ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਸੱਚਾਈ ਵਿਚ ਉਸ ਦੀ ਸੇਵਾ ਕਰੋ
“ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ।”—ਜ਼ਬੂਰ 86:11.
1. ਮੂਲ ਰੂਪ ਵਿਚ, ਇਸ ਰਸਾਲੇ ਦੇ ਪਹਿਲੇ ਅੰਕ ਨੇ ਸੱਚਾਈ ਦੇ ਬਾਰੇ ਕੀ ਕਿਹਾ ਸੀ?
ਯਹੋਵਾਹ ਚਾਨਣ ਅਤੇ ਸੱਚਾਈ ਨੂੰ ਘੱਲਦਾ ਹੈ। (ਜ਼ਬੂਰ 43:3) ਉਹ ਸਾਨੂੰ ਉਸ ਦੇ ਬਚਨ, ਬਾਈਬਲ, ਨੂੰ ਪੜ੍ਹਨ ਅਤੇ ਸੱਚਾਈ ਨੂੰ ਸਿੱਖਣ ਦੀ ਵੀ ਯੋਗਤਾ ਦਿੰਦਾ ਹੈ। ਇਸ ਰਸਾਲੇ ਦਾ ਪਹਿਲਾ ਅੰਕ—ਜੁਲਾਈ 1879—ਨੇ ਕਿਹਾ: “ਸੱਚਾਈ, ਜੀਵਨ ਦੇ ਬੀਆਬਾਨ ਵਿਚ ਇਕ ਸਾਦੇ ਅਤੇ ਛੋਟੇ ਜਿਹੇ ਫੁੱਲ ਦੇ ਵਾਂਗ, ਝੂਠ ਦੀਆਂ ਜੜੀ-ਬੂਟੀਆਂ ਦੀ ਘਣੀ ਉਪਜ ਦੁਆਰਾ ਘੇਰੀ ਹੋਈ ਅਤੇ ਲਗਭਗ ਦਬੀ ਹੀ ਹੋਈ ਹੈ। ਜੇਕਰ ਤੁਸੀਂ ਇਸ ਨੂੰ ਲੱਭਣਾ ਹੈ ਤਾਂ ਤੁਹਾਨੂੰ ਨਿਰੰਤਰ ਸਚੇਤ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਦੀ ਸੁੰਦਰਤਾ ਨੂੰ ਵੇਖਣਾ ਹੈ ਤਾਂ ਤੁਹਾਨੂੰ ਝੂਠ ਦੀਆਂ ਜੜੀ-ਬੂਟੀਆਂ ਨੂੰ ਅਤੇ ਹਠਧਰਮੀ ਦੀਆਂ ਝਾੜੀਆਂ ਨੂੰ ਲਾਂਭੇ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ ਪ੍ਰਾਪਤ ਕਰਨਾ ਹੈ ਤਾਂ ਤੁਹਾਨੂੰ ਇਸ ਨੂੰ ਲੈਣ ਵਾਸਤੇ ਝੁਕਣਾ ਚਾਹੀਦਾ ਹੈ। ਸੱਚਾਈ ਦੇ ਇੱਕੋ ਫੁੱਲ ਨਾਲ ਸੰਤੁਸ਼ਟ ਨਾ ਹੋਵੋ। ਜੇਕਰ ਇੱਕੋ ਹੀ ਕਾਫ਼ੀ ਹੁੰਦਾ ਤਾਂ ਹੋਰ ਬਣਾਏ ਹੀ ਨਾ ਜਾਂਦੇ। ਇਕੱਠੇ ਕਰਦੇ ਜਾਓ, ਹੋਰ ਲੱਭਦੇ ਜਾਓ।” ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਸਾਨੂੰ ਯਥਾਰਥ ਗਿਆਨ ਪ੍ਰਾਪਤ ਕਰਨ ਅਤੇ ਉਸ ਦੀ ਸੱਚਾਈ ਵਿਚ ਚੱਲਣ ਦੇ ਯੋਗ ਬਣਾਉਂਦਾ ਹੈ।—ਜ਼ਬੂਰ 86:11.
2. ਜਦੋਂ ਅਜ਼ਰਾ ਅਤੇ ਦੂਜਿਆਂ ਨੇ ਪ੍ਰਾਚੀਨ ਯਰੂਸ਼ਲਮ ਵਿਚ ਯਹੂਦੀਆਂ ਨੂੰ ਪਰਮੇਸ਼ੁਰ ਦੀ ਬਿਵਸਥਾ ਪੜ੍ਹ ਕੇ ਸੁਣਾਈ, ਤਾਂ ਕੀ ਨਤੀਜਾ ਨਿਕਲਿਆ?
2 ਸੰਨ 455 ਸਾ.ਯੁ.ਪੂ. ਵਿਚ ਯਰੂਸ਼ਲਮ ਦੀਆਂ ਕੰਧਾਂ ਨੂੰ ਮੁੜ ਉਸਾਰਨ ਤੋਂ ਬਾਅਦ, ਜਾਜਕ ਅਜ਼ਰਾ ਅਤੇ ਦੂਜਿਆਂ ਨੇ ਯਹੂਦੀਆਂ ਨੂੰ ਪਰਮੇਸ਼ੁਰ ਦੀ ਬਿਵਸਥਾ ਪੜ੍ਹ ਕੇ ਸੁਣਾਈ। ਇਸ ਤੋਂ ਬਾਅਦ ਡੇਰਿਆਂ ਦਾ ਆਨੰਦਮਈ ਪਰਬ, ਪਾਪਾਂ ਦਾ ਇਕਬਾਲ, ਅਤੇ ਸਮਾਪਤੀ ਵਿਚ “ਇੱਕ ਸੱਚਾ ਇਕਰਾਰ” ਕੀਤਾ ਗਿਆ। (ਨਹਮਯਾਹ 8:1–9:38) ਅਸੀਂ ਪੜ੍ਹਦੇ ਹਾਂ: “ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਪੋਥੀ ਵਿੱਚੋਂ, ਸੱਚੇ ਪਰਮੇਸ਼ੁਰ ਦੀ ਬਿਵਸਥਾ ਵਿੱਚੋਂ ਪੜ੍ਹਨਾ ਜਾਰੀ ਰੱਖਿਆ, ਇਸ ਨੂੰ ਸਪੱਸ਼ਟ ਕੀਤਾ, ਅਤੇ ਇਸ ਦੇ ਅਰਥ ਨੂੰ ਸਮਝਾਇਆ; ਅਤੇ ਉਨ੍ਹਾਂ ਨੇ ਪਠਨ ਵਿਚ ਸਮਝ ਦੇਣੀ ਜਾਰੀ ਰੱਖੀ।” (ਨਹਮਯਾਹ 8:8, ਨਿ ਵ) ਕੁਝ ਵਿਦਵਾਨ ਸੰਕੇਤ ਕਰਦੇ ਹਨ ਕਿ ਯਹੂਦੀਆਂ ਨੂੰ ਇਬਰਾਨੀ ਭਾਸ਼ਾ ਚੰਗੀ ਤਰ੍ਹਾਂ ਨਾਲ ਸਮਝ ਨਹੀਂ ਆਉਂਦੀ ਸੀ ਅਤੇ ਕਿ ਅਰਾਮੀ ਭਾਵ-ਅਨੁਵਾਦ ਕੀਤਾ ਗਿਆ ਸੀ। ਪਰੰਤੂ ਇਹ ਸ਼ਾਸਤਰਵਚਨ ਕੇਵਲ ਭਾਸ਼ਾਈ ਸ਼ਬਦਾਂ ਦਾ ਸਪੱਸ਼ਟੀਕਰਣ ਦਾ ਸੰਕੇਤ ਨਹੀਂ ਦਿੰਦਾ ਹੈ। ਅਜ਼ਰਾ ਅਤੇ ਦੂਜਿਆਂ ਨੇ ਬਿਵਸਥਾ ਨੂੰ ਸਪੱਸ਼ਟ ਕੀਤਾ ਤਾਂ ਜੋ ਲੋਕੀ ਇਸ ਦੇ ਸਿਧਾਂਤਾਂ ਨੂੰ ਸਮਝ ਸਕਣ ਅਤੇ ਉਨ੍ਹਾਂ ਨੂੰ ਲਾਗੂ ਕਰ ਸਕਣ। ਮਸੀਹੀ ਪ੍ਰਕਾਸ਼ਨ ਅਤੇ ਸਭਾਵਾਂ ਵੀ ਪਰਮੇਸ਼ੁਰ ਦੇ ਬਚਨ ਦੇ ‘ਅਰਥ ਨੂੰ ਸਮਝਾਉਂਦੀਆਂ’ ਹਨ। ਨਾਲ ਹੀ ਨਿਯੁਕਤ ਬਜ਼ੁਰਗ ਵੀ ਅਰਥ ਸਮਝਾਉਂਦੇ ਹਨ, ਜੋ “ਸਿੱਖਿਆ ਦੇਣ ਜੋਗ” ਹਨ।—1 ਤਿਮੋਥਿਉਸ 3:1, 2; 2 ਤਿਮੋਥਿਉਸ 2:24.
ਸਥਾਈ ਲਾਭ
3. ਬਾਈਬਲ ਪਠਨ ਤੋਂ ਕਿਹੜੇ ਕੁਝ ਲਾਭ ਪਾਏ ਜਾਂਦੇ ਹਨ?
3 ਜਦੋਂ ਮਸੀਹੀ ਪਰਿਵਾਰ ਇਕੱਠੇ ਮਿਲ ਕੇ ਬਾਈਬਲ ਪੜ੍ਹਦੇ ਹਨ, ਤਾਂ ਸੰਭਵ ਹੈ ਕਿ ਉਹ ਸਥਾਈ ਲਾਭ ਅਨੁਭਵ ਕਰਨਗੇ। ਉਹ ਪਰਮੇਸ਼ੁਰ ਦੇ ਨਿਯਮਾਂ ਨਾਲ ਪਰਿਚਿਤ ਹੁੰਦੇ ਹਨ ਅਤੇ ਸਿਧਾਂਤਾਂ, ਭਵਿੱਖ-ਸੂਚਕ ਗੱਲਾਂ, ਅਤੇ ਦੂਜਿਆਂ ਵਿਸ਼ਿਆਂ ਦੇ ਬਾਰੇ ਸੱਚਾਈ ਸਿੱਖਦੇ ਹਨ। ਬਾਈਬਲ ਦਾ ਇਕ ਭਾਗ ਪੜ੍ਹਨ ਤੋਂ ਬਾਅਦ, ਗ੍ਰਹਿਸਥ ਦਾ ਸਰਦਾਰ ਸ਼ਾਇਦ ਪੁੱਛੇ: ਇਸ ਤੋਂ ਸਾਨੂੰ ਕਿਵੇਂ ਪ੍ਰਭਾਵਿਤ ਹੋਣਾ ਚਾਹੀਦਾ ਹੈ? ਇਹ ਦੂਜੀਆਂ ਬਾਈਬਲ ਸਿੱਖਿਆਵਾਂ ਨਾਲ ਕਿਵੇਂ ਸੰਬੰਧ ਰੱਖਦਾ ਹੈ? ਅਸੀਂ ਇਨ੍ਹਾਂ ਨੁਕਤਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਕਿਵੇਂ ਇਸਤੇਮਾਲ ਕਰ ਸਕਦੇ ਹਾਂ? ਬਾਈਬਲ ਪੜ੍ਹਦੇ ਸਮੇਂ ਇਕ ਪਰਿਵਾਰ ਜ਼ਿਆਦਾ ਅੰਤਰਦ੍ਰਿਸ਼ਟੀ ਪ੍ਰਾਪਤ ਕਰਦਾ ਹੈ ਜੇਕਰ ਉਹ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਜਾਂ ਦੂਜਿਆਂ ਇੰਡੈਕਸਾਂ ਨੂੰ ਇਸਤੇਮਾਲ ਕਰਦੇ ਹੋਏ ਅਨੁਸੰਧਾਨ ਕਰੇ। ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਦਿਆਂ ਦੋ ਖੰਡ ਲਾਭ ਸਹਿਤ ਵਾਚੇ ਜਾ ਸਕਦੇ ਹਨ।
4. ਯਹੋਸ਼ੁਆ 1:8 ਵਿਚ ਦਰਜ ਹਿਦਾਇਤ ਨੂੰ ਯਹੋਸ਼ੁਆ ਨੇ ਕਿਵੇਂ ਲਾਗੂ ਕਰਨਾ ਸੀ?
4 ਸ਼ਾਸਤਰ ਤੋਂ ਪ੍ਰਾਪਤ ਕੀਤੇ ਗਏ ਸਿਧਾਂਤ ਸਾਨੂੰ ਜੀਵਨ ਵਿਚ ਮਾਰਗ-ਦਰਸ਼ਨ ਦੇ ਸਕਦੇ ਹਨ। ਇਸ ਤੋਂ ਇਲਾਵਾ, “ਪਵਿੱਤਰ ਲਿਖਤਾਂ” ਨੂੰ ਪੜ੍ਹਨਾ ਅਤੇ ਇਸ ਦਾ ਅਧਿਐਨ ਕਰਨਾ ‘ਸਾਨੂੰ ਮੁਕਤੀ ਦਾ ਗਿਆਨ ਦੇ ਸੱਕਦਾ ਹੈ।’ (2 ਤਿਮੋਥਿਉਸ 3:15) ਜੇਕਰ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਚਨ ਦੁਆਰਾ ਮਾਰਗ-ਦਰਸ਼ਿਤ ਹੋਣ ਦੇਈਏ, ਤਾਂ ਅਸੀਂ ਉਸ ਦੀ ਸੱਚਾਈ ਉੱਤੇ ਲਗਾਤਾਰ ਚੱਲਦੇ ਰਹਾਂਗੇ ਅਤੇ ਸਾਡੀਆਂ ਧਾਰਮਿਕ ਇੱਛਾਵਾਂ ਪੂਰੀਆਂ ਹੋਣਗੀਆਂ। (ਜ਼ਬੂਰ 26:3; 119:130) ਪਰੰਤੂ, ਸਾਨੂੰ ਸਮਝ ਭਾਲਣ ਦੀ ਜ਼ਰੂਰਤ ਹੈ, ਜਿਵੇਂ ਮੂਸਾ ਦੇ ਉਤਰਾਧਿਕਾਰੀ, ਯਹੋਸ਼ੁਆ, ਨੂੰ ਜ਼ਰੂਰਤ ਸੀ। “ਬਿਵਸਥਾ ਦੀ ਪੋਥੀ” ਉਸ ਦੇ ਮੂੰਹ ਤੋਂ ਕਦੀ ਵੱਖਰੀ ਨਹੀਂ ਹੋਣੀ ਸੀ, ਅਤੇ ਉਹ ਨੇ ਦਿਨ ਰਾਤ ਇਸ ਨੂੰ ਪੜ੍ਹਨਾ ਸੀ। (ਯਹੋਸ਼ੁਆ 1:8) “ਬਿਵਸਥਾ ਦੀ ਪੋਥੀ” ਨੂੰ ਆਪਣੇ ਮੂੰਹ ਤੋਂ ਕਦੀ ਵੱਖਰੀ ਨਾ ਕਰਨ ਦਾ ਅਰਥ ਸੀ ਕਿ ਯਹੋਸ਼ੁਆ ਨੂੰ ਇਸ ਵਿਚ ਕਥਿਤ ਗਿਆਨਵਾਨ ਗੱਲਾਂ ਦੂਜਿਆਂ ਨੂੰ ਦੱਸਣ ਤੋਂ ਰੁਕਣਾ ਨਹੀਂ ਚਾਹੀਦਾ ਸੀ। ਬਿਵਸਥਾ ਨੂੰ ਦਿਨ ਰਾਤ ਪੜ੍ਹਨ ਦਾ ਅਰਥ ਸੀ ਕਿ ਯਹੋਸ਼ੁਆ ਨੇ ਇਸ ਉੱਤੇ ਮਨਨ ਕਰਨਾ ਸੀ, ਇਸ ਦਾ ਅਧਿਐਨ ਕਰਨਾ ਸੀ। ਇਸੇ ਤਰ੍ਹਾਂ ਰਸੂਲ ਪੌਲੁਸ ਨੇ ਤਿਮੋਥਿਉਸ ਨੂੰ ਆਪਣੇ ਆਚਰਣ, ਸੇਵਕਾਈ, ਅਤੇ ਸਿੱਖਿਆ ਉੱਤੇ ‘ਚਿੰਤਨ ਕਰਨ’—ਮਨਨ ਕਰਨ—ਲਈ ਜ਼ੋਰ ਦਿੱਤਾ। ਇਕ ਮਸੀਹੀ ਬਜ਼ੁਰਗ ਹੋਣ ਦੇ ਨਾਤੇ, ਤਿਮੋਥਿਉਸ ਨੂੰ ਖ਼ਾਸ ਤੌਰ ਤੇ ਸਾਵਧਾਨ ਰਹਿਣ ਦੀ ਜ਼ਰੂਰਤ ਸੀ ਕਿ ਉਸ ਦਾ ਜੀਵਨ ਅਨੁਕਰਣਯੋਗ ਹੁੰਦਾ ਅਤੇ ਕਿ ਉਹ ਸ਼ਾਸਤਰ ਸੰਬੰਧੀ ਸੱਚਾਈ ਸਿਖਾਉਂਦਾ।—1 ਤਿਮੋਥਿਉਸ 4:15, ਨਿ ਵ.
5. ਜੇਕਰ ਅਸੀਂ ਪਰਮੇਸ਼ੁਰ ਦੀ ਸੱਚਾਈ ਨੂੰ ਪ੍ਰਾਪਤ ਕਰਨਾ ਹੈ, ਤਾਂ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ?
5 ਪਰਮੇਸ਼ੁਰ ਦੀ ਸੱਚਾਈ ਇਕ ਅਨਮੋਲ ਖ਼ਜ਼ਾਨਾ ਹੈ। ਇਸ ਨੂੰ ਲੱਭਣ ਦੇ ਲਈ ਖੋਦਣ, ਅਰਥਾਤ ਸ਼ਾਸਤਰ ਵਿਚ ਲਗਾਤਾਰ ਖੋਜ ਕਰਨ ਦੀ ਲੋੜ ਪੈਂਦੀ ਹੈ। ਕੇਵਲ ਮਹਾਨ ਸਿੱਖਿਅਕ ਦੇ ਬਾਲ-ਗੁਣੀ ਵਿਦਿਆਰਥੀਆਂ ਦੇ ਤੌਰ ਤੇ ਹੀ ਅਸੀਂ ਬੁੱਧ ਪ੍ਰਾਪਤ ਕਰਦੇ ਹਾਂ ਅਤੇ ਯਹੋਵਾਹ ਦੇ ਸ਼ਰਧਾਮਈ ਡਰ ਨੂੰ ਸਮਝਦੇ ਹਾਂ। (ਕਹਾਉਤਾਂ 1:7; ਯਸਾਯਾਹ 30:20, 21) ਨਿਰਸੰਦੇਹ, ਸਾਨੂੰ ਗੱਲਾਂ ਸ਼ਾਸਤਰ ਦੇ ਆਧਾਰ ਤੇ ਸਾਬਤ ਕਰਨੀਆਂ ਚਾਹੀਦੀਆਂ ਹਨ। (1 ਪਤਰਸ 2:1, 2) ਬਰਿਯਾ ਦੇ ਯਹੂਦੀ “ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ [ਪੌਲੁਸ ਦੁਆਰਾ ਕਹੀਆਂ] ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।” ਇੰਜ ਕਰਨ ਦੇ ਲਈ ਬਰਿਯਾ ਦੇ ਲੋਕ ਝਿੜਕੇ ਜਾਣ ਦੀ ਬਜਾਇ ਸ਼ਲਾਘਾ ਕੀਤੇ ਗਏ ਸਨ।—ਰਸੂਲਾਂ ਦੇ ਕਰਤੱਬ 17:10, 11.
6. ਯਿਸੂ ਕਿਉਂ ਸੰਕੇਤ ਕਰ ਸਕਦਾ ਸੀ ਕਿ ਸ਼ਾਸਤਰ ਦੀ ਖੋਜ ਕਰਨੀ ਖ਼ਾਸ ਯਹੂਦੀਆਂ ਲਈ ਕੁਝ ਲਾਭ ਦੀ ਨਹੀਂ ਸੀ?
6 ਯਿਸੂ ਨੇ ਖ਼ਾਸ ਯਹੂਦੀਆਂ ਨੂੰ ਕਿਹਾ: “ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਏਹੋ ਹਨ। ਤੁਸੀਂ ਜੀਉਣ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ।” (ਯੂਹੰਨਾ 5:39, 40) ਉਨ੍ਹਾਂ ਨੇ ਸਹੀ ਮੰਤਵ ਦੇ ਨਾਲ ਸ਼ਾਸਤਰ ਦੀ ਖੋਜ ਕੀਤੀ—ਕਿ ਇਹ ਉਨ੍ਹਾਂ ਨੂੰ ਜੀਵਨ ਦੇ ਵੱਲ ਨਿਰਦੇਸ਼ਨ ਕਰ ਸਕਦੇ ਹਨ। ਦਰਅਸਲ, ਸ਼ਾਸਤਰ ਵਿਚ ਮਸੀਹਾਈ ਭਵਿੱਖਬਾਣੀਆਂ ਪਾਈਆਂ ਜਾਂਦੀਆਂ ਸਨ ਜੋ ਜੀਵਨ ਦੇ ਵਸੀਲੇ ਵਜੋਂ ਯਿਸੂ ਵੱਲ ਸੰਕੇਤ ਕਰਦੀਆਂ ਸਨ। ਪਰੰਤੂ ਯਹੂਦੀਆਂ ਨੇ ਉਸ ਨੂੰ ਠੁਕਰਾ ਦਿੱਤਾ। ਇਸ ਲਈ, ਸ਼ਾਸਤਰ ਦੀ ਖੋਜ ਉਨ੍ਹਾਂ ਦੇ ਕੁਝ ਲਾਭ ਦੀ ਨਹੀਂ ਸੀ।
7. ਬਾਈਬਲ ਦੀ ਸਮਝ ਵਿਚ ਵੱਧਣ ਦੇ ਲਈ ਕਿਸ ਚੀਜ਼ ਦੀ ਜ਼ਰੂਰਤ ਹੈ, ਅਤੇ ਕਿਉਂ?
7 ਬਾਈਬਲ ਦੀ ਆਪਣੀ ਸਮਝ ਵਿਚ ਵੱਧਣ ਦੇ ਲਈ, ਸਾਨੂੰ ਪਰਮੇਸ਼ੁਰ ਦੀ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ ਦੇ ਮਾਰਗ-ਦਰਸ਼ਨ ਦੀ ਜ਼ਰੂਰਤ ਹੈ। “ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦਾ ਹੈ” ਤਾਂ ਜੋ ਉਨ੍ਹਾਂ ਦੇ ਅਰਥ ਨੂੰ ਪੇਸ਼ ਕਰ ਸਕੇ। (1 ਕੁਰਿੰਥੀਆਂ 2:10) ਥੱਸਲੁਨੀਕੇ ਦਿਆਂ ਮਸੀਹੀਆਂ ਨੇ ਆਪਣੇ ਸੁਣਨ ਵਿਚ ਆਈਆਂ ਕਿਸੇ ਵੀ ਭਵਿੱਖਬਾਣੀਆਂ ਦੀਆਂ ‘ਸਭਨਾਂ ਗੱਲਾਂ ਨੂੰ ਪਰਖਣਾ’ ਸੀ। (1 ਥੱਸਲੁਨੀਕੀਆਂ 5:20, 21) ਜਦੋਂ ਪੌਲੁਸ ਨੇ ਥੱਸਲੁਨੀਕੀਆਂ ਨੂੰ ਲਿਖਿਆ (ਲਗਭਗ 50 ਸਾ.ਯੁ.), ਉਦੋਂ ਯੂਨਾਨੀ ਸ਼ਾਸਤਰ ਦਾ ਇੱਕੋ-ਇਕ ਭਾਗ ਜੋ ਪਹਿਲਾਂ ਤੋਂ ਹੀ ਦਰਜ ਸੀ, ਉਹ ਮੱਤੀ ਦੀ ਇੰਜੀਲ ਸੀ। ਇਸ ਲਈ ਥੱਸਲੁਨੀਕੇ ਅਤੇ ਬਰਿਯਾ ਦੇ ਲੋਕ, ਸੰਭਵ ਹੈ ਇਬਰਾਨੀ ਸ਼ਾਸਤਰ ਦੇ ਯੂਨਾਨੀ ਸੈਪਟੁਜਿੰਟ ਤਰਜਮੇ ਨੂੰ ਜਾਂਚ ਕਰਨ ਦੇ ਦੁਆਰਾ, ਸਭਨਾਂ ਗੱਲਾਂ ਨੂੰ ਪਰਖ ਸਕਦੇ ਸਨ। ਉਨ੍ਹਾਂ ਨੂੰ ਸ਼ਾਸਤਰ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਦੀ ਜ਼ਰੂਰਤ ਸੀ, ਅਤੇ ਸਾਨੂੰ ਵੀ ਜ਼ਰੂਰਤ ਹੈ।
ਸਾਰਿਆਂ ਲਈ ਅਤਿ-ਆਵੱਸ਼ਕ
8. ਨਿਯੁਕਤ ਬਜ਼ੁਰਗਾਂ ਨੂੰ ਬਾਈਬਲ ਗਿਆਨ ਵਿਚ ਕਿਉਂ ਨਿਪੁੰਨ ਹੋਣਾ ਚਾਹੀਦਾ ਹੈ?
8 ਨਿਯੁਕਤ ਬਜ਼ੁਰਗਾਂ ਨੂੰ ਬਾਈਬਲ ਗਿਆਨ ਵਿਚ ਨਿਪੁੰਨ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ “ਸਿੱਖਿਆ ਦੇਣ ਜੋਗ” ਹੋਣਾ ਚਾਹੀਦਾ ਹੈ ਅਤੇ ‘ਨਿਹਚਾ ਜੋਗ ਬਚਨ ਨੂੰ ਫੜੀ ਰੱਖਣਾ’ ਚਾਹੀਦਾ ਹੈ। ਨਿਗਾਹਬਾਨ ਤਿਮੋਥਿਉਸ ਨੇ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨਾ’ ਸੀ। (1 ਤਿਮੋਥਿਉਸ 3:2; ਤੀਤੁਸ 1:9; 2 ਤਿਮੋਥਿਉਸ 2:15) ਉਸ ਦੀ ਮਾਤਾ, ਯੂਨੀਕਾ, ਅਤੇ ਉਸ ਦੀ ਨਾਨੀ ਲੋਇਸ ਨੇ ਉਸ ਵਿਚ “ਨਿਸ਼ਕਪਟ ਨਿਹਚਾ” ਬਿਠਾਉਂਦੇ ਹੋਏ, ਉਸ ਨੂੰ ਬਾਲ ਅਵਸਥਾ ਤੋਂ ਹੀ ਪਵਿੱਤਰ ਲਿਖਤਾਂ ਸਿਖਾਈਆਂ ਸਨ, ਭਾਵੇਂ ਕਿ ਉਸ ਦਾ ਪਿਤਾ ਇਕ ਅਵਿਸ਼ਵਾਸੀ ਸੀ। (2 ਤਿਮੋਥਿਉਸ 1:5; 3:15) ਵਿਸ਼ਵਾਸੀ ਪਿਤਾਵਾਂ ਨੂੰ ਆਪਣਿਆਂ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਪਾਲਣਾ ਕਰਨੀ ਚਾਹੀਦੀ ਹੈ, ਅਤੇ ਖ਼ਾਸ ਤੌਰ ਤੇ ਉਹ ਬਜ਼ੁਰਗ ਜਿਹੜੇ ਪਿਤਾ ਹਨ, ਦੇ ‘ਬਾਲਕ ਨਿਹਚਾਵਾਨ ਹੋਣੇ ਅਤੇ ਉਨ੍ਹਾਂ ਦੇ ਜੁੰਮੇ ਬਦਚਲਣੀ ਦਾ ਦੋਸ਼ ਨਾ ਹੋਣਾ ਅਤੇ ਨਾ ਓਹ ਢੀਠ ਹੋਣੇ’ ਚਾਹੀਦੇ ਹਨ। (ਅਫ਼ਸੀਆਂ 6:4; ਤੀਤੁਸ 1:6) ਤਾਂ ਫਿਰ, ਆਪਣੀਆਂ ਪਰਿਸਥਿਤੀਆਂ ਦੇ ਬੇਲਿਹਾਜ਼, ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ, ਅਧਿਐਨ ਕਰਨ, ਅਤੇ ਲਾਗੂ ਕਰਨ ਦੀ ਜ਼ਰੂਰਤ ਨੂੰ ਅਤਿ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ।
9. ਸੰਗੀ ਮਸੀਹੀਆਂ ਦੀ ਸੰਗਤ ਵਿਚ ਬਾਈਬਲ ਦਾ ਅਧਿਐਨ ਕਿਉਂ ਕਰੀਏ?
9 ਸਾਨੂੰ ਸੰਗੀ ਵਿਸ਼ਵਾਸੀਆਂ ਦੀ ਸੰਗਤ ਵਿਚ ਵੀ ਬਾਈਬਲ ਦਾ ਅਧਿਐਨ ਕਰਨਾ ਚਾਹੀਦਾ ਹੈ। ਪੌਲੁਸ ਚਾਹੁੰਦਾ ਸੀ ਕਿ ਥੱਸਲੁਨੀਕੀ ਮਸੀਹੀ ਉਸ ਦੀ ਸਲਾਹ ਦੀ ਚਰਚਾ ਇਕ ਦੂਜੇ ਦੇ ਨਾਲ ਕਰਨ। (1 ਥੱਸਲੁਨੀਕੀਆਂ 4:18) ਸੱਚਾਈ ਦੇ ਬਾਰੇ ਆਪਣੀ ਸਮਝ ਨੂੰ ਤਿੱਖਾ ਕਰਨ ਦੇ ਲਈ, ਦੂਜੇ ਸ਼ਰਧਾਲੂ ਵਿਦਿਆਰਥੀਆਂ ਦੇ ਨਾਲ ਮਿਲ ਕੇ ਸ਼ਾਸਤਰ ਦੀ ਜਾਂਚ ਕਰਨ ਨਾਲੋਂ ਬਿਹਤਰ ਹੋਰ ਕੋਈ ਤਰੀਕਾ ਨਹੀਂ ਹੈ। ਇਹ ਕਹਾਵਤ ਸੱਚ ਹੈ, “ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤ੍ਰ ਦੇ ਮੁਖ ਨੂੰ ਤਿੱਖਾ ਕਰਦਾ ਹੈ।” (ਕਹਾਉਤਾਂ 27:17) ਇਕ ਲੋਹੇ ਦੇ ਸੰਦ ਨੂੰ ਜ਼ੰਗਾਲ ਲੱਗ ਸਕਦਾ ਹੈ ਜੇਕਰ ਉਸ ਨੂੰ ਇਸਤੇਮਾਲ ਅਤੇ ਤਿੱਖਾ ਨਾ ਕੀਤਾ ਜਾਵੇ। ਇਸੇ ਤਰ੍ਹਾਂ, ਸਾਨੂੰ ਨਿਯਮਿਤ ਤੌਰ ਤੇ ਇਕੱਠੇ ਮਿਲਣ ਅਤੇ ਪਰਮੇਸ਼ੁਰ ਦੀ ਸੱਚਾਈ ਦੇ ਬਚਨ ਨੂੰ ਪੜ੍ਹਨ, ਅਧਿਐਨ ਕਰਨ, ਅਤੇ ਮਨਨ ਕਰਨ ਤੋਂ ਪ੍ਰਾਪਤ ਕੀਤੇ ਗਏ ਗਿਆਨ ਨੂੰ ਸਾਂਝਾ ਕਰਨ ਦੇ ਦੁਆਰਾ ਇਕ ਦੂਜੇ ਨੂੰ ਤਿੱਖਾ ਕਰਨ ਦੀ ਜ਼ਰੂਰਤ ਹੈ। (ਇਬਰਾਨੀਆਂ 10:24, 25) ਇਸ ਤੋਂ ਇਲਾਵਾ, ਇਹ ਇਕ ਤਰੀਕਾ ਹੈ ਜਿਸ ਨਾਲ ਅਸੀਂ ਨਿਸ਼ਚਿਤ ਕਰ ਸਕਦੇ ਹਾਂ ਕਿ ਅਸੀਂ ਅਧਿਆਤਮਿਕ ਚਾਨਣ ਦੀਆਂ ਲਿਸ਼ਕਾਰਾਂ ਤੋਂ ਲਾਭ ਪ੍ਰਾਪਤ ਕਰਦੇ ਹਾਂ।—ਜ਼ਬੂਰ 97:11; ਕਹਾਉਤਾਂ 4:18.
10. ਸੱਚਾਈ ਉੱਤੇ ਚੱਲਣ ਦਾ ਕੀ ਅਰਥ ਹੈ?
10 ਸ਼ਾਸਤਰ ਦੇ ਆਪਣੇ ਅਧਿਐਨ ਵਿਚ, ਅਸੀਂ ਉਚਿਤ ਢੰਗ ਨਾਲ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਜਿਵੇਂ ਜ਼ਬੂਰਾਂ ਦੇ ਲਿਖਾਰੀ ਨੇ ਕੀਤੀ ਸੀ: “ਆਪਣੇ ਚਾਨਣ ਅਰ ਆਪਣੀ ਸੱਚਿਆਈ ਨੂੰ ਘੱਲ ਕਿ ਓਹ ਮੇਰੀ ਅਗਵਾਈ ਕਰਨ।” (ਜ਼ਬੂਰ 43:3) ਜੇਕਰ ਅਸੀਂ ਪਰਮੇਸ਼ੁਰ ਦੀ ਪ੍ਰਵਾਨਗੀ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੀ ਸੱਚਾਈ ਉੱਤੇ ਚੱਲਣਾ ਪਵੇਗਾ। (3 ਯੂਹੰਨਾ 3, 4) ਇਸ ਵਿਚ ਉਸ ਦੀਆਂ ਮੰਗਾਂ ਦੀ ਪਾਲਣਾ ਕਰਨੀ ਅਤੇ ਵਫ਼ਾਦਾਰੀ ਤੇ ਸੁਹਿਰਦਤਾ ਵਿਚ ਉਸ ਦੀ ਸੇਵਾ ਕਰਨੀ ਸ਼ਾਮਲ ਹਨ। (ਜ਼ਬੂਰ 25:4, 5; ਯੂਹੰਨਾ 4:23, 24) ਸਾਨੂੰ ਯਹੋਵਾਹ ਦੀ ਸੇਵਾ ਸੱਚਾਈ ਵਿਚ ਕਰਨੀ ਚਾਹੀਦੀ ਹੈ, ਜਿਵੇਂ ਉਸ ਦੇ ਬਚਨ ਵਿਚ ਪ੍ਰਗਟ ਕੀਤੀ ਗਈ ਹੈ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦਿਆਂ ਪ੍ਰਕਾਸ਼ਨਾਂ ਵਿਚ ਸਪੱਸ਼ਟ ਕੀਤੀ ਗਈ ਹੈ। (ਮੱਤੀ 24:45-47) ਇਹ ਸ਼ਾਸਤਰ ਦੇ ਬਾਰੇ ਯਥਾਰਥ ਗਿਆਨ ਦੀ ਮੰਗ ਕਰਦੀ ਹੈ। ਤਾਂ ਫਿਰ, ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਕਿਵੇਂ ਪੜ੍ਹਨਾ ਅਤੇ ਅਧਿਐਨ ਕਰਨਾ ਚਾਹੀਦਾ ਹੈ? ਕੀ ਸਾਨੂੰ ਉਤਪਤ ਅਧਿਆਇ 1, ਆਇਤ 1 ਤੋਂ ਸ਼ੁਰੂ ਕਰਦੇ ਹੋਏ, ਪੂਰੀਆਂ 66 ਪੋਥੀਆਂ ਪੜ੍ਹਨੀਆਂ ਚਾਹੀਦੀਆਂ ਹਨ? ਜੀ ਹਾਂ, ਹਰੇਕ ਮਸੀਹੀ, ਜਿਸ ਦੇ ਕੋਲ ਆਪਣੀ ਭਾਸ਼ਾ ਵਿਚ ਪੂਰੀ ਬਾਈਬਲ ਮੌਜੂਦ ਹੈ, ਉਸ ਨੂੰ ਉਤਪਤ ਤੋਂ ਲੈ ਕੇ ਪਰਕਾਸ਼ ਦੀ ਪੋਥੀ ਤਕ ਪੜ੍ਹਨਾ ਚਾਹੀਦਾ ਹੈ। ਅਤੇ ਬਾਈਬਲ ਤੇ ਮਸੀਹੀ ਪ੍ਰਕਾਸ਼ਨਾਂ ਨੂੰ ਪੜ੍ਹਨ ਵਿਚ ਸਾਡਾ ਮੰਤਵ, ਸ਼ਾਸਤਰ ਸੰਬੰਧੀ ਸੱਚਾਈ ਦੇ ਵੱਡੇ ਸੰਗ੍ਰਹਿ ਬਾਰੇ ਆਪਣੀ ਸਮਝ ਨੂੰ ਵਧਾਉਣਾ ਹੋਣਾ ਚਾਹੀਦਾ ਹੈ, ਜਿਸ ਨੂੰ ਪਰਮੇਸ਼ੁਰ ਨੇ ‘ਮਾਤਬਰ ਨੌਕਰ’ ਦੇ ਦੁਆਰਾ ਉਪਲਬਧ ਕੀਤਾ ਹੈ।
ਪਰਮੇਸ਼ੁਰ ਦੇ ਬਚਨ ਨੂੰ ਉੱਚੀ ਆਵਾਜ਼ ਵਿਚ ਪੜ੍ਹੋ
11, 12. ਸਭਾਵਾਂ ਵਿਚ ਬਾਈਬਲ ਨੂੰ ਉੱਚੀ ਆਵਾਜ਼ ਵਿਚ ਪੜ੍ਹਾਇਆ ਜਾਣਾ ਕਿਉਂ ਲਾਭਦਾਇਕ ਹੈ?
11 ਜਦੋਂ ਅਸੀਂ ਇਕੱਲੇ ਹੁੰਦੇ ਹਾਂ, ਤਾਂ ਅਸੀਂ ਖਾਮੋਸ਼ੀ ਨਾਲ ਪੜ੍ਹ ਸਕਦੇ ਹਾਂ। ਪਰੰਤੂ, ਪ੍ਰਾਚੀਨ ਸਮਿਆਂ ਵਿਚ ਨਿੱਜੀ ਪਠਨ ਉੱਚੀ ਆਵਾਜ਼ ਵਿਚ ਕੀਤਾ ਜਾਂਦਾ ਸੀ। ਜਿਉਂ ਹੀ ਹਬਸ਼ੀ ਖੋਜਾ ਆਪਣੇ ਰਥ ਵਿਚ ਜਾ ਰਿਹਾ ਸੀ, ਇੰਜੀਲ ਪਰਚਾਰਕ ਫ਼ਿਲਿੱਪੁਸ ਨੇ ਤਾਹੀਓਂ ਉਸ ਨੂੰ ਯਸਾਯਾਹ ਦੀ ਭਵਿੱਖਬਾਣੀ ਵਿੱਚੋਂ ਪੜ੍ਹਦੇ ਹੋਏ ਸੁਣਿਆ। (ਰਸੂਲਾਂ ਦੇ ਕਰਤੱਬ 8:27-30) “ਪੜ੍ਹਨਾ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਪ੍ਰਾਥਮਿਕ ਤੌਰ ਤੇ ਅਰਥ ਹੈ “ਪੁਕਾਰਨਾ।” ਇਸ ਲਈ ਜਿਹੜੇ ਆਰੰਭ ਤੋਂ ਖਾਮੋਸ਼ੀ ਵਿਚ ਪੜ੍ਹ ਕੇ ਪਠਨ ਨੂੰ ਨਹੀਂ ਸਮਝ ਪਾਉਂਦੇ ਹਨ, ਉਨ੍ਹਾਂ ਨੂੰ ਹਰੇਕ ਸ਼ਬਦ ਉੱਚੀ ਆਵਾਜ਼ ਵਿਚ ਉਚਾਰਣ ਤੋਂ ਨਿਰਉਤਸ਼ਾਹਿਤ ਨਹੀਂ ਹੋਣਾ ਚਾਹੀਦਾ ਹੈ। ਮੁੱਖ ਗੱਲ ਹੈ ਪਰਮੇਸ਼ੁਰ ਦੇ ਲਿਖਿਤ ਬਚਨ ਨੂੰ ਪੜ੍ਹਨ ਦੇ ਦੁਆਰਾ ਸੱਚਾਈ ਨੂੰ ਸਿੱਖਣਾ।
12 ਮਸੀਹੀ ਸਭਾਵਾਂ ਵਿਚ ਬਾਈਬਲ ਨੂੰ ਉੱਚੀ ਆਵਾਜ਼ ਵਿਚ ਪੜ੍ਹਾਇਆ ਜਾਣਾ ਲਾਭਦਾਇਕ ਹੈ। ਰਸੂਲ ਪੌਲੁਸ ਨੇ ਆਪਣੇ ਸਹਿਕਰਮੀ ਤਿਮੋਥਿਉਸ ਨੂੰ ਉਤੇਜਿਤ ਕੀਤਾ: “ਤੂੰ ਪੜ੍ਹਾਈ [“ਪਬਲਿਕ ਪਠਨ,” ਨਿ ਵ] ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ।” (1 ਤਿਮੋਥਿਉਸ 4:13) ਪੌਲੁਸ ਨੇ ਕੁਲੁੱਸੀਆਂ ਨੂੰ ਕਿਹਾ: “ਜਾਂ ਇਹ ਪੱਤ੍ਰੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਭਈ ਏਹ ਲਾਉਦਿਕੀਆ ਦੀ ਕਲੀਸਿਯਾ ਵਿੱਚ ਭੀ ਪੜ੍ਹੀ ਜਾਵੇ ਅਤੇ ਜਿਹੜੀ ਪੱਤ੍ਰੀ ਲਾਉਦਿਕੀਆ ਤੋਂ ਆਵੇ ਉਹ ਤੁਸੀਂ ਭੀ ਪੜ੍ਹੋ।” (ਕੁਲੁੱਸੀਆਂ 4:16) ਅਤੇ ਪਰਕਾਸ਼ ਦੀ ਪੋਥੀ 1:3 ਕਹਿੰਦੀ ਹੈ: “ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਓਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਹ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾ ਨੇੜੇ ਹੈ।” ਇਸ ਲਈ, ਇਕ ਪਬਲਿਕ ਭਾਸ਼ਣਕਾਰ ਨੂੰ ਉਨ੍ਹਾਂ ਗੱਲਾਂ ਦੀ ਪੁਸ਼ਟੀ ਕਰਨ ਲਈ ਜੋ ਉਹ ਕਲੀਸਿਯਾ ਨੂੰ ਦੱਸਦਾ ਹੈ ਬਾਈਬਲ ਵਿੱਚੋਂ ਹਵਾਲੇ ਪੜ੍ਹਨੇ ਚਾਹੀਦੇ ਹਨ।
ਅਧਿਐਨ ਕਰਨ ਦਾ ਵਿਸ਼ੇਗਤ ਤਰੀਕਾ
13. ਬਾਈਬਲ ਸੱਚਾਈਆਂ ਨੂੰ ਸਿੱਖਣ ਦਾ ਸਭ ਤੋਂ ਪ੍ਰਗਤੀਸ਼ੀਲ ਤਰੀਕਾ ਕਿਹੜਾ ਹੈ, ਅਤੇ ਸ਼ਾਸਤਰਵਚਨਾਂ ਨੂੰ ਲੱਭਣ ਦੇ ਲਈ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?
13 ਸ਼ਾਸਤਰ ਸੰਬੰਧੀ ਸੱਚਾਈਆਂ ਨੂੰ ਸਿੱਖਣ ਦਾ ਸਭ ਤੋਂ ਪ੍ਰਗਤੀਸ਼ੀਲ ਤਰੀਕਾ ਹੈ ਵਿਸ਼ੇਗਤ ਅਧਿਐਨ। ਉਨ੍ਹਾਂ ਦੇ ਸੰਦਰਭ ਵਿਚ ਬਾਈਬਲ ਸ਼ਬਦਾਂ ਨੂੰ ਅੱਖਰਕ੍ਰਮ ਵਿਚ ਪੋਥੀ, ਅਧਿਆਇ, ਅਤੇ ਆਇਤ ਦੇ ਅਨੁਸਾਰ ਸੂਚੀਬੱਧ ਕਰਦੇ ਸ਼ਬਦ-ਅਨੁਕ੍ਰਮਣਿਕਾਂ ਇਕ ਖ਼ਾਸ ਵਿਸ਼ੇ ਨਾਲ ਸੰਬੰਧਿਤ ਪਾਠਾਂ ਨੂੰ ਲੱਭਣਾ ਸੌਖਾ ਬਣਾਉਂਦੇ ਹਨ। ਅਤੇ ਅਜਿਹਿਆਂ ਸ਼ਾਸਤਰਵਚਨਾਂ ਦਾ ਇਕ ਦੂਜੇ ਦੇ ਨਾਲ ਸੁਮੇਲ ਕੀਤਾ ਜਾ ਸਕਦਾ ਹੈ ਕਿਉਂਕਿ ਬਾਈਬਲ ਦਾ ਕਰਤਾ ਖ਼ੁਦ ਦਾ ਵਿਰੋਧ ਨਹੀਂ ਕਰਦਾ ਹੈ। ਪਵਿੱਤਰ ਆਤਮਾ ਦੇ ਜ਼ਰੀਏ, ਉਸ ਨੇ 16 ਸਦੀਆਂ ਦੀ ਅਵਧੀ ਦੇ ਦੌਰਾਨ ਬਾਈਬਲ ਨੂੰ ਲਿਖਣ ਦੇ ਲਈ ਕੁਝ 40 ਮਨੁੱਖਾਂ ਨੂੰ ਪ੍ਰੇਰਿਤ ਕੀਤਾ, ਅਤੇ ਇਸ ਦਾ ਵਿਸ਼ੇਗਤ ਤੌਰ ਤੇ ਅਧਿਐਨ ਕਰਨਾ ਸੱਚਾਈ ਸਿੱਖਣ ਦਾ ਇਕ ਲੰਬੇ ਸਮੇਂ ਤੋਂ ਪਰਖਿਆ ਹੋਇਆ ਤਰੀਕਾ ਹੈ।
14. ਇਬਰਾਨੀ ਅਤੇ ਮਸੀਹੀ ਯੂਨਾਨੀ ਸ਼ਾਸਤਰ ਨੂੰ ਇਕੱਠੇ ਕਿਉਂ ਅਧਿਐਨ ਕਰਨਾ ਚਾਹੀਦਾ ਹੈ?
14 ਬਾਈਬਲ ਸੱਚਾਈ ਦੇ ਲਈ ਸਾਡੀ ਕਦਰ ਨੂੰ ਸਾਨੂੰ ਮਸੀਹੀ ਯੂਨਾਨੀ ਸ਼ਾਸਤਰ ਦੇ ਨਾਲ-ਨਾਲ ਇਬਰਾਨੀ ਸ਼ਾਸਤਰ ਨੂੰ ਪੜ੍ਹਨ ਅਤੇ ਅਧਿਐਨ ਕਰਨ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਹ ਦਿਖਾਏਗਾ ਕਿ ਯੂਨਾਨੀ ਸ਼ਾਸਤਰ ਪਰਮੇਸ਼ੁਰ ਦੇ ਮਕਸਦ ਨਾਲ ਕਿਵੇਂ ਸੰਬੰਧ ਰੱਖਦੇ ਹਨ ਅਤੇ ਇਹ ਇਬਰਾਨੀ ਸ਼ਾਸਤਰ ਦੀਆਂ ਭਵਿੱਖਬਾਣੀਆਂ ਉੱਤੇ ਰੌਸ਼ਨੀ ਪਾਵੇਗਾ। (ਰੋਮੀਆਂ 16:25-27; ਅਫ਼ਸੀਆਂ 3:4-6; ਕੁਲੁੱਸੀਆਂ 1:26) ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਇਸ ਦੇ ਸੰਬੰਧ ਵਿਚ ਬਹੁਤ ਸਹਾਇਕ ਹੈ। ਇਹ ਪਰਮੇਸ਼ੁਰ ਦਿਆਂ ਸਮਰਪਿਤ ਸੇਵਕਾਂ ਦੁਆਰਾ ਤਿਆਰ ਕੀਤਾ ਗਿਆ ਸੀ, ਜਿਨ੍ਹਾਂ ਨੇ ਮੂਲ ਬਾਈਬਲ ਪਾਠ ਅਤੇ ਇਸ ਦੇ ਪਿਛੋਕੜ ਅਤੇ ਮੁਹਾਵਰੇਦਾਰ ਅਭਿਵਿਅਕਤੀਆਂ ਦੇ ਬਾਰੇ ਉਪਲਬਧ ਅਧਿਕ ਗਿਆਨ ਤੋਂ ਲਾਭ ਉਠਾਇਆ। “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਯਹੋਵਾਹ ਵੱਲੋਂ ਪ੍ਰਦਾਨ ਕੀਤੇ ਗਏ ਬਾਈਬਲ ਅਧਿਐਨ ਸਹਾਇਕ ਸਾਧਨ ਵੀ ਅਤਿ-ਆਵੱਸ਼ਕ ਹਨ।
15. ਤੁਸੀਂ ਕਿਵੇਂ ਸਾਬਤ ਕਰੋਗੇ ਕਿ ਬਾਈਬਲ ਵਿੱਚੋਂ ਥਾਂ ਥਾਂ ਤੋਂ ਹਵਾਲੇ ਦੇਣਾ ਉਪਯੁਕਤ ਹੈ?
15 ਕੁਝ ਲੋਕ ਸ਼ਾਇਦ ਕਹਿਣ, ‘ਤੁਹਾਡੇ ਪ੍ਰਕਾਸ਼ਨ ਬਾਈਬਲ ਵਿੱਚੋਂ ਹਜ਼ਾਰਾਂ ਹਵਾਲੇ ਦਿੰਦੇ ਹਨ, ਪਰੰਤੂ ਤੁਸੀਂ ਇਨ੍ਹਾਂ ਨੂੰ ਥਾਂ ਥਾਂ ਤੋਂ ਕਿਉਂ ਲੈਂਦੇ ਹੋ?’ ਬਾਈਬਲ ਦੀਆਂ 66 ਪੋਥੀਆਂ ਵਿੱਚੋਂ ਥਾਂ ਥਾਂ ਤੋਂ ਹਵਾਲੇ ਲੈਣ ਦੇ ਦੁਆਰਾ, ਇਹ ਪ੍ਰਕਾਸ਼ਨ ਕਿਸੇ ਇਕ ਸਿੱਖਿਆ ਦੀ ਸੱਚਾਈ ਸਾਬਤ ਕਰਨ ਦੇ ਲਈ ਅਨੇਕ ਪ੍ਰੇਰਿਤ ਗਵਾਹਾਂ ਤੋਂ ਸਬੂਤ ਲੈਂਦੇ ਹਨ। ਯਿਸੂ ਨੇ ਹਿਦਾਇਤ ਦੇਣ ਦਾ ਇਹ ਤਰੀਕਾ ਖ਼ੁਦ ਇਸਤੇਮਾਲ ਕੀਤਾ ਸੀ। ਜਦੋਂ ਉਸ ਨੇ ਪਹਾੜੀ ਉਪਦੇਸ਼ ਦਿੱਤਾ, ਤਾਂ ਉਸ ਨੇ ਇਬਰਾਨੀ ਸ਼ਾਸਤਰ ਵਿੱਚੋਂ 21 ਹਵਾਲੇ ਦਿੱਤੇ ਸਨ। ਉਸ ਪ੍ਰਵਚਨ ਵਿਚ ਕੂਚ ਵਿੱਚੋਂ ਤਿੰਨ ਹਵਾਲੇ, ਲੇਵੀਆਂ ਵਿੱਚੋਂ ਦੋ, ਗਿਣਤੀ ਵਿੱਚੋਂ ਇਕ, ਬਿਵਸਥਾ ਸਾਰ ਵਿੱਚੋਂ ਛੇ, ਰਾਜਿਆਂ ਦੀ ਦੂਜੀ ਪੋਥੀ ਵਿੱਚੋਂ ਇਕ, ਜ਼ਬੂਰਾਂ ਦੀ ਪੋਥੀ ਵਿੱਚੋਂ ਚਾਰ, ਯਸਾਯਾਹ ਵਿੱਚੋਂ ਤਿੰਨ, ਅਤੇ ਯਿਰਮਿਯਾਹ ਵਿੱਚੋਂ ਇਕ ਹਵਾਲਾ ਪਾਏ ਜਾਂਦੇ ਹਨ। ਕੀ ਇੰਜ ਕਰਨ ਦੇ ਦੁਆਰਾ, ਯਿਸੂ ‘ਕੇਵਲ ਕੁਝ ਵੀ ਸਾਬਤ ਕਰਨ ਦੀ ਕੋਸ਼ਿਸ਼’ ਕਰ ਰਿਹਾ ਸੀ? ਨਹੀਂ, ਕਿਉਂਕਿ ‘ਉਹ ਗ੍ਰੰਥੀਆਂ ਵਾਂਙੁ ਨਹੀਂ ਪਰ ਇਖ਼ਤਿਆਰ ਵਾਲੇ ਵਾਂਙੁ ਉਪਦੇਸ਼ ਦਿੰਦਾ ਸੀ।’ ਇਹ ਇਸ ਤਰ੍ਹਾਂ ਸੀ ਕਿਉਂਕਿ ਯਿਸੂ ਨੇ ਆਪਣੀ ਸਿੱਖਿਆ ਨੂੰ ਪਰਮੇਸ਼ੁਰ ਦੇ ਲਿਖਿਤ ਬਚਨ ਦੇ ਇਖ਼ਤਿਆਰ ਨਾਲ ਸਮਰਥਨ ਕੀਤਾ। (ਮੱਤੀ 7:29) ਰਸੂਲ ਪੌਲੁਸ ਨੇ ਵੀ ਇਹੋ ਕੀਤਾ।
16. ਰੋਮੀਆਂ 15:7-13 ਵਿਚ ਪੌਲੁਸ ਨੇ ਕਿਹੜੇ ਸ਼ਾਸਤਰ ਸੰਬੰਧੀ ਹਵਾਲੇ ਦਿੱਤੇ ਸਨ?
16 ਰੋਮੀਆਂ 15:7-13 ਵਿਚ ਪਾਏ ਜਾਣ ਵਾਲੇ ਸ਼ਾਸਤਰਵਚਨਾਂ ਵਿਚ, ਪੌਲੁਸ ਨੇ ਇਬਰਾਨੀ ਸ਼ਾਸਤਰ ਦੇ ਤਿੰਨ ਭਾਗਾਂ—ਬਿਵਸਥਾ, ਨਬੀ, ਅਤੇ ਜ਼ਬੂਰਾਂ—ਵਿੱਚੋਂ ਹਵਾਲੇ ਦਿੱਤੇ। ਉਸ ਨੇ ਦਿਖਾਇਆ ਕਿ ਯਹੂਦੀ ਅਤੇ ਗ਼ੈਰ-ਯਹੂਦੀ ਲੋਕ ਪਰਮੇਸ਼ੁਰ ਦੀ ਵਡਿਆਈ ਕਰਨਗੇ, ਅਤੇ ਇਸ ਕਰਕੇ ਮਸੀਹੀਆਂ ਨੂੰ ਸਾਰੀਆਂ ਕੌਮਾਂ ਦੇ ਲੋਕਾਂ ਦਾ ਸੁਆਗਤ ਕਰਨਾ ਚਾਹੀਦਾ ਹੈ। ਪੌਲੁਸ ਨੇ ਕਿਹਾ: “ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ੁਰ ਦੀ ਵਡਿਆਈ ਹੋਵੇ। ਮੈਂ ਆਖਦਾ ਹਾਂ ਭਈ ਮਸੀਹ ਪਰਮੇਸ਼ੁਰ ਦੀ ਸਚਿਆਈ ਦੇ ਨਮਿੱਤ ਸੁੰਨਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਨ੍ਹਾਂ ਬਚਨਾਂ ਨੂੰ ਜਿਹੜੇ ਪਿਤਰਾਂ ਨੂੰ ਦਿੱਤੇ ਹੋਏ ਸਨ ਪੂਰਿਆਂ ਕਰੇ। ਅਤੇ ਪਰਾਈਆਂ ਕੌਮਾਂ ਰਹਮ ਦੇ ਲਈ ਪਰਮੇਸ਼ੁਰ ਦੀ ਵਡਿਆਈ ਕਰਨ ਜਿਵੇਂ ਲਿਖਿਆ ਹੋਇਆ ਹੈ [ਜ਼ਬੂਰ 18:49 ਵਿਚ],—ਏਸੇ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਦਾ ਜਸ ਗਾਵਾਂਗਾ। ਫੇਰ ਕਹਿੰਦਾ ਹੈ [ਬਿਵਸਥਾ ਸਾਰ 32:43 ਵਿਚ],—ਹੇ ਪਰਾਈਓ ਕੌਮੋ, ਉਹ ਦੀ ਪਰਜਾ ਨਾਲ ਖੁਸ਼ੀ ਕਰੋ। ਅਤੇ ਫੇਰ [ਜ਼ਬੂਰ 117:1 ਵਿਚ], ਹੇ ਸਾਰੀਓ ਕੌਮੋ, ਪ੍ਰਭੁ ਦੀ ਉਸਤਤ ਕਰੋ, ਅਤੇ ਸਾਰੇ ਲੋਕ ਉਹ ਦੇ ਗੁਣ ਗਾਉਣ। ਫੇਰ ਯਸਾਯਾਹ [11:1, 10] ਆਖਦਾ ਹੈ,—ਯੱਸੀ ਦੀ ਜੜ੍ਹ ਪਰਗਟ ਹੋਵੇਗੀ, ਅਤੇ ਜਿਹੜਾ ਕੌਮਾਂ ਉੱਤੇ ਹਕੂਮਤ ਕਰਨ ਲਈ ਉੱਠਣ ਵਾਲਾ ਹੈ, ਉਹ ਦੇ ਉੱਤੇ ਕੌਮਾਂ ਆਸਾ ਰੱਖਣਗੀਆਂ। ਹੁਣ ਆਸਾ ਦਾ ਪਰਮੇਸ਼ੁਰ ਤੁਹਾਨੂੰ ਨਿਹਚਾ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਭਈ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨਾਲ ਆਸਾ ਵਿੱਚ ਵਧਦੇ ਜਾਵੋ।” ਇਸ ਵਿਸ਼ੇਗਤ ਤਰੀਕੇ ਦੇ ਦੁਆਰਾ, ਪੌਲੁਸ ਨੇ ਦਿਖਾਇਆ ਕਿ ਬਾਈਬਲ ਸੱਚਾਈਆਂ ਨੂੰ ਸਥਾਪਿਤ ਕਰਨ ਦੇ ਲਈ ਕਿਵੇਂ ਸ਼ਾਸਤਰਵਚਨਾਂ ਦੇ ਹਵਾਲੇ ਦੇਣੇ ਚਾਹੀਦੇ ਹਨ।
17. ਕਿਹੜੇ ਪੂਰਵਉਦਾਹਰਣ ਦੇ ਅਨੁਕੂਲ, ਮਸੀਹੀ ਪੂਰੀ ਬਾਈਬਲ ਵਿੱਚੋਂ ਥਾਂ ਥਾਂ ਤੋਂ ਹਵਾਲੇ ਦਿੰਦੇ ਹਨ?
17 ਰਸੂਲ ਪਤਰਸ ਦੀ ਪਹਿਲੀ ਪ੍ਰੇਰਿਤ ਪੱਤਰੀ ਵਿਚ ਬਿਵਸਥਾ, ਨਬੀ, ਅਤੇ ਜ਼ਬੂਰ ਦੀਆਂ ਦੱਸ ਪੋਥੀਆਂ ਵਿੱਚੋਂ 34 ਹਵਾਲੇ ਪਾਏ ਜਾਂਦੇ ਹਨ। ਆਪਣੀ ਦੂਸਰੀ ਪੱਤਰੀ ਵਿਚ, ਪਤਰਸ ਛੇ ਵਾਰੀ ਤਿੰਨ ਪੋਥੀਆਂ ਵਿੱਚੋਂ ਹਵਾਲੇ ਦਿੰਦਾ ਹੈ। ਮੱਤੀ ਦੀ ਇੰਜੀਲ ਵਿਚ ਉਤਪਤ ਤੋਂ ਲੈ ਕੇ ਮਲਾਕੀ ਤਕ 122 ਹਵਾਲੇ ਪਾਏ ਜਾਂਦੇ ਹਨ। ਯੂਨਾਨੀ ਸ਼ਾਸਤਰ ਦੀਆਂ 27 ਪੋਥੀਆਂ ਵਿਚ ਉਤਪਤ ਤੋਂ ਲੈ ਕੇ ਮਲਾਕੀ ਤਕ 320 ਸਿੱਧੇ ਉਤਕਥਨ ਅਤੇ ਇਬਰਾਨੀ ਸ਼ਾਸਤਰ ਵਿੱਚੋਂ ਸੈਂਕੜੇ ਦੂਜੇ ਉਲੇਖ ਪਾਏ ਜਾਂਦੇ ਹਨ। ਯਿਸੂ ਦੁਆਰਾ ਕਾਇਮ ਅਤੇ ਉਸ ਦੇ ਰਸੂਲਾਂ ਦੁਆਰਾ ਪੈਰਵੀ ਕੀਤਾ ਇਸ ਪੂਰਵਉਦਾਹਰਣ ਦੇ ਅਨੁਕੂਲ, ਜਦੋਂ ਆਧੁਨਿਕ-ਦਿਨ ਦੇ ਮਸੀਹੀ ਇਕ ਸ਼ਾਸਤਰ ਸੰਬੰਧੀ ਵਿਸ਼ੇ ਦਾ ਵਿਸ਼ੇਗਤ ਅਧਿਐਨ ਕਰਦੇ ਹਨ, ਤਾਂ ਉਹ ਪੂਰੀ ਬਾਈਬਲ ਵਿੱਚੋਂ ਥਾਂ ਥਾਂ ਤੋਂ ਹਵਾਲੇ ਦਿੰਦੇ ਹਨ। ਇਹ ਖ਼ਾਸ ਤੌਰ ਤੇ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਵਾਜਬ ਹੈ, ਜਦੋਂ ਕਿ ਅਧਿਕਤਰ ਇਬਰਾਨੀ ਅਤੇ ਯੂਨਾਨੀ ਸ਼ਾਸਤਰ ਦੀ ਪੂਰਤੀ ਹੋ ਰਹੀ ਹੈ। (2 ਤਿਮੋਥਿਉਸ 3:1) ‘ਮਾਤਬਰ ਨੌਕਰ’ ਆਪਣੇ ਪ੍ਰਕਾਸ਼ਨਾਂ ਵਿਚ ਬਾਈਬਲ ਦਾ ਅਜਿਹਾ ਪ੍ਰਯੋਗ ਕਰਦਾ ਹੈ, ਲੇਕਨ ਉਹ ਕਦੀ ਵੀ ਪਰਮੇਸ਼ੁਰ ਦੇ ਬਚਨ ਵਿਚ ਵਾਧਾ ਨਹੀਂ ਕਰਦਾ ਹੈ ਅਤੇ ਨਾ ਹੀ ਇਸ ਵਿੱਚੋਂ ਕੁਝ ਘਟਾਉਂਦਾ ਹੈ।—ਕਹਾਉਤਾਂ 30:5, 6; ਪਰਕਾਸ਼ ਦੀ ਪੋਥੀ 22:18, 19.
ਹਮੇਸ਼ਾ ਸੱਚਾਈ ਉੱਤੇ ਚੱਲੋ
18. ਸਾਨੂੰ ਕਿਉਂ ‘ਸਚਿਆਈ ਉੱਤੇ ਚੱਲਣਾ’ ਚਾਹੀਦਾ ਹੈ?
18 ਸਾਨੂੰ ਬਾਈਬਲ ਵਿੱਚੋਂ ਕੁਝ ਵੀ ਨਹੀਂ ਘਟਾਉਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਦੇ ਬਚਨ ਵਿਚ ਮਸੀਹੀ ਸਿੱਖਿਆਵਾਂ ਦਾ ਪੂਰਾ ਸੰਗ੍ਰਹਿ “ਸਚਿਆਈ” ਜਾਂ “ਖੁਸ਼ ਖਬਰੀ ਦੀ ਸਚਿਆਈ” ਹੈ। ਇਸ ਸੱਚਾਈ ਦੀ ਪਾਲਣਾ—ਇਸ ਉੱਤੇ ‘ਚੱਲਣਾ’—ਮੁਕਤੀ ਦੇ ਲਈ ਅਤਿ-ਆਵੱਸ਼ਕ ਹੈ। (ਗਲਾਤੀਆਂ 2:5; 2 ਯੂਹੰਨਾ 4; 1 ਤਿਮੋਥਿਉਸ 2:3, 4) ਜਦ ਕਿ ਮਸੀਹੀਅਤ ‘ਸਚਿਆਈ ਦਾ ਮਾਰਗ’ ਹੈ, ਇਸ ਦਿਆਂ ਹਿਤਾਂ ਨੂੰ ਵਧਾਉਣ ਲਈ ਦੂਜਿਆਂ ਦੀ ਮਦਦ ਕਰਨ ਦੇ ਦੁਆਰਾ ਅਸੀਂ “ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ” ਬਣਦੇ ਹਾਂ।—2 ਪਤਰਸ 2:2; 3 ਯੂਹੰਨਾ 8.
19. ਅਸੀਂ ਕਿਵੇਂ ‘ਸਚਿਆਈ ਉੱਤੇ ਚੱਲਦੇ ਰਹਿ’ ਸਕਦੇ ਹਾਂ?
19 ਜੇਕਰ ਅਸੀਂ ‘ਸਚਿਆਈ ਉੱਤੇ ਚੱਲਦੇ ਰਹਿਣਾ ਹੈ,’ ਤਾਂ ਸਾਨੂੰ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ‘ਮਾਤਬਰ ਨੌਕਰ’ ਦੁਆਰਾ ਪਰਮੇਸ਼ੁਰ ਵੱਲੋਂ ਮੁਹੱਈਆ ਕੀਤੀ ਗਈ ਅਧਿਆਤਮਿਕ ਮਦਦ ਤੋਂ ਲਾਭ ਉਠਾਉਣਾ ਚਾਹੀਦਾ ਹੈ। (3 ਯੂਹੰਨਾ 4) ਅਸੀਂ ਆਪਣੀ ਭਲਿਆਈ ਲਈ ਇੰਜ ਕਰੀਏ ਅਤੇ ਇਸ ਲਈ ਵੀ ਕਿ ਦੂਜਿਆਂ ਨੂੰ ਯਹੋਵਾਹ ਪਰਮੇਸ਼ੁਰ, ਯਿਸੂ ਮਸੀਹ, ਅਤੇ ਈਸ਼ਵਰੀ ਮਕਸਦ ਦੇ ਬਾਰੇ ਸਿਖਾਉਣ ਦੀ ਸਥਿਤੀ ਵਿਚ ਹੋਈਏ। ਅਤੇ ਆਓ ਅਸੀਂ ਧੰਨਵਾਦੀ ਹੋਈਏ ਕਿ ਯਹੋਵਾਹ ਦੀ ਆਤਮਾ ਸਾਨੂੰ ਉਸ ਦੇ ਬਚਨ ਨੂੰ ਸਮਝਣ ਨੂੰ ਅਤੇ ਸੱਚਾਈ ਵਿਚ ਉਸ ਦੀ ਸੇਵਾ ਕਰਨ ਵਾਸਤੇ ਸਫ਼ਲ ਹੋਣ ਦੇ ਲਈ ਸਾਡੀ ਮਦਦ ਕਰਦੀ ਹੈ। (w96 5/15)
ਤੁਹਾਡੇ ਜਵਾਬ ਕੀ ਹਨ?
◻ ਬਾਈਬਲ ਪਠਨ ਦੇ ਕੁਝ ਸਥਾਈ ਲਾਭ ਕੀ ਹਨ?
◻ ਸੰਗੀ ਵਿਸ਼ਵਾਸੀਆਂ ਦੀ ਸੰਗਤ ਵਿਚ ਬਾਈਬਲ ਦਾ ਅਧਿਐਨ ਕਿਉਂ ਕਰੀਏ?
◻ ਪੂਰੀ ਬਾਈਬਲ ਵਿੱਚੋਂ ਵਿਭਿੰਨ ਥਾਵਾਂ ਤੋਂ ਹਵਾਲੇ ਦੇਣਾ ਕਿਉਂ ਉਚਿਤ ਹੈ?
◻ ‘ਸਚਿਆਈ ਉੱਤੇ ਚੱਲਣ’ ਦਾ ਕੀ ਅਰਥ ਹੈ, ਅਤੇ ਅਸੀਂ ਇੰਜ ਕਿਵੇਂ ਕਰ ਸਕਦੇ ਹਾਂ?
[ਸਫ਼ੇ 28 ਉੱਤੇ ਤਸਵੀਰ]
ਮਾਪਿਓ, ਆਪਣੇ ਬੱਚਿਆਂ ਨੂੰ ਸ਼ਾਸਤਰ ਸਿਖਾਓ
[ਸਫ਼ੇ 29 ਉੱਤੇ ਤਸਵੀਰ]
ਆਪਣੇ ਪਹਾੜੀ ਉਪਦੇਸ਼ ਵਿਚ, ਯਿਸੂ ਨੇ ਇਬਰਾਨੀ ਸ਼ਾਸਤਰ ਦਿਆਂ ਵਿਭਿੰਨ ਭਾਗਾਂ ਵਿੱਚੋਂ ਹਵਾਲੇ ਦਿੱਤੇ