ਬੁਰੀਆਂ ਖ਼ਬਰਾਂ ਦੀ ਵਧਦੀ ਵਾਰਦਾਤ
ਕੀਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਚੰਗੀਆਂ ਖ਼ਬਰਾਂ ਦੱਸਣ ਵਾਲੀਆਂ ਸੁਰਖੀਆਂ ਨਾਲੋਂ ਬੁਰੀਆਂ ਖ਼ਬਰਾਂ ਐਲਾਨ ਕਰਨ ਵਾਲੀਆਂ ਸੁਰਖੀਆਂ ਪਾਠਕਾਂ ਵਿਚ ਜ਼ਿਆਦਾ ਰੁਚੀ ਜਗਾਉਂਦੀਆਂ ਹਨ? ਭਾਵੇਂ ਇਹ ਕਿਸੇ ਅਖ਼ਬਾਰ ਵਿਚ ਇਕ ਕੁਦਰਤੀ ਤਬਾਹੀ ਦੀ ਸੁਰਖੀ ਹੋਵੇ, ਜਾਂ ਇਕ ਲਿਸ਼ਕਦਾਰ ਰਸਾਲੇ ਦੇ ਪਹਿਲੇ ਪੰਨੇ ਉੱਤੇ ਪ੍ਰਦਰਸ਼ਿਤ ਕੀਤੀ ਗਈ ਕੋਈ ਉਤੇਜਕ ਖ਼ਬਰ ਹੋਵੇ, ਇੰਜ ਜਾਪਦਾ ਹੈ ਕਿ ਬੁਰੀਆਂ ਖ਼ਬਰਾਂ ਚੰਗੀਆਂ ਖ਼ਬਰਾਂ ਨਾਲੋਂ ਜ਼ਿਆਦਾ ਵਿਕਦੀਆਂ ਹਨ।
ਅੱਜ ਬੁਰੀਆਂ ਖ਼ਬਰਾਂ ਦੀ ਕੋਈ ਘਾਟ ਨਹੀਂ ਹੈ। ਪਰੰਤੂ ਇਕ ਵਿਅਕਤੀ ਕਦੇ-ਕਦੇ ਸੋਚਾਂ ਵਿਚ ਪੈ ਜਾਂਦਾ ਹੈ ਕਿ ਕੀ ਸੰਵਾਦਦਾਤਾਵਾਂ ਅਤੇ ਪੱਤਰਕਾਰਾਂ ਨੂੰ—ਕਿਸੇ ਵੀ ਚੰਗੀ ਖ਼ਬਰ ਨੂੰ ਛੱਡ—ਕੇਵਲ ਬੁਰੀਆਂ ਖ਼ਬਰਾਂ ਦੀ ਭਾਲ ਕਰਨ ਅਤੇ ਉਜਾਗਰ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ।
ਪੂਰੇ ਇਤਿਹਾਸ ਦੇ ਦੌਰਾਨ ਭਰਪੂਰ
ਨਿਰਸੰਦੇਹ, ਸਦੀਆਂ ਦੇ ਦੌਰਾਨ ਬੁਰੀਆਂ ਖ਼ਬਰਾਂ ਭਰਪੂਰ ਰਹੀਆਂ ਹਨ, ਕਿਸੇ ਵੀ ਚੰਗੀ ਖ਼ਬਰ ਨਾਲੋਂ ਕਿਤੇ ਹੀ ਅਧਿਕ। ਇਤਿਹਾਸ ਦਿਆਂ ਰਿਕਾਰਡਾਂ ਵਿਚ, ਮਾਨਵ ਦੁੱਖ, ਦਿਲ-ਸ਼ਿਕਨੀ, ਅਤੇ ਨਿਰਾਸ਼ਾ, ਜਿਹੜੀਆਂ ਗੱਲਾਂ ਮਨੁੱਖਜਾਤੀ ਦਾ ਹਿੱਸਾ ਰਹੀਆਂ ਹਨ ਦੇ ਵੱਲ ਪਲੜਾ ਭਾਰਾ ਰਿਹਾ ਹੈ।
ਆਓ ਅਸੀਂ ਕੇਵਲ ਕੁਝ ਹੀ ਮਿਸਾਲਾਂ ਉੱਤੇ ਵਿਚਾਰ ਕਰੀਏ। ਜਾਕ ਲਗ੍ਰਾਨ ਦੁਆਰਾ ਘੜੀ ਗਈ ਪੁਸਤਕ ਸੰਸਾਰ ਦਾ ਇਤਿਹਾਸ (ਅੰਗ੍ਰੇਜ਼ੀ), ਕਹਾਣੀਆਂ ਦਾ ਇਕ ਸੰਗ੍ਰਹਿ ਪੇਸ਼ ਕਰਦੀ ਹੈ, ਜਿਸ ਵਿੱਚੋਂ ਹਰੇਕ ਕਹਾਣੀ ਉਸ ਤਾਰੀਖ਼ ਲਈ ਲਿਖੀ ਗਈ ਹੈ ਜਦੋਂ ਘਟਨਾ ਵਾਪਰੀ ਸੀ, ਪਰੰਤੂ ਇਸ ਪ੍ਰਕਾਰ ਲਿਖੀ ਜਿਵੇਂ ਕਿ ਇਕ ਆਧੁਨਿਕ ਪੱਤਰਕਾਰ ਉਸ ਘਟਨਾ ਦੀ ਰਿਪੋਰਟ ਦੱਸ ਰਿਹਾ ਹੋਵੇ। ਇਨ੍ਹਾਂ ਚੰਗੀ ਤਰ੍ਹਾਂ ਨਾਲ ਛਾਣ-ਬੀਣ ਕੀਤੀਆਂ ਰਿਪੋਰਟਾਂ ਤੋਂ ਅਸੀਂ ਉਨ੍ਹਾਂ ਵਿਆਪਕ ਬੁਰੀਆਂ ਖ਼ਬਰਾਂ ਉੱਤੇ ਸਮੁੱਚੀ ਨਜ਼ਰ ਪਾਉਂਦੇ ਹਾਂ, ਜੋ ਮਨੁੱਖ ਨੇ ਇੱਥੇ ਧਰਤੀ ਗ੍ਰਹਿ ਉੱਤੇ ਆਪਣੀ ਪੂਰੀ ਦੁੱਖਦਾਈ ਹੋਂਦ ਦੇ ਦੌਰਾਨ ਸੁਣੀਆਂ ਹਨ।
ਪਹਿਲਾ, 429 ਸਾ.ਯੁ.ਪੂ. ਵਿਚ ਯੂਨਾਨ ਤੋਂ ਆਈ ਇਸ ਪ੍ਰਾਚੀਨ ਰਿਪੋਰਟ ਉੱਤੇ ਗੌਰ ਕਰੋ। ਇਹ ਉਸ ਸਮੇਂ ਅਥੇਨੈ ਅਤੇ ਸਪਾਰਟਾ ਦਰਮਿਆਨ ਹੋ ਰਹੇ ਯੁੱਧ ਨੂੰ ਰਿਪੋਰਟ ਕਰ ਰਹੀ ਹੈ: “ਪੌਟੀਡੀਆ ਦਾ ਨਗਰ-ਰਾਜ ਭੁੱਖ ਦੀ ਅਜਿਹੀ ਦਸ਼ਾ ਵਿਚ ਪਹੁੰਚਾਏ ਜਾਣ ਤੋਂ ਬਾਅਦ ਕਿ ਇਸ ਦੇ ਲੋਕ ਆਪਣੇ ਹੀ ਮਰੇ ਹੋਇਆਂ ਦੀਆਂ ਲੋਥਾਂ ਨੂੰ ਖਾਣ ਤੇ ਉਤਰ ਆਏ ਸਨ, ਉਹ ਘੇਰਾ ਘੱਤਣ ਵਾਲੇ ਅਥੇਨੀਆਂ ਅੱਗੇ ਹਥਿਆਰ ਸੁੱਟਣ ਲਈ ਮਜਬੂਰ ਹੋ ਗਿਆ ਹੈ।” ਸੱਚ-ਮੁੱਚ ਹੀ ਬੁਰੀ ਖ਼ਬਰ!
ਸਾਡੇ ਸਾਧਾਰਣ ਯੁਗ ਤੋਂ ਪੂਰਵ ਪਹਿਲੀ ਸਦੀ ਵਿਚ ਆਉਂਦੇ ਹੋਏ, ਅਸੀਂ ਜੂਲੀਅਸ ਸੀਜ਼ਰ ਦੀ ਮੌਤ ਦੀ ਇਕ ਸਪੱਸ਼ਟ ਰਿਪੋਰਟ ਪਾਉਂਦੇ ਹਾਂ, ਜਿਸ ਦੀ ਮਿਤੀ-ਪੰਕਤੀ ਰੋਮ, ਮਾਰਚ 15, 44 ਈ.ਪੂ. ਦਿੱਤੀ ਗਈ ਹੈ। “ਜੂਲੀਅਸ ਸੀਜ਼ਰ ਦੀ ਹੱਤਿਆ ਕੀਤੀ ਗਈ ਹੈ। ਉਹ ਜਦੋਂ ਅੱਜ, ਮਾਰਚ 15 ਨੂੰ, ਉੱਚਤਮ ਰਾਜ-ਸਭਾ ਭਵਨ ਵਿਚ ਬੈਠੇ, ਤਾਂ ਸਾਜ਼ਸ਼ੀਆਂ ਦੇ ਇਕ ਸਮੂਹ ਨੇ ਉਸ ਨੂੰ ਛੁਰੇ ਘੋਪ ਕੇ ਮਾਰ ਦਿੱਤਾ, ਜਿਨ੍ਹਾਂ ਵਿੱਚੋਂ ਕਈ ਉਸ ਦੇ ਸਭ ਤੋਂ ਗਹਿਰੇ ਮਿੱਤਰ ਸਨ।”
ਬਾਅਦ ਦੀਆਂ ਸਦੀਆਂ ਦੇ ਦੌਰਾਨ, ਬੁਰੀਆਂ ਖ਼ਬਰਾਂ ਦੀ ਭਰਮਾਰ ਜਾਰੀ ਰਹੀ। ਇਕ ਸਦਮਾ-ਜਨਕ ਮਿਸਾਲ ਇਹ ਖ਼ਬਰ ਹੈ ਜੋ 1487 ਵਿਚ ਮੈਕਸੀਕੋ ਤੋਂ ਮਿਲੀ: “ਐਜ਼ਟੈਕ ਰਾਜਧਾਨੀ, ਟੇਨੌਕਟੀਟਲਾਨ ਵਿਚ ਕਦੇ ਵੀ ਦੇਖੇ ਗਏ ਸਭ ਤੋਂ ਪ੍ਰਭਾਵਸ਼ਾਲੀ ਕੁਰਬਾਨੀ-ਸੰਬੰਧੀ ਪ੍ਰਦਰਸ਼ਨ ਵਿਚ, 20,000 ਲੋਕਾਂ ਦਿਆਂ ਦਿਲਾਂ ਨੂੰ ਯੁੱਧ ਦੇਵਤਾ, ਵੀਟਜ਼ੀਲੌਪੌਕਟਲੀ ਅੱਗੇ ਕੁਰਬਾਨ ਕੀਤਾ ਗਿਆ।”
ਨਾ ਕੇਵਲ ਮਨੁੱਖ ਦੀ ਕਰੂਰਤਾ ਨੇ ਬੁਰੀਆਂ ਖ਼ਬਰਾਂ ਪੇਸ਼ ਕੀਤੀਆਂ ਹਨ, ਪਰੰਤੂ ਉਸ ਦੀ ਲਾਪਰਵਾਹੀ ਨੇ ਇਸ ਲੰਬੀ ਸੂਚੀ ਨੂੰ ਵਧਾਇਆ ਹੈ। ਲੰਡਨ ਦੀ ਮਹਾਂ ਅਗਨੀਕਾਂਡ ਅਜਿਹੀ ਹੀ ਇਕ ਤਬਾਹੀ ਜਾਪਦੀ ਹੈ। ਲੰਡਨ, ਇੰਗਲੈਂਡ, ਮਿਤੀ ਸਤੰਬਰ 5, 1666, ਤੋਂ ਆਈ ਰਿਪੋਰਟ ਇੰਜ ਪੜ੍ਹਨ ਵਿਚ ਆਉਂਦੀ ਹੈ: “ਆਖ਼ਰਕਾਰ, ਚਾਰ ਦਿਨਾਂ ਅਤੇ ਰਾਤਾਂ ਮਗਰੋਂ, ਡਿਊਕ ਆਫ਼ ਯੌਰਕ ਨੇ ਲੰਡਨ ਦੀ ਅੱਗ ਰੋਕ ਦਿੱਤੀ ਹੈ, ਜਿਸ ਨੇ ਨੌਸੈਨਿਕ ਬਾਰੂਦ ਜੁੱਟਾਂ ਨੂੰ ਸੱਦ ਕੇ ਅੱਗ ਦੇ ਰਾਹ ਵਿਚ ਸਥਿਤ ਇਮਾਰਤਾਂ ਨੂੰ ਉਡਾ ਦਿੱਤਾ। ਕੁਝ 400 ਏਕੜ ਜ਼ਮੀਨ ਮਲੀਆਮੇਟ ਕਰ ਦਿੱਤੀ ਗਈ ਹੈ, ਜਿਸ ਵਿਚ 87 ਗਿਰਜੇ ਅਤੇ 13,000 ਤੋਂ ਵੱਧ ਘਰ ਨਾਸ਼ ਕੀਤੇ ਗਏ ਹਨ। ਅਸਚਰਜ ਦੀ ਗੱਲ ਇਹ ਹੈ ਕਿ ਕੇਵਲ ਨੌਂ ਹੀ ਜਾਨਾਂ ਖੋਈਆਂ ਗਈਆਂ।”
ਸਾਨੂੰ ਇਨ੍ਹਾਂ ਬੁਰੀਆਂ ਖ਼ਬਰਾਂ ਦੀਆਂ ਮਿਸਾਲਾਂ ਵਿਚ ਉਨ੍ਹਾਂ ਮਹਾਂਮਾਰੀਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਜੋ ਅਨੇਕ ਮਹਾਂਦੀਪਾਂ ਵਿਚ ਭੜਕੀਆਂ ਹਨ—ਮਿਸਾਲ ਲਈ, 1830 ਦੇ ਦਹਾਕੇ ਦੇ ਮੁੱਢ ਵਿਚ ਹੈਜ਼ੇ ਦੀ ਮਹਾਂਮਾਰੀ। ਇਸ ਨੂੰ ਰਿਪੋਰਟ ਕਰਨ ਵਾਲਾ ਛਪਿਆ ਸਿਰਲੇਖ ਇੰਜ ਪੜ੍ਹਨ ਵਿਚ ਆਉਂਦਾ ਹੈ: “ਹੈਜ਼ੇ ਦਾ ਖੌ ਯੂਰਪ ਨੂੰ ਸਤਾਉਂਦਾ ਹੈ।” ਇਸ ਦੇ ਮਗਰੋਂ ਦੀ ਯਥਾਰਥਕ ਰਿਪੋਰਟ ਬੁਰੀ ਖ਼ਬਰ ਨੂੰ ਆਪਣੀ ਡਰਾਉਣੀ ਸਿਖਰ ਤੇ ਪਹੁੰਚੀ ਹੋਈ ਦਰਸਾਉਂਦੀ ਹੈ: “ਹੈਜ਼ਾ, ਜੋ 1817 ਤੋਂ ਪਹਿਲਾਂ ਯੂਰਪ ਵਿਚ ਅਗਿਆਤ ਸੀ, ਏਸ਼ੀਆ ਤੋਂ ਹੁਣ ਪੱਛਮ ਵੱਲ ਫੈਲ ਰਿਹਾ ਹੈ। ਰੂਸੀ ਸ਼ਹਿਰਾਂ ਜਿਵੇਂ ਕਿ ਮਾਸਕੋ ਅਤੇ ਸੇਂਟ ਪੀਟਰਸਬਰਗ ਦੀ ਆਬਾਦੀ ਦਾ ਦਸਵਾਂ ਹਿੱਸਾ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ—ਸ਼ਿਕਾਰ ਹੋਏ ਜ਼ਿਆਦਾਤਰ ਵਿਅਕਤੀ ਸ਼ਹਿਰ ਦੇ ਗ਼ਰੀਬ ਲੋਕ ਹਨ।”
ਹਾਲ ਹੀ ਦਿਆਂ ਸਾਲਾਂ ਵਿਚ ਵਾਧਾ
ਸੋ ਹਾਲਾਂਕਿ ਇਹ ਸੱਚ ਹੈ ਕਿ ਦਰਜ ਕੀਤੇ ਗਏ ਪੂਰੇ ਇਤਿਹਾਸ ਦੇ ਦੌਰਾਨ ਬੁਰੀਆਂ ਖ਼ਬਰਾਂ ਜੀਵਨ ਦੀ ਇਕ ਹਕੀਕਤ ਰਹੀਆਂ ਹਨ, ਇਸ 20ਵੀਂ ਸਦੀ ਦੇ ਹਾਲ ਹੀ ਦੇ ਦਹਾਕੇ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਬੁਰੀਆਂ ਖ਼ਬਰਾਂ ਵੱਧ ਰਹੀਆਂ ਹਨ, ਦਰਅਸਲ ਇਸ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਨਿਰਸੰਦੇਹ, ਸਾਡੀ ਵਰਤਮਾਨ ਸਦੀ ਨੇ ਜਿਹੜੀਆਂ ਬੁਰੀਆਂ ਖ਼ਬਰਾਂ ਸੁਣੀਆਂ ਹਨ, ਉਨ੍ਹਾਂ ਵਿੱਚੋਂ ਸਭ ਤੋਂ ਬੁਰੀਆਂ ਖ਼ਬਰਾਂ ਯੁੱਧ ਦੀਆਂ ਖ਼ਬਰਾਂ ਰਹੀਆਂ ਹਨ। ਇਤਿਹਾਸ ਵਿਚ ਦੋ ਸਭ ਤੋਂ ਵੱਡੇ ਯੁੱਧ—ਜਿਨ੍ਹਾਂ ਨੂੰ ਉਚਿਤ ਤੌਰ ਤੇ ਵਿਸ਼ਵ ਯੁੱਧ I ਅਤੇ ਵਿਸ਼ਵ ਯੁੱਧ II ਸੱਦਿਆ ਗਿਆ—ਦੇ ਦੌਰਾਨ ਨਿਸ਼ਚੇ ਹੀ ਇਕ ਭਿਆਨਕ ਪੈਮਾਨੇ ਤੇ ਬੁਰੀਆਂ ਖ਼ਬਰਾਂ ਸੁਣਨ ਵਿਚ ਆਈਆਂ ਸਨ। ਲੇਕਨ ਇਹ ਇਸ ਬਿਪਤਾਜਨਕ ਸਦੀ ਦੁਆਰਾ ਪੇਸ਼ ਕੀਤੀਆਂ ਗਈਆਂ ਬੁਰੀਆਂ ਖ਼ਬਰਾਂ ਦਾ ਕੇਵਲ ਇਕ ਛੋਟਾ ਜਿਹਾ ਹੀ ਭਾਗ ਹੈ।
ਬੇਤਹਾਸ਼ਾ ਚੁਣੀਆਂ ਗਈਆਂ ਕੇਵਲ ਕੁਝ ਹੀ ਸੁਰਖੀਆਂ ਉੱਤੇ ਵਿਚਾਰ ਕਰੋ:
ਸਤੰਬਰ 1, 1923: ਭੁਚਾਲ ਟੋਕੀਓ ਨੂੰ ਮਲੀਆਮੇਟ ਕਰਦਾ ਹੈ—3,00,000 ਮਰੇ; ਸਤੰਬਰ 20, 1931: ਸੰਕਟ-ਸਥਿਤੀ—ਬਰਤਾਨੀਆ ਪੌਂਡ ਦਾ ਅਵਮੁੱਲਣ ਕਰਦਾ ਹੈ; ਜੂਨ 25, 1950: ਉੱਤਰੀ ਕੋਰੀਆ ਦੱਖਣ ਵਿਚ ਪ੍ਰਵੇਸ਼ ਕਰਦਾ ਹੈ; ਅਕਤੂਬਰ 26, 1956: ਹੰਗਰੀਵਾਸੀ ਸੋਵੀਅਤ ਸ਼ਾਸਨ ਦਾ ਵਿਰੋਧ ਕਰਦੇ ਹਨ; ਨਵੰਬਰ 22, 1963: ਡੈਲਸ ਵਿਚ ਜਾਨ ਕੈਨੇਡੀ ਦੀ ਗੋਲੀ ਨਾਲ ਹੱਤਿਆ ਕੀਤੀ ਜਾਂਦੀ ਹੈ; ਅਗਸਤ 21, 1968: ਪ੍ਰਾਗ ਵਿਦਰੋਹ ਨੂੰ ਕੁਚਲਣ ਲਈ ਰੂਸੀ ਟੈਂਕ ਪ੍ਰਵੇਸ਼ ਕਰਦੇ ਹਨ; ਸਤੰਬਰ 12, 1970: ਹਾਈਜੈਕ ਕੀਤੇ ਗਏ ਜੈੱਟ ਜਹਾਜ਼ਾਂ ਨੂੰ ਮਾਰੂਥਲ ਵਿਚ ਉਡਾ ਦਿੱਤਾ ਗਿਆ; ਦਸੰਬਰ 25, 1974: ਸਾਇਕਲੋਨ ਟ੍ਰੇਸੀ ਡਾਰਵਿਨ ਨੂੰ ਤਬਾਹ ਕਰਦਾ ਹੈ—66 ਮਰੇ; ਅਪ੍ਰੈਲ 17, 1975: ਕੰਬੋਡੀਆ ਸਾਮਵਾਦੀ ਸੈਨਾ ਦੇ ਕਬਜ਼ੇ ਵਿਚ ਪੈਂਦਾ ਹੈ; ਨਵੰਬਰ 18, 1978: ਗੀਆਨਾ ਵਿਚ ਸਮੂਹਕ ਆਤਮ-ਹੱਤਿਆ; ਅਕਤੂਬਰ 31, 1984: ਸ਼੍ਰੀਮਤੀ ਗਾਂਧੀ ਦੀ ਗੋਲੀ ਨਾਲ ਹੱਤਿਆ ਕੀਤੀ ਗਈ; ਜਨਵਰੀ 28, 1986: ਚੜ੍ਹਾਈ ਦੇ ਸਮੇਂ ਪੁਲਾੜ-ਸ਼ਟਲ ਵਿਸਫੋਟ ਕਰਦਾ ਹੈ; ਅਪ੍ਰੈਲ 26, 1986: ਸੋਵੀਅਤ ਰੀਐਕਟਰ ਵਿਚ ਅੱਗ ਲੱਗਦੀ ਹੈ; ਅਕਤੂਬਰ 19, 1987: ਸਰਾਫ਼ਾ ਬਜ਼ਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ; ਮਾਰਚ 25, 1989: ਅਲਾਸਕਾ ਤੇਲ ਡੁਲ੍ਹਣ ਤੋਂ ਪ੍ਰਭਾਵਿਤ; ਜੂਨ 4, 1989: ਟੀਏਨਅਨਮਨ ਸਕਵੇਰ ਵਿਚ ਫ਼ੌਜਾਂ ਵਿਰੋਧਕਰਤਾਂ ਨੂੰ ਕਤਲ ਕਰਦੀਆਂ ਹਨ।
ਜੀ ਹਾਂ, ਇਤਿਹਾਸ ਦਿਖਾਉਂਦਾ ਹੈ ਕਿ ਬੁਰੀਆਂ ਖ਼ਬਰਾਂ ਹਮੇਸ਼ਾ ਭਰਪੂਰ ਰਹੀਆਂ ਹਨ, ਜਦ ਕਿ ਤੁਲਨਾਤਮਕ ਤੌਰ ਤੇ ਚੰਗੀਆਂ ਖ਼ਬਰਾਂ ਘੱਟ ਹੀ ਰਹੀਆਂ ਹਨ। ਜਿਉਂ-ਜਿਉਂ ਹਾਲ ਹੀ ਦਿਆਂ ਦਹਾਕਿਆਂ ਵਿਚ ਬੁਰੀਆਂ ਖ਼ਬਰਾਂ ਵਧਦੀਆਂ ਗਈਆਂ ਹਨ, ਹਰ ਸਾਲ ਦੇ ਬੀਤਣ ਨਾਲ ਚੰਗੀਆਂ ਖ਼ਬਰਾਂ ਘੱਟਦੀਆਂ ਗਈਆਂ ਹਨ।
ਇੰਜ ਕਿਉਂ ਹੁੰਦਾ ਹੈ? ਕੀ ਇਹ ਹਮੇਸ਼ਾ ਹੀ ਇੰਜ ਰਹੇਗਾ?
ਅਗਲਾ ਲੇਖ ਇਨ੍ਹਾਂ ਦੋ ਸਵਾਲਾਂ ਉੱਤੇ ਚਰਚਾ ਕਰੇਗਾ। (w96 4/15)
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
WHO/League of Red Cross