ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਨੇਤਾ ਮਿਲ ਕੇ ਸ਼ਾਂਤੀ ਲਿਆ ਸਕਦੇ ਹਨ?
ਕੀ ਤੁਸੀਂ ਆਸ਼ਾ ਰੱਖਦੇ ਹੋ ਕਿ ਇਕ ਦਿਨ ਸਾਰੀ ਦੁਨੀਆਂ ਵਿਚ ਸ਼ਾਂਤੀ ਹੋਵੇਗੀ? ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜੇ ਵੱਖ-ਵੱਖ ਦੇਸ਼ਾਂ ਦੇ ਨੇਤਾ ਇਕੱਠੇ ਮਿਲ ਕੇ ਸਮਝੌਤਾ ਕਰਨ, ਤਾਂ ਉਹ ਸਿਰਫ਼ ਆਪਣੇ ਦੇਸ਼ ਵਿਚ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਸ਼ਾਂਤੀ ਲਿਆ ਸਕਣਗੇ। ਪਰ ਸ਼ਾਇਦ ਤੁਹਾਨੂੰ ਲੱਗੇ ਕਿ ਸ਼ਾਂਤੀ ਕਦੇ ਨਹੀਂ ਆਵੇਗੀ। ਸਦੀਆਂ ਤੋਂ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਵਿਚ ਸਮਝੌਤਿਆਂ ਤੇ ਸੰਧੀਆਂ ਉੱਤੇ ਦਸਤਖਤ ਕੀਤੇ ਗਏ ਹਨ, ਪਰ ਬਹੁਤ ਹੀ ਘੱਟ ਮੁਸ਼ਕਲਾਂ ਸੁਲਝਾਈਆਂ ਗਈਆਂ ਹਨ।
ਤੁਸੀਂ ਸ਼ਾਇਦ ਸੋਚ ਰਹੇ ਹੋ ਕਿ ਦੁਨੀਆਂ ਦੇ ਨੇਤਾ ਸ਼ਾਂਤੀ ਲਿਆਉਣ ਵਿਚ ਸਫ਼ਲ ਕਿਉਂ ਨਹੀਂ ਹੋਏ ਹਨ? ਕੀ ਮਸੀਹੀਆਂ ਨੂੰ ਸ਼ਾਂਤੀ ਲਿਆਉਣ ਲਈ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ? ਦੁਨੀਆਂ ਵਿਚ ਸ਼ਾਂਤੀ ਕਿੱਦਾਂ ਲਿਆਈ ਜਾਵੇਗੀ? ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਬਾਈਬਲ ਤੋਂ ਮਿਲ ਸਕਦੇ ਹਨ। ਆਓ ਆਪਾਂ ਦੇਖੀਏ ਕਿ ਬਾਈਬਲ ਇਨ੍ਹਾਂ ਗੱਲਾਂ ਬਾਰੇ ਕੀ ਕਹਿੰਦੀ ਹੈ।
ਸ਼ਾਂਤੀ ਲਿਆਉਣ ਵਿਚ ਅਸਫ਼ਲਤਾ ਕਿਉਂ?
ਬਾਈਬਲ ਦੇ ਕਈ ਬਿਰਤਾਂਤ ਦਿਖਾਉਂਦੇ ਹਨ ਕਿ ਜਦੋਂ ਦੋ ਇਨਸਾਨ ਮਿਲ ਕੇ ਇਕ-ਦੂਜੇ ਨਾਲ ਗੱਲਬਾਤ ਕਰਦੇ ਹਨ, ਤਾਂ ਅਕਸਰ ਸਮਝੌਤਾ ਕੀਤਾ ਜਾ ਸਕਦਾ ਹੈ। ਮਿਸਾਲ ਲਈ, ਅਬੀਗੈਲ ਨੇ ਦਾਊਦ ਨੂੰ ਮਿਲ ਕੇ ਉਸ ਨਾਲ ਗੱਲ ਕੀਤੀ। ਨਤੀਜੇ ਵਜੋਂ ਅਬੀਗੈਲ ਨੇ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਆਪਣੇ ਪਤੀ ਨਾਬਾਲ ਤੋਂ ਬਦਲਾ ਲੈਣ ਤੋਂ ਰੋਕਿਆ। (1 ਸਮੂਏਲ 25:18-35) ਯਿਸੂ ਨੇ ਇਕ ਉਦਾਹਰਣ ਦਿੱਤੀ ਸੀ ਜਿਸ ਵਿਚ ਇਕ ਰਾਜਾ ਮੇਲ-ਮਿਲਾਪ ਕਰਨ ਲਈ ਦੂਜੇ ਰਾਜੇ ਕੋਲ ਆਪਣੇ ਬੰਦੇ ਭੇਜਦਾ ਹੈ। (ਲੂਕਾ 14:31, 32) ਜੀ ਹਾਂ, ਬਾਈਬਲ ਦੱਸਦੀ ਹੈ ਕਿ ਝਗੜੇ ਸੁਲਝਾਉਣ ਲਈ ਕਈ ਵਾਰ ਸਮਝੌਤਾ ਕੀਤਾ ਜਾ ਸਕਦਾ ਹੈ। ਤਾਂ ਫਿਰ ਇਹ ਕਿਉਂ ਹੈ ਕਿ ਸ਼ਾਂਤੀ ਲਿਆਉਣ ਦੇ ਜਤਨ ਅਕਸਰ ਕਾਮਯਾਬ ਨਹੀਂ ਹੁੰਦੇ?
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਮੁਸ਼ਕਲਾਂ ਨਾਲ ਭਰੇ ਹੋਣਗੇ। ਅੱਜ ਸ਼ਤਾਨ ਦਾ ਰਾਜ ਚੱਲ ਰਿਹਾ ਹੈ। ਇਸ ਲਈ ਲੋਕ ਇਕ-ਦੂਜੇ ਨਾਲ ਸੁਲ੍ਹਾ ਕਰਨ ਦੀ ਬਜਾਇ ‘ਪੱਥਰ ਦਿਲ ਵਾਲੇ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ ਤੇ ਘਮੰਡੀ’ ਬਣ ਗਏ ਹਨ। (2 ਤਿਮੋਥਿਉਸ 3:3, 4; ਪਰਕਾਸ਼ ਦੀ ਪੋਥੀ 12:12) ਇਸ ਤੋਂ ਇਲਾਵਾ, ਯਿਸੂ ਨੇ ਕਿਹਾ ਸੀ ਕਿ ਦੁਨੀਆਂ ਦੇ ਅੰਤ ਦੇ ਸਮੇਂ ਵਿਚ ਅਸੀਂ “ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ” ਸੁਣਾਂਗੇ। (ਮਰਕੁਸ 13:7, 8) ਅਸੀਂ ਆਪਣੀ ਅੱਖੀਂ ਇਹ ਗੱਲ ਪੂਰੀ ਹੁੰਦੀ ਦੇਖ ਸਕਦੇ ਹਾਂ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਦੁਨੀਆਂ ਦੇ ਨੇਤਾ ਸ਼ਾਂਤੀ ਲਿਆਉਣ ਵਿਚ ਕਾਮਯਾਬ ਕਿਉਂ ਨਹੀਂ ਹੋ ਰਹੇ।
ਇਸ ਗੱਲ ਵੱਲ ਵੀ ਧਿਆਨ ਦਿਓ ਕਿ ਭਾਵੇਂ ਇਕ ਦੇਸ਼ ਦੇ ਨੇਤਾ ਦੂਸਰਿਆਂ ਦੇਸ਼ਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਬਹੁਤ ਕੋਸ਼ਿਸ਼ ਕਰਦੇ ਹਨ, ਪਰ ਅਸਲ ਵਿਚ ਉਨ੍ਹਾਂ ਨੂੰ ਆਪਣੇ ਦੇਸ਼ ਦੇ ਫ਼ਾਇਦੇ ਬਾਰੇ ਜ਼ਿਆਦਾ ਚਿੰਤਾ ਹੁੰਦੀ ਹੈ। ਆਪਣੇ ਦੇਸ਼ ਦਾ ਲਾਭ ਹੀ ਉਨ੍ਹਾਂ ਦਾ ਮੁੱਖ ਟੀਚਾ ਹੁੰਦਾ ਹੈ। ਪਰ ਹੁਣ ਇਹ ਸਵਾਲ ਉੱਠਦਾ ਹੈ ਕਿ ਕੀ ਮਸੀਹੀਆਂ ਨੂੰ ਇਨ੍ਹਾਂ ਮਾਮਲਿਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ?
ਕੀ ਮਸੀਹੀਆਂ ਨੂੰ ਨੇਤਾਵਾਂ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ?
ਬਾਈਬਲ ਇਹ ਸਲਾਹ ਦਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।” (ਜ਼ਬੂਰਾਂ ਦੀ ਪੋਥੀ 146:3) ਇਸ ਦਾ ਮਤਲਬ ਹੈ ਕਿ ਭਾਵੇਂ ਦੁਨੀਆਂ ਦੇ ਨੇਤਾ ਸ਼ਾਂਤੀ ਲਿਆਉਣੀ ਚਾਹੁੰਦੇ ਵੀ ਹੋਣ, ਪਰ ਇਹ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ।
ਪੁੰਤਿਯੁਸ ਪਿਲਾਤੁਸ ਸਾਮ੍ਹਣੇ ਆਪਣਾ ਮੁਕੱਦਮਾ ਪੇਸ਼ ਕਰਦੇ ਸਮੇਂ ਯਿਸੂ ਨੇ ਕਿਹਾ ਸੀ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” (ਯੂਹੰਨਾ 18:36) ਸ਼ਾਂਤੀ ਲਿਆਉਣ ਦੀਆਂ ਯੋਜਨਾਵਾਂ ਦੇ ਪਿੱਛੇ ਅਕਸਰ ਕੌਮੀ ਨਫ਼ਰਤ ਤੇ ਸਿਆਸਤਦਾਨਾਂ ਦਾ ਸੁਆਰਥ ਹੁੰਦਾ ਹੈ। ਇਸ ਲਈ ਸੱਚੇ ਮਸੀਹੀ ਦੁਨੀਆਂ ਦੇ ਰਾਜਨੀਤਿਕ ਮਾਮਲਿਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ।
ਕੀ ਇਸ ਦਾ ਇਹ ਮਤਲਬ ਹੈ ਕਿ ਦੁਨੀਆਂ ਵਿਚ ਜੋ ਮਰਜ਼ੀ ਹੁੰਦਾ ਰਹੇ ਸੱਚੇ ਮਸੀਹੀਆਂ ਨੂੰ ਇਸ ਦੀ ਕੋਈ ਚਿੰਤਾ ਨਹੀਂ? ਕੀ ਉਨ੍ਹਾਂ ਨੂੰ ਲੋਕਾਂ ਦਾ ਦੁੱਖ ਦੇਖ ਕੇ ਤਰਸ ਨਹੀਂ ਆਉਂਦਾ? ਹਾਂ, ਮਸੀਹੀਆਂ ਨੂੰ ਦੁਨੀਆਂ ਦੀ ਹਾਲਤ ਦੇਖ ਕੇ ਜ਼ਰੂਰ ਦੁੱਖ ਹੁੰਦਾ ਹੈ। ਸਗੋਂ ਬਾਈਬਲ ਪਰਮੇਸ਼ੁਰ ਦੇ ਸੱਚੇ ਭਗਤਾਂ ਬਾਰੇ ਕਹਿੰਦੀ ਹੈ ਕਿ ਉਹ ਦੁਨੀਆਂ ਦੀ ਬੁਰੀ ਹਾਲਤ ਦੇਖ ਕੇ ‘ਆਹਾਂ ਭਰਦੇ ਅਤੇ ਰੋਂਦੇ’ ਹਨ। (ਹਿਜ਼ਕੀਏਲ 9:4) ਪਰ ਮਸੀਹੀ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਨ ਕਿ ਉਹੀ ਆਪਣਾ ਵਾਅਦਾ ਪੂਰਾ ਕਰ ਕੇ ਸ਼ਾਂਤੀ ਲਿਆਵੇਗਾ। ਕੀ ਤੁਸੀਂ ਚਾਹੁੰਦੇ ਹੋ ਕਿ ਲੜਾਈਆਂ ਨੂੰ ਖ਼ਤਮ ਕੀਤਾ ਜਾਵੇ? ਪਰਮੇਸ਼ੁਰ ਦਾ ਰਾਜ ਤੁਹਾਡੀ ਇਹ ਖ਼ਾਹਸ਼ ਜ਼ਰੂਰ ਪੂਰੀ ਕਰੇਗਾ। (ਜ਼ਬੂਰਾਂ ਦੀ ਪੋਥੀ 46:8, 9) ਇੰਨਾ ਹੀ ਨਹੀਂ, ਇਸ ਰਾਜ ਅਧੀਨ ਹਰ ਇਨਸਾਨ ਤੰਦਰੁਸਤ ਹੋਵੇਗਾ ਅਤੇ ਸੁਖ-ਸ਼ਾਂਤੀ ਦਾ ਜੀਵਨ ਜੀ ਸਕੇਗਾ। (ਮੀਕਾਹ 4:3, 4; ਪਰਕਾਸ਼ ਦੀ ਪੋਥੀ 21:3, 4) ਅਜਿਹੀ ਸ਼ਾਂਤੀ ਲਿਆਉਣ ਦੀ ਤਾਕਤ ਇਸ ਦੁਨੀਆਂ ਦੇ ਕਿਸੇ ਵੀ ਨੇਤਾ ਜਾਂ ਸੰਸਥਾ ਕੋਲ ਨਹੀਂ ਹੈ।
ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਇਨਸਾਨ ਸ਼ਾਂਤੀ ਲਿਆਉਣ ਵਿਚ ਕਦੇ ਕਾਮਯਾਬ ਨਹੀਂ ਹੋਣਗੇ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ। ਇਸ ਲਈ ਜਿਹੜੇ ਲੋਕ ਨੇਤਾਵਾਂ ਉੱਤੇ ਭਰੋਸਾ ਰੱਖਦੇ ਹਨ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੇਗੀ। ਪਰ ਜਿਹੜੇ ਲੋਕ ਯਿਸੂ ਮਸੀਹ ਉੱਤੇ ਭਰੋਸਾ ਰੱਖਦੇ ਹਨ ਅਤੇ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਂਦੇ ਹਨ ਉਨ੍ਹਾਂ ਦੀ ਤਮੰਨਾ ਪੂਰੀ ਕੀਤੀ ਜਾਵੇਗੀ। ਜੀ ਹਾਂ, ਉਹ ਸ਼ਾਂਤੀ ਵਿਚ ਸਦਾ ਦੇ ਜੀਵਨ ਦਾ ਆਨੰਦ ਮਾਣਨਗੇ!—ਜ਼ਬੂਰਾਂ ਦੀ ਪੋਥੀ 37:11, 29. (g04 1/08)
[ਸਫ਼ੇ 13 ਉੱਤੇ ਸੁਰਖੀ]
ਭਾਵੇਂ ਦੁਨੀਆਂ ਦੇ ਨੇਤਾ ਸ਼ਾਂਤੀ ਲਿਆਉਣੀ ਚਾਹੁੰਦੇ ਵੀ ਹੋਣ, ਪਰ ਇਹ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ
[ਸਫ਼ੇ 12 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Bottom: Photo by Stephen Chernin/Getty Images