ਕੀ ਤੁਸੀਂ ਬਚਾਏ ਜਾਵੋਗੇ ਜਦੋਂ ਪਰਮੇਸ਼ੁਰ ਕਾਰਵਾਈ ਕਰੇਗਾ?
“ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ।”—ਮੱਤੀ 24:22.
1, 2. (ੳ) ਆਪਣੇ ਭਵਿੱਖ ਵਿਚ ਦਿਲਚਸਪੀ ਰੱਖਣਾ ਸੁਭਾਵਕ ਕਿਉਂ ਹੈ? (ਅ) ਕਿਹੜੇ ਅਤਿ-ਮਹੱਤਵਪੂਰਣ ਸਵਾਲਾਂ ਵਿਚ ਸ਼ਾਇਦ ਸੁਭਾਵਕ ਦਿਲਚਸਪੀ ਸ਼ਾਮਲ ਸੀ?
ਤੁਸੀਂ ਆਪਣੇ ਆਪ ਵਿਚ ਕਿੰਨੀ ਦਿਲਚਸਪੀ ਰੱਖਦੇ ਹੋ? ਅੱਜ ਅਨੇਕ ਲੋਕ ਸਵੈ-ਕੇਂਦ੍ਰਿਤ ਹੁੰਦਿਆਂ, ਆਤਮ-ਹਿੱਤ ਨੂੰ ਇੰਤਹਾਈ ਹੱਦ ਤਕ ਲੈ ਜਾਂਦੇ ਹਨ। ਪਰੰਤੂ, ਬਾਈਬਲ ਸਾਡੇ ਉੱਤੇ ਅਸਰ ਕਰਨ ਵਾਲੀਆਂ ਗੱਲਾਂ ਵਿਚ ਉਚਿਤ ਦਿਲਚਸਪੀ ਲੈਣ ਦੀ ਨਿੰਦਾ ਨਹੀਂ ਕਰਦੀ ਹੈ। (ਅਫ਼ਸੀਆਂ 5:33) ਇਸ ਵਿਚ ਆਪਣੇ ਭਵਿੱਖ ਵਿਚ ਦਿਲਚਸਪੀ ਰੱਖਣੀ ਸ਼ਾਮਲ ਹੈ। ਇਸ ਲਈ ਤੁਹਾਡੀ ਇਹ ਜਾਣਨ ਦੀ ਇੱਛਾ ਸੁਭਾਵਕ ਹੋਵੇਗੀ ਕਿ ਤੁਹਾਡੇ ਭਵਿੱਖ ਵਿਚ ਕੀ ਰੱਖਿਆ ਹੈ। ਕੀ ਤੁਹਾਨੂੰ ਦਿਲਚਸਪੀ ਹੈ?
2 ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਯਿਸੂ ਦੇ ਰਸੂਲਾਂ ਨੂੰ ਆਪਣੇ ਭਵਿੱਖ ਵਿਚ ਅਜਿਹੀ ਹੀ ਦਿਲਚਸਪੀ ਸੀ। (ਮੱਤੀ 19:27) ਸੰਭਵ ਹੈ ਕਿ ਇਹ ਇਕ ਕਾਰਨ ਸੀ ਜਦੋਂ ਉਨ੍ਹਾਂ ਵਿੱਚੋਂ ਚਾਰ ਜ਼ੈਤੂਨ ਦੇ ਪਹਾੜ ਉੱਤੇ ਯਿਸੂ ਦੇ ਨਾਲ ਸਨ। ਉਨ੍ਹਾਂ ਨੇ ਪੁੱਛਿਆ: “ਏਹ ਗੱਲਾਂ ਕਦ ਹੋਣਗੀਆਂ ਅਤੇ ਉਸ ਸਮੇ ਦਾ ਕੀ ਲੱਛਣ ਹੈ ਜਾਂ ਏਹ ਸਭ ਪੂਰੀਆਂ ਹੋਣ ਲੱਗਣਗੀਆਂ?” (ਮਰਕੁਸ 13:4) ਯਿਸੂ ਨੇ ਭਵਿੱਖ ਵਿਚ ਸੁਭਾਵਕ ਦਿਲਚਸਪੀ—ਉਨ੍ਹਾਂ ਦੀ ਅਤੇ ਸਾਡੀ ਦਿਲਚਸਪੀ—ਨੂੰ ਅਣਡਿੱਠ ਨਹੀਂ ਕੀਤਾ। ਵਾਰ-ਵਾਰ ਉਸ ਨੇ ਉਜਾਗਰ ਕੀਤਾ ਕਿ ਉਸ ਦੇ ਅਨੁਯਾਈ ਕਿਵੇਂ ਪ੍ਰਭਾਵਿਤ ਹੋਣਗੇ ਅਤੇ ਅੰਤਿਮ ਨਤੀਜਾ ਕੀ ਹੋਵੇਗਾ।
3. ਅਸੀਂ ਯਿਸੂ ਦੇ ਜਵਾਬ ਨੂੰ ਆਪਣੇ ਸਮੇਂ ਦੇ ਨਾਲ ਕਿਉਂ ਜੋੜਦੇ ਹਾਂ?
3 ਯਿਸੂ ਦੇ ਜਵਾਬ ਨੇ ਇਕ ਭਵਿੱਖਬਾਣੀ ਪੇਸ਼ ਕੀਤੀ ਜਿਸ ਦੀ ਵੱਡੀ ਪੂਰਤੀ ਸਾਡੇ ਦਿਨਾਂ ਵਿਚ ਹੈ। ਅਸੀਂ ਇਸ ਨੂੰ ਆਪਣੀ ਸਦੀ ਦੇ ਵਿਸ਼ਵ ਯੁੱਧਾਂ ਅਤੇ ਦੂਜੀਆਂ ਲੜਾਈਆਂ ਤੋਂ, ਅਜਿਹੇ ਭੁਚਾਲਾਂ ਜਿਨ੍ਹਾਂ ਨੇ ਅਣਗਿਣਤ ਜਾਨਾਂ ਲਈਆਂ, ਅਜਿਹੀ ਖ਼ੁਰਾਕ ਦੀ ਕਮੀ ਜੋ ਬੀਮਾਰੀ ਅਤੇ ਮੌਤ ਲਿਆਉਂਦੀ ਹੈ, ਅਤੇ ਮਹਾਂਮਾਰੀ—1918 ਦੀ ਸਪੈਨਿਸ਼ ਇਨਫਲੂਐਂਜ਼ਾ ਮਹਾਂਮਾਰੀ ਤੋਂ ਲੈ ਕੇ ਚਾਲੂ ਏਡਜ਼ ਦੀ ਕਹਿਰ ਤਕ—ਦੇਖ ਸਕਦੇ ਹਾਂ। ਪਰੰਤੂ, ਯਿਸੂ ਦੇ ਅਧਿਕਤਰ ਜਵਾਬ ਦੀ ਪੂਰਤੀ 70 ਸਾ.ਯੁ. ਵਿਚ ਰੋਮੀਆਂ ਦੁਆਰਾ ਯਰੂਸ਼ਲਮ ਦੇ ਵਿਨਾਸ਼ ਵਿਚ ਅਤੇ ਉਸ ਵੱਲ ਲੈ ਜਾਣ ਵਾਲੀਆਂ ਘਟਨਾਵਾਂ ਵਿਚ ਵੀ ਹੋਈ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ: “ਤੁਸੀਂ ਚੌਕਸ ਰਹੋ ਕਿਉਂ ਜੋ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਰ ਤੁਸੀਂ ਸਮਾਜਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਉਨ੍ਹਾਂ ਉੱਤੇ ਸਾਖੀ ਹੋਵੇ।”—ਮਰਕੁਸ 13:9.
ਯਿਸੂ ਨੇ ਜੋ ਪੂਰਵ-ਸੂਚਿਤ ਕੀਤਾ, ਅਤੇ ਜੋ ਵਾਪਰਿਆ
4. ਯਿਸੂ ਦੇ ਜਵਾਬ ਵਿਚ ਕਿਹੜੀਆਂ ਕੁਝ ਚੇਤਾਵਨੀਆਂ ਸ਼ਾਮਲ ਹਨ?
4 ਯਿਸੂ ਨੇ ਕੇਵਲ ਇਹੋ ਪੂਰਵ-ਸੂਚਿਤ ਨਹੀਂ ਕੀਤਾ ਕਿ ਦੂਜੇ ਲੋਕ ਉਸ ਦੇ ਚੇਲਿਆਂ ਦੇ ਨਾਲ ਕਿਵੇਂ ਵਰਤਾਉ ਕਰਨਗੇ। ਉਸ ਨੇ ਉਨ੍ਹਾਂ ਨੂੰ ਇਸ ਦੇ ਬਾਰੇ ਵੀ ਸਾਵਧਾਨ ਕੀਤਾ ਕਿ ਉਨ੍ਹਾਂ ਨੂੰ ਖ਼ੁਦ ਕਿਵੇਂ ਕਾਰਵਾਈ ਕਰਨੀ ਚਾਹੀਦੀ ਹੈ। ਉਦਾਹਰਣ ਦੇ ਲਈ: “ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਚਾਹੀਦਾ ਉੱਥੇ ਖੜੀ ਵੇਖੋ (ਪੜ੍ਹਨ ਵਾਲਾ ਸਮਝ ਲਵੇ) ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ।” (ਮਰਕੁਸ 13:14) ਲੂਕਾ 21:20 ਵਿਚ ਸਮਾਨਾਂਤਰ ਬਿਰਤਾਂਤ ਕਹਿੰਦਾ ਹੈ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ।” ਇਹ ਪਹਿਲੀ ਪੂਰਤੀ ਵਿਚ ਕਿਵੇਂ ਸਹੀ ਸਾਬਤ ਹੋਇਆ?
5. ਸੰਨ 66 ਸਾ.ਯੁ. ਵਿਚ ਯਹੂਦਿਯਾ ਦੇ ਯਹੂਦੀਆਂ ਦੇ ਦਰਮਿਆਨ ਕੀ ਵਾਪਰਿਆ?
5 ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ (1982) ਸਾਨੂੰ ਦੱਸਦਾ ਹੈ: “ਰੋਮੀ ਇਖ਼ਤਿਆਰ ਦੇ ਅਧੀਨ ਯਹੂਦੀ ਵਧਦੀ ਮਾਤਰਾ ਵਿਚ ਬੇਚੈਨ ਸਨ ਅਤੇ ਮੁਖਤਾਰ ਵਧਦੀ ਮਾਤਰਾ ਵਿਚ ਹਿੰਸਕ, ਕਰੂਰ, ਅਤੇ ਬੇਈਮਾਨ ਸਨ। ਸੰ.ਈ. 66 ਵਿਚ ਖੁੱਲ੍ਹੇ-ਆਮ ਬਗਾਵਤ ਛਿੜ ਪਈ। . . . ਯੁੱਧ ਸ਼ੁਰੂ ਹੋਇਆ ਜਦੋਂ ਹਠਧਰਮੀਆਂ ਨੇ ਮਸਾਡਾ ਉੱਤੇ ਕਬਜ਼ਾ ਕਰ ਲਿਆ ਅਤੇ ਫਿਰ, ਮਨੇਖ਼ਮ ਦੇ ਅਧੀਨ, ਯਰੂਸ਼ਲਮ ਵੱਲ ਰਵਾਨਾ ਹੋਏ। ਨਾਲੋ ਨਾਲ ਕੈਸਰੀਆ ਦੇ ਰਾਜਪਾਲਕੀ ਸ਼ਹਿਰ ਵਿਚ ਯਹੂਦੀਆਂ ਦਾ ਕਤਲਾਮ ਕੀਤਾ ਗਿਆ, ਅਤੇ ਇਸ ਅਤਿਆਚਾਰ ਦੀ ਖ਼ਬਰ ਪੂਰੇ ਦੇਸ਼ ਵਿਚ ਫੈਲ ਗਈ। ਨਵੇਂ ਸਿੱਕਿਆਂ ਉੱਤੇ ਬਗਾਵਤ ਦਾ ਸਾਲ 1 ਤੋਂ ਸਾਲ 5 ਅੰਕਿਤ ਕੀਤਾ ਗਿਆ।”
6. ਯਹੂਦੀ ਬਗਾਵਤ ਨੇ ਕਿਹੜੀ ਰੋਮੀ ਪ੍ਰਤਿਕ੍ਰਿਆ ਉਤਪੰਨ ਕੀਤੀ?
6 ਸੈਸਟੀਅਸ ਗੈਲਸ ਦੇ ਅਧੀਨ ਰੋਮੀ ਬਾਹਰਵੀਂ ਲੀਜਨ ਨੇ ਸੁਰਿਯਾ ਤੋਂ ਕੂਚ ਕੀਤਾ, ਗਲੀਲ ਅਤੇ ਯਹੂਦਿਯਾ ਨੂੰ ਤਹਿਸ-ਨਹਿਸ ਕੀਤਾ, ਅਤੇ ਫਿਰ ਰਾਜਧਾਨੀ ਉੱਤੇ ਹਮਲਾ ਕੀਤਾ, ਇੱਥੋਂ ਤਕ ਕਿ “ਪਵਿੱਤ੍ਰ ਸ਼ਹਿਰ ਯਰੂਸ਼ਲਮ” ਦੇ ਉਪਰਲੇ ਭਾਗ ਉੱਤੇ ਕਬਜ਼ਾ ਕਰ ਲਿਆ। (ਨਹਮਯਾਹ 11:1; ਮੱਤੀ 4:5; 5:35; 27:53) ਵਿਕਸਿਤ ਘਟਨਾਵਾਂ ਨੂੰ ਸੰਖੇਪ ਵਿਚ ਪੇਸ਼ ਕਰਦੇ ਹੋਏ, ਪੁਸਤਕ ਯਰੂਸ਼ਲਮ ਉੱਤੇ ਰੋਮੀ ਘੇਰਾਬੰਦੀ (ਅੰਗ੍ਰੇਜ਼ੀ) ਕਹਿੰਦੀ ਹੈ: “ਪੰਜ ਦਿਨਾਂ ਦੇ ਲਈ ਰੋਮੀਆਂ ਨੇ ਦੀਵਾਰ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰੰਤੂ ਵਾਰ-ਵਾਰ ਉਨ੍ਹਾਂ ਨੂੰ ਪਛਾੜ ਦਿੱਤਾ ਗਿਆ। ਆਖ਼ਰਕਾਰ, ਰੱਖਿਅਕਾਂ ਨੇ, ਅਸਤਰਾਂ ਦੀ ਬੁਛਾੜ ਤੋਂ ਹਾਵੀ ਹੋ ਕੇ, ਹਾਰ ਮੰਨ ਲਈ। ਇਕ ਬਚਾਉ-ਓਟ—ਅਰਥਾਤ, ਖ਼ੁਦ ਨੂੰ ਸੁਰੱਖਿਅਤ ਰੱਖਣ ਦੇ ਲਈ ਆਪਣੇ ਸਿਰਾਂ ਉੱਤੇ ਆਪਣੇ ਢਾਲਾਂ ਨੂੰ ਜੋੜਨ ਦਾ ਤਰੀਕਾ ਬਣਾਉਂਦੇ ਹੋਏ—ਰੋਮੀ ਫ਼ੌਜੀਆਂ ਨੇ ਦੀਵਾਰ ਦੇ ਹੇਠਾਂ ਸੁਰੰਗ ਪੁੱਟੀ ਅਤੇ ਫਾਟਕ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਰੱਖਿਅਕਾਂ ਦੇ ਦਰਮਿਆਨ ਇਕ ਤੀਬਰ ਦਹਿਸ਼ਤ ਫੈਲ ਗਈ।” ਸ਼ਹਿਰ ਦੇ ਅੰਦਰ ਦੇ ਮਸੀਹੀ ਲੋਕ ਯਿਸੂ ਦੇ ਸ਼ਬਦਾਂ ਨੂੰ ਚੇਤੇ ਕਰ ਸਕਦੇ ਸਨ ਅਤੇ ਸਮਝ ਸਕਦੇ ਸਨ ਕਿ ਇਕ ਘਿਣਾਉਣੀ ਵਸਤ ਪਵਿੱਤਰ ਥਾਂ ਵਿਚ ਖੜੀ ਸੀ।a ਪਰੰਤੂ ਸ਼ਹਿਰ ਘੇਰਿਆ ਹੁੰਦੇ ਹੋਏ, ਯਿਸੂ ਦੀ ਸਲਾਹ ਅਨੁਸਾਰ ਅਜਿਹੇ ਮਸੀਹੀ ਕਿਵੇਂ ਭੱਜ ਸਕਦੇ ਸਨ?
7. ਜਦੋਂ 66 ਸਾ.ਯੁ. ਵਿਚ ਜਿੱਤ ਪਹੁੰਚ ਵਿਚ ਹੀ ਸੀ, ਤਾਂ ਰੋਮੀਆਂ ਨੇ ਕੀ ਕੀਤਾ?
7 ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਬਿਆਨ ਕਰਦਾ ਹੈ: “ਸੈਸਟੀਅਸ [ਗੈਲਸ] ਨੇ, ਘੇਰੇ ਹੋਇਆਂ ਦੀ ਨਿਰਾਸ਼ਾ ਤੋਂ ਅਤੇ ਲੋਕਾਂ ਦੀਆਂ ਭਾਵਨਾਵਾਂ ਤੋਂ ਅਣਜਾਣ, ਅਚਾਨਕ ਹੀ ਆਪਣੇ ਫ਼ੌਜੀਆਂ ਨੂੰ ਵਾਪਸ ਬੁਲਾ ਲਿਆ, ਅਤੇ ਜਿੱਤ ਦੀ ਉਮੀਦ ਛੱਡ ਦਿੱਤੀ, ਹਾਲਾਂਕਿ ਉਸ ਨੂੰ ਕੋਈ ਹਾਰ ਨਹੀਂ ਅਨੁਭਵ ਹੋਈ ਸੀ, ਅਤੇ ਹਰ ਸਮਝ ਤੋਂ ਪਾਰ ਵਤੀਰਾ ਅਪਣਾਉਂਦੇ ਹੋਏ ਸ਼ਹਿਰ ਤੋਂ ਪਿੱਛੇ ਹਟ ਗਿਆ।” (ਯਹੂਦੀ ਯੁੱਧ (ਅੰਗ੍ਰੇਜ਼ੀ), II, 540 [xix, 7]) ਗੈਲਸ ਪਿੱਛੇ ਕਿਉਂ ਹਟਿਆ? ਕਾਰਨ ਜੋ ਵੀ ਸੀ, ਉਸ ਦੇ ਪਿੱਛੇ ਹਟਣ ਦੇ ਕਾਰਨ ਮਸੀਹੀਆਂ ਨੂੰ ਯਿਸੂ ਦਾ ਹੁਕਮ ਮੰਨਣ ਅਤੇ ਪਹਾੜਾਂ ਨੂੰ ਅਤੇ ਸੁਰੱਖਿਆ ਨੂੰ ਭੱਜਣ ਦਾ ਮੌਕਾ ਮਿਲਿਆ।
8. ਯਰੂਸ਼ਲਮ ਦੇ ਵਿਰੁੱਧ ਰੋਮੀਆਂ ਦੇ ਜਤਨ ਦਾ ਦੂਜਾ ਭਾਗ ਕੀ ਸੀ, ਅਤੇ ਉੱਤਰਜੀਵੀਆਂ ਨੇ ਕੀ ਅਨੁਭਵ ਕੀਤਾ?
8 ਆਗਿਆਕਾਰਤਾ ਜਾਨ-ਬਚਾਊ ਸੀ। ਜਲਦੀ ਹੀ, ਰੋਮੀਆਂ ਨੇ ਬਗਾਵਤ ਨੂੰ ਕੁਚਲਣ ਦੇ ਲਈ ਕਦਮ ਚੁੱਕਿਆ। ਜਰਨੈਲ ਟਾਈਟਸ ਦੇ ਅਧੀਨ ਮੁਹਿੰਮ, 70 ਸਾ.ਯੁ. ਦੇ ਅਪ੍ਰੈਲ ਤੋਂ ਅਗਸਤ ਤਕ ਯਰੂਸ਼ਲਮ ਦੇ ਘੇਰੇ ਜਾਣ ਨਾਲ ਸਿਖਰ ਤੇ ਪਹੁੰਚੀ। ਜਿਸ ਤਰੀਕੇ ਤੋਂ ਯਹੂਦੀਆਂ ਨੇ ਦੁੱਖ ਭੋਗਿਆ, ਉਸ ਦੇ ਬਾਰੇ ਜੋਸੀਫ਼ਸ ਦਾ ਬਿਰਤਾਂਤ ਪੜ੍ਹਨ ਨਾਲ ਇਕ ਵਿਅਕਤੀ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਰੋਮੀਆਂ ਦੇ ਨਾਲ ਲੜਦੇ ਸਮੇਂ ਮਾਰੇ ਜਾਣ ਵਾਲਿਆਂ ਤੋਂ ਇਲਾਵਾ, ਦੂਜੇ ਯਹੂਦੀਆਂ ਨੂੰ ਯਹੂਦੀਆਂ ਦੇ ਵਿਰੋਧੀ ਟੋਲੀਆਂ ਨੇ ਮਾਰ ਸੁੱਟਿਆ, ਅਤੇ ਭੁੱਖਮਰੀ ਆਦਮਖੋਰੀ ਵੱਲ ਲੈ ਗਈ। ਰੋਮੀ ਜਿੱਤ ਦੇ ਸਮੇਂ ਤਕ, 11,00,000 ਯਹੂਦੀ ਮਰ ਚੁੱਕੇ ਸਨ।b ਸਤਾਨਵੇਂ ਹਜ਼ਾਰ ਉੱਤਰਜੀਵੀਆਂ ਵਿੱਚੋਂ, ਕੁਝ ਨੂੰ ਤਾਂ ਤੁਰੰਤ ਮਾਰਿਆ ਗਿਆ; ਦੂਜਿਆਂ ਨੂੰ ਗ਼ੁਲਾਮ ਬਣਾਇਆ ਗਿਆ। ਜੋਸੀਫ਼ਸ ਕਹਿੰਦਾ ਹੈ: “ਸਤਾਰਾਂ ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਬੇੜੀਆਂ ਪਾ ਕੇ ਮਿਸਰ ਵਿਚ ਮੁਸ਼ੱਕਤ ਦੇ ਲਈ ਭੇਜ ਦਿੱਤਾ ਗਿਆ, ਜਦ ਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਟਾਈਟਸ ਨੇ ਅਖਾੜਿਆਂ ਵਿਚ ਤਲਵਾਰ ਜਾਂ ਜੰਗਲੀ ਜਾਨਵਰਾਂ ਦੇ ਦੁਆਰਾ ਮਾਰੇ ਜਾਣ ਦੇ ਲਈ ਸੂਬਿਆਂ ਨੂੰ ਤੋਹਫ਼ੇ ਵਜੋਂ ਦੇ ਦਿੱਤਾ।” ਜਿਉਂ-ਜਿਉਂ ਇਹ ਛਾਂਟ ਹੋਈ ਵੀ ਗਈ, 11,000 ਕੈਦੀ ਭੁੱਖ ਦੇ ਕਾਰਨ ਮਰ ਗਏ।
9. ਯਹੂਦੀਆਂ ਨੇ ਜੋ ਨਤੀਜਾ ਭੋਗਿਆ ਉਸ ਨੂੰ ਮਸੀਹੀਆਂ ਨੇ ਕਿਉਂ ਨਹੀਂ ਭੋਗਿਆ, ਪਰੰਤੂ ਕਿਹੜੇ ਸਵਾਲ ਬਾਕੀ ਹਨ?
9 ਮਸੀਹੀ ਧੰਨਵਾਦੀ ਹੋ ਸਕਦੇ ਸਨ ਕਿ ਉਨ੍ਹਾਂ ਨੇ ਪ੍ਰਭੂ ਦੀ ਚੇਤਾਵਨੀ ਦੀ ਆਗਿਆਪਾਲਣਾ ਕੀਤੀ ਅਤੇ ਰੋਮੀ ਫ਼ੌਜ ਦੇ ਵਾਪਸ ਆਉਣ ਤੋਂ ਪਹਿਲਾਂ ਸ਼ਹਿਰ ਤੋਂ ਭੱਜ ਗਏ। ਇਸ ਤਰ੍ਹਾਂ ਉਹ ਉਸ ਘਟਨਾ, ਜਿਸ ਨੂੰ ਯਿਸੂ ਨੇ ਯਰੂਸ਼ਲਮ ਉੱਤੇ ‘ਅਜਿਹਾ ਵੱਡਾ ਕਸ਼ਟ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਉਦੋਂ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ,’ ਆਖਿਆ ਸੀ, ਦੇ ਇਕ ਭਾਗ ਤੋਂ ਬਚ ਗਏ। (ਮੱਤੀ 24:21) ਯਿਸੂ ਨੇ ਅੱਗੇ ਕਿਹਾ: “ਅਰ ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ।” (ਮੱਤੀ 24:22) ਇਸ ਦਾ ਉਦੋਂ ਕੀ ਅਰਥ ਸੀ, ਅਤੇ ਹੁਣ ਕੀ ਅਰਥ ਹੈ?
10. ਅਸੀਂ ਪਹਿਲਾਂ ਮੱਤੀ 24:22 ਦੀ ਕਿਵੇਂ ਵਿਆਖਿਆ ਦਿੱਤੀ ਸੀ?
10 ਅਤੀਤ ਵਿਚ ਇਹ ਸਮਝਾਇਆ ਗਿਆ ਸੀ ਕਿ ‘ਬਚਾਏ ਜਾਣ ਵਾਲੇ ਸਰੀਰ’ ਉਨ੍ਹਾਂ ਯਹੂਦੀਆਂ ਨੂੰ ਸੰਕੇਤ ਕਰਦਾ ਸੀ ਜੋ 70 ਸਾ.ਯੁ. ਵਿਚ ਯਰੂਸ਼ਲਮ ਉੱਤੇ ਆਈ ਬਿਪਤਾ ਤੋਂ ਬਚੇ ਸਨ। ਮਸੀਹੀ ਭੱਜ ਚੁੱਕੇ ਸਨ, ਇਸ ਲਈ ਪਰਮੇਸ਼ੁਰ ਰੋਮੀਆਂ ਨੂੰ ਇਕ ਸ਼ੀਘਰ ਵਿਨਾਸ਼ ਲਿਆਉਣ ਦੀ ਇਜਾਜ਼ਤ ਦੇ ਸਕਦਾ ਸੀ। ਦੂਸਰੇ ਸ਼ਬਦਾਂ ਵਿਚ, ਇਸ ਗੱਲ ਦੀ ਖ਼ਾਤਰ ਕਿ ‘ਚੁਣੇ ਹੋਏ’ ਖ਼ਤਰਿਓਂ ਬਾਹਰ ਸਨ, ਕੁਝ ਯਹੂਦੀ “ਸਰੀਰ” ਨੂੰ ਬਚਾਉਣ ਦੇ ਲਈ ਬਿਪਤਾ ਦੇ ਦਿਨ ਘਟਾਏ ਜਾ ਸਕਦੇ ਸਨ। ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਬਚਣ ਵਾਲੇ ਯਹੂਦੀ ਉਨ੍ਹਾਂ ਨੂੰ ਪੂਰਵ-ਪਰਛਾਵਾਂ ਕਰਦੇ ਸਨ ਜੋ ਸਾਡੇ ਦਿਨਾਂ ਵਿਚ ਆਉਣ ਵਾਲੀ ਵੱਡੀ ਬਿਪਤਾ ਵਿੱਚੋਂ ਬਚਣਗੇ।—ਪਰਕਾਸ਼ ਦੀ ਪੋਥੀ 7:14.
11. ਇਹ ਕਿਉਂ ਜਾਪਦਾ ਹੈ ਕਿ ਮੱਤੀ 24:22 ਦੀ ਵਿਆਖਿਆ ਉੱਤੇ ਫਿਰ ਤੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ?
11 ਪਰੰਤੂ ਕੀ ਇਹ ਵਿਆਖਿਆ ਉਸ ਦੇ ਇਕਸੁਰ ਹੈ ਜੋ 70 ਸਾ.ਯੁ. ਵਿਚ ਵਾਪਰਿਆ? ਯਿਸੂ ਨੇ ਕਿਹਾ ਕਿ ਮਾਨਵ “ਸਰੀਰ” ਨੂੰ ਬਿਪਤਾ ਵਿੱਚੋਂ ‘ਬਚਣਾ’ ਸੀ। ਕੀ ਤੁਸੀਂ ਸ਼ਬਦ ‘ਬਚਣਾ’ ਉਨ੍ਹਾਂ 97,000 ਉੱਤਰਜੀਵੀਆਂ ਦਾ ਵਰਣਨ ਕਰਨ ਦੇ ਲਈ ਇਸਤੇਮਾਲ ਕਰੋਗੇ, ਇਸ ਹਕੀਕਤ ਨੂੰ ਦੇਖਦੇ ਹੋਏ ਕਿ ਉਨ੍ਹਾਂ ਵਿੱਚੋਂ ਹਜ਼ਾਰਾਂ ਲੋਕ ਜਲਦੀ ਹੀ ਭੁੱਖ ਦੇ ਕਾਰਨ ਮਰ ਗਏ ਜਾਂ ਅਖਾੜਿਆਂ ਵਿਚ ਕਤਲ ਕੀਤੇ ਗਏ? ਜੋਸੀਫ਼ਸ ਕੈਸਰੀਆ ਦੇ ਇਕ ਅਖਾੜੇ ਬਾਰੇ ਕਹਿੰਦਾ ਹੈ: “ਜੰਗਲੀ ਜਾਨਵਰਾਂ ਦੇ ਨਾਲ ਲੜਾਈ ਵਿਚ ਜਾਂ ਇਕ ਦੂਜੇ ਦੇ ਨਾਲ ਲੜਦੇ ਹੋਏ ਜਾਂ ਜੀਉਂਦੇ ਜਲਾਏ ਜਾਣ ਦੇ ਦੁਆਰਾ ਜਿੰਨੇ ਲੋਕਾਂ ਦੀ ਮੌਤ ਹੋਈ, ਉਹ 2,500 ਤੋਂ ਵੱਧ ਸੀ।” ਭਾਵੇਂ ਕਿ ਉਹ ਘੇਰਾਬੰਦੀ ਵਿਚ ਮਾਰੇ ਨਹੀਂ ਗਏ, ਉਹ ਨਿਸ਼ਚੇ ਹੀ ‘ਬਚਾਏ’ ਨਹੀਂ ਗਏ ਸਨ। ਅਤੇ ਕੀ ਯਿਸੂ ਉਨ੍ਹਾਂ ਨੂੰ ਆਉਣ ਵਾਲੀ “ਵੱਡੀ ਬਿਪਤਾ” ਦੇ ਖ਼ੁਸ਼ ਉੱਤਰਜੀਵੀਆਂ ਦੇ ਸਮਾਨ ਵਿਚਾਰਦਾ?
ਸਰੀਰ ਬਚਾਏ ਗਏ—ਕਿਵੇਂ?
12. ਪਹਿਲੀ-ਸਦੀ ਦੇ ‘ਚੁਣੇ ਹੋਏ’ ਕੌਣ ਸਨ ਜਿਨ੍ਹਾਂ ਵਿਚ ਪਰਮੇਸ਼ੁਰ ਦਿਲਚਸਪੀ ਰੱਖਦਾ ਸੀ?
12 ਸੰਨ 70 ਸਾ.ਯੁ. ਤਕ, ਪਰਮੇਸ਼ੁਰ ਨੇ ਪ੍ਰਕਿਰਤਕ ਯਹੂਦੀਆਂ ਨੂੰ ਆਪਣੇ ਚੁਣੇ ਹੋਏ ਲੋਕਾਂ ਦੇ ਤੌਰ ਤੇ ਵਿਚਾਰਨਾ ਛੱਡ ਦਿੱਤਾ ਸੀ। ਯਿਸੂ ਨੇ ਦਿਖਾਇਆ ਕਿ ਪਰਮੇਸ਼ੁਰ ਨੇ ਉਸ ਕੌਮ ਨੂੰ ਠੁਕਰਾ ਦਿੱਤਾ ਸੀ ਅਤੇ ਉਹ ਉਸ ਦੇ ਰਾਜਧਾਨੀ ਸ਼ਹਿਰ, ਹੈਕਲ, ਅਤੇ ਉਪਾਸਨਾ ਦੀ ਵਿਵਸਥਾ ਨੂੰ ਨਾਸ਼ ਹੋਣ ਦੇਵੇਗਾ। (ਮੱਤੀ 23:37–24:2) ਪਰਮੇਸ਼ੁਰ ਨੇ ਇਕ ਨਵੀਂ ਕੌਮ, ਅਧਿਆਤਮਿਕ ਇਸਰਾਏਲ ਚੁਣੀ। (ਰਸੂਲਾਂ ਦੇ ਕਰਤੱਬ 15:14; ਰੋਮੀਆਂ 2:28, 29; ਗਲਾਤੀਆਂ 6:16) ਇਹ ਸਾਰੀਆਂ ਕੌਮਾਂ ਵਿੱਚੋਂ ਚੁਣੇ ਹੋਏ ਅਤੇ ਪਵਿੱਤਰ ਆਤਮਾ ਨਾਲ ਮਸਹ ਕੀਤੇ ਹੋਏ ਪੁਰਸ਼ਾਂ ਅਤੇ ਇਸਤਰੀਆਂ ਤੋਂ ਬਣੀ ਹੋਈ ਸੀ। (ਮੱਤੀ 22:14; ਯੂਹੰਨਾ 15:19; ਰਸੂਲਾਂ ਦੇ ਕਰਤੱਬ 10:1, 2, 34, 35, 44, 45) ਸੈਸਟੀਅਸ ਗੈਲਸ ਦੇ ਹਮਲੇ ਤੋਂ ਕੁਝ ਸਾਲ ਪਹਿਲਾਂ, ਪਤਰਸ ਨੇ ਉਨ੍ਹਾਂ ਨੂੰ ਲਿਖਿਆ “ਜਿਹੜੇ ਪਿਤਾ ਪਰਮੇਸ਼ੁਰ ਦੇ ਅਗੇਤ੍ਰੇ ਗਿਆਨ ਦੇ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਨਾਲ ਚੁਣੇ ਹੋਏ ਹਨ।” (ਟੇਢੇ ਟਾਈਪ ਸਾਡੇ।) ਆਤਮਾ ਨਾਲ ਮਸਹ ਕੀਤੇ ਹੋਏ ਅਜਿਹੇ ਵਿਅਕਤੀ ਇਕ “ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ” ਸਨ। (ਟੇਢੇ ਟਾਈਪ ਸਾਡੇ।) (1 ਪਤਰਸ 1:1, 2; 2:9) ਪਰਮੇਸ਼ੁਰ ਅਜਿਹੇ ਚੁਣੇ ਹੋਇਆਂ ਨੂੰ ਯਿਸੂ ਦੇ ਨਾਲ ਰਾਜ ਕਰਨ ਦੇ ਲਈ ਸਵਰਗ ਲੈ ਜਾਵੇਗਾ।—ਕੁਲੁੱਸੀਆਂ 1:1, 2; 3:12; ਤੀਤੁਸ 1:1; ਪਰਕਾਸ਼ ਦੀ ਪੋਥੀ 17:14.
13. ਮੱਤੀ 24:22 ਵਿਚ ਯਿਸੂ ਦੇ ਸ਼ਬਦਾਂ ਦਾ ਕੀ ਅਰਥ ਹੋ ਸਕਦਾ ਸੀ?
13 ਚੁਣੇ ਹੋਇਆਂ ਦੀ ਇਹ ਸ਼ਨਾਖਤ ਕਰਨਾ ਸਹਾਇਕ ਹੈ, ਕਿਉਂਕਿ ਯਿਸੂ ਨੇ ਪੂਰਵ-ਸੂਚਿਤ ਕੀਤਾ ਸੀ ਕਿ “ਚੁਣਿਆਂ ਹੋਇਆਂ ਦੀ ਖ਼ਾਤਰ” ਬਿਪਤਾ ਦੇ ਦਿਨ ਘਟਾਏ ਜਾਣਗੇ। ਅਨੁਵਾਦਿਤ ਯੂਨਾਨੀ ਸ਼ਬਦ “ਦੀ ਖ਼ਾਤਰ” ਨੂੰ “ਦੇ ਨਮਿੱਤ” ਜਾਂ “ਦੇ ਲਈ” ਵੀ ਅਨੁਵਾਦ ਕੀਤਾ ਜਾ ਸਕਦਾ ਹੈ। (1 ਕੁਰਿੰਥੀਆਂ 8:11; 9:10, 23; 11:9; ਮਰਕੁਸ 2:27; ਯੂਹੰਨਾ 12:30; 2 ਤਿਮੋਥਿਉਸ 2:10; ਪਰਕਾਸ਼ ਦੀ ਪੋਥੀ 2:3) ਇਸ ਲਈ ਯਿਸੂ ਸ਼ਾਇਦ ਕਹਿ ਰਿਹਾ ਸੀ, ‘ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ ਚੁਣਿਆਂ ਹੋਇਆਂ ਦੇ ਨਿਮਿੱਤ ਘਟਾਏ ਜਾਣਗੇ।’c (ਮੱਤੀ 24:22) ਕੀ ਅਜਿਹਾ ਕੁਝ ਵਾਪਰਿਆ ਜਿਸ ਤੋਂ ਯਰੂਸ਼ਲਮ ਵਿਚ ਫਸੇ ਹੋਏ ਮਸੀਹੀ ਚੁਣੇ ਹੋਇਆਂ ਨੂੰ ਲਾਭ ਪਹੁੰਚਿਆ ਜਾਂ ਜੋ ਉਨ੍ਹਾਂ ‘ਦੇ ਨਿਮਿੱਤ’ ਸੀ?
14. “ਸਰੀਰ” ਕਿਵੇਂ ਬਚਾਏ ਗਏ ਜਦੋਂ 66 ਸਾ.ਯੁ. ਵਿਚ ਰੋਮੀ ਫ਼ੌਜ ਅਚਾਨਕ ਯਰੂਸ਼ਲਮ ਤੋਂ ਵਾਪਸ ਚਲੀ ਗਈ?
14 ਯਾਦ ਕਰੋ ਕਿ 66 ਸਾ.ਯੁ. ਵਿਚ, ਰੋਮੀਆਂ ਨੇ ਦੇਸ਼ ਵਿੱਚੋਂ ਲੰਘ ਕੇ, ਉਪਰਲੀ ਯਰੂਸ਼ਲਮ ਉੱਤੇ ਕਬਜ਼ਾ ਕਰ ਲਿਆ ਸੀ, ਅਤੇ ਦੀਵਾਰ ਦੇ ਹੇਠਾਂ ਸੁਰੰਗ ਪੁੱਟਣੀ ਸ਼ੁਰੂ ਕਰਨ ਲੱਗ ਪਏ ਸਨ। ਜੋਸੀਫ਼ਸ ਟਿੱਪਣੀ ਕਰਦਾ ਹੈ: “ਜੇਕਰ ਉਸ ਨੇ ਘੇਰੇ ਨੂੰ ਥੋੜ੍ਹੀ ਦੇਰ ਹੋਰ ਜਾਰੀ ਰੱਖਿਆ ਹੁੰਦਾ ਤਾਂ ਉਹ ਉਸ ਸ਼ਹਿਰ ਉੱਤੇ ਇਕ ਦਮ ਕਬਜ਼ਾ ਕਰ ਲੈਂਦਾ।” ਆਪਣੇ ਆਪ ਨੂੰ ਪੁੱਛੋ, ‘ਸ਼ਕਤੀਸ਼ਾਲੀ ਰੋਮੀ ਫ਼ੌਜ ਅਚਾਨਕ ਮੁਹਿੰਮ ਨੂੰ ਛੱਡ ਕੇ “ਹਰ ਸਮਝ ਤੋਂ ਪਾਰ ਵਤੀਰਾ ਅਪਣਾਉਂਦੇ ਹੋਏ” ਵਾਪਸ ਕਿਉਂ ਚਲੀ ਜਾਂਦੀ?’ ਰੂਪਰਟ ਫ਼ਰਨੋ, ਫ਼ੌਜੀ ਇਤਿਹਾਸ ਦੇ ਅਰਥ ਕੱਢਣ ਵਿਚ ਇਕ ਮਾਹਰ, ਨੇ ਟਿੱਪਣੀ ਕੀਤੀ: “ਕੋਈ ਵੀ ਇਤਿਹਾਸਕਾਰ ਗੈਲਸ ਦੇ ਅਨੋਖੇ ਅਤੇ ਬਿਪਤਾਜਨਕ ਫ਼ੈਸਲੇ ਦੇ ਲਈ ਕੋਈ ਵੀ ਉਪਯੁਕਤ ਕਾਰਨ ਮੁਹੱਈਆ ਕਰਨ ਵਿਚ ਸਫ਼ਲ ਨਹੀਂ ਹੋਇਆ ਹੈ।” ਕਾਰਨ ਚਾਹੇ ਕੁਝ ਵੀ ਹੋਵੇ, ਪ੍ਰਭਾਵ ਇਹ ਪਿਆ ਕਿ ਬਿਪਤਾ ਘਟਾਈ ਗਈ। ਰੋਮੀ ਵਾਪਸ ਚਲੇ ਗਏ, ਅਤੇ ਯਹੂਦੀਆਂ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਜਿਉਂ-ਜਿਉਂ ਉਹ ਪਰਤ ਰਹੇ ਸਨ। ‘ਚੁਣੇ ਹੋਏ’ ਮਸਹ ਕੀਤੇ ਹੋਏ ਮਸੀਹੀਆਂ ਦੇ ਬਾਰੇ ਕੀ ਜੋ ਫਸੇ ਹੋਏ ਸਨ? ਘੇਰੇ ਦੇ ਹਟਾਏ ਜਾਣ ਦਾ ਅਰਥ ਇਹ ਸੀ ਕਿ ਉਹ ਅਜਿਹੇ ਕਿਸੇ ਵੀ ਕਤਲਾਮ ਤੋਂ ਬਚਾਏ ਗਏ ਜਿਸ ਦਾ ਖ਼ਤਰਾ ਬਿਪਤਾ ਦੇ ਦੌਰਾਨ ਮੌਜੂਦ ਸੀ। ਇਸ ਲਈ, ਜਿਨ੍ਹਾਂ ਮਸੀਹੀਆਂ ਨੂੰ 66 ਸਾ.ਯੁ. ਵਿਚ ਬਿਪਤਾ ਦੇ ਘਟਾਏ ਜਾਣ ਤੋਂ ਲਾਭ ਪ੍ਰਾਪਤ ਹੋਇਆ, ਉਹ ਮੱਤੀ 24:22 ਵਿਚ ਵਰਣਿਤ ਬਚਾਏ ਗਏ “ਸਰੀਰ” ਸਨ।
ਤੁਹਾਡੇ ਭਵਿੱਖ ਵਿਚ ਕੀ ਹੈ?
15. ਤੁਸੀਂ ਕਿਉਂ ਕਹੋਗੇ ਕਿ ਮੱਤੀ ਅਧਿਆਇ 24 ਨੂੰ ਸਾਡੇ ਦਿਨਾਂ ਵਿਚ ਖ਼ਾਸ ਦਿਲਚਸਪੀ ਦਾ ਕਾਰਨ ਹੋਣਾ ਚਾਹੀਦਾ ਹੈ?
15 ਕੋਈ ਵਿਅਕਤੀ ਸ਼ਾਇਦ ਪੁੱਛੇ, ‘ਮੈਨੂੰ ਯਿਸੂ ਦੇ ਸ਼ਬਦਾਂ ਦੀ ਇਸ ਸਪੱਸ਼ਟ ਕੀਤੀ ਗਈ ਸਮਝ ਵਿਚ ਖ਼ਾਸ ਤੌਰ ਤੇ ਕਿਉਂ ਦਿਲਚਸਪੀ ਰੱਖਣੀ ਚਾਹੀਦੀ ਹੈ?’ ਖ਼ੈਰ, ਇਹ ਸਿੱਟਾ ਕੱਢਣ ਦਾ ਭਰਪੂਰ ਕਾਰਨ ਹੈ ਕਿ ਯਿਸੂ ਦੀ ਭਵਿੱਖਬਾਣੀ ਦੀ ਇਕ ਹੋਰ ਵੱਡੀ ਪੂਰਤੀ ਹੋਣੀ ਸੀ, ਉਸ ਤੋਂ ਵੱਧ ਜੋ 70 ਸਾ.ਯੁ ਤੋਂ ਪਹਿਲਾਂ ਅਤੇ ਉਸ ਵਿਚ ਵਾਪਰਿਆ ਸੀ।d (ਤੁਲਨਾ ਕਰੋ ਮੱਤੀ 24:7; ਲੂਕਾ 21:10, 11; ਪਰਕਾਸ਼ ਦੀ ਪੋਥੀ 6:2-8.) ਦਸ਼ਕਾਂ ਤੋਂ, ਯਹੋਵਾਹ ਦੇ ਗਵਾਹਾਂ ਨੇ ਪ੍ਰਚਾਰ ਕੀਤਾ ਹੈ ਕਿ ਸਾਡੇ ਸਮਿਆਂ ਵਿਚ ਹੋ ਰਹੀ ਵੱਡੀ ਪੂਰਤੀ ਸਾਬਤ ਕਰਦੀ ਹੈ ਕਿ ਅਸੀਂ ਬਿਲਕੁਲ ਅਗਾਂਹ ਨੂੰ ਇਕ ਵਿਸਤ੍ਰਿਤ “ਵੱਡੀ ਬਿਪਤਾ” ਦੀ ਆਸ ਰੱਖ ਸਕਦੇ ਹਾਂ। ਉਸ ਦੇ ਦੌਰਾਨ, ਮੱਤੀ 24:22 ਦੇ ਭਵਿੱਖ-ਸੂਚਕ ਸ਼ਬਦਾਂ ਦੀ ਪੂਰਤੀ ਕਿਵੇਂ ਹੋਵੇਗੀ?
16. ਆਉਣ ਵਾਲੀ ਵੱਡੀ ਬਿਪਤਾ ਦੇ ਬਾਰੇ ਪਰਕਾਸ਼ ਦੀ ਪੋਥੀ ਕਿਹੜਾ ਉਤਸ਼ਾਹਜਨਕ ਤੱਥ ਪ੍ਰਦਾਨ ਕਰਦੀ ਹੈ?
16 ਯਰੂਸ਼ਲਮ ਉੱਤੇ ਆਈ ਬਿਪਤਾ ਤੋਂ ਲਗਭਗ ਦੋ ਦਸ਼ਕ ਬਾਅਦ, ਰਸੂਲ ਯੂਹੰਨਾ ਨੇ ਪਰਕਾਸ਼ ਦੀ ਪੋਥੀ ਲਿਖੀ। ਇਸ ਨੇ ਪੁਸ਼ਟੀ ਕੀਤੀ ਕਿ ਵੱਡੀ ਬਿਪਤਾ ਅਗਾਂਹ ਨੂੰ ਹੈ। ਅਤੇ, ਕਿਉਂ ਜੋ ਅਸੀਂ ਉਨ੍ਹਾਂ ਗੱਲਾਂ ਵਿਚ ਦਿਲਚਸਪੀ ਰੱਖਦੇ ਹਾਂ ਜੋ ਸਾਨੂੰ ਵਿਅਕਤੀਗਤ ਤੌਰ ਤੇ ਅਸਰ ਕਰਦੀਆਂ ਹਨ, ਅਸੀਂ ਇਹ ਜਾਣ ਕੇ ਰਾਹਤ ਪਾ ਸਕਦੇ ਹਾਂ ਕਿ ਪਰਕਾਸ਼ ਦੀ ਪੋਥੀ ਸਾਨੂੰ ਭਵਿੱਖ-ਸੂਚਕ ਤੌਰ ਤੇ ਭਰੋਸਾ ਦਿਵਾਉਂਦੀ ਹੈ ਕਿ ਇਸ ਆਉਣ ਵਾਲੀ ਵੱਡੀ ਬਿਪਤਾ ਵਿੱਚੋਂ ਮਾਨਵ ਸਰੀਰ ਜੀਉਂਦੇ ਬਚ ਨਿਕਲਣਗੇ। ਯੂਹੰਨਾ ਨੇ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਦੇ ਬਾਰੇ ਪੂਰਵ-ਸੂਚਨਾ ਦਿੱਤੀ। ਉਹ ਕੌਣ ਹਨ? ਸਵਰਗ ਤੋਂ ਇਕ ਆਵਾਜ਼ ਜਵਾਬ ਦਿੰਦੀ ਹੈ: “ਏਹ ਓਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ।” (ਪਰਕਾਸ਼ ਦੀ ਪੋਥੀ 7:9, 14) ਜੀ ਹਾਂ, ਉਹ ਉੱਤਰਜੀਵੀ ਹੋਣਗੇ! ਪਰਕਾਸ਼ ਦੀ ਪੋਥੀ ਸਾਨੂੰ ਅੰਤਰਦ੍ਰਿਸ਼ਟੀ ਵੀ ਪ੍ਰਦਾਨ ਕਰਦੀ ਹੈ ਕਿ ਆਉਣ ਵਾਲੀ ਵੱਡੀ ਬਿਪਤਾ ਵਿਚ ਘਟਨਾਵਾਂ ਕਿਵੇਂ ਵਿਕਸਿਤ ਹੋਣਗੀਆਂ ਅਤੇ ਮੱਤੀ 24:22 ਕਿਵੇਂ ਪੂਰਾ ਹੋਵੇਗਾ।
17. ਵੱਡੀ ਬਿਪਤਾ ਦੇ ਆਰੰਭਕ ਭਾਗ ਵਿਚ ਕੀ ਸ਼ਾਮਲ ਹੋਵੇਗਾ?
17 ਇਸ ਬਿਪਤਾ ਦਾ ਆਰੰਭਕ ਭਾਗ ‘ਵੱਡੀ ਬਾਬੁਲ’ ਅਖਵਾਉਣ ਵਾਲੀ ਪ੍ਰਤੀਕਾਤਮਕ ਵੇਸਵਾ ਉੱਤੇ ਇਕ ਹਮਲਾ ਹੋਵੇਗਾ। (ਪਰਕਾਸ਼ ਦੀ ਪੋਥੀ 14:8; 17:1, 2) ਉਹ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਨੂੰ ਦਰਸਾਉਂਦੀ ਹੈ, ਜਿਸ ਵਿਚ ਮਸੀਹੀ-ਜਗਤ ਸਭ ਤੋਂ ਧਿਕਾਰਨਯੋਗ ਹੈ। ਪਰਕਾਸ਼ ਦੀ ਪੋਥੀ 17:16-18 ਦੇ ਸ਼ਬਦਾਂ ਦੇ ਅਨੁਸਾਰ, ਪਰਮੇਸ਼ੁਰ ਰਾਜਨੀਤਿਕ ਸ਼ਕਤੀਆਂ ਦੇ ਦਿਲ ਵਿਚ ਇਸ ਪ੍ਰਤੀਕਾਤਮਕ ਕੰਜਰੀ ਉੱਤੇ ਹਮਲਾ ਕਰਨ ਦਾ ਵਿਚਾਰ ਪਾਵੇਗਾ।e ਜ਼ਰਾ ਸੋਚੋ ਕਿ ਪਰਮੇਸ਼ੁਰ ਦੇ ਮਸਹ ਕੀਤੇ ਹੋਏ ‘ਚੁਣੇ ਹੋਇਆਂ’ ਅਤੇ ਉਨ੍ਹਾਂ ਦੇ ਸਾਥੀ, “ਵੱਡੀ ਭੀੜ” ਨੂੰ ਇਹ ਕਿਵੇਂ ਜਾਪ ਸਕਦਾ ਹੈ। ਜਿਉਂ-ਜਿਉਂ ਧਰਮ ਉੱਤੇ ਇਹ ਵਿਨਾਸ਼ਕਾਰੀ ਹਮਲਾ ਅੱਗੇ ਵਧਦਾ ਹੈ, ਸ਼ਾਇਦ ਇੰਜ ਜਾਪੇ ਕਿ ਇਹ ਸਾਰੇ ਧਾਰਮਿਕ ਸੰਗਠਨਾਂ ਨੂੰ ਮਿਟਾ ਦੇਵੇਗਾ, ਜਿਸ ਵਿਚ ਯਹੋਵਾਹ ਦੇ ਲੋਕ ਵੀ ਸ਼ਾਮਲ ਹੋਣਗੇ।
18. ਇਹ ਸ਼ਾਇਦ ਕਿਉਂ ਜਾਪੇ ਕਿ ਵੱਡੀ ਬਿਪਤਾ ਦੇ ਆਰੰਭਕ ਭਾਗ ਵਿਚ ਕੋਈ ਵੀ “ਸਰੀਰ” ਨਹੀਂ ਬਚਾਇਆ ਜਾਵੇਗਾ?
18 ਇਹੋ ਸਮਾਂ ਹੈ ਜਦੋਂ ਮੱਤੀ 24:22 ਵਿਚ ਪਾਏ ਜਾਣ ਵਾਲੇ ਯਿਸੂ ਦੇ ਸ਼ਬਦ ਵੱਡੇ ਪੇਮਾਨੇ ਤੇ ਪੂਰੇ ਹੋਣਗੇ। ਜਿਵੇਂ ਯਰੂਸ਼ਲਮ ਵਿਚ ਚੁਣੇ ਹੋਏ ਲੋਕ ਖ਼ਤਰੇ ਵਿਚ ਜਾਪਦੇ ਸਨ, ਉਵੇਂ ਹੀ ਧਰਮ ਉੱਤੇ ਹਮਲੇ ਦੇ ਦੌਰਾਨ ਯਹੋਵਾਹ ਦੇ ਸੇਵਕ ਸ਼ਾਇਦ ਨਾਸ਼ ਕੀਤੇ ਜਾਣ ਦੇ ਖ਼ਤਰੇ ਵਿਚ ਜਾਪਣ, ਮਾਨੋ ਇਹ ਹਮਲਾ ਪਰਮੇਸ਼ੁਰ ਦੇ ਲੋਕਾਂ ਦੇ ਸਾਰੇ “ਸਰੀਰ” ਨੂੰ ਮਿਟਾ ਦੇਵੇਗਾ। ਫਿਰ ਵੀ, ਆਓ ਅਸੀਂ ਉਸ ਗੱਲ ਨੂੰ ਚੇਤੇ ਰੱਖੀਏ ਜੋ 66 ਸਾ.ਯੁ. ਵਿਚ ਵਾਪਰੀ ਸੀ। ਰੋਮੀਆਂ ਦੁਆਰਾ ਲਿਆਈ ਗਈ ਬਿਪਤਾ ਘਟਾਈ ਗਈ ਸੀ, ਜਿਸ ਦੇ ਕਾਰਨ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਚੁਣਿਆਂ ਹੋਇਆਂ ਨੂੰ ਬਚ ਨਿਕਲਣ ਦਾ ਅਤੇ ਜੀਉਂਦੇ ਰਹਿਣ ਦਾ ਚੋਖਾ ਮੌਕਾ ਮਿਲਿਆ। ਇਸ ਤਰ੍ਹਾਂ, ਅਸੀਂ ਨਿਸਚਿੰਤ ਹੋ ਸਕਦੇ ਹਾਂ ਕਿ ਧਰਮ ਉੱਤੇ ਵਿਨਾਸ਼ਕਾਰੀ ਹਮਲੇ ਨੂੰ ਸੱਚੇ ਉਪਾਸਕਾਂ ਦੀ ਵਿਸ਼ਵ-ਵਿਆਪੀ ਕਲੀਸਿਯਾ ਨੂੰ ਨਾਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਸ਼ੀਘਰਤਾ ਨਾਲ ਕਾਰਵਾਈ ਕਰੇਗਾ, ਮਾਨੋ “ਇੱਕੋ ਦਿਨ ਵਿੱਚ।” ਪਰੰਤੂ, ਇਸ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਘਟਾਇਆ ਜਾਵੇਗਾ, ਇਸ ਨੂੰ ਆਪਣਾ ਉਦੇਸ਼ ਪੂਰਾ ਨਹੀਂ ਕਰਨ ਦਿੱਤਾ ਜਾਵੇਗਾ, ਤਾਂਕਿ ਪਰਮੇਸ਼ੁਰ ਦੇ ਲੋਕ ‘ਬਚਾਏ’ ਜਾ ਸਕਣ।—ਪਰਕਾਸ਼ ਦੀ ਪੋਥੀ 18:8.
19. (ੳ) ਵੱਡੀ ਬਿਪਤਾ ਦੇ ਆਰੰਭਕ ਭਾਗ ਮਗਰੋਂ, ਕੀ ਸਪੱਸ਼ਟ ਹੋਵੇਗਾ? (ਅ) ਇਹ ਕਿਸ ਵੱਲ ਲੈ ਜਾਵੇਗਾ?
19 ਸ਼ਤਾਨ ਅਰਥਾਤ ਇਬਲੀਸ ਦੇ ਪਾਰਥਿਵ ਸੰਗਠਨ ਦੇ ਬਾਕੀ ਦੇ ਤੱਤ ਇਸ ਮਗਰੋਂ ਕੁਝ ਸਮੇਂ ਦੇ ਲਈ ਜਾਰੀ ਰਹਿਣਗੇ, ਅਤੇ ਆਪਣੀ ਪੁਰਾਣੀ ਧਾਰਮਿਕ ਯਾਰਨੀ ਦੇ ਨਾਲ ਕਾਰੋਬਾਰ ਤੋਂ ਵਾਂਝਿਆਂ ਹੋਣ ਬਾਰੇ ਸੋਗ ਮਨਾਉਣਗੇ। (ਪਰਕਾਸ਼ ਦੀ ਪੋਥੀ 18:9-19) ਕਿਸੇ ਪੜਾਅ ਤੇ, ਉਹ ਧਿਆਨ ਦੇਣਗੇ ਕਿ ਪਰਮੇਸ਼ੁਰ ਦੇ ਸੱਚੇ ਸੇਵਕ ਹਾਲੇ ਰਹਿੰਦੇ ਹਨ, “ਬੇ-ਫਿਕਰੀ ਨਾਲ ਵੱਸਦੇ ਹਨ, ਓਹ ਸਾਰੇ ਦੇ ਸਾਰੇ . . . ਬਿਨਾਂ ਕੰਧਾਂ ਦੇ ਵੱਸਦੇ ਹਨ” ਅਤੇ ਸੌਖਾ ਸ਼ਿਕਾਰ ਜਾਪਦੇ ਹਨ। ਉਨ੍ਹਾਂ ਨੂੰ ਕਿੰਨੀ ਹੀ ਹੈਰਾਨਗੀ ਹੋਵੇਗੀ! ਆਪਣੇ ਸੇਵਕਾਂ ਦੇ ਵਿਰੁੱਧ ਅਸਲੀ ਜਾਂ ਧਮਕਾਊ ਹਮਲੇ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਉਂਦੇ ਹੋਏ, ਪਰਮੇਸ਼ੁਰ ਵੱਡੀ ਬਿਪਤਾ ਦੇ ਆਖ਼ਰੀ ਭਾਗ ਵਿਚ ਆਪਣੇ ਵੈਰੀਆਂ ਦਾ ਨਿਆਉਂ ਕਰਨ ਲਈ ਖੜ੍ਹਾ ਹੋਵੇਗਾ।—ਹਿਜ਼ਕੀਏਲ 38:10-12, 14, 18-23.
20. ਵੱਡੀ ਬਿਪਤਾ ਦਾ ਦੂਜਾ ਭਾਗ ਪਰਮੇਸ਼ੁਰ ਦੇ ਲੋਕਾਂ ਨੂੰ ਖ਼ਤਰੇ ਵਿਚ ਕਿਉਂ ਨਹੀਂ ਪਾਵੇਗਾ?
20 ਵੱਡੀ ਬਿਪਤਾ ਦਾ ਇਹ ਦੂਸਰਾ ਭਾਗ ਉਸ ਦੇ ਸਮਾਨਾਂਤਰ ਹੋਵੇਗਾ ਜੋ 70 ਸਾ.ਯੁ. ਵਿਚ ਰੋਮੀਆਂ ਦੁਆਰਾ ਦੂਜੇ ਹਮਲੇ ਵਿਚ ਯਰੂਸ਼ਲਮ ਅਤੇ ਉਸ ਦੇ ਵਾਸੀਆਂ ਦੇ ਨਾਲ ਵਾਪਰਿਆ ਸੀ। ਇਹ “ਅਜਿਹਾ ਵੱਡਾ ਕਸ਼ਟ” ਸਾਬਤ ਹੋਵੇਗਾ “ਜੋ ਜਗਤ ਦੇ ਮੁੱਢੋਂ ਲੈ ਕੇ ਨਾ [ਉਦੋਂ] ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਪਰੰਤੂ, ਅਸੀਂ ਨਿਸਚਿੰਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਦੇ ਚੁਣੇ ਹੋਏ ਵਿਅਕਤੀ ਅਤੇ ਉਨ੍ਹਾਂ ਦੇ ਸਾਥੀ ਖ਼ਤਰਾ ਖੇਤਰ ਵਿਚ, ਅਰਥਾਤ ਮਾਰੇ ਜਾਣ ਦੇ ਖ਼ਤਰੇ ਵਿਚ ਨਹੀਂ ਹੋਣਗੇ। ਜੀ ਹਾਂ, ਉਹ ਇਕ ਭੂਗੋਲਕ ਸਥਾਨ ਨੂੰ ਨਹੀਂ ਭੱਜੇ ਹੋਣਗੇ। ਯਰੂਸ਼ਲਮ ਵਿਚ ਪਹਿਲੀ-ਸਦੀ ਦੇ ਮਸੀਹੀ ਉਸ ਸ਼ਹਿਰ ਤੋਂ ਪਹਾੜੀ ਇਲਾਕੇ ਵਿਚ ਭੱਜ ਸਕਦੇ ਸਨ, ਜਿਵੇਂ ਕਿ ਯਰਦਨ ਦੇ ਪਾਰ ਪੇੱਲਾ ਵਿਚ। ਪਰੰਤੂ, ਭਵਿੱਖ ਵਿਚ ਪਰਮੇਸ਼ੁਰ ਦੇ ਵਿਸ਼ਵਾਸੀ ਗਵਾਹ ਪੂਰੀ ਧਰਤੀ ਉੱਤੇ ਸਥਿਤ ਹੋਣਗੇ, ਇਸ ਲਈ ਸਲਾਮਤੀ ਅਤੇ ਸੁਰੱਖਿਆ ਕਿਸੇ ਭੂਗੋਲਕ ਸਥਾਨ ਉੱਤੇ ਆਧਾਰਿਤ ਨਹੀਂ ਹੋਣਗੇ।
21. ਅੰਤਿਮ ਲੜਾਈ ਵਿਚ ਕੌਣ ਲੜਨਗੇ, ਅਤੇ ਕੀ ਨਤੀਜਾ ਹੋਵੇਗਾ?
21 ਵਿਨਾਸ਼, ਰੋਮ ਦੀਆਂ ਫ਼ੌਜਾਂ ਜਾਂ ਕਿਸੇ ਹੋਰ ਮਾਨਵੀ ਵਸੀਲੇ ਦੁਆਰਾ ਨਹੀਂ ਹੋਵੇਗਾ। ਇਸ ਦੀ ਬਜਾਇ, ਪਰਕਾਸ਼ ਦੀ ਪੋਥੀ ਦੰਡਕਾਰੀ ਫ਼ੌਜਾਂ ਨੂੰ ਸਵਰਗ ਵਿੱਚੋਂ ਆਉਂਦੇ ਹੋਏ ਵਰਣਨ ਕਰਦੀ ਹੈ। ਜੀ ਹਾਂ, ਵੱਡੀ ਬਿਪਤਾ ਦਾ ਉਹ ਆਖ਼ਰੀ ਭਾਗ ਕਿਸੇ ਮਾਨਵੀ ਫ਼ੌਜ ਦੇ ਦੁਆਰਾ ਨਹੀਂ, ਬਲਕਿ ‘ਪਰਮੇਸ਼ੁਰ ਦੇ ਸ਼ਬਦ,’ ਰਾਜਾ ਯਿਸੂ ਮਸੀਹ ਦੇ ਦੁਆਰਾ ਪੂਰਾ ਕੀਤਾ ਜਾਵੇਗਾ, ਜਿਸ ਦੀ ਸਹਾਇਤਾ ‘ਸੁਰਗ ਵਿੱਚ ਦੀਆਂ ਫੌਜਾਂ’ ਕਰਨਗੀਆਂ, ਜਿਸ ਵਿਚ ਪੁਨਰ-ਉਥਿਤ ਮਸਹ ਕੀਤੇ ਹੋਏ ਮਸੀਹੀ ਵੀ ਸ਼ਾਮਲ ਹੋਣਗੇ। “ਪ੍ਰਭੁਆਂ ਦਾ ਪ੍ਰਭੁ ਅਤੇ ਰਾਜਿਆਂ ਦਾ ਰਾਜਾ” ਇਕ ਅਜਿਹੀ ਦੰਡ-ਪੂਰਤੀ ਕਰੇਗਾ ਜੋ 70 ਸਾ.ਯੁ. ਵਿਚ ਰੋਮੀਆਂ ਦੁਆਰਾ ਕੀਤੀ ਗਈ ਦੰਡ-ਪੂਰਤੀ ਤੋਂ ਕਿਤੇ ਅਧਿਕ ਪੂਰਣ ਹੋਵੇਗੀ। ਇਹ ਪਰਮੇਸ਼ੁਰ ਦੇ ਸਾਰੇ ਮਾਨਵ ਵਿਰੋਧੀਆਂ—ਰਾਜਿਆਂ, ਫ਼ੌਜ ਦੇ ਸਰਦਾਰਾਂ, ਆਜ਼ਾਦਾਂ ਅਤੇ ਗ਼ੁਲਾਮਾਂ, ਛੋਟਿਆਂ ਅਤੇ ਵੱਡਿਆਂ—ਨੂੰ ਨਾਸ਼ ਕਰ ਦੇਵੇਗੀ। ਇੱਥੋਂ ਤਕ ਕਿ ਸ਼ਤਾਨ ਦੇ ਸੰਸਾਰ ਦੇ ਮਾਨਵ ਸੰਗਠਨ ਵੀ ਖ਼ਤਮ ਹੋ ਜਾਣਗੇ।—ਪਰਕਾਸ਼ ਦੀ ਪੋਥੀ 2:26, 27; 17:14; 19:11-21; 1 ਯੂਹੰਨਾ 5:19.
22. ਹੋਰ ਕਿਹੜੇ ਅਤਿਰਿਕਤ ਅਰਥ ਵਿਚ “ਸਰੀਰ” ਬਚਾਏ ਜਾਣਗੇ?
22 ਯਾਦ ਕਰੋ ਕਿ ਮਸਹ ਕੀਤੇ ਹੋਏ ਬਕੀਏ ਅਤੇ “ਵੱਡੀ ਭੀੜ” ਦੋਹਾਂ ਦੇ “ਸਰੀਰ,” ਪਹਿਲਾਂ ਤੋਂ ਹੀ ਬਚਾਏ ਗਏ ਹੋਣਗੇ ਜਦੋਂ ਬਿਪਤਾ ਦੇ ਪਹਿਲੇ ਭਾਗ ਵਿਚ ਵੱਡੀ ਬਾਬੁਲ ਤੇਜ਼ੀ ਨਾਲ ਅਤੇ ਪੂਰਣ ਤੌਰ ਤੇ ਨਾਸ਼ ਹੁੰਦੀ ਹੈ। ਇਸੇ ਤਰ੍ਹਾਂ ਬਿਪਤਾ ਦੇ ਆਖ਼ਰੀ ਭਾਗ ਵਿਚ, ਜੋ “ਸਰੀਰ” ਯਹੋਵਾਹ ਦੇ ਪੱਖ ਵਿਚ ਭੱਜ ਗਏ ਹਨ ਉਹ ਬਚਾਏ ਜਾਣਗੇ। ਇਹ 70 ਸਾ.ਯੁ. ਵਿਚ ਬਾਗ਼ੀ ਯਹੂਦੀਆਂ ਦੇ ਵੱਲੋਂ ਭੁਗਤੇ ਗਏ ਨਤੀਜੇ ਤੋਂ ਕਿੰਨਾ ਭਿੰਨ ਹੋਵੇਗਾ!
23. ਬਚਣ ਵਾਲੇ “ਸਰੀਰ” ਕਿਸ ਗੱਲ ਦੀ ਤਾਂਘ ਰੱਖ ਸਕਦੇ ਹਨ?
23 ਆਪਣੇ ਅਤੇ ਆਪਣੇ ਪਿਆਰਿਆਂ ਦੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਸੋਚਦੇ ਹੋਏ, ਧਿਆਨ ਦਿਓ ਕਿ ਪਰਕਾਸ਼ ਦੀ ਪੋਥੀ 7:16, 17 ਵਿਚ ਕੀ ਵਾਅਦਾ ਕੀਤਾ ਗਿਆ ਹੈ: “ਓਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਓਹਨਾਂ ਉੱਤੇ ਪਵੇਗੀ, ਕਿਉਂ ਜੋ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਓਹਨਾਂ ਦਾ ਅਯਾਲੀ ਹੋਵੇਗਾ, ਅਤੇ ਓਹਨਾਂ ਨੂੰ ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” ਯਕੀਨਨ, ਇਹੋ ਹੀ ਅਸਲ ਵਿਚ ਇਕ ਅਦਭੁਤ, ਸਥਾਈ ਅਰਥ ਵਿਚ ‘ਬਚਾਏ’ ਜਾਣਾ ਹੈ। (w96 8/15)
[ਫੁਟਨੋਟ]
b ਜੋਸੀਫ਼ਸ ਕਹਿੰਦਾ ਹੈ: “ਜਦੋਂ ਟਾਈਟਸ ਨੇ ਪ੍ਰਵੇਸ਼ ਕੀਤਾ ਤਾਂ ਉਹ ਸ਼ਹਿਰ ਦੀ ਤਾਕਤ ਤੋਂ ਅਚੰਭਿਤ ਹੋਇਆ . . . ਉਹ ਜ਼ੋਰ ਦੀ ਬੋਲ ਉੱਠਿਆ: ‘ਪਰਮੇਸ਼ੁਰ ਸਾਡੇ ਪੱਖ ਵਿਚ ਰਿਹਾ ਹੈ; ਪਰਮੇਸ਼ੁਰ ਹੀ ਹੈ ਜਿਸ ਨੇ ਯਹੂਦੀਆਂ ਨੂੰ ਇਨ੍ਹਾਂ ਕਿਲ੍ਹਿਆਂ ਤੋਂ ਹੇਠਾਂ ਉਤਾਰਿਆ ਹੈ; ਕਿਉਂਕਿ ਮਾਨਵ ਹੱਥ ਜਾਂ ਔਜ਼ਾਰ ਅਜਿਹੇ ਬੁਰਜਾਂ ਦਾ ਕੀ ਵਿਗਾੜ ਸਕਦੇ ਸਨ?’”
c ਦਿਲਚਸਪੀ ਦੀ ਗੱਲ ਹੈ ਕਿ ਸ਼ੇਮ-ਟੋਬ ਦਾ ਮੱਤੀ 24:22 ਦਾ ਮੂਲ-ਪਾਠ ਇਬਰਾਨੀ ਸ਼ਬਦ ਅਵੁਰ ਇਸਤੇਮਾਲ ਕਰਦਾ ਹੈ, ਜਿਸ ਦਾ ਅਰਥ ਹੈ “ਦੇ ਨਿਮਿੱਤ, ਦੀ ਖ਼ਾਤਰ, ਤਾਂਕਿ।”—ਪਿਛਲਾ ਲੇਖ, ਸਫ਼ਾ 24 ਦੇਖੋ।
d ਫਰਵਰੀ 15, 1994, ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 11 ਅਤੇ 12, ਅਤੇ ਸਫ਼ੇ 14 ਅਤੇ 15 ਉੱਤੇ ਦਿੱਤਾ ਗਿਆ ਚਾਰਟ ਦੇਖੋ, ਜੋ ਮੱਤੀ ਅਧਿਆਇ 24, ਮਰਕੁਸ ਅਧਿਆਇ 13, ਅਤੇ ਲੂਕਾ ਅਧਿਆਇ 21 ਵਿਚ ਪਾਏ ਜਾਣ ਵਾਲੇ ਯਿਸੂ ਦੇ ਭਵਿੱਖ-ਸੂਚਕ ਜਵਾਬ ਨੂੰ ਸਮਾਨਾਂਤਰ ਕਾਲਮਾਂ ਵਿਚ ਪੇਸ਼ ਕਰਦੇ ਹਨ।
e ਸੰਨ 1988 ਵਿਚ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ), ਸਫ਼ੇ 235-58 ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਯਰੂਸ਼ਲਮ ਉੱਤੇ ਰੋਮੀ ਫ਼ੌਜ ਦੇ ਹਮਲੇ ਵਿਚ ਕਿਹੜੇ ਦੋ ਭਾਗ ਸਨ?
◻ ਇਹ ਅਸੰਭਾਵੀ ਕਿਉਂ ਹੈ ਕਿ 70 ਸਾ.ਯੁ. ਵਿਚ 97,000 ਯਹੂਦੀ ਉੱਤਰਜੀਵੀ ਹੀ ਮੱਤੀ 24:22 ਵਿਚ ਵਰਣਿਤ “ਸਰੀਰ” ਸਨ?
◻ ਯਰੂਸ਼ਲਮ ਦੀ ਬਿਪਤਾ ਦੇ ਦਿਨ ਕਿਵੇਂ ਘਟਾਏ ਗਏ ਸਨ, ਅਤੇ ਇਸ ਤਰ੍ਹਾਂ “ਸਰੀਰ” ਕਿਵੇਂ ਬਚਾਏ ਗਏ?
◻ ਆਉਣ ਵਾਲੀ ਵੱਡੀ ਬਿਪਤਾ ਵਿਚ, ਦਿਨ ਕਿਵੇਂ ਘਟਾਏ ਅਤੇ “ਸਰੀਰ” ਕਿਵੇਂ ਬਚਾਏ ਜਾਣਗੇ?
[ਸਫ਼ੇ 27 ਉੱਤੇ ਤਸਵੀਰ]
ਬਗਾਵਤ ਤੋਂ ਬਾਅਦ ਢਾਲਿਆ ਗਿਆ ਯਹੂਦੀ ਸਿੱਕਾ। ਇਬਰਾਨੀ ਅੱਖਰ-ਲੇਖਣ ਕਹਿੰਦਾ ਹੈ “ਸਾਲ ਦੋ,” ਭਾਵ 67 ਸਾ.ਯੁ., ਉਨ੍ਹਾਂ ਦੇ ਸਵਰਾਜ ਦਾ ਦੂਜਾ ਸਾਲ
[ਕ੍ਰੈਡਿਟ ਲਾਈਨ]
Pictorial Archive (Near Eastern History) Est.
[ਸਫ਼ੇ 28 ਉੱਤੇ ਤਸਵੀਰ]
ਸੰਨ 71 ਸਾ.ਯੁ. ਵਿਚ ਢਾਲਿਆ ਗਿਆ ਰੋਮੀ ਸਿੱਕਾ। ਖੱਬੇ ਪਾਸੇ ਇਕ ਹਥਿਆਰਬੰਦ ਰੋਮੀ; ਸੱਜੇ ਪਾਸੇ ਸੋਗ ਮਨਾਉਦੀ ਹੋਈ ਇਕ ਯਹੂਦਣ। ਸ਼ਬਦ “ਯੂਡੀਆ ਕਾਪਟਾ” ਦਾ ਅਰਥ ਹੈ “ਕੈਦੀ ਯਹੂਦਿਯਾ”
[ਕ੍ਰੈਡਿਟ ਲਾਈਨ]
Pictorial Archive (Near Eastern History) Est.