ਨੌਜਵਾਨ ਪੁੱਛਦੇ ਹਨ
ਸਕੂਲ ਜਾਂ ਕਾਲਜ ਦੀ ਟੈਨਸ਼ਨ ਕਿੱਦਾਂ ਘਟਾਈ ਜਾ ਸਕਦੀ ਹੈ?
“ਕਾਲਜ ਵਿਚ ਵੀ ਮੈਨੂੰ ਉੱਨੀ ਟੈਨਸ਼ਨ ਹੈ ਜਿੰਨੀ ਮੈਨੂੰ ਸਕੂਲ ਵਿਚ ਹੁੰਦੀ ਸੀ, ਟੈਨਸ਼ਨ ਨਹੀਂ ਬਦਲੀ, ਬੱਸ ਕਾਰਨ ਬਦਲ ਗਏ ਹਨ।”—ਜੇਮਜ਼, ਨਿਊਜ਼ੀਲੈਂਡ।a
“ਕਾਲਜ ਵਿਚ ਮੈਂ ਇੰਨਾ ਦਬਾਅ ਮਹਿਸੂਸ ਕਰਦੀ ਹਾਂ ਕਿ ਮੇਰਾ ਜੀ ਅਕਸਰ ਰੋਣ ਅਤੇ ਚੀਕਾਂ ਮਾਰਨ ਨੂੰ ਕਰਦਾ ਹੈ।”—ਸ਼ੈਰਨ, ਅਮਰੀਕਾ।
ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਪੇ ਸਮਝਦੇ ਨਹੀਂ ਕਿ ਤੁਹਾਨੂੰ ਸਕੂਲੇ ਕਿੰਨੀ ਟੈਨਸ਼ਨ ਹੈ? ਤੁਹਾਡੇ ਮਾਪੇ ਸ਼ਾਇਦ ਤੁਹਾਨੂੰ ਕਹਿਣ ਕਿ ਤੁਹਾਡੇ ਸਿਰ ਕਰਜ਼ਾ ਨਹੀਂ, ਨਾ ਤੁਹਾਨੂੰ ਰੋਜ਼ੀ-ਰੋਟੀ ਕਮਾਉਣ ਦਾ ਫ਼ਿਕਰ ਹੈ ਤੇ ਨਾ ਹੀ ਤੁਹਾਨੂੰ ਆਪਣੇ ਬਾਸ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਪਰ ਤੁਹਾਨੂੰ ਸ਼ਾਇਦ ਲੱਗੇ ਕਿ ਸਕੂਲੇ ਤੁਹਾਡੇ ਤੇ ਉੱਨਾ ਹੀ ਦਬਾਅ ਹੈ ਜਿੰਨਾ ਤੁਹਾਡੇ ਮਾਪਿਆਂ ਤੇ, ਸ਼ਾਇਦ ਉਨ੍ਹਾਂ ਤੋਂ ਵੀ ਜ਼ਿਆਦਾ।
ਸਕੂਲੇ ਆਉਣਾ-ਜਾਣਾ ਹੀ ਟੈਨਸ਼ਨ ਪੈਦਾ ਕਰ ਸਕਦਾ ਹੈ। ਅਮਰੀਕਾ ਵਿਚ ਰਹਿਣ ਵਾਲੀ ਟਾਰਾ ਨੇ ਕਿਹਾ: “ਸਕੂਲ ਦੀ ਬਸ ਵਿਚ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਡ੍ਰਾਈਵਰ ਨੂੰ ਬਸ ਰੋਕ ਲੈਣੀ ਪੈਂਦੀ ਸੀ ਤੇ ਸਾਰਿਆਂ ਨੂੰ ਉਤਰਨਾ ਪੈਂਦਾ ਸੀ ਜਿਸ ਕਰਕੇ ਅਸੀਂ ਅੱਧਾ ਕੁ ਘੰਟਾ ਲੇਟ ਹੋ ਜਾਂਦੇ ਸੀ।”
ਕੀ ਸਕੂਲ ਪਹੁੰਚ ਕੇ ਸਭ ਕੁਝ ਠੀਕ ਹੋ ਜਾਂਦਾ ਹੈ? ਬਿਲਕੁਲ ਨਹੀਂ! ਸ਼ਾਇਦ ਤੁਸੀਂ ਹੇਠਲੀਆਂ ਗੱਲਾਂ ਨਾਲ ਸਹਿਮਤ ਹੋਵੋ।
ਟੀਚਰਾਂ ਕਾਰਨ ਟੈਨਸ਼ਨ
“ਮੇਰੇ ਟੀਚਰ ਚਾਹੁੰਦੇ ਹਨ ਕਿ ਮੈਨੂੰ ਸਭ ਤੋਂ ਚੰਗੇ ਨੰਬਰ ਮਿਲਣ ਜਿਸ ਕਰਕੇ ਉਹ ਮੇਰੇ ਤੇ ਬਹੁਤ ਦਬਾਅ ਪਾਉਂਦੇ ਹਨ।”—ਸੈਂਡਰਾ, ਫ਼ਿਜੀ।
“ਜੇ ਵਿਦਿਆਰਥੀ ਹੁਸ਼ਿਆਰ ਹੈ, ਤਾਂ ਟੀਚਰ ਉਸ ਉੱਤੇ ਹੋਰ ਪੜ੍ਹਾਈ ਕਰਨ ਲਈ ਬਹੁਤ ਜ਼ੋਰ ਪਾਉਂਦੇ ਹਨ। ਉਹ ਤਾਂ ਉਸ ਦਾ ਪਿੱਛਾ ਹੀ ਨਹੀਂ ਛੱਡਦੇ।”—ਏਪ੍ਰਿਲ, ਅਮਰੀਕਾ।
“ਜੇ ਤੁਹਾਡੇ ਟੀਚਰ ਜ਼ਿੰਦਗੀ ਵਿਚ ਤੁਹਾਨੂੰ ਕੁਝ ਬਣਦੇ ਦੇਖਣਾ ਚਾਹੁੰਦੇ ਹਨ, ਪਰ ਤੁਹਾਡੇ ਟੀਚੇ ਉਨ੍ਹਾਂ ਦੇ ਖ਼ਿਆਲਾਂ ਤੋਂ ਬਿਲਕੁਲ ਅਲੱਗ ਹਨ, ਤਾਂ ਉਹ ਤੁਹਾਨੂੰ ਬਹੁਤ ਹੀ ਬੁਰਾ ਮਹਿਸੂਸ ਕਰਾਉਂਦੇ ਹਨ।”—ਨੇਓਮੀ, ਅਮਰੀਕਾ।
ਟੀਚਰਾਂ ਕਾਰਨ ਪਈ ਟੈਨਸ਼ਨ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ?
ਹਾਣੀਆਂ ਕਾਰਨ ਟੈਨਸ਼ਨ
“ਵੱਡੇ ਸਕੂਲ ਦੇ ਬੱਚਿਆਂ ਨੂੰ ਆਪਣੀ ਮਰਜ਼ੀ ਕਰਨ ਦੀ ਛੁੱਟੀ ਹੈ ਤੇ ਉਹ ਕਿਸੇ ਦੀ ਨਹੀਂ ਸੁਣਦੇ। ਜੇ ਤੁਸੀਂ ਉਨ੍ਹਾਂ ਨਾਲ ਨਹੀਂ ਰਲਦੇ, ਤਾਂ ਉਹ ਤੁਹਾਨੂੰ ‘ਕੂਲ’ ਨਹੀਂ ਸਮਝਦੇ।”—ਕੈਵਿਨ, ਅਮਰੀਕਾ।
“ਹਰ ਰੋਜ਼ ਕੋਈ-ਨ-ਕੋਈ ਮੈਨੂੰ ਉਸ ਨਾਲ ਸ਼ਰਾਬ ਪੀਣ ਅਤੇ ਸੈਕਸ ਕਰਨ ਲਈ ਕਹਿੰਦਾ ਹੈ। ਕਈ ਵਾਰ ਮੇਰੇ ਲਈ ਨਾਂਹ ਕਹਿਣੀ ਔਖੀ ਹੁੰਦੀ ਹੈ।”—ਐਰਨ, ਨਿਊਜ਼ੀਲੈਂਡ।
“ਜਦ ਦੀ ਮੈਂ ਬਾਰਾਂ ਸਾਲਾਂ ਦੀ ਹੋਈ ਹਾਂ, ਤਾਂ ਸਕੂਲ ਵਿਚ ਸਾਰੇ ਕਹਿੰਦੇ ਹਨ ਕਿ ਮੈਨੂੰ ਮੁੰਡਿਆਂ ਨਾਲ ਘੁੰਮਣਾ-ਫਿਰਨਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ‘ਤੂੰ ਕਿੰਨਾ ਚਿਰ ਇਕੱਲੀ ਰਹੇਗੀ ਤੇਰਾ ਵੀ ਬੁਆਏ-ਫ੍ਰੈਂਡ ਹੋਣਾ ਚਾਹੀਦਾ ਹੈ।’”—ਐਲੇਕਜ਼ਾਨਡ੍ਰਿਆ, ਅਮਰੀਕਾ।
“ਜਦ ਮੈਂ ਸਿਰਫ਼ ਦਸਾਂ ਸਾਲਾਂ ਦੀ ਸੀ, ਤਾਂ ਸਕੂਲ ਦੀਆਂ ਕੁੜੀਆਂ ਨੇ ਮੇਰੇ ਲਈ ਇਕ ਬੁਆਏ-ਫ੍ਰੈਂਡ ਚੁਣਿਆ। ਜਦ ਮੈਂ ਨਾਂਹ ਕੀਤੀ, ਤਾਂ ਉਹ ਮੈਨੂੰ ‘ਲੈਸਬੀਅਨ’ ਕਹਿਣ ਲੱਗੀਆਂ!”—ਕ੍ਰਿਸਟਾ, ਆਸਟ੍ਰੇਲੀਆ।
ਹਾਣੀਆਂ ਕਾਰਨ ਪਈ ਟੈਨਸ਼ਨ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ?
ਇਸ ਬਾਰੇ ਟੈਨਸ਼ਨ ਕਿ ਤੁਹਾਡੇ ਨਾਲ ਸਕੂਲ ਜਾਣ ਵਾਲੇ ਤੁਹਾਡੇ ਧਰਮ ਬਾਰੇ ਕੀ ਸੋਚਦੇ ਹਨ।
“ਸਕੂਲ ਵਿਚ ਆਪਣੇ ਧਰਮ ਬਾਰੇ ਗੱਲ ਕਰਨੀ ਬਹੁਤ ਔਖੀ ਹੈ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਹਾਣੀ ਤੁਹਾਡੇ ਬਾਰੇ ਕੀ ਸੋਚਣਗੇ। ਤੁਹਾਨੂੰ ਡਰ ਰਹਿੰਦਾ ਹੈ ਕਿ ਸਾਰੇ ਤੁਹਾਨੂੰ ਅਜੀਬ ਸਮਝਣਗੇ।”—ਕੈਰਲ, ਹਵਾਈ।
“ਵੱਡੇ ਸਕੂਲ ਦੇ ਬੱਚੇ ਡ੍ਰੱਗਜ਼ ਲੈਂਦੇ, ਸੈਕਸ ਕਰਦੇ ਅਤੇ ਸ਼ਰਾਬਾਂ ਪੀਂਦੇ ਹਨ। ਮੈਨੂੰ ਬਹੁਤ ਟੈਨਸ਼ਨ ਰਹਿੰਦੀ ਹੈ ਕਿਤੇ ਉਹ ਮੇਰਾ ਮਜ਼ਾਕ ਨਾ ਉਡਾਉਣ ਕਿਉਂਕਿ ਮੈਂ ਬਾਈਬਲ ਦੀ ਸਲਾਹ ਮੁਤਾਬਕ ਚੱਲਦੀ ਹਾਂ।”—ਸੂਜ਼ਨ, ਅਮਰੀਕਾ।
ਤੁਹਾਡੇ ਧਰਮ ਕਾਰਨ ਖੜ੍ਹੇ ਸਵਾਲਾਂ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ?
ਟੈਨਸ਼ਨ ਦੇ ਹੋਰ ਕਾਰਨ। ਇਨ੍ਹਾਂ ਵਿੱਚੋਂ ਤੁਹਾਡੇ ਉੱਤੇ ਕਿਸ ਦਾ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ? ਜਾਂ ਹੇਠਾਂ ਆਪਣੀ ਟੈਨਸ਼ਨ ਦਾ ਕਾਰਨ ਲਿਖੋ।
ਇਮਤਿਹਾਨ
ਹੋਮਵਰਕ
ਮਾਪਿਆਂ ਦੀਆਂ ਉਮੀਦਾਂ
ਤੁਹਾਡੀਆਂ ਆਪਣੀਆਂ ਉਮੀਦਾਂ
ਗੁੰਡੇਬਾਜ਼ੀ ਜਾਂ ਛੇੜਖਾਨੀ
ਹੋਰ ․․․․․
ਟੈਨਸ਼ਨ ਘਟਾਉਣ ਲਈ ਪੰਜ ਸੁਝਾਅ
ਇਸ ਤਰ੍ਹਾਂ ਸੋਚਣਾ ਗ਼ਲਤ ਹੋਵੇਗਾ ਕਿ ਤੁਸੀਂ ਟੈਨਸ਼ਨ ਤੋਂ ਬਿਨਾਂ ਸਕੂਲ ਦੀ ਪੜਾਾਈ ਪੂਰੀ ਕਰ ਪਾਓਗੇ। ਮੋਢਿਆਂ ਤੇ ਬਹੁਤੀ ਟੈਨਸ਼ਨ ਚੁੱਕੀ ਫਿਰਨਾ ਚੰਗਾ ਨਹੀਂ ਹੈ। ਰਾਜਾ ਸੁਲੇਮਾਨ ਨੇ ਲਿਖਿਆ ਸੀ: “ਸੱਚ ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ।” (ਉਪਦੇਸ਼ਕ ਦੀ ਪੋਥੀ 7:7) ਪਰ ਟੈਨਸ਼ਨ ਕਾਰਨ ਕਮਲੇ ਹੋ ਜਾਣਾ ਜ਼ਰੂਰੀ ਨਹੀਂ। ਤਾਂ ਫਿਰ ਕਿਉਂ ਨਾ ਟੈਨਸ਼ਨ ਨਾਲ ਜੀਣਾ ਸਿੱਖੋ?
ਟੈਨਸ਼ਨ ਨਾਲ ਜੀਣਾ ਭਾਰ ਚੁੱਕਣ ਸਮਾਨ ਹੈ ਕਿਉਂਕਿ ਇਹ ਤੁਹਾਨੂੰ ਤਕੜੇ ਬਣਾ ਸਕਦੀ ਹੈ
ਟੈਨਸ਼ਨ ਨਾਲ ਜੀਣ ਦੀ ਤੁਲਨਾ ਭਾਰ ਚੁੱਕਣ ਨਾਲ ਕੀਤੀ ਜਾ ਸਕਦੀ ਹੈ। ਪਹਿਲਵਾਨ ਨੂੰ ਭਾਰ ਚੁੱਕਣ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। ਉਹ ਸਹੀ ਤਰੀਕੇ ਨਾਲ ਭਾਰ ਚੁੱਕਣ ਤੋਂ ਇਲਾਵਾ ਹੱਦੋਂ ਵੱਧ ਭਾਰ ਨਹੀਂ ਚੁੱਕੇਗਾ। ਜੇ ਉਹ ਇਸ ਤਰ੍ਹਾਂ ਧਿਆਨ ਦੇਵੇਗਾ, ਤਾਂ ਉਹ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਏ ਬਿਨਾਂ ਤਕੜਾ ਬਣੇਗਾ ਅਤੇ ਡੌਲੇ ਬਣਾ ਸਕੇਗਾ। ਪਰ ਜੇ ਉਸ ਨੇ ਧਿਆਨ ਨਾ ਦਿੱਤਾ, ਤਾਂ ਉਸ ਦੀ ਮਾਸ-ਪੇਸ਼ੀ ਖਿੱਚੀ ਜਾ ਸਕਦੀ ਹੈ ਜਾਂ ਹੱਡੀ ਵੀ ਟੁੱਟ ਸਕਦੀ ਹੈ।
ਇਸੇ ਤਰ੍ਹਾਂ ਜੇ ਤੁਸੀਂ ਟੈਨਸ਼ਨ ਨਾਲ ਜੀਣਾ ਨਾ ਸਿੱਖਿਆ, ਤਾਂ ਤੁਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦੇ ਹੋ। ਪਰ ਟੈਨਸ਼ਨ ਨਾਲ ਜੀਣਾ ਸਿੱਖ ਕੇ ਤੁਸੀਂ ਜ਼ਿੰਦਗੀ ਵਿਚ ਕਾਮਯਾਬ ਹੋ ਸਕੋਗੇ। ਆਓ ਆਪਾਂ ਦੇਖੀਏ ਕਿ ਇਸ ਤਰ੍ਹਾਂ ਕਰਨ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ:
ਟੈਨਸ਼ਨ ਦਾ ਕਾਰਨ ਪਛਾਣੋ। ਬਾਈਬਲ ਕਹਿੰਦੀ ਹੈ ਕਿ “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਪਰ ਤੁਸੀਂ ਟੈਨਸ਼ਨ ਜਾਂ ਬਿਪਤਾ ਤੋਂ ਲੁਕ ਨਹੀਂ ਸਕਦੇ ਜੇ ਤੁਹਾਨੂੰ ਉਸ ਦਾ ਕਾਰਨ ਨਹੀਂ ਪਤਾ। ਸੋ ਉੱਪਰ ਦੇਖੋ ਕਿ ਤੁਸੀਂ ਕੀ ਲਿਖਿਆ ਸੀ। ਕਿਹੜੀ ਚੀਜ਼ ਕਾਰਨ ਤੁਹਾਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਹੁੰਦੀ ਹੈ?
ਰਿਸਰਚ ਕਰੋ। ਜੇ ਤੁਹਾਡੇ ਉੱਤੇ ਬਹੁਤ ਸਾਰੇ ਹੋਮਵਰਕ ਦਾ ਬੋਝ ਪਿਆ ਹੈ, ਤਾਂ ਤੁਸੀਂ ਅਪ੍ਰੈਲ-ਜੂਨ 2004 ਦੇ ਜਾਗਰੂਕ ਬਣੋ! ਰਸਾਲੇ ਵਿਚ “ਨੌਜਵਾਨ ਪੁੱਛਦੇ ਹਨ—ਸਕੂਲ ਦਾ ਕੰਮ ਕਰਨ ਲਈ ਮੈਂ ਕਿੱਥੋਂ ਸਮਾਂ ਕੱਢਾਂ?” ਨਾਂ ਦੇ ਲੇਖ ਵਿਚ ਦਿੱਤੇ ਸੁਝਾਅ ਦੇਖ ਸਕਦੇ ਹੋ। ਜੇ ਤੁਹਾਡੇ ਤੇ ਸੈਕਸ ਕਰਨ ਲਈ ਜ਼ੋਰ ਪਾਇਆ ਜਾਂਦਾ ਹੈ, ਤਾਂ ਤੁਹਾਨੂੰ ਅਪ੍ਰੈਲ-ਜੂਨ 2007 ਦੇ ਜਾਗਰੂਕ ਬਣੋ! ਰਸਾਲੇ ਵਿਚ “ਨੌਜਵਾਨ ਪੁੱਛਦੇ ਹਨ—ਉਦੋਂ ਕੀ ਜਦੋਂ ਮੈਨੂੰ ਕੋਈ ਉਸ ਨਾਲ ਸੈਕਸ ਕਰਨ ਲਈ ਕਹੇ?” ਨਾਂ ਦੇ ਲੇਖ ਵਿੱਚੋਂ ਵਧੀਆ ਸਲਾਹ ਮਿਲੇਗੀ।
ਜਵਾਬ ਤਿਆਰ ਰੱਖੋ। ਜੇ ਤੁਹਾਨੂੰ ਇਸ ਗੱਲ ਦਾ ਫ਼ਿਕਰ ਹੈ ਕਿ ਤੁਹਾਡੇ ਹਾਣੀ ਤੁਹਾਡੇ ਧਰਮ ਬਾਰੇ ਜਾਣ ਕੇ ਕੀ ਕਹਿਣਗੇ, ਤਾਂ ਪਹਿਲਾਂ ਹੀ ਸੋਚ ਲਓ ਕਿ ਤੁਸੀਂ ਉਨ੍ਹਾਂ ਨੂੰ ਕੀ ਜਵਾਬ ਦਿਓਗੇ। (ਕਹਾਉਤਾਂ 29:25) 18 ਸਾਲਾਂ ਦੀ ਕੈਲਸੀ ਕਹਿੰਦੀ ਹੈ ਕਿ “ਕਿਸੇ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੈਂ ਤੈ ਕਰ ਲੈਂਦੀ ਸੀ ਕਿ ਜੇ ਉਨ੍ਹਾਂ ਨੇ ਮੈਨੂੰ ਮੇਰੇ ਧਰਮ ਬਾਰੇ ਕੁਝ ਪੁੱਛਿਆ, ਤਾਂ ਮੈਂ ਉਨ੍ਹਾਂ ਨੂੰ ਕੀ ਕਹਾਂਗੀ।” ਬੈਲਜੀਅਮ ਵਿਚ ਰਹਿਣ ਵਾਲੇ 18 ਸਾਲਾਂ ਦੇ ਐਰਨ ਨੇ ਵੀ ਕੁਝ ਇਸ ਤਰ੍ਹਾਂ ਹੀ ਕੀਤਾ। ਉਹ ਦੱਸਦਾ ਹੈ: “ਮੈਂ ਪਹਿਲੋਂ ਹੀ ਸੋਚਦਾ ਸੀ ਕਿ ਮੈਥੋਂ ਕਿਹੋ ਜਿਹੇ ਸਵਾਲ ਪੁੱਛ ਜਾਣਗੇ ਅਤੇ ਉਨ੍ਹਾਂ ਦੇ ਜਵਾਬ ਤਿਆਰ ਕਰ ਕੇ ਰੱਖਦਾ ਸੀ। ਜੇ ਮੈਂ ਇੱਦਾਂ ਨਾ ਕੀਤਾ ਹੁੰਦਾ, ਤਾਂ ਮੇਰੇ ਵਿਚ ਆਪਣੇ ਧਰਮ ਦੀ ਗੱਲ ਕਰਨ ਦੀ ਹਿੰਮਤ ਨਹੀਂ ਸੀ ਹੋਣੀ।”
ਢਿੱਲ-ਮੱਠ ਨਾ ਕਰੋ। ਕਿਸੇ ਮੁਸ਼ਕਲ ਅੱਗੇ ਅੱਖਾਂ ਮੀਟਣ ਨਾਲ ਉਹ ਮੁਸ਼ਕਲ ਗਾਇਬ ਨਹੀਂ ਹੋ ਜਾਂਦੀ। ਜੇ ਉਸ ਬਾਰੇ ਕੁਝ ਕੀਤਾ ਨਾ ਜਾਵੇ, ਤਾਂ ਉਹ ਵਧ ਜਾਵੇਗੀ ਜਿਸ ਕਾਰਨ ਟੈਨਸ਼ਨ ਵੀ ਵਧ ਜਾਂਦੀ ਹੈ। ਮਿਸਾਲ ਲਈ, ਜੇ ਤੁਸੀਂ ਯਹੋਵਾਹ ਦੇ ਗਵਾਹ ਹੋ, ਤਾਂ ਆਪਣੀ ਪਛਾਣ ਕਰਾਉਣ ਵਿਚ ਦੇਰ ਨਾ ਕਰਨ ਨਾਲ ਤੁਹਾਡਾ ਹੀ ਫ਼ਾਇਦਾ ਹੋਵੇਗਾ। 20 ਸਾਲਾਂ ਦੀ ਮਾਰਸ਼ੇ ਕਹਿੰਦੀ ਹੈ: “ਸਕੂਲ ਵਿਚ ਨਵਾਂ ਸਾਲ ਚੜ੍ਹਦੇ ਹੀ ਮੈਂ ਕੋਈ ਵਿਸ਼ਾ ਚੁਣ ਕੇ ਉਸ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੰਦੀ ਸੀ ਤਾਂਕਿ ਮੈਨੂੰ ਬਾਈਬਲ ਤੋਂ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਦਾ ਮੌਕਾ ਮਿਲੇ। ਇਸ ਤਰ੍ਹਾਂ ਕਰਨ ਨਾਲ ਬਾਈਬਲ ਦੀ ਸਿੱਖਿਆ ਅਨੁਸਾਰ ਚੱਲਣ ਵਿਚ ਪੂਰੇ ਸਾਲ ਮੇਰੀ ਮਦਦ ਹੁੰਦੀ ਰਹਿੰਦੀ ਸੀ। ਯਹੋਵਾਹ ਦੀ ਗਵਾਹ ਵਜੋਂ ਆਪਣੀ ਪਛਾਣ ਕਰਾਉਣ ਵਿਚ ਮੈਂ ਜਿੰਨੀ ਦੇਰ ਲਾਉਂਦੀ ਸੀ, ਬਾਅਦ ਵਿਚ ਉੱਨਾ ਹੀ ਜ਼ਿਆਦਾ ਆਪਣੇ ਧਰਮ ਬਾਰੇ ਗੱਲ ਕਰਨੀ ਔਖੀ ਹੋ ਜਾਂਦੀ ਸੀ।”
ਮਦਦ ਮੰਗੋ। ਅਜਿਹੇ ਭਾਰ ਹਨ ਜੋ ਤਕੜੇ ਤੋਂ ਤਕੜਾ ਪਹਿਲਵਾਨ ਵੀ ਨਹੀਂ ਚੁੱਕ ਸਕਦਾ। ਇਹ ਗੱਲ ਤੁਹਾਡੇ ਬਾਰੇ ਵੀ ਸੱਚ ਹੈ। ਪਰ ਤੁਹਾਨੂੰ ਇਕੱਲਿਆਂ ਇਹ ਭਾਰ ਚੁੱਕਣ ਦੀ ਲੋੜ ਨਹੀਂ। (ਗਲਾਤੀਆਂ 6:2) ਤੁਸੀਂ ਆਪਣੇ ਮਾਂ-ਬਾਪ ਜਾਂ ਕਲੀਸਿਯਾ ਵਿਚ ਕਿਸੇ ਸਿਆਣੇ ਭੈਣ-ਭਰਾ ਨਾਲ ਗੱਲ ਕਰ ਸਕਦੇ ਹੋ। ਉਨ੍ਹਾਂ ਨੂੰ ਇਸ ਲੇਖ ਵਿੱਚੋਂ ਉਹ ਜਵਾਬ ਦਿਖਾਓ ਜੋ ਤੁਸੀਂ ਲਿਖੇ ਸਨ। ਉਨ੍ਹਾਂ ਨਾਲ ਗੱਲ ਕਰੋ ਕਿ ਟੈਨਸ਼ਨ ਘਟਾਉਣ ਵਿਚ ਉਹ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ। ਆਇਰਲੈਂਡ ਵਿਚ ਰਹਿਣ ਵਾਲੀ ਲਿਜ਼ ਡਰਦੀ ਸੀ ਕਿ ਸਕੂਲ ਵਿਚ ਬੱਚੇ ਉਸ ਦੇ ਧਰਮ ਦੇ ਕਾਰਨ ਉਸ ਦਾ ਮਜ਼ਾਕ ਕਰਨਗੇ। ਇਸ ਬਾਰੇ ਉਸ ਨੇ ਆਪਣੇ ਡੈਡੀ ਨੂੰ ਦੱਸਿਆ ਸੀ। ਉਹ ਕਹਿੰਦੀ ਹੈ: “ਹਰ ਰੋਜ਼ ਮੈਨੂੰ ਸਕੂਲ ਲੈ ਜਾਣ ਤੋਂ ਪਹਿਲਾਂ ਮੇਰੇ ਡੈਡੀ ਮੇਰੇ ਨਾਲ ਪ੍ਰਾਰਥਨਾ ਕਰਦੇ ਸਨ। ਫਿਰ ਸਾਰਾ ਦਿਨ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਸੀ।”
ਕੀ ਟੈਨਸ਼ਨ ਦੇ ਫ਼ਾਇਦੇ ਵੀ ਹੋ ਸਕਦੇ ਹਨ?
ਮੰਨੋ ਜਾਂ ਨਾ ਪਰ ਟੈਨਸ਼ਨ ਦਾ ਫ਼ਾਇਦਾ ਵੀ ਹੁੰਦਾ ਹੈ। ਕਿਉਂ? ਜੇ ਤੁਹਾਨੂੰ ਟੈਨਸ਼ਨ ਹੈ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਮਿਹਨਤੀ ਹੋ ਤੇ ਤੁਹਾਡੀ ਜ਼ਮੀਰ ਵੀ ਕੰਮ ਕਰ ਰਹੀ ਹੈ। ਨੋਟ ਕਰੋ ਬਾਈਬਲ ਵਿਚ ਇਕ ਆਦਮੀ ਦੀ ਗੱਲ ਕਿਵੇਂ ਕੀਤੀ ਗਈ ਹੈ ਜਿਸ ਨੂੰ ਕੋਈ ਟੈਨਸ਼ਨ ਨਹੀਂ ਸੀ: “ਆਲਸੀ ਮਨੁੱਖ ਕਦੋਂ ਤਕ ਬਿਸਤਰ ਉਤੇ ਲੇਟਿਆ ਰਹੇਗਾ? ਉਹ ਕਦੋਂ ਨੀਂਦ ਤੋਂ ਜਾਗੇਗਾ? ਉਹ ਕਹਿੰਦਾ ਹੈ, ‘ਮੈਂ ਕੇਵਲ ਥੋੜ੍ਹੀ ਜਿਹੀ ਨੀਂਦ ਲਵਾਂਗਾ, ਮੈਂ ਥੋੜ੍ਹੇ ਚਿਰ ਲਈ, ਆਪਣੇ ਹੱਥ ਸਿਰ ਹੇਠ ਰੱਖ ਕੇ ਲੇਟਾਂਗਾ।’ ਪਰ ਜਦੋਂ ਉਹ ਸੌਂ ਰਿਹਾ ਹੋਵੇਗਾ ਗਰੀਬੀ ਉਸ ਉਤੇ ਹਥਿਆਰਬੰਦ ਲੁਟੇਰਿਆਂ ਦੇ ਵਾਂਗ ਹੱਲਾ ਬੋਲੇਗੀ।”—ਕਹਾਉਤਾਂ 6:9-11, CL.
16 ਸਾਲਾਂ ਦੀ ਹਾਇਡੀ ਕਹਿੰਦੀ ਹੈ: “ਭਾਵੇਂ ਤੁਹਾਨੂੰ ਸਕੂਲ ਬਹੁਤ ਹੀ ਭੈੜੀ ਜਗ੍ਹਾ ਲੱਗੇ, ਪਰ ਜਿਸ ਤਰ੍ਹਾਂ ਦੇ ਦਬਾਅ ਸਕੂਲ ਵਿਚ ਤੁਹਾਡੇ ਉੱਤੇ ਆਉਂਦੇ ਹਨ ਉਸੇ ਤਰ੍ਹਾਂ ਦੇ ਦਬਾਅ ਨੌਕਰੀ ਕਰਨ ਵੇਲੇ ਵੀ ਤੁਹਾਡੇ ਤੇ ਆਉਣਗੇ।” ਟੈਨਸ਼ਨ ਨਾਲ ਜੀਣਾ ਆਸਾਨ ਨਹੀਂ ਹੈ, ਪਰ ਇਸ ਨਾਲ ਜੀਣਾ ਨਾਮੁਮਕਿਨ ਵੀ ਨਹੀਂ। ਦਰਅਸਲ ਟੈਨਸ਼ਨ ਨੂੰ ਚੁੱਕਣ ਨਾਲ ਤੁਸੀਂ ਤਕੜੇ ਹੋ ਜਾਓਗੇ। (g 9/08)
a ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।
ਇਸ ਬਾਰੇ ਸੋਚੋ
ਟੈਨਸ਼ਨ ਦੀਆਂ ਨਿਸ਼ਾਨੀਆਂ ਕੀ ਹਨ?
ਹਰ ਕੀਮਤ ਤੇ ਸਫ਼ਲ ਹੋਣ ਦੀ ਕੋਸ਼ਿਸ਼ ਕਰਨ ਨਾਲ ਤੁਹਾਡੀ ਟੈਨਸ਼ਨ ਕਿਵੇਂ ਵਧੇਗੀ?
ਜੇ ਤੁਸੀਂ ਟੈਨਸ਼ਨ ਨੂੰ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਹੋ, ਤਾਂ ਤੁਸੀਂ ਕਿਸ ਨਾਲ ਗੱਲ ਕਰ ਸਕਦੇ ਹੋ?