ਸਫ਼ਰੀ ਨਿਗਾਹਬਾਨ—ਮਨੁੱਖਾਂ ਨੂੰ ਦਾਨ
“ਜਾਂ ਉਹ ਉਤਾਹਾਂ ਨੂੰ ਚੜ੍ਹਿਆ, ਓਨ ਬੰਧਨ ਨੂੰ ਬੰਨ੍ਹ ਲਿਆ, ਅਤੇ ਮਨੁੱਖਾਂ ਨੂੰ ਦਾਨ ਦਿੱਤੇ।”—ਅਫ਼ਸੀਆਂ 4:8.
1. ਸੰਨ 1894 ਵਿਚ ਇਸ ਰਸਾਲੇ ਵਿਚ ਕਿਹੜੇ ਨਵੇਂ ਕੰਮ ਦਾ ਐਲਾਨ ਕੀਤਾ ਗਿਆ ਸੀ?
ਇਕ ਸਦੀ ਤੋਂ ਵੱਧ ਸਮਾਂ ਪਹਿਲਾਂ, ਪਹਿਰਾਬੁਰਜ ਨੇ ਇਕ ਨਵੀਂ ਗੱਲ ਦਾ ਐਲਾਨ ਕੀਤਾ। ਇਸ ਦਾ ਵਰਣਨ “ਕਾਰਜ ਦਾ ਇਕ ਹੋਰ ਖੇਤਰ” ਦੇ ਤੌਰ ਤੇ ਕੀਤਾ ਗਿਆ ਸੀ। ਇਸ ਨਵੀਂ ਸਰਗਰਮੀ ਵਿਚ ਕੀ ਕੁਝ ਸ਼ਾਮਲ ਸੀ? ਇਹ ਸਫ਼ਰੀ ਨਿਗਾਹਬਾਨਾਂ ਦੇ ਕਾਰਜ ਦਾ ਆਧੁਨਿਕ-ਦਿਨ ਆਰੰਭ ਸੀ। ਇਸ ਰਸਾਲੇ ਦੇ ਸਤੰਬਰ 1, 1894, ਦੇ ਅੰਕ ਨੇ ਵਿਆਖਿਆ ਕੀਤੀ ਕਿ ਹੁਣ ਤੋਂ ਅੱਗੇ ਯੋਗ ਭਰਾ ਬਾਈਬਲ ਸਟੂਡੈਂਟਸ ਦੇ ਸਮੂਹਾਂ ਨਾਲ ‘ਉਨ੍ਹਾਂ ਨੂੰ ਸੱਚਾਈ ਵਿਚ ਉਤਸ਼ਾਹਿਤ ਕਰਨ ਦੇ ਮੰਤਵ ਨਾਲ’ ਮੁਲਾਕਾਤ ਕਰਨਗੇ।
2. ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨਾਂ ਦੇ ਕਿਹੜੇ-ਕਿਹੜੇ ਕੰਮ ਹੁੰਦੇ ਹਨ?
2 ਪਹਿਲੀ ਸਦੀ ਸਾ.ਯੁ. ਵਿਚ, ਪੌਲੁਸ ਅਤੇ ਬਰਨਬਾਸ ਵਰਗੇ ਨਿਗਾਹਬਾਨ ਮਸੀਹੀ ਕਲੀਸਿਯਾਵਾਂ ਨਾਲ ਮੁਲਾਕਾਤ ਕਰਦੇ ਸਨ। ਇਨ੍ਹਾਂ ਵਿਸ਼ਵਾਸੀ ਮਨੁੱਖਾਂ ਦਾ ਉਦੇਸ਼ ਕਲੀਸਿਯਾਵਾਂ ਨੂੰ ‘ਉਤਸ਼ਾਹਿਤ ਕਰਨਾ’ ਸੀ। (2 ਕੁਰਿੰਥੀਆਂ 10:8, ਨਿ ਵ) ਅੱਜ, ਅਸੀਂ ਅਜਿਹੇ ਹਜ਼ਾਰਾਂ ਮਨੁੱਖਾਂ ਦੇ ਨਾਲ ਵਰੋਸਾਏ ਗਏ ਹਾਂ ਜੋ ਇਸ ਕੰਮ ਨੂੰ ਇਕ ਵਿਵਸਥਿਤ ਤਰੀਕੇ ਵਿਚ ਕਰ ਰਹੇ ਹਨ। ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਇਨ੍ਹਾਂ ਨੂੰ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨ ਦੇ ਤੌਰ ਤੇ ਨਿਯੁਕਤ ਕੀਤਾ ਹੈ। ਇਕ ਸਰਕਟ ਨਿਗਾਹਬਾਨ ਸਾਲ ਵਿਚ ਦੋ ਵਾਰੀ ਤਕਰੀਬਨ 20 ਕਲੀਸਿਯਾਵਾਂ ਦੀ ਇਕ-ਇਕ ਹਫ਼ਤੇ ਲਈ ਸੇਵਾ ਕਰਦਾ ਹੈ, ਅਤੇ ਉਨ੍ਹਾਂ ਦੇ ਰਿਕਾਰਡਾਂ ਦੀ ਜਾਂਚ ਕਰਦਾ ਹੈ, ਭਾਸ਼ਣ ਦਿੰਦਾ ਹੈ, ਅਤੇ ਸਥਾਨਕ ਰਾਜ ਪ੍ਰਕਾਸ਼ਕਾਂ ਦੇ ਨਾਲ ਖੇਤਰ ਸੇਵਕਾਈ ਵਿਚ ਭਾਗ ਲੈਂਦਾ ਹੈ। ਜ਼ਿਲ੍ਹਾ ਨਿਗਾਹਬਾਨ ਕਈ ਸਰਕਟਾਂ ਦੇ ਲਈ ਆਯੋਜਿਤ ਹਰ ਇਕ ਸਾਲਾਨਾ ਸਰਕਟ ਸੰਮੇਲਨ ਦਾ ਸਭਾਪਤੀ ਹੁੰਦਾ ਹੈ, ਮੀਜ਼ਬਾਨ ਕਲੀਸਿਯਾਵਾਂ ਦੇ ਨਾਲ ਖੇਤਰ ਸੇਵਕਾਈ ਵਿਚ ਭਾਗ ਲੈਂਦਾ ਹੈ, ਅਤੇ ਬਾਈਬਲ-ਆਧਾਰਿਤ ਭਾਸ਼ਣਾਂ ਦੁਆਰਾ ਉਤਸ਼ਾਹ ਪ੍ਰਦਾਨ ਕਰਦਾ ਹੈ।
ਉਨ੍ਹਾਂ ਦੀ ਆਤਮ-ਬਲੀਦਾਨੀ ਭਾਵਨਾ
3. ਸਫ਼ਰੀ ਨਿਗਾਹਬਾਨਾਂ ਨੂੰ ਆਤਮ-ਬਲੀਦਾਨੀ ਭਾਵਨਾ ਰੱਖਣ ਦੀ ਜ਼ਰੂਰਤ ਕਿਉਂ ਹੈ?
3 ਸਫ਼ਰੀ ਨਿਗਾਹਬਾਨ ਹਮੇਸ਼ਾ ਦੌਰੇ ਤੇ ਰਹਿੰਦੇ ਹਨ। ਇਹ ਆਪਣੇ ਆਪ ਵਿਚ ਇਕ ਆਤਮ-ਬਲੀਦਾਨੀ ਭਾਵਨਾ ਦੀ ਮੰਗ ਕਰਦਾ ਹੈ। ਇਕ ਕਲੀਸਿਯਾ ਤੋਂ ਦੂਜੀ ਕਲੀਸਿਯਾ ਤਕ ਸਫ਼ਰ ਕਰਨਾ ਅਕਸਰ ਔਖਾ ਹੋ ਸਕਦਾ ਹੈ, ਪਰੰਤੂ ਇਹ ਮਨੁੱਖ ਅਤੇ ਉਨ੍ਹਾਂ ਦੀਆਂ ਪਤਨੀਆਂ ਇਸ ਨੂੰ ਆਨੰਦਿਤ ਰਵੱਈਏ ਨਾਲ ਕਰਦੇ ਹਨ। ਇਕ ਸਰਕਟ ਨਿਗਾਹਬਾਨ ਨੇ ਕਿਹਾ: “ਮੇਰੀ ਪਤਨੀ ਬਹੁਤ ਹੀ ਸਮਰਥਕ ਅਤੇ ਸਹਿਣਸ਼ੀਲ ਹੈ . . . ਆਪਣੀ ਆਤਮ-ਬਲੀਦਾਨੀ ਭਾਵਨਾ ਦੇ ਲਈ ਉਹ ਕਾਫ਼ੀ ਪ੍ਰਸ਼ੰਸਾ ਯੋਗ ਹੈ।” ਕੁਝ ਸਰਕਟ ਨਿਗਾਹਬਾਨ ਇਕ ਕਲੀਸਿਯਾ ਤੋਂ ਅਗਲੀ ਕਲੀਸਿਯਾ ਤਕ 1,000 ਤੋਂ ਵੱਧ ਕਿਲੋਮੀਟਰ ਸਫ਼ਰ ਕਰਦੇ ਹਨ। ਅਨੇਕ ਕਾਰਾਂ ਚਲਾਉਂਦੇ ਹਨ, ਪਰੰਤੂ ਦੂਜੇ ਇਕ ਥਾਂ ਤੋਂ ਦੂਜੀ ਥਾਂ ਤਕ ਜਨਤਕ ਪਰਿਵਹਿਣ ਦੁਆਰਾ, ਸਾਈਕਲ ਦੁਆਰਾ, ਘੋੜਿਆਂ ਉੱਤੇ, ਜਾਂ ਪੈਦਲ ਹੀ ਜਾਂਦੇ ਹਨ। ਇਕ ਅਫ਼ਰੀਕੀ ਸਰਕਟ ਨਿਗਾਹਬਾਨ ਨੂੰ ਇਕ ਕਲੀਸਿਯਾ ਤਕ ਪਹੁੰਚਣ ਦੇ ਲਈ ਆਪਣੇ ਮੋਢਿਆਂ ਉੱਤੇ ਆਪਣੀ ਪਤਨੀ ਨੂੰ ਚੁੱਕ ਕੇ ਇਕ ਨਦੀ ਵੀ ਪਾਰ ਕਰਨੀ ਪੈਂਦੀ ਹੈ। ਆਪਣੇ ਮਿਸ਼ਨਰੀ ਸਫ਼ਰਾਂ ਤੇ, ਰਸੂਲ ਪੌਲੁਸ ਨੂੰ ਗਰਮੀ ਅਤੇ ਸਰਦੀ, ਭੁੱਖ ਅਤੇ ਪਿਆਸ, ਨੀਂਦ-ਰਹਿਤ ਰਾਤਾਂ, ਵਿਭਿੰਨ ਖ਼ਤਰਿਆਂ, ਅਤੇ ਹਿੰਸਕ ਸਤਾਹਟਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਸੀ। ਉਸ ਨੂੰ “ਸਾਰੀਆਂ ਕਲੀਸਿਯਾਂ ਦੀ ਚਿੰਤਾ” ਵੀ ਸੀ—ਅਜਿਹਾ ਅਨੁਭਵ ਜੋ ਅੱਜ ਸਫ਼ਰੀ ਨਿਗਾਹਬਾਨਾਂ ਦੇ ਲਈ ਆਮ ਹੈ।—2 ਕੁਰਿੰਥੀਆਂ 11:23-29.
4. ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਜੀਵਨ ਉੱਤੇ ਸਿਹਤ ਦੀਆਂ ਸਮੱਸਿਆਵਾਂ ਦਾ ਕੀ ਅਸਰ ਪੈ ਸਕਦਾ ਹੈ?
4 ਪੌਲੁਸ ਦੇ ਸਾਥੀ ਤਿਮੋਥਿਉਸ ਦੀ ਤਰ੍ਹਾਂ, ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਵੀ ਕਦੇ-ਕਦੇ ਸਿਹਤ ਦੀਆਂ ਸਮੱਸਿਆਵਾਂ ਹੁੰਦੀਆਂ ਹਨ। (1 ਤਿਮੋਥਿਉਸ 5:23) ਇਹ ਉਨ੍ਹਾਂ ਉੱਤੇ ਅਤਿਰਿਕਤ ਦਬਾਉ ਪਾਉਂਦਾ ਹੈ। ਇਕ ਸਰਕਟ ਨਿਗਾਹਬਾਨ ਦੀ ਪਤਨੀ ਸਮਝਾਉਂਦੀ ਹੈ: “ਜਦੋਂ ਮੇਰੀ ਤਬੀਅਤ ਠੀਕ ਨਹੀਂ ਹੁੰਦੀ ਹੈ, ਉਦੋਂ ਹਮੇਸ਼ਾ ਭਰਾਵਾਂ ਦੇ ਨਾਲ ਹੋਣਾ ਥਕਾਊ ਹੁੰਦਾ ਹੈ। ਮਾਹਵਾਰੀ-ਬੰਦੀ ਦੇ ਸ਼ੁਰੂ ਹੋਣ ਨਾਲ, ਮੈਂ ਇਸ ਨੂੰ ਖ਼ਾਸ ਤੌਰ ਤੇ ਕਠਿਨ ਪਾਇਆ ਹੈ। ਕੇਵਲ ਹਰ ਹਫ਼ਤੇ ਆਪਣੇ ਸਾਰੇ ਸਾਮਾਨ ਨੂੰ ਬੰਨ੍ਹਣਾ ਅਤੇ ਕਿਤੇ ਹੋਰ ਜਾਣਾ ਇਕ ਅਸਲੀ ਚੁਣੌਤੀ ਹੈ। ਅਕਸਰ, ਮੈਨੂੰ ਰੁਕ ਕੇ ਯਹੋਵਾਹ ਤੋਂ ਪ੍ਰਾਰਥਨਾ ਕਰਨੀ ਪੈਂਦੀ ਹੈ ਕਿ ਉਹ ਮੈਨੂੰ ਇਸ ਵਿਚ ਲੱਗੇ ਰਹਿਣ ਦੀ ਤਾਕਤ ਦੇਵੇ।”
5. ਅਲੱਗ-ਅਲੱਗ ਅਜ਼ਮਾਇਸ਼ਾਂ ਦੇ ਬਾਵਜੂਦ, ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਕਿਹੜੀ ਭਾਵਨਾ ਦਿਖਾਈ ਹੈ?
5 ਸਿਹਤ ਸਮੱਸਿਆਵਾਂ ਅਤੇ ਦੂਜੀਆਂ ਅਜ਼ਮਾਇਸ਼ਾਂ ਦੇ ਬਾਵਜੂਦ, ਸਫ਼ਰੀ ਨਿਗਾਹਬਾਨ ਅਤੇ ਉਨ੍ਹਾਂ ਦੀਆਂ ਪਤਨੀਆਂ ਆਪਣੀ ਸੇਵਾ ਵਿਚ ਖ਼ੁਸ਼ੀ ਪਾਉਂਦੇ ਹਨ ਅਤੇ ਆਤਮ-ਬਲੀਦਾਨੀ ਪ੍ਰੇਮ ਪ੍ਰਦਰਸ਼ਿਤ ਕਰਦੇ ਹਨ। ਕਈਆਂ ਨੇ ਸਤਾਹਟ ਜਾਂ ਯੁੱਧ ਦੇ ਸਮਿਆਂ ਵਿਚ ਅਧਿਆਤਮਿਕ ਮਦਦ ਮੁਹੱਈਆ ਕਰਨ ਦੇ ਲਈ ਆਪਣੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਇਆ ਹੈ। ਕਲੀਸਿਯਾਵਾਂ ਨਾਲ ਮੁਲਾਕਾਤ ਕਰਦੇ ਸਮੇਂ, ਉਨ੍ਹਾਂ ਨੇ ਪੌਲੁਸ ਵਰਗੀ ਭਾਵਨਾ ਪ੍ਰਗਟ ਕੀਤੀ ਹੈ, ਜਿਸ ਨੇ ਥੱਸਲੁਨੀਕੀ ਮਸੀਹੀਆਂ ਨੂੰ ਆਖਿਆ: “ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ। ਇਉਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।”—1 ਥੱਸਲੁਨੀਕੀਆਂ 2:7, 8.
6, 7. ਮਿਹਨਤੀ ਸਫ਼ਰੀ ਨਿਗਾਹਬਾਨ ਕਿਹੜਾ ਸਕਾਰਾਤਮਕ ਪ੍ਰਭਾਵ ਪ੍ਰਦਾਨ ਕਰ ਸਕਦੇ ਹਨ?
6 ਮਸੀਹੀ ਕਲੀਸਿਯਾ ਵਿਚ ਦੇ ਦੂਜੇ ਬਜ਼ੁਰਗਾਂ ਵਾਂਗ, ਸਫ਼ਰੀ ਨਿਗਾਹਬਾਨ ਵੀ “ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ।” ਅਜਿਹੇ ਸਾਰੇ ਬਜ਼ੁਰਗ “ਦੂਣੇ ਆਦਰ ਦੇ ਜੋਗ ਸਮਝੇ” ਜਾਣੇ ਚਾਹੀਦੇ ਹਨ। (1 ਤਿਮੋਥਿਉਸ 5:17) ਉਨ੍ਹਾਂ ਦੀ ਮਿਸਾਲ ਲਾਭਦਾਇਕ ਸਾਬਤ ਹੋ ਸਕਦੀ ਹੈ ਜੇਕਰ, ‘ਓਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰ ਕੇ ਅਸੀਂ ਓਹਨਾਂ ਦੀ ਨਿਹਚਾ ਦੀ ਰੀਸ ਕਰੀਏ।’—ਇਬਰਾਨੀਆਂ 13:7.
7 ਕੁਝ ਸਫ਼ਰੀ ਬਜ਼ੁਰਗਾਂ ਦਾ ਦੂਜਿਆਂ ਉੱਤੇ ਕੀ ਅਸਰ ਪਿਆ ਹੈ? “ਭਰਾ ਪੀ— ਦਾ ਮੇਰੇ ਜੀਵਨ ਉੱਤੇ ਕਿੰਨਾ ਹੀ ਚੰਗਾ ਪ੍ਰਭਾਵ ਸੀ!” ਯਹੋਵਾਹ ਦੇ ਇਕ ਗਵਾਹ ਨੇ ਲਿਖਿਆ। “ਉਹ ਸਾਲ 1960 ਤੋਂ ਮੈਕਸੀਕੋ ਵਿਚ ਸਫ਼ਰੀ ਨਿਗਾਹਬਾਨ ਸੀ। ਛੋਟੇ ਹੁੰਦਿਆਂ, ਮੈਂ ਉਸ ਦੀਆਂ ਮੁਲਾਕਾਤਾਂ ਨੂੰ ਆਸ ਅਤੇ ਆਨੰਦ ਨਾਲ ਉਡੀਕਦਾ ਸੀ। ਜਦੋਂ ਮੈਂ ਦਸ ਸਾਲ ਦਾ ਸੀ, ਉਸ ਨੇ ਮੈਨੂੰ ਕਿਹਾ, ‘ਤੂੰ ਵੀ ਇਕ ਸਰਕਟ ਨਿਗਾਹਬਾਨ ਬਣੇਂਗਾ।’ ਕਿਸ਼ੋਰ ਅਵਸਥਾ ਦੇ ਕਠਿਨ ਸਾਲਾਂ ਦੌਰਾਨ, ਮੈਂ ਅਕਸਰ ਉਸ ਨੂੰ ਲੱਭਦਾ ਸੀ ਕਿਉਂਕਿ ਉਸ ਦੇ ਕੋਲ ਹਮੇਸ਼ਾ ਦੱਸਣ ਲਈ ਬੁੱਧੀ ਦੀਆਂ ਗੱਲਾਂ ਹੁੰਦੀਆਂ ਸਨ। ਇੱਜੜ ਦੀ ਰੱਖਵਾਲੀ ਕਰਨਾ ਹੀ ਉਸ ਦਾ ਜੀਵਨ ਸੀ! ਹੁਣ ਜਦ ਕਿ ਮੈਂ ਇਕ ਸਰਕਟ ਨਿਗਾਹਬਾਨ ਹਾਂ, ਮੈਂ ਹਮੇਸ਼ਾ ਨੌਜਵਾਨਾਂ ਨੂੰ ਸਮਾਂ ਦੇਣ ਅਤੇ ਉਨ੍ਹਾਂ ਦੇ ਅੱਗੇ ਦੈਵ-ਸ਼ਾਸਕੀ ਟੀਚੇ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਜਿਵੇਂ ਕਿ ਉਸ ਨੇ ਮੇਰੇ ਲਈ ਕੀਤਾ ਸੀ। ਆਪਣੇ ਜੀਵਨ ਦੇ ਅੰਤਿਮ ਸਾਲਾਂ ਵਿਚ ਵੀ, ਦਿਲ ਦੇ ਦੌਰੇ ਦੀਆਂ ਸਮੱਸਿਆਵਾਂ ਦੇ ਬਾਵਜੂਦ, ਭਰਾ ਪੀ— ਨੇ ਹਮੇਸ਼ਾ ਉਤਸ਼ਾਹਜਨਕ ਗੱਲਾਂ ਕਹਿਣ ਦੀ ਕੋਸ਼ਿਸ਼ ਕੀਤੀ। ਫਰਵਰੀ 1995 ਵਿਚ ਆਪਣੀ ਮੌਤ ਤੋਂ ਕੇਵਲ ਇਕ ਦਿਨ ਪਹਿਲਾਂ, ਉਹ ਮੇਰੇ ਨਾਲ ਇਕ ਵਿਸ਼ੇਸ਼ ਸੰਮੇਲਨ ਦਿਨ ਦੇ ਲਈ ਗਏ ਅਤੇ ਇਕ ਭਰਾ ਜੋ ਕਿ ਇਕ ਆਰਕੀਟੈਕਟ ਹੈ, ਦੇ ਅੱਗੇ ਚੰਗੇ ਟੀਚੇ ਰੱਖੇ। ਉਸ ਭਰਾ ਨੇ ਤੁਰੰਤ ਬੈਥਲ ਵਿਚ ਸੇਵਾ ਕਰਨ ਦੇ ਲਈ ਅਰਜ਼ੀ ਦੇ ਦਿੱਤੀ।”
ਉਨ੍ਹਾਂ ਦੀ ਕਦਰ ਕੀਤੀ ਜਾਂਦੀ ਹੈ
8. ਅਫ਼ਸੀਆਂ ਅਧਿਆਇ 4 ਵਿਚ ਵਰਣਿਤ “ਮਨੁੱਖਾਂ ਨੂੰ ਦਾਨ” ਕੌਣ ਹਨ, ਅਤੇ ਉਹ ਕਲੀਸਿਯਾ ਨੂੰ ਕਿਵੇਂ ਲਾਭ ਪਹੁੰਚਾਉਂਦੇ ਹਨ?
8 ਪਰਮੇਸ਼ੁਰ ਦੀ ਅਯੋਗ ਦਿਆਲਗੀ ਦੇ ਕਾਰਨ ਸੇਵਾ ਦੀ ਕਾਰਜ-ਨਿਯੁਕਤੀ ਨਾਲ ਵਰੋਸਾਏ ਗਏ ਸਫ਼ਰੀ ਨਿਗਾਹਬਾਨਾਂ ਅਤੇ ਦੂਜੇ ਬਜ਼ੁਰਗਾਂ ਨੂੰ “ਮਨੁੱਖਾਂ ਨੂੰ ਦਾਨ” ਸੱਦਿਆ ਜਾਂਦਾ ਹੈ। ਯਹੋਵਾਹ ਦੇ ਪ੍ਰਤਿਨਿਧ ਅਤੇ ਕਲੀਸਿਯਾ ਦੇ ਸਿਰ ਦੇ ਤੌਰ ਤੇ, ਯਿਸੂ ਨੇ ਇਨ੍ਹਾਂ ਅਧਿਆਤਮਿਕ ਮਨੁੱਖਾਂ ਨੂੰ ਪ੍ਰਦਾਨ ਕੀਤਾ ਹੈ ਤਾਂਕਿ ਅਸੀਂ ਵਿਅਕਤੀਗਤ ਤੌਰ ਤੇ ਉਤਸ਼ਾਹਿਤ ਹੋਈਏ ਅਤੇ ਪ੍ਰੌੜ੍ਹਤਾ ਹਾਸਲ ਕਰੀਏ। (ਅਫ਼ਸੀਆਂ 4:8-15) ਕਿਸੇ ਵੀ ਦਾਨ ਦੇ ਲਈ ਕਦਰਦਾਨੀ ਅਭਿਵਿਅਕਤ ਕਰਨਾ ਯੋਗ ਹੈ। ਇਹ ਖ਼ਾਸ ਤੌਰ ਤੇ ਅਜਿਹੇ ਦਾਨ ਦੇ ਬਾਰੇ ਸੱਚ ਹੈ ਜੋ ਸਾਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੇ ਲਈ ਮਜ਼ਬੂਤ ਕਰਦਾ ਹੈ। ਤਾਂ ਫਿਰ, ਅਸੀਂ ਸਫ਼ਰੀ ਨਿਗਾਹਬਾਨਾਂ ਦੇ ਕੰਮ ਲਈ ਆਪਣੀ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ? ਅਸੀਂ ਕਿਹੜੇ ਤਰੀਕਿਆਂ ਵਿਚ ਦਿਖਾ ਸਕਦੇ ਹਾਂ ਕਿ ਅਸੀਂ ‘ਇਨ੍ਹਾਂ ਦਾ ਆਦਰ ਕਰਦੇ’ ਹਾਂ?—ਫ਼ਿਲਿੱਪੀਆਂ 2:29.
9. ਅਸੀਂ ਕਿਹੜੇ ਤਰੀਕਿਆਂ ਵਿਚ ਸਫ਼ਰੀ ਨਿਗਾਹਬਾਨਾਂ ਦੇ ਲਈ ਕਦਰਦਾਨੀ ਦਿਖਾ ਸਕਦੇ ਹਾਂ?
9 ਜਦੋਂ ਸਰਕਟ ਨਿਗਾਹਬਾਨ ਦੀ ਮੁਲਾਕਾਤ ਦਾ ਐਲਾਨ ਕੀਤਾ ਜਾਂਦਾ ਹੈ, ਤਾਂ ਅਸੀਂ ਉਸ ਹਫ਼ਤੇ ਲਈ ਕਲੀਸਿਯਾ ਦੀਆਂ ਸਰਗਰਮੀਆਂ ਵਿਚ ਪੂਰਾ ਭਾਗ ਲੈਣ ਦੇ ਲਈ ਯੋਜਨਾ ਬਣਾਉਣੀ ਸ਼ੁਰੂ ਕਰ ਸਕਦੇ ਹਾਂ। ਸ਼ਾਇਦ ਅਸੀਂ ਮੁਲਾਕਾਤ ਦੇ ਦੌਰਾਨ ਖੇਤਰ ਸੇਵਾ ਦੇ ਪ੍ਰਬੰਧਾਂ ਨੂੰ ਸਮਰਥਨ ਦੇਣ ਦੇ ਲਈ ਜ਼ਿਆਦਾ ਸਮਾਂ ਅਲੱਗ ਰੱਖ ਸਕਦੇ ਹਾਂ। ਅਸੀਂ ਸ਼ਾਇਦ ਉਸ ਮਹੀਨੇ ਦੇ ਦੌਰਾਨ ਸਹਿਯੋਗੀ ਪਾਇਨੀਅਰਾਂ ਦੇ ਤੌਰ ਤੇ ਸੇਵਾ ਕਰ ਸਕੀਏ। ਯਕੀਨਨ ਅਸੀਂ ਆਪਣੀ ਸੇਵਕਾਈ ਨੂੰ ਸੁਧਾਰਨ ਲਈ ਸਰਕਟ ਨਿਗਾਹਬਾਨ ਦੀਆਂ ਸੁਝਾਵਾਂ ਉੱਤੇ ਅਮਲ ਕਰਨਾ ਚਾਹਾਂਗੇ। ਅਜਿਹੀ ਗ੍ਰਹਿਣਸ਼ੀਲ ਭਾਵਨਾ ਸਾਨੂੰ ਲਾਭ ਪਹੁੰਚਾਏਗੀ ਅਤੇ ਉਸ ਨੂੰ ਮੁੜ ਭਰੋਸਾ ਦੇਵੇਗੀ ਕਿ ਉਸ ਦੀ ਮੁਲਾਕਾਤ ਇਕ ਲਾਭਦਾਇਕ ਮੁਲਾਕਾਤ ਹੈ। ਜੀ ਹਾਂ, ਸਫ਼ਰੀ ਨਿਗਾਹਬਾਨ ਸਾਨੂੰ ਉਤਸ਼ਾਹਿਤ ਕਰਨ ਦੇ ਲਈ ਕਲੀਸਿਯਾ ਨਾਲ ਮੁਲਾਕਾਤ ਕਰਦੇ ਹਨ, ਲੇਕਿਨ ਉਨ੍ਹਾਂ ਨੂੰ ਵੀ ਅਧਿਆਤਮਿਕ ਤੌਰ ਤੇ ਉਤਸ਼ਾਹਿਤ ਹੋਣ ਦੀ ਜ਼ਰੂਰਤ ਹੈ। ਅਜਿਹੇ ਸਮੇਂ ਸਨ ਜਦੋਂ ਪੌਲੁਸ ਨੂੰ ਉਤਸ਼ਾਹ ਦੀ ਲੋੜ ਸੀ, ਅਤੇ ਉਸ ਨੇ ਅਕਸਰ ਸੰਗੀ ਮਸੀਹੀਆਂ ਨੂੰ ਉਸ ਦੇ ਲਈ ਪ੍ਰਾਰਥਨਾ ਕਰਨ ਲਈ ਆਖਿਆ। (ਰਸੂਲਾਂ ਦੇ ਕਰਤੱਬ 28:15; ਰੋਮੀਆਂ 15:30-32; 2 ਕੁਰਿੰਥੀਆਂ 1:11; ਕੁਲੁੱਸੀਆਂ 4:2, 3; 1 ਥੱਸਲੁਨੀਕੀਆਂ 5:25) ਇਸੇ ਤਰ੍ਹਾਂ ਵਰਤਮਾਨ-ਦਿਨ ਦੇ ਸਫ਼ਰੀ ਨਿਗਾਹਬਾਨਾਂ ਨੂੰ ਸਾਡੀਆਂ ਪ੍ਰਾਰਥਨਾਵਾਂ ਅਤੇ ਉਤਸ਼ਾਹ ਦੀ ਲੋੜ ਹੈ।
10. ਅਸੀਂ ਇਕ ਸਫ਼ਰੀ ਨਿਗਾਹਬਾਨ ਦੇ ਕੰਮ ਨੂੰ ਆਨੰਦਮਈ ਬਣਾਉਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ?
10 ਕੀ ਅਸੀਂ ਸਰਕਟ ਨਿਗਾਹਬਾਨ ਅਤੇ ਉਸ ਦੀ ਪਤਨੀ ਨੂੰ ਦੱਸਿਆ ਹੈ ਕਿ ਅਸੀਂ ਉਨ੍ਹਾਂ ਦੀਆਂ ਮੁਲਾਕਾਤਾਂ ਦੀ ਕਿੰਨੀ ਕਦਰ ਪਾਉਂਦੇ ਹਾਂ? ਜੋ ਸਹਾਇਕ ਸਲਾਹ ਉਹ ਸਾਨੂੰ ਦਿੰਦਾ ਹੈ, ਕੀ ਉਸ ਦੇ ਲਈ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ? ਜਦੋਂ ਖੇਤਰ ਸੇਵਾ ਬਾਰੇ ਉਸ ਦੇ ਸੁਝਾਉ ਸੇਵਕਾਈ ਵਿਚ ਸਾਡੇ ਆਨੰਦ ਨੂੰ ਵਧਾਉਂਦੇ ਹਨ, ਤਾਂ ਕੀ ਅਸੀਂ ਉਸ ਨੂੰ ਦੱਸਦੇ ਹਾਂ? ਜੇਕਰ ਅਸੀਂ ਕਰਦੇ ਹਾਂ, ਤਾਂ ਇਹ ਉਸ ਦੇ ਕੰਮ ਨੂੰ ਆਨੰਦਮਈ ਬਣਾਉਣ ਵਿਚ ਮਦਦ ਕਰੇਗਾ। (ਇਬਰਾਨੀਆਂ 13:17) ਸਪੇਨ ਵਿਚ ਇਕ ਸਰਕਟ ਨਿਗਾਹਬਾਨ ਨੇ ਖ਼ਾਸ ਤੌਰ ਤੇ ਇਸ ਉੱਤੇ ਟਿੱਪਣੀ ਕੀਤੀ ਕਿ ਉਹ ਅਤੇ ਉਸ ਦੀ ਪਤਨੀ ਉਨ੍ਹਾਂ ਧੰਨਵਾਦ ਦੇ ਰੁੱਕਿਆਂ ਦੀ ਕਿੰਨੀ ਕਦਰ ਕਰਦੇ ਹਨ ਜੋ ਉਨ੍ਹਾਂ ਨੂੰ ਕਲੀਸਿਯਾ ਨਾਲ ਮੁਲਾਕਾਤ ਕਰਨ ਮਗਰੋਂ ਹਾਸਲ ਹੋਏ ਹਨ। “ਅਸੀਂ ਇਨ੍ਹਾਂ ਕਾਰਡਾਂ ਨੂੰ ਸਾਂਭ ਦੇ ਰੱਖਦੇ ਹਾਂ ਅਤੇ ਜਦੋਂ ਅਸੀਂ ਨਿਰਉਤਸ਼ਾਹਿਤ ਮਹਿਸੂਸ ਕਰ ਰਹੇ ਹੁੰਦੇ ਹਾਂ, ਉਦੋਂ ਅਸੀਂ ਇਨ੍ਹਾਂ ਨੂੰ ਪੜ੍ਹਦੇ ਹਾਂ,” ਉਹ ਕਹਿੰਦਾ ਹੈ। “ਇਹ ਅਸਲੀ ਉਤਸ਼ਾਹ ਦਾ ਸ੍ਰੋਤ ਹਨ।”
11. ਸਾਨੂੰ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨਾਂ ਦੀਆਂ ਪਤਨੀਆਂ ਨੂੰ ਇਹ ਕਿਉਂ ਦੱਸਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨਾਲ ਪਿਆਰ ਅਤੇ ਉਨ੍ਹਾਂ ਦੀ ਕਦਰ ਕਰਦੇ ਹਾਂ?
11 ਸਫ਼ਰੀ ਨਿਗਾਹਬਾਨ ਦੀ ਪਤਨੀ ਪ੍ਰਸ਼ੰਸਾ ਦੇ ਸ਼ਬਦਾਂ ਤੋਂ ਯਕੀਨਨ ਲਾਭ ਹਾਸਲ ਕਰਦੀ ਹੈ। ਉਸ ਨੇ ਸੇਵਾ ਦੇ ਇਸ ਖੇਤਰ ਵਿਚ ਆਪਣੇ ਪਤੀ ਨੂੰ ਸਹਾਇਤਾ ਦੇਣ ਦੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਇਨ੍ਹਾਂ ਵਫ਼ਾਦਾਰ ਭੈਣਾਂ ਨੇ ਆਪਣਾ ਖ਼ੁਦ ਦਾ ਘਰ ਹੋਣ ਦੀ ਅਤੇ, ਅਨੇਕ ਮਾਮਲਿਆਂ ਵਿਚ, ਬੱਚੇ ਪੈਦਾ ਕਰਨ ਦੀ ਵੀ ਕੁਦਰਤੀ ਇੱਛਾ ਨੂੰ ਤਿਆਗਿਆ ਹੈ। ਯਿਫ਼ਤਾਹ ਦੀ ਧੀ ਯਹੋਵਾਹ ਦੀ ਇਕ ਸੇਵਕੀ ਸੀ ਜਿਸ ਨੇ ਆਪਣੇ ਪਿਤਾ ਦੀ ਸੁੱਖਣਾ ਦੇ ਕਾਰਨ ਆਪਣੀ ਖ਼ੁਸ਼ੀ ਨਾਲ ਪਤੀ ਅਤੇ ਪਰਿਵਾਰ ਹੋਣ ਦੇ ਮੌਕੇ ਨੂੰ ਤਿਆਗ ਦਿੱਤਾ। (ਨਿਆਈਆਂ 11:30-39) ਉਸ ਦੀ ਕੁਰਬਾਨੀ ਨੂੰ ਕਿਵੇਂ ਵਿਚਾਰਿਆ ਗਿਆ? ਨਿਆਈਆਂ 11:40 ਬਿਆਨ ਕਰਦਾ ਹੈ: “ਵਰਹੇ ਦੇ ਵਰਹੇ ਇਸਰਾਏਲ ਦੀਆਂ ਧੀਆਂ ਵਰਹੇ ਵਿੱਚ ਚਾਰ ਦਿਨ ਤੋੜੀ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ [“ਦੀ ਸ਼ਲਾਘਾ,” ਨਿ ਵ] ਕਰਨ ਜਾਂਦੀਆਂ ਸਨ।” ਇਹ ਕਿੰਨਾ ਹੀ ਚੰਗਾ ਹੁੰਦਾ ਹੈ ਜਦੋਂ ਅਸੀਂ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨਾਂ ਦੀਆਂ ਪਤਨੀਆਂ ਨੂੰ ਇਹ ਦੱਸਣ ਦਾ ਜਤਨ ਕਰਦੇ ਹਾਂ ਕਿ ਅਸੀਂ ਉਨ੍ਹਾਂ ਨਾਲ ਪਿਆਰ ਅਤੇ ਉਨ੍ਹਾਂ ਦੀ ਕਦਰ ਕਰਦੇ ਹਾਂ!
“ਪਰਾਹੁਣਚਾਰੀ ਕਰਨੀ ਨਾ ਭੁੱਲਿਓ”
12, 13. (ੳ) ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਪਰਾਹੁਣਚਾਰੀ ਦਿਖਾਉਣ ਦਾ ਸ਼ਾਸਤਰ-ਸੰਬੰਧੀ ਆਧਾਰ ਕੀ ਹੈ? (ਅ) ਉਦਾਹਰਣ ਦੁਆਰਾ ਸਮਝਾਓ ਕਿ ਅਜਿਹੀ ਪਰਾਹੁਣਚਾਰੀ ਦੋਹਾਂ ਪਾਸਿਆਂ ਤੋਂ ਕਿਵੇਂ ਲਾਭਦਾਇਕ ਹੋ ਸਕਦੀ ਹੈ।
12 ਪਰਾਹੁਣਚਾਰੀ ਦਿਖਾਉਣੀ ਮਸੀਹੀ ਸਫ਼ਰੀ ਕਾਰਜ ਕਰਨ ਵਾਲਿਆਂ ਦੇ ਲਈ ਪ੍ਰੇਮ ਅਤੇ ਕਦਰਦਾਨੀ ਪ੍ਰਦਰਸ਼ਿਤ ਕਰਨ ਦਾ ਇਕ ਹੋਰ ਤਰੀਕਾ ਹੈ। (ਇਬਰਾਨੀਆਂ 13:2) ਸਫ਼ਰੀ ਮਿਸ਼ਨਰੀਆਂ ਦੇ ਤੌਰ ਤੇ ਕਲੀਸਿਯਾ ਨਾਲ ਮੁਲਾਕਾਤ ਕਰਨ ਵਾਲਿਆਂ ਨੂੰ ਪਰਾਹੁਣਚਾਰੀ ਦਿਖਾਉਣ ਦੇ ਲਈ ਰਸੂਲ ਯੂਹੰਨਾ ਨੇ ਗਾਯੁਸ ਦੀ ਸ਼ਲਾਘਾ ਕੀਤੀ। ਯੂਹੰਨਾ ਨੇ ਲਿਖਿਆ: “ਪਿਆਰਿਆ, ਤੂੰ ਜੋ ਸੇਵਾ ਭਰਾਵਾਂ ਨਾਲ ਅਤੇ ਪਰਦੇਸੀਆਂ ਨਾਲ ਵੀ ਕਰਦਾ ਹੈਂ ਸੋ ਵਫ਼ਾਦਾਰੀ ਦਾ ਕੰਮ ਕਰਦਾ ਹੈਂ। ਜਿਨ੍ਹਾਂ ਨੇ ਕਲੀਸਿਯਾ ਦੇ ਅੱਗੇ ਤੇਰੇ ਪ੍ਰੇਮ ਦੀ ਸਾਖੀ ਦਿੱਤੀ। ਜੇ ਤੂੰ ਓਹਨਾਂ ਨੂੰ ਅਗਾਹਾਂ ਪੁਚਾ ਦੇਵੇਂ ਜਿਸ ਤਰਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਰਨਾ ਜੋਗ ਹੈ ਤਾਂ ਚੰਗਾ ਕਰੇਂ। ਕਿਉਂ ਜੋ ਓਹ ਉਸ ਨਾਮ ਦੇ ਨਮਿੱਤ ਨਿੱਕਲ ਤੁਰੇ ਅਤੇ ਪਰਾਈਆਂ ਕੌਮਾਂ ਤੋਂ ਕੁਝ ਨਹੀਂ ਲੈਂਦੇ। ਇਸ ਲਈ ਸਾਨੂੰ ਚਾਹੀਦਾ ਹੈ ਜੋ ਏਹੋ ਜੇਹਿਆਂ ਦੀ ਆਗਤ ਭਾਗਤ ਕਰੀਏ ਭਈ ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋਈਏ।” (3 ਯੂਹੰਨਾ 5-8) ਅੱਜ, ਅਸੀਂ ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਸਮਾਨ ਪਰਾਹੁਣਚਾਰੀ ਦਿਖਾਉਣ ਦੇ ਦੁਆਰਾ ਰਾਜ-ਪ੍ਰਚਾਰ ਸਰਗਰਮੀਆਂ ਨੂੰ ਅੱਗੇ ਵਧਾ ਸਕਦੇ ਹਾਂ। ਬੇਸ਼ੱਕ, ਸਥਾਨਕ ਬਜ਼ੁਰਗਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਨਿਵਾਸ-ਸਥਾਨ ਤਸੱਲੀਬਖ਼ਸ਼ ਹਨ, ਲੇਕਿਨ ਇਕ ਜ਼ਿਲ੍ਹਾ ਨਿਗਾਹਬਾਨ ਨੇ ਕਿਹਾ: “ਭਰਾਵਾਂ ਦੇ ਨਾਲ ਸਾਡਾ ਸੰਬੰਧ ਇਸ ਗੱਲ ਉੱਤੇ ਆਧਾਰਿਤ ਨਹੀਂ ਹੋ ਸਕਦਾ ਹੈ ਕਿ ਕੌਣ ਸਾਡੇ ਲਈ ਕੁਝ ਕਰ ਸਕਦਾ ਹੈ। ਅਸੀਂ ਅਜਿਹਾ ਪ੍ਰਭਾਵ ਵੀ ਨਹੀਂ ਦੇਣਾ ਚਾਹਾਂਗੇ। ਸਾਨੂੰ ਆਪਣੇ ਕਿਸੇ ਵੀ ਭਰਾ, ਅਮੀਰ ਜਾਂ ਗਰੀਬ, ਦੀ ਪਰਾਹੁਣਚਾਰੀ ਸਵੀਕਾਰ ਕਰਨ ਦੇ ਲਈ ਤਿਆਰ ਹੋਣਾ ਚਾਹੀਦਾ ਹੈ।”
13 ਪਰਾਹੁਣਚਾਰੀ ਦੋਹਾਂ ਪਾਸਿਆਂ ਤੋਂ ਲਾਭਦਾਇਕ ਹੋ ਸਕਦੀ ਹੈ। “ਮੇਰੇ ਪਰਿਵਾਰ ਵਿਚ, ਸਫ਼ਰੀ ਨਿਗਾਹਬਾਨਾਂ ਨੂੰ ਆਪਣੇ ਨਾਲ ਠਹਿਰਨ ਦੇ ਲਈ ਸੱਦਣ ਦਾ ਰਿਵਾਜ ਸੀ,” ਜ਼ੋਰਜ਼ੇ, ਇਕ ਸਾਬਕਾ ਸਰਕਟ ਨਿਗਾਹਬਾਨ ਚੇਤੇ ਕਰਦਾ ਹੈ, ਜੋ ਹੁਣ ਬੈਥਲ ਵਿਚ ਸੇਵਾ ਕਰ ਰਿਹਾ ਹੈ। “ਮੈਂ ਸੋਚਦਾ ਹਾਂ ਕਿ ਇਨ੍ਹਾਂ ਮੁਲਾਕਾਤਾਂ ਨੇ ਮੇਰੀ ਇੰਨੀ ਮਦਦ ਕੀਤੀ ਜਿੰਨੀ ਕਿ ਮੈਨੂੰ ਉਦੋਂ ਅਹਿਸਾਸ ਨਹੀਂ ਸੀ। ਮੇਰੀ ਕਿਸ਼ੋਰ ਅਵਸਥਾ ਦੇ ਦੌਰਾਨ, ਮੇਰੀਆਂ ਅਧਿਆਤਮਿਕ ਸਮੱਸਿਆਵਾਂ ਸਨ। ਮੇਰੀ ਮਾਂ ਇਸ ਦੇ ਬਾਰੇ ਚਿੰਤਿਤ ਸੀ ਲੇਕਿਨ ਨਹੀਂ ਜਾਣਦੀ ਸੀ ਕਿ ਅਸਲ ਵਿਚ ਕਿਵੇਂ ਮਦਦ ਕਰੇ ਅਤੇ ਇਸ ਲਈ ਉਸ ਨੇ ਸਰਕਟ ਨਿਗਾਹਬਾਨ ਨੂੰ ਮੇਰੇ ਨਾਲ ਗੱਲ ਕਰਨ ਦੇ ਲਈ ਕਿਹਾ। ਪਹਿਲਾਂ-ਪਹਿਲ ਤਾਂ ਮੈਂ ਉਸ ਤੋਂ ਕਤਰਾਉਂਦਾ ਸੀ, ਕਿਉਂਕਿ ਮੈਂ ਆਲੋਚਨਾ ਕੀਤੇ ਜਾਣ ਤੋਂ ਡਰਦਾ ਸੀ। ਪਰੰਤੂ ਉਸ ਦੇ ਦੋਸਤਾਨਾ ਵਿਵਹਾਰ ਨੇ ਆਖ਼ਰਕਾਰ ਮੈਨੂੰ ਜਿੱਤ ਲਿਆ। ਉਸ ਨੇ ਇਕ ਸੋਮਵਾਰ ਮੈਨੂੰ ਆਪਣੇ ਨਾਲ ਭੋਜਨ ਕਰਨ ਦੇ ਲਈ ਬੁਲਾਇਆ, ਅਤੇ ਮੈਂ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ ਕਿਉਂਕਿ ਮੈਂ ਨਿਸ਼ਚਿਤ ਮਹਿਸੂਸ ਕੀਤਾ ਕਿ ਮੈਨੂੰ ਸਮਝਿਆ ਜਾ ਰਿਹਾ ਸੀ। ਉਸ ਨੇ ਧਿਆਨਪੂਰਵਕ ਸੁਣਿਆ। ਉਸ ਦੇ ਵਿਵਹਾਰਕ ਸੁਝਾਉ ਸੱਚ-ਮੁੱਚ ਅਸਰਦਾਰ ਸਨ, ਅਤੇ ਮੈਂ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲੱਗਾ।”
14. ਸਾਨੂੰ ਸਫ਼ਰੀ ਬਜ਼ੁਰਗਾਂ ਦੇ ਬਾਰੇ ਆਲੋਚਨਾਤਮਕ ਹੋਣ ਦੀ ਬਜਾਇ ਕਦਰਦਾਨ ਕਿਉਂ ਹੋਣਾ ਚਾਹੀਦਾ ਹੈ?
14 ਇਕ ਸਫ਼ਰੀ ਨਿਗਾਹਬਾਨ ਜਵਾਨ ਅਤੇ ਬਿਰਧ ਦੋਹਾਂ ਦੇ ਪ੍ਰਤੀ ਅਧਿਆਤਮਿਕ ਰੂਪ ਵਿਚ ਸਹਾਈ ਹੋਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਫਿਰ, ਨਿਸ਼ਚੇ ਹੀ ਸਾਨੂੰ ਉਸ ਦਿਆਂ ਜਤਨਾਂ ਦੇ ਲਈ ਆਪਣੀ ਕਦਰਦਾਨੀ ਦਿਖਾਉਣੀ ਚਾਹੀਦੀ ਹੈ। ਪਰੰਤੂ, ਉਦੋਂ ਕੀ, ਜੇਕਰ ਅਸੀਂ ਉਸ ਦੀਆਂ ਕਮਜ਼ੋਰੀਆਂ ਦੇ ਕਾਰਨ ਉਸ ਦੀ ਆਲੋਚਨਾ ਕਰੀਏ ਜਾਂ ਕਲੀਸਿਯਾ ਨਾਲ ਮੁਲਾਕਾਤ ਕਰਨ ਵਾਲੇ ਦੂਜੇ ਵਿਅਕਤੀਆਂ ਦੇ ਨਾਲ ਉਸ ਦੀ ਅਸੁਖਾਵੇਂ ਰੂਪ ਵਿਚ ਤੁਲਨਾ ਕਰੀਏ? ਸੰਭਾਵੀ, ਇਹ ਬਹੁਤ ਹੀ ਨਿਰਾਸ਼ਾਜਨਕ ਹੋਵੇਗਾ। ਪੌਲੁਸ ਦੇ ਲਈ ਆਪਣੇ ਕਾਰਜ ਦੀ ਆਲੋਚਨਾ ਸੁਣਨਾ ਉਤਸ਼ਾਹਜਨਕ ਨਹੀਂ ਸੀ। ਜ਼ਾਹਰਾ ਤੌਰ ਤੇ, ਕੁਝ ਕੁਰਿੰਥੀ ਮਸੀਹੀ ਉਸ ਦੀ ਦਿੱਖ ਅਤੇ ਬੋਲਣ ਦੀ ਯੋਗਤਾ ਦੇ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਰਹੇ ਸਨ। ਉਸ ਨੇ ਖ਼ੁਦ ਅਜਿਹੇ ਆਲੋਚਕਾਂ ਦਿਆਂ ਇਨ੍ਹਾਂ ਸ਼ਬਦਾਂ ਦਾ ਹਵਾਲਾ ਦਿੱਤਾ: “ਉਹ ਦੀਆਂ ਪੱਤ੍ਰੀਆਂ ਤਾਂ ਭਾਰੀਆਂ ਅਤੇ ਤਕੜੀਆਂ ਹਨ ਪਰ ਆਪ ਦੇਹੀ ਨਾਲ ਸਨਮੁਖ ਹੋ ਕੇ ਨਿਰਬਲ ਹੈ ਅਤੇ ਉਹ ਦਾ ਬਚਨ ਤੁੱਛ ਹੈ।” (2 ਕੁਰਿੰਥੀਆਂ 10:10) ਲੇਕਿਨ, ਖ਼ੁਸ਼ੀ ਦੀ ਗੱਲ ਹੈ ਕਿ ਸਫ਼ਰੀ ਨਿਗਾਹਬਾਨ ਅਕਸਰ ਪ੍ਰੇਮਮਈ ਪ੍ਰਸ਼ੰਸਾ ਦੇ ਸ਼ਬਦ ਸੁਣਦੇ ਹਨ।
15, 16. ਸਫ਼ਰੀ ਨਿਗਾਹਬਾਨ ਅਤੇ ਉਨ੍ਹਾਂ ਦੀਆਂ ਪਤਨੀਆਂ ਆਪਣੇ ਸੰਗੀ ਵਿਸ਼ਵਾਸੀਆਂ ਦੁਆਰਾ ਦਿਖਾਏ ਗਏ ਪ੍ਰੇਮ ਅਤੇ ਜੋਸ਼ ਤੋਂ ਕਿਵੇਂ ਪ੍ਰਭਾਵਿਤ ਹੁੰਦੇ ਹਨ?
15 ਲਾਤੀਨੀ ਅਮਰੀਕਾ ਵਿਚ ਇਕ ਸਰਕਟ ਨਿਗਾਹਬਾਨ ਚਿੱਕੜ ਭਰੀਆਂ ਪਗਡੰਡੀਆਂ ਤੇ ਪੂਰਾ ਦਿਨ ਸਫ਼ਰ ਕਰਦਾ ਹੈ ਤਾਂਕਿ ਗੁਰੀਲਾ ਦੁਆਰਾ ਨਿਯੰਤ੍ਰਿਤ ਖੇਤਰ ਵਿਚ ਰਹਿਣ ਵਾਲੇ ਆਪਣੇ ਅਧਿਆਤਮਿਕ ਭਰਾਵਾਂ ਅਤੇ ਭੈਣਾਂ ਨਾਲ ਮੁਲਾਕਾਤ ਕਰ ਸਕੇ। “ਮੁਲਾਕਾਤ ਦੇ ਲਈ ਭਰਾ ਜਿਸ ਤਰੀਕੇ ਤੋਂ ਆਪਣੀ ਕਦਰਦਾਨੀ ਦਿਖਾਉਂਦੇ ਹਨ, ਇਸ ਨੂੰ ਦੇਖਣਾ ਦਿਲ-ਟੁੰਬਵਾਂ ਹੈ,” ਉਹ ਲਿਖਦਾ ਹੈ। “ਹਾਲਾਂਕਿ ਮੈਨੂੰ ਅਨੇਕ ਖ਼ਤਰਿਆਂ ਅਤੇ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹੋਏ, ਉੱਥੇ ਪਹੁੰਚਣ ਲਈ ਕਾਫ਼ੀ ਜਤਨ ਕਰਨਾ ਪੈਂਦਾ ਹੈ, ਇਨ੍ਹਾਂ ਸਾਰਿਆਂ ਦਾ ਪ੍ਰਤਿਫਲ ਭਰਾਵਾਂ ਦੁਆਰਾ ਦਿਖਾਇਆ ਗਿਆ ਪ੍ਰੇਮ ਅਤੇ ਜੋਸ਼ ਹੈ।”
16 ਅਫ਼ਰੀਕਾ ਵਿਚ ਇਕ ਸਰਕਟ ਨਿਗਾਹਬਾਨ ਲਿਖਦਾ ਹੈ: “ਭਰਾਵਾਂ ਦੁਆਰਾ ਸਾਨੂੰ ਦਿਖਾਏ ਗਏ ਪ੍ਰੇਮ ਦੇ ਕਾਰਨ, ਅਸੀਂ ਤਨਜ਼ਾਨੀਆ ਦੇ ਖੇਤਰ ਨੂੰ ਅਤਿ ਪਸੰਦ ਕਰਦੇ ਸਨ! ਭਰਾ ਸਾਡੇ ਤੋਂ ਸਿੱਖਣ ਦੇ ਲਈ ਤਿਆਰ ਸਨ, ਅਤੇ ਉਹ ਸਾਨੂੰ ਆਪਣੇ ਘਰਾਂ ਵਿਚ ਠਹਿਰਾ ਕੇ ਖ਼ੁਸ਼ ਸਨ।” ਰਸੂਲ ਪੌਲੁਸ ਅਤੇ ਪਹਿਲੀ-ਸਦੀ ਦੇ ਮਸੀਹੀ ਵਿਆਹੁਤਾ ਜੋੜੇ ਅਕੂਲਾ ਅਤੇ ਪਰਿਸਕਾ ਦੇ ਦਰਮਿਆਨ ਇਕ ਪ੍ਰੇਮਮਈ ਅਤੇ ਆਨੰਦਮਈ ਰਿਸ਼ਤਾ ਸੀ। ਅਸਲ ਵਿਚ, ਪੌਲੁਸ ਨੇ ਉਨ੍ਹਾਂ ਦੇ ਬਾਰੇ ਕਿਹਾ: “ਪਰਿਸਕਾ ਅਤੇ ਅਕੂਲਾ ਨੂੰ ਸੁਖ ਸਾਂਦ ਆਖਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ। ਜਿਨ੍ਹਾਂ ਮੇਰੀ ਜਾਨ ਦੇ ਬਦਲੇ [‘ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ,’ ਨਿ ਵ] ਅਤੇ ਨਿਰਾ ਮੈਂ ਹੀ ਤਾਂ ਨਹੀਂ ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸਿਯਾਂ ਓਹਨਾਂ ਦਾ ਧੰਨਵਾਦ ਕਰਦੀਆਂ ਹਨ।” (ਰੋਮੀਆਂ 16:3, 4) ਸਫ਼ਰੀ ਨਿਗਾਹਬਾਨ ਅਤੇ ਉਨ੍ਹਾਂ ਦੀਆਂ ਪਤਨੀਆਂ ਧੰਨਵਾਦੀ ਹਨ ਕਿ ਉਨ੍ਹਾਂ ਦੇ ਮਿੱਤਰ ਆਧੁਨਿਕ-ਦਿਨ ਦੇ ਅਕੂਲਾ ਅਤੇ ਪਰਿਸਕਾ ਹਨ, ਜੋ ਪਰਾਹੁਣਚਾਰੀ ਦਿਖਾਉਣ ਅਤੇ ਸੰਗਤ ਪ੍ਰਦਾਨ ਕਰਨ ਦੇ ਲਈ ਉਚੇਚੇ ਜਤਨ ਕਰਦੇ ਹਨ।
ਕਲੀਸਿਯਾਵਾਂ ਨੂੰ ਮਜ਼ਬੂਤ ਕਰਨਾ
17. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਸਫ਼ਰੀ ਨਿਗਾਹਬਾਨ ਦੇ ਪ੍ਰਬੰਧ ਦੇ ਪਿੱਛੇ ਬੁੱਧ ਹੈ, ਅਤੇ ਉਹ ਆਪਣੀ ਹਿਦਾਇਤ ਕਿੱਥੋਂ ਹਾਸਲ ਕਰਦੇ ਹਨ?
17 ਯਿਸੂ ਨੇ ਕਿਹਾ: “ਬੁੱਧ ਆਪਣੇ ਕਰਮਾਂ ਤੋਂ ਧਰਮੀ ਸਿੱਧ ਹੁੰਦੀ ਹੈ।” (ਮੱਤੀ 11:19, ਨਿ ਵ) ਸਫ਼ਰੀ-ਨਿਗਾਹਬਾਨ ਪ੍ਰਬੰਧ ਦੇ ਪਿੱਛੇ ਬੁੱਧ ਇਸ ਵਿਚ ਸਪੱਸ਼ਟ ਹੁੰਦੀ ਹੈ ਕਿ ਇਹ ਪਰਮੇਸ਼ੁਰ ਦੇ ਲੋਕਾਂ ਦੀਆਂ ਕਲੀਸਿਯਾਵਾਂ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਪੌਲੁਸ ਦੇ ਦੂਜੇ ਮਿਸ਼ਨਰੀ ਸਫ਼ਰ ਦੇ ਦੌਰਾਨ, ਉਸ ਨੇ ਅਤੇ ਸੀਲਾਸ ਨੇ ਸਫ਼ਲਤਾਪੂਰਵਕ ‘ਸੁਰਿਯਾ ਅਤੇ ਕਿਲਿਕਿਯਾ ਵਿੱਚ ਫਿਰਦੇ ਹੋਏ ਕਲੀਸਿਯਾਂ ਨੂੰ ਤਕੜੇ ਕੀਤਾ।’ ਰਸੂਲਾਂ ਦੇ ਕਰਤੱਬ ਦੀ ਪੋਥੀ ਸਾਨੂੰ ਦੱਸਦੀ ਹੈ: “ਓਹ ਨਗਰ ਨਗਰ ਫਿਰਦਿਆਂ ਹੋਇਆਂ ਓਹ ਹੁਕਮ ਜਿਹੜੇ ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ ਮੰਨਣ ਲਈ ਓਹਨਾਂ ਨੂੰ ਸੌਂਪਦੇ ਗਏ। ਸੋ ਕਲੀਸਿਯਾਂ ਨਿਹਚਾ ਵਿੱਚ ਤਕੜੀਆਂ ਹੁੰਦੀਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।” (ਰਸੂਲਾਂ ਦੇ ਕਰਤੱਬ 15:40, 41; 16:4, 5) ਵਰਤਮਾਨ-ਦਿਨ ਦੇ ਸਫ਼ਰੀ ਨਿਗਾਹਬਾਨ ਸ਼ਾਸਤਰ ਦੁਆਰਾ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨਾਂ ਦੁਆਰਾ ਅਧਿਆਤਮਿਕ ਹਿਦਾਇਤ ਹਾਸਲ ਕਰਦੇ ਹਨ, ਜਿਵੇਂ ਕਿ ਬਾਕੀ ਸਾਰੇ ਮਸੀਹੀ ਵੀ ਕਰਦੇ ਹਨ।—ਮੱਤੀ 24:45.
18. ਸਫ਼ਰੀ ਨਿਗਾਹਬਾਨ ਕਲੀਸਿਯਾਵਾਂ ਨੂੰ ਕਿਵੇਂ ਮਜ਼ਬੂਤ ਕਰਦੇ ਹਨ?
18 ਜੀ ਹਾਂ, ਸਫ਼ਰੀ ਬਜ਼ੁਰਗਾਂ ਨੂੰ ਯਹੋਵਾਹ ਦੇ ਅਧਿਆਤਮਿਕ ਮੇਜ਼ ਤੋਂ ਭੋਜਨ ਲੈਂਦੇ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦਾ ਸੰਗਠਨ ਜਿਹੜੇ ਕਾਇਦੇ ਅਤੇ ਮਾਰਗ-ਦਰਸ਼ਨਾਂ ਦੀ ਪੈਰਵੀ ਕਰਦਾ ਹੈ, ਇਨ੍ਹਾਂ ਦੇ ਨਾਲ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਪਰਿਚਿਤ ਹੋਣਾ ਚਾਹੀਦਾ ਹੈ। ਫਿਰ ਅਜਿਹੇ ਮਨੁੱਖ ਦੂਜਿਆਂ ਦੇ ਲਈ ਇਕ ਅਸਲੀ ਬਰਕਤ ਹੋ ਸਕਦੇ ਹਨ। ਖੇਤਰ ਸੇਵਾ ਵਿਚ ਆਪਣੇ ਜੋਸ਼ ਦੀ ਉੱਤਮ ਮਿਸਾਲ ਦੇ ਦੁਆਰਾ, ਉਹ ਸੰਗੀ ਵਿਸ਼ਵਾਸੀਆਂ ਨੂੰ ਮਸੀਹੀ ਸੇਵਕਾਈ ਵਿਚ ਬਿਹਤਰ ਹੋਣ ਦੀ ਮਦਦ ਦੇ ਸਕਦੇ ਹਨ। ਇਨ੍ਹਾਂ ਮੁਲਾਕਾਤ ਕਰਨ ਵਾਲੇ ਬਜ਼ੁਰਗਾਂ ਦੁਆਰਾ ਦਿੱਤੇ ਗਏ ਬਾਈਬਲ-ਆਧਾਰਿਤ ਭਾਸ਼ਣ, ਸੁਣਨ ਵਾਲਿਆਂ ਨੂੰ ਅਧਿਆਤਮਿਕ ਤੌਰ ਤੇ ਉਤਸ਼ਾਹਿਤ ਕਰਦੇ ਹਨ। ਦੂਜਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਲਾਹ ਲਾਗੂ ਕਰਨ, ਧਰਤੀ ਭਰ ਵਿਚ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਸੇਵਾ ਕਰਨ, ਅਤੇ ਪਰਮੇਸ਼ੁਰ ਵੱਲੋਂ ‘ਮਾਤਬਰ ਨੌਕਰ’ ਦੁਆਰਾ ਮੁਹੱਈਆ ਕੀਤੇ ਗਏ ਅਧਿਆਤਮਿਕ ਪ੍ਰਬੰਧਾਂ ਨੂੰ ਇਸਤੇਮਾਲ ਕਰਨ ਦੇ ਲਈ ਮਦਦ ਦੇਣ ਦੇ ਦੁਆਰਾ, ਸਫ਼ਰੀ ਨਿਗਾਹਬਾਨ ਉਨ੍ਹਾਂ ਕਲੀਸਿਯਾਵਾਂ ਨੂੰ ਮਜ਼ਬੂਤ ਕਰਦੇ ਹਨ ਜਿਨ੍ਹਾਂ ਨਾਲ ਮੁਲਾਕਾਤ ਕਰਨ ਦਾ ਉਨ੍ਹਾਂ ਨੂੰ ਵਿਸ਼ੇਸ਼-ਸਨਮਾਨ ਹਾਸਲ ਹੈ।
19. ਵਿਚਾਰ ਲਈ ਕਿਹੜੇ ਸਵਾਲ ਬਾਕੀ ਹਨ?
19 ਜਦੋਂ ਯਹੋਵਾਹ ਦੇ ਸੰਗਠਨ ਨੇ ਲਗਭਗ ਇਕ ਸੌ ਸਾਲ ਪਹਿਲਾਂ ਬਾਈਬਲ ਸਟੂਡੈਂਟਸ ਦੇ ਦਰਮਿਆਨ ਸਫ਼ਰੀ ਨਿਗਾਹਬਾਨਾਂ ਦਾ ਕੰਮ ਸ਼ੁਰੂ ਕੀਤਾ, ਉਦੋਂ ਇਸ ਰਸਾਲੇ ਨੇ ਬਿਆਨ ਕੀਤਾ: “ਅਸੀਂ ਨਤੀਜਿਆਂ ਦੀ ਅਤੇ ਪ੍ਰਭੂ ਦੀ ਅਤਿਰਿਕਤ ਅਗਵਾਈ ਦੀ ਰਾਹ ਦੇਖਾਂਗੇ।” ਯਹੋਵਾਹ ਦੀ ਅਗਵਾਈ ਪ੍ਰਤੱਖ ਰੂਪ ਵਿਚ ਸਪੱਸ਼ਟ ਰਹੀ ਹੈ। ਉਸ ਦੀ ਬਰਕਤ ਦੇ ਕਾਰਨ ਅਤੇ ਪ੍ਰਬੰਧਕ ਸਭਾ ਦੀ ਦੇਖ-ਰੇਖ ਦੇ ਅਧੀਨ, ਇਹ ਕੰਮ ਸਾਲਾਂ ਦੇ ਦੌਰਾਨ ਫੈਲਾਇਆ ਗਿਆ ਹੈ ਅਤੇ ਨਫ਼ੀਸ ਕੀਤਾ ਗਿਆ ਹੈ। ਸਿੱਟੇ ਵਜੋਂ, ਪੂਰੀ ਧਰਤੀ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਨਿਹਚੇ ਵਿਚ ਮਜ਼ਬੂਤ ਕੀਤੀਆਂ ਜਾ ਰਹੀਆਂ ਹਨ ਅਤੇ ਦਿਨ-ਬ-ਦਿਨ ਗਿਣਤੀ ਵਿਚ ਵੱਧ ਰਹੀਆਂ ਹਨ। ਜ਼ਾਹਰਾ ਤੌਰ ਤੇ, ਯਹੋਵਾਹ ਇਨ੍ਹਾਂ ਮਨੁੱਖਾਂ ਨੂੰ ਦਾਨ ਦੀ ਆਤਮ-ਬਲੀਦਾਨੀ ਭਾਵਨਾ ਉੱਤੇ ਬਰਕਤ ਦੇ ਰਿਹਾ ਹੈ। ਪਰੰਤੂ ਸਫ਼ਰੀ ਨਿਗਾਹਬਾਨ ਆਪਣੇ ਕੰਮ ਨੂੰ ਸਫ਼ਲਤਾਪੂਰਵਕ ਕਿਵੇਂ ਨਿਭਾ ਸਕਦੇ ਹਨ? ਉਨ੍ਹਾਂ ਦੇ ਉਦੇਸ਼ ਕੀ ਹਨ? ਉਹ ਸਭ ਤੋਂ ਜ਼ਿਆਦਾ ਲਾਭ ਕਿਵੇਂ ਪਹੁੰਚਾ ਸਕਦੇ ਹਨ?
ਤੁਸੀਂ ਕਿਵੇਂ ਜਵਾਬ ਦਿਓਗੇ?
◻ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨਾਂ ਦੇ ਕੁਝ ਕੰਮ ਕਿਹੜੇ ਹਨ?
◻ ਸਫ਼ਰੀ ਨਿਗਾਹਬਾਨਾਂ ਨੂੰ ਆਤਮ-ਬਲੀਦਾਨੀ ਭਾਵਨਾ ਰੱਖਣ ਦੀ ਜ਼ਰੂਰਤ ਕਿਉਂ ਹੈ?
◻ ਸਫ਼ਰੀ ਬਜ਼ੁਰਗਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਕੰਮ ਲਈ ਕਦਰਦਾਨੀ ਕਿਵੇਂ ਦਿਖਾਈ ਜਾ ਸਕਦੀ ਹੈ?
◻ ਸਫ਼ਰੀ ਨਿਗਾਹਬਾਨ ਕਲੀਸਿਯਾਵਾਂ ਨੂੰ ਨਿਹਚਾ ਵਿਚ ਦ੍ਰਿੜ੍ਹ ਬਣਾਉਣ ਦੇ ਲਈ ਕੀ ਕਰ ਸਕਦੇ ਹਨ?
ਦੌਰੇ ਤੇ ਰਹਿਣਾ ਆਤਮ-ਬਲੀਦਾਨੀ ਦੀ ਭਾਵਨਾ ਦੀ ਮੰਗ ਕਰਦਾ ਹੈ
[ਸਫ਼ੇ 22 ਉੱਤੇ ਤਸਵੀਰ]
ਕੀ ਤੁਸੀਂ ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਪਰਾਹੁਣਚਾਰੀ ਦਿਖਾਈ ਹੈ?