ਕਿਵੇਂ ਸਫ਼ਰੀ ਨਿਗਾਹਬਾਨ ਮਾਤਬਰ ਮੁਖ਼ਤਿਆਰਾਂ ਦੇ ਤੌਰ ਤੇ ਸੇਵਾ ਕਰਦੇ ਹਨ
“ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਓਸ ਨਾਲ ਇੱਕ ਦੂਏ ਦੀ ਟਹਿਲ ਕਰੋ ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਨੇਕ ਮੁਖਤਿਆਰਾਂ ਨੂੰ ਉਚਿੱਤ ਹੈ।”—1 ਪਤਰਸ 4:10.
1, 2. (ੳ) ਤੁਸੀਂ ਸ਼ਬਦ “ਮੁਖ਼ਤਿਆਰ” ਨੂੰ ਕਿਵੇਂ ਪਰਿਭਾਸ਼ਿਤ ਕਰੋਗੇ? (ਅ) ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਮੁਖ਼ਤਿਆਰਾਂ ਵਿਚ ਕੌਣ ਸ਼ਾਮਲ ਹਨ?
ਯਹੋਵਾਹ ਸਾਰੇ ਵਫ਼ਾਦਾਰ ਮਸੀਹੀਆਂ ਨੂੰ ਮੁਖ਼ਤਿਆਰਾਂ ਦੇ ਤੌਰ ਤੇ ਇਸਤੇਮਾਲ ਕਰਦਾ ਹੈ। ਇਕ ਮੁਖ਼ਤਿਆਰ ਅਕਸਰ ਉਹ ਸੇਵਕ ਹੁੰਦਾ ਹੈ ਜਿਸ ਦੇ ਸਪੁਰਦ ਘਰਬਾਰ ਹੁੰਦਾ ਹੈ। ਉਹ ਸ਼ਾਇਦ ਆਪਣੇ ਮਾਲਕ ਦੇ ਕਾਰੋਬਾਰੀ ਮਾਮਲਿਆਂ ਨੂੰ ਵੀ ਸੰਭਾਲੇ। (ਲੂਕਾ 16:1-3; ਗਲਾਤੀਆਂ 4:1, 2) ਯਿਸੂ ਨੇ ਧਰਤੀ ਉੱਤੇ ਮਸਹ ਕੀਤੇ ਹੋਏ ਨਿਸ਼ਠਾਵਾਨ ਵਿਅਕਤੀਆਂ ਦੇ ਆਪਣੇ ਸਮੂਹ ਨੂੰ ‘ਮਾਤਬਰ ਮੁਖ਼ਤਿਆਰ’ ਆਖਿਆ। ਇਸ ਮੁਖ਼ਤਿਆਰ ਦੇ ਸਪੁਰਦ ਉਸ ਨੇ ‘ਆਪਣਾ ਸਾਰਾ ਮਾਲ ਮਤਾ’ ਕਰ ਦਿੱਤਾ ਹੈ, ਜਿਸ ਵਿਚ ਰਾਜ-ਪ੍ਰਚਾਰ ਸਰਗਰਮੀਆਂ ਵੀ ਸ਼ਾਮਲ ਹਨ।—ਲੂਕਾ 12:42-44; ਮੱਤੀ 24:14, 45.
2 ਰਸੂਲ ਪਤਰਸ ਨੇ ਕਿਹਾ ਕਿ ਸਾਰੇ ਮਸੀਹੀ, ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਮੁਖ਼ਤਿਆਰ ਹਨ। ਹਰੇਕ ਮਸੀਹੀ ਦੀ ਇਕ ਥਾਂ ਹੈ ਜਿਸ ਵਿਚ ਉਹ ਮਾਤਬਰ ਮੁਖ਼ਤਿਆਰੀ ਨੂੰ ਪੂਰਾ ਕਰ ਸਕਦਾ ਹੈ। (1 ਪਤਰਸ 4:10) ਨਿਯੁਕਤ ਮਸੀਹੀ ਬਜ਼ੁਰਗ ਮੁਖ਼ਤਿਆਰ ਹਨ, ਅਤੇ ਇਨ੍ਹਾਂ ਵਿਚ ਸਫ਼ਰੀ ਨਿਗਾਹਬਾਨ ਸ਼ਾਮਲ ਹਨ। (ਤੀਤੁਸ 1:7) ਇਨ੍ਹਾਂ ਸਫ਼ਰੀ ਬਜ਼ੁਰਗਾਂ ਨੂੰ ਕਿਵੇਂ ਵਿਚਾਰਿਆ ਜਾਣਾ ਚਾਹੀਦਾ ਹੈ? ਉਨ੍ਹਾਂ ਦੇ ਕਿਹੜੇ ਗੁਣ ਅਤੇ ਉਦੇਸ਼ ਹੋਣੇ ਚਾਹੀਦੇ ਹਨ? ਅਤੇ ਉਹ ਸਭ ਤੋਂ ਜ਼ਿਆਦਾ ਲਾਭ ਕਿਵੇਂ ਪਹੁੰਚਾ ਸਕਦੇ ਹਨ?
ਉਨ੍ਹਾਂ ਦੀ ਸੇਵਾ ਲਈ ਧੰਨਵਾਦੀ
3. ਸਫ਼ਰੀ ਨਿਗਾਹਬਾਨਾਂ ਨੂੰ ‘ਨੇਕ ਮੁਖਤਿਆਰ’ ਕਿਉਂ ਕਿਹਾ ਜਾ ਸਕਦਾ ਹੈ?
3 ਇਕ ਸਫ਼ਰੀ ਨਿਗਾਹਬਾਨ ਅਤੇ ਉਸ ਦੀ ਪਤਨੀ ਨੂੰ ਲਿਖਦੇ ਹੋਏ, ਇਕ ਮਸੀਹੀ ਵਿਆਹੁਤਾ ਜੋੜੇ ਨੇ ਕਿਹਾ: “ਅਸੀਂ ਉਸ ਸਾਰੇ ਸਮੇਂ ਅਤੇ ਪ੍ਰੇਮ ਦੇ ਲਈ ਆਪਣਾ ਧੰਨਵਾਦ ਪ੍ਰਗਟ ਕਰਨਾ ਚਾਹੁੰਦੇ ਹਾਂ ਜੋ ਤੁਸੀਂ ਸਾਨੂੰ ਦਿੱਤਾ ਹੈ। ਇਕ ਪਰਿਵਾਰ ਦੇ ਤੌਰ ਤੇ, ਅਸੀਂ ਤੁਹਾਡੀ ਸਾਰੀ ਹੌਸਲਾ-ਅਫ਼ਜ਼ਾਈ ਅਤੇ ਸਲਾਹ ਤੋਂ ਬਹੁਤ ਲਾਭ ਹਾਸਲ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਸਾਨੂੰ ਅਧਿਆਤਮਿਕ ਤੌਰ ਤੇ ਵਧਦੇ ਰਹਿਣਾ ਹੈ, ਲੇਕਿਨ ਯਹੋਵਾਹ ਦੀ ਮਦਦ ਨਾਲ ਅਤੇ ਤੁਹਾਡੇ ਵਰਗੇ ਭਰਾਵਾਂ ਅਤੇ ਭੈਣਾਂ ਦੇ ਹੁੰਦਿਆਂ, ਇਹ ਵਧਣ ਦੀਆਂ ਪੀੜਾਂ ਜ਼ਿਆਦਾ ਸੌਖੀਆਂ ਕੀਤੀਆਂ ਜਾਂਦੀਆਂ ਹਨ।” ਅਜਿਹੀਆਂ ਅਭਿਵਿਅਕਤੀਆਂ ਆਮ ਪਾਈਆਂ ਜਾਂਦੀਆਂ ਹਨ ਕਿਉਂਕਿ ਸਫ਼ਰੀ ਨਿਗਾਹਬਾਨ ਸੰਗੀ ਵਿਸ਼ਵਾਸੀਆਂ ਵਿਚ ਨਿੱਜੀ ਦਿਲਚਸਪੀ ਲੈਂਦੇ ਹਨ, ਠੀਕ ਜਿਵੇਂ ਇਕ ਚੰਗਾ ਮੁਖ਼ਤਿਆਰ ਘਰਬਾਰ ਦੀਆਂ ਜ਼ਰੂਰਤਾਂ ਦੀ ਚੰਗੀ ਦੇਖ-ਭਾਲ ਕਰਦਾ ਹੈ। ਕੁਝ ਤਾਂ ਸਿਰਕੱਢਵੇਂ ਭਾਸ਼ਣਕਾਰ ਹਨ। ਅਨੇਕ ਪ੍ਰਚਾਰ ਕੰਮ ਵਿਚ ਮਾਹਰ ਹਨ, ਜਦ ਕਿ ਦੂਜੇ ਆਪਣੇ ਨਿੱਘ ਅਤੇ ਹਮਦਰਦੀ ਦੇ ਲਈ ਜਾਣੇ ਜਾਂਦੇ ਹਨ। ਦੂਜਿਆਂ ਦੀ ਟਹਿਲ ਕਰਨ ਵਿਚ ਅਜਿਹੇ ਗੁਣਾਂ ਨੂੰ ਵਿਕਸਿਤ ਕਰਨ ਅਤੇ ਵਰਤਣ ਦੇ ਦੁਆਰਾ, ਸਫ਼ਰੀ ਨਿਗਾਹਬਾਨਾਂ ਨੂੰ ਉਚਿਤ ਤੌਰ ਤੇ ‘ਨੇਕ ਮੁਖਤਿਆਰ’ ਕਿਹਾ ਜਾ ਸਕਦਾ ਹੈ।
4. ਹੁਣ ਕਿਹੜੇ ਸਵਾਲ ਉੱਤੇ ਚਰਚਾ ਕੀਤੀ ਜਾਵੇਗੀ?
4 “ਮੁਖਤਿਆਰਾਂ ਵਿੱਚ ਇਹ ਚਾਹੀਦਾ ਹੈ ਜੋ ਓਹ ਮਾਤਬਰ ਹੋਣ,” ਰਸੂਲ ਪੌਲੁਸ ਨੇ ਲਿਖਿਆ। (1 ਕੁਰਿੰਥੀਆਂ 4:2) ਹਰ ਹਫ਼ਤੇ ਇਕ ਭਿੰਨ ਕਲੀਸਿਯਾ ਵਿਚ ਸੰਗੀ ਮਸੀਹੀਆਂ ਦੀ ਟਹਿਲ ਕਰਨੀ ਇਕ ਅਨੋਖਾ ਅਤੇ ਆਨੰਦਮਈ ਵਿਸ਼ੇਸ਼-ਸਨਮਾਨ ਹੈ। ਪਰੰਤੂ, ਇਹ ਇਕ ਭਾਰੀ ਜ਼ਿੰਮੇਵਾਰੀ ਵੀ ਹੈ। ਤਾਂ ਫਿਰ, ਸਫ਼ਰੀ ਨਿਗਾਹਬਾਨ ਆਪਣੀ ਮੁਖ਼ਤਿਆਰੀ ਨੂੰ ਕਿਵੇਂ ਵਫ਼ਾਦਾਰੀ ਨਾਲ ਅਤੇ ਸਫ਼ਲਤਾਪੂਰਵਕ ਪੂਰਾ ਕਰ ਸਕਦੇ ਹਨ?
ਸਫ਼ਲਤਾਪੂਰਵਕ ਆਪਣੀ ਮੁਖ਼ਤਿਆਰੀ ਨੂੰ ਪੂਰਾ ਕਰਨਾ
5, 6. ਸਫ਼ਰੀ ਨਿਗਾਹਬਾਨ ਦੇ ਜੀਵਨ ਵਿਚ ਯਹੋਵਾਹ ਉੱਤੇ ਪ੍ਰਾਰਥਨਾਪੂਰਣ ਨਿਰਭਰਤਾ ਕਿਉਂ ਇੰਨੀ ਮਹੱਤਵਪੂਰਣ ਹੈ?
5 ਜੇਕਰ ਸਫ਼ਰੀ ਨਿਗਾਹਬਾਨਾਂ ਨੇ ਸਫ਼ਲ ਮੁਖ਼ਤਿਆਰ ਬਣਨਾ ਹੈ, ਤਾਂ ਯਹੋਵਾਹ ਉੱਤੇ ਪ੍ਰਾਰਥਨਾਪੂਰਣ ਨਿਰਭਰਤਾ ਅਤਿ-ਆਵੱਸ਼ਕ ਹੈ। ਆਪਣੇ ਕਾਰਜਕ੍ਰਮ ਅਤੇ ਅਨੇਕ ਜ਼ਿੰਮੇਵਾਰੀਆਂ ਦੇ ਕਰਕੇ, ਉਹ ਕਦੇ-ਕਦਾਈਂ ਭਾਰ ਦੇ ਹੇਠ ਦੱਬੇ ਹੋਏ ਮਹਿਸੂਸ ਕਰ ਸਕਦੇ ਹਨ। (ਤੁਲਨਾ ਕਰੋ 2 ਕੁਰਿੰਥੀਆਂ 5:4.) ਇਸ ਲਈ ਉਨ੍ਹਾਂ ਨੂੰ ਜ਼ਬੂਰ ਦੇ ਲਿਖਾਰੀ ਦਾਊਦ ਦੇ ਇਸ ਗੀਤ ਦੇ ਇਕਸਾਰ ਕੰਮ ਕਰਨ ਦੀ ਜ਼ਰੂਰਤ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰ 55:22) ਦਾਊਦ ਦੇ ਇਹ ਸ਼ਬਦ ਵੀ ਦਿਲਾਸਾ ਭਰੇ ਹਨ: “ਪ੍ਰਭੁ ਮੁਬਾਰਕ ਹੋਵੇ ਜਿਹੜਾ ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ।”—ਜ਼ਬੂਰ 68:19.
6 ਪੌਲੁਸ ਨੂੰ ਆਪਣੀਆਂ ਅਧਿਆਤਮਿਕ ਜ਼ਿੰਮੇਵਾਰੀਆਂ ਦੀ ਦੇਖ-ਭਾਲ ਕਰਨ ਲਈ ਤਾਕਤ ਕਿੱਥੋਂ ਮਿਲੀ? “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ,” ਉਸ ਨੇ ਲਿਖਿਆ। (ਫ਼ਿਲਿੱਪੀਆਂ 4:13) ਜੀ ਹਾਂ, ਯਹੋਵਾਹ ਪਰਮੇਸ਼ੁਰ ਪੌਲੁਸ ਦੀ ਤਾਕਤ ਦਾ ਸ੍ਰੋਤ ਸੀ। ਇਸੇ ਤਰ੍ਹਾਂ, ਪਤਰਸ ਨੇ ਸਲਾਹ ਦਿੱਤੀ: “ਜੇ ਕੋਈ ਟਹਿਲ ਕਰੇ ਤਾਂ ਓਸ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ੁਰ ਦਿੰਦਾ ਹੈ ਭਈ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾ ਕੀਤੀ ਜਾਵੇ।” (1 ਪਤਰਸ 4:11) ਇਕ ਭਰਾ ਜੋ ਕਾਫ਼ੀ ਸਾਲਾਂ ਲਈ ਸਫ਼ਰੀ ਨਿਗਾਹਬਾਨ ਸੀ, ਨੇ ਪਰਮੇਸ਼ੁਰ ਉੱਤੇ ਨਿਰਭਰਤਾ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹੋਏ ਆਖਿਆ: “ਸਮੱਸਿਆਵਾਂ ਨਾਲ ਨਜਿੱਠਦੇ ਸਮੇਂ ਹਮੇਸ਼ਾ ਯਹੋਵਾਹ ਦੇ ਵੱਲ ਦੇਖੋ, ਅਤੇ ਉਸ ਦੇ ਸੰਗਠਨ ਦੀ ਸਹਾਇਤਾ ਭਾਲੋ।”
7. ਇਕ ਸਫ਼ਰੀ ਨਿਗਾਹਬਾਨ ਦੇ ਕੰਮ ਵਿਚ ਸੰਤੁਲਨ ਕਿਵੇਂ ਇਕ ਭੂਮਿਕਾ ਅਦਾ ਕਰਦਾ ਹੈ?
7 ਇਕ ਸਫ਼ਲ ਸਫ਼ਰੀ ਨਿਗਾਹਬਾਨ ਨੂੰ ਸੰਤੁਲਨ ਦੀ ਜ਼ਰੂਰਤ ਹੈ। ਦੂਜੇ ਮਸੀਹੀਆਂ ਦੀ ਤਰ੍ਹਾਂ, ਉਹ ‘ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਨਿਸ਼ਚਿਤ ਕਰਨ’ ਦੀ ਕੋਸ਼ਿਸ਼ ਕਰਦਾ ਹੈ। (ਫ਼ਿਲਿੱਪੀਆਂ 1:10, ਨਿ ਵ)a ਜਦੋਂ ਸਥਾਨਕ ਬਜ਼ੁਰਗਾਂ ਕੋਲ ਕਿਸੇ ਖ਼ਾਸ ਮਾਮਲੇ ਉੱਤੇ ਸਵਾਲ ਹੁੰਦੇ ਹਨ, ਤਾਂ ਉਨ੍ਹਾਂ ਲਈ ਬੁੱਧੀਮਤਾ ਦੀ ਗੱਲ ਹੈ ਕਿ ਉਹ ਮੁਲਾਕਾਤ ਕਰ ਰਹੇ ਸਫ਼ਰੀ ਨਿਗਾਹਬਾਨ ਨਾਲ ਮਸ਼ਵਰਾ ਕਰਨ। (ਕਹਾਉਤਾਂ 11:14; 15:22) ਸੰਭਵ ਹੈ, ਉਸ ਦੀਆਂ ਸੰਤੁਲਿਤ ਟਿੱਪਣੀਆਂ ਅਤੇ ਸ਼ਾਸਤਰ-ਸੰਬੰਧੀ ਸਲਾਹ ਬਹੁਤ ਹੀ ਸਹਾਈ ਸਾਬਤ ਹੋਣਗੀਆਂ, ਜਿਉਂ ਹੀ ਕਲੀਸਿਯਾ ਤੋਂ ਉਸ ਦੇ ਚਲੇ ਜਾਣ ਮਗਰੋਂ ਬਜ਼ੁਰਗ ਮਾਮਲੇ ਨੂੰ ਸੰਭਾਲਣਾ ਜਾਰੀ ਰੱਖਦੇ ਹਨ। ਕੁਝ ਕੁ ਮਿਲਦੀ-ਜੁਲਦੀ ਵਿਚਾਰਧਾਰਾ ਤੇ, ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਜਿਹੜੀਆਂ ਗੱਲਾਂ ਤੈਂ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੈਥੋਂ ਸੁਣੀਆਂ ਅਜੇਹਿਆਂ ਮਾਤਬਰ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਜੋਗ ਹੋਣ।”—2 ਤਿਮੋਥਿਉਸ 2:2.
8. ਬਾਈਬਲ ਅਧਿਐਨ, ਅਨੁਸੰਧਾਨ, ਅਤੇ ਮਨਨ ਕਿਉਂ ਅਤਿ-ਆਵੱਸ਼ਕ ਹੈ?
8 ਠੋਸ ਸਲਾਹ ਦੇਣ ਦੇ ਲਈ ਸ਼ਾਸਤਰ-ਸੰਬੰਧੀ ਅਧਿਐਨ, ਅਨੁਸੰਧਾਨ, ਅਤੇ ਮਨਨ ਦੀ ਲੋੜ ਹੈ। (ਕਹਾਉਤਾਂ 15:28) ਇਕ ਜ਼ਿਲ੍ਹਾ ਨਿਗਾਹਬਾਨ ਨੇ ਕਿਹਾ: “ਬਜ਼ੁਰਗਾਂ ਨਾਲ ਮਿਲਦੇ ਸਮੇਂ, ਸਾਨੂੰ ਇਹ ਕਬੂਲ ਕਰਨ ਤੋਂ ਡਰਨਾ ਨਹੀਂ ਚਾਹੀਦਾ ਹੈ ਕਿ ਸਾਨੂੰ ਕਿਸੇ ਖ਼ਾਸ ਸਵਾਲ ਦਾ ਜਵਾਬ ਨਹੀਂ ਪਤਾ।” ਕਿਸੇ ਮਾਮਲੇ ਉੱਤੇ “ਮਸੀਹ ਦੀ ਬੁੱਧੀ” ਹਾਸਲ ਕਰਨ ਦਾ ਜਤਨ ਕਰਨਾ, ਅਜਿਹੀ ਬਾਈਬਲ-ਆਧਾਰਿਤ ਸਲਾਹ ਦੇਣੀ ਮੁਮਕਿਨ ਬਣਾਉਂਦਾ ਹੈ ਜੋ ਦੂਜਿਆਂ ਨੂੰ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਚੱਲਣ ਵਿਚ ਮਦਦ ਕਰੇਗੀ। (1 ਕੁਰਿੰਥੀਆਂ 2:16) ਕਦੇ-ਕਦੇ ਸਫ਼ਰੀ ਨਿਗਾਹਬਾਨ ਨੂੰ ਨਿਰਦੇਸ਼ਨ ਦੇ ਲਈ ਵਾਚ ਟਾਵਰ ਸੋਸਾਇਟੀ ਨੂੰ ਲਿਖਣ ਦੀ ਜ਼ਰੂਰਤ ਪੈਂਦੀ ਹੈ। ਕੁਝ ਵੀ ਹੋਵੇ, ਯਹੋਵਾਹ ਵਿਚ ਨਿਹਚਾ ਅਤੇ ਸੱਚਾਈ ਦੇ ਲਈ ਪ੍ਰੇਮ, ਅਕਸ ਜਾਂ ਭਾਸ਼ਣ-ਕਲਾ ਤੋਂ ਕਿਤੇ ਵੱਧ ਮਹੱਤਵਪੂਰਣ ਹਨ। “ਬਚਨ ਯਾ ਗਿਆਨ ਦੀ ਉੱਤਮਤਾਈ” ਨਾਲ ਆਉਣ ਦੀ ਬਜਾਇ, ਪੌਲੁਸ ਨੇ ਕੁਰਿੰਥੁਸ ਵਿਚ ਆਪਣੀ ਸੇਵਕਾਈ ਨੂੰ “ਦੁਰਬਲਤਾਈ ਅਤੇ ਭੈ ਅਤੇ ਵੱਡੇ ਕਾਂਬੇ ਨਾਲ” ਸ਼ੁਰੂ ਕੀਤਾ। ਕੀ ਇਸ ਨੇ ਉਸ ਨੂੰ ਪ੍ਰਭਾਵਹੀਣ ਬਣਾ ਦਿੱਤਾ? ਇਸ ਦੇ ਉਲਟ, ਇਸ ਨੇ ਕੁਰਿੰਥੀਆਂ ਨੂੰ “ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ” ਨਿਹਚਾ ਕਰਨ ਵਿਚ ਮਦਦ ਕੀਤੀ।—1 ਕੁਰਿੰਥੀਆਂ 2:1-5.
ਦੂਜੇ ਅਤਿ-ਆਵੱਸ਼ਕ ਗੁਣ
9. ਸਫ਼ਰੀ ਬਜ਼ੁਰਗਾਂ ਨੂੰ ਸਮਾਨ-ਅਨੁਭੂਤੀ ਦੀ ਜ਼ਰੂਰਤ ਕਿਉਂ ਹੈ?
9 ਸਮਾਨ-ਅਨੁਭੂਤੀ ਸਫ਼ਰੀ ਨਿਗਾਹਬਾਨਾਂ ਨੂੰ ਚੰਗੇ ਨਤੀਜੇ ਹਾਸਲ ਕਰਨ ਵਿਚ ਮਦਦ ਕਰਦੀ ਹੈ। ਪਤਰਸ ਨੇ ਸਾਰੇ ਮਸੀਹੀਆਂ ਨੂੰ ਜ਼ੋਰ ਦਿੱਤਾ ਕਿ “ਆਪੋ ਵਿੱਚੀਂ ਦਰਦੀ ਬਣੋ,” ਜਾਂ “ਹਮਦਰਦ” (ਨਿ ਵ, ਫੁਟਨੋਟ) ਹੋਵੋ। (1 ਪਤਰਸ 3:8) ਇਕ ਸਰਕਟ ਨਿਗਾਹਬਾਨ ‘ਕਲੀਸਿਯਾ ਵਿਚ ਹਰੇਕ ਵਿਅਕਤੀ ਵਿਚ ਦਿਲਚਸਪੀ ਰੱਖਣ ਅਤੇ ਸੱਚੇ ਦਿੱਲੋਂ ਧਿਆਨ ਦੇਣ’ ਦੀ ਜ਼ਰੂਰਤ ਨੂੰ ਮਹਿਸੂਸ ਕਰਦਾ ਹੈ। ਇਸੇ ਭਾਵਨਾ ਦੇ ਨਾਲ, ਪੌਲੁਸ ਨੇ ਲਿਖਿਆ: “ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ।” (ਰੋਮੀਆਂ 12:15) ਅਜਿਹੀ ਮਨੋਬਿਰਤੀ ਸਫ਼ਰੀ ਨਿਗਾਹਬਾਨਾਂ ਨੂੰ ਪ੍ਰੇਰਿਤ ਕਰਦੀ ਹੈ ਕਿ ਉਹ ਸੰਗੀ ਵਿਸ਼ਵਾਸੀਆਂ ਦੀਆਂ ਸਮੱਸਿਆਵਾਂ ਅਤੇ ਹਾਲਾਤ ਨੂੰ ਸਮਝਣ ਦੇ ਲਈ ਤੀਬਰ ਜਤਨ ਕਰਨ। ਫਿਰ ਉਹ ਉਤਸ਼ਾਹਜਨਕ ਸ਼ਾਸਤਰ-ਸੰਬੰਧੀ ਸਲਾਹ ਦੇ ਸਕਦੇ ਹਨ ਜੋ ਅਸਲੀ ਲਾਭ ਪਹੁੰਚਾ ਸਕਦੀ ਹੈ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ। ਇਕ ਸਰਕਟ ਨਿਗਾਹਬਾਨ ਜੋ ਸਮਾਨ-ਅਨੁਭੂਤੀ ਦਿਖਾਉਣ ਵਿਚ ਮਾਹਰ ਹੈ, ਨੂੰ ਇਟਲੀ ਵਿਚ, ਟਿਊਰਿਨ ਨੇੜੇ ਇਕ ਕਲੀਸਿਯਾ ਤੋਂ ਇਹ ਚਿੱਠੀ ਮਿਲੀ: “ਜੇਕਰ ਤੁਸੀਂ ਦਿਲਚਸਪ ਬਣਨਾ ਚਾਹੁੰਦੇ ਹੋ, ਤਾਂ ਦਿਲਚਸਪੀ ਲਓ; ਜੇਕਰ ਤੁਸੀਂ ਮਨਮੋਹਕ ਹੋਣਾ ਚਾਹੁੰਦੇ ਹੋ, ਤਾਂ ਮਨੋਹਰ ਬਣੋ; ਜੇਕਰ ਤੁਸੀਂ ਪਿਆਰ ਪਾਉਣਾ ਚਾਹੁੰਦੇ ਹੋ, ਤਾਂ ਪਿਆਰ ਕਰਨ ਯੋਗ ਬਣੋ; ਜੇਕਰ ਤੁਸੀਂ ਮਦਦ ਪਾਉਣੀ ਚਾਹੁੰਦੇ ਹੋ, ਤਾਂ ਮਦਦ ਕਰਨ ਦੇ ਲਈ ਤਿਆਰ ਰਹੋ। ਇਹੋ ਗੱਲ ਅਸੀਂ ਤੁਹਾਡੇ ਤੋਂ ਸਿੱਖੀ ਹੈ!”
10. ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨਾਂ ਨੇ ਨਿਮਰ ਹੋਣ ਦੇ ਬਾਰੇ ਕੀ ਕਿਹਾ ਹੈ, ਅਤੇ ਯਿਸੂ ਨੇ ਇਸ ਸੰਬੰਧ ਵਿਚ ਕਿਹੜੀ ਮਿਸਾਲ ਕਾਇਮ ਕੀਤੀ?
10 ਨਿਮਰ ਅਤੇ ਮਿਲਣਸਾਰ ਹੋਣਾ ਸਫ਼ਰੀ ਨਿਗਾਹਬਾਨਾਂ ਨੂੰ ਕਾਫ਼ੀ ਲਾਭ ਪਹੁੰਚਾਉਣ ਵਿਚ ਸਹਾਇਤਾ ਕਰਦਾ ਹੈ। ਇਕ ਸਰਕਟ ਨਿਗਾਹਬਾਨ ਨੇ ਟਿੱਪਣੀ ਕੀਤੀ: “ਨਿਮਰ ਰਵੱਈਆ ਬਣਾਈ ਰੱਖਣਾ ਅਤਿ-ਮਹੱਤਵਪੂਰਣ ਹੈ।” ਉਹ ਨਵੇਂ ਸਫ਼ਰੀ ਨਿਗਾਹਬਾਨਾਂ ਨੂੰ ਸਾਵਧਾਨ ਕਰਦਾ ਹੈ: “ਆਪਣੇ ਆਪ ਨੂੰ ਜ਼ਿਆਦਾ ਅਮੀਰ ਭਰਾਵਾਂ ਦੇ ਦੁਆਰਾ ਇਸ ਕਾਰਨ ਅਨੁਚਿਤ ਰੂਪ ਵਿਚ ਪ੍ਰਭਾਵਿਤ ਨਾ ਹੋਣ ਦਿਓ ਕਿ ਉਹ ਤੁਹਾਡੇ ਲਈ ਸ਼ਾਇਦ ਕੀ ਕਰਨ, ਅਤੇ ਨਾ ਹੀ ਆਪਣੀ ਦੋਸਤੀ ਅਜਿਹਿਆਂ ਤਕ ਹੀ ਸੀਮਿਤ ਰੱਖੋ, ਬਲਕਿ ਦੂਜਿਆਂ ਦੇ ਨਾਲ ਹਮੇਸ਼ਾ ਨਿਰਪੱਖਤਾ ਨਾਲ ਵਰਤਾਉ ਕਰਨ ਦੀ ਕੋਸ਼ਿਸ਼ ਕਰੋ।” (2 ਇਤਹਾਸ 19:6, 7) ਅਤੇ ਇਕ ਵਾਕਈ ਨਿਮਰ ਸਫ਼ਰੀ ਨਿਗਾਹਬਾਨ, ਸੰਸਥਾ ਦੇ ਪ੍ਰਤਿਨਿਧ ਦੇ ਤੌਰ ਤੇ ਆਪਣੀ ਖ਼ੁਦ ਦੀ ਮਹੱਤਤਾ ਨੂੰ ਹੱਦ ਤੋਂ ਵੱਧ ਨਹੀਂ ਵਿਚਾਰੇਗਾ। ਇਕ ਜ਼ਿਲ੍ਹਾ ਨਿਗਾਹਬਾਨ ਨੇ ਉਚਿਤ ਢੰਗ ਨਾਲ ਟਿੱਪਣੀ ਕੀਤੀ: “ਨਿਮਰ ਹੋਵੋ ਅਤੇ ਭਰਾਵਾਂ ਦੀ ਸੁਣਨ ਲਈ ਤਿਆਰ ਰਹੋ। ਹਮੇਸ਼ਾ ਮਿਲਣਸਾਰ ਹੋਵੋ।” ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਦੇ ਤੌਰ ਤੇ, ਯਿਸੂ ਮਸੀਹ ਲੋਕਾਂ ਨੂੰ ਔਖੇ ਮਹਿਸੂਸ ਕਰਵਾ ਸਕਦਾ ਸੀ, ਪਰੰਤੂ ਉਹ ਇੰਨਾ ਨਿਮਰ ਅਤੇ ਮਿਲਣਸਾਰ ਸੀ ਕਿ ਬੱਚੇ ਵੀ ਉਸ ਦੀ ਮੌਜੂਦਗੀ ਵਿਚ ਸੌਖੇ ਮਹਿਸੂਸ ਕਰਦੇ ਸਨ। (ਮੱਤੀ 18:5; ਮਰਕੁਸ 10:13-16) ਸਫ਼ਰੀ ਨਿਗਾਹਬਾਨ ਚਾਹੁੰਦੇ ਹਨ ਕਿ ਬੱਚੇ, ਕਿਸ਼ੋਰ, ਬਿਰਧ ਵਿਅਕਤੀ—ਦਰਅਸਲ ਕਲੀਸਿਯਾ ਵਿਚ ਹਰ ਕੋਈ ਵਿਅਕਤੀ—ਬਿਨਾਂ ਝਿਜਕ ਮਹਿਸੂਸ ਕੀਤੇ ਉਨ੍ਹਾਂ ਦੇ ਕੋਲ ਆਉਣ।
11. ਜ਼ਰੂਰਤ ਪੈਣ ਤੇ, ਮਾਫ਼ੀ ਮੰਗਣ ਦਾ ਕੀ ਅਸਰ ਹੋ ਸਕਦਾ ਹੈ?
11 ਬੇਸ਼ੱਕ, “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ,” ਅਤੇ ਕੋਈ ਵੀ ਸਫ਼ਰੀ ਨਿਗਾਹਬਾਨ ਗ਼ਲਤੀਆਂ ਕਰਨ ਤੋਂ ਮਹਿਫੂਜ਼ ਨਹੀਂ ਹੈ। (ਯਾਕੂਬ 3:2) ਜਦੋਂ ਉਹ ਗ਼ਲਤੀਆਂ ਕਰਦੇ ਹਨ, ਤਾਂ ਸੱਚੇ ਦਿਲੋਂ ਮਾਫ਼ੀ ਮੰਗਣੀ ਦੂਜੇ ਬਜ਼ੁਰਗਾਂ ਨੂੰ ਨਿਮਰਤਾ ਦੀ ਮਿਸਾਲ ਪੇਸ਼ ਕਰਦੀ ਹੈ। ਕਹਾਉਤਾਂ 22:4 ਦੇ ਅਨੁਸਾਰ, “ਅਧੀਨਗੀ ਅਤੇ ਯਹੋਵਾਹ ਦਾ [ਸ਼ਰਧਾਮਈ] ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।” ਅਤੇ ਕੀ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ‘ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲਣ’ ਦੀ ਜ਼ਰੂਰਤ ਨਹੀਂ ਹੈ? (ਮੀਕਾਹ 6:8) ਜਦੋਂ ਪੁੱਛਿਆ ਗਿਆ ਕਿ ਨਵੇਂ ਸਫ਼ਰੀ ਬਜ਼ੁਰਗ ਦੇ ਲਈ ਉਸ ਕੋਲ ਕੀ ਸਲਾਹ ਹੈ, ਤਾਂ ਇਕ ਸਰਕਟ ਨਿਗਾਹਬਾਨ ਨੇ ਟਿੱਪਣੀ ਕੀਤੀ: “ਸਾਰੇ ਭਰਾਵਾਂ ਦੇ ਲਈ ਵੱਡਾ ਆਦਰ ਅਤੇ ਸਨਮਾਨ ਰੱਖੋ, ਅਤੇ ਉਨ੍ਹਾਂ ਨੂੰ ਆਪਣੇ ਨਾਲੋਂ ਉੱਤਮ ਸਮਝੋ। ਤੁਸੀਂ ਭਰਾਵਾਂ ਤੋਂ ਬਹੁਤ ਕੁਝ ਸਿੱਖੋਗੇ। ਨਿਮਰ ਰਹੋ। ਸੁਭਾਵਕ ਹੋਵੋ। ਹੰਕਾਰ ਨਾ ਕਰੋ।”—ਫ਼ਿਲਿੱਪੀਆਂ 2:3.
12. ਮਸੀਹੀ ਸੇਵਕਾਈ ਦੇ ਲਈ ਜੋਸ਼ ਇੰਨਾ ਮਹੱਤਵਪੂਰਣ ਕਿਉਂ ਹੈ?
12 ਮਸੀਹੀ ਸੇਵਕਾਈ ਦੇ ਲਈ ਜੋਸ਼ ਇਕ ਸਫ਼ਰੀ ਨਿਗਾਹਬਾਨ ਦੇ ਸ਼ਬਦਾਂ ਨੂੰ ਵਜ਼ਨਦਾਰ ਬਣਾਉਂਦਾ ਹੈ। ਅਸਲ ਵਿਚ, ਜਦੋਂ ਉਹ ਅਤੇ ਉਸ ਦੀ ਪਤਨੀ ਇੰਜੀਲ ਪ੍ਰਚਾਰ ਕੰਮ ਵਿਚ ਜੋਸ਼ੀਲੀ ਮਿਸਾਲ ਕਾਇਮ ਕਰਦੇ ਹਨ, ਤਾਂ ਬਜ਼ੁਰਗ, ਉਨ੍ਹਾਂ ਦੀਆਂ ਪਤਨੀਆਂ, ਅਤੇ ਕਲੀਸਿਯਾ ਦੇ ਬਾਕੀ ਲੋਕ ਆਪਣੀ ਸੇਵਕਾਈ ਵਿਚ ਜੋਸ਼ ਦਿਖਾਉਣ ਦੇ ਲਈ ਉਤਸ਼ਾਹਿਤ ਹੁੰਦੇ ਹਨ। “ਸੇਵਾ ਦੇ ਲਈ ਜੋਸ਼ੀਲੇ ਹੋਵੋ,” ਇਕ ਸਰਕਟ ਨਿਗਾਹਬਾਨ ਨੇ ਜ਼ੋਰ ਦਿੱਤਾ। ਉਸ ਨੇ ਅੱਗੇ ਕਿਹਾ: “ਆਮ ਤੌਰ ਤੇ, ਮੈਂ ਇਹ ਪਾਇਆ ਹੈ ਕਿ ਇਕ ਕਲੀਸਿਯਾ ਸੇਵਕਾਈ ਵਿਚ ਜਿੰਨੀ ਜੋਸ਼ੀਲੀ ਹੁੰਦੀ ਹੈ, ਉਹ ਉੱਨੀ ਹੀ ਘੱਟ ਸਮੱਸਿਆਵਾਂ ਦਾ ਅਨੁਭਵ ਕਰਦੀ ਹੈ।” ਇਕ ਹੋਰ ਸਰਕਟ ਨਿਗਾਹਬਾਨ ਨੇ ਟਿੱਪਣੀ ਕੀਤੀ: “ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਜੇਕਰ ਬਜ਼ੁਰਗ ਭਰਾਵਾਂ ਅਤੇ ਭੈਣਾਂ ਨਾਲ ਖੇਤਰ ਵਿਚ ਕੰਮ ਕਰਨ ਅਤੇ ਉਨ੍ਹਾਂ ਨੂੰ ਸੇਵਕਾਈ ਦਾ ਆਨੰਦ ਮਾਣਨ ਦੇ ਲਈ ਮਦਦ ਕਰਨ, ਤਾਂ ਇਹ ਮਨ ਦੀ ਸ਼ਾਂਤੀ ਅਤੇ ਯਹੋਵਾਹ ਦੀ ਸੇਵਾ ਕਰਨ ਵਿਚ ਅਧਿਕਤਮ ਸੰਤੁਸ਼ਟੀ ਵਿਚ ਪਰਿਣਿਤ ਹੋਵੇਗਾ।” ਰਸੂਲ ਪੌਲੁਸ ‘ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ [“ਸੰਘਰਸ਼ ਨਾਲ,” ਨਿ ਵ] ਥੱਸਲੁਨੀਕੀਆਂ ਨੂੰ ਸੁਣਾਉਣ ਲਈ ਦਿਲੇਰ ਹੋਇਆ।’ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹ ਉਸ ਦੀ ਮੁਲਾਕਾਤ ਅਤੇ ਪ੍ਰਚਾਰ ਸਰਗਰਮੀਆਂ ਦੇ ਬਾਰੇ ਮਿੱਠੀਆਂ ਯਾਦਾਂ ਰੱਖਦੇ ਸਨ ਅਤੇ ਉਸ ਨੂੰ ਦੁਬਾਰਾ ਮਿਲਣ ਲਈ ਲੋਚਦੇ ਸਨ!—1 ਥੱਸਲੁਨੀਕੀਆਂ 2:1, 2; 3:6.
13. ਸੰਗੀ ਮਸੀਹੀਆਂ ਦੇ ਨਾਲ ਖੇਤਰ ਸੇਵਾ ਵਿਚ ਕੰਮ ਕਰਦੇ ਸਮੇਂ, ਸਫ਼ਰੀ ਨਿਗਾਹਬਾਨ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਾ ਹੈ?
13 ਸੰਗੀ ਮਸੀਹੀਆਂ ਦੇ ਨਾਲ ਖੇਤਰ ਸੇਵਕਾਈ ਵਿਚ ਕੰਮ ਕਰਦੇ ਸਮੇਂ, ਸਫ਼ਰੀ ਨਿਗਾਹਬਾਨ ਉਨ੍ਹਾਂ ਦੇ ਹਾਲਾਤ ਅਤੇ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦਾ ਹੈ। ਹਾਲਾਂਕਿ ਸ਼ਾਇਦ ਉਸ ਦੀਆਂ ਸੁਝਾਵਾਂ ਸਹਾਈ ਹੋਣ, ਉਹ ਜਾਣਦਾ ਹੈ ਕਿ ਕੁਝ ਵਿਅਕਤੀਆਂ ਨੂੰ ਇਕ ਅਨੁਭਵੀ ਬਜ਼ੁਰਗ ਦੇ ਨਾਲ ਪ੍ਰਚਾਰ ਕਰਦੇ ਸਮੇਂ ਘਬਰਾਹਟ ਹੋ ਸਕਦੀ ਹੈ। ਇਸ ਲਈ, ਕੁਝ ਮਾਮਲਿਆਂ ਵਿਚ, ਹੌਸਲਾ-ਅਫ਼ਜ਼ਾਈ ਸ਼ਾਇਦ ਸਲਾਹ ਨਾਲੋਂ ਜ਼ਿਆਦਾ ਲਾਭਦਾਇਕ ਹੋਵੇ। ਜਦੋਂ ਉਹ ਪ੍ਰਕਾਸ਼ਕਾਂ ਜਾਂ ਪਾਇਨੀਅਰਾਂ ਦੇ ਨਾਲ ਬਾਈਬਲ ਅਧਿਐਨ ਦੇ ਲਈ ਜਾਂਦਾ ਹੈ, ਤਾਂ ਉਹ ਸ਼ਾਇਦ ਤਰਜੀਹ ਦੇਣ ਕਿ ਸਫ਼ਰੀ ਨਿਗਾਹਬਾਨ ਇਸ ਨੂੰ ਸੰਚਾਲਿਤ ਕਰੇ। ਇਹ ਸੰਭਵ ਤੌਰ ਤੇ ਉਨ੍ਹਾਂ ਨੂੰ ਆਪਣੀ ਸਿਖਾਉਣ ਦੀ ਵਿਧੀ ਨੂੰ ਸੁਧਾਰਨ ਦੇ ਕੁਝ ਤਰੀਕਿਆਂ ਨਾਲ ਪਰਿਚਿਤ ਕਰੇਗਾ।
14. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਜੋਸ਼ੀਲੇ ਸਫ਼ਰੀ ਨਿਗਾਹਬਾਨ ਦੂਜਿਆਂ ਵਿਚ ਜੋਸ਼ ਪੈਦਾ ਕਰਦੇ ਹਨ?
14 ਜੋਸ਼ੀਲੇ ਸਫ਼ਰੀ ਨਿਗਾਹਬਾਨ ਦੂਜਿਆਂ ਵਿਚ ਜੋਸ਼ ਪੈਦਾ ਕਰਦੇ ਹਨ। ਯੂਗਾਂਡਾ ਵਿਚ ਇਕ ਸਰਕਟ ਨਿਗਾਹਬਾਨ ਘਣੇ ਜੰਗਲ ਰਾਹੀਂ ਇਕ ਘੰਟੇ ਲਈ ਪੈਦਲ ਚੱਲਿਆ, ਤਾਂਕਿ ਇਕ ਭਰਾ ਦੇ ਨਾਲ ਇਕ ਅਜਿਹੇ ਬਾਈਬਲ ਅਧਿਐਨ ਦੇ ਲਈ ਜਾ ਸਕੇ ਜਿਸ ਵਿਚ ਥੋੜ੍ਹੀ ਤਰੱਕੀ ਹੋ ਰਹੀ ਸੀ। ਉਨ੍ਹਾਂ ਦੇ ਜਾਂਦੇ ਸਮੇਂ ਇੰਨਾ ਤੇਜ਼ ਮੀਂਹ ਪਿਆ ਕਿ ਉਹ ਉੱਥੇ ਪੂਰੀ ਤਰ੍ਹਾਂ ਭਿੱਜੇ ਹੋਏ ਪਹੁੰਚੇ। ਜਦੋਂ ਛੇ ਜੀਆਂ ਦੇ ਇਸ ਪਰਿਵਾਰ ਨੇ ਜਾਣਿਆ ਕਿ ਉਨ੍ਹਾਂ ਦਾ ਮੁਲਾਕਾਤੀ ਇਕ ਸਫ਼ਰੀ ਨਿਗਾਹਬਾਨ ਹੈ, ਤਾਂ ਉਹ ਬਹੁਤ ਹੀ ਪ੍ਰਭਾਵਿਤ ਹੋਏ। ਉਹ ਜਾਣਦੇ ਸਨ ਕਿ ਉਨ੍ਹਾਂ ਦੇ ਗਿਰਜੇ ਦੇ ਧਰਮ-ਸੇਵਕ ਕਦੇ ਵੀ ਝੁੰਡ ਵਿਚ ਅਜਿਹੀ ਦਿਲਚਸਪੀ ਨਹੀਂ ਦਿਖਾਉਣਗੇ। ਅਗਲੇ ਐਤਵਾਰ, ਉਹ ਆਪਣੀ ਪਹਿਲੀ ਸਭਾ ਵਿਚ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਯਹੋਵਾਹ ਦੇ ਗਵਾਹ ਬਣਨ ਦੀ ਇੱਛਾ ਪ੍ਰਗਟ ਕੀਤੀ।
15. ਮੈਕਸੀਕੋ ਵਿਚ ਇਕ ਜੋਸ਼ੀਲੇ ਸਰਕਟ ਨਿਗਾਹਬਾਨ ਨੇ ਕਿਹੜੇ ਉੱਤਮ ਅਨੁਭਵ ਦਾ ਆਨੰਦ ਲਿਆ?
15 ਮੈਕਸੀਕੋ ਦੇ ਵਹਾਕਾ ਰਾਜ ਵਿਚ, ਇਕ ਸਰਕਟ ਨਿਗਾਹਬਾਨ ਨੇ ਅਜਿਹਾ ਜਤਨ ਕੀਤਾ ਜਿਸ ਦੀ ਅਸਲ ਵਿਚ ਉਸ ਤੋਂ ਆਸ ਨਹੀਂ ਰੱਖੀ ਜਾਂਦੀ ਹੈ। ਉਸ ਨੇ ਇਕ ਕੈਦਖ਼ਾਨੇ ਵਿਚ ਚਾਰ ਰਾਤਾਂ ਬਿਤਾਉਣ ਦਾ ਪ੍ਰਬੰਧ ਕੀਤਾ, ਤਾਂਕਿ ਸੱਤ ਕੈਦੀਆਂ ਦੇ ਇਕ ਸਮੂਹ ਨਾਲ ਮੁਲਾਕਾਤ ਕਰ ਸਕੇ, ਜੋ ਰਾਜ ਪ੍ਰਕਾਸ਼ਕ ਬਣ ਗਏ ਸਨ। ਕਈ ਦਿਨਾਂ ਦੇ ਲਈ ਉਹ ਇਨ੍ਹਾਂ ਕੈਦੀਆਂ ਦੇ ਨਾਲ-ਨਾਲ ਗਿਆ ਜਿਉਂ-ਜਿਉਂ ਉਨ੍ਹਾਂ ਨੇ ਕੋਠੜੀ-ਕੋਠੜੀ ਗਵਾਹੀ ਦਿੱਤੀ ਅਤੇ ਬਾਈਬਲ ਅਧਿਐਨ ਸੰਚਾਲਿਤ ਕੀਤੇ। ਦਿਖਾਈ ਗਈ ਦਿਲਚਸਪੀ ਦੇ ਕਾਰਨ, ਇਨ੍ਹਾਂ ਵਿੱਚੋਂ ਕੁਝ ਅਧਿਐਨ ਦੇਰ ਰਾਤ ਤਕ ਜਾਰੀ ਰਹੇ। “ਮੁਲਾਕਾਤ ਦੇ ਅੰਤ ਵਿਚ, ਪਰਸਪਰ ਉਤਸ਼ਾਹ ਦੇ ਕਾਰਨ ਮੈਂ ਅਤੇ ਇਹ ਕੈਦੀ ਬਹੁਤ ਹੀ ਆਨੰਦਿਤ ਸਨ,” ਇਹ ਜੋਸ਼ੀਲਾ ਸਰਕਟ ਨਿਗਾਹਬਾਨ ਲਿਖਦਾ ਹੈ।
16. ਜਦੋਂ ਸਫ਼ਰੀ ਨਿਗਾਹਬਾਨ ਅਤੇ ਉਨ੍ਹਾਂ ਦੀਆਂ ਪਤਨੀਆਂ ਉਤਸ਼ਾਹ ਪ੍ਰਦਾਨ ਕਰਦੇ ਹਨ, ਤਾਂ ਇਹ ਇੰਨਾ ਲਾਭਦਾਇਕ ਕਿਉਂ ਹੁੰਦਾ ਹੈ?
16 ਸਫ਼ਰੀ ਨਿਗਾਹਬਾਨ ਉਤਸ਼ਾਹਜਨਕ ਹੋਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਪੌਲੁਸ ਨੇ ਮਕਦੂਨਿਯਾ ਵਿਚ ਕਲੀਸਿਯਾਵਾਂ ਨਾਲ ਮੁਲਾਕਾਤ ਕੀਤੀ, ਤਾਂ ਉਸ ਨੇ ‘ਉਨ੍ਹਾਂ ਨੂੰ ਬਹੁਤੀਆਂ ਗੱਲਾਂ ਨਾਲ ਦਿਲਾਸਾ ਦਿੱਤਾ।’ (ਰਸੂਲਾਂ ਦੇ ਕਰਤੱਬ 20:1, 2) ਉਤਸ਼ਾਹ ਦੇ ਸ਼ਬਦ ਜਵਾਨ ਅਤੇ ਬਿਰਧ ਦੋਹਾਂ ਨੂੰ ਅਧਿਆਤਮਿਕ ਟੀਚਿਆਂ ਵੱਲ ਨਿਰਦੇਸ਼ਿਤ ਕਰਨ ਲਈ ਬਹੁਤ ਹੀ ਸਹਾਈ ਹੋ ਸਕਦੇ ਹਨ। ਵਾਚ ਟਾਵਰ ਸੋਸਾਇਟੀ ਦੇ ਇਕ ਵੱਡੇ ਸ਼ਾਖਾ ਦਫ਼ਤਰ ਵਿਚ, ਇਕ ਗ਼ੈਰ-ਰਸਮੀ ਸਰਵੇਖਣ ਨੇ ਪ੍ਰਗਟ ਕੀਤਾ ਕਿ ਸਰਕਟ ਨਿਗਾਹਬਾਨਾਂ ਨੇ ਤਕਰੀਬਨ 20 ਫੀ ਸਦੀ ਸਵੈ-ਇਛੁੱਕ ਸੇਵਕਾਂ ਨੂੰ ਪੂਰਣ-ਕਾਲੀ ਸੇਵਾ ਅਪਣਾਉਣ ਲਈ ਉਤਸ਼ਾਹਿਤ ਕੀਤਾ ਸੀ। ਇਕ ਪੂਰਣ-ਕਾਲੀ ਰਾਜ ਘੋਸ਼ਕ ਦੇ ਤੌਰ ਤੇ ਆਪਣੀ ਉੱਤਮ ਮਿਸਾਲ ਦੇ ਦੁਆਰਾ, ਸਫ਼ਰੀ ਨਿਗਾਹਬਾਨ ਦੀ ਪਤਨੀ ਵੀ ਉਤਸ਼ਾਹ ਦਾ ਇਕ ਵੱਡਾ ਸ੍ਰੋਤ ਸਾਬਤ ਹੁੰਦੀ ਹੈ।
17. ਇਕ ਬਿਰਧ ਸਰਕਟ ਨਿਗਾਹਬਾਨ ਦੂਜਿਆਂ ਨੂੰ ਮਦਦ ਦੇਣ ਦੇ ਆਪਣੇ ਵਿਸ਼ੇਸ਼-ਸਨਮਾਨ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
17 ਬਿਰਧ ਅਤੇ ਦਿਲਗੀਰੇ ਵਿਅਕਤੀਆਂ ਨੂੰ ਖ਼ਾਸ ਤੌਰ ਤੇ ਹੌਸਲਾ-ਅਫ਼ਜ਼ਾਈ ਦੀ ਲੋੜ ਹੁੰਦੀ ਹੈ। ਇਕ ਬਿਰਧ ਸਰਕਟ ਨਿਗਾਹਬਾਨ ਲਿਖਦਾ ਹੈ: “ਮੇਰੇ ਕੰਮ ਦਾ ਜੋ ਪਹਿਲੂ ਇਕ ਅਕਹਿ ਅੰਦਰੂਨੀ ਖ਼ੁਸ਼ੀ ਉਤਪੰਨ ਕਰਦਾ ਹੈ, ਉਹ ਹੈ ਪਰਮੇਸ਼ੁਰ ਦੇ ਝੁੰਡ ਵਿਚ ਨਿਸ਼ਕ੍ਰਿਆ ਅਤੇ ਕਮਜ਼ੋਰ ਵਿਅਕਤੀਆਂ ਨੂੰ ਮਦਦ ਦੇਣ ਦਾ ਵਿਸ਼ੇਸ਼-ਸਨਮਾਨ। ਰੋਮੀਆਂ 1:11, 12 ਦੇ ਸ਼ਬਦ ਮੇਰੇ ਲਈ ਖ਼ਾਸ ਅਰਥ ਰੱਖਦੇ ਹਨ, ਕਿਉਂ ਜੋ ਮੈਂ ‘ਅਜਿਹਿਆਂ ਨੂੰ ਕੋਈ ਆਤਮਕ ਦਾਨ ਦੁਆਉਣ ਜੋ ਉਹ ਤਕੜੇ ਹੋ ਜਾਣ,’ ਵਿਚ ਅਧਿਕ ਉਤਸ਼ਾਹ ਅਤੇ ਤਾਕਤ ਹਾਸਲ ਕਰਦਾ ਹਾਂ।”
ਉਨ੍ਹਾਂ ਦੇ ਆਨੰਦਮਈ ਕੰਮ ਦੇ ਪ੍ਰਤਿਫਲ
18. ਸਫ਼ਰੀ ਨਿਗਾਹਬਾਨਾਂ ਦੇ ਕਿਹੜੇ ਸ਼ਾਸਤਰ-ਸੰਬੰਧੀ ਉਦੇਸ਼ ਹਨ?
18 ਸਫ਼ਰੀ ਨਿਗਾਹਬਾਨ ਸੰਗੀ ਵਿਸ਼ਵਾਸੀਆਂ ਦੀ ਬਿਹਤਰੀ ਚਾਹੁੰਦੇ ਹਨ। ਉਹ ਕਲੀਸਿਯਾਵਾਂ ਨੂੰ ਤਕੜੇ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਉਤਸ਼ਾਹ ਦੇਣਾ ਚਾਹੁੰਦੇ ਹਨ। (ਰਸੂਲਾਂ ਦੇ ਕਰਤੱਬ 15:41) ਇਕ ਸਫ਼ਰੀ ਨਿਗਾਹਬਾਨ “ਉਤਸ਼ਾਹ ਦੇਣ, ਤਾਜ਼ਗੀ ਮੁਹੱਈਆ ਕਰਨ, ਅਤੇ ਸੇਵਕਾਈ ਨੂੰ ਪੂਰਾ ਕਰਨ ਦੀ ਅਤੇ ਸੱਚਾਈ ਉੱਤੇ ਚੱਲਦੇ ਰਹਿਣ ਦੀ ਇੱਛਾ ਉਤਪੰਨ ਕਰਨ ਦੇ ਲਈ” ਮਿਹਨਤ ਕਰਦਾ ਹੈ। (3 ਯੂਹੰਨਾ 3) ਇਕ ਹੋਰ ਸਫ਼ਰੀ ਨਿਗਾਹਬਾਨ ਸੰਗੀ ਵਿਸ਼ਵਾਸੀਆਂ ਨੂੰ ਨਿਹਚਾ ਵਿਚ ਦ੍ਰਿੜ੍ਹ ਕਰਨ ਦੀ ਭਾਲ ਕਰਦਾ ਹੈ। (ਕੁਲੁੱਸੀਆਂ 2:6, 7) ਯਾਦ ਰੱਖੋ ਕਿ ਸਫ਼ਰੀ ਨਿਗਾਹਬਾਨ ਇਕ ‘ਸੱਚਾ ਸਾਥੀ’ ਹੈ, ਨਾ ਕਿ ਦੂਜਿਆਂ ਦੀ ਨਿਹਚਾ ਉੱਤੇ ਹੁਕਮ ਚਲਾਉਣ ਵਾਲਾ। (ਫ਼ਿਲਿੱਪੀਆਂ 4:3; 2 ਕੁਰਿੰਥੀਆਂ 1:24) ਉਸ ਦੀ ਮੁਲਾਕਾਤ ਹੌਸਲਾ-ਅਫ਼ਜ਼ਾਈ ਅਤੇ ਅਧਿਕ ਗਤੀਵਿਧੀ ਦਾ ਇਕ ਅਵਸਰ ਹੈ, ਨਾਲ ਹੀ ਬਜ਼ੁਰਗਾਂ ਦੇ ਸਮੂਹ ਵਾਸਤੇ, ਕੀਤੀ ਗਈ ਤਰੱਕੀ ਦਾ ਪੁਨਰ-ਵਿਚਾਰ ਕਰਨ ਅਤੇ ਭਾਵੀ ਟੀਚਿਆਂ ਨੂੰ ਵਿਚਾਰਨ ਦੇ ਲਈ ਇਕ ਮੌਕਾ ਹੈ। ਉਸ ਦੇ ਕਥਨ ਅਤੇ ਮਿਸਾਲ ਦੇ ਦੁਆਰਾ, ਕਲੀਸਿਯਾ ਪ੍ਰਕਾਸ਼ਕ, ਪਾਇਨੀਅਰ, ਸਹਾਇਕ ਸੇਵਕ, ਅਤੇ ਬਜ਼ੁਰਗ ਉਤਸ਼ਾਹਿਤ ਕੀਤੇ ਜਾਣ ਅਤੇ ਅੱਗੇ ਰੱਖੇ ਕੰਮ ਲਈ ਉਤੇਜਿਤ ਕੀਤੇ ਜਾਣ ਦੀ ਆਸ ਰੱਖ ਸਕਦੇ ਹਨ। (ਤੁਲਨਾ ਕਰੋ 1 ਥੱਸਲੁਨੀਕੀਆਂ 5:11.) ਤਾਂ ਫਿਰ, ਸਰਕਟ ਨਿਗਾਹਬਾਨ ਦੀਆਂ ਮੁਲਾਕਾਤਾਂ ਨੂੰ ਪੂਰੇ ਦਿਲ ਨਾਲ ਸਮਰਥਨ ਦਿਓ, ਅਤੇ ਜ਼ਿਲ੍ਹਾ ਨਿਗਾਹਬਾਨ ਦੁਆਰਾ ਮੁਹੱਈਆ ਕੀਤੀ ਗਈ ਸੇਵਾ ਦਾ ਪੂਰਾ ਲਾਭ ਉਠਾਓ।
19, 20. ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਆਪਣੀ ਵਫ਼ਾਦਾਰ ਸੇਵਾ ਲਈ ਕਿਵੇਂ ਪ੍ਰਤਿਫਲ ਮਿਲਿਆ ਹੈ?
19 ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਆਪਣੀ ਵਫ਼ਾਦਾਰ ਸੇਵਾ ਲਈ ਭਰਪੂਰ ਪ੍ਰਤਿਫਲ ਮਿਲਦਾ ਹੈ, ਅਤੇ ਉਹ ਨਿਸ਼ਚਿਤ ਹੋ ਸਕਦੇ ਹਨ ਕਿ ਉਨ੍ਹਾਂ ਦੀ ਕੀਤੀ ਭਲਾਈ ਦੇ ਲਈ ਯਹੋਵਾਹ ਉਨ੍ਹਾਂ ਨੂੰ ਬਰਕਤ ਦੇਵੇਗਾ। (ਕਹਾਉਤਾਂ 19:17; ਅਫ਼ਸੀਆਂ 6:8) ਜੇਔਰਜ ਅਤੇ ਮਾਗਡਾਲੇਨਾ ਇਕ ਬਿਰਧ ਦੰਪਤੀ ਹਨ ਜਿਨ੍ਹਾਂ ਨੇ ਕਾਫ਼ੀ ਸਾਲਾਂ ਤੋਂ ਸਫ਼ਰੀ ਕੰਮ ਵਿਚ ਸੇਵਾ ਕੀਤੀ ਹੈ। ਲਕਜ਼ਮਬਰਗ ਦੇ ਇਕ ਮਹਾਂ-ਸੰਮੇਲਨ ਵਿਚ, ਮਾਗਡਾਲੇਨਾ ਦੇ ਕੋਲ ਇਕ ਔਰਤ ਆਈ ਜਿਸ ਨੂੰ ਉਸ ਨੇ 20 ਤੋਂ ਵੱਧ ਸਾਲ ਪਹਿਲਾਂ ਗਵਾਹੀ ਦਿੱਤੀ ਸੀ। ਇਸ ਯਹੂਦੀ ਔਰਤ ਦੀ ਸੱਚਾਈ ਵਿਚ ਦਿਲਚਸਪੀ ਉਸ ਬਾਈਬਲ ਸਾਹਿੱਤ ਦੇ ਦੁਆਰਾ ਜਾਗੀ, ਜੋ ਮਾਗਡਾਲੇਨਾ ਉਸ ਦੇ ਕੋਲ ਛੱਡ ਗਈ ਸੀ, ਅਤੇ ਸਮਾਂ ਬੀਤਣ ਤੇ ਉਸ ਦਾ ਬਪਤਿਸਮਾ ਹੋ ਗਿਆ। ਜੇਔਰਜ ਦੇ ਕੋਲ ਇਕ ਅਧਿਆਤਮਿਕ ਭੈਣ ਆਈ ਜਿਸ ਨੂੰ ਤਕਰੀਬਨ 40 ਸਾਲ ਪਹਿਲਾਂ ਜੇਔਰਜ ਦਾ ਉਸ ਦੇ ਘਰ ਆਉਣਾ ਯਾਦ ਸੀ। ਖ਼ੁਸ਼ ਖ਼ਬਰੀ ਬਾਰੇ ਉਸ ਦੀ ਜੋਸ਼ੀਲੀ ਪੇਸ਼ਕਾਰੀ ਦੇ ਕਾਰਨ ਆਖ਼ਰਕਾਰ ਉਸ ਨੇ ਅਤੇ ਉਸ ਦੇ ਪਤੀ ਨੇ ਸੱਚਾਈ ਨੂੰ ਸਵੀਕਾਰ ਕਰ ਲਿਆ। ਨਿਰਸੰਦੇਹ, ਜੇਔਰਜ ਅਤੇ ਮਾਗਡਾਲੇਨਾ ਦੋਵੇਂ ਬਹੁਤ ਖ਼ੁਸ਼ ਹੋਏ।
20 ਪੌਲੁਸ ਦੀ ਅਫ਼ਸੁਸ ਵਿਚ ਫਲਦਾਇਕ ਸੇਵਕਾਈ ਨੇ ਉਸ ਨੂੰ ਆਨੰਦ ਦਿੱਤਾ ਅਤੇ ਸ਼ਾਇਦ ਉਸ ਨੂੰ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਦੁਹਰਾਉਣ ਦੇ ਲਈ ਪ੍ਰੇਰਿਤ ਕੀਤਾ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਕਿਉਂ ਜੋ ਸਫ਼ਰੀ ਕੰਮ ਵਿਚ ਲਗਾਤਾਰ ਦੇਣਾ ਸ਼ਾਮਲ ਹੈ, ਇਸ ਵਿਚ ਭਾਗ ਲੈਣ ਵਾਲੇ ਖ਼ੁਸ਼ੀ ਅਨੁਭਵ ਕਰਦੇ ਹਨ, ਖ਼ਾਸ ਤੌਰ ਤੇ ਜਦੋਂ ਉਹ ਆਪਣੀ ਮਿਹਨਤ ਦੇ ਚੰਗੇ ਨਤੀਜਿਆਂ ਤੋਂ ਜਾਣੂ ਹੁੰਦੇ ਹਨ। ਇਕ ਸਰਕਟ ਨਿਗਾਹਬਾਨ ਜਿਸ ਨੇ ਇਕ ਨਿਰਉਤਸ਼ਾਹਿਤ ਬਜ਼ੁਰਗ ਦੀ ਮਦਦ ਕੀਤੀ ਸੀ, ਨੂੰ ਇਕ ਚਿੱਠੀ ਵਿਚ ਦੱਸਿਆ ਗਿਆ: “ਤੁਸੀਂ ਮੇਰੇ ਅਧਿਆਤਮਿਕ ਜੀਵਨ ਵਿਚ ਇਕ ਵੱਡੀ ‘ਤਸੱਲੀ’ ਬਣੇ ਰਹੇ ਹੋ—ਜਿੰਨਾ ਸ਼ਾਇਦ ਤੁਹਾਨੂੰ ਅਹਿਸਾਸ ਵੀ ਨਾ ਹੋਵੇ। . . . ਤੁਸੀਂ ਕਦੇ ਵੀ ਪੂਰੀ ਤਰ੍ਹਾਂ ਨਾਲ ਨਹੀਂ ਜਾਣੋਗੇ ਕਿ ਤੁਸੀਂ ਇਕ ਆਧੁਨਿਕ-ਦਿਨ ਦੇ ਆਸਾਫ਼ ਦੀ ਕਿੰਨੀ ਮਦਦ ਕੀਤੀ ਹੈ, ਜਿਸ ਦੇ ‘ਪੈਰ ਫਿਸਲਣ ਲੱਗੇ ਸਨ।’”—ਕੁਲੁੱਸੀਆਂ 4:11; ਜ਼ਬੂਰ 73:2.
21. ਤੁਸੀਂ ਕਿਉਂ ਕਹੋਗੇ ਕਿ 1 ਕੁਰਿੰਥੀਆਂ 15:58 ਸਫ਼ਰੀ ਨਿਗਾਹਬਾਨਾਂ ਦੀਆਂ ਸਰਗਰਮੀਆਂ ਨੂੰ ਲਾਗੂ ਹੁੰਦਾ ਹੈ?
21 ਇਕ ਬਿਰਧ ਮਸੀਹੀ ਜੋ ਸਾਲਾਂ ਤੋਂ ਸਰਕਟ ਕੰਮ ਵਿਚ ਸੀ, 1 ਕੁਰਿੰਥੀਆਂ 15:58 ਦੇ ਬਾਰੇ ਸੋਚਣਾ ਪਸੰਦ ਕਰਦਾ ਹੈ, ਜਿੱਥੇ ਪੌਲੁਸ ਨੇ ਜ਼ੋਰ ਦਿੱਤਾ: “ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।” ਯਕੀਨਨ ਸਫ਼ਰੀ ਨਿਗਾਹਬਾਨਾਂ ਲਈ ਪ੍ਰਭੂ ਦੇ ਕੰਮ ਵਿਚ ਬਹੁਤ ਕੁਝ ਕਰਨ ਨੂੰ ਹੈ। ਅਤੇ ਅਸੀਂ ਕਿੰਨੇ ਧੰਨਵਾਦੀ ਹਾਂ ਕਿ ਉਹ ਯਹੋਵਾਹ ਦੀ ਅਯੋਗ ਦਿਆਲਗੀ ਦੇ ਮਾਤਬਰ ਮੁਖ਼ਤਿਆਰ ਦੇ ਤੌਰ ਤੇ ਇੰਨੀ ਖ਼ੁਸ਼ੀ-ਖ਼ੁਸ਼ੀ ਸੇਵਾ ਕਰਦੇ ਹਨ!
[ਫੁਟਨੋਟ]
a ਮਈ 15, 1991, ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 28-31, ਉੱਤੇ ਦਿੱਤਾ ਗਿਆ ਲੇਖ “ਕੀ ਤੁਸੀਂ ਬਹੁਤ ਕੰਮ ਦੇ ਨਾਲ ਖ਼ੁਸ਼ ਰਹਿ ਸਕਦੇ ਹੋ?” ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਸਫ਼ਰੀ ਨਿਗਾਹਬਾਨਾਂ ਨੂੰ ‘ਨੇਕ ਮੁਖ਼ਤਿਆਰ’ ਕਿਉਂ ਵਿਚਾਰਿਆ ਜਾ ਸਕਦਾ ਹੈ?
◻ ਕਿਹੜੇ ਕੁਝ ਤੱਤ ਹਨ ਜੋ ਕਾਫ਼ੀ ਲਾਭ ਪਹੁੰਚਾਉਣ ਵਿਚ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨਾਂ ਦੀ ਮਦਦ ਕਰਦੇ ਹਨ?
◻ ਸਫ਼ਰੀ ਕੰਮ ਵਿਚ ਭਾਗ ਲੈਣ ਵਾਲਿਆਂ ਲਈ ਨਿਮਰਤਾ ਅਤੇ ਜੋਸ਼ ਇੰਨਾ ਮਹੱਤਵਪੂਰਣ ਕਿਉਂ ਹੈ?
◻ ਸਫ਼ਰੀ ਨਿਗਾਹਬਾਨਾਂ ਦੇ ਕਿਹੜੇ ਉੱਤਮ ਉਦੇਸ਼ ਹਨ?
[ਸਫ਼ੇ 24 ਉੱਤੇ ਤਸਵੀਰ]
ਸਫ਼ਰੀ ਨਿਗਾਹਬਾਨ ਸੰਗੀ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰਨ ਦੀ ਭਾਲ ਕਰਦੇ ਹਨ
[ਸਫ਼ੇ 26 ਉੱਤੇ ਤਸਵੀਰ]
ਸਫ਼ਰੀ ਨਿਗਾਹਬਾਨ ਦੀ ਜੋਸ਼ੀਲੀ ਸੇਵਕਾਈ ਦੂਜਿਆਂ ਵਿਚ ਜੋਸ਼ ਵਧਾਉਦੀ ਹੈ