ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w95 9/1 ਸਫ਼ੇ 22-27
  • ਯਹੋਵਾਹ ਦੀ ਸ਼ੁੱਧ ਉਪਾਸਨਾ ਲਈ ਈਰਖਾ ਰੱਖਣਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੀ ਸ਼ੁੱਧ ਉਪਾਸਨਾ ਲਈ ਈਰਖਾ ਰੱਖਣਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸੋਨੇ ਦਾ ਵੱਛਾ
  • ਪਓਰ ਦਾ ਬਆਲ
  • ਇਕ ਚੇਤਾਵਨੀ ਵਾਲਾ ਸਬਕ
  • ਈਸ਼ਵਰੀ ਈਰਖਾ ਦੇ ਉਤਰਵਰਤੀ ਉਦਾਹਰਣ
  • ਪਰਮੇਸ਼ੁਰ ਦੀ ਈਰਖਾ ਉਸ ਦਿਆਂ ਲੋਕਾਂ ਨੂੰ ਲਾਭ ਪਹੁੰਚਾਉਂਦੀ ਹੈ
  • ਭਵਿੱਖ ਵਿਚ ਈਸ਼ਵਰੀ ਈਰਖਾ ਦੇ ਕਾਰਜ
  • ਪ੍ਰੇਮ ਅਨੁਚਿਤ ਈਰਖਾ ਨੂੰ ਜਿੱਤ ਲੈਂਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਕੀ ਮਸੀਹੀਆਂ ਨੂੰ ਖੁਣਸੀ ਹੋਣਾ ਚਾਹੀਦਾ ਹੈ ਜਾਂ ਅਣਖੀ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਈਰਖਾ ਬਾਰੇ ਤੁਹਾਨੂੰ ਕੀ ਜਾਣਨਾ ਚਾਹੀਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਯੂਸੁਫ਼ ਈਰਖਾ ਦਾ ਸ਼ਿਕਾਰ ਹੋਇਆ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
w95 9/1 ਸਫ਼ੇ 22-27

ਯਹੋਵਾਹ ਦੀ ਸ਼ੁੱਧ ਉਪਾਸਨਾ ਲਈ ਈਰਖਾ ਰੱਖਣਾ

“ਯਹੋਵਾਹ, ਜਿਸ ਦਾ ਨਾਂ ਈਰਖਾ ਹੈ, ਉਹ ਇਕ ਈਰਖਾਲੂ ਪਰਮੇਸ਼ੁਰ ਹੈ।”—ਕੂਚ 34:14, ਨਿ ਵ.

1. ਪਰਮੇਸ਼ੁਰ ਦਾ ਪ੍ਰਮੁੱਖ ਗੁਣ ਕੀ ਹੈ, ਅਤੇ ਇਹ ਉਸ ਦੀ ਈਰਖਾ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ?

ਯਹੋਵਾਹ ਖ਼ੁਦ ਨੂੰ “ਇਕ ਈਰਖਾਲੂ ਪਰਮੇਸ਼ੁਰ” ਬਿਆਨ ਕਰਦਾ ਹੈ। ਸ਼ਾਇਦ ਤੁਸੀਂ ਹੈਰਾਨ ਹੋਵੋ ਕਿ ਕਿਉਂ, ਜਦੋਂ ਕਿ ਸ਼ਬਦ “ਈਰਖਾ” ਨਕਾਰਾਤਮਕ ਅਰਥ ਰੱਖਦਾ ਹੈ। ਨਿਰਸੰਦੇਹ, ਪਰਮੇਸ਼ੁਰ ਦਾ ਪ੍ਰਮੁੱਖ ਗੁਣ ਪ੍ਰੇਮ ਹੈ। (1 ਯੂਹੰਨਾ 4:8) ਇਸ ਲਈ ਉਸ ਦੀ ਈਰਖਾ ਦੇ ਹਰ ਜਜ਼ਬਾਤ ਜ਼ਰੂਰ ਮਨੁੱਖਜਾਤੀ ਦੇ ਭਲੇ ਲਈ ਹੀ ਹੋਣਗੇ। ਹਕੀਕਤ ਵਿਚ, ਅਸੀਂ ਦੇਖਾਂਗੇ ਕਿ ਪਰਮੇਸ਼ੁਰ ਦੀ ਈਰਖਾ ਵਿਸ਼ਵ ਦੀ ਸ਼ਾਂਤੀ ਅਤੇ ਇਕਸਾਰਤਾ ਲਈ ਅਤਿ-ਮਹੱਤਵਪੂਰਣ ਹੈ।

2. “ਈਰਖਾ” ਲਈ ਇਬਰਾਨੀ ਸ਼ਬਦਾਂ ਨੂੰ ਕਿਹੜੇ ਕੁਝ ਤਰੀਕਿਆਂ ਤੋਂ ਅਨੁਵਾਦ ਕੀਤਾ ਜਾ ਸਕਦਾ ਹੈ?

2 ਇਬਰਾਨੀ ਸ਼ਾਸਤਰ ਵਿਚ ਈਰਖਾ ਲਈ ਸੰਬੰਧਿਤ ਇਬਰਾਨੀ ਸ਼ਬਦ 80 ਤੋਂ ਜ਼ਿਆਦਾ ਵਾਰੀ ਪਾਏ ਜਾਂਦੇ ਹਨ। ਇਨ੍ਹਾਂ ਦੇ ਲਗਭਗ ਅੱਧੇ ਹਵਾਲੇ ਯਹੋਵਾਹ ਪਰਮੇਸ਼ੁਰ ਲਈ ਹਨ। “ਜਦੋਂ ਪਰਮੇਸ਼ੁਰ ਲਈ ਲਾਗੂ ਕੀਤਾ ਜਾਂਦਾ ਹੈ,” ਜੀ. ਐੱਚ. ਲਿਵਿੰਗਸਟੋਨ ਸਮਝਾਉਂਦਾ ਹੈ, “ਈਰਖਾ ਦੀ ਧਾਰਣਾ ਇਕ ਵਿਕ੍ਰਿਤ ਮਨੋਭਾਵਨਾ ਦਾ ਸੰਕੇਤ ਨਹੀਂ ਦਿੰਦੀ ਹੈ, ਪਰੰਤੂ ਇਸ ਦੀ ਬਜਾਇ ਇਹ ਯਹੋਵਾਹ ਦੀ ਉਪਾਸਨਾ ਕਰਨ ਵਿਚ ਇੱਕਤਾ ਦੀ ਮੰਗ ਨੂੰ ਸੰਕੇਤ ਕਰਦੀ ਹੈ।” (ਦ ਪੈਂਟਾਟਯੂਕ ਇੰਨ ਇਟਸ ਕਲਚਰਲ ਇੰਵਾਇਰਮੈਂਟ) ਇਸ ਤਰ੍ਹਾਂ, ਨਿਊ ਵਰਲਡ ਟ੍ਰਾਂਸਲੇਸ਼ਨ ਕਦੀ-ਕਦੀ ਇਬਰਾਨੀ ਨਾਂਵ ਨੂੰ “ਅਣਵੰਡੀ ਭਗਤੀ ਦੀ ਮੰਗ” ਅਨੁਵਾਦ ਕਰਦਾ ਹੈ। (ਹਿਜ਼ਕੀਏਲ 5:13, ਨਿ ਵ) ਹੋਰ ਉਚਿਤ ਅਨੁਵਾਦ “ਅਣਖ” ਜਾਂ “ਜੋਸ਼” ਹਨ।—ਜ਼ਬੂਰ 79:5; ਯਸਾਯਾਹ 9:7, ਨਿ ਵ.

3. ਕਿਹੜਿਆਂ ਤਰੀਕਿਆਂ ਵਿਚ ਈਰਖਾ ਕਦੀ-ਕਦੀ ਭਲਿਆਈ ਲਈ ਕੰਮ ਕਰ ਸਕਦੀ ਹੈ?

3 ਮਨੁੱਖ ਈਰਖਾ ਮਹਿਸੂਸ ਕਰਨ ਦੀ ਯੋਗਤਾ ਦੇ ਨਾਲ ਸ੍ਰਿਸ਼ਟ ਕੀਤਾ ਗਿਆ ਸੀ, ਪਰੰਤੂ ਮਨੁੱਖਜਾਤੀ ਦੇ ਪਾਪ ਵਿਚ ਪੈ ਜਾਣ ਦੇ ਨਤੀਜੇ ਵਜੋਂ ਈਰਖਾ ਦਾ ਵਿਗਾੜ ਹੋਇਆ ਹੈ। ਫਿਰ ਵੀ, ਮਾਨਵੀ ਈਰਖਾ ਭਲਿਆਈ ਲਈ ਕੰਮ ਕਰ ਸਕਦੀ ਹੈ। ਇਹ ਇਕ ਵਿ­ਅਕ­ਤੀ ਨੂੰ ਆਪਣੇ ਪਿਆਰਿਆਂ ਨੂੰ ਬੁਰਿਆਂ ਪ੍ਰਭਾਵਾਂ ਤੋਂ ਬਚਾਉਣ ਲਈ ਪ੍ਰੇਰਿਤ ਕਰ ਸਕਦੀ ਹੈ। ਇਸ ਤੋਂ ਇਲਾਵਾ, ਮਨੁੱਖ ਉਚਿਤ ਤੌਰ ਤੇ ਯਹੋਵਾਹ ਅਤੇ ਉਸ ਦੀ ਉਪਾਸਨਾ ਲਈ ਈਰਖਾ ਦਿਖਾ ਸਕਦੇ ਹਨ। (1 ਰਾਜਿਆਂ 19:10) ਯਹੋਵਾਹ ਲਈ ਅਜਿਹੀ ਈਰਖਾ ਰੱਖਣ ਦੀ ਸਹੀ ਸਮਝ ਦੇਣ ਲਈ, ਇਬਰਾਨੀ ਨਾਂਵ ਉਸ ਦੇ ਪ੍ਰਤੀ ‘ਕਿਸੇ ਮੁਕਾਬਲੇ ਨੂੰ ਨਾ ਸਹਾਰਨਾ’ ਅਨੁਵਾਦ ਕੀਤਾ ਜਾ ਸਕਦਾ ਹੈ।—2 ਰਾਜਿਆਂ 10:16, ਨਿ ਵ.

ਸੋਨੇ ਦਾ ਵੱਛਾ

4. ਇਸਰਾਏਲ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਵਿਚ ਧਰਮੀ ਈਰਖਾ ਦੇ ਸੰਬੰਧ ਵਿਚ ਕਿਹੜਾ ਆਦੇਸ਼ ਪ੍ਰਮੁੱਖ ਸੀ?

4 ਸੀਨਈ ਪਰਬਤ ਵਿਖੇ ਇਸਰਾਏਲੀਆਂ ਦੁਆਰਾ ਬਿਵਸਥਾ ਪ੍ਰਾਪਤ ਕਰਨ ਤੋਂ ਬਾਅਦ ਜੋ ਵਾਪਰਿਆ, ਉਹ ਧਰਮੀ ਈਰਖਾ ਦਾ ਹੀ ਇਕ ਉਦਾਹਰਣ ਸੀ। ਬਾਰ-ਬਾਰ, ਉਨ੍ਹਾਂ ਨੂੰ ਮਨੁੱਖਾਂ ਦੁਆਰਾ ਬਣਾਏ ਗਏ ਈਸ਼ਵਰਾਂ ਦੀ ਉਪਾਸਨਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ। ਯਹੋਵਾਹ ਨੇ ਉਨ੍ਹਾਂ ਨੂੰ ਦੱਸਿਆ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਵੰਡੀ ਭਗਤੀ ਦੀ ਮੰਗ ਕਰਨ ਵਾਲਾ ਪਰਮੇਸ਼ੁਰ ਹਾਂ [ਜਾਂ, “ਈਰਖਾ (ਜੋਸ਼) ਰੱਖਣ ਵਾਲਾ ਪਰਮੇਸ਼ੁਰ ਹਾਂ; ਮੁਕਾਬਲਾ ਨਾ ਸਹਾਰਨ ਵਾਲਾ ਪਰਮੇਸ਼ੁਰ ਹਾਂ”]।” (ਕੂਚ 20:5, ਨਿ ਵ, ਫੁਟਨੋਟ; ਤੁਲਨਾ ਕਰੋ ਕੂਚ 20:22, 23; 22:20; 23:13, 24, 32, 33) ਯਹੋਵਾਹ ਨੇ ਇਸਰਾਏਲੀਆਂ ਨਾਲ, ਉਨ੍ਹਾਂ ਨੂੰ ਬਰਕਤ ਦੇਣ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਆਉਣ ਦਾ ਇਕ ਵਾਅਦਾ ਕਰਦੇ ਹੋਏ, ਨੇਮ ਬੰਨ੍ਹਿਆਂ। (ਕੂਚ 23:22, 31) ਅਤੇ ਲੋਕਾਂ ਨੇ ਕਿਹਾ: “ਅਸੀਂ ਸਭ ਕੁਝ ਜੋ ਯਹੋਵਾਹ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ।”—ਕੂਚ 24:7.

5, 6. (ੳ) ਸੀਨਈ ਪਰਬਤ ਵਿਖੇ ਤੰਬੂਆਂ ਵਿਚ ਰਹਿੰਦੇ ਸਮੇਂ ਇਸਰਾਏਲੀਆਂ ਨੇ ਕਿਸ ਤਰ੍ਹਾਂ ਗੰਭੀਰਤਾਪੂਰਵਕ ਪਾਪ ਕੀਤਾ? (ਅ) ਯਹੋਵਾਹ ਅਤੇ ਉਸ ਦੇ ਨਿਸ਼ਠਾਵਾਨ ਉਪਾਸਕਾਂ ਨੇ ਸੀਨਈ ਵਿਖੇ ਕਿਸ ਤਰ੍ਹਾਂ ਧਰਮੀ ਈਰਖਾ ਦਿਖਾਈ?

5 ਫਿਰ ਵੀ, ਇਸਰਾਏਲੀਆਂ ਨੇ ਜਲਦੀ ਹੀ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ। ਉਹ ਅਜੇ ਵੀ ਸੀਨਈ ਪਰਬਤ ਵਿਖੇ ਤੰਬੂਆਂ ਵਿਚ ਰਹਿ ਰਹੇ ਸਨ। ਮੂਸਾ ਨੂੰ ਪਰਮੇਸ਼ੁਰ ਤੋਂ ਹੋਰ ਹਿਦਾਇਤਾਂ ਪ੍ਰਾਪਤ ਕਰਨ ਲਈ ਪਰਬਤ ਉੱਤੇ ਗਏ ਕਈ ਦਿਨ ਬੀਤ ਗਏ ਸਨ, ਅਤੇ ਲੋਕਾਂ ਨੇ ਮੂਸਾ ਦੇ ਭਰਾ, ਹਾਰੂਨ ਤੇ ਉਨ੍ਹਾਂ ਲਈ ਇਕ ਈਸ਼ਵਰ ਬਣਾਉਣ ਲਈ ਦਬਾਉ ਪਾਇਆ। ਹਾਰੂਨ ਮੰਨ ਗਿਆ ਅਤੇ ਲੋਕਾਂ ਦੁਆਰਾ ਦਿੱਤੇ ਗਏ ਸੋਨੇ ਤੋਂ ਹਾਰੂਨ ਨੇ ਇਕ ਵੱਛਾ ਬਣਾਇਆ। ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਮੂਰਤੀ ਯਹੋਵਾਹ ਨੂੰ ਦਰਸਾਉਂਦੀ ਹੈ। (ਜ਼ਬੂਰ 106:20) ਅਗਲੇ ਦਿਨ ਉਨ੍ਹਾਂ ਨੇ ਬਲੀਦਾਨ ਚੜ੍ਹਾਏ ਅਤੇ “ਉਹ ਦੇ ਅੱਗੇ ਮੱਥਾ ਟੇਕਿਆ।” ਫਿਰ ਉਹ “ਹੱਸਣ ਖੇਲਣ ਨੂੰ ਉੱਠੇ।”—ਕੂਚ 32:1, 4, 6, 8, 17-19.

6 ਜਦੋਂ ਇਸਰਾਏਲੀ ਜਸ਼ਨ ਮਨਾ ਰਹੇ ਸਨ ਤਾਂ ਮੂਸਾ ਪਰਬਤ ਤੋਂ ਉਤਰ ਆਇਆ। ਉਨ੍ਹਾਂ ਦੇ ਸ਼ਰਮਨਾਕ ਕੰਮ ਨੂੰ ਦੇਖ ਕੇ, ਉਹ ਚਿਲਾ ਉਠਿਆ: “ਕੌਣ ਯਹੋਵਾਹ ਦੇ ਪੱਖ ਵਿਚ ਹੈ?” (ਕੂਚ 32:25, 26, ਨਿ ਵ) ਲੇਵੀ ਦੇ ਪੁੱਤਰ ਮੂਸਾ ਵੱਲ ਇਕੱਠੇ ਹੋਏ, ਅਤੇ ਉਸ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ ਕਿ ਤਲਵਾਰ ਲੈ ਕੇ ਮੂਰਤੀ-ਪੂਜਕ ਰੰਗਰਲੀਆਂ ਮਨਾਉਣ ਵਾਲਿਆਂ ਨੂੰ ਮਾਰ ਦਿਓ। ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਲਈ ਆਪਣੀ ਈਰਖਾ ਦਿਖਾਉਂਦੇ ਹੋਏ, ਲੇਵੀਆਂ ਨੇ 3,000 ਦੇ ਲਗਭਗ ਆਪਣੇ ਦੋਸ਼ੀ ਭਰਾਵਾਂ ਨੂੰ ਮਾਰਿਆ। ਯਹੋਵਾਹ ਨੇ ਬਚਿਆਂ ਹੋਇਆਂ ਉੱਤੇ ਇਕ ਬਿਪਤਾ ਲਿਆ ਕੇ ਇਸ ਕਾਰਜ ਦੀ ਪੁਸ਼ਟੀ ਕੀਤੀ। (ਕੂਚ 32:28, 35) ਫਿਰ ਪਰਮੇਸ਼ੁਰ ਨੇ ਹੁਕਮ ਦੁਹਰਾਇਆ: “ਤੂੰ ਹੋਰ ਕਿਸੇ ਈਸ਼ਵਰ ਅੱਗੇ ਮੱਥਾ ਨਾ ਟੇਕੀਂ, ਕਿਉਂਕਿ ਯਹੋਵਾਹ, ਜਿਸ ਦਾ ਨਾਂ ਈਰਖਾ ਹੈ, ਉਹ ਇਕ ਈਰਖਾਲੂ ਪਰਮੇਸ਼ੁਰ ਹੈ।”—ਕੂਚ 34:14.

ਪਓਰ ਦਾ ਬਆਲ

7, 8. (ੳ) ਬਹੁਤੇਰੇ ਇਸਰਾਏਲੀ ਪਓਰ ਦੇ ਬਆਲ ਦੇ ਸੰਬੰਧ ਵਿਚ ਘੋਰ ਮੂਰਤੀ-ਪੂਜਾ ਵਿਚ ਕਿਸ ਤਰ੍ਹਾਂ ਪੈ ਗਏ ਸਨ? (ਅ) ਯਹੋਵਾਹ ਵੱਲੋਂ ਆਫਤ ਦਾ ਕਿਸ ਤਰ੍ਹਾਂ ਅੰਤ ਹੋਇਆ?

7 ਚਾਲੀਆਂ ਸਾਲਾਂ ਬਾਅਦ, ਜਦੋਂ ਇਸਰਾਏਲ ਦੀ ਕੌਮ ਲਗਭਗ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਵਾਲੀ ਸੀ, ਤਾਂ ਮੋਆਬੀ ਅਤੇ ਮਿਦਯਾਨੀ ਸੁੰਦਰੀਆਂ ਨੇ ਬਹੁਤੇਰੇ ਇਸਰਾਏਲੀਆਂ ਨੂੰ ਆ ਕੇ ਉਨ੍ਹਾਂ ਦੀ ਪਰਾਹੁਣਚਾਰੀ ਦਾ ਆਨੰਦ ਮਾਣਨ ਲਈ ਭਰਮਾਇਆ। ਇਨ੍ਹਾਂ ਆਦਮੀਆਂ ਨੂੰ ਝੂਠੇ ਈਸ਼ਵਰਾਂ ਦੇ ਉਪਾਸਕਾਂ ਨਾਲ ਨਜ਼ਦੀਕੀ ਸੰਗਤ ਕਰਨ ਤੋਂ ਇਨਕਾਰ ਕਰ ਦੇਣਾ ਚਾਹੀਦਾ ਸੀ। (ਕੂਚ 34:12, 15) ਇਸ ਦੀ ਬਜਾਇ, ਉਹ ਕਾਹਲੀ ਨਾਲ ਉਨ੍ਹਾਂ ਕੋਲ ਦੌੜੇ ਗਏ, ਅਤੇ ਉਨ੍ਹਾਂ ਔਰਤਾਂ ਨਾਲ ਵਿਭਚਾਰ ਕੀਤਾ ਅਤੇ ਉਨ੍ਹਾਂ ਨਾਲ ਮਿਲ ਕੇ ਪਓਰ ਦੇ ਬਆਲ ਨੂੰ ਮੱਥਾ ਟੇਕਿਆ।—ਗਿਣਤੀ 25:1-3; ਕਹਾਉਤਾਂ 7:21, 22.

8 ਯਹੋਵਾਹ ਨੇ ਉਨ੍ਹਾਂ ਵਿਅਕਤੀਆਂ ਨੂੰ ਜਿਹੜੇ ਇਸ ਸ਼ਰਮਨਾਕ ਸੰਭੋਗੀ ਉਪਾਸਨਾ ਵਿਚ ਸ਼ਾਮਲ ਹੋਏ ਸਨ, ਮਾਰਨ ਲਈ ਇਕ ਆਫਤ ਭੇਜੀ। ਪਰਮੇਸ਼ੁਰ ਨੇ ਨਿਰਦੋਸ਼ ਇਸਰਾਏਲੀਆਂ ਨੂੰ ਵੀ ਹੁਕਮ ਦਿੱਤਾ ਕਿ ਆਪਣੇ ਦੋਸ਼ੀ ਭਰਾਵਾਂ ਨੂੰ ਮਾਰ ਦਿਓ। ਬੇਸ਼ਰਮੀ ਨਾਲ ਵਿਰੋਧ ਕਰਦੇ ਹੋਏ, ਇਸਰਾਏਲੀਆਂ ਦਾ ਇਕ ਜ਼ਿਮਰੀ ਨਾਮਕ ਸਰਦਾਰ ਮਿਦਯਾਨੀ ਰਾਜਕੁਮਾਰੀ ਨੂੰ ਆਪਣੇ ਤੰਬੂ ਵਿਚ ਉਸ ਨਾਲ ਸੰਬੰਧ ਰੱਖਣ ਲਈ ਲੈ ਆਇਆ। ਇਹ ਦੇਖ ਕੇ, ਈਸ਼ਵਰ ਦਾ ਭੈ ਰੱਖਣ ਵਾਲੇ ਜਾਜਕ ਫ਼ੀਨਹਾਸ ਨੇ ਉਸ ਅਨੈਤਿਕ ਜੋੜੇ ਨੂੰ ਮਾਰ ਦਿੱਤਾ। ਆਫਤ ਫਿਰ ਰੁਕ ਗਈ, ਅਤੇ ਪਰਮੇਸ਼ੁਰ ਨੇ ਘੋਸ਼ਣਾ ਕੀਤੀ: “ਫ਼ੀਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ; ਉਸ ਨੇ ਉਨ੍ਹਾਂ ਦੇ ਵਿਚਕਾਰ ਉਹੋ ਹੀ ਈਰਖਾਲੂ ਕ੍ਰੋਧ ਪ੍ਰਦਰਸ਼ਿਤ ਕੀਤਾ ਜਿਸ ਤੋਂ ਮੈਂ ਪ੍ਰੇਰਿਤ ਹੋਇਆ ਸੀ, ਅਤੇ ਇਸ ਕਰ ਕੇ ਮੈਂ ਆਪਣੀ ਈਰਖਾ ਵਿਚ ਇਸਰਾਏਲੀਆਂ ਦਾ ਅੰਤ ਨਹੀਂ ਕੀਤਾ।” (ਗਿਣਤੀ 25:11, ਦ ਨਿਊ ਇੰਗਲਿਸ਼ ਬਾਈਬਲ) ਭਾਵੇਂ ਕਿ ਕੌਮ ਵਿਨਾਸ਼ ਤੋਂ ਬਚ ਗਈ, ਘੱਟੋ-ਘੱਟ 23,000 ਇਸਰਾਏਲੀ ਮਾਰੇ ਗਏ ਸਨ। (1 ਕੁਰਿੰਥੀਆਂ 10:8) ਉਨ੍ਹਾਂ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਦੀ ਆਪਣੀ ਲੰਬੇ ਸਮੇਂ ਤੋਂ ਦਿਲ ਵਿਚ ਬਿਠਾਈ ਹੋਈ ਉਮੀਦ ਨੂੰ ਖੋਹ ਦਿੱਤਾ।

ਇਕ ਚੇਤਾਵਨੀ ਵਾਲਾ ਸਬਕ

9. ਇਸਰਾਏਲ ਅਤੇ ਯਹੂਦਾਹ ਦਿਆਂ ਲੋਕਾਂ ਉੱਤੇ ਕੀ ਆ ਪਿਆ ਕਿਉਂਕਿ ਉਹ ਯਹੋਵਾਹ ਦੀ ਸ਼ੁੱਧ ਉਪਾਸਨਾ ਲਈ ਈਰਖਾਲੂ ਨਹੀਂ ਸਨ?

9 ਦੁੱਖ ਦੀ ਗੱਲ ਹੈ, ਇਸਰਾਏਲੀ ਜਲਦੀ ਹੀ ਇਹ ਸਬਕ ਭੁੱਲ ਗਏ। ਉਹ ਯਹੋਵਾਹ ਦੀ ਸ਼ੁੱਧ ਉਪਾਸਨਾ ਲਈ ਈਰਖਾਲੂ ਸਾਬਤ ਨਹੀਂ ਹੋਏ। “ਆਪਣੀਆਂ ਉੱਕਰੀਆਂ ਹੋਈਆਂ ਮੂਰਤਾਂ ਦੇ ਕਾਰਨ ਉਹ [ਪਰਮੇਸ਼ੁਰ] ਨੂੰ ਈਰਖਾਲੂ ਹੋਣ ਲਈ ਉਕਸਾਉਂਦੇ ਰਹੇ।” (ਜ਼ਬੂਰ 78:58, ਨਿ ਵ) ਨਤੀਜੇ ਵਜੋਂ, ਯਹੋਵਾਹ ਨੇ 740 ਸਾ.ਯੁ.ਪੂ. ਵਿਚ ਇਸਰਾਏਲ ਦੇ ਦਸ ਗੋਤਾਂ ਨੂੰ ਅੱਸ਼ੂਰੀਆਂ ਦੁਆਰਾ ਕੈਦ ਵਿਚ ਲਿਜਾਏ ਜਾਣ ਦੀ ਇਜਾਜ਼ਤ ਦਿੱਤੀ। ਬਾਕੀ ਬਚੇ ਹੋਏ ਯਹੂਦਾਹ ਦੇ ਦੋ-ਗੋਤ ਰਾਜ ਨੇ ਵੀ ਉਸੇ ਤਰ੍ਹਾਂ ਸਜ਼ਾ ਭੁਗਤੀ ਜਦੋਂ ਉਨ੍ਹਾਂ ਦਾ ਸਦਰ ਮੁਕਾਮ ਯਰੂਸ਼ਲਮ, ਸਾਲ 607 ਸਾ.ਯੁ.ਪੂ. ਵਿਚ ਨਾਸ਼ ਕੀਤਾ ਗਿਆ ਸੀ। ਬਹੁਤੇਰੇ ਮਾਰੇ ਗਏ, ਅਤੇ ਬਚੇ ਹੋਏ ਲੋਕਾਂ ਨੂੰ ਕੈਦੀ ਬਣਾ ਕੇ ਬਾਬੁਲ ਲੈ ਜਾਇਆ ਗਿਆ। ਅੱਜ ਸਾਰੇ ਮਸੀਹੀਆਂ ਲਈ ਕਿੰਨਾ ਚੇਤਾਵਨੀ ਵਾਲਾ ਉਦਾਹਰਣ!—1 ਕੁਰਿੰਥੀਆਂ 10:6, 11.

10. ਅਪਸ਼ਚਾਤਾਪੀ ਮੂਰਤੀ-ਪੂਜਕਾਂ ਨੂੰ ਕੀ ਹੋਵੇਗਾ?

10 ਧਰਤੀ ਦੀ ਜਨ-ਸੰਖਿਆ ਦਾ ਇਕ ਤਿਹਾਈ—ਲਗਭਗ 190 ਕਰੋੜ ਵਿਅਕਤੀ—ਹੁਣ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। (1994 ਬ੍ਰਿਟੈਨਿਕਾ ਬੁੱਕ ਆਫ ਦ ਯੀਅਰ) ਇਨ੍ਹਾਂ ਵਿੱਚੋਂ ਜ਼ਿਆਦਾਤਰ ਉਨ੍ਹਾਂ ਗਿਰਜਿਆਂ ਨਾਲ ਸੰਬੰਧਿਤ ਹਨ ਜਿਹੜੇ ਆਪਣੀ ਉਪਾਸਨਾ ਵਿਚ ਬੁੱਤ, ਮੂਰਤਾਂ, ਅਤੇ ਕ੍ਰਾਸ ਇਸਤੇਮਾਲ ਕਰਦੇ ਹਨ। ਯਹੋਵਾਹ ਨੇ ਆਪਣੇ ਲੋਕਾਂ ਨੂੰ ਨਹੀਂ ਬਖ਼ਸ਼ਿਆ ਜਿਨ੍ਹਾਂ ਨੇ ਆਪਣੀ ਮੂਰਤੀ-ਪੂਜਾ ਦੁਆਰਾ ਉਸ ਨੂੰ ਈਰਖਾਲੂ ਹੋਣ ਲਈ ਉਕਸਾਇਆ ਸੀ। ਨਾ ਹੀ ਉਹ ਉਨ੍ਹਾਂ ਅਖਾਉਤੀ ਮਸੀਹੀਆਂ ਨੂੰ ਬਖ਼ਸ਼ੇਗਾ ਜਿਹੜੇ ਭੌਤਿਕ ਵਸਤਾਂ ਦੀ ਮਦਦ ਨਾਲ ਉਪਾਸਨਾ ਕਰਦੇ ਹਨ। “ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ,” ਯਿਸੂ ਮਸੀਹ ਨੇ ਕਿਹਾ ਸੀ। (ਯੂਹੰਨਾ 4:24) ਇਸ ਤੋਂ ਇਲਾਵਾ, ਬਾਈਬਲ ਮਸੀਹੀਆਂ ਨੂੰ ਮੂਰਤੀ-ਪੂਜਾ ਤੋਂ ਚੌਕਸ ਰਹਿਣ ਦੀ ਚੇਤਾਵਨੀ ਦਿੰਦੀ ਹੈ। (1 ਯੂਹੰਨਾ 5:21) ਅਪਸ਼ਚਾਤਾਪੀ ਮੂਰਤੀ-ਪੂਜਕ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ ਜਿਹੜੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਹੋਣਗੇ।—ਗਲਾਤੀਆਂ 5:20, 21.

11. ਇਕ ਮਸੀਹੀ ਸ਼ਾਇਦ ਇਕ ਮੂਰਤੀ ਨੂੰ ਬਿਨਾਂ ਮੱਥਾ ਟੇਕੇ ਕਿਸ ਤਰ੍ਹਾਂ ਮੂਰਤੀ-ਪੂਜਾ ਦਾ ਦੋਸ਼ੀ ਬਣ ਸਕਦਾ ਹੈ, ਅਤੇ ਇਕ ਵਿਅਕਤੀ ਨੂੰ ਅਜਿਹੀ ਮੂਰਤੀ-ਪੂਜਾ ਤੋਂ ਪਰਹੇਜ਼ ਕਰਨ ਲਈ ਕੀ ਮਦਦ ਕਰੇਗਾ? (ਅਫ਼ਸੀਆਂ 5:5)

11 ਭਾਵੇਂ ਕਿ ਇਕ ਸੱਚਾ ਮਸੀਹੀ ਕਦੀ ਵੀ ਇਕ ਮੂਰਤੀ ਨੂੰ ਮੱਥਾ ਨਹੀਂ ਟੇਕੇਗਾ, ਉਸ ਨੂੰ ਹਰ ਉਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਨੂੰ ਪਰਮੇਸ਼ੁਰ ਮੂਰਤੀ-ਪੂਜਕ, ਅਸ਼ੁੱਧ, ਅਤੇ ਪਾਪਮਈ ਸਮਝਦਾ ਹੈ। ਉਦਾਹਰਣ ਲਈ, ਬਾਈਬਲ ਚੇਤਾਵਨੀ ਦਿੰਦੀ ਹੈ: “ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ। ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ ਅਣਆਗਿਆਕਾਰੀ ਦੇ ਪੁੱਤ੍ਰਾਂ ਉੱਤੇ ਪੈਂਦਾ ਹੈ।” (ਕੁਲੁੱਸੀਆਂ 3:5, 6) ਇਨ੍ਹਾਂ ਸ਼ਬਦਾਂ ਦੇ ਪ੍ਰਤੀ ਆਗਿਆਕਾਰਤਾ ਲਈ ਅਨੈਤਿਕ ਵਰਤਾਉ ਨੂੰ ਰੱਦ ਕਰਨਾ ਜ਼ਰੂਰੀ ਹੈ। ਇਹ ਅਜਿਹੇ ਮਨੋਰੰਜਨ ਤੋਂ ਪਰਹੇਜ਼ ਕਰਨ ਦੀ ਮੰਗ ਕਰਦੀ ਹੈ ਜੋ ਅਸ਼ੁੱਧ ਲਿੰਗੀ ਲਾਲਸਾ ਉਤੇਜਿਤ ਕਰਨ ਲਈ ਬਣਾਇਆ ਗਿਆ ਹੈ। ਅਜਿਹੀ ਲਾਲਸਾ ਨੂੰ ਸੰਤੁਸ਼ਟ ਕਰਨ ਦੀ ਬਜਾਇ, ਸੱਚੇ ਮਸੀਹੀ ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਲਈ ਈਰਖਾ ਰੱਖਦੇ ਹਨ।

ਈਸ਼ਵਰੀ ਈਰਖਾ ਦੇ ਉਤਰਵਰਤੀ ਉਦਾਹਰਣ

12, 13. ਯਿਸੂ ਨੇ ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਲਈ ਈਰਖਾ ਦਿਖਾਉਣ ਵਿਚ ਕਿਸ ਤਰ੍ਹਾਂ ਇਕ ਉੱਘੜਵਾਂ ਉਦਾਹਰਣ ਸਥਾਪਿਤ ਕੀਤਾ?

12 ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਲਈ ਈਰਖਾ ਦਿਖਾਉਣ ਵਾਲੇ ਮਨੁੱਖਾਂ ਵਿੱਚੋਂ ਸਭ ਤੋਂ ਉੱਘੜਵਾਂ ਉਦਾਹਰਣ ਯਿਸੂ ਮਸੀਹ ਹੈ। ਆਪਣੀ ਸੇਵਕਾਈ ਦੇ ਪਹਿਲੇ ਸਾਲ ਵਿਚ, ਉਸ ਨੇ ਦੇਖਿਆ ਕਿ ਲਾਲਚੀ ਵਪਾਰੀ ਹੈਕਲ ਦੇ ਵਿਹੜੇ ਵਿਚ ਵਪਾਰ ਕਰ ਰਹੇ ਸਨ। ਸ਼ਾਇਦ ਯਹੂਦੀ ਯਾਤਰੂਆਂ ਨੂੰ ਆਪਣੀ ਵਿਦੇਸ਼ੀ ਮੁਦਰਾ ਵਟਾਉਣ ਲਈ ਸਰਾਫ਼ਾਂ ਦੀ ਸੇਵਾ ਦੀ ਲੋੜ ਹੋਈ ਹੋਵੇਗੀ ਤਾਂ ਜੋ ਪੈਸਾ ਹੈਕਲ ਕਰ ਦੇ ਤੌਰ ਤੇ ਸਵੀਕਾਰ ਹੋਵੇ। ਉਨ੍ਹਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਮੰਗ ਅਨੁਸਾਰ ਬਲੀਦਾਨ ਚੜ੍ਹਾਉਣ ਲਈ ਪਸ਼ੂਆਂ ਅਤੇ ਪੰਛੀਆਂ ਨੂੰ ਖ਼ਰੀਦਣ ਦੀ ਵੀ ਲੋੜ ਸੀ। ਅਜਿਹੇ ਵਪਾਰਕ ਕਾਰੋਬਾਰ ਹੈਕਲ ਦੇ ਵਿਹੜੇ ਤੋਂ ਬਾਹਰ ਜਾਰੀ ਕੀਤੇ ਜਾਣੇ ਚਾਹੀਦੇ ਸਨ। ਇੰਨਾ ਹੀ ਨਹੀਂ ਬਲਕਿ, ਜ਼ਾਹਰ ਤੌਰ ਤੇ ਵਪਾਰੀ ਆਪਣੇ ਭਰਾਵਾਂ ਦੀਆਂ ਧਾਰਮਿਕ ਜ਼ਰੂਰਤਾਂ ਦਾ ਨਾ-ਵਾਜਬ ਲਾਭ ਉਠਾਉਂਦੇ ਹੋਏ ਬਹੁਤ ਜ਼ਿਆਦਾ ਕੀਮਤ ਲਗਾ ਰਹੇ ਸਨ। ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਲਈ ਈਰਖਾ ਦੇ ਮਾਰੇ, ਯਿਸੂ ਨੇ ਇਕ ਕੋਰੜਾ ਇਸਤੇਮਾਲ ਕਰਦੇ ਹੋਏ ਭੇਡਾਂ ਅਤੇ ਡੰਗਰਾਂ ਨੂੰ ਬਾਹਰ ਕੱਢਿਆ। ਉਸ ਨੇ ਸਰਾਫ਼ਾਂ ਦੇ ਤਖ਼ਤਪੋਸ਼ਾਂ ਨੂੰ ਉਲਟਾਉਂਦੇ ਹੋਏ ਇਹ ਕਿਹਾ: “ਮੇਰੇ ਪਿਤਾ ਦੇ ਘਰ ਨੂੰ ਬੁਪਾਰ ਦੀ ਮੰਡੀ ਨਾ ਬਣਾਓ!” (ਯੂਹੰਨਾ 2:14-16) ਇਸ ਤਰ੍ਹਾਂ, ਯਿਸੂ ਨੇ ਜ਼ਬੂਰ 69:9 ਦੇ ਸ਼ਬਦ ਪੂਰੇ ਕੀਤੇ: “ਤੇਰੇ ਘਰ ਦੀ ਗ਼ੈਰਤ [ਜਾਂ, “ਈਰਖਾ,” ਬਾਇੰਗਟਨ] ਮੈਨੂੰ ਖਾ ਗਈ ਹੈ।”

13 ਤਿੰਨ ਸਾਲਾਂ ਬਾਅਦ ਯਿਸੂ ਨੇ ਫਿਰ ਤੋਂ ਲਾਲਚੀ ਵਪਾਰੀਆਂ ਨੂੰ ਯਹੋਵਾਹ ਦੀ ਹੈਕਲ ਵਿਚ ਕਾਰੋਬਾਰ ਕਰਦੇ ਦੇਖਿਆ। ਕੀ ਉਹ ਦੂਜੀ ਵਾਰੀ ਇਸ ਨੂੰ ਸਾਫ਼ ਕਰੇਗਾ? ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਲਈ ਉਸ ਦੀ ਈਰਖਾ ਉੱਨੀ ਹੀ ਤੀਬਰ ਸੀ ਜਿੰਨੀ ਉਦੋਂ ਜਦੋਂ ਉਸ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ। ਉਸ ਨੇ ਵੇਚਣ ਅਤੇ ਖ਼ਰੀਦਣ ਵਾਲਿਆਂ ਦੋਨਾਂ ਨੂੰ ਬਾਹਰ ਕੱਢਿਆ। ਅਤੇ ਉਸ ਨੇ ਇਹ ਕਹਿੰਦੇ ਹੋਏ ਆਪਣੇ ਕਾਰਜ ਲਈ ਇਕ ਹੋਰ ਵੀ ਦ੍ਰਿੜ੍ਹ ਕਾਰਨ ਦਿੱਤਾ: “ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰ­ਥ­ਨਾ ਦਾ ਘਰ ਸਦਾਵੇਗਾ? ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ!” (ਮਰਕੁਸ 11:17) ਈਸ਼ਵਰੀ ਈਰਖਾ ਦਿਖਾਉਣ ਵਿਚ ਦ੍ਰਿੜ੍ਹਤਾ ਦਾ ਕਿੰਨਾ ਅਦਭੁਤ ਉਦਾਹਰਣ!

14. ਸ਼ੁੱਧ ਉਪਾਸਨਾ ਲਈ ਯਿਸੂ ਦੀ ਈਰਖਾ ਨੂੰ ਸਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਨਾ ਚਾਹੀਦਾ ਹੈ?

14 ਹੁਣ ਵੀ ਮਹਿਮਾਯੁਕਤ ਪ੍ਰਭੂ ਯਿਸੂ ਮਸੀਹ ਦਾ ਵਿਅਕਤਿੱਤਵ ਬਦਲਿਆ ਨਹੀਂ ਹੈ। (ਇਬਰਾਨੀਆਂ 13:8) ਇਸ 20ਵੀਂ ਸਦੀ ਵਿਚ, ਉਹ ਆਪਣੇ ਪਿਤਾ ਦੀ ਸ਼ੁੱਧ ਉਪਾਸਨਾ ਲਈ ਉਸੇ ਤਰ੍ਹਾਂ ਈਰਖਾਲੂ ਹੈ ਜਿਸ ਤਰ੍ਹਾਂ ਉਹ ਉਦੋਂ ਸੀ ਜਦੋਂ ਉਹ ਧਰਤੀ ਉੱਤੇ ਸੀ। ਇਸ ਨੂੰ ਪਰਕਾਸ਼ ਦੀ ਪੋਥੀ ਵਿਚ ਦਰਜ ਕੀਤੇ ਗਏ ਸੱਤਾਂ ਕਲੀਸਿਯਾਵਾਂ ਲਈ ਯਿਸੂ ਦੇ ਸੰਦੇਸ਼ਾਂ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੀ ਹੁਣ, “ਪ੍ਰਭੁ ਦੇ ਦਿਨ” ਵਿਚ ਪ੍ਰਮੁੱਖ ਪੂਰਤੀ ਹੋ ਰਹੀ ਹੈ। (ਪਰਕਾਸ਼ ਦੀ ਪੋਥੀ 1:10; 2:1–3:22) ਰਸੂਲ ਯੂਹੰਨਾ ਨੇ ਦਰਸ਼ਣ ਵਿਚ ਮਹਿਮਾਯੁਕਤ ਯਿਸੂ ਮਸੀਹ ਦੀਆਂ “ਅੱਖੀਆਂ ਅਗਨੀ ਦੀ ਲਾਟ ਵਰਗੀਆਂ” ਦੇਖੀਆਂ। (ਪਰਕਾਸ਼ ਦੀ ਪੋਥੀ 1:14) ਇਹ ਸੰਕੇਤ ਕਰਦਾ ਹੈ ਕਿ ਮਸੀਹ ਦੀਆਂ ਨਜ਼ਰਾਂ ਤੋਂ ਕੁਝ ਵੀ ਬਚਦਾ ਨਹੀਂ ਹੈ ਜਿਉਂ ਹੀ ਉਹ ਇਹ ਨਿਸ਼ਚਿਤ ਕਰਨ ਲਈ ਕਲੀਸਿਯਾਵਾਂ ਦਾ ਨਿਰੀਖਣ ਕਰਦਾ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਲਈ ਸ਼ੁੱਧ ਅਤੇ ਕਬੂਲਯੋਗ ਬਣੇ ਰਹਿਣ। ਵਰਤਮਾਨ-ਦਿਨ ਦੇ ਮਸੀਹੀਆਂ ਨੂੰ ਯਿਸੂ ਦੀ ਚੇਤਾਵਨੀ ਨੂੰ ਮਨ ਵਿਚ ਰੱਖਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਦੋ ਮਾਲਕਾਂ—ਪਰਮੇਸ਼ੁਰ ਅਤੇ ਮਾਯਾ—ਦੀ ਸੇਵਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ। (ਮੱਤੀ 6:24) ਯਿਸੂ ਨੇ ਲਾਉਦਿਕੀਏ ਦੀ ਕਲੀਸਿਯਾ ਦੇ ਭੌਤਿਕਵਾਦੀ ਸਦੱਸਾਂ ਨੂੰ ਦੱਸਿਆ: “ਸੋ ਤੂੰ ਸੀਲਗਰਮ ਜੋ ਹੈਂ, ਨਾ ਤੱਤਾ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। . . . ਉੱਦਮੀ ਬਣ ਅਤੇ ਤੋਬਾ ਕਰ।” (ਪਰਕਾਸ਼ ਦੀ ਪੋਥੀ 3:14-19) ਆਪਣੇ ਬਚਨਾਂ ਅਤੇ ਉਦਾਹਰਣ ਦੇ ਦੁਆਰਾ, ਨਿਯੁਕਤ ਕਲੀਸਿਯਾ ਬਜ਼ੁਰਗਾਂ ਨੂੰ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਭੌਤਿਕਵਾਦ ਦੇ ਫੰਦੇ ਤੋਂ ਬਚਣ ਲਈ ਮਦਦ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੂੰ ਝੁੰਡ ਨੂੰ ਇਸ ਲਿੰਗੀ-ਰੁਝਾਨ ਰੱਖਣ ਵਾਲੇ ਸੰਸਾਰ ਦੀ ਨੈਤਿਕ ਭ੍ਰਿਸ਼ਟਾਚਾਰ ਤੋਂ ਵੀ ਬਚਾਉਣਾ ਚਾਹੀਦਾ ਹੈ। ਇਸ ਦੇ ਇਲਾਵਾ, ਪਰਮੇਸ਼ੁਰ ਦੇ ਲੋਕ ਕਲੀਸਿਯਾ ਦੇ ਵਿਚ ਕਿਸੇ ਤਰ੍ਹਾਂ ਦੇ ਈਜ਼ਬਲ ਪ੍ਰਭਾਵ ਨੂੰ ਸਹਿਣ ਨਹੀਂ ਕਰਦੇ ਹਨ।—ਇਬਰਾਨੀਆਂ 12:14, 15; ਪਰਕਾਸ਼ ਦੀ ਪੋਥੀ 2:20.

15. ਰਸੂਲ ਪੌਲੁਸ ਨੇ ਯਹੋਵਾਹ ਦੀ ਉਪਾਸਨਾ ਲਈ ਈਰਖਾ ਦਿਖਾਉਣ ਵਿਚ ਕਿਸ ਤਰ੍ਹਾਂ ਯਿਸੂ ਦਾ ਅਨੁਕਰਣ ਕੀਤਾ?

15 ਰਸੂਲ ਪੌਲੁਸ ਮਸੀਹ ਦਾ ਅਨੁਕਰਣਕਰਤਾ ਸੀ। ਨਵੇਂ ਬਪਤਿਸਮਾ-ਪ੍ਰਾਪਤ ਮਸੀਹੀਆਂ ਨੂੰ ਅਧਿਆਤਮਿਕ ਤੌਰ ਤੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਉਸ ਨੇ ਕਿਹਾ: “ਮੈਂ ਤੁਹਾਡੇ ਉੱਤੇ ਈਸ਼ਵਰੀ ਈਰਖਾ ਨਾਲ ਈਰਖਾਲੂ ਹਾਂ।” (2 ਕੁਰਿੰਥੀਆਂ 11:2, ਨਿ ਵ) ਇਸ ਤੋਂ ਪਹਿਲਾਂ, ਸ਼ੁੱਧ ਉਪਾਸਨਾ ਲਈ ਪੌਲੁਸ ਦੀ ਈਰਖਾ ਨੇ ਉਸ ਨੂੰ ਉਸੇ ਕਲੀਸਿਯਾ ਨੂੰ ਹਿਦਾਇਤ ਕਰਨ ਲਈ ਪ੍ਰੇਰਿਆ ਸੀ ਕਿ ਉਹ ਇਕ ਅਪਸ਼ਚਾਤਾਪੀ ਵਿਭਚਾਰੀ ਨੂੰ ਛੇਕ ਦੇਣ ਜਿਹੜਾ ਕਿ ਮਲੀਨ ਪ੍ਰਭਾਵ ਪਾ ਰਿਹਾ ਸੀ। ਉਸ ਮੌਕੇ ਤੇ ਦਿੱਤੀਆਂ ਗਈਆਂ ਪ੍ਰੇਰਿਤ ਹਿਦਾਇਤਾਂ ਅੱਜ ਬਜ਼ੁਰਗਾਂ ਲਈ ਵੱਡੀ ਮਦਦ ਹਨ ਜਿਉਂ ਹੀ ਉਹ ਯਹੋਵਾਹ ਦੇ ਗਵਾਹਾਂ ਦੀਆਂ 75,500 ਤੋਂ ਜ਼ਿਆਦਾ ਕਲੀਸਿਯਾਵਾਂ ਨੂੰ ਸਾਫ਼ ਰੱਖਣ ਲਈ ਸਖ਼ਤ ਕੋਸ਼ਿਸ਼ ਕਰਦੇ ਹਨ।—1 ਕੁਰਿੰਥੀਆਂ 5:1, 9-13.

ਪਰਮੇਸ਼ੁਰ ਦੀ ਈਰਖਾ ਉਸ ਦਿਆਂ ਲੋਕਾਂ ਨੂੰ ਲਾਭ ਪਹੁੰਚਾਉਂਦੀ ਹੈ

16, 17. (ੳ) ਜਦੋਂ ਪਰਮੇਸ਼ੁਰ ਨੇ ਪ੍ਰਾਚੀਨ ਯਹੂਦਾਹ ਨੂੰ ਸਜ਼ਾ ਦਿੱਤੀ, ਤਾਂ ਕੌਮਾਂ ਨੇ ਕੀ ਪ੍ਰਤਿਕ੍ਰਿਆ ਦਿਖਾਈ ਸੀ? (ਅ) ਯਹੂਦਾਹ ਦੀ 70 ਸਾਲਾਂ ਦੀ ਕੈਦ ਦੇ ਮਗਰੋਂ, ਯਹੋਵਾਹ ਨੇ ਯਰੂਸ਼ਲਮ ਲਈ ਆਪਣੀ ਈਰਖਾ ਕਿਸ ਤਰ੍ਹਾਂ ਦਿਖਾਈ?

16 ਜਦੋਂ ਪਰਮੇਸ਼ੁਰ ਨੇ ਸਜ਼ਾ ਵਜੋਂ ਯਹੂਦਾਹ ਦਿਆਂ ਲੋਕਾਂ ਨੂੰ ਬਾਬੁਲ ਦੀ ਕੈਦ ਵਿਚ ਜਾਣ ਦਿੱਤਾ, ਤਾਂ ਉਨ੍ਹਾਂ ਦਾ ਮਖੌਲ ਉਡਾਇਆ ਗਿਆ। (ਜ਼ਬੂਰ 137:3) ਈਰਖਾ ਭਰੀ ਨਫ਼ਰਤ ਵਿਚ, ਅਦੋਮੀਆਂ ਨੇ ਪਰਮੇਸ਼ੁਰ ਦਿਆਂ ਲੋਕਾਂ ਉੱਪਰ ਬਿਪਤਾ ਲਿਆਉਣ ਲਈ ਬਾਬੁਲੀਆਂ ਦੀ ਮਦਦ ਵੀ ਕੀਤੀ, ਅਤੇ ਯਹੋਵਾਹ ਨੇ ਇਸ ਨੂੰ ਧਿਆਨ ਵਿਚ ਰੱਖਿਆ। (ਹਿਜ਼ਕੀਏਲ 35:11; 36:15) ਬਚਿਆਂ ਹੋਇਆਂ ਨੇ ਕੈਦ ਵਿਚ ਪਸ਼ਚਾਤਾਪ ਕੀਤਾ, ਅਤੇ 70 ਸਾਲਾਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਮੁੜ ਬਹਾਲ ਕੀਤਾ।

17 ਪਹਿਲਾਂ ਤਾਂ ਯਹੂਦਾਹ ਦੇ ਲੋਕ ਇਕ ਨਿਰਾਸ਼ਾਜਨਕ ਹਾਲਤ ਵਿਚ ਸਨ। ਯਰੂਸ਼ਲਮ ਸ਼ਹਿਰ ਅਤੇ ਇਸ ਦੀ ਹੈਕਲ ਢਾਹ ਦਿੱਤੇ ਗਏ ਸਨ। ਪਰੰਤੂ ਆਲੇ-ਦੁਆਲੇ ਦੀਆਂ ਕੌਮਾਂ ਨੇ ਹੈਕਲ ਦੇ ਮੁੜ-ਉਸਾਰੇ ਜਾਣ ਦੇ ਸਾਰੇ ਜਤਨਾਂ ਦਾ ਵਿਰੋਧ ਕੀਤਾ। (ਅਜ਼ਰਾ 4:4, 23, 24) ਯਹੋਵਾਹ ਨੇ ਇਸ ਬਾਰੇ ਕਿਸ ਤਰ੍ਹਾਂ ਮਹਿਸੂਸ ਕੀਤਾ? ਪ੍ਰੇਰਿਤ ਰਿਕਾਰਡ ਬਿਆਨ ਕਰਦਾ ਹੈ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ, ਯਰੂਸ਼ਲਮ ਲਈ ਮੈਨੂੰ ਅਣਖ [“ਈਰਖਾ,” ਨਿ ਵ] ਹੈ ਅਤੇ ਸੀਯੋਨ ਲਈ ਵੱਡੀ ਅਣਖ [“ਵੱਡੀ ਈਰਖਾ,” ਨਿ ਵ] ਹੈ। ਮੈਂ ਏਹਨਾਂ ਕੌਮਾਂ ਨਾਲ ਅੱਤ ਵੱਡਾ ਕੋਪਵਾਨ ਰਿਹਾ ਜਿਹੜੀਆਂ ਅਰਾਮ ਵਿੱਚ ਸਨ ਕਿਉਂ ਜੋ ਮੇਰਾ ਕੋਪ ਥੋੜਾ ਜਿਹਾ ਸੀ ਪਰ ਓਹਨਾਂ ਨੇ ਉਸ ਬਿਪਤਾ ਨੂੰ ਵਧਾ ਦਿੱਤਾ। ਏਸ ਲਈ ਯਹੋਵਾਹ ਇਉਂ ਆਖਦਾ ਹੈ, ਮੈਂ ਰਹਮ ਨਾਲ ਯਰੂਸ਼ਲਮ ਨੂੰ ਮੁੜ ਆਇਆ ਹਾਂ। ਮੇਰਾ ਭਵਨ ਏਸ ਵਿੱਚ ਉਸਾਰਿਆ ਜਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।” (ਜ਼ਕਰਯਾਹ 1:14-16) ਇਸ ਵਾਅਦੇ ਦੇ ਅਨੁਸਾਰ, ਹੈਕਲ ਅਤੇ ਯਰੂਸ਼ਲਮ ਸ਼ਹਿਰ ਸਫਲਤਾਪੂਰਵਕ ਮੁੜ-ਉਸਾਰੇ ਗਏ ਸਨ।

18. ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਸੱਚੇ ਮਸੀਹੀਆਂ ਨੇ ਕੀ ਅਨੁਭਵ ਕੀਤਾ?

18 ਵੀਹਵੀਂ ਸਦੀ ਵਿਚ ਸੱਚੀ ਮਸੀਹੀ ਕਲੀਸਿਯਾ ਦਾ ਵੀ ਇਸੇ ਤਰ੍ਹਾਂ ਦਾ ਅਨੁਭਵ ਰਿਹਾ ਹੈ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ, ਯਹੋਵਾਹ ਨੇ ਆਪਣੇ ਲੋਕਾਂ ਨੂੰ ਅਨੁਸ਼ਾਸਿਤ ਕੀਤਾ ਕਿਉਂਕਿ ਉਹ ਉਸ ਦੁਨਿਆਵੀ ਸੰਘਰਸ਼ ਵਿਚ ਸਖ਼ਤੀ ਨਾਲ ਨਿਰਪੱਖ ਨਹੀਂ ਰਹਿ ਰਹੇ ਸਨ। (ਯੂਹੰਨਾ 17:16) ਪਰਮੇਸ਼ੁਰ ਨੇ ਉਨ੍ਹਾਂ ਨੂੰ ਦਬਾਉਣ ਲਈ ਰਾਜਨੀਤਿਕ ਸ਼ਕਤੀਆਂ ਨੂੰ ਇਜਾਜ਼ਤ ਦਿੱਤੀ, ਅਤੇ ਮਸੀਹੀ-ਜਗਤ ਦੇ ਪਾਦਰੀਆਂ ਨੇ ਇਸ ਬਿਪਤਾ ਉੱਤੇ ਆਨੰਦ ਮਾਣਿਆ। ਦਰਅਸਲ, ਪਾਦਰੀ ਹੀ ਬਾਈਬਲ ਸਟੂਡੈਂਟਸ, ਜਿਵੇਂ ਯਹੋਵਾਹ ਦੇ ਗਵਾਹ ਉਦੋਂ ਸੱਦੇ ਜਾਂਦੇ ਸਨ, ਦੇ ਕੰਮ ਉੱਤੇ ਪਾਬੰਦੀ ਲਾਉਣ ਲਈ ਰਾਜਨੀਤਿਕ ਸ਼ਕਤੀਆਂ ਨੂੰ ਉਕਸਾਉਣ ਵਿਚ ਅਗਵਾਈ ਕਰ ਰਹੇ ਸਨ।—ਪਰਕਾਸ਼ ਦੀ ਪੋਥੀ 11:7, 10.

19. ਯਹੋਵਾਹ ਨੇ 1919 ਤੋਂ ਆਪਣੀ ਉਪਾਸਨਾ ਲਈ ਕਿਸ ਤਰ੍ਹਾਂ ਈਰਖਾ ਦਿਖਾਈ ਹੈ?

19 ਫਿਰ ਵੀ, ਯਹੋਵਾਹ ਨੇ ਆਪਣੀ ਉਪਾਸਨਾ ਲਈ ਈਰਖਾ ਦਿਖਾਈ ਅਤੇ ਯੁੱਧ ਤੋਂ ਬਾਅਦ ਸੰਨ 1919 ਵਿਚ ਆਪਣੇ ਪਸ਼ਚਾਤਾਪੀ ਲੋਕਾਂ ਉੱਤੇ ਮੁੜ ਕਿਰਪਾ ਦ੍ਰਿਸ਼ਟੀ ਦਿਖਾਈ। (ਪਰਕਾਸ਼ ਦੀ ਪੋਥੀ 11:11, 12) ਨਤੀਜੇ ਵਜੋਂ, ਯਹੋਵਾਹ ਦੀ ਵਡਿਆਈ ਕਰਨ ਵਾਲਿਆਂ ਦੀ ਗਿਣਤੀ 1918 ਵਿਚ 4,000 ਤੋਂ ਵੀ ਘੱਟ ਗਿਣਤੀ ਤੋਂ ਵੱਧ ਕੇ ਅੱਜ ਕੁਝ 50 ਲੱਖ ਹੋ ਗਈ ਹੈ। (ਯਸਾਯਾਹ 60:22) ਜਲਦੀ ਹੀ, ਆਪਣੀ ਸ਼ੁੱਧ ਉਪਾਸਨਾ ਲਈ ਯਹੋਵਾਹ ਦੀ ਈਰਖਾ ਹੋਰ ਨਾਟਕੀ ਢੰਗ ਵਿਚ ਪ੍ਰਗਟ ਹੋਵੇਗੀ।

ਭਵਿੱਖ ਵਿਚ ਈਸ਼ਵਰੀ ਈਰਖਾ ਦੇ ਕਾਰਜ

20. ਸ਼ੁੱਧ ਉਪਾਸਨਾ ਵਾਸਤੇ ਆਪਣੀ ਈਰਖਾ ਦਿਖਾਉਣ ਲਈ ਪਰਮੇਸ਼ੁਰ ਜਲਦੀ ਹੀ ਕੀ ਕਰੇਗਾ?

20 ਸਦੀਆਂ ਤੋਂ ਮਸੀਹੀ-ਜਗਤ ਦੇ ਗਿਰਜਿਆਂ ਨੇ ਧਰਮ-ਤਿਆਗੀ ਯਹੂਦੀਆਂ ਦੇ ਮਾਰਗ ਦੀ ਪੈਰਵੀ ਕੀਤੀ ਹੈ ਜਿਨ੍ਹਾਂ ਨੇ ਈਰਖਾ ਲਈ ਯਹੋਵਾਹ ਨੂੰ ਉਕਸਾਇਆ ਸੀ। (ਹਿਜ਼ਕੀਏਲ 8:3, 17, 18) ਜਲਦੀ ਹੀ ਯਹੋਵਾਹ ਪਰਮੇਸ਼ੁਰ ਸੰਯੁਕਤ ਰਾਸ਼ਟਰ-ਸੰਘ ਦੇ ਸਦੱਸਾਂ ਦੇ ਦਿਲਾਂ ਵਿਚ ਇਕ ਸਖ਼ਤ ਵਿਚਾਰ ਪਾਉਣ ਦੁਆਰਾ ਕੰਮ ਕਰੇਗਾ। ਇਹ ਇਨ੍ਹਾਂ ਰਾਜਨੀਤਿਕ ਸ਼ਕਤੀਆਂ ਨੂੰ ਮਸੀਹੀ-ਜਗਤ ਅਤੇ ਬਾਕੀ ਦੇ ਝੂਠੇ ਧਰਮ ਨੂੰ ਨਾਸ਼ ਕਰਨ ਲਈ ਪ੍ਰੇਰਿਤ ਕਰੇਗਾ। (ਪਰਕਾਸ਼ ਦੀ ਪੋਥੀ 17:16, 17) ਸੱਚੇ ਉਪਾਸਕ ਉਸ ਭਿਆਨਕ ਈਸ਼ਵਰੀ ਨਿਆਉਂ ਦੇ ਦੰਡ ਤੋਂ ਬਚ ਜਾਣਗੇ। ਉਹ ਸਵਰਗੀ ਜੀਵਾਂ ਦੇ ਸ਼ਬਦਾਂ ਨੂੰ ਪ੍ਰਤਿਕ੍ਰਿਆ ਦਿਖਾਉਣਗੇ ਜੋ ਕਹਿੰਦੇ ਹਨ: “ਹਲਲੂਯਾਹ! . . . ਇਸ ਲਈ ਜੋ ਉਸ ਵੱਡੀ ਕੰਜਰੀ [ਝੂਠੇ ਧਰਮ] ਦਾ ਜਿਨ ਆਪਣੀ ਹਰਾਮਕਾਰੀ [ਆਪਣੀਆਂ ਝੂਠੀਆਂ ਸਿੱਖਿਆਵਾਂ ਅਤੇ ਭ੍ਰਿਸ਼ਟ ਰਾਜਨੀਤੀ ਦੇ ਸਮਰਥਨ] ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਉਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ।”—ਪਰਕਾਸ਼ ਦੀ ਪੋਥੀ 19:1, 2.

21. (ੳ) ਝੂਠੇ ਧਰਮ ਦੇ ਨਾਸ਼ ਹੋਣ ਤੋਂ ਬਾਅਦ ਸ਼ਤਾਨ ਅਤੇ ਉਸ ਦੀ ਵਿਵਸ­ਥਾ ਕੀ ਕਰਨਗੇ? (ਅ) ਪਰਮੇਸ਼ੁਰ ਕਿਸ ਤਰ੍ਹਾਂ ਪ੍ਰਤਿਕ੍ਰਿਆ ਦਿਖਾਵੇਗਾ?

21 ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੇ ਵਿਨਾਸ਼ ਤੋਂ ਬਾਅਦ ਕੀ ਹੋਵੇਗਾ? ਸ਼ਤਾਨ ਰਾਜਨੀਤਿਕ ਸ਼ਕਤੀਆਂ ਨੂੰ ਯਹੋਵਾਹ ਦੇ ਲੋਕਾਂ ਉੱਪਰ ਵਿਸ਼ਵ-ਵਿਆਪੀ ਹਮਲਾ ਕਰਨ ਲਈ ਉਕਸਾਏਗਾ। ਸੱਚਾ ਪਰਮੇਸ਼ੁਰ ਸੱਚੀ ਉਪਾਸਨਾ ਨੂੰ ਧਰਤੀ ਉੱਤੋਂ ਮਿਟਾਉਣ ਦੀ ਸ਼ਤਾਨ ਦੀ ਇਸ ਕੋਸ਼ਿਸ਼ ਦੇ ਪ੍ਰਤੀ ਕਿਸ ਤਰ੍ਹਾਂ ਪ੍ਰਤਿਕ੍ਰਿਆ ਦਿਖਾਏਗਾ? ਹਿਜ਼ਕੀਏਲ 38:19-23 ਸਾਨੂੰ ਦੱਸਦਾ ਹੈ: “ਮੈਂ [ਯਹੋਵਾਹ] ਆਪਣੀ ਅਣਖ [ਜਾਂ, ਈਰਖਾ] ਅਤੇ ਕਹਿਰ ਦੀ ਅੱਗ ਵਿੱਚ ਬੋਲਿਆ ਹਾਂ . . . ਮੈਂ ਮਰੀ ਘੱਲ ਕੇ ਅਤੇ ਲਹੂ ਵਗਾ ਕੇ ਉਹ [ਸ਼ਤਾਨ] ਦਾ ਨਿਆਉਂ ਕਰਾਂਗਾ ਅਤੇ ਉਹ ਦੇ ਉੱਤੇ ਅਤੇ ਉਹ ਦੀ ਮਹਾਇਣ ਉੱਤੇ ਅਤੇ ਉਨ੍ਹਾਂ ਬਹੁਤ ਸਾਰੇ ਲੋਕਾਂ ਉੱਤੇ ਜਿਹੜੇ ਉਹ ਦੇ ਨਾਲ ਹਨ ਜ਼ੋਰ ਦੀ ਵਰਖਾ ਅਤੇ ਵੱਡੇ ਵੱਡੇ ਗੜੇ ਅਤੇ ਅੱਗ ਤੇ ਗੰਧਕ ਵਰ੍ਹਾਵਾਂਗਾ। ਅਤੇ ਆਪਣੀ ਮਹਿਮਾ ਅਤੇ ਆਪਣੀ ਪਵਿੱਤ੍ਰਤਾ ਕਰਾਵਾਂਗਾ ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਵਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!”—ਨਾਲੇ ਦੇਖੋ ਸਫ਼ਨਯਾਹ 1:18; 3:8.

22. ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੀ ਸ਼ੁੱਧ ਉਪਾਸਨਾ ਲਈ ਈਰਖਾ ਰੱਖਦੇ ਹਾਂ?

22 ਇਹ ਜਾਣਨਾ ਕਿ ਵਿਸ਼ਵ ਦਾ ਸਰਬਸੱਤਾਵਾਨ ਆਪਣੇ ਸੱਚੇ ਉਪਾਸਕਾਂ ਲਈ ਈਰਖਾਲੂ ਤੌਰ ਤੇ ਧਿਆਨ ਰੱਖਦਾ ਹੈ, ਕਿੰਨਾ ਹੌਸਲਾ ਦਿੰਦਾ ਹੈ! ਉਸ ਦੀ ਅਯੋਗ ਦਿਆਲਗੀ ਲਈ ਗਹਿਰੀ ਕਦਰ ਤੋਂ ਪ੍ਰੇਰਿਤ ਹੋ ਕੇ, ਆਓ ਅਸੀਂ ਯਹੋਵਾਹ ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਲਈ ਈਰਖਾ ਰੱਖੀਏ। ਇਉਂ ਹੀ ਹੋਵੇ ਕਿ ਸਰਗਰਮੀ ਨਾਲ ਅਸੀਂ ਲਗਾਤਾਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ ਅਤੇ ਵਿਸ਼ਵਾਸਪੂਰਵਕ ਉਸ ਦਿਨ ਦੀ ਇੰਤਜ਼ਾਰ ਕਰੀਏ ਜਦੋਂ ਯਹੋਵਾਹ ਆਪਣੇ ਮਹਾਨ ਨਾਂ ਨੂੰ ਵਡਿਆਉਂਦਾ ਅਤੇ ਪਵਿੱਤਰ ਕਰਦਾ ਹੈ।—ਮੱਤੀ 24:14. (w95 9/15)

ਮਨਨ ਕਰਨ ਲਈ ਮੁੱਦੇ

◻ ਯਹੋਵਾਹ ਲਈ ਈਰਖਾਲੂ ਹੋਣ ਦਾ ਕੀ ਮਤਲਬ ਹੈ?

◻ ਪ੍ਰਾਚੀਨ ਇਸਰਾਏਲੀਆਂ ਦੁਆਰਾ ਸਥਾਪਿਤ ਕੀਤੇ ਗਏ ਉਦਾਹਰਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

◻ ਅਸੀਂ ਯਹੋਵਾਹ ਨੂੰ ਈਰਖਾਲੂ ਹੋਣ ਲਈ ਉਕਸਾਉਣ ਤੋਂ ਕਿਸ ਤਰ੍ਹਾਂ ਪਰਹੇਜ਼ ਕਰ ਸਕਦੇ ਹਾਂ?

◻ ਪਰਮੇਸ਼ੁਰ ਅਤੇ ਮਸੀਹ ਨੇ ਕਿਸ ਤਰ੍ਹਾਂ ਸ਼ੁੱਧ ਉਪਾਸਨਾ ਲਈ ਈਰਖਾ ਦਿਖਾਈ ਹੈ?

[ਸਫ਼ੇ 26 ਉੱਤੇ ਡੱਬੀ]

ਪ੍ਰੇਮ ਈਰਖਾਲੂ ਨਹੀਂ ਹੁੰਦਾ

ਖੁਣਸ ਦੇ ਸੰਬੰਧ ਵਿਚ, 19ਵੀਂ ਸਦੀ ਦੇ ਇਕ ਬਾਈਬਲ ਵਿਦਵਾਨ ਐਲਬਰਟ ਬਾਰਨ­ਜ਼ ਨੇ ਲਿੱਖਿਆ: “ਇਹ ਦੁਸ਼ਟਤਾ ਦਾ ਇਕ ਸਭ ਤੋਂ ਆਮ ਪ੍ਰਗਟਾਵਾ ਹੈ, ਅਤੇ ਸਪੱਸ਼ਟ ਤੌਰ ਤੇ ਮਨੁੱਖ ਦੀ ਗਹਿਰੀ ਭ੍ਰਿਸ਼ਟ­ਤਾ ਦਿਖਾਉਂਦਾ ਹੈ।” ਉਸ ਨੇ ਅੱਗੇ ਕਿਹਾ: “ਜੇਕਰ ਕੋਈ ਸਾਰੇ ਯੁੱਧਾਂ ਅਤੇ ਝਗੜਿਆਂ ਅਤੇ ਦੁਨਿਆਵੀ ਯੋਜਨਾਵਾਂ ਦੇ ਮੂਲ ਦਾ ਪਤਾ ਕਰ ਸਕੇ—ਇੱਥੋਂ ਤਕ ਕਿ ਨਾਂ-ਮਾਤਰ ਮਸੀਹੀਆਂ ਦੀਆਂ ਸਾਰੀਆਂ ਯੋਜਨਾਵਾਂ ਅਤੇ ਮਕਸਦ, ਜੋ ਉਨ੍ਹਾਂ ਦੇ ਧਰਮ ਦਾ ਵਿਗਾੜ ਕਰਦੇ ਹਨ ਅਤੇ ਉਨ੍ਹਾਂ ਨੂੰ ਦੁਨਿਆਵੀ ਬਣਾ ਦਿੰਦੇ ਹਨ, ਦਾ ਅਸਲੀ ਮੂਲ ਲੱਭ ਸਕੇ—ਤਾਂ ਉਹ ਇਹ ਦੇਖ ਕੇ ਹੈਰਾਨ ਹੋਵੇਗਾ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਕਾਰਨ ਖੁਣਸ ਹੀ ਹੈ। ਅਸੀਂ ਦੁਖੀ ਹੁੰਦੇ ਹਾਂ ਕਿ ਦੂਜੇ ਲੋਕ ਸਾਡੇ ਨਾਲੋਂ ਜ਼ਿਆਦਾ ਖੁਸ਼ਹਾਲ ਹਨ; ਦੂਜਿਆਂ ਕੋਲ ਜੋ ਹੈ ਉਸ ਨੂੰ ਅਸੀਂ ਹਾਸਲ ਕਰਨ ਦੀ ਇੱਛਾ ਕਰਦੇ ਹਾਂ, ਭਾਵੇਂ ਕਿ ਸਾਡੇ ਕੋਲ ਇਸ ਦਾ ਕੋਈ ਅਧਿਕਾਰ ਨਹੀਂ ਹੈ; ਅਤੇ ਇਸ ਦੇ ਕਾਰਨ ਅਸੀਂ ਵਿਭਿੰਨ ਪ੍ਰਕਾਰ ਦੇ ਦੋਸ਼ੀ ਤਰੀਕਿਆਂ ਨੂੰ ਅਪਣਾਉਂਦੇ ਹਾਂ ਤਾਂ ਜੋ ਉਨ੍ਹਾਂ ਦੇ ਇਨ੍ਹਾਂ ਚੀਜ਼ਾਂ ਵਿਚ ਆਨੰਦ ਨੂੰ ਘਟਾਈਏ, ਜਾਂ ਖ਼ੁਦ ਇਨ੍ਹਾਂ ਨੂੰ ਹਾਸਲ ਕਰੀਏ, ਜਾਂ ਇਹ ਦਿਖਾਈਏ ਕਿ ਉਨ੍ਹਾਂ ਕੋਲ ਉੱਨਾ ਨਹੀਂ ਹੈ ਜਿੰਨਾ ਆਮ ਤੌਰ ਤੇ ਸਮਝਿਆ ਜਾਂਦਾ ਹੈ। . . . ਕਿਉਂਕਿ ਇਸ ਤਰ੍ਹਾਂ ਹੀ ਸਾਡੇ ਦਿਲਾਂ ਵਿਚ ਖੁਣਸ ਦੀ ਆਤਮਾ ਸੰਤੁਸ਼ਟ ਹੋਵੇਗੀ।”—ਰੋਮੀਆਂ 1:29; ਯਾਕੂਬ 4:5.

ਇਸ ਦੇ ਉਲਟ, ਬਾਰਨਜ਼ ਨੇ ਪ੍ਰੇਮ, ਜੋ “ਖੁਣਸ ਨਹੀਂ ਕਰਦਾ,” ਦੇ ਸੰਬੰਧ ਵਿਚ ਇਕ ਦਿਲਚਸਪੀ ਵਾਲੀ ਟਿੱਪਣੀ ਕੀਤੀ ਹੈ। (1 ਕੁਰਿੰਥੀਆਂ 13:4) ਉਸ ਨੇ ਲਿੱਖਿਆ: “ਪ੍ਰੇਮ ਦੂਜਿਆਂ ਦੀ ਖ਼ੁਸ਼ੀ ਦੀ ਖੁਣਸ ਨਹੀਂ ਕਰਦਾ ਜਿਸ ਦਾ ਉਹ ਆਨੰਦ ਮਾਣਦੇ ਹਨ; ਇਹ ਉਨ੍ਹਾਂ ਦੇ ਕਲਿਆਣ ਵਿਚ ਪ੍ਰਸੰਨ ਹੁੰਦਾ ਹੈ; ਅਤੇ ਜਿਉਂ-ਜਿਉਂ ਉਨ੍ਹਾਂ ਦੀ ਖ਼ੁਸ਼ੀ ਵਧਦੀ ਹੈ . . . , ਉਹ ਜੋ ਪ੍ਰੇਮ ਦੁਆਰਾ ਪ੍ਰਭਾਵਿਤ ਹੁੰਦੇ ਹਨ . . . ਇਸ ਨੂੰ ਨਹੀਂ ਘਟਾਉਣਗੇ; ਉਹ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੇ ਸੁਆਮੀ ਹੋਣ ਵਿਚ ਸ਼ਰਮਿੰਦਗੀ ਨਹੀਂ ਮਹਿਸੂਸ ਕਰਾਉਣਗੇ; ਉਹ ਉਸ ਖ਼ੁਸ਼ੀ ਨੂੰ ਘੱਟ ਨਹੀਂ ਕਰਨ­ਗੇ; ਉਹ ਬੁੜਬੁੜਾਉਣਗੇ ਨਹੀਂ ਜਾਂ ਕੁੜ੍ਹਨਗੇ ਨਹੀਂ ਕਿ ਉਹ ਖ਼ੁਦ ਇੰਨੇ ਜ਼ਿਆਦਾ ਨਿਵਾਜ਼ੇ ਨਹੀਂ ਹਨ। . . . ਜੇਕਰ ਅਸੀਂ ਦੂਜਿਆਂ ਨੂੰ ਪ੍ਰੇਮ ਕਰਦੇ ਹਾਂ—ਜੇਕਰ ਅਸੀਂ ਉਨ੍ਹਾਂ ਦੀ ਖ਼ੁਸ਼ੀ ਵਿਚ ਆਨੰਦ ਮਾਣਦੇ ਹਾਂ, ਤਾਂ ਸਾਨੂੰ ਉਨ੍ਹਾਂ ਨਾਲ ਖੁਣਸ ਨਹੀਂ ਰੱਖਣੀ ਚਾਹੀਦੀ ਹੈ।”

[ਸਫ਼ੇ 24 ਉੱਤੇ ਤਸਵੀਰ]

ਫ਼ੀਨਹਾਸ ਯਹੋਵਾਹ ਦੀ ਸ਼ੁੱਧ ਉਪਾਸਨਾ ਲਈ ਈਰਖਾਲੂ ਸੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ