ਤਮਾਮ ਲੋਕਾਂ ਲਈ ਇਕ ਪੁਸਤਕ
“ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
1. ਇਕ ਪ੍ਰੋਫ਼ੈਸਰ ਨੇ ਕਿਵੇਂ ਜਵਾਬ ਦਿੱਤਾ ਜਦੋਂ ਬਾਈਬਲ ਬਾਰੇ ਉਸ ਦਾ ਖ਼ਿਆਲ ਪੁੱਛਿਆ ਗਿਆ, ਅਤੇ ਉਸ ਨੇ ਕੀ ਕਰਨ ਦਾ ਫ਼ੈਸਲਾ ਕੀਤਾ?
ਐਤਵਾਰ ਦੁਪਹਿਰ ਦੇ ਸਮੇਂ ਪ੍ਰੋਫ਼ੈਸਰ ਆਪਣੇ ਘਰ ਬੈਠਾ ਹੋਇਆ ਸੀ, ਅਤੇ ਪਰਾਹੁਣਿਆਂ ਦੀ ਕੋਈ ਉਮੀਦ ਨਹੀਂ ਕਰ ਰਿਹਾ ਸੀ। ਪਰੰਤੂ ਜਦੋਂ ਸਾਡੀ ਇਕ ਮਸੀਹੀ ਭੈਣ ਉਸ ਦੇ ਘਰ ਗਈ, ਤਾਂ ਉਸ ਨੇ ਉਸ ਦੀ ਗੱਲ ਸੁਣੀ। ਉਸ ਨੇ ਪ੍ਰਦੂਸ਼ਣ ਅਤੇ ਧਰਤੀ ਦੇ ਭਵਿੱਖ ਬਾਰੇ ਗੱਲ ਕੀਤੀ—ਅਜਿਹੇ ਵਿਸ਼ੇ ਜਿਸ ਵਿਚ ਉਸ ਨੂੰ ਦਿਲਚਸਪੀ ਸੀ। ਲੇਕਿਨ, ਜਦੋਂ ਭੈਣ ਨੇ ਚਰਚਾ ਵਿਚ ਬਾਈਬਲ ਦਾ ਜ਼ਿਕਰ ਕੀਤਾ, ਤਾਂ ਪ੍ਰੋਫ਼ੈਸਰ ਸੰਦੇਹਵਾਦੀ ਜਾਪਿਆ। ਇਸ ਲਈ ਭੈਣ ਨੇ ਉਸ ਨੂੰ ਪੁੱਛਿਆ ਕਿ ਬਾਈਬਲ ਬਾਰੇ ਉਸ ਦਾ ਕੀ ਖ਼ਿਆਲ ਸੀ।
“ਉਹ ਇਕ ਚੰਗੀ ਪੁਸਤਕ ਹੈ ਜੋ ਕੁਝ ਬੁੱਧੀਮਾਨ ਮਨੁੱਖਾਂ ਦੁਆਰਾ ਲਿਖੀ ਗਈ ਸੀ,” ਉਸ ਨੇ ਜਵਾਬ ਦਿੱਤਾ, “ਪਰੰਤੂ ਬਾਈਬਲ ਨੂੰ ਜ਼ਿਆਦਾ ਮਹੱਤਤਾ ਨਹੀਂ ਦੇਣੀ ਚਾਹੀਦੀ ਹੈ।”
“ਤੁਸੀਂ ਬਾਈਬਲ ਕਦੀ ਪੜ੍ਹੀ ਹੈ?” ਉਸ ਨੇ ਪੁੱਛਿਆ।
ਹੈਰਾਨ ਹੋ ਕੇ, ਪ੍ਰੋਫ਼ੈਸਰ ਨੂੰ ਸਵੀਕਾਰ ਕਰਨਾ ਪਿਆ ਕਿ ਉਸ ਨੇ ਨਹੀਂ ਪੜ੍ਹੀ ਸੀ।
ਭੈਣ ਨੇ ਫਿਰ ਪੁੱਛਿਆ: “ਤੁਸੀਂ ਅਜਿਹੀ ਇਕ ਪੁਸਤਕ ਬਾਰੇ ਇੰਨੀ ਦ੍ਰਿੜ੍ਹ ਧਾਰਣਾ ਕਿਵੇਂ ਪ੍ਰਗਟ ਕਰ ਸਕਦੇ ਹੋ ਜੋ ਤੁਸੀਂ ਕਦੀ ਪੜ੍ਹੀ ਵੀ ਨਹੀਂ ਹੈ?”
ਸਾਡੀ ਭੈਣ ਦਾ ਤਰਕ ਜਾਇਜ਼ ਸੀ। ਪ੍ਰੋਫ਼ੈਸਰ ਨੇ ਬਾਈਬਲ ਦੀ ਜਾਂਚ ਕਰ ਕੇ ਫਿਰ ਉਸ ਦੇ ਬਾਰੇ ਇਕ ਰਾਇ ਬਣਾਉਣ ਦਾ ਫ਼ੈਸਲਾ ਕੀਤਾ।
2, 3. ਬਹੁਤ ਸਾਰੇ ਲੋਕਾਂ ਲਈ ਬਾਈਬਲ ਇਕ ਬੰਦ ਪੁਸਤਕ ਕਿਉਂ ਹੈ, ਅਤੇ ਇਹ ਸਾਡੇ ਸਾਮ੍ਹਣੇ ਕਿਹੜੀ ਚੁਣੌਤੀ ਪੇਸ਼ ਕਰਦੀ ਹੈ?
2 ਅਜਿਹੀ ਰਾਇ ਰੱਖਣ ਵਿਚ ਪ੍ਰੋਫ਼ੈਸਰ ਇਕੱਲਾ ਨਹੀਂ ਹੈ। ਅਨੇਕ ਲੋਕ ਬਾਈਬਲ ਦੇ ਬਾਰੇ ਦ੍ਰਿੜ੍ਹ ਰਾਇ ਰੱਖਦੇ ਹਨ ਭਾਵੇਂ ਕਿ ਉਨ੍ਹਾਂ ਨੇ ਖ਼ੁਦ ਇਸ ਨੂੰ ਕਦੀ ਨਹੀਂ ਪੜ੍ਹਿਆ ਹੈ। ਬਾਈਬਲ ਤਾਂ ਸ਼ਾਇਦ ਉਨ੍ਹਾਂ ਕੋਲ ਹੋਵੇ। ਉਹ ਸ਼ਾਇਦ ਇਸ ਦੇ ਸਾਹਿੱਤਕ ਜਾਂ ਇਤਿਹਾਸਕ ਮੁੱਲ ਨੂੰ ਵੀ ਕਬੂਲ ਕਰਦੇ ਹਨ। ਪਰੰਤੂ ਬਹੁਤਿਆਂ ਲਈ, ਇਹ ਇਕ ਬੰਦ ਪੁਸਤਕ ਹੈ। ‘ਮੇਰੇ ਕੋਲ ਬਾਈਬਲ ਪੜ੍ਹਨ ਲਈ ਸਮਾਂ ਨਹੀਂ ਹੈ,’ ਕੁਝ ਲੋਕ ਕਹਿੰਦੇ ਹਨ। ਦੂਸਰੇ ਲੋਕ ਸੋਚਦੇ ਹਨ, ‘ਇਕ ਪ੍ਰਾਚੀਨ ਪੁਸਤਕ ਮੇਰੇ ਜੀਵਨ ਲਈ ਕਿਵੇਂ ਢੁਕਵੀਂ ਹੋ ਸਕਦੀ ਹੈ?’ ਅਜਿਹੇ ਦ੍ਰਿਸ਼ਟੀਕੋਣ ਸਾਡੇ ਸਾਮ੍ਹਣੇ ਇਕ ਅਸਲੀ ਚੁਣੌਤੀ ਪੇਸ਼ ਕਰਦੇ ਹਨ। ਯਹੋਵਾਹ ਦੇ ਗਵਾਹ ਦ੍ਰਿੜ੍ਹਤਾ ਨਾਲ ਵਿਸ਼ਵਾਸ ਕਰਦੇ ਹਨ ਕਿ ਬਾਈਬਲ “ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ . . . ਲਈ ਗੁਣਕਾਰ ਹੈ।” (2 ਤਿਮੋਥਿਉਸ 3:16, 17) ਪਰੰਤੂ, ਅਸੀਂ ਦੂਜਿਆਂ ਨੂੰ ਕਿਵੇਂ ਕਾਇਲ ਕਰ ਸਕਦੇ ਹਾਂ ਕਿ ਉਨ੍ਹਾਂ ਨੂੰ ਆਪਣੇ ਜਾਤੀਗਤ, ਨਸਲੀ, ਜਾਂ ਕੌਮੀ ਪਿਛੋਕੜ ਦੇ ਬਾਵਜੂਦ, ਬਾਈਬਲ ਦੀ ਜਾਂਚ ਕਰਨੀ ਚਾਹੀਦੀ ਹੈ?
3 ਆਓ ਅਸੀਂ ਕੁਝ ਕਾਰਨਾਂ ਉੱਤੇ ਚਰਚਾ ਕਰੀਏ ਕਿ ਬਾਈਬਲ ਕਿਉਂ ਜਾਂਚ ਕਰਨ ਦੇ ਯੋਗ ਹੈ। ਅਜਿਹੀ ਚਰਚਾ ਸਾਨੂੰ ਆਪਣੀ ਸੇਵਕਾਈ ਵਿਚ ਮਿਲਣ ਵਾਲਿਆਂ ਨਾਲ ਤਰਕ ਕਰਨ ਲਈ ਲੈਸ ਕਰ ਸਕਦੀ ਹੈ, ਜਿਸ ਨਾਲ ਸ਼ਾਇਦ ਅਸੀਂ ਉਨ੍ਹਾਂ ਨੂੰ ਕਾਇਲ ਕਰ ਸਕੀਏ ਕਿ ਉਨ੍ਹਾਂ ਨੂੰ ਬਾਈਬਲ ਦੀਆਂ ਕਹੀਆਂ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਨਾਲ ਹੀ, ਇਸ ਪੁਨਰ-ਵਿਚਾਰ ਤੋਂ ਸਾਡੀ ਆਪਣੀ ਨਿਹਚਾ ਵੀ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਬਾਈਬਲ ਅਸਲ ਵਿਚ ਉਹੀ ਹੈ ਜੋ ਇਹ ਹੋਣ ਦਾ ਦਾਅਵਾ ਕਰਦੀ ਹੈ—“ਪਰਮੇਸ਼ੁਰ ਦਾ ਬਚਨ।”—ਇਬਰਾਨੀਆਂ 4:12.
ਸੰਸਾਰ ਦੀ ਸਭ ਤੋਂ ਵਿਆਪਕ ਤੌਰ ਤੇ ਵੰਡੀ ਗਈ ਪੁਸਤਕ
4. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਬਾਈਬਲ ਸੰਸਾਰ ਦੀ ਸਭ ਤੋਂ ਵਿਆਪਕ ਤੌਰ ਤੇ ਵੰਡੀ ਗਈ ਪੁਸਤਕ ਹੈ?
4 ਪਹਿਲਾ, ਬਾਈਬਲ ਇਸ ਕਰਕੇ ਵਿਚਾਰੇ ਜਾਣ ਦੇ ਯੋਗ ਹੈ ਕਿਉਂਕਿ ਇਹ ਪੂਰੇ ਮਾਨਵ ਇਤਿਹਾਸ ਵਿਚ ਸਭ ਤੋਂ ਵਿਆਪਕ ਤੌਰ ਤੇ ਵੰਡੀ ਗਈ ਅਤੇ ਅਨੁਵਾਦ ਕੀਤੀ ਗਈ ਪੁਸਤਕ ਹੈ। 500 ਤੋਂ ਜ਼ਿਆਦਾ ਸਾਲ ਪਹਿਲਾਂ, ਹਿੱਲਣਯੋਗ ਟਾਈਪ ਨਾਲ ਛਪਿਆ ਪਹਿਲਾ ਸੰਸਕਰਣ ਯੋਹਾਨਸ ਗੁਟਨਬਰਗ ਦੀ ਛਪਾਈ ਪ੍ਰੈੱਸ ਉੱਤੇ ਛਪਿਆ ਸੀ। ਉਸ ਸਮੇਂ ਤੋਂ, ਅਨੁਮਾਨਿਤ ਚਾਰ ਅਰਬ ਬਾਈਬਲਾਂ, ਪੂਰੀਆਂ ਜਾਂ ਹਿੱਸਿਆਂ ਵਿਚ, ਛਾਪੀਆਂ ਜਾ ਚੁੱਕੀਆਂ ਹਨ। 1996 ਤਕ ਪੂਰੀ ਬਾਈਬਲ ਜਾਂ ਇਸ ਦੇ ਹਿੱਸਿਆਂ ਦਾ 2,167 ਭਾਸ਼ਾਵਾਂ ਜਾਂ ਉਪ-ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਚੁੱਕਾ ਹੈ।a 90 ਫੀ ਸਦੀ ਤੋਂ ਜ਼ਿਆਦਾ ਮਾਨਵੀ ਪਰਿਵਾਰ ਕੋਲ ਆਪਣੀ ਹੀ ਭਾਸ਼ਾ ਵਿਚ ਬਾਈਬਲ ਦੇ ਘੱਟੋ-ਘੱਟ ਕੁਝ ਹਿੱਸੇ ਪਹੁੰਚ ਵਿਚ ਹਨ। ਕੋਈ ਦੂਜੀ ਪੁਸਤਕ—ਧਾਰਮਿਕ ਜਾਂ ਗ਼ੈਰ-ਧਾਰਮਿਕ—ਵੰਡਾਈ ਵਿਚ ਇਸ ਦੇ ਲਾਗੇ ਵੀ ਨਹੀਂ ਆਉਂਦੀ ਹੈ!
5. ਸਾਨੂੰ ਇਹ ਆਸ ਕਿਉਂ ਰੱਖਣੀ ਚਾਹੀਦੀ ਹੈ ਕਿ ਬਾਈਬਲ ਸੰਸਾਰ ਭਰ ਦੇ ਲੋਕਾਂ ਦੀ ਪਹੁੰਚ ਵਿਚ ਹੋਣੀ ਚਾਹੀਦੀ ਹੈ?
5 ਇਕੱਲੇ ਅੰਕੜੇ ਹੀ ਸਾਬਤ ਨਹੀਂ ਕਰਦੇ ਹਨ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਪਰੰਤੂ, ਸਾਨੂੰ ਨਿਸ਼ਚਿਤ ਤੌਰ ਤੇ ਇਹ ਆਸ ਰੱਖਣੀ ਚਾਹੀਦੀ ਹੈ ਕਿ ਪਰਮੇਸ਼ੁਰ ਵੱਲੋਂ ਪ੍ਰੇਰਿਤ ਇਕ ਲਿਖਤੀ ਰਿਕਾਰਡ ਸੰਸਾਰ ਭਰ ਦੇ ਲੋਕਾਂ ਦੀ ਪਹੁੰਚ ਵਿਚ ਹੋਣਾ ਚਾਹੀਦਾ ਹੈ। ਆਖ਼ਰ ਬਾਈਬਲ ਆਪ ਸਾਨੂੰ ਦੱਸਦੀ ਹੈ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਹੋਰ ਕਿਸੇ ਵੀ ਪੁਸਤਕ ਤੋਂ ਭਿੰਨ, ਬਾਈਬਲ ਅਨੇਕ ਕੌਮਾਂ ਵਿਚ ਉਪਲਬਧ ਹੋ ਚੁੱਕੀ ਹੈ, ਅਤੇ ਜਾਤੀਗਤ ਤੇ ਨਸਲੀ ਦੀਵਾਰਾਂ ਨੂੰ ਪਾਰ ਕਰ ਗਈ ਹੈ। ਸੱਚ-ਮੁੱਚ, ਬਾਈਬਲ ਤਮਾਮ ਲੋਕਾਂ ਲਈ ਇਕ ਪੁਸਤਕ ਹੈ!
ਸਾਂਭ ਕੇ ਰੱਖਣ ਦਾ ਅਨੋਖਾ ਰਿਕਾਰਡ
6, 7. ਇਹ ਹੈਰਾਨੀ ਦੀ ਗੱਲ ਕਿਉਂ ਨਹੀਂ ਹੈ ਕਿ ਬਾਈਬਲ ਦੀ ਕੋਈ ਵੀ ਮੁਢਲੀ ਲਿਖਤ ਹੋਂਦ ਵਿਚ ਨਹੀਂ ਹੈ, ਅਤੇ ਇਹ ਕਿਹੜਾ ਸਵਾਲ ਪੈਦਾ ਕਰਦੀ ਹੈ?
6 ਇਕ ਹੋਰ ਕਾਰਨ ਹੈ ਕਿ ਬਾਈਬਲ ਕਿਉਂ ਜਾਂਚ ਕੀਤੇ ਜਾਣ ਦੇ ਯੋਗ ਹੈ। ਇਹ ਕੁਦਰਤੀ ਅਤੇ ਮਨੁੱਖੀ ਔਕੜਾਂ ਦੇ ਬਾਵਜੂਦ ਬਚੀ ਰਹੀ ਹੈ। ਇਸ ਦਾ ਰਿਕਾਰਡ ਕਿ ਇਹ ਜ਼ਬਰਦਸਤ ਚੁਣੌਤੀਆਂ ਦੇ ਬਾਵਜੂਦ ਕਿਵੇਂ ਸਾਂਭੀ ਗਈ ਸੀ, ਪ੍ਰਾਚੀਨ ਲਿਖਤਾਂ ਵਿਚ ਸੱਚ-ਮੁੱਚ ਅਨੋਖਾ ਹੈ।
7 ਜ਼ਾਹਰਾ ਤੌਰ ਤੇ, ਬਾਈਬਲ ਲਿਖਾਰੀਆਂ ਨੇ ਆਪਣੇ ਸ਼ਬਦਾਂ ਨੂੰ ਸਿਆਹੀ ਨਾਲ ਪਪਾਇਰਸ (ਇਸ ਹੀ ਨਾਂ ਦੇ ਮਿਸਰੀ ਬੂਟੇ ਤੋਂ ਬਣਿਆ) ਅਤੇ ਚੰਮ-ਪੱਤਰ (ਪਸ਼ੂਆਂ ਦੇ ਚਮੜੇ ਤੋਂ ਬਣਿਆ) ਉੱਤੇ ਰਿਕਾਰਡ ਕੀਤਾ।b (ਅੱਯੂਬ 8:11) ਪਰੰਤੂ, ਅਜਿਹੀਆਂ ਲਿਖਣ-ਸਾਮੱਗਰੀਆਂ ਦੇ ਕੁਦਰਤੀ ਵੈਰੀ ਹੁੰਦੇ ਹਨ। ਵਿਦਵਾਨ ਔਸਕਰ ਪਾਰੇਟ ਸਮਝਾਉਂਦਾ ਹੈ: “ਲਿਖਾਈ ਲਈ ਇਹ ਦੋਨੋਂ ਹੀ ਮਾਧਿਅਮ ਸਿੱਲ੍ਹ ਤੋਂ, ਉੱਲੀ ਤੋਂ, ਅਤੇ ਵਿਭਿੰਨ ਸੁੰਡੀਆਂ ਤੋਂ ਬਰਾਬਰ ਖ਼ਤਰੇ ਵਿਚ ਹਨ। ਅਸੀਂ ਰੋਜ਼ਾਨਾ ਤਜਰਬੇ ਤੋਂ ਜਾਣਦੇ ਹਾਂ ਕਿ ਕਿਵੇਂ ਕਾਗਜ਼, ਅਤੇ ਮਜ਼ਬੂਤ ਚਮੜਾ ਵੀ, ਖੁੱਲ੍ਹੀ ਹਵਾ ਵਿਚ ਜਾਂ ਇਕ ਸਲ੍ਹਾਬੇ ਕਮਰੇ ਵਿਚ ਕਿੰਨੇ ਸੌਖਿਆਂ ਹੀ ਖ਼ਰਾਬ ਹੋ ਜਾਂਦੇ ਹਨ।” ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਕੋਈ ਵੀ ਮੁਢਲੀ ਲਿਖਤ ਹੋਂਦ ਵਿਚ ਨਹੀਂ ਹੈ; ਸੰਭਵ ਹੈ ਕਿ ਇਹ ਬਹੁਤ ਚਿਰ ਪਹਿਲਾਂ ਨਸ਼ਟ ਹੋ ਗਈਆਂ ਸਨ। ਪਰੰਤੂ ਜੇਕਰ ਮੁਢਲੀਆਂ ਲਿਖਤਾਂ ਕੁਦਰਤੀ ਵੈਰੀਆਂ ਦੇ ਕਾਰਨ ਤਬਾਹ ਹੋ ਗਈਆਂ ਸਨ, ਤਾਂ ਬਾਈਬਲ ਕਿਵੇਂ ਬਚੀ ਰਹੀ?
8. ਸਦੀਆਂ ਦੌਰਾਨ, ਬਾਈਬਲ ਲਿਖਤਾਂ ਕਿਵੇਂ ਸਾਂਭੀਆਂ ਗਈਆਂ ਸਨ?
8 ਮੁਢਲੀਆਂ ਕਾਪੀਆਂ ਦੇ ਲਿਖਣ ਤੋਂ ਜਲਦੀ ਹੀ ਬਾਅਦ, ਹੱਥ-ਲਿਖਿਤ ਕਾਪੀਆਂ ਬਣਾਈਆਂ ਜਾਣੀਆਂ ਸ਼ੁਰੂ ਹੋ ਗਈਆਂ। ਦਰਅਸਲ ਪ੍ਰਾਚੀਨ ਇਸਰਾਏਲ ਵਿਚ ਬਿਵਸਥਾ ਅਤੇ ਪਵਿੱਤਰ ਸ਼ਾਸਤਰ ਦੇ ਹਿੱਸਿਆਂ ਦੀਆਂ ਕਾਪੀਆਂ ਬਣਾਉਣਾ ਇਕ ਪੇਸ਼ਾ ਬਣ ਗਿਆ। ਉਦਾਹਰਣ ਲਈ, ਜਾਜਕ ਅਜ਼ਰਾ ਦਾ ਵਰਣਨ “ਮੂਸਾ ਦੀ ਬਿਵਸਥਾ ਵਿੱਚ . . . ਬੜਾ ਗੁਣੀ ਗ੍ਰੰਥੀ [“ਨਿਪੁੰਨ ਨਕਲਕਾਰ,” ਨਿ ਵ]” ਵਜੋਂ ਕੀਤਾ ਗਿਆ ਹੈ। (ਅਜ਼ਰਾ 7:6, 11; ਤੁਲਨਾ ਕਰੋ ਜ਼ਬੂਰ 45:1.) ਪਰੰਤੂ ਬਣਾਈਆਂ ਗਈਆਂ ਨਕਲਾਂ ਵੀ ਨਾਸ਼ਵਾਨ ਸਨ; ਆਖ਼ਰਕਾਰ ਇਨ੍ਹਾਂ ਦੀ ਥਾਂ ਹੋਰ ਵੀ ਹੱਥ-ਲਿਖਤ ਕਾਪੀਆਂ ਬਣਾਉਣੀਆਂ ਪਈਆਂ। ਕਾਪੀਆਂ ਤੋਂ ਕਾਪੀਆਂ ਬਣਾਉਣ ਦੀ ਇਹ ਕਾਰਜ-ਵਿਧੀ ਕਈ ਸਦੀਆਂ ਲਈ ਜਾਰੀ ਰਹੀ। ਕਿਉਂ ਜੋ ਮਾਨਵ ਸੰਪੂਰਣ ਨਹੀਂ ਹਨ, ਕੀ ਨਕਲਕਾਰਾਂ ਦੀਆਂ ਗ਼ਲਤੀਆਂ ਨੇ ਬਾਈਬਲ ਦੇ ਮੂਲ-ਪਾਠ ਨੂੰ ਬਹੁਤ ਹੀ ਬਦਲ ਦਿੱਤਾ? ਠੋਸ ਸਬੂਤ ਕਹਿੰਦਾ ਹੈ ਕਿ ਨਹੀਂ!
9. ਮਸੋਰਾ ਦੇ ਲਿਖਾਰੀਆਂ ਦੀ ਉਦਾਹਰਣ ਕਿਵੇਂ ਬਾਈਬਲ ਨਕਲਕਾਰਾਂ ਦੀ ਅਤਿਅੰਤ ਸਾਵਧਾਨੀ ਅਤੇ ਦਰੁਸਤੀ ਨੂੰ ਦਰਸਾਉਂਦੀ ਹੈ?
9 ਨਕਲਕਾਰ ਸਿਰਫ਼ ਬਹੁਤ ਮਾਹਰ ਹੀ ਨਹੀਂ ਸਨ ਬਲਕਿ ਉਹ ਉਨ੍ਹਾਂ ਸ਼ਬਦਾਂ ਦੇ ਪ੍ਰਤੀ ਡੂੰਘਾ ਆਦਰ ਵੀ ਰੱਖਦੇ ਸਨ ਜੋ ਉਹ ਕਾਪੀ ਕਰਦੇ ਸਨ। “ਨਕਲਕਾਰ” ਦੇ ਲਈ ਇਬਰਾਨੀ ਸ਼ਬਦ ਗਿਣਤੀ ਕਰਨ ਅਤੇ ਰਿਕਾਰਡ ਕਰਨ ਦਾ ਸੰਕੇਤ ਦਿੰਦਾ ਹੈ। ਨਕਲਕਾਰਾਂ ਦੀ ਅਤਿਅੰਤ ਸਾਵਧਾਨੀ ਅਤੇ ਦਰੁਸਤੀ ਨੂੰ ਦਰਸਾਉਣ ਲਈ, ਮਸੋਰਾ ਦੇ ਲਿਖਾਰੀਆਂ ਦੀ ਮਿਸਾਲ ਉੱਤੇ ਗੌਰ ਕਰੋ, ਜੋ ਇਬਰਾਨੀ ਸ਼ਾਸਤਰ ਦੇ ਨਕਲਕਾਰ ਸਨ ਅਤੇ ਛੇਵੀਂ ਤੇ ਦਸਵੀਂ ਸਦੀ ਸਾ.ਯੁ. ਦੇ ਦਰਮਿਆਨ ਰਹਿੰਦੇ ਸਨ। ਵਿਦਵਾਨ ਟੋਮਸ ਹਾਰਟਵੈਲ ਹੌਰਨ ਦੇ ਅਨੁਸਾਰ, ਉਨ੍ਹਾਂ ਨੇ ਮਿਥ ਲਿਆ ਕਿ “ਪੂਰੇ ਇਬਰਾਨੀ ਸ਼ਾਸਤਰ ਵਿਚ [ਇਬਰਾਨੀ] ਅੱਖਰਕ੍ਰਮ ਦਾ ਹਰ ਇਕ ਅੱਖਰ ਕਿੰਨੀ ਵਾਰੀ ਪਾਇਆ ਜਾਂਦਾ ਹੈ।” ਜ਼ਰਾ ਸੋਚੋ ਕਿ ਇਸ ਦਾ ਕੀ ਮਤਲਬ ਹੈ! ਇਨ੍ਹਾਂ ਅਰਪਿਤ ਨਕਲਕਾਰਾਂ ਨੇ ਨਾ ਸਿਰਫ਼ ਕਾਪੀ ਕੀਤੇ ਗਏ ਸ਼ਬਦਾਂ ਨੂੰ, ਪਰੰਤੂ ਅੱਖਰਾਂ ਨੂੰ ਵੀ ਗਿਣਿਆ ਤਾਂਕਿ ਇਕ ਵੀ ਅੱਖਰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਇਕ ਵਿਦਵਾਨ ਦੀ ਗਿਣਤੀ ਅਨੁਸਾਰ, ਉਹ ਇਬਰਾਨੀ ਸ਼ਾਸਤਰ ਵਿਚ ਪਾਏ ਗਏ 8,15,140 ਵੱਖਰੇ-ਵੱਖਰੇ ਅੱਖਰਾਂ ਦਾ ਹਿਸਾਬ ਰੱਖਦੇ ਸਨ! ਅਜਿਹੇ ਉੱਦਮੀ ਜਤਨ ਨੇ ਦਰੁਸਤੀ ਦਾ ਇਕ ਉੱਚਾ ਦਰਜਾ ਨਿਸ਼ਚਿਤ ਕੀਤਾ।
10. ਇਸ ਗੱਲ ਦਾ ਕਿਹੜਾ ਜ਼ੋਰਦਾਰ ਸਬੂਤ ਹੈ ਕਿ ਇਬਰਾਨੀ ਅਤੇ ਯੂਨਾਨੀ ਮੂਲ-ਪਾਠ, ਜਿਨ੍ਹਾਂ ਉੱਤੇ ਆਧੁਨਿਕ ਅਨੁਵਾਦ ਆਧਾਰਿਤ ਹਨ, ਮੁਢਲੇ ਲਿਖਾਰੀਆਂ ਦੇ ਸ਼ਬਦਾਂ ਨੂੰ ਸਹੀ ਤੌਰ ਤੇ ਪੇਸ਼ ਕਰਦੇ ਹਨ?
10 ਅਸਲ ਵਿਚ, ਇਸ ਗੱਲ ਦਾ ਜ਼ੋਰਦਾਰ ਸਬੂਤ ਹੈ ਕਿ ਉਹ ਇਬਰਾਨੀ ਅਤੇ ਯੂਨਾਨੀ ਮੂਲ-ਪਾਠ ਜਿਨ੍ਹਾਂ ਉੱਤੇ ਆਧੁਨਿਕ ਅਨੁਵਾਦ ਆਧਾਰਿਤ ਹਨ, ਮੁਢਲੇ ਲਿਖਾਰੀਆਂ ਦੇ ਸ਼ਬਦਾਂ ਨੂੰ ਮਾਅਰਕੇ ਦੀ ਵਫ਼ਾਦਾਰੀ ਨਾਲ ਪੇਸ਼ ਕਰਦੇ ਹਨ। ਸਬੂਤ ਵਜੋਂ ਬਾਈਬਲ ਦੀਆਂ ਹਜ਼ਾਰਾਂ ਹੱਥ-ਲਿਖਤ ਕਾਪੀਆਂ ਮੌਜੂਦ ਹਨ—ਪੂਰੇ ਇਬਰਾਨੀ ਸ਼ਾਸਤਰ ਜਾਂ ਇਸ ਦੇ ਭਾਗਾਂ ਦੀਆਂ ਅਨੁਮਾਨਿਤ 6,000 ਅਤੇ ਯੂਨਾਨੀ ਵਿਚ ਮਸੀਹੀ ਸ਼ਾਸਤਰ ਦੀਆਂ 5,000 ਕੁ ਹੱਥ-ਲਿਖਤਾਂ—ਜੋ ਸਾਡੇ ਦਿਨਾਂ ਤਕ ਬਚੀਆਂ ਰਹੀਆਂ ਹਨ। ਹੋਂਦ ਵਿਚ ਬਹੁਤ ਸਾਰੀਆਂ ਹੱਥ-ਲਿਖਤਾਂ ਦੇ ਧਿਆਨਵਾਨ, ਅਤੇ ਤੁਲਨਾਤਮਕ ਵਿਸ਼ਲੇਸ਼ਣ ਦੇ ਕਾਰਨ, ਮੂਲ-ਪਾਠ ਦੇ ਵਿਦਵਾਨ ਨਕਲਕਾਰਾਂ ਦੀ ਕਿਸੇ ਵੀ ਗ਼ਲਤੀ ਬਾਰੇ ਪਤਾ ਲਗਾ ਸਕੇ ਹਨ ਅਤੇ ਮੁਢਲੀਆਂ ਲਿਖਤਾਂ ਨੂੰ ਨਿਰਧਾਰਿਤ ਕਰ ਸਕੇ ਹਨ। ਇਸ ਲਈ ਇਬਰਾਨੀ ਸ਼ਾਸਤਰ ਦੇ ਮੂਲ-ਪਾਠ ਉੱਤੇ ਟਿੱਪਣੀ ਕਰਦੇ ਹੋਏ, ਵਿਦਵਾਨ ਵਿਲਿਅਮ ਐੱਚ. ਗ੍ਰੀਨ ਬਿਆਨ ਕਰ ਸਕਿਆ: “ਇਹ ਕਿਹਾ ਜਾ ਸਕਦਾ ਹੈ ਕਿ ਪ੍ਰਾਚੀਨ ਕਾਲ ਦੀ ਕੋਈ ਵੀ ਰਚਨਾ ਸਾਡੇ ਤਕ ਇੰਨੀ ਦਰੁਸਤੀ ਨਾਲ ਨਹੀਂ ਪਹੁੰਚਾਈ ਗਈ ਹੈ।” ਮਸੀਹੀ ਯੂਨਾਨੀ ਸ਼ਾਸਤਰ ਦੇ ਮੂਲ-ਪਾਠ ਵਿਚ ਵੀ ਸਮਾਨ ਭਰੋਸਾ ਰੱਖਿਆ ਜਾ ਸਕਦਾ ਹੈ।
11. ਪਹਿਲਾ ਪਤਰਸ 1:24, 25 ਦੀ ਰੌਸ਼ਨੀ ਵਿਚ, ਬਾਈਬਲ ਸਾਡੇ ਦਿਨਾਂ ਤਕ ਕਿਉਂ ਬਚੀ ਰਹੀ ਹੈ?
11 ਜੇ ਮੁਢਲੀਆਂ ਲਿਖਤਾਂ, ਜਿਸ ਵਿਚ ਬਹੁਮੁੱਲਾ ਸੰਦੇਸ਼ ਸ਼ਾਮਲ ਹੈ, ਦੀਆਂ ਹੱਥ-ਲਿਖਤ ਕਾਪੀਆਂ ਨਾ ਬਣਾਈਆਂ ਜਾਂਦੀਆਂ ਤਾਂ ਬਾਈਬਲ ਕਿੰਨੀ ਆਸਾਨੀ ਨਾਲ ਨਾਸ਼ ਹੋ ਸਕਦੀ ਸੀ! ਇਸ ਦੇ ਬਚਾਅ ਦਾ ਇੱਕੋ-ਇਕ ਕਾਰਨ ਹੈ—ਯਹੋਵਾਹ ਆਪਣੇ ਬਚਨ ਦਾ ਸਾਂਭਣ ਵਾਲਾ ਅਤੇ ਰੱਖਿਅਕ ਹੈ। ਜਿਵੇਂ ਕਿ ਖ਼ੁਦ ਬਾਈਬਲ 1 ਪਤਰਸ 1:24, 25 ਵਿਚ ਕਹਿੰਦੀ ਹੈ: “ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਤੇਜ ਘਾਹ ਦੇ ਫੁੱਲ ਵਰਗਾ ਹੈ। ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਪ੍ਰਭੁ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ।”
ਮਨੁੱਖਜਾਤੀ ਦੀਆਂ ਜੀਉਂਦੀਆਂ ਭਾਸ਼ਾਵਾਂ ਵਿਚ
12. ਸਦੀਆਂ ਤਕ ਵਾਰ-ਵਾਰ ਨਕਲ ਕੀਤੇ ਜਾਣ ਤੋਂ ਇਲਾਵਾ, ਬਾਈਬਲ ਨੇ ਹੋਰ ਕਿਹੜੀਆਂ ਰੁਕਾਵਟਾਂ ਦਾ ਸਾਮ੍ਹਣਾ ਕੀਤਾ ਸੀ?
12 ਸਦੀਆਂ ਤਕ ਵਾਰ-ਵਾਰ ਨਕਲ ਕੀਤੇ ਜਾਣ ਦੇ ਬਾਵਜੂਦ ਬਚੀ ਰਹਿਣਾ ਆਪਣੇ ਆਪ ਵਿਚ ਕਾਫ਼ੀ ਚੁਣੌਤੀ ਭਰਿਆ ਸੀ, ਪਰੰਤੂ ਬਾਈਬਲ ਨੇ ਇਕ ਹੋਰ ਰੁਕਾਵਟ ਦਾ ਸਾਮ੍ਹਣਾ ਕੀਤਾ—ਸਮਕਾਲੀ ਭਾਸ਼ਾਵਾਂ ਵਿਚ ਇਸ ਦਾ ਅਨੁਵਾਦ ਕਰਨਾ। ਬਾਈਬਲ ਨੂੰ ਲੋਕਾਂ ਦੀ ਭਾਸ਼ਾ ਵਿਚ ਬੋਲਣਾ ਜ਼ਰੂਰੀ ਹੈ ਤਾਂਕਿ ਉਹ ਉਨ੍ਹਾਂ ਦੇ ਦਿਲਾਂ ਦੇ ਨਾਲ ਬੋਲ ਸਕੇ। ਪਰੰਤੂ, ਬਾਈਬਲ ਦਾ ਅਨੁਵਾਦ ਕਰਨਾ—ਉਸ ਦੇ 1,100 ਤੋਂ ਵੱਧ ਅਧਿਆਵਾਂ ਅਤੇ 31,000 ਤੋਂ ਵੱਧ ਆਇਤਾਂ ਸਮੇਤ—ਕੋਈ ਸੌਖਾ ਕੰਮ ਨਹੀਂ ਹੈ। ਫਿਰ ਵੀ, ਸਦੀਆਂ ਦੇ ਦੌਰਾਨ ਅਰਪਿਤ ਅਨੁਵਾਦਕਾਂ ਨੇ ਖ਼ੁਸ਼ੀ ਨਾਲ ਇਹ ਚੁਣੌਤੀ ਆਪਣੇ ਜ਼ਿੰਮੇ ਲੈ ਲਈ, ਅਤੇ ਸਮੇਂ-ਸਮੇਂ ਤੇ ਅਟੱਪ ਜਾਪਦੀਆਂ ਰੁਕਾਵਟਾਂ ਦਾ ਸਾਮ੍ਹਣਾ ਕੀਤਾ।
13, 14. (ੳ) ਬਾਈਬਲ ਅਨੁਵਾਦਕ ਰੌਬਰਟ ਮੌਫ਼ਟ ਨੇ 19ਵੀਂ ਸਦੀ ਦੇ ਮੁਢਲੇ ਭਾਗ ਵਿਚ ਅਫ਼ਰੀਕਾ ਵਿਚ ਕਿਹੜੀ ਚੁਣੌਤੀ ਦਾ ਸਾਮ੍ਹਣਾ ਕੀਤਾ ਸੀ? (ਅ) ਟਸਵਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਕੀ ਪ੍ਰਤਿਕ੍ਰਿਆ ਸੀ ਜਦੋਂ ਉਨ੍ਹਾਂ ਦੀ ਆਪਣੀ ਭਾਸ਼ਾ ਵਿਚ ਲੂਕਾ ਦੀ ਇੰਜੀਲ ਉਪਲਬਧ ਹੋਈ?
13 ਮਿਸਾਲ ਦੇ ਤੌਰ ਤੇ, ਇਸ ਉੱਤੇ ਗੌਰ ਕਰੋ ਕਿ ਬਾਈਬਲ ਅਫ਼ਰੀਕੀ ਭਾਸ਼ਾਵਾਂ ਵਿਚ ਕਿਵੇਂ ਅਨੁਵਾਦ ਕੀਤੀ ਗਈ ਸੀ। ਸਾਲ 1800 ਵਿਚ, ਪੂਰੇ ਅਫ਼ਰੀਕਾ ਵਿਚ ਸਿਰਫ਼ ਇਕ ਦਰਜਨ ਦੇ ਕਰੀਬ ਲਿਖਿਤ ਭਾਸ਼ਾਵਾਂ ਸਨ। ਸੈਂਕੜਿਆਂ ਦੀ ਗਿਣਤੀ ਵਿਚ ਦੂਸਰੀਆਂ ਮੌਖਿਕ ਭਾਸ਼ਾਵਾਂ ਦੀ ਕੋਈ ਲੇਖਣ ਪ੍ਰਣਾਲੀ ਨਹੀਂ ਸੀ। ਬਾਈਬਲ ਅਨੁਵਾਦਕ ਰੌਬਰਟ ਮੌਫ਼ਟ ਨੇ ਇਸ ਚੁਣੌਤੀ ਦਾ ਸਾਮ੍ਹਣਾ ਕੀਤਾ। 1821 ਵਿਚ, 25 ਸਾਲ ਦੀ ਉਮਰ ਤੇ, ਮੌਫ਼ਟ ਨੇ ਅਫ਼ਰੀਕਾ ਦੇ ਦੱਖਣੀ ਹਿੱਸੇ ਵਿਚ ਟਸਵਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਸੰਗ ਇਕ ਧਰਮ-ਪ੍ਰਚਾਰ ਕੇਂਦਰ ਸਥਾਪਿਤ ਕੀਤਾ। ਉਨ੍ਹਾਂ ਦੀ ਅਲਿਖਿਤ ਭਾਸ਼ਾ ਸਿੱਖਣ ਲਈ, ਉਸ ਨੇ ਲੋਕਾਂ ਦੇ ਨਾਲ ਸੰਗਤ ਰੱਖੀ। ਮੌਫ਼ਟ ਜੁਟਿਆ ਰਿਹਾ ਅਤੇ, ਕਾਇਦਿਆਂ ਜਾਂ ਸ਼ਬਦ-ਕੋਸ਼ਾਂ ਦੀ ਸਹਾਇਤਾ ਤੋਂ ਬਿਨਾਂ, ਆਖ਼ਰਕਾਰ ਉਸ ਭਾਸ਼ਾ ਵਿਚ ਮਾਹਰ ਬਣ ਗਿਆ, ਅਤੇ ਉਸ ਦਾ ਇਕ ਲਿਖਿਤ ਰੂਪ ਵਿਕਸਿਤ ਕੀਤਾ, ਅਤੇ ਕੁਝ ਟਸਵਾਨੀ ਲੋਕਾਂ ਨੂੰ ਇਹ ਲਿਪੀ ਪੜ੍ਹਨੀ ਸਿਖਾਈ। ਸੰਨ 1829 ਵਿਚ, ਟਸਵਾਨੀ ਲੋਕਾਂ ਦੇ ਸੰਗ ਅੱਠ ਸਾਲ ਤਕ ਕੰਮ ਕਰਨ ਤੋਂ ਬਾਅਦ, ਉਸ ਨੇ ਲੂਕਾ ਦੀ ਇੰਜੀਲ ਦੇ ਅਨੁਵਾਦ ਨੂੰ ਪੂਰਾ ਕਰ ਲਿਆ। ਉਸ ਨੇ ਬਾਅਦ ਵਿਚ ਕਿਹਾ: “ਮੈਂ ਅਜਿਹੇ ਵਿਅਕਤੀਆਂ ਬਾਰੇ ਜਾਣੂ ਹਾਂ ਜੋ ਸੰਤ ਲੂਕਾ ਦੀਆਂ ਕਾਪੀਆਂ ਪ੍ਰਾਪਤ ਕਰਨ ਲਈ ਸੌ ਸੌ ਮੀਲ ਸਫ਼ਰ ਕਰ ਕੇ ਆਏ। . . . ਮੈਂ ਉਨ੍ਹਾਂ ਨੂੰ ਸੰਤ ਲੂਕਾ ਦੀ ਇੰਜੀਲ ਦੇ ਭਾਗਾਂ ਨੂੰ ਹਾਸਲ ਕਰਦਿਆਂ, ਇਨ੍ਹਾਂ ਉੱਤੇ ਰੋਂਦਿਆਂ, ਅਤੇ ਇਨ੍ਹਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਸ਼ੁਕਰਗੁਜ਼ਾਰੀ ਦੇ ਅੱਥਰੂ ਵਹਾਉਂਦਿਆਂ ਡਿੱਠਾ, ਜਦ ਤਕ ਮੈਨੂੰ ਕਈਆਂ ਨੂੰ ਕਹਿਣਾ ਪਿਆ, ‘ਤੁਸੀਂ ਆਪਣੇ ਅੱਥਰੂਆਂ ਨਾਲ ਆਪਣੀਆਂ ਪੁਸਤਕਾਂ ਖ਼ਰਾਬ ਕਰ ਲਵੋਗੇ।’” ਮੌਫ਼ਟ ਨੇ ਇਕ ਅਜਿਹੇ ਅਫ਼ਰੀਕੀ ਆਦਮੀ ਬਾਰੇ ਵੀ ਦੱਸਿਆ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਲੂਕਾ ਦੀ ਇੰਜੀਲ ਪੜ੍ਹਦੇ ਹੋਏ ਦੇਖਿਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਕੋਲ ਕੀ ਹੈ। “ਇਹ ਪਰਮੇਸ਼ੁਰ ਦਾ ਬਚਨ ਹੈ,” ਉਨ੍ਹਾਂ ਨੇ ਜਵਾਬ ਦਿੱਤਾ। “ਕੀ ਇਹ ਬੋਲਦਾ ਹੈ?” ਉਸ ਆਦਮੀ ਨੇ ਪੁੱਛਿਆ। “ਜੀ ਹਾਂ,” ਉਨ੍ਹਾਂ ਨੇ ਕਿਹਾ, “ਇਹ ਦਿਲ ਨਾਲ ਬੋਲਦਾ ਹੈ।”
14 ਮੌਫ਼ਟ ਵਰਗੇ ਅਰਪਿਤ ਅਨੁਵਾਦਕਾਂ ਨੇ ਅਨੇਕ ਅਫ਼ਰੀਕੀ ਲੋਕਾਂ ਨੂੰ ਲਿਖਤੀ ਰੂਪ ਵਿਚ ਸੰਚਾਰ ਕਰਨ ਦਾ ਪਹਿਲਾ ਮੌਕਾ ਦਿੱਤਾ। ਲੇਕਿਨ ਅਨੁਵਾਦਕਾਂ ਨੇ ਅਫ਼ਰੀਕੀ ਲੋਕਾਂ ਨੂੰ ਇਸ ਤੋਂ ਵੀ ਜ਼ਿਆਦਾ ਕੀਮਤੀ ਦਾਨ ਦਿੱਤਾ—ਉਨ੍ਹਾਂ ਦੀ ਆਪਣੀ ਜ਼ਬਾਨ ਵਿਚ ਬਾਈਬਲ। ਇਸ ਤੋਂ ਇਲਾਵਾ, ਮੌਫ਼ਟ ਨੇ ਟਸਵਾਨੀ ਲੋਕਾਂ ਨੂੰ ਈਸ਼ਵਰੀ ਨਾਂ ਪ੍ਰਗਟ ਕੀਤਾ, ਅਤੇ ਉਸ ਨੇ ਇਹ ਨਾਂ ਆਪਣੇ ਪੂਰੇ ਅਨੁਵਾਦ ਦੇ ਦੌਰਾਨ ਇਸਤੇਮਾਲ ਕੀਤਾ।c ਇਸ ਤਰ੍ਹਾਂ, ਟਸਵਾਨੀ ਲੋਕ ਬਾਈਬਲ ਨੂੰ “ਯਹੋਵਾਹ ਦਾ ਮੂੰਹ” ਸੱਦਦੇ ਸਨ।—ਜ਼ਬੂਰ 83:18.
15. ਬਾਈਬਲ ਅੱਜ ਪੂਰੀ ਤਰ੍ਹਾਂ ਜੀਉਂਦੀ ਕਿਉਂ ਹੈ?
15 ਸੰਸਾਰ ਦੀਆਂ ਵਿਭਿੰਨ ਥਾਵਾਂ ਵਿਚ ਦੂਜੇ ਅਨੁਵਾਦਕਾਂ ਨੇ ਸਮਾਨ ਰੁਕਾਵਟਾਂ ਦਾ ਸਾਮ੍ਹਣਾ ਕੀਤਾ। ਬਾਈਬਲ ਦਾ ਅਨੁਵਾਦ ਕਰਨ ਲਈ ਕੁਝ ਵਿਅਕਤੀਆਂ ਨੇ ਆਪਣੀਆਂ ਜਾਨਾਂ ਵੀ ਖ਼ਤਰੇ ਵਿਚ ਪਾਈਆਂ। ਜ਼ਰਾ ਸੋਚੋ: ਜੇਕਰ ਬਾਈਬਲ ਸਿਰਫ਼ ਪ੍ਰਾਚੀਨ ਇਬਰਾਨੀ ਅਤੇ ਯੂਨਾਨੀ ਭਾਸ਼ਾ ਵਿਚ ਹੀ ਰਹਿੰਦੀ, ਤਾਂ ਇਹ ਬਹੁਤ ਸਮਾਂ ਪਹਿਲਾਂ “ਮਰ” ਚੁੱਕੀ ਹੁੰਦੀ, ਕਿਉਂਕਿ ਸਮੇਂ ਦੇ ਬੀਤਣ ਨਾਲ ਆਮ ਜਨਤਾ ਇਨ੍ਹਾਂ ਭਾਸ਼ਾਵਾਂ ਨੂੰ ਅਸਲ ਵਿਚ ਭੁੱਲ ਚੁੱਕੀ ਸੀ ਅਤੇ ਇਨ੍ਹਾਂ ਨੂੰ ਧਰਤੀ ਦੇ ਬਹੁਤ ਸਾਰੇ ਭਾਗਾਂ ਵਿਚ ਲੋਕ ਕਦੀ ਜਾਣਦੇ ਵੀ ਨਹੀਂ ਸਨ। ਫਿਰ ਵੀ, ਬਾਈਬਲ ਪੂਰੀ ਤਰ੍ਹਾਂ ਜੀਉਂਦੀ ਹੈ ਕਿਉਂਕਿ, ਕਿਸੇ ਵੀ ਦੂਸਰੀ ਪੁਸਤਕ ਤੋਂ ਭਿੰਨ, ਇਹ ਸੰਸਾਰ ਭਰ ਦੇ ਲੋਕਾਂ ਨਾਲ ਉਨ੍ਹਾਂ ਦੀ ਆਪਣੀ ਭਾਸ਼ਾ ਵਿਚ “ਬੋਲ” ਸਕਦੀ ਹੈ। ਸਿੱਟੇ ਵਜੋਂ, ਇਸ ਦਾ ਸੰਦੇਸ਼ ‘ਇਸ ਦੇ ਨਿਹਚਾਵਾਨਾਂ ਵਿੱਚ ਕੰਮ ਕਰਦਾ’ ਰਹਿੰਦਾ ਹੈ। (1 ਥੱਸਲੁਨੀਕੀਆਂ 2:13) ਦ ਜਰੂਸਲਮ ਬਾਈਬਲ ਇਨ੍ਹਾਂ ਸ਼ਬਦਾਂ ਦਾ ਅਨੁਵਾਦ ਇਸ ਤਰ੍ਹਾਂ ਕਰਦੀ ਹੈ: “ਇਹ ਤੁਹਾਡੇ ਵਿਚ, ਜੋ ਇਸ ਵਿਚ ਵਿਸ਼ਵਾਸ ਕਰਦੇ ਹਨ, ਅਜੇ ਵੀ ਇਕ ਜੀਉਂਦਾ ਬਲ ਹੈ।”
ਭਰੋਸੇ ਦੇ ਯੋਗ
16, 17. (ੳ) ਬਾਈਬਲ ਨੂੰ ਭਰੋਸੇਯੋਗ ਹੋਣ ਲਈ, ਕਿਹੜਾ ਸਬੂਤ ਮੌਜੂਦ ਹੋਣਾ ਚਾਹੀਦਾ ਹੈ? (ਅ) ਬਾਈਬਲ ਲਿਖਾਰੀ ਮੂਸਾ ਦੀ ਨਿਝੱਕਤਾ ਨੂੰ ਦਿਖਾਉਣ ਵਾਲੀ ਇਕ ਉਦਾਹਰਣ ਦਿਓ।
16 ‘ਕੀ ਬਾਈਬਲ ਉੱਤੇ ਸੱਚ-ਮੁੱਚ ਭਰੋਸਾ ਰੱਖਿਆ ਜਾ ਸਕਦਾ ਹੈ?,’ ਕੁਝ ਲੋਕ ਸ਼ਾਇਦ ਸੋਚਣ। ‘ਕੀ ਇਹ ਵਾਸਤਵ ਵਿਚ ਇਕ ਸਮੇਂ ਜੀਉਂਦੇ ਲੋਕਾਂ ਬਾਰੇ, ਉਨ੍ਹਾਂ ਸਥਾਨਾਂ ਬਾਰੇ ਜੋ ਸੱਚ-ਮੁੱਚ ਹੋਂਦ ਵਿਚ ਸਨ, ਅਤੇ ਅਜਿਹੀਆਂ ਘਟਨਾਵਾਂ ਬਾਰੇ ਜੋ ਸੱਚ-ਮੁੱਚ ਵਾਪਰੀਆਂ ਸਨ, ਦਾ ਜ਼ਿਕਰ ਕਰਦੀ ਹੈ?’ ਜੇ ਸਾਨੂੰ ਇਸ ਉੱਤੇ ਭਰੋਸਾ ਰੱਖਣਾ ਹੈ, ਤਾਂ ਅਜਿਹਾ ਸਬੂਤ ਮੌਜੂਦ ਹੋਣਾ ਚਾਹੀਦਾ ਹੈ ਕਿ ਇਹ ਸਚੇਤ, ਈਮਾਨਦਾਰ ਲਿਖਾਰੀਆਂ ਦੁਆਰਾ ਲਿਖੀ ਗਈ ਸੀ। ਇਹ ਸਾਨੂੰ ਬਾਈਬਲ ਦੀ ਜਾਂਚ ਕਰਨ ਦਾ ਇਕ ਹੋਰ ਕਾਰਨ ਦਿੰਦਾ ਹੈ: ਠੋਸ ਸਬੂਤ ਮੌਜੂਦ ਹੈ ਕਿ ਇਹ ਦਰੁਸਤ ਅਤੇ ਭਰੋਸੇਯੋਗ ਹੈ।
17 ਈਮਾਨਦਾਰ ਲਿਖਾਰੀ ਸਿਰਫ਼ ਸਫ਼ਲਤਾਵਾਂ ਨੂੰ ਹੀ ਨਹੀਂ ਪਰ ਅਸਫ਼ਲਤਾਵਾਂ ਨੂੰ ਵੀ, ਸਿਰਫ਼ ਸ਼ਕਤੀਆਂ ਨੂੰ ਹੀ ਨਹੀਂ ਪਰ ਕਮਜ਼ੋਰੀਆਂ ਨੂੰ ਵੀ ਰਿਕਾਰਡ ਕਰਦੇ। ਬਾਈਬਲ ਲਿਖਾਰੀਆਂ ਨੇ ਅਜਿਹੀ ਤਾਜ਼ਗੀਦਾਇਕ ਨਿਝੱਕਤਾ ਪ੍ਰਦਰਸ਼ਿਤ ਕੀਤੀ। ਉਦਾਹਰਣ ਲਈ, ਮੂਸਾ ਦੀ ਸਾਫ਼-ਬਿਆਨੀ ਉੱਤੇ ਵਿਚਾਰ ਕਰੋ। ਉਸ ਨੇ ਜਿਨ੍ਹਾਂ ਗੱਲਾਂ ਨੂੰ ਸਾਫ਼-ਸਾਫ਼ ਦਰਜ ਕੀਤਾ ਉਨ੍ਹਾਂ ਵਿੱਚੋਂ ਕੁਝ ਸਨ: ਉਸ ਦੀ ਬੋਲਣ ਦੀ ਕਲਾ ਵਿਚ ਕਮੀ, ਜਿਸ ਕਾਰਨ ਉਸ ਨੂੰ ਲੱਗਾ ਕਿ ਉਹ ਇਸਰਾਏਲ ਦਾ ਆਗੂ ਬਣਨ ਦੇ ਯੋਗ ਨਹੀਂ ਸੀ। (ਕੂਚ 4:10); ਉਸ ਦੀ ਗੰਭੀਰ ਗ਼ਲਤੀ ਜਿਸ ਨੇ ਉਸ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਰੋਕਿਆ (ਗਿਣਤੀ 20:9-12; 27:12-14); ਉਸ ਦੇ ਭਰਾ, ਹਾਰੂਨ ਦਾ ਭਟਕਣਾ, ਜਿਸ ਨੇ ਸੋਨੇ ਦੇ ਵੱਛੇ ਦੀ ਮੂਰਤ ਬਣਾਉਣ ਵਿਚ ਬਾਗ਼ੀ ਇਸਰਾਏਲੀਆਂ ਨੂੰ ਸਹਿਯੋਗ ਦਿੱਤਾ (ਕੂਚ 32:1-6); ਉਸ ਦੀ ਭੈਣ, ਮਿਰਯਮ ਦੀ ਬਗਾਵਤ ਅਤੇ ਉਸ ਨੂੰ ਮਿਲੀ ਅਪਮਾਨਜਨਕ ਸਜ਼ਾ (ਗਿਣਤੀ 12:1-3, 10); ਉਸ ਦੇ ਭਤੀਜਿਆਂ ਨਾਦਾਬ ਅਤੇ ਅਬੀਹੂ ਦਾ ਬੇਅਦਬ ਵਤੀਰਾ (ਲੇਵੀਆਂ 10:1, 2); ਅਤੇ ਪਰਮੇਸ਼ੁਰ ਦੇ ਆਪਣੇ ਲੋਕਾਂ ਦੁਆਰਾ ਵਾਰ-ਵਾਰ ਸ਼ਿਕਾਇਤ ਕਰਨਾ ਅਤੇ ਬੁੜਬੁੜਾਉਣਾ। (ਕੂਚ 14:11, 12; ਗਿਣਤੀ 14:1-10) ਕੀ ਰਿਪੋਰਟ ਕਰਨ ਦਾ ਅਜਿਹਾ ਸਾਫ਼ ਅਤੇ ਨਿਸ਼ਕਪਟ ਢੰਗ, ਸੱਚਾਈ ਲਈ ਇਕ ਸੁਹਿਰਦ ਚਿੰਤਾ ਦਾ ਸੰਕੇਤ ਨਹੀਂ ਦਿੰਦਾ ਹੈ? ਕਿਉਂ ਜੋ ਬਾਈਬਲ ਦੇ ਲਿਖਾਰੀ ਆਪਣੇ ਪਿਆਰਿਆਂ, ਆਪਣੇ ਲੋਕਾਂ, ਅਤੇ ਆਪਣੇ ਆਪ ਬਾਰੇ ਵੀ ਅਸੁਖਾਵੀਂ ਜਾਣਕਾਰੀ ਨੂੰ ਰਿਪੋਰਟ ਕਰਨ ਲਈ ਤਿਆਰ ਸਨ, ਕੀ ਇਹ ਉਨ੍ਹਾਂ ਦੀਆਂ ਲਿਖਤਾਂ ਉੱਤੇ ਭਰੋਸਾ ਰੱਖਣ ਦਾ ਚੰਗਾ ਕਾਰਨ ਨਹੀਂ ਹੈ?
18. ਕਿਹੜੀ ਚੀਜ਼ ਬਾਈਬਲ ਲਿਖਾਰੀਆਂ ਦੀਆਂ ਲਿਖਤਾਂ ਨੂੰ ਭਰੋਸੇਯੋਗ ਸਾਬਤ ਕਰਦੀ ਹੈ?
18 ਬਾਈਬਲ ਲਿਖਾਰੀਆਂ ਦੀ ਇਕਸਾਰਤਾ ਵੀ ਉਨ੍ਹਾਂ ਦੀਆਂ ਲਿਖਤਾਂ ਨੂੰ ਭਰੋਸੇਯੋਗ ਸਾਬਤ ਕਰਦੀ ਹੈ। ਇਹ ਸੱਚ-ਮੁੱਚ ਮਾਅਰਕੇ ਦੀ ਗੱਲ ਹੈ ਕਿ ਕੁਝ 1,600 ਸਾਲਾਂ ਦੀ ਅਵਧੀ ਦੇ ਦੌਰਾਨ ਲਿਖਦੇ ਹੋਏ ਚਾਲੀ ਮਨੁੱਖ ਇਕ ਦੂਜੇ ਨਾਲ ਸਹਿਮਤ ਹਨ, ਇੱਥੋਂ ਤਕ ਕਿ ਛੋਟੇ-ਛੋਟੇ ਵੇਰਵਿਆਂ ਵਿਚ ਵੀ। ਇਹ ਇਕਸੁਰਤਾ ਜਾਣ-ਬੁੱਝ ਕੇ ਕਾਇਮ ਨਹੀਂ ਕੀਤੀ ਗਈ ਹੈ, ਜੋ ਕਿ ਸਾਜ਼ਬਾਜ਼ ਦੇ ਸ਼ੱਕ ਪੈਦਾ ਕਰਦੀ। ਇਸ ਦੇ ਉਲਟ, ਵਿਭਿੰਨ ਵੇਰਵਿਆਂ ਦੀ ਸਹਿਮਤੀ ਵਿਚ ਸਾਜ਼ਸ਼ ਦਾ ਕੋਈ ਚਿੰਨ੍ਹ ਨਜ਼ਰ ਨਹੀਂ ਆਉਂਦਾ; ਅਕਸਰ ਇਕਸੁਰਤਾ ਸਪੱਸ਼ਟ ਤੌਰ ਤੇ ਇਤਫ਼ਾਕੀਆ ਹੁੰਦੀ ਹੈ।
19. ਯਿਸੂ ਦੀ ਗਿਰਫ਼ਤਾਰੀ ਬਾਰੇ ਇੰਜੀਲ ਬਿਰਤਾਂਤ ਕਿਵੇਂ ਸਹਿਮਤੀ ਪ੍ਰਗਟ ਕਰਦੇ ਹਨ ਜੋ ਸਪੱਸ਼ਟ ਤੌਰ ਤੇ ਇਤਫ਼ਾਕੀਆ ਸੀ?
19 ਉਦਾਹਰਣ ਲਈ, ਉਸ ਘਟਨਾ ਤੇ ਗੌਰ ਕਰੋ ਜੋ ਯਿਸੂ ਦੀ ਗਿਰਫ਼ਤਾਰੀ ਦੀ ਰਾਤ ਨੂੰ ਵਾਪਰੀ ਸੀ। ਚਾਰੇ ਇੰਜੀਲ ਲਿਖਾਰੀ ਰਿਕਾਰਡ ਕਰਦੇ ਹਨ ਕਿ ਉਸ ਦੇ ਚੇਲਿਆਂ ਵਿੱਚੋਂ ਇਕ ਨੇ ਤਲਵਾਰ ਕੱਢ ਕੇ ਪ੍ਰਧਾਨ ਜਾਜਕ ਦੇ ਚਾਕਰ ਉੱਤੇ ਚਲਾਈ, ਅਤੇ ਉਸ ਆਦਮੀ ਦਾ ਕੰਨ ਵੱਢ ਸੁੱਟਿਆ। ਪਰੰਤੂ, ਕੇਵਲ ਲੂਕਾ ਹੀ ਸਾਨੂੰ ਦੱਸਦਾ ਹੈ ਕਿ ਯਿਸੂ ਨੇ “ਉਹ ਦਾ ਕੰਨ ਛੋਹ ਕੇ ਉਸ ਨੂੰ ਚੰਗਾ ਕੀਤਾ।” (ਲੂਕਾ 22:51) ਪਰ ਕੀ ਅਸੀਂ ‘ਪਿਆਰੇ ਵੈਦ’ ਵਜੋਂ ਜਾਣੇ ਗਏ ਲਿਖਾਰੀ ਤੋਂ ਇਸੇ ਗੱਲ ਦੀ ਆਸ ਨਹੀਂ ਰੱਖਾਂਗੇ? (ਕੁਲੁੱਸੀਆਂ 4:14) ਯੂਹੰਨਾ ਦਾ ਬਿਰਤਾਂਤ ਸਾਨੂੰ ਦੱਸਦਾ ਹੈ ਕਿ ਸਾਰੇ ਹਾਜ਼ਰ ਚੇਲਿਆਂ ਵਿੱਚੋਂ ਜਿਸ ਚੇਲੇ ਨੇ ਤਲਵਾਰ ਚਲਾਈ ਉਹ ਪਤਰਸ ਸੀ—ਅਜਿਹੀ ਹਕੀਕਤ ਜੋ ਪਤਰਸ ਦੇ ਕਾਹਲਾ ਪੈਣ ਅਤੇ ਜਲਦਬਾਜ਼ੀ ਕਰਨ ਦੇ ਸੁਭਾਅ ਨੂੰ ਮਨ ਵਿਚ ਰੱਖਦੇ ਹੋਏ ਹੈਰਾਨੀ ਦੀ ਗੱਲ ਨਹੀਂ ਹੈ। (ਯੂਹੰਨਾ 18:10; ਤੁਲਨਾ ਕਰੋ ਮੱਤੀ 16:22, 23 ਅਤੇ ਯੂਹੰਨਾ 21:7, 8.) ਯੂਹੰਨਾ ਇਕ ਹੋਰ ਬੇਲੋੜਾ ਜਾਪਦਾ ਵੇਰਵਾ ਪੇਸ਼ ਕਰਦਾ ਹੈ: “ਉਸ ਚਾਕਰ ਦਾ ਨਾਉਂ ਸੀ ਮਲਖੁਸ।” ਇਕੱਲਾ ਯੂਹੰਨਾ ਹੀ ਉਸ ਆਦਮੀ ਦਾ ਨਾਂ ਕਿਉਂ ਦਿੰਦਾ ਹੈ? ਇਸ ਦੀ ਵਿਆਖਿਆ ਸਿਰਫ਼ ਯੂਹੰਨਾ ਦੇ ਬਿਰਤਾਂਤ ਵਿਚ ਸਰਸਰੀ ਤੌਰ ਤੇ ਦਿੱਤੇ ਗਏ ਇਕ ਛੋਟੇ ਜਿਹੇ ਤੱਥ ਵਿਚ ਬਿਆਨ ਕੀਤੀ ਗਈ ਹੈ—ਯੂਹੰਨਾ “ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ।” ਨਾਲੇ ਉਹ ਪ੍ਰਧਾਨ ਜਾਜਕ ਦੇ ਘਰਾਣੇ ਦਾ ਵੀ ਜਾਣੂ-ਪਛਾਣੂ ਸੀ; ਨੌਕਰ ਉਸ ਨੂੰ ਜਾਣਦੇ ਸਨ, ਅਤੇ ਉਹ ਉਨ੍ਹਾਂ ਨੂੰ।d (ਯੂਹੰਨਾ 18:10, 15, 16) ਇਸ ਲਈ, ਇਹ ਸੁਭਾਵਕ ਹੈ ਕਿ ਯੂਹੰਨਾ ਉਸ ਜ਼ਖ਼ਮੀ ਆਦਮੀ ਦੇ ਨਾਂ ਦਾ ਜ਼ਿਕਰ ਕਰੇ, ਜਦ ਕਿ ਦੂਜੇ ਇੰਜੀਲ ਲਿਖਾਰੀ ਜਿਨ੍ਹਾਂ ਲਈ ਇਹ ਆਦਮੀ ਸਪੱਸ਼ਟ ਤੌਰ ਤੇ ਅਜਨਬੀ ਸੀ, ਇਸ ਦਾ ਜ਼ਿਕਰ ਨਹੀਂ ਕਰਦੇ ਹਨ। ਇਨ੍ਹਾਂ ਸਾਰਿਆਂ ਵੇਰਵਿਆਂ ਦੇ ਵਿਚਕਾਰ ਸਹਿਮਤੀ ਮਾਅਰਕੇ ਦੀ ਹੈ, ਫਿਰ ਵੀ ਸਪੱਸ਼ਟ ਤੌਰ ਤੇ ਇਹ ਇਤਫ਼ਾਕੀਆ ਸੀ। ਪੂਰੀ ਬਾਈਬਲ ਵਿਚ ਕਾਫ਼ੀ ਅਜਿਹੀਆਂ ਸਮਾਨ ਉਦਾਹਰਣਾਂ ਹਨ।
20. ਈਮਾਨਦਾਰ ਦਿਲੀ ਲੋਕਾਂ ਲਈ ਬਾਈਬਲ ਬਾਰੇ ਕੀ ਜਾਣਨਾ ਜ਼ਰੂਰੀ ਹੈ?
20 ਸੋ ਕੀ ਅਸੀਂ ਬਾਈਬਲ ਉੱਤੇ ਭਰੋਸਾ ਰੱਖ ਸਕਦੇ ਹਾਂ? ਬਿਲਕੁਲ! ਬਾਈਬਲ ਲਿਖਾਰੀਆਂ ਦੀ ਨਿਝੱਕਤਾ, ਅਤੇ ਬਾਈਬਲ ਦੀ ਅੰਦਰੂਨੀ ਇਕਸਾਰਤਾ ਦੇ ਕਾਰਨ ਉਸ ਵਿਚ ਸੱਚਾਈ ਦੀ ਛਣਕ ਸੁਣਾਈ ਦਿੰਦੀ ਹੈ। ਈਮਾਨਦਾਰ ਦਿਲੀ ਲੋਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਬਾਈਬਲ ਉੱਤੇ ਭਰੋਸਾ ਰੱਖ ਸਕਦੇ ਹਨ, ਕਿਉਂਕਿ ਇਹ “ਯਹੋਵਾਹ ਸਚਿਆਈ ਦੇ ਪਰਮੇਸ਼ੁਰ” ਦਾ ਪ੍ਰੇਰਿਤ ਬਚਨ ਹੈ। (ਜ਼ਬੂਰ 31:5) ਹੋਰ ਵੀ ਕਾਰਨ ਹਨ ਕਿ ਕਿਉਂ ਬਾਈਬਲ ਤਮਾਮ ਲੋਕਾਂ ਲਈ ਇਕ ਪੁਸਤਕ ਹੈ, ਜਿਵੇਂ ਕਿ ਅਗਲਾ ਲੇਖ ਚਰਚਾ ਕਰੇਗਾ।
[ਫੁਟਨੋਟ]
a ਯੂਨਾਇਟਿਡ ਬਾਈਬਲ ਸੋਸਾਇਟੀਜ਼ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਉੱਤੇ ਆਧਾਰਿਤ।
b ਰੋਮ ਵਿਚ ਦੂਸਰੀ ਵਾਰ ਕੈਦ ਕੀਤੇ ਜਾਣ ਦੇ ਦੌਰਾਨ, ਪੌਲੁਸ ਨੇ ਤਿਮੋਥਿਉਸ ਨੂੰ ‘ਪੋਥੀਆਂ ਅਤੇ ਖਾਸ ਕਰ ਕੇ ਚਮੜੇ ਦੇ ਪੱਤ੍ਰੇ’ ਲਿਆਉਣ ਲਈ ਕਿਹਾ। (2 ਤਿਮੋਥਿਉਸ 4:13) ਸੰਭਵ ਤੌਰ ਤੇ ਪੌਲੁਸ ਇਬਰਾਨੀ ਸ਼ਾਸਤਰ ਦੇ ਹਿੱਸਿਆਂ ਨੂੰ ਲਿਆਉਣ ਲਈ ਕਹਿ ਰਿਹਾ ਸੀ ਤਾਂਕਿ ਉਹ ਜੇਲ੍ਹ ਵਿਚ ਰਹਿੰਦੇ ਹੋਏ ਇਨ੍ਹਾਂ ਦਾ ਅਧਿਐਨ ਕਰ ਸਕੇ। ਵਾਕਾਂਸ਼ ‘ਖਾਸ ਕਰ ਕੇ ਚਮੜੇ ਦੇ ਪੱਤ੍ਰੇ’ ਸ਼ਾਇਦ ਸੰਕੇਤ ਕਰੇ ਕਿ ਦੋਵੇਂ ਪਪਾਇਰਸ ਦੀਆਂ ਪੋਥੀਆਂ ਅਤੇ ਚਮੜੇ ਦੇ ਦੂਜੇ ਪੱਤ੍ਰੇ ਸ਼ਾਮਲ ਸਨ।
c ਸੰਨ 1838 ਵਿਚ, ਮੌਫ਼ਟ ਨੇ ਮਸੀਹੀ ਯੂਨਾਨੀ ਸ਼ਾਸਤਰ ਦਾ ਅਨੁਵਾਦ ਪੂਰਾ ਕੀਤਾ। ਆਪਣੇ ਸਹਿਕਰਮੀ ਦੀ ਮਦਦ ਨਾਲ, ਉਸ ਨੇ 1857 ਵਿਚ ਇਬਰਾਨੀ ਸ਼ਾਸਤਰ ਦਾ ਅਨੁਵਾਦ ਪੂਰਾ ਕੀਤਾ।
d ਯੂਹੰਨਾ ਦੀ ਪ੍ਰਧਾਨ ਜਾਜਕ ਅਤੇ ਉਸ ਦੇ ਘਰਾਣੇ ਨਾਲ ਜਾਣ-ਪਛਾਣ ਬਾਅਦ ਵਿਚ ਇਸੇ ਬਿਰਤਾਂਤ ਵਿਚ ਹੋਰ ਜ਼ਿਆਦਾ ਦਿਖਾਈ ਗਈ ਹੈ। ਜਦੋਂ ਪ੍ਰਧਾਨ ਜਾਜਕ ਦਾ ਇਕ ਹੋਰ ਨੌਕਰ ਪਤਰਸ ਉੱਤੇ ਯਿਸੂ ਦਾ ਚੇਲਾ ਹੋਣ ਦਾ ਦੋਸ਼ ਲਗਾਉਂਦਾ ਹੈ, ਤਾਂ ਯੂਹੰਨਾ ਵਿਆਖਿਆ ਕਰਦਾ ਹੈ ਕਿ ਇਹ ਨੌਕਰ “ਉਸ ਮਨੁੱਖ ਦਾ ਸਾਕ ਸੀ ਜਿਹ ਦਾ ਕੰਨ ਪਤਰਸ ਨੇ ਉਡਾ ਦਿੱਤਾ ਸੀ।”—ਯੂਹੰਨਾ 18:26.
ਤੁਸੀਂ ਕਿਵੇਂ ਜਵਾਬ ਦਿਓਗੇ?
◻ ਸਾਨੂੰ ਕਿਉਂ ਆਸ ਰੱਖਣੀ ਚਾਹੀਦੀ ਹੈ ਕਿ ਬਾਈਬਲ ਸੰਸਾਰ ਦੀ ਸਭ ਤੋਂ ਪ੍ਰਾਪਤਯੋਗ ਪੁਸਤਕ ਹੈ?
◻ ਇਸ ਗੱਲ ਦਾ ਕੀ ਸਬੂਤ ਹੈ ਕਿ ਬਾਈਬਲ ਠੀਕ-ਠਾਕ ਸਾਂਭੀ ਗਈ ਹੈ?
◻ ਉਨ੍ਹਾਂ ਵਿਅਕਤੀਆਂ ਨੇ ਕਿਹੜੀਆਂ ਰੁਕਾਵਟਾਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਨੇ ਬਾਈਬਲ ਦਾ ਅਨੁਵਾਦ ਕੀਤਾ ਸੀ?
◻ ਕਿਹੜੀ ਚੀਜ਼ ਬਾਈਬਲ ਲਿਖਤਾਂ ਨੂੰ ਭਰੋਸੇਯੋਗ ਸਾਬਤ ਕਰਦੀ ਹੈ?