ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸਿਖਾਏ ਜਾਂਦੇ
“ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ।”—ਜ਼ਬੂਰ 143:10.
1, 2. (ੳ) ਸਾਨੂੰ ਕਦੋਂ ਸਿਖਾਇਆ ਜਾਣਾ ਚਾਹੀਦਾ ਹੈ, ਅਤੇ ਕਿਹੜੇ ਯਥਾਰਥਕ ਦ੍ਰਿਸ਼ਟੀਕੋਣ ਦੇ ਨਾਲ? (ਅ) ਯਹੋਵਾਹ ਦੁਆਰਾ ਸਿਖਾਏ ਜਾਣਾ ਕਿਉਂ ਇੰਨਾ ਅਤਿ-ਆਵੱਸ਼ਕ ਹੈ?
ਜਦ ਤਕ ਇਕ ਵਿਅਕਤੀ ਜੀਉਂਦਾ ਅਤੇ ਸਰਗਰਮ ਹੈ, ਉਸ ਨੂੰ ਹਰ ਦਿਨ ਕੋਈ ਨਾ ਕੋਈ ਲਾਭਕਾਰੀ ਚੀਜ਼ ਸਿਖਾਈ ਜਾ ਸਕਦੀ ਹੈ। ਇਹ ਗੱਲ ਤੁਹਾਡੇ ਸੰਬੰਧ ਵਿਚ ਸੱਚ ਹੈ, ਅਤੇ ਦੂਜਿਆਂ ਦੇ ਸੰਬੰਧ ਵਿਚ ਵੀ। ਪਰੰਤੂ ਮੌਤ ਹੋਣ ਤੇ ਕੀ ਹੁੰਦਾ ਹੈ? ਉਸ ਹਾਲਤ ਵਿਚ ਕੁਝ ਵੀ ਸਿਖਾਏ ਜਾਣਾ ਜਾਂ ਸਿੱਖਣਾ ਨਾਮੁਮਕਿਨ ਹੁੰਦਾ ਹੈ। ਬਾਈਬਲ ਸਪੱਸ਼ਟ ਰੂਪ ਵਿਚ ਕਹਿੰਦੀ ਹੈ ਕਿ ਮਰੇ ਹੋਏ “ਕੁਝ ਵੀ ਨਹੀਂ ਜਾਣਦੇ।” ਸ਼ੀਓਲ, ਮਨੁੱਖਜਾਤੀ ਦੀ ਆਮ ਕਬਰ, ਵਿਚ ਕੋਈ ਵੀ ਗਿਆਨ ਨਹੀਂ ਹੈ। (ਉਪਦੇਸ਼ਕ ਦੀ ਪੋਥੀ 9:5, 10) ਕੀ ਇਸ ਦਾ ਇਹ ਮਤਲਬ ਹੈ ਕਿ ਸਾਡਾ ਸਿਖਾਏ ਜਾਣਾ, ਗਿਆਨ ਇਕੱਠਾ ਕਰਨਾ, ਵਿਅਰਥ ਹੈ? ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸਾਨੂੰ ਕੀ ਸਿਖਾਇਆ ਜਾਂਦਾ ਹੈ ਅਤੇ ਅਸੀਂ ਇਸ ਗਿਆਨ ਨੂੰ ਕਿਵੇਂ ਇਸਤੇਮਾਲ ਕਰਦੇ ਹਾਂ।
2 ਜੇਕਰ ਸਾਨੂੰ ਕੇਵਲ ਸੰਸਾਰੀ ਗੱਲਾਂ ਸਿਖਾਈਆਂ ਜਾਂਦੀਆਂ ਹਨ, ਤਾਂ ਸਾਡਾ ਕੋਈ ਸਥਾਈ ਭਵਿੱਖ ਨਹੀਂ ਹੈ। ਪਰੰਤੂ, ਖ਼ੁਸ਼ੀ ਦੀ ਗੱਲ ਹੈ ਕਿ ਸਾਰੀਆਂ ਕੌਮਾਂ ਵਿਚ ਲੱਖਾਂ ਹੀ ਲੋਕਾਂ ਨੂੰ ਸਦੀਪਕ ਜੀਵਨ ਦੇ ਮਨੋਰਥ ਨਾਲ ਈਸ਼ਵਰੀ ਇੱਛਾ ਸਿਖਾਈ ਜਾ ਰਹੀ ਹੈ। ਇਸ ਉਮੀਦ ਦਾ ਆਧਾਰ ਇਹ ਹੈ ਕਿ ਅਸੀਂ ਜੀਵਨ-ਦਾਇਕ ਗਿਆਨ ਦੇ ਸ੍ਰੋਤ, ਯਹੋਵਾਹ ਵੱਲੋਂ ਸਿਖਾਏ ਜਾ ਰਹੇ ਹਾਂ।—ਜ਼ਬੂਰ 94:9-12.
3. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪਹਿਲਾ ਸਿੱਖਿਆਰਥੀ ਸੀ? (ਅ) ਸਾਨੂੰ ਕਿਉਂ ਭਰੋਸਾ ਹੈ ਕਿ ਮਾਨਵ ਯਹੋਵਾਹ ਵੱਲੋਂ ਸਿਖਾਏ ਜਾਣਗੇ, ਅਤੇ ਕੀ ਨਤੀਜਾ ਹੋਵੇਗਾ?
3 ਪਰਮੇਸ਼ੁਰ ਦੇ ਜੇਠੇ ਪੁੱਤਰ ਨੂੰ, ਉਸ ਦੇ ਪਹਿਲੇ ਸਿੱਖਿਆਰਥੀ ਦੇ ਤੌਰ ਤੇ, ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਸਿਖਾਇਆ ਗਿਆ ਸੀ। (ਕਹਾਉਤਾਂ 8:22-30; ਯੂਹੰਨਾ 8:28) ਕ੍ਰਮ ਅਨੁਸਾਰ, ਯਿਸੂ ਨੇ ਸੰਕੇਤ ਕੀਤਾ ਕਿ ਅਣਗਿਣਤ ਮਾਨਵ ਉਸ ਦੇ ਪਿਤਾ ਵੱਲੋਂ ਸਿਖਾਏ ਜਾਣਗੇ। ਸਾਡੇ ਵਿੱਚੋਂ ਉਨ੍ਹਾਂ ਲਈ ਜੋ ਪਰਮੇਸ਼ੁਰ ਤੋਂ ਸਿੱਖਦੇ ਹਨ, ਕਿਹੜੀਆਂ ਸੰਭਾਵਨਾਵਾਂ ਹਨ? ਯਿਸੂ ਨੇ ਕਿਹਾ: “ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਓਹ ਸੱਭੇ ਪਰਮੇਸ਼ੁਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ। . . . ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸੇ ਦਾ ਹੈ।”—ਯੂਹੰਨਾ 6:45-47.
4. ਲੱਖਾਂ ਹੀ ਲੋਕ ਕਿਵੇਂ ਈਸ਼ਵਰੀ ਸਿੱਖਿਆ ਦੁਆਰਾ ਪ੍ਰਭਾਵਿਤ ਹੁੰਦੇ ਹਨ, ਅਤੇ ਉਨ੍ਹਾਂ ਕੋਲ ਕਿਹੜੀ ਸੰਭਾਵਨਾ ਹੈ?
4 ਯਿਸੂ ਯਸਾਯਾਹ 54:13 ਤੋਂ ਹਵਾਲਾ ਦੇ ਰਿਹਾ ਸੀ, ਜੋ ਪਰਮੇਸ਼ੁਰ ਦੀ ਪ੍ਰਤੀਕਾਤਮਕ ਤੀਵੀਂ, ਅਰਥਾਤ ਸਵਰਗੀ ਸੀਯੋਨ ਨੂੰ ਸੰਬੋਧਿਤ ਕੀਤਾ ਗਿਆ ਸੀ। ਇਹ ਭਵਿੱਖਬਾਣੀ ਖ਼ਾਸ ਤੌਰ ਤੇ ਉਸ ਦੇ ਪੁੱਤਰਾਂ, ਅਰਥਾਤ ਯਿਸੂ ਮਸੀਹ ਦੇ ਆਤਮਾ ਤੋਂ ਜੰਮੇ 1,44,000 ਚੇਲਿਆਂ ਨੂੰ ਲਾਗੂ ਹੁੰਦੀ ਹੈ। ਇਨ੍ਹਾਂ ਅਧਿਆਤਮਿਕ ਪੁੱਤਰਾਂ ਦਾ ਬਕੀਆ ਅੱਜ ਸਰਗਰਮ ਹੈ, ਅਤੇ ਵਿਸ਼ਵ-ਵਿਆਪੀ ਸਿੱਖਿਆ ਕਾਰਜਕ੍ਰਮ ਵਿਚ ਅਗਵਾਈ ਲੈ ਰਿਹਾ ਹੈ। ਸਿੱਟੇ ਵਜੋਂ, ਲੱਖਾਂ ਹੋਰ ਲੋਕ ਜਿਸ ਤੋਂ “ਵੱਡੀ ਭੀੜ” ਬਣਦੀ ਹੈ, ਉਹ ਵੀ ਯਹੋਵਾਹ ਦੁਆਰਾ ਸਿਖਾਏ ਜਾਣ ਤੋਂ ਲਾਭ ਹਾਸਲ ਕਰਦੇ ਹਨ। ਉਨ੍ਹਾਂ ਨੂੰ ਬਿਨਾਂ ਮਰੇ ਸਿੱਖਿਆ ਲੈਂਦੇ ਰਹਿਣ ਦੀ ਅਨੋਖੀ ਸੰਭਾਵਨਾ ਹਾਸਲ ਹੈ। ਉਹ ਕਿਵੇਂ? ਉਹ ਤੇਜ਼ੀ ਨਾਲ ਨੇੜੇ ਆ ਰਹੀ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣ ਅਤੇ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦਾ ਆਨੰਦ ਮਾਣਨ ਦੀ ਸਥਿਤੀ ਵਿਚ ਹਨ।—ਪਰਕਾਸ਼ ਦੀ ਪੋਥੀ 7:9, 10, 13-17.
ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਉੱਤੇ ਜ਼ਿਆਦਾ ਜ਼ੋਰ
5. (ੳ) ਸਾਲ 1997 ਦੇ ਲਈ ਕਿਹੜਾ ਵਰ੍ਹਾ-ਪਾਠ ਹੈ? (ਅ) ਮਸੀਹੀ ਸਭਾਵਾਂ ਲਈ ਹਾਜ਼ਰ ਹੋਣ ਦੇ ਬਾਰੇ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?
5 ਸਾਲ 1997 ਦੇ ਦੌਰਾਨ, ਧਰਤੀ ਭਰ ਵਿਚ 80,000 ਤੋਂ ਵੱਧ ਕਲੀਸਿਯਾਵਾਂ ਵਿਚ, ਯਹੋਵਾਹ ਦੇ ਗਵਾਹ ਜ਼ਬੂਰ 143:10 ਦੇ ਆਰੰਭਕ ਸ਼ਬਦਾਂ ਨੂੰ ਮਨ ਵਿਚ ਰੱਖਣਗੇ: “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ।” ਇਹ 1997 ਦੇ ਲਈ ਵਰ੍ਹਾ-ਪਾਠ ਹੋਵੇਗਾ। ਇਹ ਸ਼ਬਦ, ਜੋ ਕਿ ਰਾਜ ਗ੍ਰਹਿਆਂ ਵਿਚ ਸਪੱਸ਼ਟ ਰੂਪ ਵਿਚ ਪ੍ਰਦਰਸ਼ਿਤ ਕੀਤੇ ਜਾਣਗੇ, ਇਕ ਯਾਦ-ਦਹਾਨੀ ਵਜੋਂ ਕੰਮ ਕਰਨਗੇ ਕਿ ਈਸ਼ਵਰੀ ਸਿੱਖਿਆ ਹਾਸਲ ਕਰਨ ਦਾ ਇਕ ਪ੍ਰਮੁੱਖ ਥਾਂ ਕਲੀਸਿਯਾ ਸਭਾਵਾਂ ਹਨ, ਜਿੱਥੇ ਅਸੀਂ ਹਿਦਾਇਤ ਦੇ ਇਕ ਜਾਰੀ ਕਾਰਜਕ੍ਰਮ ਵਿਚ ਹਿੱਸਾ ਲੈ ਸਕਦੇ ਹਾਂ। ਜਦੋਂ ਅਸੀਂ ਆਪਣੇ ਮਹਾਨ ਸਿੱਖਿਅਕ ਦੁਆਰਾ ਸਿਖਾਏ ਜਾਣ ਦੇ ਲਈ ਆਪਣੇ ਭਰਾਵਾਂ ਨਾਲ ਸਭਾਵਾਂ ਵਿਚ ਇਕੱਠੇ ਹੁੰਦੇ ਹਾਂ, ਤਾਂ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰ ਸਕਦੇ ਹਾਂ, ਜਿਸ ਨੇ ਲਿਖਿਆ: “ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ।”—ਜ਼ਬੂਰ 122:1; ਯਸਾਯਾਹ 30:20.
6. ਦਾਊਦ ਦੇ ਸ਼ਬਦਾਂ ਵਿਚ, ਅਸੀਂ ਕੀ ਸਵੀਕਾਰ ਕਰਦੇ ਹਾਂ?
6 ਜੀ ਹਾਂ, ਅਸੀਂ ਆਪਣੇ ਵਿਰੋਧੀ ਇਬਲੀਸ ਦੀ ਇੱਛਾ ਜਾਂ ਅਪੂਰਣ ਮਾਨਵ ਦੀ ਇੱਛਾ ਦੀ ਬਜਾਇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੇ ਲਈ ਸਿਖਾਏ ਜਾਣ ਦੇ ਇੱਛੁਕ ਹਾਂ। ਇਸ ਲਈ, ਦਾਊਦ ਦੀ ਤਰ੍ਹਾਂ, ਅਸੀਂ ਜਿਸ ਪਰਮੇਸ਼ੁਰ ਦੀ ਉਪਾਸਨਾ ਅਤੇ ਸੇਵਾ ਕਰਦੇ ਹਾਂ, ਉਸ ਨੂੰ ਸਵੀਕਾਰ ਕਰਦੇ ਹਾਂ: “ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ ਵਿੱਚ ਮੇਰੀ ਅਗਵਾਈ ਕਰੇ।” (ਜ਼ਬੂਰ 143:10) ਝੂਠੇ ਮਨੁੱਖਾਂ ਦੇ ਨਾਲ ਮੇਲ-ਜੋਲ ਰੱਖਣ ਦੀ ਇੱਛਾ ਰੱਖਣ ਦੀ ਬਜਾਇ, ਦਾਊਦ ਉੱਥੇ ਹਾਜ਼ਰ ਹੋਣਾ ਜ਼ਿਆਦਾ ਪਸੰਦ ਕਰਦਾ ਸੀ ਜਿੱਥੇ ਯਹੋਵਾਹ ਦੀ ਉਪਾਸਨਾ ਹੁੰਦੀ ਸੀ। (ਜ਼ਬੂਰ 26:4-6) ਕਿਉਂ ਜੋ ਪਰਮੇਸ਼ੁਰ ਦੀ ਆਤਮਾ ਉਸ ਦੇ ਕਦਮਾਂ ਨੂੰ ਨਿਰਦੇਸ਼ਿਤ ਕਰ ਰਹੀ ਸੀ, ਦਾਊਦ ਧਾਰਮਿਕਤਾ ਦੇ ਮਾਰਗਾਂ ਵਿਚ ਚੱਲ ਸਕਿਆ।—ਜ਼ਬੂਰ 17:5; 23:3.
7. ਪਰਮੇਸ਼ੁਰ ਦੀ ਆਤਮਾ ਨੇ ਮਸੀਹੀ ਕਲੀਸਿਯਾ ਉੱਤੇ ਕਿਵੇਂ ਕਾਰਜ ਕੀਤਾ ਹੈ?
7 ਮਹਾਨਤਰ ਦਾਊਦ, ਯਿਸੂ ਮਸੀਹ ਨੇ ਰਸੂਲਾਂ ਨੂੰ ਭਰੋਸਾ ਦਿਵਾਇਆ ਕਿ ਪਵਿੱਤਰ ਆਤਮਾ ਉਨ੍ਹਾਂ ਨੂੰ ਸਾਰੀਆਂ ਗੱਲਾਂ ਸਿਖਾਏਗੀ ਅਤੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਚੇਤੇ ਕਰਾਏਗੀ ਜੋ ਉਸ ਨੇ ਉਨ੍ਹਾਂ ਨੂੰ ਦੱਸੀਆਂ ਸਨ। (ਯੂਹੰਨਾ 14:26) ਪੰਤੇਕੁਸਤ ਦੇ ਸਮੇਂ ਤੋਂ, ਯਹੋਵਾਹ ਆਪਣੇ ਲਿਖਿਤ ਬਚਨ ਵਿਚ ਪਾਈਆਂ ਜਾਣ ਵਾਲੀਆਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਨੂੰ ਪ੍ਰਗਤੀਵਾਦੀ ਢੰਗ ਨਾਲ ਪ੍ਰਗਟ ਕਰਦਾ ਆਇਆ ਹੈ। (1 ਕੁਰਿੰਥੀਆਂ 2:10-13) ਇਹ ਉਸ ਨੇ ਇਕ ਦ੍ਰਿਸ਼ਟ ਮਾਧਿਅਮ ਦੇ ਦੁਆਰਾ ਕੀਤਾ ਹੈ ਜਿਸ ਨੂੰ ਯਿਸੂ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਆਖਿਆ। ਇਹ ਅਧਿਆਤਮਿਕ ਭੋਜਨ ਮੁਹੱਈਆ ਕਰਦਾ ਹੈ ਜਿਸ ਨੂੰ ਸੰਸਾਰ ਭਰ ਵਿਚ ਪਰਮੇਸ਼ੁਰ ਦੇ ਲੋਕਾਂ ਦੀਆਂ ਕਲੀਸਿਯਾਵਾਂ ਦੇ ਸਿੱਖਿਆ ਕਾਰਜਕ੍ਰਮ ਵਿਚ ਵਿਚਾਰਿਆ ਜਾਂਦਾ ਹੈ।—ਮੱਤੀ 24:45-47.
ਆਪਣੀਆਂ ਸਭਾਵਾਂ ਵਿਚ ਯਹੋਵਾਹ ਦੀ ਇੱਛਾ ਸਿਖਾਏ ਜਾਂਦੇ
8. ਪਹਿਰਾਬੁਰਜ ਅਧਿਐਨ ਵਿਚ ਹਿੱਸਾ ਲੈਣਾ ਕਿਉਂ ਇੰਨਾ ਲਾਭਕਾਰੀ ਹੈ?
8 ਹਫ਼ਤਾਵਾਰ ਕਲੀਸਿਯਾ ਪਹਿਰਾਬੁਰਜ ਅਧਿਐਨ ਵਿਚ ਦੀ ਸਾਮੱਗਰੀ ਅਕਸਰ ਬਾਈਬਲ ਸਿਧਾਂਤਾਂ ਦੀ ਵਰਤੋਂ ਬਾਰੇ ਹੁੰਦੀ ਹੈ। ਇਹ ਯਕੀਨਨ ਜੀਵਨ ਦੀਆਂ ਚਿੰਤਾਵਾਂ ਨਾਲ ਨਜਿੱਠਣ ਲਈ ਸਾਡੀ ਮਦਦ ਕਰਦੀ ਹੈ। ਦੂਜਿਆਂ ਅਧਿਐਨਾਂ ਵਿਚ ਡੂੰਘੀਆਂ ਅਧਿਆਤਮਿਕ ਸੱਚਾਈਆਂ ਜਾਂ ਬਾਈਬਲ ਭਵਿੱਖਬਾਣੀਆਂ ਬਾਰੇ ਵਿਚਾਰ ਕੀਤਾ ਜਾਂਦਾ ਹੈ। ਅਜਿਹੇ ਅਧਿਐਨਾਂ ਦੌਰਾਨ ਸਾਨੂੰ ਕਿੰਨਾ ਕੁਝ ਸਿਖਾਇਆ ਜਾਂਦਾ ਹੈ! ਅਨੇਕ ਦੇਸ਼ਾਂ ਵਿਚ ਇਨ੍ਹਾਂ ਸਭਾਵਾਂ ਲਈ ਰਾਜ ਗ੍ਰਹਿ ਪੂਰੇ ਭਰੇ ਹੁੰਦੇ ਹਨ। ਪਰੰਤੂ ਕਈ ਦੇਸ਼ਾਂ ਵਿਚ, ਸਭਾ ਹਾਜ਼ਰੀ ਵਿਚ ਗਿਰਾਵਟ ਹੋਈ ਹੈ। ਤੁਹਾਡੇ ਖ਼ਿਆਲ ਵਿਚ ਇਹ ਕਿਉਂ ਹੈ? ਕੀ ਹੋ ਸਕਦਾ ਹੈ ਕਿ ਕੁਝ ਵਿਅਕਤੀ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ” ਨਿਯਮਿਤ ਤੌਰ ਤੇ ਇਕੱਠੇ ਮਿਲਣ ਵਿਚ ਨੌਕਰੀ ਨੂੰ ਰੁਕਾਵਟ ਬਣਨ ਦੇ ਰਹੇ ਹਨ? ਜਾਂ ਇੰਜ ਤਾਂ ਨਹੀਂ ਕਿ ਸਮਾਜਕ ਸਰਗਰਮੀਆਂ ਵਿਚ ਜਾਂ ਟੈਲੀਵਿਯਨ ਦੇਖਣ ਵਿਚ ਅਨੇਕ ਘੰਟੇ ਬਿਤਾਏ ਜਾਂਦੇ ਹਨ, ਜਿਸ ਤੋਂ ਇੰਜ ਜਾਪੇ ਕਿ ਸਾਰੀਆਂ ਸਭਾਵਾਂ ਨੂੰ ਜਾਣ ਵਾਸਤੇ ਸਮਾਂ ਹੀ ਨਹੀਂ ਹੈ? ਇਬਰਾਨੀਆਂ 10:23-25 ਦੇ ਪ੍ਰੇਰਿਤ ਆਦੇਸ਼ ਨੂੰ ਚੇਤੇ ਕਰੋ। ਕੀ ਈਸ਼ਵਰੀ ਨਿਰਦੇਸ਼ਨ ਲਈ ਇਕੱਠੇ ਮਿਲਣਾ ਹੁਣ ਹੋਰ ਵੀ ਅਧਿਕ ਮਹੱਤਵਪੂਰਣ ਨਹੀਂ ਹੋ ਗਿਆ ਹੈ, ਜਿਉਂ-ਜਿਉਂ ਅਸੀਂ ‘ਵੇਖਦੇ ਹਾਂ ਭਈ ਉਹ ਦਿਨ ਨੇੜੇ ਆਉਂਦਾ ਹੈ’?
9. (ੳ) ਸੇਵਾ ਸਭਾ ਸਾਨੂੰ ਕਿਵੇਂ ਸੇਵਕਾਈ ਲਈ ਲੈਸ ਕਰ ਸਕਦੀ ਹੈ? (ਅ) ਗਵਾਹੀ ਕਾਰਜ ਦੇ ਬਾਰੇ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ?
9 ਸਾਡੀਆਂ ਜ਼ਿੰਮੇਵਾਰੀਆਂ ਵਿੱਚੋਂ ਇਕ ਪ੍ਰਮੁੱਖ ਜ਼ਿੰਮੇਵਾਰੀ ਪਰਮੇਸ਼ੁਰ ਦੇ ਸੇਵਕ ਵਜੋਂ ਸੇਵਾ ਕਰਨ ਦੀ ਹੈ। ਸੇਵਾ ਸਭਾ ਇਹ ਸਿਖਾਉਣ ਦੇ ਲਈ ਤਿਆਰ ਕੀਤੀ ਗਈ ਹੈ ਕਿ ਅਸੀਂ ਇਸ ਸੇਵਾ ਨੂੰ ਪ੍ਰਭਾਵਕਾਰੀ ਢੰਗ ਨਾਲ ਕਿਵੇਂ ਪੂਰਾ ਕਰ ਸਕਦੇ ਹਾਂ। ਅਸੀਂ ਸਿੱਖਦੇ ਹਾਂ ਕਿ ਅਸੀਂ ਲੋਕਾਂ ਨੂੰ ਕਿਵੇਂ ਮਿਲਣਾ ਹੈ, ਕੀ ਕਹਿਣਾ ਹੈ, ਅਨੁਕੂਲ ਪ੍ਰਤਿਕ੍ਰਿਆ ਮਿਲਣ ਤੇ ਕਿਵੇਂ ਜਵਾਬ ਦੇਣਾ ਹੈ, ਅਤੇ ਇਹ ਵੀ ਕਿ ਉਦੋਂ ਕੀ ਕਰਨਾ ਹੈ ਜਦੋਂ ਲੋਕੀ ਸਾਡੇ ਸੰਦੇਸ਼ ਨੂੰ ਠੁਕਰਾਉਂਦੇ ਹਨ। (ਲੂਕਾ 10:1-11) ਜਿਉਂ-ਜਿਉਂ ਇਸ ਹਫ਼ਤਾਵਾਰ ਸਭਾ ਵਿਚ ਪ੍ਰਭਾਵਕਾਰੀ ਤਰੀਕਿਆਂ ਦੀ ਚਰਚਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਅਸੀਂ ਨਾ ਕੇਵਲ ਘਰ-ਘਰ ਜਾਂਦੇ ਸਮੇਂ, ਬਲਕਿ ਸੜਕਾਂ ਤੇ, ਪਾਰਕਿੰਗ ਥਾਵਾਂ ਵਿਖੇ, ਪਬਲਿਕ ਵਾਹਣ ਵਿਚ, ਹਵਾਈ ਅੱਡਿਆਂ ਤੇ, ਕਾਰੋਬਾਰੀ ਇਲਾਕਿਆਂ ਵਿਚ, ਜਾਂ ਸਕੂਲਾਂ ਵਿਚ ਪ੍ਰਚਾਰ ਕਰਦੇ ਸਮੇਂ ਲੋਕਾਂ ਤਕ ਪਹੁੰਚਣ ਲਈ ਬਿਹਤਰ ਤਰੀਕੇ ਨਾਲ ਤਿਆਰ ਹੁੰਦੇ ਹਾਂ। ਸਾਡੀ ਬੇਨਤੀ, “ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ” ਦੇ ਅਨੁਸਾਰ, ਅਸੀਂ ਉਹ ਕਰਨ ਦੇ ਲਈ ਹਰ ਇਕ ਮੌਕੇ ਦਾ ਫ਼ਾਇਦਾ ਚੁੱਕਣਾ ਚਾਹਾਂਗੇ ਜਿਸ ਉੱਤੇ ਸਾਡੇ ਸੁਆਮੀ ਨੇ ਜ਼ੋਰ ਦਿੱਤਾ ਸੀ: “ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ . . . ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।”—ਮੱਤੀ 5:16.
10. ਅਸੀਂ ‘ਲਾਇਕ ਵਿਅਕਤੀਆਂ’ ਨੂੰ ਸੱਚ-ਮੁੱਚ ਕਿਵੇਂ ਮਦਦ ਕਰ ਸਕਦੇ ਹਾਂ?
10 ਅਜਿਹੀਆਂ ਕਲੀਸਿਯਾ ਸਭਾਵਾਂ ਵਿਚ, ਸਾਨੂੰ ਦੂਜਿਆਂ ਨੂੰ ਚੇਲੇ ਬਣਾਉਣ ਲਈ ਵੀ ਸਿਖਾਇਆ ਜਾਂਦਾ ਹੈ। ਜਦੋਂ ਦਿਲਚਸਪੀ ਪਾਈ ਜਾਂਦੀ ਹੈ ਜਾਂ ਕੋਈ ਸਾਹਿੱਤ ਦਿੱਤਾ ਜਾਂਦਾ ਹੈ, ਤਾਂ ਪੁਨਰ-ਮੁਲਾਕਾਤ ਕਰਦੇ ਸਮੇਂ ਸਾਡਾ ਉਦੇਸ਼ ਹੁੰਦਾ ਹੈ, ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨਾ। ਇਕ ਲਿਹਾਜ਼ ਨਾਲ, ਇਹ ਚੇਲਿਆਂ ਦਾ ‘ਲਾਇਕ ਵਿਅਕਤੀਆਂ ਦੇ ਨਾਲ ਟਿਕਣ’ ਦੇ ਸਮਾਨ ਹੈ ਤਾਂਕਿ ਉਨ੍ਹਾਂ ਨੂੰ ਉਹ ਗੱਲਾਂ ਸਿਖਾਈਆਂ ਜਾਣ ਜਿਨ੍ਹਾਂ ਦਾ ਯਿਸੂ ਨੇ ਹੁਕਮ ਦਿੱਤਾ ਸੀ। (ਮੱਤੀ 10:11; 28:19, 20) ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਵਰਗੇ ਉੱਤਮ ਸਹਾਈ ਸਾਧਨ ਦੇ ਹੁੰਦੇ ਹੋਏ, ਅਸੀਂ ਸੱਚ-ਮੁੱਚ ਹੀ ਆਪਣੀ ਸੇਵਕਾਈ ਨੂੰ ਮੁਕੰਮਲ ਤੌਰ ਤੇ ਪੂਰਾ ਕਰਨ ਦੇ ਲਈ ਚੰਗੀ ਤਰ੍ਹਾਂ ਨਾਲ ਲੈਸ ਹਾਂ। (2 ਤਿਮੋਥਿਉਸ 4:5) ਹਰ ਹਫ਼ਤੇ ਜਿਉਂ-ਜਿਉਂ ਤੁਸੀਂ ਸੇਵਾ ਸਭਾ ਅਤੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਹਾਜ਼ਰ ਹੁੰਦੇ ਹੋ, ਉਦੋਂ ਸਹਾਇਕ ਮੁੱਦਿਆਂ ਨੂੰ ਸਮਝਣ ਅਤੇ ਫਿਰ ਇਨ੍ਹਾਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲੇ ਇਕ ਕਾਫ਼ੀ ਯੋਗ ਸੇਵਕ ਵਜੋਂ ਤੁਹਾਡੀ ਪੁਸ਼ਟੀ ਕਰਨਗੇ।—2 ਕੁਰਿੰਥੀਆਂ 3:3, 5; 4:1, 2.
11. ਕਈਆਂ ਨੇ ਮੱਤੀ 6:33 ਵਿਚ ਪਾਏ ਜਾਣ ਵਾਲੇ ਸ਼ਬਦਾਂ ਵਿਚ ਕਿਵੇਂ ਨਿਹਚਾ ਪ੍ਰਦਰਸ਼ਿਤ ਕੀਤੀ ਹੈ?
11 ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਅਸੀਂ ‘ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੀਏ।’ (ਮੱਤੀ 6:33) ਆਪਣੇ ਆਪ ਨੂੰ ਪੁੱਛੋ, ‘ਮੈਂ ਇਸ ਸਿਧਾਂਤ ਨੂੰ ਕਿਵੇਂ ਲਾਗੂ ਕਰਾਂਗਾ ਜੇਕਰ ਮੇਰੀ [ਜਾਂ ਮੇਰੀ ਪਤਨੀ ਦੀ] ਨੌਕਰੀ ਦੀਆਂ ਮੰਗਾਂ ਸਭਾਵਾਂ ਲਈ ਹਾਜ਼ਰ ਹੋਣ ਵਿਚ ਰੁਕਾਵਟ ਬਣਦੀਆਂ ਹਨ?’ ਅਨੇਕ ਅਧਿਆਤਮਿਕ ਤੌਰ ਤੇ ਪ੍ਰੌੜ੍ਹ ਵਿਅਕਤੀ ਆਪਣੇ ਮਾਲਕਾਂ ਦੇ ਨਾਲ ਇਸ ਮਾਮਲੇ ਦੇ ਬਾਰੇ ਗੱਲ ਕਰਨ ਦੇ ਲਈ ਕਦਮ ਚੁੱਕਣਗੇ। ਇਕ ਪੂਰਣ-ਕਾਲੀ ਸੇਵਕਾ ਨੇ ਆਪਣੇ ਮਾਲਕ ਨੂੰ ਦੱਸਿਆ ਕਿ ਉਹ ਹਰ ਹਫ਼ਤੇ ਕੁਝ ਸਮੇਂ ਲਈ ਛੁੱਟੀ ਚਾਹੁੰਦੀ ਸੀ ਤਾਂਕਿ ਉਹ ਕਲੀਸਿਯਾ ਸਭਾਵਾਂ ਲਈ ਹਾਜ਼ਰ ਹੋ ਸਕੇ। ਉਸ ਨੇ ਦਰਖ਼ਾਸਤ ਮਨਜ਼ੂਰ ਕਰ ਲਈ। ਪਰੰਤੂ ਇਸ ਬਾਰੇ ਜਿਗਿਆਸੂ ਹੁੰਦੇ ਹੋਏ ਕਿ ਇਨ੍ਹਾਂ ਸਭਾਵਾਂ ਵਿਚ ਕੀ ਕੁਝ ਹੁੰਦਾ ਹੈ, ਉਸ ਨੇ ਹਾਜ਼ਰ ਹੋਣ ਦੀ ਇਜਾਜ਼ਤ ਮੰਗੀ। ਉੱਥੇ ਉਸ ਨੇ ਆਉਣ ਵਾਲੇ ਜ਼ਿਲ੍ਹਾ ਮਹਾਂ-ਸੰਮੇਲਨ ਦੇ ਬਾਰੇ ਘੋਸ਼ਣਾ ਸੁਣੀ। ਸਿੱਟੇ ਵਜੋਂ, ਮਾਲਕ ਨੇ ਉਸ ਮਹਾਂ-ਸੰਮੇਲਨ ਵਿਚ ਪੂਰਾ ਦਿਨ ਬਿਤਾਉਣ ਦਾ ਪ੍ਰਬੰਧ ਕੀਤਾ। ਇਸ ਮਿਸਾਲ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ?
ਈਸ਼ਵਰੀ ਮਾਪਿਆਂ ਦੁਆਰਾ ਯਹੋਵਾਹ ਦੀ ਇੱਛਾ ਸਿਖਾਈ ਜਾਂਦੀ
12. ਬੱਚਿਆਂ ਨੂੰ ਯਹੋਵਾਹ ਦੀ ਇੱਛਾ ਸਿਖਾਉਣ ਦੇ ਲਈ, ਮਸੀਹੀ ਮਾਪਿਆਂ ਨੂੰ ਧੀਰਜ ਅਤੇ ਦ੍ਰਿੜ੍ਹਤਾ ਸਹਿਤ ਕੀ ਕਰਨਾ ਚਾਹੀਦਾ ਹੈ?
12 ਪਰੰਤੂ ਈਸ਼ਵਰੀ ਇੱਛਾ ਪੂਰੀ ਕਰਨ ਦੇ ਲਈ ਸਿਖਾਏ ਜਾਣ ਵਾਸਤੇ ਕੇਵਲ ਕਲੀਸਿਯਾ ਸਭਾਵਾਂ ਅਤੇ ਮਹਾਂ-ਸੰਮੇਲਨਾਂ ਦਾ ਹੀ ਪ੍ਰਬੰਧ ਨਹੀਂ ਹੈ। ਧਰਮੀ ਮਾਪਿਆਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਯਹੋਵਾਹ ਦੀ ਉਸਤਤ ਕਰਨ ਅਤੇ ਉਸ ਦੀ ਇੱਛਾ ਪੂਰੀ ਕਰਨ ਦੇ ਲਈ ਸਿਖਲਾਈ ਦੇਣ, ਅਨੁਸ਼ਾਸਨ ਦੇਣ, ਅਤੇ ਪਾਲਣਾ ਕਰਨ। (ਜ਼ਬੂਰ 148:12, 13; ਕਹਾਉਤਾਂ 22:6, 15) ਇੰਜ ਕਰਨ ਵਿਚ ਜ਼ਰੂਰੀ ਹੈ ਕਿ ਅਸੀਂ ਆਪਣੇ “ਨਿਆਣਿਆਂ” ਨੂੰ ਸਭਾਵਾਂ ਵਿਚ ਲਿਜਾਈਏ ਜਿੱਥੇ ਉਹ ‘ਸੁਣ ਅਤੇ ਸਿੱਖ’ ਸਕਦੇ ਹਨ, ਪਰੰਤੂ ਘਰ ਵਿਚ ਉਨ੍ਹਾਂ ਨੂੰ ਪਵਿੱਤਰ ਲਿਖਤਾਂ ਵਿੱਚੋਂ ਸਿਖਾਉਣ ਦੇ ਬਾਰੇ ਕੀ? (ਬਿਵਸਥਾ ਸਾਰ 31:12; 2 ਤਿਮੋਥਿਉਸ 3:15) ਅਨੇਕ ਪਰਿਵਾਰਾਂ ਨੇ ਨੇਕਨੀਅਤ ਨਾਲ ਨਿਯਮਿਤ ਪਰਿਵਾਰਕ ਬਾਈਬਲ ਅਧਿਐਨ ਦੇ ਕਾਰਜਕ੍ਰਮ ਸ਼ੁਰੂ ਕੀਤੇ ਹਨ, ਪਰੰਤੂ ਥੋੜ੍ਹੇ ਹੀ ਸਮੇਂ ਵਿਚ ਇਹ ਅਨਿਯਮਿਤ ਜਾਂ ਬੰਦ ਹੋ ਜਾਂਦੇ ਹਨ। ਕੀ ਤੁਹਾਡਾ ਅਜਿਹਾ ਅਨੁਭਵ ਰਿਹਾ ਹੈ? ਕੀ ਤੁਸੀਂ ਇਹ ਸਿੱਟਾ ਕੱਢੋਗੇ ਕਿ ਅਜਿਹਾ ਨਿਯਮਿਤ ਅਧਿਐਨ ਕਰਨ ਦੀ ਸਲਾਹ ਅਨੁਚਿਤ ਹੈ ਜਾਂ ਕਿ ਤੁਹਾਡਾ ਪਰਿਵਾਰ ਇੰਨਾ ਭਿੰਨ ਹੈ ਕਿ ਇਹ ਤੁਹਾਡੇ ਮਾਮਲੇ ਵਿਚ ਬਿਲਕੁਲ ਹੀ ਸਫ਼ਲ ਨਹੀਂ ਹੋਵੇਗਾ? ਸਥਿਤੀ ਚਾਹੇ ਜੋ ਵੀ ਹੋਵੇ, ਤੁਸੀਂ ਮਾਪਿਓ ਕਿਰਪਾ ਕਰਕੇ ਅਗਸਤ 1, 1995, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਵਿਚ ਇਨ੍ਹਾਂ ਵਧੀਆ ਲੇਖਾਂ, “ਸਾਡੀ ਬਹੁਮੁੱਲੀ ਅਧਿਆਤਮਿਕ ਵਿਰਾਸਤ” ਅਤੇ “ਡਟੇ ਰਹਿਣ ਦੇ ਪ੍ਰਤਿਫਲ,” ਦਾ ਪੁਨਰ-ਵਿਚਾਰ ਕਰੋ।
13. ਦੈਨਿਕ ਪਾਠ ਉੱਤੇ ਵਿਚਾਰ ਕਰਨ ਤੋਂ ਪਰਿਵਾਰ ਕਿਵੇਂ ਲਾਭ ਹਾਸਲ ਕਰ ਸਕਦੇ ਹਨ?
13 ਪਰਿਵਾਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ ਤੋਂ ਦੈਨਿਕ ਪਾਠ ਉੱਤੇ ਵਿਚਾਰ ਕਰਨ ਦੀ ਆਦਤ ਪਾਉਣ। ਪਾਠ ਅਤੇ ਟਿੱਪਣੀਆਂ ਨੂੰ ਕੇਵਲ ਪੜ੍ਹਨਾ ਚੰਗਾ ਹੈ, ਲੇਕਿਨ ਪਾਠ ਦੀ ਚਰਚਾ ਕਰਨੀ ਅਤੇ ਇਸ ਨੂੰ ਲਾਗੂ ਕਰਨਾ ਜ਼ਿਆਦਾ ਲਾਭਦਾਇਕ ਹੈ। ਮਿਸਾਲ ਵਜੋਂ, ਜੇਕਰ ਅਫ਼ਸੀਆਂ 5:15-17 (ਨਿ ਵ) ਉੱਤੇ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਪਰਿਵਾਰ ਦੇ ਜੀਅ ਤਰਕ ਕਰ ਸਕਦੇ ਹਨ ਕਿ ਵਿਅਕਤੀਗਤ ਅਧਿਐਨ ਲਈ, ਕਿਸੇ ਪ੍ਰਕਾਰ ਦੀ ਪੂਰਣ-ਕਾਲੀ ਸੇਵਕਾਈ ਵਿਚ ਹਿੱਸਾ ਲੈਣ ਦੇ ਲਈ, ਅਤੇ ਦੂਜੀਆਂ ਦੈਵ-ਸ਼ਾਸਕੀ ਕਾਰਜ-ਨਿਯੁਕਤੀਆਂ ਦੀ ਦੇਖ-ਭਾਲ ਕਰਨ ਲਈ ਕਿਵੇਂ ‘ਅਨੁਕੂਲ ਸਮੇਂ ਨੂੰ ਖ਼ਰੀਦਿਆ’ ਜਾ ਸਕਦਾ ਹੈ। ਜੀ ਹਾਂ, ਦੈਨਿਕ ਪਾਠ ਦੀ ਪਰਿਵਾਰਕ ਚਰਚਾ ਦੇ ਕਾਰਨ ਇਕ ਜਾਂ ਅਨੇਕ ਜੀਅ ‘ਯਹੋਵਾਹ ਦੀ ਇੱਛਾ ਕੀ ਹੈ ਨੂੰ [ਹੋਰ ਪੂਰੀ ਤਰ੍ਹਾਂ ਨਾਲ] ਸਮਝਦੇ ਜਾਣ’ ਦੇ ਲਈ ਪ੍ਰੇਰਿਤ ਹੋ ਸਕਦੇ ਹਨ।
14. ਬਿਵਸਥਾ ਸਾਰ 6:6, 7 ਦੇ ਅਨੁਸਾਰ ਮਾਪਿਆਂ ਨੂੰ ਕਿਸ ਤਰ੍ਹਾਂ ਦੇ ਸਿੱਖਿਅਕ ਹੋਣਾ ਚਾਹੀਦਾ ਹੈ, ਅਤੇ ਇਹ ਕਿਸ ਗੱਲ ਦੀ ਮੰਗ ਕਰਦੀ ਹੈ?
14 ਮਾਪਿਆਂ ਨੂੰ ਆਪਣੇ ਬੱਚਿਆਂ ਦੇ ਉੱਦਮੀ ਸਿੱਖਿਅਕ ਹੋਣਾ ਚਾਹੀਦਾ ਹੈ। (ਬਿਵਸਥਾ ਸਾਰ 6:6, 7) ਪਰੰਤੂ ਇਹ ਕੇਵਲ ਆਪਣੇ ਬੱਚਿਆਂ ਨੂੰ ਲੈਕਚਰ ਝਾੜਨ ਜਾਂ ਹੁਕਮ ਦੇਣ ਦੀ ਹੀ ਗੱਲ ਨਹੀਂ ਹੈ। ਪਿਤਾ ਅਤੇ ਮਾਤਾ ਨੂੰ ਸੁਣਨ ਦੀ ਵੀ ਲੋੜ ਹੈ, ਤਾਂਕਿ ਇਸ ਤਰੀਕੇ ਤੋਂ ਉਹ ਹੋਰ ਚੰਗੀ ਤਰ੍ਹਾਂ ਨਾਲ ਜਾਣ ਸਕਣ ਕਿ ਕਿਹੜੀ ਗੱਲ ਨੂੰ ਸਮਝਾਉਣ, ਸਪੱਸ਼ਟ ਕਰਨ, ਦ੍ਰਿਸ਼ਟਾਂਤ ਦੁਆਰਾ ਵਿਆਖਿਆ ਕਰਨ, ਜਾਂ ਦੁਹਰਾਉਣ ਦੀ ਲੋੜ ਹੈ। ਇਕ ਮਸੀਹੀ ਪਰਿਵਾਰ ਵਿਚ, ਮਾਪੇ ਆਪਣੇ ਬੱਚਿਆਂ ਨੂੰ ਉਹ ਗੱਲਾਂ, ਜੋ ਉਨ੍ਹਾਂ ਨੂੰ ਸਮਝ ਨਹੀਂ ਆਉਂਦੀਆਂ ਹਨ ਜਾਂ ਜਿਨ੍ਹਾਂ ਬਾਰੇ ਉਹ ਪਰੇਸ਼ਾਨ ਹਨ, ਦੇ ਬਾਰੇ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਨ ਦੇ ਦੁਆਰਾ ਖੁੱਲ੍ਹੇ ਸੰਚਾਰ ਨੂੰ ਉਤੇਜਿਤ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਇਕ ਕਿਸ਼ੋਰ ਪੁੱਤਰ ਨੂੰ ਇਹ ਸਮਝਣ ਵਿਚ ਮੁਸ਼ਕਲ ਲੱਗ ਰਹੀ ਸੀ ਕਿ ਯਹੋਵਾਹ ਦਾ ਕੋਈ ਆਰੰਭ ਨਹੀਂ ਹੈ। ਮਾਪੇ ਵਾਚ ਟਾਵਰ ਸੋਸਾਇਟੀ ਦਿਆਂ ਪ੍ਰਕਾਸ਼ਨਾਂ ਨੂੰ ਇਸਤੇਮਾਲ ਕਰਦੇ ਹੋਏ, ਇਹ ਦਿਖਾ ਸਕੇ ਕਿ ਸਮੇਂ ਅਤੇ ਪੁਲਾੜ ਨੂੰ ਵੀ ਅਸੀਮ ਸਵੀਕਾਰਿਆ ਜਾਂਦਾ ਹੈ। ਇਸ ਦ੍ਰਿਸ਼ਟਾਂਤ ਨੇ ਮੁੱਦੇ ਨੂੰ ਸਪੱਸ਼ਟ ਕੀਤਾ, ਅਤੇ ਇਸ ਤੋਂ ਉਨ੍ਹਾਂ ਦਾ ਪੁੱਤਰ ਸੰਤੁਸ਼ਟ ਹੋਇਆ। ਇਸ ਲਈ ਆਪਣੇ ਬੱਚਿਆਂ ਦਿਆਂ ਸਵਾਲਾਂ ਨੂੰ ਸਪੱਸ਼ਟ ਤੌਰ ਤੇ ਅਤੇ ਸ਼ਾਸਤਰ ਤੋਂ ਜਵਾਬ ਦੇਣ ਦੇ ਲਈ ਸਮਾਂ ਕੱਢੋ, ਅਤੇ ਉਨ੍ਹਾਂ ਨੂੰ ਇਹ ਦੇਖਣ ਵਿਚ ਮਦਦ ਕਰੋ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਿੱਖਣਾ ਬਹੁਤ ਹੀ ਸੰਤੋਖਜਨਕ ਹੋ ਸਕਦਾ ਹੈ। ਪਰਮੇਸ਼ੁਰ ਦੇ ਲੋਕਾਂ—ਜਵਾਨ ਅਤੇ ਬਿਰਧ—ਨੂੰ ਹੋਰ ਕੀ ਕੁਝ ਸਿਖਾਇਆ ਜਾ ਰਿਹਾ ਹੈ?
ਪ੍ਰੇਮ ਕਰਨ ਅਤੇ ਲੜਨ ਲਈ ਸਿਖਾਏ ਜਾਂਦੇ
15. ਸਾਡੇ ਭਰਾਤਰੀ ਪ੍ਰੇਮ ਦੀ ਸੱਚਾਈ ਕਦੋਂ ਪਰਖੀ ਜਾ ਸਕਦੀ ਹੈ?
15 ਯਿਸੂ ਦੇ ਨਵੇਂ ਹੁਕਮ ਦੇ ਅਨੁਸਾਰ, ਅਸੀਂ “ਇੱਕ ਦੂਏ ਨਾਲ ਪ੍ਰੇਮ ਕਰਨ ਨੂੰ ਪਰਮੇਸ਼ੁਰ ਦੇ ਸਿਖਾਏ ਹੋਏ” ਹਾਂ। (1 ਥੱਸਲੁਨੀਕੀਆਂ 4:9) ਜਦੋਂ ਸਥਿਤੀ ਸ਼ਾਂਤਮਈ ਹੁੰਦੀ ਹੈ ਅਤੇ ਸਭ ਕੁਝ ਠੀਕ-ਠਾਕ ਚੱਲ ਰਿਹਾ ਹੁੰਦਾ ਹੈ, ਤਾਂ ਅਸੀਂ ਸ਼ਾਇਦ ਮਹਿਸੂਸ ਕਰੀਏ ਕਿ ਅਸੀਂ ਵਾਕਈ ਆਪਣੇ ਸਾਰੇ ਭਰਾਵਾਂ ਦੇ ਨਾਲ ਪ੍ਰੇਮ ਕਰਦੇ ਹਾਂ। ਪਰੰਤੂ ਉਦੋਂ ਕੀ ਹੁੰਦਾ ਹੈ ਜਦੋਂ ਨਿੱਜੀ ਅਸਹਿਮਤੀਆਂ ਪੈਦਾ ਹੁੰਦੀਆਂ ਹਨ ਜਾਂ ਅਸੀਂ ਕਿਸੇ ਦੂਜੇ ਮਸੀਹੀ ਦੀ ਕਹੀ ਗੱਲ ਜਾਂ ਕੀਤੇ ਕੰਮ ਦੇ ਕਾਰਨ ਨਾਰਾਜ਼ ਹੋ ਜਾਂਦੇ ਹਾਂ? ਇਸ ਸਥਿਤੀ ਵਿਚ ਸਾਡੇ ਪ੍ਰੇਮ ਦੀ ਸੱਚਾਈ ਪਰਖੀ ਜਾ ਸਕਦੀ ਹੈ। (ਤੁਲਨਾ ਕਰੋ 2 ਕੁਰਿੰਥੀਆਂ 8:8.) ਅਜਿਹੀਆਂ ਸਥਿਤੀਆਂ ਵਿਚ ਬਾਈਬਲ ਸਾਨੂੰ ਕੀ ਕਰਨ ਦੀ ਸਿੱਖਿਆ ਦਿੰਦੀ ਹੈ? ਇਕ ਤਾਂ ਇਹ ਕਿ ਪੂਰਣ ਰੂਪ ਵਿਚ ਪ੍ਰੇਮ ਦਿਖਾਉਣ ਦਾ ਜਤਨ ਕਰੋ। (1 ਪਤਰਸ 4:8) ਆਪਣੇ ਖ਼ੁਦ ਦੇ ਹਿੱਤ ਭਾਲਣ, ਛੋਟੀਆਂ-ਮੋਟੀਆਂ ਗ਼ਲਤੀਆਂ ਤੇ ਗੁੱਸੇ ਹੋਣ, ਜਾਂ ਕਿਸੇ ਸੱਟ ਦਾ ਹਿਸਾਬ ਰੱਖਣ ਦੀ ਬਜਾਇ, ਸਾਨੂੰ ਪ੍ਰੇਮ ਨਾਲ ਬਾਹਲਿਆਂ ਪਾਪਾਂ ਨੂੰ ਢੱਕਣ ਦਾ ਜਤਨ ਕਰਨਾ ਚਾਹੀਦਾ ਹੈ। (1 ਕੁਰਿੰਥੀਆਂ 13:5) ਅਸੀਂ ਜਾਣਦੇ ਹਾਂ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ, ਕਿਉਂਕਿ ਉਸ ਦਾ ਬਚਨ ਇਹੋ ਸਿਖਾਉਂਦਾ ਹੈ।
16. (ੳ) ਮਸੀਹੀਆਂ ਨੂੰ ਕਿਸ ਕਿਸਮ ਦੀ ਲੜਾਈ ਵਿਚ ਹਿੱਸਾ ਲੈਣ ਲਈ ਸਿਖਾਇਆ ਜਾਂਦਾ ਹੈ? (ਅ) ਅਸੀਂ ਕਿਵੇਂ ਲੈਸ ਕੀਤੇ ਜਾਂਦੇ ਹਾਂ?
16 ਹਾਲਾਂਕਿ ਅਨੇਕ ਲੋਕ ਪ੍ਰੇਮ ਅਤੇ ਲੜਾਈ ਨੂੰ ਨਹੀਂ ਜੋੜਨਗੇ, ਲੜਾਈ ਇਕ ਹੋਰ ਚੀਜ਼ ਹੈ ਜੋ ਸਾਨੂੰ ਸਿਖਾਈ ਜਾ ਰਹੀ ਹੈ, ਪਰੰਤੂ ਇਕ ਅਲੱਗ ਕਿਸਮ ਦੀ ਲੜਾਈ। ਇਹ ਸਿੱਖਣ ਦੇ ਲਈ ਕਿ ਲੜਾਈ ਕਿਵੇਂ ਲੜਨੀ ਹੈ, ਦਾਊਦ ਨੇ ਯਹੋਵਾਹ ਉੱਤੇ ਆਪਣੀ ਨਿਰਭਰਤਾ ਨੂੰ ਪਛਾਣਿਆ, ਹਾਲਾਂਕਿ ਉਸ ਦੇ ਸਮੇਂ ਵਿਚ ਇਸ ਵਿਚ ਇਸਰਾਏਲ ਦੇ ਵੈਰੀਆਂ ਦੇ ਵਿਰੁੱਧ ਸ਼ਾਬਦਿਕ ਲੜਾਈ ਸ਼ਾਮਲ ਸੀ। (1 ਸਮੂਏਲ 17:45-51; 19:8; 1 ਰਾਜਿਆਂ 5:3; ਜ਼ਬੂਰ 144:1) ਅੱਜ ਸਾਡੀ ਲੜਾਈ ਬਾਰੇ ਕੀ? ਸਾਡੇ ਹਥਿਆਰ ਸਰੀਰਕ ਨਹੀਂ ਹਨ। (2 ਕੁਰਿੰਥੀਆਂ 10:4) ਸਾਡੀ ਇਕ ਅਧਿਆਤਮਿਕ ਲੜਾਈ ਹੈ, ਜਿਸ ਦੇ ਲਈ ਸਾਨੂੰ ਅਧਿਆਤਮਿਕ ਸ਼ਸਤ੍ਰ-ਬਸਤ੍ਰ ਨਾਲ ਲੈਸ ਹੋਣ ਦੀ ਜ਼ਰੂਰਤ ਹੈ। (ਅਫ਼ਸੀਆਂ 6:10-13) ਆਪਣੇ ਬਚਨ ਅਤੇ ਆਪਣੇ ਇਕੱਤਰਿਤ ਲੋਕਾਂ ਦੇ ਦੁਆਰਾ, ਯਹੋਵਾਹ ਸਾਨੂੰ ਇਕ ਸਫ਼ਲ ਅਧਿਆਤਮਿਕ ਲੜਾਈ ਲੜਨੀ ਸਿਖਾਉਂਦਾ ਹੈ।
17. (ੳ) ਸਾਨੂੰ ਗ਼ਲਤ ਪਾਸੇ ਮੋੜਨ ਲਈ ਇਬਲੀਸ ਕਿਹੜੇ ਹੱਥਕੰਡੇ ਇਸਤੇਮਾਲ ਕਰਦਾ ਹੈ? (ਅ) ਸਾਨੂੰ ਬੁੱਧੀਮਾਨੀ ਨਾਲ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
17 ਧੋਖੇ-ਭਰੇ, ਚਲਾਕ ਤਰੀਕਿਆਂ ਨਾਲ, ਇਬਲੀਸ ਸਾਨੂੰ ਫ਼ਜ਼ੂਲ ਗੱਲਾਂ ਵੱਲ ਮੋੜਨ ਦੀ ਕੋਸ਼ਿਸ਼ ਵਿਚ ਅਕਸਰ ਸੰਸਾਰ ਦੀਆਂ ਚੀਜ਼ਾਂ, ਧਰਮ-ਤਿਆਗੀਆਂ, ਅਤੇ ਸੱਚਾਈ ਦੇ ਦੂਜੇ ਵਿਰੋਧੀਆਂ ਨੂੰ ਇਸਤੇਮਾਲ ਕਰਦਾ ਹੈ। (1 ਤਿਮੋਥਿਉਸ 6:3-5, 11; ਤੀਤੁਸ 3:9-11) ਇਹ ਇੰਜ ਹੈ ਮਾਨੋ ਉਹ ਜਾਣਦਾ ਹੈ ਕਿ ਇਕ ਸਿੱਧੇ, ਸਾਮ੍ਹਣੇ ਦੇ ਹਮਲੇ ਤੋਂ ਸਾਡੇ ਉੱਤੇ ਜੇਤੂ ਹੋਣ ਦੀ ਉਸ ਦੇ ਕੋਲ ਘੱਟ ਹੀ ਸੰਭਾਵਨਾ ਹੈ, ਇਸ ਲਈ ਉਹ ਸਾਨੂੰ ਆਪਣੇ ਮਨਪਸੰਦ ਸ਼ਿਕਵਿਆਂ ਅਤੇ ਮੂਰਖਤਾਪੂਰਣ ਸਵਾਲਾਂ, ਜਿਨ੍ਹਾਂ ਦਾ ਕੋਈ ਅਧਿਆਤਮਿਕ ਲਾਭ ਨਹੀਂ ਹੈ, ਨੂੰ ਵਿਅਕਤ ਕਰਨ ਲਈ ਉਕਸਾਉਣ ਦੇ ਦੁਆਰਾ ਸਾਨੂੰ ਠੋਕਰ ਦਿਲਾਉਣ ਦੀ ਕੋਸ਼ਿਸ਼ ਕਰਦਾ ਹੈ। ਚੌਕਸ ਯੋਧਿਆਂ ਦੇ ਤੌਰ ਤੇ, ਸਾਨੂੰ ਅਜਿਹਿਆਂ ਖ਼ਤਰਿਆਂ ਦੇ ਪ੍ਰਤੀ ਉੱਨਾ ਹੀ ਸਚੇਤ ਰਹਿਣਾ ਚਾਹੀਦਾ ਹੈ ਜਿੰਨਾ ਕਿ ਅਸੀਂ ਸਾਮ੍ਹਣਿਓਂ ਆਉਂਦੇ ਵਾਰ ਤੋਂ ਰਹਿੰਦੇ ਹਾਂ।—1 ਤਿਮੋਥਿਉਸ 1:3, 4.
18. ਆਪਣੇ ਲਈ ਨਹੀਂ ਜੀਉਣ ਵਿਚ ਦਰਅਸਲ ਕੀ ਕੁਝ ਸ਼ਾਮਲ ਹੈ?
18 ਅਸੀਂ ਮਨੁੱਖਾਂ ਦੀਆਂ ਖ਼ਾਹਸ਼ਾਂ ਜਾਂ ਕੌਮਾਂ ਦੀ ਇੱਛਾ ਨੂੰ ਅੱਗੇ ਨਹੀਂ ਵਧਾਉਂਦੇ ਹਾਂ। ਯਹੋਵਾਹ ਨੇ ਸਾਨੂੰ ਯਿਸੂ ਦੀ ਮਿਸਾਲ ਦੁਆਰਾ ਸਿਖਾਇਆ ਹੈ ਕਿ ਸਾਨੂੰ ਹੁਣ ਆਪਣੇ ਲਈ ਨਹੀਂ ਜੀਉਣਾ ਚਾਹੀਦੀ ਹੈ; ਸਗੋਂ, ਸਾਨੂੰ ਉਹੋ ਮਾਨਸਿਕ ਸੁਭਾਉ ਦੇ ਨਾਲ ਲੈਸ ਹੋਣਾ ਚਾਹੀਦਾ ਹੈ ਜੋ ਮਸੀਹ ਯਿਸੂ ਦਾ ਸੀ ਅਤੇ ਪਰਮੇਸ਼ੁਰ ਦੀ ਇੱਛਾ ਲਈ ਜੀਉਣਾ ਚਾਹੀਦਾ ਹੈ। (2 ਕੁਰਿੰਥੀਆਂ 5:14, 15) ਅਤੀਤ ਵਿਚ, ਅਸੀਂ ਕੀਮਤੀ ਸਮਾਂ ਗੁਆਉਂਦੇ ਹੋਏ, ਸ਼ਾਇਦ ਇਕ ਬਹੁਤ ਹੀ ਅਸੰਜਮੀ, ਬਦਕਾਰ ਜੀਵਨ ਬਤੀਤ ਕੀਤਾ ਹੋਵੇ। ਮੌਜਮੇਲੇ, ਨਸ਼ੇਬਾਜ਼ੀਆਂ ਅਤੇ ਅਨੈਤਿਕਤਾ ਇਸ ਦੁਸ਼ਟ ਸੰਸਾਰ ਦੀ ਖ਼ਾਸੀਅਤ ਹੈ। ਹੁਣ ਜਦ ਕਿ ਸਾਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸਿਖਾਇਆ ਜਾ ਰਿਹਾ ਹੈ, ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਸਾਨੂੰ ਇਸ ਭ੍ਰਿਸ਼ਟ ਸੰਸਾਰ ਤੋਂ ਅਲੱਗ ਕੀਤਾ ਗਿਆ ਹੈ? ਇਸ ਲਈ ਆਓ ਅਸੀਂ ਭ੍ਰਿਸ਼ਟ ਕਰਨ ਵਾਲੇ ਸੰਸਾਰੀ ਅਭਿਆਸਾਂ ਵਿਚ ਸ਼ਾਮਲ ਹੋਣ ਤੋਂ ਪਰਹੇਜ਼ ਕਰਨ ਲਈ ਅਧਿਆਤਮਿਕ ਤੌਰ ਤੇ ਸਖ਼ਤ ਲੜਾਈ ਲੜੀਏ।—1 ਪਤਰਸ 4:1-3.
ਸਾਨੂੰ ਲਾਭ ਉਠਾਉਣ ਲਈ ਸਿਖਾਉਂਦਾ
19. ਯਹੋਵਾਹ ਦੀ ਇੱਛਾ ਬਾਰੇ ਸਿਖਾਏ ਜਾਣ ਅਤੇ ਫਿਰ ਇਸ ਨੂੰ ਕਰਨ ਤੋਂ ਕਿਹੜੇ ਲਾਭ ਹਾਸਲ ਹੋਣਗੇ?
19 ਇਹ ਪਛਾਣਨਾ ਅਤਿ ਜ਼ਰੂਰੀ ਹੈ ਕਿ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸਿਖਾਏ ਜਾਣਾ ਸਾਨੂੰ ਅਧਿਕ ਲਾਭ ਪਹੁੰਚਾਏਗਾ। ਸਮਝਣਯੋਗ ਹੈ ਕਿ ਸਾਨੂੰ ਆਪਣੇ ਵੱਲੋਂ ਪੂਰਾ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਅਸੀਂ ਉਨ੍ਹਾਂ ਹਿਦਾਇਤਾਂ ਨੂੰ ਸਿੱਖ ਸਕੀਏ ਅਤੇ ਫਿਰ ਉਨ੍ਹਾਂ ਨੂੰ ਲਾਗੂ ਕਰ ਸਕੀਏ, ਜੋ ਉਸ ਦੇ ਪੁੱਤਰ ਦੇ ਜ਼ਰੀਏ, ਨਾਲ ਹੀ ਉਸ ਦੇ ਬਚਨ ਅਤੇ ਇਕੱਤਰਿਤ ਲੋਕਾਂ ਦੇ ਜ਼ਰੀਏ ਸਾਨੂੰ ਮਿਲਦੀਆਂ ਹਨ। (ਯਸਾਯਾਹ 48:17, 18; ਇਬਰਾਨੀਆਂ 2:1) ਸਾਡਾ ਇੰਜ ਕਰਨ ਦੇ ਦੁਆਰਾ, ਅਸੀਂ ਇਨ੍ਹਾਂ ਬਿਪਤਾ-ਭਰੇ ਸਮਿਆਂ ਵਿਚ ਦ੍ਰਿੜ੍ਹ ਖੜ੍ਹੇ ਰਹਿਣ ਅਤੇ ਆਉਣ ਵਾਲੇ ਤੂਫ਼ਾਨ ਦਾ ਸਾਮ੍ਹਣਾ ਕਰਨ ਦੇ ਲਈ ਮਜ਼ਬੂਤ ਕੀਤੇ ਜਾਵਾਂਗੇ। (ਮੱਤੀ 7:24-27) ਹੁਣ ਵੀ, ਅਸੀਂ ਉਸ ਦੀ ਇੱਛਾ ਪੂਰੀ ਕਰਨ ਦੇ ਦੁਆਰਾ ਪਰਮੇਸ਼ੁਰ ਨੂੰ ਖ਼ੁਸ਼ ਕਰ ਰਹੇ ਹੋਵਾਂਗੇ ਅਤੇ ਨਿਸ਼ਚਿਤ ਕਰ ਰਹੇ ਹੋਵਾਂਗੇ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਜਾਵੇਗਾ। (ਯੂਹੰਨਾ 9:31; 1 ਯੂਹੰਨਾ 3:22) ਅਤੇ ਅਸੀਂ ਸੱਚੀ ਖ਼ੁਸ਼ੀ ਅਨੁਭਵ ਕਰਾਂਗੇ।—ਯੂਹੰਨਾ 13:17.
20. ਜਿਉਂ-ਜਿਉਂ ਤੁਸੀਂ ਪੂਰੇ 1997 ਦੇ ਦੌਰਾਨ ਵਰ੍ਹਾ-ਪਾਠ ਨੂੰ ਦੇਖਦੇ ਹੋ, ਤਾਂ ਕਿਹੜੀਆਂ ਗੱਲਾਂ ਉੱਤੇ ਮਨਨ ਕਰਨਾ ਚੰਗਾ ਹੋਵੇਗਾ?
20 ਸਾਲ 1997 ਦੇ ਦੌਰਾਨ, ਸਾਨੂੰ ਅਕਸਰ ਇਹ ਵਰ੍ਹਾ-ਪਾਠ, ਜ਼ਬੂਰ 143:10, ਨੂੰ ਪੜ੍ਹਨ ਦਾ ਅਤੇ ਇਸ ਉੱਤੇ ਵਿਚਾਰ ਕਰਨ ਦਾ ਮੌਕਾ ਮਿਲੇਗਾ: “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ।” ਜਿਉਂ-ਜਿਉਂ ਅਸੀਂ ਇੰਜ ਕਰਦੇ ਹਾਂ, ਆਓ ਅਸੀਂ ਇਨ੍ਹਾਂ ਵਿੱਚੋਂ ਕੁਝ ਮੌਕਿਆਂ ਤੇ ਉਨ੍ਹਾਂ ਪ੍ਰਬੰਧਾਂ ਉੱਤੇ ਵਿਚਾਰ ਕਰੀਏ ਜੋ ਪਰਮੇਸ਼ੁਰ ਨੇ ਸਾਨੂੰ ਸਿਖਾਉਣ ਦੇ ਲਈ ਕੀਤੇ ਹਨ, ਜਿਵੇਂ ਕਿ ਉੱਤੇ ਦਿੱਤੇ ਗਏ ਹਨ। ਅਤੇ ਆਓ ਅਸੀਂ ਇਨ੍ਹਾਂ ਸ਼ਬਦਾਂ ਉੱਤੇ ਅਜਿਹਾ ਮਨਨ ਕਰਨ ਦੁਆਰਾ ਉਸ ਬੇਨਤੀ ਦੇ ਅਨੁਸਾਰ ਕੰਮ ਕਰਨ ਦੇ ਲਈ ਪ੍ਰੇਰਿਤ ਹੋਈਏ, ਇਹ ਜਾਣਦੇ ਹੋਏ ਕਿ “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.
ਤੁਸੀਂ ਕਿਵੇਂ ਜਵਾਬ ਦਿਓਗੇ?
◻ ਅੱਜ ਕਿਨ੍ਹਾਂ ਨੂੰ ਯਹੋਵਾਹ ਦੀ ਇੱਛਾ ਪੂਰੀ ਕਰਨੀ ਸਿਖਾਈ ਜਾ ਰਹੀ ਹੈ?
◻ ਸਾਲ 1997 ਦੇ ਦੌਰਾਨ ਜ਼ਬੂਰ 143:10 ਦਾ ਸਾਡੇ ਉੱਤੇ ਕੀ ਅਸਰ ਹੋਣਾ ਚਾਹੀਦਾ ਹੈ?
◻ ਸਾਨੂੰ ਯਹੋਵਾਹ ਦੀ ਇੱਛਾ ਪੂਰੀ ਕਰਨੀ ਕਿਵੇਂ ਸਿਖਾਈ ਜਾ ਰਹੀ ਹੈ?
◻ ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਮਸੀਹੀ ਮਾਪਿਆਂ ਤੋਂ ਕੀ ਮੰਗ ਕੀਤੀ ਜਾਂਦੀ ਹੈ?