ਇਕ-ਦੂਜੇ ਨੂੰ ਉਤਸ਼ਾਹ ਦੇਣ ਦਾ ਮੌਕਾ
1. ਸਫ਼ਰੀ ਨਿਗਾਹਬਾਨ ਦੇ ਦੌਰੇ ਦੌਰਾਨ ਕੀ ਕਰਨ ਦਾ ਮੌਕਾ ਮਿਲਦਾ ਹੈ?
1 ਪੌਲੁਸ ਰਸੂਲ ਨੇ ਰੋਮ ਦੀ ਕਲੀਸਿਯਾ ਨੂੰ ਲਿਖਿਆ ਸੀ: “ਮੇਰੀ ਤੁਹਾਨੂੰ ਦੇਖਣ ਦੀ ਬਹੁਤ ਤਾਂਘ ਹੈ। ਮੈਂ ਤੁਹਾਨੂੰ ਤੁਹਾਡੇ ਉਤਸਾਹ ਦੇ ਲਈ ਆਤਮਿਕ ਵਰਦਾਨ ਦੇਣਾ ਚਾਹੁੰਦਾ ਹਾਂ। ਮੇਰੇ ਕਹਿਣ ਦਾ ਭਾਵ ਇਹ ਕਿ ਅਸੀਂ ਦੋਵੇਂ ਧਿਰਾਂ ਉਤਸਾਹ ਪ੍ਰਾਪਤ ਕਰੀਏ, ਮੈਂ ਤੁਹਾਡੇ ਵਿਸ਼ਵਾਸ ਦੁਆਰਾ ਅਤੇ ਤੁਸੀਂ ਮੇਰੇ ਵਿਸ਼ਵਾਸ ਦੁਆਰਾ।” (ਰੋਮ 1:11, 12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅੱਜ ਸਫ਼ਰੀ ਨਿਗਾਹਬਾਨ ਦੇ ਦੌਰੇ ਦੌਰਾਨ ਵੀ ਇਕ-ਦੂਜੇ ਨੂੰ ਉਤਸ਼ਾਹ ਦੇਣ ਦਾ ਮੌਕਾ ਮਿਲਦਾ ਹੈ।
2. ਸਰਕਟ ਨਿਗਾਹਬਾਨ ਦੇ ਦੌਰੇ ਦੀ ਘੋਸ਼ਣਾ ਕਾਫ਼ੀ ਸਮਾਂ ਪਹਿਲਾਂ ਕਿਉਂ ਕੀਤੀ ਜਾਂਦੀ ਹੈ?
2 ਕਲੀਸਿਯਾ: ਕਲੀਸਿਯਾ ਵਿਚ ਆਮ ਤੌਰ ਤੇ ਸਰਕਟ ਨਿਗਾਹਬਾਨ ਦੇ ਦੌਰੇ ਦੀ ਘੋਸ਼ਣਾ ਤਕਰੀਬਨ ਤਿੰਨ ਮਹੀਨੇ ਪਹਿਲਾਂ ਕਰ ਦਿੱਤੀ ਜਾਂਦੀ ਹੈ। ਇਸ ਨਾਲ ਸਾਨੂੰ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰਨ ਦਾ ਮੌਕਾ ਮਿਲਦਾ ਹੈ ਤਾਂਕਿ ਅਸੀਂ ਇਸ ਦੌਰੇ ਤੋਂ ਪੂਰਾ-ਪੂਰਾ ਫ਼ਾਇਦਾ ਲੈ ਸਕੀਏ। (ਅਫ਼. 5:15, 16) ਜੇ ਤੁਸੀਂ ਕੰਮ ਕਰਦੇ ਹੋ, ਤਾਂ ਸ਼ਾਇਦ ਤੁਹਾਨੂੰ ਉਸ ਹਫ਼ਤੇ ਦੌਰਾਨ ਕੰਮ ਤੋਂ ਛੁੱਟੀ ਲੈਣੀ ਪਵੇ। ਜਿਸ ਮਹੀਨੇ ਸਰਕਟ ਨਿਗਾਹਬਾਨ ਆਵੇਗਾ, ਕੁਝ ਪਬਲੀਸ਼ਰ ਉਸ ਮਹੀਨੇ ਔਗਜ਼ੀਲਰੀ ਪਾਇਨੀਅਰੀ ਕਰਦੇ ਹਨ। ਜੇ ਤੁਸੀਂ ਕਿਤੇ ਜਾਣ ਦੀ ਯੋਜਨਾ ਬਣਾਈ ਹੈ, ਤਾਂ ਕਿਉਂ ਨਾ ਤੁਸੀਂ ਇਸ ਦੌਰੇ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਯੋਜਨਾ ਵਿਚ ਫੇਰ-ਬਦਲ ਕਰੋ?
3. ਸਰਕਟ ਨਿਗਾਹਬਾਨ ਤੋਂ ਉਤਸ਼ਾਹ ਪ੍ਰਾਪਤ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?
3 ਸਰਕਟ ਨਿਗਾਹਬਾਨ ਦੇ ਦੌਰੇ ਦਾ ਇਕ ਮੁੱਖ ਕਾਰਨ ਹੈ ਕਲੀਸਿਯਾ ਨੂੰ ਉਤਸ਼ਾਹ ਦੇਣਾ ਅਤੇ ਪ੍ਰਚਾਰ ਕੰਮ ਵਿਚ ਸਿਖਲਾਈ ਦੇਣੀ। ਕਿਉਂ ਨਾ ਤੁਸੀਂ ਉਸ ਨੂੰ ਕਹੋ ਕਿ ਤੁਸੀਂ ਉਸ ਨਾਲ ਜਾਂ ਉਸ ਦੀ ਪਤਨੀ ਨਾਲ (ਜੇ ਉਹ ਵਿਆਹਿਆ ਹੈ) ਪ੍ਰਚਾਰ ਕਰਨਾ ਚਾਹੁੰਦੇ ਹੋ? ਸਰਕਟ ਨਿਗਾਹਬਾਨ ਨੂੰ ਵੱਖੋ-ਵੱਖਰੇ ਪਬਲੀਸ਼ਰਾਂ ਨਾਲ ਕੰਮ ਕਰ ਕੇ ਮਜ਼ਾ ਆਉਂਦਾ ਹੈ, ਉਨ੍ਹਾਂ ਨਾਲ ਵੀ ਜਿਨ੍ਹਾਂ ਨੂੰ ਇਸ ਕੰਮ ਦਾ ਘੱਟ ਤਜਰਬਾ ਹੈ ਜਾਂ ਜਿਹੜੇ ਚੰਗੀ ਤਰ੍ਹਾਂ ਪ੍ਰਚਾਰ ਨਹੀਂ ਕਰ ਪਾਉਂਦੇ। ਉਸ ਨਾਲ ਕੰਮ ਕਰ ਕੇ ਅਸੀਂ ਸਿੱਖ ਸਕਦੇ ਹਾਂ ਕਿ ਲੋਕਾਂ ਨਾਲ ਕਿਵੇਂ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਉਹ ਕੋਈ ਸੁਝਾਅ ਦਿੰਦਾ ਹੈ, ਤਾਂ ਉਸ ਨੂੰ ਵੀ ਮੰਨਣਾ ਚਾਹੀਦਾ ਹੈ। (1 ਕੁਰਿੰ. 4:16, 17) ਉਸ ਨੂੰ ਆਪਣੇ ਘਰ ਰੋਟੀ ਤੇ ਬੁਲਾਓ। ਇਸ ਤੋਂ ਤੁਹਾਨੂੰ ਉਸ ਨਾਲ ਹੋਰ ਸੰਗਤ ਕਰਨ ਤੇ ਉਤਸ਼ਾਹ ਪਾਉਣ ਦਾ ਮੌਕਾ ਮਿਲੇਗਾ। (ਇਬ. 13:2) ਉਹ ਆਪਣੇ ਭਾਸ਼ਣ ਕਲੀਸਿਯਾ ਦੀ ਲੋੜ ਮੁਤਾਬਕ ਦਿੰਦਾ ਹੈ, ਇਸ ਲਈ ਧਿਆਨ ਨਾਲ ਭਾਸ਼ਣ ਸੁਣੋ।
4. ਅਸੀਂ ਆਪਣੇ ਸਰਕਟ ਨਿਗਾਹਬਾਨ ਨੂੰ ਕਿਵੇਂ ਉਤਸ਼ਾਹ ਦੇ ਸਕਦੇ ਹਾਂ?
4 ਸਰਕਟ ਨਿਗਾਹਬਾਨ: ਪੌਲੁਸ ਨੂੰ ਵੀ ਭੈਣਾਂ-ਭਰਾਵਾਂ ਤੋਂ ਹੌਸਲੇ ਦੀ ਲੋੜ ਸੀ ਕਿਉਂਕਿ ਉਹ ਵੀ ਉਨ੍ਹਾਂ ਵਾਂਗ ਮੁਸ਼ਕਲਾਂ ਤੇ ਸਮੱਸਿਆਵਾਂ ਦਾ ਸਾਮ੍ਹਣਾ ਕਰਦਾ ਸੀ। (2 ਕੁਰਿੰ. 11:26-28) ਜਦੋਂ ਰੋਮ ਦੀ ਕਲੀਸਿਯਾ ਨੂੰ ਪਤਾ ਲੱਗਾ ਕਿ ਪੌਲੁਸ ਕੈਦੀ ਦੇ ਤੌਰ ਤੇ ਰੋਮ ਆ ਰਿਹਾ ਸੀ, ਤਾਂ ਕੁਝ ਮਸੀਹੀ ਉਸ ਨੂੰ ਅੱਪੀਫੋਰੁਮ (ਅੱਪੀ ਦੇ ਬਾਜ਼ਾਰ) ਵਿਚ ਮਿਲਣ ਗਏ ਜੋ ਰੋਮ ਤੋਂ 74 ਕਿਲੋਮੀਟਰ ਦੂਰ ਸੀ। “ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।” (ਰਸੂ. 28:15) ਇਸੇ ਤਰ੍ਹਾਂ ਤੁਸੀਂ ਵੀ ਆਪਣੇ ਸਰਕਟ ਨਿਗਾਹਬਾਨ ਨੂੰ ਹੱਲਾਸ਼ੇਰੀ ਦੇ ਸਕਦੇ ਹੋ। ਉਸ ਦੇ ਦੌਰੇ ਦੌਰਾਨ ਸਾਰੀਆਂ ਸਭਾਵਾਂ ਵਿਚ ਆ ਕੇ ਅਤੇ ਪ੍ਰਚਾਰ ਦੇ ਪ੍ਰਬੰਧਾਂ ਨੂੰ ਸਹਿਯੋਗ ਦੇ ਕੇ ਉਸ ਨੂੰ ‘ਦੂਣਾ ਆਦਰ’ ਦਿਓ। (1 ਤਿਮੋ. 5:17) ਉਸ ਨੂੰ ਦੱਸੋ ਕਿ ਤੁਸੀਂ ਉਸ ਦੀ ਸੇਵਾ ਅਤੇ ਮਿਹਨਤ ਦੀ ਬਹੁਤ ਕਦਰ ਕਰਦੇ ਹੋ। ਤੁਹਾਡੀ ਨਿਹਚਾ, ਪਿਆਰ ਅਤੇ ਧੀਰਜ ਦੇਖ ਕੇ ਉਸ ਨੂੰ ਤੇ ਉਸ ਦੀ ਘਰਵਾਲੀ ਨੂੰ ਬੇਹੱਦ ਖ਼ੁਸ਼ੀ ਹੋਵੇਗੀ।—2 ਥੱਸ. 1:3, 4.
5. ਅੱਜ ਸਾਨੂੰ ਸਾਰਿਆਂ ਨੂੰ ਉਤਸ਼ਾਹ ਦੀ ਕਿਉਂ ਲੋੜ ਹੈ?
5 ਇਨ੍ਹਾਂ ‘ਅੰਤ ਦਿਆਂ ਦਿਨਾਂ ਦੇ ਭੈੜੇ ਸਮੇਂ’ ਵਿਚ ਕਿਸ ਨੂੰ ਉਤਸ਼ਾਹ ਦੀ ਲੋੜ ਨਹੀਂ ਹੈ? (2 ਤਿਮੋ. 3:1) ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ ਸਭਾਵਾਂ ਅਤੇ ਪ੍ਰਚਾਰ ਵਿਚ ਪੂਰਾ-ਪੂਰਾ ਹਿੱਸਾ ਲੈਣ ਦੀ ਪਹਿਲਾਂ ਤੋਂ ਹੀ ਯੋਜਨਾ ਬਣਾਓ। ਅਸੀਂ ਸਾਰੇ, ਸਰਕਟ ਨਿਗਾਹਬਾਨ ਤੇ ਪਬਲੀਸ਼ਰ ਇਕ-ਦੂਜੇ ਨੂੰ ਉਤਸ਼ਾਹ ਦੇ ਸਕਦੇ ਹਾਂ। ਇਸ ਤਰ੍ਹਾਂ ਅਸੀਂ ‘ਇੱਕ ਦੂਏ ਨੂੰ ਤਸੱਲੀ ਦਿੰਦੇ ਅਤੇ ਇੱਕ ਦੂਏ ਦੀ ਉੱਨਤੀ ਕਰਦੇ’ ਰਹਾਂਗੇ।—1 ਥੱਸ. 5:11.