ਅਗਾਹਾਂ ਨੂੰ ਚੰਗੀ ਖ਼ਬਰ!
ਅਸੀਂ ਸਾਰੇ ਦੁਖੀ ਹੁੰਦੇ ਹਾਂ ਜਦੋਂ ਵੀ ਸਾਨੂੰ ਨਿੱਜੀ ਪ੍ਰਕਾਰ ਦੀ ਬੁਰੀ ਖ਼ਬਰ ਮਿਲਦੀ ਹੈ। ਦੂਜੇ ਪਾਸੇ, ਅਸੀਂ ਆਨੰਦਿਤ ਹੁੰਦੇ ਹਾਂ ਜਦੋਂ ਚੰਗੀ ਖ਼ਬਰ ਆਉਂਦੀ ਹੈ—ਸਾਡੇ ਲਈ ਜਾਂ ਸਾਡੇ ਪਿਆਰਿਆਂ ਲਈ ਖ਼ੁਸ਼ ਖ਼ਬਰੀ। ਪਰੰਤੂ ਜਦੋਂ ਬੁਰੀ ਖ਼ਬਰ ਸਾਨੂੰ ਛੱਡ ਕਿਸੇ ਹੋਰ ਨੂੰ ਪ੍ਰਭਾਵਿਤ ਕਰਦੀ ਹੈ, ਤਾਂ ਅਕਸਰ ਥੋੜ੍ਹੀ ਬਹੁਤ ਜਿਗਿਆਸਾ ਉਤਪੰਨ ਹੁੰਦੀ ਹੈ; ਕਈਆਂ ਨੂੰ ਤਾਂ ਦੂਜਿਆਂ ਉੱਤੇ ਆਈ ਮੁਸੀਬਤ ਬਾਰੇ ਜਾਣ ਕੇ ਆਨੰਦ ਮਿਲਦਾ ਹੈ। ਇਹ ਸ਼ਾਇਦ ਕੁਝ ਹੱਦ ਤਕ ਸਪੱਸ਼ਟ ਕਰਦਾ ਹੈ ਕਿ ਬੁਰੀਆਂ ਖ਼ਬਰਾਂ ਕਿਉਂ ਇੰਨੀਆਂ ਜ਼ਿਆਦਾ ਵਿਕਦੀਆਂ ਹਨ!
ਵਿਸ਼ਵ ਯੁੱਧ II ਦੇ ਮੁਢਲੇ ਭਾਗ ਦੇ ਦੌਰਾਨ, ਕਈ ਲੋਕਾਂ ਦੀ ਬਿਪਤਾ ਵਿਚ ਘਿਣਾਉਣੀ ਰੁਚੀ ਦੀ ਇਕ ਸਪੱਸ਼ਟ ਮਿਸਾਲ ਪੇਸ਼ ਸੀ। ਇਕ 10,000-ਟਨ ਦਾ ਤੇਜ਼ ਜੰਗੀ ਜਹਾਜ਼, ਗ੍ਰਾਫ਼ ਸ਼ਪੇ, ਜਰਮਨ ਨੌਸੈਨਾ ਦਾ ਮਾਣ ਸੀ। ਹਫ਼ਤਿਆਂ ਤੋਂ ਇਹ ਜੰਗੀ ਜਹਾਜ਼ ਦੱਖਣੀ ਐਟਲਾਂਟਿਕ ਅਤੇ ਹਿੰਦ ਮਹਾਂਸਾਗਰਾਂ ਵਿਚ ਮਿੱਤਰ ਤਜਾਰਤੀ ਜਹਾਜ਼ਾਂ ਦੇ ਵਿਚਕਾਰ ਤਬਾਹੀ ਮਚਾਉਂਦਾ ਆਇਆ ਸੀ। ਆਖ਼ਰਕਾਰ, ਤਿੰਨ ਬਰਤਾਨਵੀ ਤੇਜ਼-ਰਫ਼ਤਾਰ ਜੰਗੀ ਜਹਾਜ਼ਾਂ ਨੇ ਗ੍ਰਾਫ਼ ਸ਼ਪੇ ਨੂੰ ਲੱਭ ਕੇ ਉਸ ਉੱਤੇ ਹਮਲਾ ਕੀਤਾ, ਜਿਸ ਕਾਰਨ ਜਾਨਾਂ ਦਾ ਨੁਕਸਾਨ ਹੋਇਆ ਅਤੇ ਇਸ ਜਹਾਜ਼ ਨੂੰ ਹੌਲੀ-ਹੌਲੀ ਮੁਰੰਮਤ ਲਈ ਉਰੂਗਵਾਏ ਦੇ ਮਾਂਟੇਵਿਡੀਓ ਬੰਦਰਗਾਹ ਵਿਚ ਮਜਬੂਰਨ ਜਾਣਾ ਪਿਆ। ਉਰੂਗਵਾਏ ਦੀ ਸਰਕਾਰ ਨੇ ਇਸ ਜੰਗੀ ਜਹਾਜ਼ ਨੂੰ ਤੁਰੰਤ ਸਮੁੰਦਰ ਵਿਚ ਵਾਪਸ ਜਾਣ ਲਈ ਹੁਕਮ ਦਿੱਤਾ, ਨਹੀਂ ਤਾਂ ਇਸ ਨੂੰ ਨਜ਼ਰਬੰਦ ਕੀਤਾ ਜਾਂਦਾ। ਸੋ ਇਕ ਭਿਆਨਕ ਅਤੇ ਇਕ ਹੱਦ ਤਕ ਯਕਤਰਫ਼ਾ ਯੁੱਧ ਅਟੱਲ ਜਾਪਦਾ ਸੀ।
ਇਹ ਸੁਣਦੇ ਹੀ, ਸੰਯੁਕਤ ਰਾਜ ਅਮਰੀਕਾ ਵਿਚ ਧਨੀ ਵਪਾਰੀਆਂ ਦੇ ਇਕ ਸਮੂਹ ਨੇ ਇਹ ਖ਼ੂਨੀ ਯੁੱਧ ਦੇਖਣ ਦੇ ਲਈ ਉਰੂਗਵਾਏ ਜਾਣ ਲਈ ਲਗਭਗ 2,500 ਡਾਲਰ ਪ੍ਰਤਿ ਵਿਅਕਤੀ ਦੀ ਕੀਮਤ ਤੇ, ਇਕ ਹਵਾਈ ਜਹਾਜ਼ ਕਿਰਾਏ ਤੇ ਲਿਆ। ਉਨ੍ਹਾਂ ਨੂੰ ਨਿਰਾਸ਼ਾ ਹੋਈ ਜਦੋਂ ਇਹ ਯੁੱਧ ਨਹੀਂ ਵਾਪਰਿਆ। ਅਡੌਲਫ਼ ਹਿਟਲਰ ਨੇ ਗ੍ਰਾਫ਼ ਸ਼ਪੇ ਨੂੰ ਡੋਬਣ ਦਾ ਹੁਕਮ ਦੇ ਦਿੱਤਾ। ਹਜ਼ਾਰਾਂ ਤਮਾਸ਼ਬੀਨਾਂ, ਜੋ ਇਕ ਜ਼ਬਰਦਸਤ ਸਮੁੰਦਰੀ ਯੁੱਧ ਦਾ ਨਜ਼ਾਰਾ ਦੇਖਣ ਦੀ ਆਸ ਵਿਚ ਬੰਦਰਗਾਹ ਤੇ ਇਕੱਠੇ ਹੋਏ ਸਨ, ਨੇ ਇਸ ਦੀ ਬਜਾਇ ਇਕ ਜ਼ੋਰਦਾਰ ਧਮਾਕਾ ਦੇਖਿਆ ਅਤੇ ਸੁਣਿਆ ਜਿਸ ਨੇ ਗ੍ਰਾਫ਼ ਸ਼ਪੇ ਨੂੰ ਡੋਬ ਦਿੱਤਾ, ਜੋ ਆਪਣੇ ਹੀ ਮਲਾਹਾਂ ਦੁਆਰਾ ਡੋਬ ਦਿੱਤਾ ਗਿਆ। ਕਪਤਾਨ ਨੇ ਆਪਣੇ ਸਿਰ ਵਿਚ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ।
ਕਈ ਲੋਕਾਂ ਵਿਚ ਕੁਝ-ਕੁ ਵਹਿਸ਼ਤ ਦੀ ਝਲਕ ਹੋਣ ਦੇ ਬਾਵਜੂਦ, ਅਧਿਕਤਰ ਲੋਕ ਸਹਿਮਤ ਹੋਣਗੇ ਕਿ ਉਹ ਬੁਰੀਆਂ ਖ਼ਬਰਾਂ ਨਾਲੋਂ ਚੰਗੀਆਂ ਖ਼ਬਰਾਂ ਪਸੰਦ ਕਰਦੇ ਹਨ। ਕੀ ਤੁਸੀਂ ਅਜਿਹਾ ਮਹਿਸੂਸ ਨਹੀਂ ਕਰਦੇ ਹੋ? ਤਾਂ ਫਿਰ, ਇਤਿਹਾਸ ਵਿਚ ਕਿਉਂ ਇੰਨੀਆਂ ਵੱਧ ਬੁਰੀਆਂ ਖ਼ਬਰਾਂ ਅਤੇ ਇੰਨੀਆਂ ਘੱਟ ਚੰਗੀਆਂ ਖ਼ਬਰਾਂ ਦਰਜ ਹਨ? ਕੀ ਪਰਿਸਥਿਤੀ ਕਦੇ ਪਲਟਾਈ ਜਾ ਸਕਦੀ ਹੈ?
ਸਾਰੀਆਂ ਬੁਰੀਆਂ ਖ਼ਬਰਾਂ ਦੇ ਕਾਰਨ
ਬਾਈਬਲ ਉਸ ਸਮੇਂ ਬਾਰੇ ਦੱਸਦੀ ਹੈ ਜਦੋਂ ਕੇਵਲ ਚੰਗੀਆਂ ਖ਼ਬਰਾਂ ਹੀ ਸੁਣੀਆਂ ਜਾਂਦੀਆਂ ਸਨ। ਬੁਰੀਆਂ ਖ਼ਬਰਾਂ ਤਾਂ ਅਗਿਆਤ, ਅਣਸੁਣੀ ਗੱਲ ਸੀ। ਜਦੋਂ ਯਹੋਵਾਹ ਪਰਮੇਸ਼ੁਰ ਨੇ ਆਪਣੇ ਰਚਨਾਤਮਕ ਕਾਰਜਾਂ ਨੂੰ ਪੂਰਾ ਕੀਤਾ, ਤਾਂ ਧਰਤੀ ਮਨੁੱਖ ਅਤੇ ਪਸ਼ੂਆਂ ਵੱਲੋਂ ਆਨੰਦ ਮਾਣਨ ਲਈ ਤਿਆਰ ਸੀ। ਉਤਪਤ ਦਾ ਬਿਰਤਾਂਤ ਸਾਨੂੰ ਦੱਸਦਾ ਹੈ: “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।”—ਉਤਪਤ 1:31.
ਮਨੁੱਖ ਦੀ ਸ੍ਰਿਸ਼ਟੀ ਦੇ ਬਾਅਦ ਬੁਰੀਆਂ ਖ਼ਬਰਾਂ ਦੀ ਅਣਹੋਂਦ ਜ਼ਿਆਦਾ ਦੇਰ ਤਕ ਨਹੀਂ ਰਹੀ। ਆਦਮ ਅਤੇ ਹੱਵਾਹ ਦੀ ਕੋਈ ਸੰਤਾਨ ਹੋਣ ਤੋਂ ਪਹਿਲਾਂ, ਪਰਮੇਸ਼ੁਰ ਦੇ ਵਿਰੁੱਧ ਅਤੇ ਉਸ ਦੇ ਭਲਾਈ ਦੇ ਵਿਵਸਥਿਤ ਵਿਸ਼ਵ ਪ੍ਰਬੰਧ ਦੇ ਵਿਰੁੱਧ ਵਿਦਰੋਹ ਦੀ ਬੁਰੀ ਖ਼ਬਰ ਸੁਣਨ ਵਿਚ ਆਈ। ਇਕ ਵੱਡੇ ਅਹੁਦੇ ਵਾਲਾ ਆਤਮਿਕ ਪੁੱਤਰ ਆਪਣੀ ਭਰੋਸੇਯੋਗ ਪਦਵੀ ਦੇ ਪ੍ਰਤੀ ਗੱਦਾਰ ਬਣਿਆ ਅਤੇ ਉਹ ਉਸ ਪਹਿਲੇ ਮਾਨਵ ਦੰਪਤੀ ਨੂੰ ਆਪਣੇ ਨਾਲ ਆਪਣੇ ਵਿਦਰੋਹੀ, ਗੱਦਾਰਾਨਾ ਕਾਰਜ ਵਿਚ ਰਲਾਉਣ ਲਈ ਸਫ਼ਲ ਹੋ ਗਿਆ।—ਉਤਪਤ 3:1-6.
ਮਨੁੱਖਜਾਤੀ ਦੁਆਰਾ ਦੇਖੀ ਗਈ ਬੁਰੀਆਂ ਖ਼ਬਰਾਂ ਦੀ ਭਰਮਾਰ ਦੀ ਸ਼ੁਰੂਆਤ ਉਸੇ ਸਮੇਂ ਤੋਂ ਹੋਈ ਸੀ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਸਮੇਂ ਤੋਂ ਲੈ ਕੇ ਹੁਣ ਤਕ ਸੰਸਾਰ ਨੂੰ ਭਰ ਦੇਣ ਵਾਲੀਆਂ ਬੁਰੀਆਂ ਖ਼ਬਰਾਂ ਵਿਚ ਸਾਜ਼ਸ਼, ਧੋਖੇਬਾਜ਼ੀ, ਝੂਠ, ਕੁਸੱਤ, ਅਤੇ ਅੱਧੇ ਸੱਚ ਦਾ ਇੰਨਾ ਉੱਘੜਵਾਂ ਭਾਗ ਰਿਹਾ ਹੈ। ਯਿਸੂ ਮਸੀਹ ਨੇ ਸ਼ਤਾਨ ਅਰਥਾਤ ਇਬਲੀਸ ਨੂੰ ਸਪੱਸ਼ਟ ਤੌਰ ਤੇ ਬੁਰੀਆਂ ਖ਼ਬਰਾਂ ਦੇ ਆਰੰਭਕਰਤਾ ਵਜੋਂ ਦੋਸ਼ੀ ਠਹਿਰਾਉਂਦੇ ਹੋਏ, ਆਪਣੇ ਦਿਨਾਂ ਦੇ ਧਾਰਮਿਕ ਆਗੂਆਂ ਨੂੰ ਆਖਿਆ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।”—ਯੂਹੰਨਾ 8:44.
ਜਿਉਂ ਹੀ ਮਾਨਵ ਆਬਾਦੀ ਗਿਣਤੀ ਵਿਚ ਵੱਧਦੀ ਗਈ, ਬੁਰੀਆਂ ਖ਼ਬਰਾਂ ਵੀ ਨਾਲ-ਨਾਲ ਵੱਧਦੀਆਂ ਗਈਆਂ। ਨਿਰਸੰਦੇਹ, ਇਸ ਦਾ ਇਹ ਭਾਵ ਨਹੀਂ ਕਿ ਆਨੰਦ ਅਤੇ ਖ਼ੁਸ਼ੀ ਦੇ ਮੌਕੇ ਨਹੀਂ ਹੁੰਦੇ ਸਨ, ਕਿਉਂਕਿ ਜੀਵਨ ਵਿਚ ਅਨੇਕ ਚੀਜ਼ਾਂ ਸਨ ਜੋ ਆਨੰਦ ਦੇ ਕਾਰਨ ਸਨ। ਫਿਰ ਵੀ, ਹੁਣ ਤਕ ਮਨੁੱਖਜਾਤੀ ਦੀ ਹਰ ਪੀੜ੍ਹੀ ਦੇ ਦੌਰਾਨ ਸੰਕਟ ਅਤੇ ਦੁੱਖ ਦੇ ਬੱਦਲ ਸਪੱਸ਼ਟ ਰਹੇ ਹਨ।
ਇਸ ਦੁਖਦ ਸਥਿਤੀ ਦਾ ਇਕ ਹੋਰ ਬੁਨਿਆਦੀ ਕਾਰਨ ਵੀ ਹੈ। ਇਹ ਹੈ ਬੁਰਾਈ ਅਤੇ ਤਬਾਹੀ ਵੱਲ ਸਾਡਾ ਵਿਰਸੇ ਵਿਚ ਹਾਸਲ ਕੀਤਾ ਹੋਇਆ ਰੁਝਾਨ। ਯਹੋਵਾਹ ਖ਼ੁਦ ਇਹ ਕਹਿੰਦੇ ਹੋਏ ਬੁਰੀ ਖ਼ਬਰ ਦੇ ਇਸ ਅਟੱਲ ਕਾਰਨ ਨੂੰ ਸ਼ਨਾਖ਼ਤ ਕਰਦਾ ਹੈ: “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।”—ਉਤਪਤ 8:21.
ਬੁਰੀਆਂ ਖ਼ਬਰਾਂ ਦਾ ਵਾਧਾ ਕਿਉਂ?
ਪਰੰਤੂ, ਇਕ ਕਾਰਨ ਹੈ ਕਿ ਇਸ 20ਵੀਂ ਸਦੀ ਵਿਚ ਬੁਰੀਆਂ ਖ਼ਬਰਾਂ ਦਾ ਵਾਧਾ ਕਿਉਂ ਹੋਇਆ ਹੈ। ਇਹ ਕਾਰਨ ਬਾਈਬਲ ਵਿਚ ਸਪੱਸ਼ਟ ਦੱਸਿਆ ਗਿਆ ਹੈ, ਜਿਸ ਨੇ ਪੂਰਵ-ਸੂਚਿਤ ਕੀਤਾ ਕਿ 20ਵੀਂ ਸਦੀ ਵਿਚ ਮਨੁੱਖਜਾਤੀ ‘ਅੰਤ ਦੇ ਦਿਨ’ ਜਾਂ “ਓੜਕ ਦੇ ਸਮੇਂ” ਅਖਵਾਉਣ ਵਾਲੇ ਇਕ ਬੇਜੋੜ ਸਮੇਂ ਦੀ ਅਵਧੀ ਵਿਚ ਪ੍ਰਵੇਸ਼ ਕਰੇਗੀ। (2 ਤਿਮੋਥਿਉਸ 3:1; ਦਾਨੀਏਲ 12:4) ਬਾਈਬਲ ਭਵਿੱਖਬਾਣੀ ਅਤੇ ਬਾਈਬਲੀ ਕਾਲਕ੍ਰਮ ਇਸ “ਅੰਤ ਦੀ ਅਵਧੀ” ਦੀ ਸ਼ਨਾਖ਼ਤ ਕਰਦੀਆਂ ਹਨ, ਜੋ 1914 ਵਿਚ ਸ਼ੁਰੂ ਹੋਈ। ਇਸ ਗੱਲ ਦੇ ਵੇਰਵੇ ਸਹਿਤ ਸ਼ਾਸਤਰ-ਸੰਬੰਧੀ ਪ੍ਰਮਾਣ ਦੇ ਲਈ, ਕਿਰਪਾ ਕਰ ਕੇ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਦਾ ਅਧਿਆਇ 11 ਦੇਖੋ।
ਅੰਤ ਦਿਆਂ ਦਿਨਾਂ ਨੇ ਇਕ ਅਜਿਹੀ ਘਟਨਾ ਨਾਲ ਆਰੰਭ ਹੋਣਾ ਸੀ ਜਿਸ ਦੇ ਕਾਰਨ ਧਰਤੀ ਉੱਤੇ ਬੁਰੀਆਂ ਖ਼ਬਰਾਂ ਦਾ ਖ਼ੁਦਬਖ਼ੁਦ ਹੀ ਵਾਧਾ ਹੋ ਜਾਂਦਾ। ਉਹ ਕੀ ਸੀ? ਇਹ ਸੀ ਸਵਰਗ ਤੋਂ ਸ਼ਤਾਨ ਅਰਥਾਤ ਇਬਲੀਸ ਅਤੇ ਉਸ ਦੇ ਪਿਸ਼ਾਚੀ ਲਸ਼ਕਰਾਂ ਦਾ ਹੇਠਾਂ ਸੁੱਟਿਆ ਜਾਣਾ। ਤੁਸੀਂ ਬੁਰੀਆਂ ਖ਼ਬਰਾਂ ਦੇ ਅਨਿਵਾਰੀ ਵਾਧੇ ਦਾ ਇਹ ਸਪੱਸ਼ਟ ਵਰਣਨ ਪਰਕਾਸ਼ ਦੀ ਪੋਥੀ 12:9, 12 ਵਿਚ ਪੜ੍ਹ ਸਕਦੇ ਹੋ: “ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ। . . . ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”
ਇਸ ਲਈ ਅੰਤ ਦਿਆਂ ਦਿਨਾਂ ਨੂੰ ਸਮਾਪਤ ਹੋਣ ਵਿਚ ਅਜੇ ਜਿੰਨਾ ਸਮਾਂ ਬਾਕੀ ਹੈ, ਉਸ ਵਿਚ ਅਸੀਂ ਬੁਰੀਆਂ ਖ਼ਬਰਾਂ ਦੇ ਜਾਰੀ ਰਹਿਣ ਅਤੇ ਇੱਥੋਂ ਤਕ ਕਿ ਗਿਣਤੀ ਅਤੇ ਪ੍ਰਚੰਡਤਾ ਵਿਚ ਵੱਧਦੇ ਜਾਣ ਦੀ ਆਸ ਰੱਖ ਸਕਦੇ ਹਾਂ।
ਇਹ ਹਮੇਸ਼ਾ ਲਈ ਇੰਜ ਨਹੀਂ ਹੋਵੇਗਾ
ਧਰਤੀ ਦੇ ਨਿਵਾਸੀਆਂ ਲਈ ਖ਼ੁਸ਼ੀ ਦੀ ਗੱਲ ਇਹ ਹੈ ਕਿ ਅੱਜ ਬੁਰੀਆਂ ਖ਼ਬਰਾਂ ਦਾ ਫੈਲਾਉ ਪੈਦਾ ਕਰਨ ਵਾਲੀ ਮਾਮਲਿਆਂ ਦੀ ਦੁਖਦ ਸਥਿਤੀ ਹਮੇਸ਼ਾ ਲਈ ਹੋਂਦ ਵਿਚ ਨਹੀਂ ਰਹੇਗੀ। ਅਸਲ ਵਿਚ, ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਨਿਰੰਤਰ ਬੁਰੀਆਂ ਖ਼ਬਰਾਂ ਦੇ ਦਿਨ ਗਿਣੇ ਹੋਏ ਹਨ। ਪਰਿਸਥਿਤੀ ਨਾਉਮੀਦ ਨਹੀਂ ਹੈ, ਹਾਲਾਂਕਿ ਇਹ ਸ਼ਾਇਦ ਇੰਜ ਜਾਪਦਾ ਹੈ। ਸਾਰੀਆਂ ਬੁਰੀਆਂ ਖ਼ਬਰਾਂ ਦਾ ਅੰਤ ਨਿਕਟ ਹੈ ਅਤੇ ਇਹ ਨਿਸ਼ਚੇ ਹੀ ਪਰਮੇਸ਼ੁਰ ਦੇ ਨਿਸ਼ਚਿਤ ਸਮੇਂ ਵਿਚ ਆਵੇਗਾ।
ਅਸੀਂ ਇਸ ਬਾਰੇ ਨਿਸ਼ਚਿਤ ਹੋ ਸਕਦੇ ਹਾਂ ਕਿਉਂਕਿ ਭਵਿੱਖਬਾਣੀ ਦੇ ਅਨੁਸਾਰ ਅੰਤ ਦਿਆਂ ਦਿਨਾਂ ਦਾ ਸਿਖਰ ਜਾਂ ਇਨ੍ਹਾਂ ਦੀ ਸਮਾਪਤੀ ਪਰਮੇਸ਼ੁਰ ਵੱਲੋਂ ਬੁਰੀਆਂ ਖ਼ਬਰਾਂ ਦੇ ਸਾਰੇ ਕਾਰਨਾਂ ਨੂੰ ਨਾਸ਼ ਕਰਨ ਅਤੇ ਹਟਾ ਦੇਣ ਦੇ ਨਾਲ ਹੋਵੇਗੀ। ਉਹ ਝਗੜੇ ਪੈਦਾ ਕਰਨ ਵਾਲੇ ਦੁਸ਼ਟ ਮਾਨਵੀ ਫ਼ਸਾਦੀਆਂ ਨੂੰ ਹਟਾ ਦੇਵੇਗਾ ਜੋ ਤਬਦੀਲ ਹੋਣ ਅਤੇ ਆਪਣੇ ਅਨੁਚਿਤ ਰਾਹ ਤੋਂ ਪਰਤਣ ਤੋਂ ਇਨਕਾਰ ਕਰਦੇ ਹਨ। ਇਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦੇ ਯੁੱਧ ਵਿਚ ਸਿਖਰ ਤੇ ਪਹੁੰਚਦਾ ਹੈ ਜੋ ਆਮ ਤੌਰ ਤੇ ਆਰਮਾਗੇਡਨ ਦੀ ਲੜਾਈ ਦੇ ਤੌਰ ਤੇ ਜਾਣਿਆ ਜਾਂਦਾ ਹੈ। (ਪਰਕਾਸ਼ ਦੀ ਪੋਥੀ 16:16) ਇਸ ਦੇ ਤੁਰੰਤ ਬਾਅਦ, ਸ਼ਤਾਨ ਅਰਥਾਤ ਇਬਲੀਸ ਅਤੇ ਉਸ ਦੀਆਂ ਪਿਸ਼ਾਚੀ ਸ਼ਕਤੀਆਂ ਦੇ ਲਸ਼ਕਰਾਂ ਨੂੰ ਨਿਸ਼ਕ੍ਰਿਆ ਕੀਤਾ ਜਾਵੇਗਾ। ਪਰਕਾਸ਼ ਦੀ ਪੋਥੀ 20:1-3 ਸਾਰੀਆਂ ਬੁਰੀਆਂ ਖ਼ਬਰਾਂ ਦੇ ਆਰੰਭਕਰਤਾ, ਸ਼ਤਾਨ ਦੇ ਜਕੜਾਏ ਜਾਣ ਦਾ ਵਰਣਨ ਕਰਦੀ ਹੈ: “ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਅਕਾਸ਼ੋਂ ਉਤਰਦੇ ਵੇਖਿਆ। ਅਤੇ ਉਹ ਨੇ ਅਜਗਰ ਨੂੰ ਅਰਥਾਤ ਓਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ਤਾਨ ਹੈ ਫੜਿਆ ਅਤੇ ਹਜ਼ਾਰ ਵਰ੍ਹੇ ਤੀਕ ਉਹ ਨੂੰ ਜਕੜ ਰੱਖਿਆ। ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਮੁੰਦ ਕੇ ਉਹ ਦੇ ਉੱਤੇ ਮੋਹਰ ਲਾਈ ਭਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ।”
ਇਨ੍ਹਾਂ ਨਾਟਕੀ ਘਟਨਾਵਾਂ ਮਗਰੋਂ, ਧਰਤੀ ਅਤੇ ਉਸ ਦੇ ਨਿਵਾਸੀਆਂ ਦੇ ਲਈ ਅਪੂਰਵ ਚੰਗੀਆਂ ਖ਼ਬਰਾਂ ਦਾ ਇਕ ਸਮਾਂ ਆਵੇਗਾ। ਇਨ੍ਹਾਂ ਨਿਵਾਸੀਆਂ ਵਿਚ ਉਹ ਲੱਖਾਂ ਲੋਕ ਸ਼ਾਮਲ ਹੋਣਗੇ ਜੋ ਆਰਮਾਗੇਡਨ ਦੇ ਅੰਤਿਮ ਯੁੱਧ ਵਿੱਚੋਂ ਬਚ ਨਿਕਲੇ ਹਨ ਅਤੇ ਉਹ ਕਰੋੜਾਂ ਲੋਕ ਵੀ ਜੋ ਕਬਰਾਂ ਵਿਚ ਆਪਣੀ ਮੌਤ ਦੀ ਨੀਂਦ ਤੋਂ ਪੁਨਰ-ਉਥਿਤ ਕੀਤੇ ਜਾਣਗੇ। ਇਹ ਸਭ ਤੋਂ ਉੱਤਮ ਚੰਗੀ ਖ਼ਬਰ ਦਾ ਵਰਣਨ ਬਾਈਬਲ ਦੀ ਆਖ਼ਰੀ ਪੋਥੀ ਵਿਚ ਦਿੱਤਾ ਗਿਆ ਹੈ: “ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.
ਕੀ ਤੁਸੀਂ ਉਸ ਸੁਖਦ ਸਮੇਂ ਦੀ ਕਲਪਨਾ ਕਰ ਸਕਦੇ ਹੋ? ਸੱਚ-ਮੁੱਚ ਹੀ ਇਕ ਸ਼ਾਨਦਾਰ ਭਵਿੱਖ ਜਿੱਥੇ ਬੁਰੀਆਂ ਖ਼ਬਰਾਂ ਹੋਂਦ ਵਿਚ ਨਹੀਂ ਰਹਿਣਗੀਆਂ। ਜੀ ਹਾਂ, ਸਾਰੀਆਂ ਬੁਰੀਆਂ ਖ਼ਬਰਾਂ ਦਾ ਅੰਤ ਹੋ ਗਿਆ ਹੋਵੇਗਾ ਅਤੇ ਫਿਰ ਦੁਬਾਰਾ ਸੁਣਾਈ ਨਹੀਂ ਦੇਣਗੀਆਂ। ਉਦੋਂ ਚੰਗੀਆਂ ਖ਼ਬਰਾਂ ਪ੍ਰਬਲ ਹੋਣਗੀਆਂ, ਅਤੇ ਸਾਰੀ ਸਦੀਵਤਾ ਲਈ ਭਰਪੂਰ ਰਹਿਣਗੀਆਂ। (w96 4/15)