ਮਸੀਹੀ ਹੋ ਕਿਉਂਕਿ ਪਰਮੇਸ਼ੁਰ ਤੁਹਾਡੇ ਵਿਚ ਬਹੁਮੁੱਲੇ ਗੁਣ ਦੇਖਦਾ ਹੈ! ਆਖ਼ਰਕਾਰ, ਯਿਸੂ ਨੇ ਕਿਹਾ ਸੀ ਕਿ “ਕੋਈ ਮੇਰੇ ਕੋਲ ਆ ਨਹੀਂ ਸਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।”—ਯੂਹੰਨਾ 6:44.
ਦੂਸਰਿਆਂ ਵਿਚ ਦਿਲਚਸਪੀ ਰੱਖੋ
ਕਹਾਉਤਾਂ 18:1 ਚੇਤਾਵਨੀ ਦਿੰਦਾ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ।” ਜੀ ਹਾਂ, ਜੇਕਰ ਤੁਸੀਂ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖਰਾ ਰੱਖੋਗੇ, ਤਾਂ ਸੰਭਵ ਹੈ ਕਿ ਤੁਸੀਂ ਆਪਣੇ ਬਾਰੇ ਜ਼ਿਆਦਾ ਸੋਚੋਗੇ। ਫ਼ਿਲਿੱਪੀਆਂ 2:4 ਸਾਨੂੰ ਉਤਸ਼ਾਹ ਦਿੰਦਾ ਹੈ ਕਿ “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।” ਜਦੋਂ ਤੁਸੀਂ ਦੂਸਰਿਆਂ ਦੇ ਹਾਲ ਅਤੇ ਉਨ੍ਹਾਂ ਦੀਆਂ ਲੋੜਾਂ ਵੱਲ ਧਿਆਨ ਦਿੰਦੇ ਹੋ, ਤਾਂ ਤੁਸੀਂ ਆਪਣੇ ਬਾਰੇ ਇੰਨੇ ਬੇਚੈਨ ਨਹੀਂ ਹੁੰਦੇ। ਅਤੇ ਜਿੰਨਾ ਜ਼ਿਆਦਾ ਤੁਸੀਂ ਦੂਸਰਿਆਂ ਦਾ ਧਿਆਨ ਰੱਖਦੇ ਹੋ, ਤਾਂ ਸੰਭਵ ਹੈ ਕਿ ਉੱਨਾ ਹੀ ਜ਼ਿਆਦਾ ਤੁਸੀਂ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੋਗੇ।
ਲੁਦਿਯਾ ਦੀ ਉਦਾਹਰਣ ਉੱਤੇ ਗੌਰ ਕਰੋ, ਜਿਸ ਨੇ ਮਿੱਤਰਤਾ ਅਤੇ ਪਰਾਹੁਣਚਾਰੀ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਪੌਲੁਸ ਰਸੂਲ ਦੀ ਗੱਲ ਸੁਣ ਕੇ ਬਪਤਿਸਮਾ ਲੈਣ ਤੋਂ ਬਾਅਦ, ਉਸ ਨੇ ਪੌਲੁਸ ਅਤੇ ਉਸ ਦਿਆਂ ਸਾਥੀਆਂ ਦੀ ਮਿੰਨਤ ਕੀਤੀ ਕਿ “ਜੇ ਤੁਸੀਂ ਮੈਨੂੰ ਪ੍ਰਭੁ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ।” (ਰਸੂਲਾਂ ਦੇ ਕਰਤੱਬ 16:11-15) ਭਾਵੇਂ ਕਿ ਲੁਦਿਯਾ ਸੱਚਾਈ ਵਿਚ ਨਵੀਂ-ਨਵੀਂ ਸੀ, ਉਸ ਨੇ ਇਨ੍ਹਾਂ ਭਰਾਵਾਂ ਨੂੰ ਜਾਣਨ ਲਈ ਖ਼ੁਦ ਕਦਮ ਚੁੱਕੇ। ਅਤੇ ਕੋਈ ਸ਼ੱਕ ਨਹੀਂ ਕਿ ਇਸ ਦੇ ਨਤੀਜੇ ਵਜੋਂ ਲੁਦਿਯਾ ਨੂੰ ਬਹੁਤ ਬਰਕਤਾਂ ਮਿਲੀਆਂ ਹੋਣਗੀਆਂ। ਜਦੋਂ ਪੌਲੁਸ ਅਤੇ ਸੀਲਾਸ ਨੂੰ ਕੈਦਖ਼ਾਨੇ ਵਿੱਚੋਂ ਛੱਡਿਆ ਗਿਆ ਸੀ, ਉਹ ਕਿੱਥੇ ਗਏ ਸਨ? ਦਿਲਚਸਪੀ ਦੀ ਗੱਲ ਹੈ ਕਿ ਉਹ ਵਾਪਸ ਲੁਦਿਯਾ ਦੇ ਘਰ ਗਏ!—ਰਸੂਲਾਂ ਦੇ ਕਰਤੱਬ 16:35-40.
ਇਸੇ ਤਰ੍ਹਾਂ, ਜੇਕਰ ਤੁਸੀਂ ਦੂਸਰਿਆਂ ਦੇ ਹਾਲ ਉੱਤੇ ਧਿਆਨ ਰੱਖੋਗੇ ਤਾਂ ਉਹ ਵੀ ਜ਼ਰੂਰ ਇਸ ਦੇ ਬਦਲੇ ਕੁਝ ਕਰਨਗੇ। ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ? ਹੇਠਾਂ ਲਾਭਦਾਇਕ ਸਲਾਹ ਦਿੱਤੀ ਗਈ ਹੈ।
● ਛੋਟੇ-ਛੋਟੇ ਕਦਮ ਚੁੱਕੋ। ਮਿਲਣਸਾਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਹੁਣ ਬਹੁਤ ਹੀ ਰੌਣਕੀ ਜਾਂ ਹਰ ਵੇਲੇ ਮਿਲਣ-ਜੁਲਣ ਵਿਚ ਲੱਗੇ ਰਹਿਣਾ ਚਾਹੀਦਾ ਹੈ। ਇਕੱਲੇ-ਇਕੱਲੇ ਵਿਅਕਤੀ ਨਾਲ ਨਿੱਜੀ ਤੌਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਵੀ ਤੁਸੀਂ ਮਸੀਹੀ ਸਭਾਵਾਂ ਵਿਚ ਜਾਂਦੇ ਹੋ, ਤੁਸੀਂ ਘੱਟੋ-ਘੱਟ ਇਕ ਜਣੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਆਪਣਾ ਟੀਚਾ ਬਣਾ ਸਕਦੇ ਹੋ। ਮੁਸਕਰਾਉਣ ਦੀ ਕੋਸ਼ਿਸ਼ ਕਰੋ। ਨਜ਼ਰ ਮਿਲਾ ਕੇ ਰੱਖਣ ਦੀ ਆਦਤ ਪਾਓ।
● ਗੱਲ ਕਰਨ ਵਿਚ ਪਹਿਲ ਕਰੋ। ਤੁਸੀਂ ਸ਼ਾਇਦ ਪੁੱਛੋ ਕਿ ‘ਇਹ ਮੈਂ ਕਿਵੇਂ ਕਰ ਸਕਦਾ ਹਾਂ?’ ਜੇਕਰ ਤੁਸੀਂ ਸੱਚ-ਮੁੱਚ ਦੂਸਰਿਆਂ ਦਾ ਧਿਆਨ ਰੱਖਦੇ ਹੋ, ਤਾਂ ਅਕਸਰ ਤੁਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕੋਈ-ਨ-ਕੋਈ ਗੱਲ ਜ਼ਰੂਰ ਲੱਭ ਸਕਦੇ ਹੋ। ਸਪੇਨ ਤੋਂ, ਹੋਰਹੇ ਨਾਂ ਦਾ ਇਕ ਗੱਭਰੂ ਕਹਿੰਦਾ ਹੈ: “ਮੈਂ ਦੇਖਿਆ ਹੈ ਕਿ ਸਿਰਫ਼ ਕਿਸੇ ਦਾ ਹਾਲ ਜਾਂ ਉਨ੍ਹਾਂ ਦੇ ਕੰਮ-ਕਾਰ ਬਾਰੇ ਪੁੱਛਣ ਦੁਆਰਾ, ਤੁਸੀਂ ਉਨ੍ਹਾਂ ਨੂੰ ਬਿਹਤਰ ਜਾਣ ਸਕਦੇ ਹੋ।” ਫਰੈੱਡ ਨਾਂ ਦਾ ਇਕ ਨੌਜਵਾਨ ਸਲਾਹ ਦਿੰਦਾ ਹੈ ਕਿ “ਜੇ ਤੁਹਾਨੂੰ ਪਤਾ ਨਾ ਹੋਵੇ ਕਿ ਤੁਸੀਂ ਕੀ ਕਹਿਣਾ ਹੈ, ਤਾਂ ਸਵਾਲ ਪੁੱਛ ਕੇ ਕਿਸੇ ਨਾਲ ਗੱਲਬਾਤ ਸ਼ੁਰੂ ਕਰੋ।” ਨਿਸ਼ਚੇ ਹੀ, ਅਸੀਂ ਇਹ ਨਹੀਂ ਚਾਹੁੰਦੇ ਕਿ ਲੋਕ ਸਮਝਣ ਕਿ ਉਨ੍ਹਾਂ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜੇ ਕੋਈ ਜਵਾਬ ਦੇਣੇ ਨਾ ਚਾਹੇ, ਤਾਂ ਆਪਣੇ ਆਪ ਬਾਰੇ ਉਨ੍ਹਾਂ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰੋ।
ਇਕ ਕਿਸ਼ੋਰ ਦੀ ਮਾਂ, ਮੇਰੀ, ਕਹਿੰਦੀ ਹੈ: “ਮੈਂ ਇਹ ਦੇਖਿਆ ਹੈ ਕਿ ਜੇ ਅਸੀਂ ਲੋਕਾਂ ਨਾਲ ਉਨ੍ਹਾਂ ਬਾਰੇ ਗੱਲ ਕਰੀਏ ਤਾਂ ਉਹ ਇੰਨੇ ਸ਼ਰਮਾਉਂਦੇ ਨਹੀਂ।” ਇਕ ਮੁਟਿਆਰ, ਕੇਟ, ਕਹਿੰਦੀ ਹੈ: “ਕਿਸੇ ਦੇ ਪਹਿਰਾਵੇ ਜਾਂ ਹੋਰ ਕਿਸੇ ਗੱਲ ਬਾਰੇ ਕੋਈ ਸੋਹਣੀ ਗੱਲ ਕਹਿਣੀ ਵੀ ਚੰਗੀ ਹੈ। ਇਸ ਤੋਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਉਨ੍ਹਾਂ ਵਿਚ ਦਿਲਚਸਪੀ ਲੈਂਦਾ ਹੈ।” ਲੇਕਿਨ, ਸਾਨੂੰ ਚਾਪਲੂਸੀ ਕਰ ਕੇ ਦਿਖਾਵਾ ਨਹੀਂ ਕਰਨਾ ਚਾਹੀਦਾ, ਪਰ ਸੱਚੇ ਦਿਲੋਂ ਗੱਲ ਕਰਨੀ ਚਾਹੀਦੀ ਹੈ। (1 ਥੱਸਲੁਨੀਕੀਆਂ 2:5) ਲੋਕ ਅਕਸਰ ਦਿਲੋਂ ਕਹੀ ਗਈ ਨਿੱਘੀ ਗੱਲ ਦੁਆਰਾ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।—ਕਹਾਉਤਾਂ 16:24.
● ਚੰਗੀ ਤਰ੍ਹਾਂ ਸੁਣੋ। ਬਾਈਬਲ ਕਹਿੰਦੀ ਹੈ ਕਿ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਹੋਵੋ।’ (ਯਾਕੂਬ 1:19) ਆਖ਼ਰਕਾਰ, ਕੋਈ ਜਣਾ ਇਕੱਲਾ ਗੱਲਬਾਤ ਨਹੀਂ ਕਰ ਸਕਦਾ, ਦੋ ਜੀਆਂ ਦੀ ਲੋੜ ਪੈਂਦੀ ਹੈ। ਇਸ ਲਈ ਜੇ ਤੁਹਾਨੂੰ ਗੱਲ ਕਰਨ ਵਿਚ ਸੰਗ ਲੱਗਦੀ ਹੋਵੇ, ਇਹ ਸਲਾਹ ਤੁਹਾਡੇ ਕੰਮ ਆ ਸਕਦੀ ਹੈ! ਲੋਕ ਇਕ ਚੰਗੇ ਸੁਣਨ ਵਾਲੇ ਦੀ ਕਦਰ ਕਰਦੇ ਹਨ।
● ਗੱਲਬਾਤ ਵਿਚ ਹਿੱਸਾ ਲਵੋ। ਜਦੋਂ ਤੁਹਾਡੇ ਲਈ ਇਕੱਲੇ-ਇਕੱਲੇ ਵਿਅਕਤੀ ਨਾਲ ਗੱਲ ਕਰਨੀ ਆਸਾਨ ਹੋ ਜਾਵੇ, ਤਾਂ ਝੁੰਡ ਵਿਚ ਇਕੱਠੇ ਹੋਏ ਵਿਅਕਤੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕਰਨ ਵਾਸਤੇ ਮਸੀਹੀ ਸਭਾਵਾਂ ਇਕ ਸੋਹਣਾ ਮੌਕਾ ਪੇਸ਼ ਕਰਦੀਆਂ ਹਨ। ਕਦੇ-ਕਦੇ ਗੱਲਬਾਤ ਵਿਚ ਸ਼ਾਮਲ ਹੋਣ ਦਾ ਸਭ ਤੋਂ ਸੌਖਾ ਤਰੀਕਾ ਕਿਸੇ ਚਾਲੂ ਗੱਲਬਾਤ ਵਿਚ ਹਿੱਸਾ ਲੈਣਾ ਹੁੰਦਾ ਹੈ। ਲੇਕਿਨ, ਸੂਝ ਅਤੇ ਤਮੀਜ਼ ਦੀ ਜ਼ਰੂਰਤ ਹੈ। ਜੇਕਰ ਕਿਸੇ ਦੀ ਨਿੱਜੀ ਗੱਲਬਾਤ ਚੱਲ ਰਹੀ ਹੈ, ਤਾਂ ਉਸ ਵਿਚ ਦਖ਼ਲ ਨਾ ਦਿਓ। ਪਰ ਜਦੋਂ ਸਪੱਸ਼ਟ ਹੋਵੇ ਕਿ ਮਾਮੂਲੀ ਗੱਲਬਾਤ ਚੱਲ ਰਹੀ ਹੈ, ਤਾਂ ਉਸ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕਰੋ। ਤਮੀਜ਼ ਨਾਲ ਗੱਲ ਕਰੋ; ਕਿਸੇ ਦੀ ਗੱਲ ਟੋਕੋ ਨਾ ਅਤੇ ਨਾ ਹੀ ਆਪਣੀਆਂ ਗੱਲਾਂ ਮਾਰਦੇ ਜਾਓ। ਪਹਿਲਾਂ ਥੋੜ੍ਹੀ ਦੇਰ ਲਈ ਸੁਣੋ। ਫਿਰ ਜਦੋਂ ਤੁਹਾਨੂੰ ਪਤਾ ਲੱਗੇ ਕਿ ਗੱਲਬਾਤ ਕਾਹਦੇ ਬਾਰੇ ਕੀਤੀ ਜਾ ਰਹੀ ਹੈ, ਤਾਂ ਤੁਸੀਂ ਵੀ ਸ਼ਾਇਦ ਇਕ-ਦੋ ਗੱਲਾਂ ਕਹਿ ਕੇ ਹਿੱਸਾ ਲੈਣਾ ਚਾਹੋ।
● ਯਾਦ ਰੱਖੋ ਕਿ ਤੁਸੀਂ ਅਪੂਰਣ ਹੋ। ਕਦੇ-ਕਦੇ ਜਵਾਨ ਲੋਕ ਬਹੁਤ ਫ਼ਿਕਰ ਕਰਦੇ ਹਨ ਕਿ ਉਹ ਕਿੱਤੇ ਕੁਝ ਗ਼ਲਤ ਨਾ ਕਹਿ ਦੇਣ। ਇਟਲੀ ਤੋਂ ਇਲਿਜ਼ਾ ਨਾਂ ਦੀ ਇਕ ਕੁੜੀ ਕਹਿੰਦੀ ਹੈ: “ਮੈਂ ਹਰ ਵੇਲੇ ਡਰਦੀ ਹੁੰਦੀ ਸੀ ਕਿ ਜੇ ਮੈਂ ਕੁਝ ਬੋਲੀ, ਤਾਂ ਮੇਰੇ ਮੂੰਹੋਂ ਗ਼ਲਤ ਗੱਲ ਹੀ ਨਿਕਲਣੀ ਸੀ।” ਪਰ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ ਕਿ ਅਸੀਂ ਸਾਰੇ ਅਪੂਰਣ ਹਾਂ। ਇਸ ਲਈ ਹਰ ਵੇਲੇ ਸਹੀ ਗੱਲ ਕਰਨੀ ਸਾਡੇ ਵੱਸ ਦੀ ਗੱਲ ਨਹੀਂ। (ਰੋਮੀਆਂ 3:23. ਯਾਕੂਬ 3:2 ਦੀ ਤੁਲਨਾ ਕਰੋ।) ਇਲਿਜ਼ਾ ਅੱਗੇ ਕਹਿੰਦੀ ਹੈ: “ਮੈਂ ਆਪਣੇ ਆਪ ਨੂੰ ਦੱਸਿਆ ਕਿ ਇਹ ਮੇਰੇ ਮਿੱਤਰ ਹਨ। ਇਸ ਲਈ ਜੇ ਮੈਂ ਕੁਝ ਗ਼ਲਤ ਕਹਿ ਵੀ ਦੇਵਾਂ ਤਾਂ ਉਹ ਨਾਰਾਜ਼ ਨਹੀਂ ਹੋਣਗੇ।”
● ਆਪਣਾ ਮਜ਼ਾਕੀਆ ਸੁਭਾਅ ਬਣਾਈ ਰੱਖੋ। ਇਹ ਸੱਚ ਹੈ ਕਿ ਜਦੋਂ ਅਸੀਂ ਅਣਜਾਣੇ ਵਿਚ ਕੋਈ ਗ਼ਲਤ ਗੱਲ ਕਹਿ ਦਿੰਦੇ ਹਾਂ, ਤਾਂ ਸਾਨੂੰ ਬਹੁਤ ਸ਼ਰਮ ਆਉਂਦੀ ਹੈ। ਪਰ ਫਰੈੱਡ ਦੱਸਦਾ ਹੈ, “ਜੇ ਤੁਸੀਂ ਆਪਣੀ ਗੱਲ ਨੂੰ ਹਾਸੇ ਵਿਚ ਪਾ ਸਕੋ, ਤਾਂ ਗੱਲ ਜਲਦੀ ਹੀ ਖ਼ਤਮ ਹੋ ਜਾਵੇਗੀ। ਲੇਕਿਨ ਜਦੋਂ ਤੁਸੀਂ ਬੇਚੈਨ ਅਤੇ ਮਾਯੂਸ ਹੁੰਦੇ ਹੋ, ਜਾਂ ਫ਼ਿਕਰ ਕਰਨ ਲੱਗ ਪੈਂਦੇ ਹੋ, ਤਾਂ ਤੁਸੀਂ ਛੋਟੀ ਜਿਹੀ ਗੱਲ ਦਾ ਪਹਾੜ ਬਣਾ ਲੈਂਦੇ ਹੋ।”
● ਧੀਰਜ ਰੱਖੋ। ਯਾਦ ਰੱਖੋ ਕਿ ਸਾਰੇ ਹੀ ਤੁਹਾਡੇ ਵਿਚ ਇਕਦਮ ਭਿੱਜਣ ਵਾਲੇ ਨਹੀਂ। ਜੇ ਗੱਲਬਾਤ ਵਿਚ ਕੁਝ ਸਮੇਂ ਲਈ ਕੋਈ ਕੁਝ ਨਾ ਕਹੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਦੂਜਾ ਜਣਾ ਤੁਹਾਨੂੰ ਪਸੰਦ ਨਹੀਂ ਕਰਦਾ ਜਾਂ ਕਿ ਤੁਹਾਨੂੰ ਹੁਣ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਦੇ-ਕਦੇ ਕਈਆਂ ਦਾ ਧਿਆਨ ਦੂਜੇ ਪਾਸੇ ਹੁੰਦਾ ਹੈ—ਜਾਂ ਉਹ ਵੀ ਤੁਹਾਡੇ ਵਾਂਗ ਸੰਗਦੇ ਹਨ। ਜੇ ਇਸ ਤਰ੍ਹਾਂ ਹੋਵੇ, ਤਾਂ ਚੰਗਾ ਹੋਵੇਗਾ ਜੇ ਤੁਸੀਂ ਵੀ ਉਨ੍ਹਾਂ ਨੂੰ ਤੁਹਾਨੂੰ ਜਾਣਨ ਲਈ ਕੁਝ ਸਮਾਂ ਦਿਓ।
● ਸਿਆਣਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਕਦੇ-ਕਦੇ ਸਿਆਣੇ ਮਸੀਹੀ, ਸ਼ਰਮਾਕਲ ਨੌਜਵਾਨਾਂ ਨੂੰ ਬਹੁਤ ਹਮਦਰਦੀ ਦਿਖਾਉਂਦੇ ਹਨ। ਇਸ ਲਈ ਕਿਸੇ ਸਿਆਣੇ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਨਾ ਝਿਜਕੋ। ਕੇਟ ਦੱਸਦੀ ਹੈ: “ਮੈਂ ਸਿਆਣਿਆਂ ਨਾਲ ਆਸਾਨੀ ਨਾਲ ਗੱਲਬਾਤ ਕਰ ਸਕਦੀ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਉਹ ਨਾ ਹੀ ਮੇਰੇ ਉੱਤੇ ਸ਼ੱਕ ਕਰਨਗੇ, ਨਾ ਮੇਰਾ ਮਖੌਲ ਉਡਾਉਣਗੇ ਅਤੇ ਨਾ ਹੀ ਮੇਰੇ ਹਾਣੀਆਂ ਵਾਂਗ ਮੈਨੂੰ ਤੰਗ ਕਰਨਗੇ।”
ਪਿਆਰ ਦੁਆਰਾ ਪ੍ਰੇਰਿਤ
ਜਦ ਕੇ ਉੱਪਰ ਦਿੱਤੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ, ਸ਼ਰਮਾਉਣੋਂ ਹਟਣ ਦਾ ਕੋਈ ਆਸਾਨ ਤਰੀਕਾ ਨਹੀਂ ਹੈ। ਗੱਲ ਸਿਰਫ਼ ਕੋਈ ਚੰਗੀ ਤਕਨੀਕ ਜਾਂ ਤਰੀਕਾ ਲਾਗੂ ਕਰਨ ਦੀ ਨਹੀਂ। ਸ਼ਰਮਾਉਣੋਂ ਹਟਣ ਦਾ ਅਸਲੀ ਰਾਜ਼ ਤਾਂ ‘ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰਨਾ’ ਹੈ। (ਯਾਕੂਬ 2:8) ਜੀ ਹਾਂ, ਦੂਸਰਿਆਂ ਦਾ ਧਿਆਨ ਰੱਖਣਾ ਸਿੱਖੋ—ਖ਼ਾਸ ਕਰਕੇ ਆਪਣੇ ਮਸੀਹੀ ਭੈਣ-ਭਰਾਵਾਂ ਦਾ। (ਗਲਾਤੀਆਂ 6:10) ਜੇਕਰ ਤੁਹਾਡੇ ਦਿਲ ਵਿਚ ਉਨ੍ਹਾਂ ਲਈ ਸੱਚਾ ਪਿਆਰ ਹੈ, ਤਾਂ ਤੁਸੀਂ ਡਰ ਅਤੇ ਬੇਚੈਨੀ ਦਾ ਸਾਮ੍ਹਣਾ ਕਰ ਕੇ ਦੂਸਰਿਆਂ ਨਾਲ ਮੇਲ-ਜੋਲ ਰੱਖਣ ਦੀ ਕੋਸ਼ਿਸ਼ ਕਰੋਗੇ। ਜਿਵੇਂ ਯਿਸੂ ਨੇ ਕਿਹਾ ਸੀ, “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।”—ਮੱਤੀ 12:34.
ਬੈਰੀ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਜਿੰਨਾ ਜ਼ਿਆਦਾ ਮੈਂ ਦੂਸਰਿਆਂ ਨੂੰ ਜਾਣਨ ਲੱਗਦਾ ਹਾਂ, ਮੇਰੇ ਲਈ ਉਨ੍ਹਾਂ ਨਾਲ ਗੱਲਬਾਤ ਕਰਨੀ ਉੱਨੀ ਹੀ ਆਸਾਨ ਬਣਦੀ ਹੈ।” ਯਾਨੀ ਕਿ, ਜਿੰਨਾ ਜ਼ਿਆਦਾ ਤੁਸੀਂ ਮਿਲਣ-ਜੁਲਣ ਦੀ ਆਦਤ ਪਾਉਂਦੇ ਹੋ, ਤੁਹਾਡੇ ਲਈ ਇਸ ਤਰ੍ਹਾਂ ਕਰਨਾ ਉੱਨਾ ਹੀ ਸੌਖਾ ਬਣੇਗਾ। ਅਤੇ ਜਿਉਂ-ਜਿਉਂ ਤੁਸੀਂ ਨਵੇਂ ਦੋਸਤ ਬਣਾਉਂਦੇ ਹੋ ਅਤੇ ਦੂਸਰਿਆਂ ਵਿਚ ਜ਼ਿਆਦਾ ਭਿੱਜਦੇ ਹੋ, ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ!
[ਫੁਟਨੋਟ]
a ਸਾਲ 1999 ਦੇ 22 ਅਕਤੂਬਰ (ਅੰਗ੍ਰੇਜ਼ੀ) ਦੇ ਅੰਕ ਵਿਚ, “ਨੌਜਵਾਨ ਪੁੱਛਦੇ ਹਨ . . . ਮੈਂ ਜ਼ਿਆਦਾ ਕਿਉਂ ਸ਼ਰਮਾਉਂਦਾ ਹਾਂ?” ਦਾ ਲੇਖ ਦੇਖੋ।
b ਕੁਝ ਨਾਂ ਬਦਲੇ ਗਏ ਹਨ।
c ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 14 ਉੱਤੇ ਤਸਵੀਰ]
ਪਹਿਲ ਕਰ ਕੇ ਗੱਲਬਾਤ ਵਿਚ ਹਿੱਸਾ ਲਵੋ!