ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • we ਸਫ਼ੇ 26-31
  • ਸਾਡੇ ਪਿਆਰਿਆਂ ਲਈ ਇਕ ਪੱਕੀ ਉਮੀਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡੇ ਪਿਆਰਿਆਂ ਲਈ ਇਕ ਪੱਕੀ ਉਮੀਦ
  • ਮੌਤ ਦਾ ਗਮ ਕਿੱਦਾਂ ਸਹੀਏ?
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਲਾਜ਼ਰ, ਬਾਹਰ ਆ!”
  • ਕੀ ਇੱਦਾਂ ਸੱਚ-ਮੁੱਚ ਹੋਇਆ ਸੀ?
  • ਪਰਮੇਸ਼ੁਰ ਮੁਰਦਿਆਂ ਨੂੰ ਜ਼ਿੰਦਾ ਕਰਨਾ ਚਾਹੁੰਦਾ ਹੈ
  • ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਪੱਕੀ ਉਮੀਦ
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • “ਤੇਰਾ ਭਰਾ ਜੀਉਂਦਾ ਹੋ ਜਾਵੇਗਾ”!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਮਰੇ ਹੋਏ ਲੋਕਾਂ ਲਈ ਉਮੀਦ—ਉਹ ਦੁਬਾਰਾ ਜੀਉਂਦੇ ਕੀਤੇ ਜਾਣਗੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਹੋਰ ਦੇਖੋ
ਮੌਤ ਦਾ ਗਮ ਕਿੱਦਾਂ ਸਹੀਏ?
we ਸਫ਼ੇ 26-31

ਸਾਡੇ ਪਿਆਰਿਆਂ ਲਈ ਇਕ ਪੱਕੀ ਉਮੀਦ

“ਮੈਂ 17 ਸਾਲਾਂ ਦੀ ਸੀ ਅਤੇ ਮੇਰਾ ਭਰਾ 11 ਸਾਲਾਂ ਦਾ ਜਦੋਂ 1981 ਵਿਚ ਕੈਂਸਰ ਨੇ ਮੇਰੀ ਮਾਂ ਦੀ ਜਾਨ ਲੈ ਲਈ,” ਇਕ 25 ਸਾਲਾਂ ਦੀ ਲੜਕੀ ਨੇ ਲਿਖਿਆ। “ਮੈਨੂੰ ਅਤੇ ਮੇਰੇ ਭਰਾ ਨੂੰ ਵੱਡਾ ਸਦਮਾ ਪਹੁੰਚਿਆ। ਉਹ ਸਿਰਫ਼ ਮੇਰੀ ਮਾਂ ਹੀ ਨਹੀਂ, ਸਗੋਂ ਮੇਰੀ ਸਹੇਲੀ ਵੀ ਸੀ। ਮੈਨੂੰ ਉਸ ਦੀ ਯਾਦ ਬਹੁਤ ਆਉਂਦੀ ਹੈ। ਮੈਂ ਇਹ ਮੰਨਦੀ ਆਈ ਸੀ ਕਿ ਉਹ ਹੁਣ ਸਵਰਗ ਚੱਲ ਵਸੀ ਸੀ। ਮੈਂ ਆਪਣੀ ਜਾਨ ਲੈ ਕੇ ਉਹ ਦੇ ਕੋਲ ਜਾਣਾ ਚਾਹੁੰਦੀ ਸੀ।”

ਇਹ ਕਿੰਨੀ ਬੇਇਨਸਾਫ਼ੀ ਲੱਗਦੀ ਹੈ ਕਿ ਮੌਤ ਸਾਨੂੰ ਆਪਣੇ ਪਿਆਰਿਆਂ ਤੋਂ ਜੁਦਾ ਕਰ ਦਿੰਦੀ ਹੈ। ਇਹ ਗੱਲ ਸਹਿਣੀ ਬਹੁਤ ਔਖੀ ਹੁੰਦੀ ਹੈ ਕਿ ਅਸੀਂ ਉਨ੍ਹਾਂ ਨਾਲ ਫਿਰ ਕਦੀ ਵੀ ਗੱਲ ਨਹੀਂ ਕਰ ਸਕਾਂਗੇ, ਹੱਸ-ਖੇਡ ਨਹੀਂ ਸਕਾਂਗੇ ਜਾਂ ਉਨ੍ਹਾਂ ਨੂੰ ਜੱਫੀ ਨਹੀਂ ਪਾ ਸਕਾਂਗੇ। ਭਾਵੇਂ ਸਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਸਾਡਾ ਅਜ਼ੀਜ਼ ਸਵਰਗਵਾਸ ਹੋ ਗਿਆ ਹੈ, ਤਾਂ ਵੀ ਸਾਡਾ ਦਰਦ ਘਟਦਾ ਨਹੀਂ।

ਪਰ, ਬਾਈਬਲ ਇਕ ਬਿਲਕੁਲ ਵੱਖਰੀ ਉਮੀਦ ਦਿੰਦੀ ਹੈ। ਜਿੱਦਾਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਬਾਈਬਲ ਦੱਸਦੀ ਹੈ ਕਿ ਇਕ ਅਜਿਹਾ ਸਮਾਂ ਆਉਣ ਵਾਲਾ ਹੈ ਜਦੋਂ ਸਾਡੇ ਅਜ਼ੀਜ਼ ਫਿਰ ਤੋਂ ਜੀਉਂਦੇ ਕੀਤੇ ਜਾਣਗੇ। ਜੀ ਹਾਂ, ਉਨ੍ਹਾਂ ਨੂੰ ਇਕ ਸੁੰਦਰ ਧਰਤੀ ਉੱਤੇ ਜੀਉਂਦਾ ਕੀਤਾ ਜਾਵੇਗਾ। ਉਸ ਸਮੇਂ ਸਾਰੇ ਇਨਸਾਨ ਸ਼ਾਂਤੀ ਵਿਚ ਰਹਿਣਗੇ, ਉਹ ਪੂਰੀ ਤਰ੍ਹਾਂ ਤੰਦਰੁਸਤ ਹੋਣਗੇ ਅਤੇ ਉਨ੍ਹਾਂ ਨੂੰ ਫਿਰ ਕਦੇ ਵੀ ਨਹੀਂ ਮਰਨਾ ਪਵੇਗਾ। ਪਰ, ਕਈ ਸ਼ਾਇਦ ਸੋਚਣ: ‘ਇਹ ਤਾਂ ਇਕ ਸੁਪਨਾ ਲੱਗਦਾ ਹੈ!’

ਅਸੀਂ ਕਿੱਦਾਂ ਯਕੀਨ ਕਰ ਸਕਦੇ ਹਾਂ ਕਿ ਇਹ ਕੋਈ ਸੁਪਨਾ ਹੀ ਨਹੀਂ, ਸਗੋਂ ਪੱਕੀ ਉਮੀਦ ਹੈ? ਕਿਸੇ ਵਾਅਦੇ ਵਿਚ ਵਿਸ਼ਵਾਸ ਕਰਨ ਲਈ ਸਾਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਵਾਅਦਾ ਕਰਨ ਵਾਲਾ ਉਸ ਨੂੰ ਪੂਰਾ ਕਰ ਸਕਦਾ ਹੈ ਅਤੇ ਕਰਨਾ ਚਾਹੁੰਦਾ ਵੀ ਹੈ। ਤਾਂ ਫਿਰ, ਮੁਰਦਿਆਂ ਨੂੰ ਜੀਉਂਦਾ ਕਰਨ ਦਾ ਵਾਅਦਾ ਕਿਸ ਨੇ ਕੀਤਾ ਹੈ?

ਤਕਰੀਬਨ 2,000 ਸਾਲ ਪਹਿਲਾਂ ਯਿਸੂ ਮਸੀਹ ਨੇ ਵਾਅਦਾ ਕੀਤਾ: “ਪਿਤਾ ਮੁਰਦਿਆਂ ਨੂੰ ਜ਼ਿੰਦਾ ਕਰਦਾ ਹੈ ਅਤੇ ਉਹਨਾਂ ਨੂੰ ਫਿਰ ਜੀਵਣ ਦਿੰਦਾ ਹੈ, ਇਸੇ ਤਰ੍ਹਾਂ ਪੁੱਤਰ ਵੀ ਜਿਸ ਨੂੰ ਉਹ ਚਾਹੁੰਦਾ ਹੈ, ਜੀਵਣ ਦਾਨ ਕਰਦਾ ਹੈ। ਇਸ ਗੱਲ ਉਤੇ ਤੁਸੀਂ ਹੈਰਾਨ ਨਾ ਹੋਵੋ। ਸਮਾਂ ਆ ਗਿਆ ਹੈ, ਜਦੋਂ ਜੋ ਕਬਰਾਂ ਵਿਚ ਹਨ, [ਮੇਰੀ] ਅਵਾਜ਼ ਸੁਣਨਗੇ, ਅਤੇ ਕਬਰਾਂ ਵਿਚੋਂ ਬਾਹਰ ਆ ਜਾਣਗੇ।” (ਯੂਹੰਨਾ 5:21, 28, 29, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਯਿਸੂ ਮਸੀਹ ਨੇ ਵਾਅਦਾ ਕੀਤਾ ਹੈ ਕਿ ਲੱਖਾਂ ਹੀ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਵਨ ਬਖ਼ਸ਼ਿਆ ਜਾਵੇਗਾ। ਉਨ੍ਹਾਂ ਕੋਲ ਸੁੱਖ-ਚੈਨ ਨਾਲ ਇਸ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਹੋਵੇਗੀ। (ਯੂਹੰਨਾ 3:16; 17:3; ਜ਼ਬੂਰਾਂ ਦੀ ਪੋਥੀ 37:29 ਅਤੇ ਮੱਤੀ 5:5 ਦੀ ਤੁਲਨਾ ਕਰੋ।) ਇਹ ਵਾਅਦਾ ਯਿਸੂ ਨੇ ਕੀਤਾ ਹੈ, ਇਸ ਲਈ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਉਹ ਇਸ ਨੂੰ ਪੂਰਾ ਵੀ ਕਰਨਾ ਚਾਹੁੰਦਾ ਹੈ। ਪਰ ਕੀ ਉਸ ਕੋਲ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਤਾਕਤ ਹੈ?

ਇਹ ਵਾਅਦਾ ਕਰਨ ਤੋਂ ਕੁਝ ਦੋ ਸਾਲ ਬਾਅਦ ਯਿਸੂ ਨੇ ਇਕ ਚਮਤਕਾਰ ਕਰ ਕੇ ਦਿਖਾਇਆ ਸੀ ਕਿ ਉਹ ਮੁਰਦਿਆਂ ਨੂੰ ਜੀਉਂਦਾ ਕਰ ਸਕਦਾ ਹੈ ਅਤੇ ਕਰਨਾ ਚਾਹੁੰਦਾ ਵੀ ਹੈ।

“ਲਾਜ਼ਰ, ਬਾਹਰ ਆ!”

ਯਿਸੂ ਦਾ ਦੋਸਤ ਲਾਜ਼ਰ ਬਹੁਤ ਬੀਮਾਰ ਸੀ। ਯਿਸੂ ਯਰਦਨ ਨਦੀ ਦੇ ਪਾਰ ਸੀ ਜਦੋਂ ਲਾਜ਼ਰ ਦੀਆਂ ਭੈਣਾਂ, ਮਰੀਅਮ ਅਤੇ ਮਾਰਥਾ ਨੇ ਉਸ ਨੂੰ ਇਹ ਸੁਨੇਹਾ ਭੇਜ ਕੇ ਬੁਲਾਇਆ: “ਪ੍ਰਭੁ ਜੀ ਵੇਖ ਜਿਸ ਨਾਲ ਤੂੰ ਹਿਤ ਕਰਦਾ ਹੈਂ ਸੋ ਬਿਮਾਰ ਹੈ।” (ਯੂਹੰਨਾ 11:3) ਉਹ ਜਾਣਦੀਆਂ ਸਨ ਕਿ ਯਿਸੂ ਲਾਜ਼ਰ ਨਾਲ ਕਿੰਨਾ ਪਿਆਰ ਕਰਦਾ ਸੀ। ਉਨ੍ਹਾਂ ਨੇ ਸੋਚਿਆ ਕਿ ਉਹ ਜ਼ਰੂਰ ਆਪਣੇ ਬੀਮਾਰ ਮਿੱਤਰ ਨੂੰ ਮਿਲਣ ਆਵੇਗਾ। ਪਰ, ਅਜੀਬ ਗੱਲ ਤਾਂ ਇਹ ਹੈ ਕਿ ਬੈਤਅਨਿਯਾ ਨਗਰ ਵਿਚ ਲਾਜ਼ਰ ਦੇ ਘਰ ਇਕਦਮ ਜਾਣ ਦੀ ਬਜਾਇ ਯਿਸੂ ਦੋ ਦਿਨ ਠਹਿਰ ਕੇ ਗਿਆ।—ਯੂਹੰਨਾ 11:5, 6.

ਯਿਸੂ ਨੂੰ ਸੁਨੇਹਾ ਪਹੁੰਚਣ ਤੋਂ ਕੁਝ ਹੀ ਸਮੇਂ ਬਾਅਦ ਲਾਜ਼ਰ ਪੂਰਾ ਹੋ ਗਿਆ। ਯਿਸੂ ਨੂੰ ਪਤਾ ਸੀ ਕਿ ਲਾਜ਼ਰ ਕਦੋਂ ਮਰਿਆ ਸੀ ਅਤੇ ਹੁਣ ਉਹ ਬੈਤਅਨਿਯਾ ਨਗਰ ਵੱਲ ਚੱਲ ਪਿਆ। ਜਦੋਂ ਉਹ ਉੱਥੇ ਪਹੁੰਚਿਆ, ਤਾਂ ਉਸ ਦੇ ਪਿਆਰੇ ਮਿੱਤਰ ਨੂੰ ਗੁਜ਼ਰੇ ਚਾਰ ਦਿਨ ਹੋ ਚੁੱਕੇ ਸਨ। (ਯੂਹੰਨਾ 11:17, 39) ਇੰਨੇ ਦਿਨਾਂ ਤੋਂ ਮਰੇ ਲਾਜ਼ਰ ਨੂੰ ਕੀ ਯਿਸੂ ਮੁੜ ਕੇ ਜੀਉਂਦਾ ਕਰ ਸਕਦਾ ਸੀ?

ਜਦੋਂ ਮਾਰਥਾ ਨੂੰ ਪਤਾ ਲੱਗਾ ਕਿ ਯਿਸੂ ਆ ਰਿਹਾ ਸੀ, ਤਾਂ ਉਹ ਉਸ ਨੂੰ ਮਿਲਣ ਦੌੜੀ ਗਈ। (ਲੂਕਾ 10:38-42 ਦੀ ਤੁਲਨਾ ਕਰੋ।) ਯਿਸੂ ਕੋਲੋਂ ਉਹ ਦਾ ਦੁੱਖ ਦੇਖਿਆ ਨਹੀਂ ਗਿਆ। ਉਸ ਨੇ ਮਾਰਥਾ ਨੂੰ ਯਕੀਨ ਦਿਲਾਇਆ: “ਤੇਰਾ ਭਰਾ ਫਿਰ ਜੀ ਉਠੇਗਾ।” ਮਾਰਥਾ ਇਸ ਗੱਲ ਨਾਲ ਸਹਿਮਤ ਸੀ। ਉਸ ਨੂੰ ਪਤਾ ਸੀ ਕਿ ਭਵਿੱਖ ਵਿਚ ਮੁਰਦੇ ਜੀ ਉਠਾਏ ਜਾਣਗੇ। ਪਰ ਯਿਸੂ ਨੇ ਉਸ ਨੂੰ ਸਾਫ਼-ਸਾਫ਼ ਦੱਸਿਆ: “ਮੈਂ ਹੀ ਪੁਨਰ ਉੱਥਾਨ ਅਤੇ ਜੀਵਣ ਹਾਂ। ਜੋ ਕੋਈ ਮੇਰੇ ਤੇ ਵਿਸ਼ਵਾਸ ਰੱਖਦਾ ਹੈ, ਬੇਸ਼ੱਕ ਉਹ ਮਰ ਵੀ ਜਾਵੇ, ਉਹ ਫਿਰ ਵੀ ਜੀਵੇਗਾ।”—ਯੂਹੰਨਾ 11:20-25, ਨਵਾਂ ਅਨੁਵਾਦ।

ਯਿਸੂ ਲਾਜ਼ਰ ਨੂੰ ਦੁਬਾਰਾ ਜੀਉਂਦਾ ਕਰਦਾ ਹੋਇਆ

ਜਦੋਂ ਯਿਸੂ ਕਬਰ ਕੋਲ ਪਹੁੰਚਿਆ, ਤਾਂ ਉਸ ਨੇ ਕਿਹਾ ਕਿ ਕਬਰ ਦੇ ਮੂੰਹ ਅੱਗੇ ਰੱਖੇ ਗਏ ਪੱਥਰ ਨੂੰ ਹਟਾਇਆ ਜਾਵੇ। ਫਿਰ, ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰਨ ਤੋਂ ਬਾਅਦ ਉਸ ਨੇ ਹੁਕਮ ਦਿੱਤਾ: “ਲਾਜ਼ਰ, ਬਾਹਰ ਆ!”—ਯੂਹੰਨਾ 11:38-43.

ਸਾਰਿਆਂ ਦੀਆਂ ਨਜ਼ਰਾਂ ਕਬਰ ਉੱਤੇ ਟਿਕੀਆਂ ਹੋਈਆਂ ਸਨ। ਫਿਰ, ਹੌਲੀ-ਹੌਲੀ ਕਬਰ ਵਿੱਚੋਂ ਇਕ ਬੰਦਾ ਬਾਹਰ ਆਇਆ। ਉਹ ਦੇ ਹੱਥ-ਪੈਰ ਕਫ਼ਨ ਨਾਲ ਬੰਨ੍ਹੇ ਹੋਏ ਸਨ ਅਤੇ ਉਹ ਦੇ ਮੂੰਹ ਦੇ ਦੁਆਲੇ ਰੁਮਾਲ ਬੰਨ੍ਹਿਆ ਹੋਇਆ ਸੀ। ਯਿਸੂ ਨੇ ਉੱਥੇ ਹਾਜ਼ਰ ਲੋਕਾਂ ਨੂੰ ਕਿਹਾ: “ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।” ਉਨ੍ਹਾਂ ਨੇ ਬੰਦੇ ਦੀਆਂ ਸਾਰੀਆਂ ਪੱਟੀਆਂ ਖੋਲ੍ਹ ਕੇ ਦੇਖਿਆ ਕਿ ਇਹ ਸੱਚ-ਮੁੱਚ ਲਾਜ਼ਰ ਹੀ ਸੀ!—ਯੂਹੰਨਾ 11:44.

ਕੀ ਇੱਦਾਂ ਸੱਚ-ਮੁੱਚ ਹੋਇਆ ਸੀ?

ਲਾਜ਼ਰ ਦੇ ਜੀ ਉਠਾਏ ਜਾਣ ਦੀ ਕਹਾਣੀ ਯੂਹੰਨਾ ਦੀ ਇੰਜੀਲ ਵਿਚ ਇਕ ਹਕੀਕਤ ਦੇ ਤੌਰ ਤੇ ਪੇਸ਼ ਕੀਤੀ ਗਈ ਹੈ। ਇਸ ਕਹਾਣੀ ਵਿਚ ਛੋਟੀਆਂ-ਛੋਟੀਆਂ ਗੱਲਾਂ ਵੀ ਦੱਸੀਆਂ ਗਈਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਕੋਈ ਮਨ-ਘੜਤ ਗੱਲ ਨਹੀਂ ਹੋ ਸਕਦੀ। ਜੇ ਅਸੀਂ ਇਸ ਚਮਤਕਾਰ ਉੱਤੇ ਸ਼ੱਕ ਕਰੀਏ, ਤਾਂ ਅਸੀਂ ਬਾਈਬਲ ਦੇ ਸਾਰਿਆਂ ਚਮਤਕਾਰਾਂ ਉੱਤੇ ਸ਼ੱਕ ਕਰਦੇ ਹੋਵਾਂਗੇ। ਅਸੀਂ ਯਿਸੂ ਮਸੀਹ ਦੇ ਜੀ ਉਠਾਏ ਜਾਣ ਉੱਤੇ ਵੀ ਸ਼ੱਕ ਕਰਦੇ ਹੋਵਾਂਗੇ ਅਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਸਾਰੀਆਂ ਮਸੀਹੀ ਸਿੱਖਿਆਵਾਂ ਦਾ ਇਨਕਾਰ ਕਰ ਰਹੇ ਹੋਵਾਂਗੇ।—1 ਕੁਰਿੰਥੀਆਂ 15:13-15.

ਅਸਲ ਵਿਚ, ਜੇ ਅਸੀਂ ਮੰਨਦੇ ਹਾਂ ਕਿ ਰੱਬ ਹੈ, ਤਾਂ ਮੁਰਦਿਆਂ ਦੇ ਜੀ ਉਠਾਏ ਜਾਣ ਦੇ ਵਾਅਦੇ ਵਿਚ ਵਿਸ਼ਵਾਸ ਕਰਨਾ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੋਣੀ ਚਾਹੀਦੀ। ਮਿਸਾਲ ਲਈ, ਮਰਨ ਤੋਂ ਪਹਿਲਾਂ ਇਕ ਬੰਦਾ ਆਪਣੀ ਆਖ਼ਰੀ ਇੱਛਾ ਵਿਡਿਓ ਤੇ ਰਿਕਾਰਡ ਕਰ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਉਸ ਦੇ ਮਰਨ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਵਿਡਿਓ ਦੇਖ ਕੇ ਜਾਣ ਸਕਦੇ ਹਨ ਕਿ ਉਹ ਦੀ ਜਾਇਦਾਦ ਨੂੰ ਕਿੱਦਾਂ ਵੰਡਿਆ ਤੇ ਵਰਤਿਆ ਜਾਣਾ ਚਾਹੀਦਾ ਹੈ। ਸੌ ਸਾਲ ਪਹਿਲਾਂ ਲੋਕ ਵਿਡਿਓ ਰਿਕਾਰਡਿੰਗ ਦੀ ਕਲਪਨਾ ਵੀ ਨਹੀਂ ਕਰ ਸਕਦੇ ਸਨ। ਅਤੇ ਅੱਜ ਵੀ ਦੁਨੀਆਂ ਦੇ ਕੁਝ ਹਿੱਸਿਆਂ ਵਿਚ ਅਜਿਹੀ ਤਕਨਾਲੋਜੀ ਲੋਕਾਂ ਦੀ ਸਮਝ ਤੋਂ ਇੰਨੀ ਬਾਹਰ ਹੈ ਕਿ ਇਹ ਉਨ੍ਹਾਂ ਨੂੰ ਚਮਤਕਾਰ ਲੱਗਦਾ ਹੈ। ਵੈਸੇ, ਇਨਸਾਨ ਸ੍ਰਿਸ਼ਟੀ ਵਿਚ ਠਹਿਰਾਏ ਪਰਮੇਸ਼ੁਰ ਦੇ ਨਿਯਮਾਂ ਦੀ ਮਦਦ ਨਾਲ ਹੀ ਅਜਿਹੀਆਂ ਚੀਜ਼ਾਂ ਬਣਾ ਸਕਿਆ ਹੈ। ਤਾਂ ਫਿਰ ਜਿਸ ਨੇ ਇਹ ਨਿਯਮ ਸਥਾਪਿਤ ਕੀਤੇ ਹਨ, ਕੀ ਉਹ ਖ਼ੁਦ ਇਸ ਤੋਂ ਵੱਡੇ-ਵੱਡੇ ਕੰਮ ਨਹੀਂ ਕਰ ਸਕਦਾ? ਕੀ ਇਹ ਮੁਨਾਸਬ ਨਹੀਂ ਹੈ ਕਿ ਜਿਸ ਰੱਬ ਨੇ ਸਾਨੂੰ ਬਣਾਇਆ ਹੈ ਉਹ ਸਾਨੂੰ ਦੁਬਾਰਾ ਬਣਾਉਣ ਦੀ ਤਾਕਤ ਰੱਖਦਾ ਹੈ?

ਲਾਜ਼ਰ ਦੀ ਕਹਾਣੀ ਨੇ ਯਿਸੂ ਵਿਚ ਅਤੇ ਜੀ ਉਠਾਏ ਜਾਣ ਦੀ ਉਮੀਦ ਵਿਚ ਸਾਡਾ ਵਿਸ਼ਵਾਸ ਵਧਾਇਆ ਹੈ। (ਯੂਹੰਨਾ 11:41, 42; 12:9-11, 17-19) ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਮੁਰਦਿਆਂ ਨੂੰ ਜੀ ਉਠਾਉਣਾ ਚਾਹੁੰਦੇ ਹਨ।

ਪਰਮੇਸ਼ੁਰ ਮੁਰਦਿਆਂ ਨੂੰ ਜ਼ਿੰਦਾ ਕਰਨਾ ਚਾਹੁੰਦਾ ਹੈ

ਲਾਜ਼ਰ ਦੀ ਮੌਤ ਹੋਣ ਤੇ ਯਿਸੂ ਨੇ ਜੋ ਜਜ਼ਬਾਤ ਜ਼ਾਹਰ ਕੀਤੇ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਬੜਾ ਕੋਮਲ ਆਦਮੀ ਸੀ। ਇਸ ਮੌਕੇ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਯਿਸੂ ਦਿਲੋਂ ਮਰਿਆਂ ਹੋਇਆਂ ਨੂੰ ਜ਼ਿੰਦਾ ਕਰਨਾ ਚਾਹੁੰਦਾ ਹੈ। ਅਸੀਂ ਪੜ੍ਹਦੇ ਹਾਂ: “ਜਦੋਂ ਮਰੀਅਮ ਉਥੇ ਪਹੁੰਚੀ ਜਿਥੇ ਯਿਸੂ ਸਨ, ਤਾਂ ਉਸ ਨੇ ਯਿਸੂ ਨੂੰ ਦੇਖਦਿਆਂ ਹੀ ਉਹਨਾਂ ਦੇ ਚਰਨੀ ਡਿਗ ਪਈ ਅਤੇ ਬੋਲੀ, ‘ਪ੍ਰਭੂ ਜੀ, ਜੇਕਰ ਤੁਸੀਂ ਇਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ।’ ਯਿਸੂ ਨੇ ਜਦੋਂ ਮਰੀਅਮ ਨੂੰ ਅਤੇ ਉਸ ਦੇ ਨਾਲ ਯਹੂਦੀਆਂ ਨੂੰ ਰੋਂਦੇ ਦੇਖਿਆ, ਤਾਂ ਉਹਨਾਂ ਦਾ ਦਿਲ ਭਰ ਆਇਆ ਅਤੇ ਉਹ ਆਪਣੇ ਆਪ ਵਿਚ ਬਹੁਤ ਦੁੱਖੀ ਹੋਏ। ਉਹ ਬੋਲੇ, ‘ਤੁਸੀਂ ਉਸ ਨੂੰ ਕਿਥੇ ਰਖਿਆ ਹੈ।’ ਉਹਨਾਂ ਨੇ ਉੱਤਰ ਦਿੱਤਾ, ‘ਪ੍ਰਭੂ ਜੀ, ਚਲੋ ਅਤੇ ਦੇਖੋ।’ ਯਿਸੂ ਰੋਏ। ਇਸ ਉਤੇ ਯਹੂਦੀ ਬੋਲੇ, ‘ਦੇਖੋ ਇਹ ਉਸ ਨੂੰ ਕਿੰਨਾ ਪਿਆਰ ਕਰਦਾ ਸੀ।’”—ਯੂਹੰਨਾ 11:32-36, ਨਵਾਂ ਅਨੁਵਾਦ।

ਇਸ ਹਵਾਲੇ ਵਿਚ ਦੱਸਿਆ ਹੈ ਕਿ ਯਿਸੂ ਦਾ “ਦਿਲ ਭਰ ਆਇਆ,” “ਉਹ ਆਪਣੇ ਆਪ ਵਿਚ ਬਹੁਤ ਦੁੱਖੀ ਹੋਏ” ਅਤੇ ਉਹ “ਰੋਏ।” ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਬਹੁਤ ਹੀ ਦਇਆਵਾਨ ਇਨਸਾਨ ਸੀ। ਆਪਣੇ ਪਿਆਰੇ ਮਿੱਤਰ ਲਾਜ਼ਰ ਦੀ ਮੌਤ ਅਤੇ ਲਾਜ਼ਰ ਦੀਆਂ ਭੈਣਾਂ ਦੇ ਰੋਂਦੇ ਚਿਹਰੇ ਦੇਖ ਕੇ ਯਿਸੂ ਦਾ ਦਿਲ ਇੰਨਾ ਦੁਖੀ ਹੋਇਆ ਕਿ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।a

ਯਾਦ ਰੱਖੋ ਕਿ ਯਿਸੂ ਪਹਿਲਾਂ ਵੀ ਦੋ ਇਨਸਾਨਾਂ ਨੂੰ ਮੌਤ ਦੀ ਨੀਂਦ ਤੋਂ ਜਗਾ ਚੁੱਕਾ ਸੀ ਅਤੇ ਉਹ ਲਾਜ਼ਰ ਨੂੰ ਵੀ ਜ਼ਿੰਦਾ ਕਰਨ ਵਾਲਾ ਸੀ। (ਯੂਹੰਨਾ 11:11, 23, 25) ਪਰ ਫਿਰ ਵੀ, ਉਹ ‘ਰੋਇਆ।’ ਉਹ ਦੀਆਂ ਕੋਮਲ ਅਤੇ ਗਹਿਰੀਆਂ ਭਾਵਨਾਵਾਂ ਤੋਂ ਜ਼ਾਹਰ ਹੁੰਦਾ ਹੈ ਕਿ ਯਿਸੂ ਇਨਸਾਨਾਂ ਨੂੰ ਜੀਉਂਦਾ ਕਰਨਾ ਚਾਹੁੰਦਾ ਹੈ। ਜੀ ਹਾਂ, ਮੌਤ ਦੀ ਜੜ੍ਹ ਨੂੰ ਖ਼ਤਮ ਕਰਨਾ ਉਸ ਦੀ ਦਿਲੀ ਇੱਛਾ ਹੈ।

ਜਦੋਂ ਯਿਸੂ ਨੇ ਲਾਜ਼ਰ ਨੂੰ ਜ਼ੀਉਂਦਾ ਕੀਤਾ, ਤਾਂ ਉਸ ਨੇ ਜ਼ਾਹਰ ਕੀਤਾ ਕਿ ਉਹ ਸੱਚ-ਮੁੱਚ ਲੋਕਾਂ ਨੂੰ ਮੌਤ ਦੇ ਪੰਜੇ ਤੋਂ ਬਚਾਉਣਾ ਚਾਹੁੰਦਾ ਹੈ

ਇਹ ਜਾਣਦੇ ਹੋਏ ਕਿ ਯਿਸੂ ‘ਯਹੋਵਾਹ ਪਰਮੇਸ਼ੁਰ ਦੀ ਜ਼ਾਤ ਦਾ ਨਕਸ਼’ ਹੈ, ਅਸੀਂ ਯਕੀਨ ਕਰ ਸਕਦੇ ਹਾਂ ਕਿ ਸਾਡਾ ਸਵਰਗੀ ਪਿਤਾ ਵੀ ਇੱਦਾਂ ਹੀ ਕਰਨਾ ਚਾਹੁੰਦਾ ਹੈ। (ਇਬਰਾਨੀਆਂ 1:3) ਯਹੋਵਾਹ ਦੇ ਵਫ਼ਾਦਾਰ ਸੇਵਕ ਅੱਯੂਬ ਨੇ ਲੋਕਾਂ ਨੂੰ ਜ਼ਿੰਦਾ ਕਰਨ ਦੀ ਪਰਮੇਸ਼ੁਰ ਦੀ ਗਹਿਰੀ ਇੱਛਾ ਬਾਰੇ ਗੱਲ ਕਰਦੇ ਹੋਏ ਕਿਹਾ: ‘ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ? ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।’ (ਅੱਯੂਬ 14:14, 15) “ਚਾਹਵੇਂਗਾ” ਦਾ ਮਤਲਬ ਹੈ ਕਿ ਪਰਮੇਸ਼ੁਰ ਵੱਡੀ ਚਾਹ ਅਤੇ ਇੱਛਾ ਨਾਲ ਲੋਕਾਂ ਨੂੰ ਜ਼ਿੰਦਾ ਕਰੇਗਾ। (ਉਤਪਤ 31:30; ਜ਼ਬੂਰਾਂ ਦੀ ਪੋਥੀ 84:2) ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਮੁਰਦਿਆਂ ਨੂੰ ਜੀਵਨ ਬਖ਼ਸ਼ਣ ਲਈ ਬੇਚੈਨੀ ਨਾਲ ਉਡੀਕ ਕਰਦਾ ਹੈ।

ਕੀ ਅਸੀਂ ਜੀ ਉਠਾਏ ਜਾਣ ਦੇ ਵਾਅਦੇ ਵਿਚ ਸੱਚ-ਮੁੱਚ ਵਿਸ਼ਵਾਸ ਰੱਖ ਸਕਦੇ ਹਾਂ? ਜੀ ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਇਸ ਵਾਅਦੇ ਨੂੰ ਪੂਰਾ ਕਰ ਸਕਦੇ ਹਨ ਅਤੇ ਕਰਨਾ ਚਾਹੁੰਦੇ ਵੀ ਹਨ। ਸਾਡੇ ਲਈ ਇਸ ਦਾ ਕੀ ਅਰਥ ਹੈ? ਸਾਡੇ ਕੋਲ ਪੱਕੀ ਉਮੀਦ ਹੈ ਕਿ ਅਸੀਂ ਇਸੇ ਧਰਤੀ ਉੱਤੇ ਆਪਣੇ ਵਿਛੜੇ ਹੋਏ ਪਿਆਰਿਆਂ ਨੂੰ ਫਿਰ ਤੋਂ ਮਿਲਾਂਗੇ!

ਖ਼ੁਸ਼ ਲੋਕ ਦੁਬਾਰਾ ਜੀਉਂਦਾ ਕੀਤੇ ਗਏ ਪਿਆਰਿਆਂ ਦਾ ਸੁਆਗਤ ਕਰਦੇ ਹੋਏ

ਸ਼ੁਰੂ ਵਿਚ ਯਹੋਵਾਹ ਪਰਮੇਸ਼ੁਰ ਨੇ ਇਕ ਸੁੰਦਰ ਬਾਗ਼ ਬਣਾ ਕੇ ਇਨਸਾਨਾਂ ਨੂੰ ਉਸ ਵਿਚ ਵਸਾਇਆ ਸੀ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਸਵਰਗੀ ਰਾਜ ਅਧੀਨ ਇਸ ਧਰਤੀ ਨੂੰ ਫਿਰ ਤੋਂ ਇਕ ਫਿਰਦੌਸ ਬਣਾਵੇਗਾ। (ਉਤਪਤ 2:7-9; ਮੱਤੀ 6:10; ਲੂਕਾ 23:42) ਉਸ ਫਿਰਦੌਸ ਵਿਚ ਇਨਸਾਨਾਂ ਦੇ ਸਾਰੇ ਰੋਗ ਤੇ ਦੁੱਖ-ਤਕਲੀਫ਼ ਦੂਰ ਕੀਤੇ ਜਾਣਗੇ ਅਤੇ ਉਹ ਸਦਾ ਲਈ ਜੀਉਂਦੇ ਰਹਿਣਗੇ। (ਪਰਕਾਸ਼ ਦੀ ਪੋਥੀ 21:1-4; ਅੱਯੂਬ 33:25; ਯਸਾਯਾਹ 35:5-7 ਦੀ ਤੁਲਨਾ ਕਰੋ।) ਇਸ ਦੇ ਨਾਲ-ਨਾਲ ਨਫ਼ਰਤ ਦੀ ਜੜ੍ਹ ਪੁੱਟੀ ਜਾਵੇਗੀ। ਜੀ ਹਾਂ, ਨਸਲੀ ਪੱਖ-ਪਾਤ, ਹਿੰਸਾ ਅਤੇ ਹਰ ਤਰ੍ਹਾਂ ਦੇ ਦਬਾਅ ਖ਼ਤਮ ਕੀਤੇ ਜਾਣਗੇ। ਅਜਿਹੀ ਸੁੰਦਰ ਧਰਤੀ ਉੱਤੇ ਯਹੋਵਾਹ ਪਰਮੇਸ਼ੁਰ, ਯਿਸੂ ਮਸੀਹ ਰਾਹੀਂ ਮਰੇ ਹੋਇਆਂ ਨੂੰ ਜੀ ਉਠਾਏਗਾ।

ਮਸੀਹ ਯਿਸੂ ਦੇ ਬਲੀਦਾਨ ਦੁਆਰਾ ਸਾਰੇ ਦੇਸ਼ਾਂ ਦੇ ਲੋਕਾਂ ਦਾ ਜੀ ਉੱਠਣਾ ਮੁਮਕਿਨ ਬਣੇਗਾ

ਇਸ ਅਧਿਆਇ ਦੇ ਸ਼ੁਰੂ ਵਿਚ ਜਿਸ ਮਸੀਹੀ ਭੈਣ ਦਾ ਜ਼ਿਕਰ ਕੀਤਾ ਗਿਆ ਸੀ, ਉਹ ਵੀ ਹੁਣ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਇਹ ਵਾਅਦਾ ਪੂਰਾ ਹੋਵੇਗਾ। ਉਸ ਦੀ ਮਾਂ ਦੇ ਗੁਜ਼ਰਨ ਤੋਂ ਕਈ ਸਾਲ ਬਾਅਦ, ਯਹੋਵਾਹ ਦੇ ਗਵਾਹਾਂ ਨੇ ਉਸ ਦੇ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਉਹ ਚੇਤੇ ਕਰਦੀ ਹੈ: “ਜਦੋਂ ਮੈਨੂੰ ਪਤਾ ਲੱਗਾ ਕਿ ਮੁਰਦਿਆਂ ਨੂੰ ਜੀ ਉਠਾਇਆ ਜਾਵੇਗਾ, ਤਾਂ ਮੈਂ ਬਹੁਤ ਰੋਈ। ਖ਼ੁਸ਼ੀ ਦੇ ਮਾਰੇ ਜ਼ਮੀਨ ਉੱਤੇ ਮੇਰੇ ਪੈਰ ਨਹੀਂ ਲੱਗਦੇ ਸਨ। ਮੈਂ ਆਪਣੀ ਮਾਂ ਨੂੰ ਫਿਰ ਦੇਖਾਂਗੀ!”

ਜੇ ਤੁਸੀਂ ਵੀ ਆਪਣੇ ਕਿਸੇ ਅਜ਼ੀਜ਼ ਨੂੰ ਫਿਰ ਜ਼ਿੰਦਾ ਦੇਖਣ ਲਈ ਤਰਸ ਰਹੇ ਹੋ, ਤਾਂ ਯਹੋਵਾਹ ਦੇ ਗਵਾਹ ਖ਼ੁਸ਼ੀ ਨਾਲ ਤੁਹਾਡੀ ਇਹ ਸਿੱਖਣ ਵਿਚ ਮਦਦ ਕਰਨਗੇ ਕਿ ਤੁਸੀਂ ਇਸ ਪੱਕੀ ਉਮੀਦ ਵਿਚ ਆਪਣਾ ਪੂਰਾ ਭਰੋਸਾ ਕਿੱਦਾਂ ਰੱਖ ਸਕਦੇ ਹੋ। ਕਿਉਂ ਨਾ ਆਪਣੇ ਨੇੜੇ ਦੇ ਕਿੰਗਡਮ ਹਾਲ ਵਿਚ ਜਾ ਕੇ ਉਨ੍ਹਾਂ ਨੂੰ ਮਿਲੋ ਜਾਂ ਸਫ਼ਾ 32 ਉੱਤੇ ਦਿੱਤੇ ਗਏ ਸਹੀ ਪਤੇ ਤੇ ਯਹੋਵਾਹ ਦੇ ਗਵਾਹਾਂ ਨੂੰ ਲਿਖੋ।

a “ਦਿਲ ਭਰ ਆਇਆ” ਸ਼ਬਦ ਉਸ ਯੂਨਾਨੀ ਕ੍ਰਿਆ ਤੋਂ ਆਉਂਦੇ ਹਨ ਜਿਸ ਦਾ ਅਰਥ ਹੈ ਬਹੁਤ ਦੁਖੀ ਹੋਣਾ ਜਾਂ ਗਹਿਰੀ ਤਰ੍ਹਾਂ ਪ੍ਰਭਾਵਿਤ ਹੋਣਾ। ਇਕ ਬਾਈਬਲ ਵਿਦਵਾਨ ਨੇ ਕਿਹਾ: “ਇੱਥੇ ਇਸ ਦਾ ਇਹੋ ਹੀ ਅਰਥ ਹੋ ਸਕਦਾ ਹੈ ਕਿ ਯਿਸੂ ਨੂੰ ਇੰਨੀ ਗਹਿਰੀ ਸੱਟ ਵੱਜੀ ਸੀ ਕਿ ਉਹ ਦਾ ਦਿਲ ਹਾਉਕੇ ਭਰ-ਭਰ ਕੇ ਰੋ ਰਿਹਾ ਸੀ।” ਇਕ ਕੋਸ਼ਕਾਰ ਦੇ ਅਨੁਸਾਰ ਜਿਸ ਸ਼ਬਦ ਦਾ ਤਰਜਮਾ “ਦੁੱਖੀ” ਕੀਤਾ ਗਿਆ ਹੈ, ਉਸ ਦਾ ਅਰਥ ਹੈ “ਕਿਸੇ ਦੇ ਦਿਲ ਵਿਚ ਦੁੱਖ ਜਾਂ ਗਮ ਕਾਰਨ ਹਲਚਲ ਪੈਦਾ ਹੋਣੀ।” ‘ਰੋਇਆ’ ਸ਼ਬਦ ਉਸ ਯੂਨਾਨੀ ਕ੍ਰਿਆ ਤੋਂ ਆਉਂਦਾ ਹੈ ਜਿਸ ਦਾ ਅਰਥ ਹੈ “ਚੁੱਪ-ਚਾਪ ਬੈਠ ਕੇ ਹੰਝੂ ਵਹਾਉਣੇ।”

ਇਨ੍ਹਾਂ ਸਵਾਲਾਂ ਤੇ ਵਿਚਾਰ ਕਰੋ

  • ਜਦੋਂ ਉਹ ਦਾ ਦੋਸਤ ਲਾਜ਼ਰ ਮਰਿਆ, ਤਾਂ ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਮੁਰਦਿਆਂ ਨੂੰ ਜੀਉਂਦਾ ਕਰ ਸਕਦਾ ਹੈ ਅਤੇ ਕਰਨਾ ਚਾਹੁੰਦਾ ਵੀ ਹੈ?

  • ਅਸੀਂ ਕਿਉਂ ਮੰਨ ਸਕਦੇ ਹਾਂ ਕਿ ਲਾਜ਼ਰ ਦੇ ਜੀ ਉਠਾਏ ਜਾਣ ਦੀ ਕਹਾਣੀ ਇਕ ਹਕੀਕਤ ਹੈ?

  • ਯੂਹੰਨਾ ਦੇ 11ਵੇਂ ਅਧਿਆਇ ਵਿਚ ਅਸੀਂ ਮੌਤ ਨੂੰ ਖ਼ਤਮ ਕਰਨ ਦੀ ਯਿਸੂ ਦੀ ਦਿਲੀ ਇੱਛਾ ਬਾਰੇ ਕੀ ਸਿੱਖਦੇ ਹਾਂ?

  • ਸਾਨੂੰ ਕਿੱਦਾਂ ਪਤਾ ਹੈ ਕਿ ਯਹੋਵਾਹ ਪਰਮੇਸ਼ੁਰ ਲੋਕਾਂ ਨੂੰ ਜੀ ਉਠਾਉਣ ਲਈ ਤਰਸਦਾ ਹੈ?

ਦਿਲਾਸਾ ਦੇਣ ਵਾਲੇ ਹਵਾਲੇ

ਯਹੋਵਾਹ ਦੇ ਸੇਵਕਾਂ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਦੁੱਖ ਦਾ ਸਾਮ੍ਹਣਾ ਕਿੱਦਾਂ ਕੀਤਾ, ਤਾਂ ਅਕਸਰ ਉਹ ਕਹਿੰਦੇ ਹਨ: “ਮੈਨੂੰ ਬਾਈਬਲ ਦੇ ਇਸ ਹਵਾਲੇ ਤੋਂ ਬਹੁਤ ਦਿਲਾਸਾ ਮਿਲਿਆ।” ਜੇ ਅਸੀਂ ਸੋਗ ਮਨਾ ਰਹੇ ਹਾਂ, ਤਾਂ ਸ਼ਾਇਦ ਹੇਠਾਂ ਦਿੱਤੇ ਹਵਾਲੇ ਸਾਡੀ ਵੀ ਮਦਦ ਕਰਨ।

“ਮੁਬਾਰਕ ਹੈ . . . ਜਿਹੜਾ ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।”—2 ਕੁਰਿੰਥੀਆਂ 1:3, 4.

“ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।”—ਜ਼ਬੂਰਾਂ ਦੀ ਪੋਥੀ 145:16.

‘ਪਰਮੇਸ਼ੁਰ ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।’—ਰਸੂਲਾਂ ਦੇ ਕਰਤੱਬ 17:31.

“ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ।”—ਯਸਾਯਾਹ 51:12.

‘ਮੈਂ ਤੁਹਾਨੂੰ ਉਸੇ ਤਰ੍ਹਾਂ ਤਸੱਲੀ ਦੇਵਾਂਗਾ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਤਸੱਲੀ ਦਿੰਦੀ ਹੈ।’—ਯਸਾਯਾਹ 66:13, ਨਵਾਂ ਅਨੁਵਾਦ।

“ਏਹੀ ਮੇਰੇ ਦੁਖ ਵਿੱਚ ਮੇਰੀ ਤਸੱਲੀ ਹੈ, ਭਈ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ। ਹੇ ਯਹੋਵਾਹ, ਮੈਂ ਤੇਰੇ ਪਰਾਚੀਨ ਨਿਆਵਾਂ ਨੂੰ ਚੇਤੇ ਰੱਖਿਆ ਹੈ, ਅਤੇ ਮੈਨੂੰ ਦਿਲਾਸਾ ਮਿਲਿਆ। ਤੇਰੀ ਦਯਾ ਮੈਨੂੰ ਸ਼ਾਂਤੀ ਦੇਵੇ, ਤੇਰੇ ਬਚਨ ਅਨੁਸਾਰ ਜਿਹੜਾ ਤੇਰੇ ਸੇਵਕ ਨੂੰ ਮਿਲਿਆ।”—ਜ਼ਬੂਰਾਂ ਦੀ ਪੋਥੀ 119:50, 52, 76.

“[ਉਹ] ਸਮਾਂ ਆ ਗਿਆ ਹੈ, ਜਦੋਂ ਜੋ ਕਬਰਾਂ ਵਿਚ ਹਨ, ਉਸ ਦੀ ਅਵਾਜ਼ ਸੁਣਨਗੇ, ਅਤੇ ਕਬਰਾਂ ਵਿਚੋਂ ਬਾਹਰ ਆ ਜਾਣਗੇ। ਚੰਗੇ ਕੰਮ ਕਰਨ ਵਾਲਿਆਂ ਦਾ ਪੁਨਰ ਉੱਥਾਨ ਜੀਵਣ ਦੇ ਲਈ ਹੋਵੇਗਾ।”—ਯੂਹੰਨਾ 5:28, 29, ਨਵਾਂ ਅਨੁਵਾਦ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ