ਪ੍ਰਬੰਧਕ ਸਭਾ ਵੱਲੋਂ ਚਿੱਠੀ
ਪਿਆਰੇ ਭੈਣੋ ਤੇ ਭਰਾਵੋ:
ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਉਸ ਦੇ ਬਚਨ ਬਾਈਬਲ ਨੂੰ ਪੜ੍ਹਨਾ ਬਹੁਤ ਪਸੰਦ ਹੈ। ਸਾਨੂੰ ਪੂਰਾ ਯਕੀਨ ਹੈ ਕਿ ਬਾਈਬਲ ਇਤਿਹਾਸ ਬਾਰੇ ਸਹੀ-ਸਹੀ ਜਾਣਕਾਰੀ ਦਿੰਦੀ ਹੈ, ਸਾਨੂੰ ਜ਼ਿੰਦਗੀ ਵਿਚ ਵਧੀਆ ਸੇਧ ਦਿੰਦੀ ਹੈ ਅਤੇ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਇਨਸਾਨਾਂ ਨਾਲ ਕਿੰਨਾ ਪਿਆਰ ਕਰਦਾ ਹੈ। (ਜ਼ਬੂਰ 119:105; ਲੂਕਾ 1:3; 1 ਯੂਹੰਨਾ 4:19) ਅਸੀਂ ਦਿਲੋਂ ਚਾਹੁੰਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਦਿੱਤੀਆਂ ਅਨਮੋਲ ਸੱਚਾਈਆਂ ਬਾਰੇ ਦੂਜਿਆਂ ਨੂੰ ਸਿਖਾਈਏ। ਇਸ ਕਰਕੇ ਤੁਹਾਨੂੰ ਇਹ ਕਿਤਾਬ ਦੇ ਕੇ ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਸ ਕਿਤਾਬ ਦਾ ਵਿਸ਼ਾ ਹੈ, “ਬਾਈਬਲ ਤੋਂ ਸਿੱਖੋ ਅਹਿਮ ਸਬਕ।” ਅਸੀਂ ਤੁਹਾਨੂੰ ਇਸ ਬਾਰੇ ਥੋੜ੍ਹੀ ਜਾਣਕਾਰੀ ਦੇਣੀ ਚਾਹੁੰਦੇ ਹਾਂ।
ਇਹ ਕਿਤਾਬ ਖ਼ਾਸ ਕਰਕੇ ਬੱਚਿਆਂ ਨੂੰ ਮਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ। ਪਰ ਵੱਡਿਆਂ ਦੀ ਮਦਦ ਕਰਨ ਲਈ ਵੀ ਇਸ ਨੂੰ ਵਰਤਿਆ ਜਾ ਸਕਦਾ ਹੈ ਜੋ ਬਾਈਬਲ ਬਾਰੇ ਹੋਰ ਜ਼ਿਆਦਾ ਸਿੱਖਣਾ ਚਾਹੁੰਦੇ ਹਨ। ਬਾਈਬਲ ਸਾਰਿਆਂ ਲਈ ਹੈ, ਇਸ ਕਰਕੇ ਇਸ ਨੂੰ ਪੜ੍ਹ ਕੇ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੋਵੇਗਾ ਤੇ ਖ਼ੁਸ਼ੀ ਮਿਲੇਗੀ।
ਬਾਈਬਲ ਵਿੱਚੋਂ ਲਏ ਬਿਰਤਾਂਤਾਂ ਕਰਕੇ ਇਹ ਕਿਤਾਬ ਸਾਨੂੰ ਇਨਸਾਨਾਂ ਦੀ ਸ੍ਰਿਸ਼ਟੀ ਤੋਂ ਲੈ ਕੇ ਅੱਗੇ ਦੀਆਂ ਕਹਾਣੀਆਂ ਦੱਸਦੀ ਹੈ। ਅਸੀਂ ਬਾਈਬਲ ਬਿਰਤਾਂਤਾਂ ਨੂੰ ਤਰਤੀਬਵਾਰ, ਸਾਫ਼ ਤੇ ਸੌਖੇ ਤਰੀਕੇ ਨਾਲ ਦੱਸਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਹੈ।
ਪਰ ਇਹ ਕਿਤਾਬ ਬਾਈਬਲ ਦੇ ਬਿਰਤਾਂਤਾਂ ਦੀ ਸਿਰਫ਼ ਜਾਣਕਾਰੀ ਨਹੀਂ ਦਿੰਦੀ। ਇਸ ਨੂੰ ਜਿਸ ਅੰਦਾਜ਼ ਵਿਚ ਲਿਖਿਆ ਗਿਆ ਹੈ ਅਤੇ ਇਸ ਵਿਚ ਜਿਹੜੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਕਰਕੇ ਬਾਈਬਲ ਦੇ ਬਿਰਤਾਂਤਾਂ ਦੀ ਸਾਡੇ ਮਨ ਵਿਚ ਜੀਉਂਦੀ-ਜਾਗਦੀ ਤਸਵੀਰ ਬਣਦੀ ਹੈ ਅਤੇ ਅਸੀਂ ਬਾਈਬਲ ਦੇ ਪਾਤਰਾਂ ਦੀਆਂ ਭਾਵਨਾਵਾਂ ਮਹਿਸੂਸ ਕਰ ਸਕਦੇ ਹਾਂ।
ਇਸ ਕਿਤਾਬ ਤੋਂ ਸਾਨੂੰ ਪਤਾ ਲੱਗੇਗਾ ਕਿ ਬਾਈਬਲ ਵਿਚ ਉਨ੍ਹਾਂ ਇਨਸਾਨਾਂ ਬਾਰੇ ਲਿਖਿਆ ਗਿਆ ਹੈ ਜਿਨ੍ਹਾਂ ਨੇ ਯਹੋਵਾਹ ਦਾ ਕਹਿਣਾ ਮੰਨਿਆ ਤੇ ਜਿਨ੍ਹਾਂ ਨੇ ਨਹੀਂ ਮੰਨਿਆ। ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਸਬਕ ਸਿੱਖ ਸਕਦੇ ਹਾਂ। (ਰੋਮੀਆਂ 15:4; 1 ਕੁਰਿੰਥੀਆਂ 10:6) ਇਸ ਕਿਤਾਬ ਨੂੰ 14 ਭਾਗਾਂ ਵਿਚ ਵੰਡਿਆ ਗਿਆ ਹੈ। ਹਰ ਭਾਗ ਦੇ ਸ਼ੁਰੂ ਵਿਚ ਕੁਝ ਪਾਠਾਂ ਬਾਰੇ ਥੋੜ੍ਹਾ-ਬਹੁਤਾ ਦੱਸਿਆ ਗਿਆ ਕਿ ਅਸੀਂ ਉਨ੍ਹਾਂ ਪਾਠਾਂ ਵਿਚ ਕੀ ਦੇਖਾਂਗੇ।
ਜੇ ਤੁਸੀਂ ਮਾਪੇ ਹੋ, ਤਾਂ ਤੁਸੀਂ ਇਸ ਨੂੰ ਆਪਣੇ ਬੱਚੇ ਨਾਲ ਪੜ੍ਹ ਸਕਦੇ ਹੋ ਅਤੇ ਦਿੱਤੀਆਂ ਤਸਵੀਰਾਂ ʼਤੇ ਚਰਚਾ ਕਰ ਸਕਦੇ ਹੋ। ਫਿਰ ਤੁਸੀਂ ਪਾਠ ਵਿਚ ਦਿੱਤੇ ਹਵਾਲੇ ਪੜ੍ਹ ਸਕਦੇ ਹੋ। ਆਪਣੇ ਬੱਚੇ ਦੀ ਮਦਦ ਕਰੋ ਕਿ ਉਹ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਨੂੰ ਪਾਠ ਵਿਚ ਦਿੱਤੀਆਂ ਗੱਲਾਂ ਨਾਲ ਜੋੜ ਸਕੇ। ਜਦੋਂ ਕੋਈ ਵੱਡਾ ਬਾਈਬਲ ਦੇ ਸੰਦੇਸ਼ ਨੂੰ ਸਮਝਣਾ ਚਾਹੁੰਦਾ ਹੈ, ਤਾਂ ਸ਼ਾਇਦ ਉਸ ਨਾਲ ਵੀ ਇੱਦਾਂ ਕਰਨਾ ਵਧੀਆ ਹੋਵੇ।
ਸਾਨੂੰ ਉਮੀਦ ਹੈ ਕਿ ਇਹ ਕਿਤਾਬ ਛੋਟੇ-ਵੱਡੇ ਸਾਰੇ ਨੇਕਦਿਲ ਲੋਕਾਂ ਦੀ ਪਰਮੇਸ਼ੁਰ ਦੇ ਬਚਨ ਤੋਂ ਸਿੱਖਣ ਵਿਚ ਮਦਦ ਕਰੇਗੀ। ਨਾਲੇ ਇਸ ਵਿੱਚੋਂ ਸਿੱਖੇ ਸਬਕ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਨ ਵਿਚ ਵੀ ਮਦਦ ਕਰੇਗੀ। ਨਤੀਜੇ ਵਜੋਂ, ਉਹ ਵੀ ਪਰਮੇਸ਼ੁਰ ਦੇ ਪਰਿਵਾਰ ਦੇ ਮੈਂਬਰਾਂ ਵਜੋਂ ਉਸ ਦੀ ਸੇਵਾ ਕਰ ਸਕਣਗੇ।
ਤੁਹਾਡੇ ਭਰਾ,
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ