ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 4/1 ਸਫ਼ੇ 21-26
  • ਨਿਹਚਾ ਅਤੇ ਤੁਹਾਡਾ ਭਵਿੱਖ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਿਹਚਾ ਅਤੇ ਤੁਹਾਡਾ ਭਵਿੱਖ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅਤੀਤ ਕਿਸ ਤਰ੍ਹਾਂ ਦਾ ਸੀ?
  • ਕੋਈ ਮਾਨਵੀ ਹੱਲ ਨਹੀਂ
  • ਭਵਿੱਖ ਬਾਰੇ ਯਹੋਵਾਹ ਦੇ ਗਵਾਹਾਂ ਦਾ ਦ੍ਰਿਸ਼ਟੀਕੋਣ
  • ਮਾਨਵ ਸ਼ਾਸਨ ਦਾ ਭਵਿੱਖ
  • ਯਹੋਵਾਹ ਦੇ ਵਾਅਦਿਆਂ ਉੱਤੇ ਨਿਹਚਾ ਰੱਖੋ
  • ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
  • ਪਰਮੇਸ਼ੁਰ ਦਾ ਰਾਜ—ਧਰਤੀ ਦੀ ਨਵੀਂ ਹਕੂਮਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਯਹੋਵਾਹ ਵਫ਼ਾਦਾਰ ਵਿਅਕਤੀਆਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਜਲਦੀ ਹੀ—ਇਕ ਬਿਹਤਰ ਜੀਵਨ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 4/1 ਸਫ਼ੇ 21-26

ਨਿਹਚਾ ਅਤੇ ਤੁਹਾਡਾ ਭਵਿੱਖ

“ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ।”—ਇਬਰਾਨੀਆਂ 11:1.

1. ਜ਼ਿਆਦਾਤਰ ਲੋਕ ਕਿਸ ਤਰ੍ਹਾਂ ਦਾ ਭਵਿੱਖ ਚਾਹੁੰਦੇ ਹਨ?

ਕੀ ਤੁਸੀਂ ਭਵਿੱਖ ਵਿਚ ਦਿਲਚਸਪੀ ਰੱਖਦੇ ਹੋ? ਬਹੁਤ ਸਾਰੇ ਲੋਕ ਰੱਖਦੇ ਹਨ। ਉਹ ਅਜਿਹੇ ਭਵਿੱਖ ਦੀ ਆਸ ਰੱਖਦੇ ਹਨ, ਜਿਸ ਵਿਚ ਸ਼ਾਂਤੀ, ਡਰ ਤੋਂ ਮੁਕਤੀ, ਚੰਗਾ ਰਹਿਣ-ਸਹਿਣ, ਲਾਭਕਾਰੀ ਅਤੇ ਆਨੰਦਮਈ ਕੰਮ, ਚੰਗੀ ਸਿਹਤ, ਅਤੇ ਲੰਬੀ ਜ਼ਿੰਦਗੀ ਹੋਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਦੀ ਹਰੇਕ ਪੀੜ੍ਹੀ ਇਨ੍ਹਾਂ ਚੀਜ਼ਾਂ ਨੂੰ ਚਾਹੁੰਦੀ ਆਈ ਹੈ। ਅਤੇ ਅੱਜ, ਇਸ ਦੁੱਖ-ਭਰੇ ਸੰਸਾਰ ਵਿਚ, ਅਜਿਹੇ ਹਾਲਾਤ ਅੱਗੇ ਨਾਲੋਂ ਵੀ ਕਿਤੇ ਜ਼ਿਆਦਾ ਲੋੜੀਂਦੇ ਹਨ।

2. ਇਕ ਸਿਆਸਤਦਾਨ ਨੇ ਭਵਿੱਖ ਬਾਰੇ ਇਕ ਦ੍ਰਿਸ਼ਟੀਕੋਣ ਕਿਵੇਂ ਪ੍ਰਗਟ ਕੀਤਾ ਸੀ?

2 ਜਿਉਂ-ਜਿਉਂ ਮਨੁੱਖਜਾਤੀ 21ਵੀਂ ਸਦੀ ਦੇ ਨੇੜੇ ਪਹੁੰਚਦੀ ਹੈ, ਕੀ ਇਹ ਨਿਸ਼ਚਿਤ ਕਰਨ ਦਾ ਕੋਈ ਤਰੀਕਾ ਹੈ ਕਿ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ? ਕੁਝ 200 ਸਾਲ ਪਹਿਲਾਂ ਅਮਰੀਕੀ ਸਿਆਸਤਦਾਨ ਪੈਟਰਿਕ ਹੈਨਰੀ ਨੇ ਇਕ ਤਰੀਕਾ ਦੱਸਿਆ ਸੀ। ਉਸ ਨੇ ਕਿਹਾ: “ਭਵਿੱਖ ਦਾ ਪਤਾ ਕੇਵਲ ਅਤੀਤ ਦੀਆਂ ਘਟਨਾਵਾਂ ਤੋਂ ਹੀ ਲੱਗ ਸਕਦਾ ਹੈ।” ਇਸ ਦ੍ਰਿਸ਼ਟੀਕੋਣ ਦੇ ਅਨੁਸਾਰ, ਮਨੁੱਖ ਨੇ ਅਤੀਤ ਵਿਚ ਜੋ ਕੁਝ ਕੀਤਾ, ਉਸ ਤੋਂ ਮਾਨਵ ਪਰਿਵਾਰ ਦੇ ਭਵਿੱਖ ਬਾਰੇ ਕਾਫ਼ੀ ਹੱਦ ਤਕ ਪਤਾ ਲੱਗ ਸਕਦਾ ਹੈ। ਕਈ ਲੋਕ ਇਸ ਦ੍ਰਿਸ਼ਟੀਕੋਣ ਨਾਲ ਸਹਿਮਤ ਹੁੰਦੇ ਹਨ।

ਅਤੀਤ ਕਿਸ ਤਰ੍ਹਾਂ ਦਾ ਸੀ?

3. ਭਵਿੱਖ ਦੀਆਂ ਸੰਭਾਵਨਾਵਾਂ ਦੇ ਸੰਬੰਧ ਵਿਚ ਇਤਿਹਾਸ ਦਾ ਰਿਕਾਰਡ ਕੀ ਸੰਕੇਤ ਕਰਦਾ ਹੈ?

3 ਜੇਕਰ ਭਵਿੱਖ ਨੇ ਅਤੀਤ ਵਰਗਾ ਹੀ ਹੋਣਾ ਹੈ, ਤਾਂ ਕੀ ਤੁਹਾਨੂੰ ਇਹ ਸੰਭਾਵਨਾ ਉਤਸ਼ਾਹਜਨਕ ਲੱਗਦੀ ਹੈ? ਕੀ ਯੁਗਾਂ ਦੇ ਦੌਰਾਨ ਬੀਤੀਆਂ ਪੀੜ੍ਹੀਆਂ ਲਈ ਭਵਿੱਖ ਬਿਹਤਰ ਤੋਂ ਬਿਹਤਰ ਹੁੰਦਾ ਗਿਆ ਸੀ? ਦਰਅਸਲ ਨਹੀਂ। ਹਜ਼ਾਰਾਂ ਸਾਲਾਂ ਤੋਂ ਲੋਕਾਂ ਦੀਆਂ ਉਮੀਦਾਂ ਦੇ ਬਾਵਜੂਦ ਅਤੇ ਕੁਝ ਥਾਵਾਂ ਵਿਚ ਭੌਤਿਕ ਤਰੱਕੀ ਦੇ ਬਾਵਜੂਦ, ਇਤਿਹਾਸ ਦਮਨ, ਅਪਰਾਧ, ਹਿੰਸਾ, ਯੁੱਧ, ਅਤੇ ਗ਼ਰੀਬੀ ਨਾਲ ਭਰਿਆ ਰਿਹਾ ਹੈ। ਇਸ ਸੰਸਾਰ ਨੇ ਇਕ ਦੇ ਬਾਅਦ ਦੂਜੀ ਆਫ਼ਤ ਭੋਗੀ ਹੈ, ਜੋ ਮੁੱਖ ਤੌਰ ਤੇ ਅਸੰਤੋਖਜਨਕ ਮਾਨਵੀ ਸ਼ਾਸਨ ਦੁਆਰਾ ਲਿਆਂਦੀਆਂ ਗਈਆਂ ਸਨ। ਬਾਈਬਲ ਸਹੀ-ਸਹੀ ਕਹਿੰਦੀ ਹੈ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”—ਉਪਦੇਸ਼ਕ ਦੀ ਪੋਥੀ 8:9.

4, 5. (ੳ) ਵੀਹਵੀਂ ਸਦੀ ਦੇ ਮੁਢਲੇ ਹਿੱਸੇ ਵਿਚ ਲੋਕ ਆਸ਼ਾਵਾਦੀ ਕਿਉਂ ਸਨ? (ਅ) ਭਵਿੱਖ ਲਈ ਉਨ੍ਹਾਂ ਦੀਆਂ ਉਮੀਦਾਂ ਨੂੰ ਕੀ ਹੋਇਆ?

4 ਹਕੀਕਤ ਇਹ ਹੈ ਕਿ ਮਨੁੱਖਜਾਤੀ ਦਾ ਬੀਤਿਆ ਭੈੜਾ ਇਤਿਹਾਸ ਆਪਣੇ ਆਪ ਨੂੰ ਵਾਰ-ਵਾਰ ਦੁਹਰਾਈ ਜਾਂਦਾ ਹੈ—ਲੇਕਿਨ ਇਸ ਦੀਆਂ ਆਫ਼ਤਾਂ ਹੋਰ ਵੱਡੇ ਪੈਮਾਨੇ ਉੱਤੇ ਅਤੇ ਹੋਰ ਨੁਕਸਾਨਦੇਹ ਤਰੀਕੇ ਨਾਲ ਆਪਣੇ ਆਪ ਨੂੰ ਦੁਹਰਾਉਂਦੀਆਂ ਹਨ। ਸਾਡੀ 20ਵੀਂ ਸਦੀ ਇਸ ਦਾ ਸਬੂਤ ਹੈ। ਕੀ ਮਨੁੱਖਜਾਤੀ ਨੇ ਬੀਤੀਆਂ ਗ਼ਲਤੀਆਂ ਤੋਂ ਸਬਕ ਸਿੱਖਿਆ ਹੈ, ਅਤੇ ਇਨ੍ਹਾਂ ਤੋਂ ਪਰਹੇਜ਼ ਕੀਤਾ ਹੈ? ਇਸ ਸਦੀ ਦੇ ਸ਼ੁਰੂ ਵਿਚ, ਕਈਆਂ ਨੇ ਇਕ ਬਿਹਤਰ ਭਵਿੱਖ ਦੀ ਆਸ ਰੱਖੀ ਸੀ ਕਿਉਂਕਿ ਇਸ ਤੋਂ ਪਹਿਲਾਂ ਕੁਝ ਹੱਦ ਤਕ ਇਕ ਜ਼ਿਆਦਾ ਲੰਬੇ ਸਮੇਂ ਲਈ ਸ਼ਾਂਤੀ ਕਾਇਮ ਰਹੀ ਸੀ। ਨਾਲੇ ਉਦਯੋਗ, ਵਿਗਿਆਨ, ਅਤੇ ਸਿੱਖਿਆ ਵਿਚ ਵੀ ਤਰੱਕੀ ਹੋਈ ਸੀ। 20ਵੀਂ ਸਦੀ ਦੇ ਸ਼ੁਰੂ ਵਿਚ, ਇਕ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਸੀ ਕਿ ਭਵਿੱਖ ਵਿਚ ਯੁੱਧ ਸੰਭਵ ਨਹੀਂ ਹੋਵੇਗਾ ਕਿਉਂਕਿ “ਲੋਕ ਬਹੁਤ ਸਭਿਅ ਸਨ।” ਉਸ ਸਮੇਂ ਦੇ ਲੋਕਾਂ ਦੇ ਦ੍ਰਿਸ਼ਟੀਕੋਣ ਬਾਰੇ ਬਰਤਾਨੀਆ ਦੇ ਇਕ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ: “ਸਭ ਕੁਝ ਬਿਹਤਰ ਤੋਂ ਬਿਹਤਰ ਹੁੰਦਾ ਜਾਵੇਗਾ। ਇਹੋ ਸੰਸਾਰ ਵਿਚ ਮੈਂ ਪੈਦਾ ਹੋਇਆ ਸੀ।” ਪਰ ਫਿਰ ਉਸ ਨੇ ਆਖਿਆ: “ਇਕਦਮ, ਅਚਾਨਕ ਹੀ, 1914 ਦੀ ਇਕ ਸਵੇਰ ਨੂੰ ਸਾਰਾ ਕੁਝ ਖ਼ਤਮ ਹੋ ਗਿਆ।”

5 ਉਸ ਸਮੇਂ ਇਕ ਬਿਹਤਰ ਭਵਿੱਖ ਵਿਚ ਪੱਕੀ ਨਿਹਚਾ ਹੋਣ ਦੇ ਬਾਵਜੂਦ, ਨਵੀਂ ਸਦੀ ਅਜੇ ਸ਼ੁਰੂ ਹੀ ਹੋਈ ਸੀ ਕਿ ਸੰਸਾਰ ਮਨੁੱਖ ਦੁਆਰਾ ਕੀਤੀ ਗਈ ਸਭ ਤੋਂ ਭਿਆਨਕ ਤਬਾਹੀ, ਅਰਥਾਤ, ਵਿਸ਼ਵ ਯੁੱਧ I ਦੀ ਲਪੇਟ ਵਿਚ ਆ ਗਿਆ। ਇਸ ਦੀ ਭਿਆਨਕਤਾ ਦੀ ਉਦਾਹਰਣ ਵਜੋਂ, ਜ਼ਰਾ ਵਿਚਾਰ ਕਰੋ ਕਿ 1916 ਵਿਚ ਇਕ ਲੜਾਈ ਦੌਰਾਨ ਕੀ ਹੋਇਆ ਸੀ, ਜਦੋਂ ਫਰਾਂਸ ਵਿਚ ਸੌਮ ਨਦੀ ਦੇ ਨੇੜੇ ਬਰਤਾਨਵੀ ਫ਼ੌਜਾਂ ਨੇ ਜਰਮਨ ਮੋਰਚਿਆਂ ਉੱਤੇ ਹਮਲਾ ਕੀਤਾ। ਕੇਵਲ ਕੁਝ ਹੀ ਘੰਟਿਆਂ ਵਿਚ 20,000 ਬਰਤਾਨਵੀ ਜਾਨਾਂ ਦਾ ਨੁਕਸਾਨ ਹੋਇਆ, ਅਤੇ ਅਨੇਕ ਜਰਮਨ ਵੀ ਮਾਰੇ ਗਏ। ਚਾਰ ਸਾਲ ਦੇ ਕਤਲਾਮ ਨੇ ਲਗਭਗ ਇਕ ਕਰੋੜ ਫ਼ੌਜੀਆਂ ਅਤੇ ਕਈ ਆਮ ਲੋਕਾਂ ਦੀਆਂ ਜਾਨਾਂ ਲਈਆਂ। ਬਹੁਤ ਸਾਰੇ ਲੋਕਾਂ ਦੀ ਮੌਤ ਹੋਣ ਕਾਰਨ ਫਰਾਂਸ ਦੀ ਆਬਾਦੀ ਕੁਝ ਸਮੇਂ ਲਈ ਘੱਟ ਗਈ। ਆਰਥਿਕ ਵਿਵਸਥਾਵਾਂ ਤਬਾਹ ਹੋ ਗਈਆਂ, ਜਿਸ ਕਰਕੇ 1930 ਦੇ ਦਹਾਕੇ ਵਿਚ ਵੱਡਾ ਮੰਦਵਾੜਾ ਪਿਆ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕਈਆਂ ਨੇ ਕਿਹਾ ਹੈ ਕਿ ਜਿਸ ਦਿਨ ਵਿਸ਼ਵ ਯੁੱਧ I ਸ਼ੁਰੂ ਹੋਇਆ, ਉਸੇ ਦਿਨ ਸੰਸਾਰ ਪਾਗਲ ਹੋ ਗਿਆ ਸੀ!

6. ਕੀ ਜੀਵਨ ਵਿਸ਼ਵ ਯੁੱਧ I ਤੋਂ ਬਾਅਦ ਬਿਹਤਰ ਬਣ ਗਿਆ ਸੀ?

6 ਕੀ ਉਸ ਪੀੜ੍ਹੀ ਨੇ ਅਜਿਹੇ ਭਵਿੱਖ ਦੀ ਉਮੀਦ ਰੱਖੀ ਸੀ? ਨਹੀਂ, ਬਿਲਕੁਲ ਨਹੀਂ। ਉਨ੍ਹਾਂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ; ਅਤੇ ਨਾ ਹੀ ਇਹ ਸਭ ਕੁਝ ਕਿਸੇ ਬਿਹਤਰ ਭਵਿੱਖ ਵੱਲ ਲੈ ਗਿਆ। ਵਿਸ਼ਵ ਯੁੱਧ I ਤੋਂ ਕੇਵਲ 21 ਸਾਲ ਬਾਅਦ, ਜਾਂ 1939 ਵਿਚ, ਮਨੁੱਖ ਦੁਆਰਾ ਕੀਤੀ ਗਈ ਇਸ ਤੋਂ ਵੀ ਜ਼ਿਆਦਾ ਭਿਆਨਕ ਤਬਾਹੀ ਸ਼ੁਰੂ ਹੋਈ, ਅਰਥਾਤ ਦੂਜਾ ਵਿਸ਼ਵ ਯੁੱਧ। ਇਸ ਨੇ ਕੁਝ 5 ਕਰੋੜ ਆਦਮੀਆਂ, ਔਰਤਾਂ, ਅਤੇ ਬੱਚਿਆਂ ਦੀਆਂ ਜਾਨਾਂ ਲਈਆਂ। ਵੱਡੇ ਪੈਮਾਨੇ ਤੇ ਬੰਬਾਰੀ ਨੇ ਸ਼ਹਿਰਾਂ ਨੂੰ ਮਿੱਟੀ ਦਾ ਢੇਰ ਬਣਾ ਦਿੱਤਾ। ਜਦ ਕਿ ਵਿਸ਼ਵ ਯੁੱਧ I ਦੌਰਾਨ ਇਕ ਲੜਾਈ ਵਿਚ ਕੁਝ ਹੀ ਘੰਟਿਆਂ ਵਿਚ ਕਈ ਹਜ਼ਾਰ ਫ਼ੌਜੀ ਮਾਰੇ ਗਏ ਸਨ, ਵਿਸ਼ਵ ਯੁੱਧ II ਵਿਚ, ਸਿਰਫ਼ ਦੋ ਹੀ ਐਟਮ ਬੰਬਾਂ ਨੇ ਕੁਝ ਹੀ ਸਕਿੰਟਾਂ ਵਿਚ 1,00,000 ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ। ਕਈ ਲੋਕਾਂ ਦੇ ਵਿਚਾਰ ਵਿਚ ਨਾਜ਼ੀ ਨਜ਼ਰਬੰਦੀ-ਕੈਂਪਾਂ ਵਿਚ ਲੱਖਾਂ ਹੀ ਲੋਕਾਂ ਦਾ ਯੋਜਨਾਬੱਧ ਕਤਲਾਮ ਇਸ ਤੋਂ ਵੀ ਬਦਤਰ ਸੀ।

7. ਇਸ ਪੂਰੀ ਸਦੀ ਦੀਆਂ ਕੀ ਹਕੀਕਤਾਂ ਹਨ?

7 ਕਈ ਸ੍ਰੋਤ ਬਿਆਨ ਕਰਦੇ ਹਨ ਕਿ ਜੇਕਰ ਅਸੀਂ ਕੌਮਾਂ ਵਿਚਕਾਰ ਹੋਏ ਯੁੱਧਾਂ, ਘਰੇਲੂ ਲੜਾਈਆਂ, ਅਤੇ ਸਰਕਾਰਾਂ ਵੱਲੋਂ ਆਪਣੇ ਹੀ ਨਾਗਰਿਕਾਂ ਉੱਤੇ ਲਿਆਈਆਂ ਗਈਆਂ ਮੌਤਾਂ ਨੂੰ ਗਿਣੀਏ, ਤਾਂ ਇਸ ਸਦੀ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਕੁਝ 20 ਕਰੋੜ ਹੋਵੇਗੀ। ਇਕ ਸ੍ਰੋਤ ਤਾਂ ਗਿਣਤੀ 36 ਕਰੋੜ ਦੱਸਦਾ ਹੈ। ਜ਼ਰਾ ਉਨ੍ਹਾਂ ਸਾਰੀਆਂ ਘਟਨਾਵਾਂ ਦੀ ਭਿਆਨਕਤਾ ਦੀ ਕਲਪਨਾ ਕਰੋ—ਉਹ ਦਰਦ, ਉਹ ਹੰਝੂ, ਉਹ ਦੁੱਖ, ਉਹ ਬਰਬਾਦ ਕੀਤੀਆਂ ਗਈਆਂ ਜ਼ਿੰਦਗੀਆਂ! ਇਸ ਤੋਂ ਇਲਾਵਾ, ਹਰ ਰੋਜ਼ ਔਸਤਨ, ਕੁਝ 40,000 ਲੋਕ, ਜ਼ਿਆਦਾਤਰ ਬੱਚੇ, ਗ਼ਰੀਬੀ-ਸੰਬੰਧੀ ਕਾਰਨਾਂ ਤੋਂ ਮਰ ਜਾਂਦੇ ਹਨ। ਹਰ ਰੋਜ਼ ਇਸ ਗਿਣਤੀ ਤੋਂ ਤਿੰਨ ਗੁਣਾ ਜ਼ਿਆਦਾ ਜਾਨਾਂ ਗਰਭਪਾਤ ਰਾਹੀਂ ਲਈਆਂ ਜਾਂਦੀਆਂ ਹਨ। ਨਾਲੇ, ਤਕਰੀਬਨ ਇਕ ਅਰਬ ਲੋਕ ਇੰਨੇ ਗ਼ਰੀਬ ਹਨ ਕਿ ਉਨ੍ਹਾਂ ਨੂੰ ਇਕ ਦਿਹਾੜੀ ਜੋਗਾ ਕੰਮ ਕਰ ਸਕਣ ਲਈ ਵੀ ਚੋਖਾ ਭੋਜਨ ਨਹੀਂ ਮਿਲਦਾ ਹੈ। ਇਹ ਸਾਰੇ ਹਾਲਾਤ ਉਨ੍ਹਾਂ ਗੱਲਾਂ ਦਾ ਸਬੂਤ ਹਨ ਜੋ ਬਾਈਬਲ ਭਵਿੱਖਬਾਣੀ ਵਿਚ ਪਹਿਲਾਂ ਹੀ ਦੱਸੀਆਂ ਗਈਆਂ ਸੀ ਕਿ ਅਸੀਂ ਇਸ ਦੁਸ਼ਟ ਰੀਤੀ-ਵਿਵਸਥਾ ਦੇ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ।—2 ਤਿਮੋਥਿਉਸ 3:1-5, 13; ਮੱਤੀ 24:3-12; ਲੂਕਾ 21:10, 11; ਪਰਕਾਸ਼ ਦੀ ਪੋਥੀ 6:3-8.

ਕੋਈ ਮਾਨਵੀ ਹੱਲ ਨਹੀਂ

8. ਮਾਨਵੀ ਆਗੂ ਸੰਸਾਰ ਦੀਆਂ ਸਮੱਸਿਆਵਾਂ ਨੂੰ ਕਿਉਂ ਹੱਲ ਨਹੀਂ ਕਰ ਸਕਦੇ ਹਨ?

8 ਜਿਉਂ-ਜਿਉਂ ਇਹ 20ਵੀਂ ਸਦੀ ਆਪਣੇ ਅੰਤ ਦੇ ਨੇੜੇ ਪਹੁੰਚਦੀ ਹੈ, ਅਸੀਂ ਇਸ ਦੇ ਅਨੁਭਵਾਂ ਨੂੰ ਵੀ ਬੀਤੀਆਂ ਸਦੀਆਂ ਦਿਆਂ ਅਨੁਭਵਾਂ ਨਾਲ ਜੋੜ ਸਕਦੇ ਹਾਂ। ਇਹ ਪੂਰਾ ਇਤਿਹਾਸ ਕੀ ਦੱਸਦਾ ਹੈ? ਇਹ ਸਾਨੂੰ ਦੱਸਦਾ ਹੈ ਕਿ ਮਾਨਵ ਆਗੂਆਂ ਨੇ ਕਦੇ ਵੀ ਸੰਸਾਰ ਦੀਆਂ ਮੁੱਖ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਹੈ, ਕਿ ਉਹ ਹੁਣ ਵੀ ਇਨ੍ਹਾਂ ਨੂੰ ਹੱਲ ਨਹੀਂ ਕਰ ਰਹੇ ਹਨ, ਅਤੇ ਕਿ ਉਹ ਇਨ੍ਹਾਂ ਨੂੰ ਭਵਿੱਖ ਵਿਚ ਵੀ ਹੱਲ ਨਹੀਂ ਕਰਨਗੇ। ਅਸਲ ਵਿਚ ਇਹ ਉਨ੍ਹਾਂ ਦੀ ਸਮਰਥਾ ਤੋਂ ਬਾਹਰ ਹੈ ਕਿ ਉਹ ਸਾਨੂੰ ਉਸ ਤਰ੍ਹਾਂ ਦਾ ਭਵਿੱਖ ਦੇਣ ਜਿਸ ਦੀ ਸਾਨੂੰ ਇੱਛਾ ਹੈ, ਭਾਵੇਂ ਕਿ ਉਨ੍ਹਾਂ ਦੇ ਇਰਾਦੇ ਕਿੰਨੇ ਹੀ ਚੰਗੇ ਕਿਉਂ ਨਾ ਹੋਣ। ਅਤੇ ਕੁਝ ਸਰਕਾਰੀ ਲੋਕਾਂ ਦੇ ਇਰਾਦੇ ਇੰਨੇ ਚੰਗੇ ਨਹੀਂ ਹੁੰਦੇ ਹਨ; ਉਹ ਆਪਣੇ ਸੁਆਰਥੀ ਅਤੇ ਭੌਤਿਕ ਮਤਲਬ ਲਈ, ਨਾ ਕਿ ਦੂਜਿਆਂ ਦੀ ਭਲਿਆਈ ਲਈ, ਪਦਵੀ ਅਤੇ ਸੱਤਾ ਭਾਲਦੇ ਹਨ।

9. ਮਾਨਵੀ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਵਿਗਿਆਨ ਦੀ ਸਮਰਥਾ ਉੱਤੇ ਸ਼ੱਕ ਕਰਨ ਦਾ ਕੀ ਕਾਰਨ ਹੈ?

9 ਕੀ ਵਿਗਿਆਨ ਕੋਲ ਇਨ੍ਹਾਂ ਦਾ ਹੱਲ ਹੈ? ਜੇਕਰ ਅਸੀਂ ਅਤੀਤ ਉੱਤੇ ਨਜ਼ਰ ਮਾਰੀਏ, ਤਾਂ ਨਹੀਂ। ਸਰਕਾਰੀ ਵਿਗਿਆਨੀਆਂ ਨੇ ਭਿਆਨਕ ਤੌਰ ਤੇ ਵਿਨਾਸ਼ਕਾਰੀ ਕੈਮੀਕਲ, ਬਾਯੋਲਾਜੀਕਲ, ਅਤੇ ਦੂਜੇ ਪ੍ਰਕਾਰ ਦੇ ਹਥਿਆਰ ਬਣਾਉਣ ਵਿਚ ਬਹੁਤ ਸਾਰਾ ਪੈਸਾ, ਸਮਾਂ, ਅਤੇ ਜਤਨ ਲਗਾਇਆ ਹੈ। ਕੌਮਾਂ ਹਥਿਆਰਾਂ ਉੱਤੇ 7 ਖਰਬ ਡਾਲਰ ਪ੍ਰਤਿ ਸਾਲ ਖ਼ਰਚ ਕਰਦੀਆਂ ਹਨ, ਅਤੇ ਇਨ੍ਹਾਂ ਵਿਚ ਉਹ ਕੌਮਾਂ ਵੀ ਸ਼ਾਮਲ ਹਨ ਜੋ ਇਸ ਦੀ ਸਮਰਥਾ ਨਹੀਂ ਰੱਖਦੀਆਂ ਹਨ! ਨਾਲੇ, ‘ਵਿਗਿਆਨਕ ਤਰੱਕੀ’ ਕੁਝ ਹੱਦ ਤਕ ਉਨ੍ਹਾਂ ਰਸਾਇਣਕ ਪਦਾਰਥਾਂ ਲਈ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਹਵਾ, ਜ਼ਮੀਨ, ਪਾਣੀ, ਅਤੇ ਭੋਜਨ ਨੂੰ ਪ੍ਰਦੂਸ਼ਿਤ ਕੀਤਾ ਹੈ।

10. ਸਿੱਖਿਆ ਵੀ ਇਕ ਬਿਹਤਰ ਭਵਿੱਖ ਕਿਉਂ ਨਿਸ਼ਚਿਤ ਨਹੀਂ ਕਰ ਸਕਦੀ ਹੈ?

10 ਕੀ ਅਸੀਂ ਇਹ ਉਮੀਦ ਰੱਖ ਸਕਦੇ ਹਾਂ ਕਿ ਸੰਸਾਰ ਦੀਆਂ ਵਿਦਿਅਕ ਸੰਸਥਾਵਾਂ ਉੱਚ ਨੈਤਿਕ ਮਿਆਰ, ਦੂਜਿਆਂ ਲਈ ਲਿਹਾਜ਼, ਅਤੇ ਗੁਆਂਢੀਆਂ ਲਈ ਪ੍ਰੇਮ ਦੀ ਸਿੱਖਿਆ ਦੇਣ ਦੁਆਰਾ ਇਕ ਬਿਹਤਰ ਭਵਿੱਖ ਬਣਾਉਣ ਵਿਚ ਮਦਦ ਕਰਨਗੀਆਂ? ਨਹੀਂ। ਇਸ ਦੀ ਬਜਾਇ, ਉਹ ਕੈਰੀਅਰ ਅਤੇ ਪੈਸੇ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ। ਉਹ ਇਕ ਸਹਿਯੋਗੀ ਮਨੋਬਿਰਤੀ ਨੂੰ ਉਤਪੰਨ ਕਰਨ ਦੀ ਬਜਾਇ, ਇਕ ਬੇਹੱਦ ਮੁਕਾਬਲੇ ਵਾਲੀ ਮਨੋਬਿਰਤੀ ਨੂੰ ਉਤਪੰਨ ਕਰਦੀਆਂ ਹਨ; ਨਾ ਹੀ ਸਕੂਲ ਨੈਤਿਕ ਸਿੱਖਿਆ ਦਿੰਦੇ ਹਨ। ਇਸ ਦੀ ਬਜਾਇ, ਉਨ੍ਹਾਂ ਵਿੱਚੋਂ ਕਈ ਤਾਂ ਨਾਜਾਇਜ਼ ਸੰਬੰਧਾਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਜਿਸ ਕਰਕੇ ਕਿਸ਼ੋਰ ਉਮਰ ਵਿਚ ਗਰਭ ਦੀ ਗਿਣਤੀ ਅਤੇ ਲਿੰਗੀ ਤੌਰ ਤੇ ਸੰਚਾਰਿਤ ਰੋਗਾਂ ਵਿਚ ਵੱਡਾ ਵਾਧਾ ਹੋਇਆ ਹੈ।

11. ਉਦਯੋਗ ਦਾ ਰਿਕਾਰਡ ਭਵਿੱਖ ਦੇ ਸੰਬੰਧ ਵਿਚ ਕਿਵੇਂ ਸ਼ੱਕ ਪੈਦਾ ਕਰਦਾ ਹੈ?

11 ਕੀ ਸੰਸਾਰ ਦੇ ਵੱਡੇ-ਵੱਡੇ ਉਦਯੋਗ ਅਚਾਨਕ ਹੀ ਸਾਡੇ ਗ੍ਰਹਿ ਦੀ ਦੇਖ-ਭਾਲ ਕਰਨ ਲਈ ਪ੍ਰੇਰਿਤ ਹੋ ਜਾਣਗੇ? ਕੀ ਉਹ ਅਜਿਹੀਆਂ ਚੀਜ਼ਾਂ ਉਤਪੰਨ ਕਰਨ ਦੁਆਰਾ ਦੂਜਿਆਂ ਲਈ ਪ੍ਰੇਮ ਦਿਖਾਉਣਗੇ, ਜੋ ਕੇਵਲ ਮੁਨਾਫ਼ੇ ਲਈ ਹੀ ਨਹੀਂ ਬਲਕਿ ਅਸਲ ਵਿਚ ਭਲਿਆਈ ਲਈ ਹੋਣਗੀਆਂ? ਇਹ ਸੰਭਵ ਨਹੀਂ ਹੈ। ਕੀ ਉਹ ਅਜਿਹੇ ਟੈਲੀਵਿਯਨ ਪ੍ਰੋਗ੍ਰਾਮ ਪੇਸ਼ ਕਰਨੇ ਬੰਦ ਕਰ ਦੇਣਗੇ ਜਿਨ੍ਹਾਂ ਵਿਚ ਹਿੰਸਾ ਅਤੇ ਅਨੈਤਿਕਤਾ ਭਰੀ ਹੋਈ ਹੈ ਅਤੇ ਜੋ ਲੋਕਾਂ ਦੇ ਮਨਾਂ ਨੂੰ, ਖ਼ਾਸ ਤੌਰ ਤੇ ਨੌਜਵਾਨਾਂ ਦੇ ਮਨਾਂ ਨੂੰ ਭ੍ਰਿਸ਼ਟ ਕਰਨ ਵਿਚ ਯੋਗਦਾਨ ਪਾਉਂਦੇ ਹਨ? ਹਾਲ ਹੀ ਦਾ ਅਤੀਤ ਬਿਲਕੁਲ ਉਤਸ਼ਾਹਜਨਕ ਨਹੀਂ ਹੈ ਕਿਉਂਕਿ, ਜ਼ਿਆਦਾਤਰ ਮਾਮਲਿਆਂ ਵਿਚ, ਟੀ. ਵੀ. ਅਨੈਤਿਕਤਾ ਅਤੇ ਹਿੰਸਾ ਦਾ ਕੂੜਾਦਾਨ ਬਣ ਗਿਆ ਹੈ।

12. ਬੀਮਾਰੀ ਅਤੇ ਮੌਤ ਦੇ ਸੰਬੰਧ ਵਿਚ ਮਾਨਵ ਦੀ ਕੀ ਹਾਲਤ ਹੈ?

12 ਇਸ ਤੋਂ ਇਲਾਵਾ, ਡਾਕਟਰ ਭਾਵੇਂ ਕਿੰਨੇ ਹੀ ਸੁਹਿਰਦ ਕਿਉਂ ਨਾ ਹੋਣ, ਉਹ ਬੀਮਾਰੀ ਅਤੇ ਮੌਤ ਉੱਤੇ ਜਿੱਤ ਹਾਸਲ ਨਹੀਂ ਕਰ ਸਕਦੇ ਹਨ। ਮਿਸਾਲ ਲਈ, ਵਿਸ਼ਵ ਯੁੱਧ I ਦੇ ਅੰਤ ਵਿਚ, ਉਹ ਸਪੈਨਿਸ਼ ਇਨਫਲੂਐਂਜ਼ਾ ਨੂੰ ਨਹੀਂ ਰੋਕ ਸਕੇ; ਪੂਰੇ ਸੰਸਾਰ ਵਿਚ ਇਸ ਦੇ ਕਾਰਨ 2 ਕਰੋੜ ਜਾਨਾਂ ਗਈਆਂ। ਅੱਜ-ਕੱਲ੍ਹ, ਦਿਲ ਦੀ ਬੀਮਾਰੀ, ਕੈਂਸਰ, ਅਤੇ ਦੂਜੀਆਂ ਘਾਤਕ ਬੀਮਾਰੀਆਂ ਆਮ ਹਨ। ਅਤੇ ਡਾਕਟਰੀ ਜਗਤ ਨੇ ਏਡਜ਼ ਦੀ ਆਧੁਨਿਕ ਮਹਾਂਮਾਰੀ ਉੱਤੇ ਵੀ ਜਿੱਤ ਹਾਸਲ ਨਹੀਂ ਕੀਤੀ ਹੈ। ਇਸ ਦੇ ਉਲਟ, ਨਵੰਬਰ 1997 ਵਿਚ ਪ੍ਰਕਾਸ਼ਿਤ ਕੀਤੀ ਗਈ ਇਕ ਯੂ. ਐੱਨ. ਰਿਪੋਰਟ ਨੇ ਸਿੱਟਾ ਕੱਢਿਆ ਕਿ ਏਡਜ਼ ਵਿਸ਼ਾਣੂ ਪਹਿਲਾਂ ਲਾਏ ਗਏ ਅੰਦਾਜ਼ੇ ਨਾਲੋਂ ਦੁਗਣੀ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤਕ, ਲੱਖਾਂ ਹੀ ਲੋਕ ਇਸ ਦੇ ਕਾਰਨ ਮਰ ਚੁੱਕੇ ਹਨ। ਹਾਲ ਹੀ ਦੇ ਇਕ ਸਾਲ ਵਿਚ, ਹੋਰ 30 ਲੱਖ ਲੋਕਾਂ ਨੂੰ ਏਡਜ਼ ਦੀ ਬੀਮਾਰੀ ਲੱਗ ਗਈ ਹੈ।

ਭਵਿੱਖ ਬਾਰੇ ਯਹੋਵਾਹ ਦੇ ਗਵਾਹਾਂ ਦਾ ਦ੍ਰਿਸ਼ਟੀਕੋਣ

13, 14. (ੳ) ਯਹੋਵਾਹ ਦੇ ਗਵਾਹ ਭਵਿੱਖ ਨੂੰ ਕਿਵੇਂ ਵਿਚਾਰਦੇ ਹਨ? (ਅ) ਮਾਨਵ ਇਕ ਬਿਹਤਰ ਭਵਿੱਖ ਕਿਉਂ ਨਹੀਂ ਲਿਆ ਸਕਦੇ?

13 ਫਿਰ ਵੀ, ਯਹੋਵਾਹ ਦੇ ਗਵਾਹ ਵਿਸ਼ਵਾਸ ਕਰਦੇ ਹਨ ਕਿ ਮਨੁੱਖਜਾਤੀ ਦਾ ਇਕ ਸ਼ਾਨਦਾਰ ਭਵਿੱਖ ਹੈ, ਇਕ ਸਭ ਤੋਂ ਵਧੀਆ ਭਵਿੱਖ! ਪਰੰਤੂ ਉਹ ਇਹ ਆਸ ਨਹੀਂ ਰੱਖਦੇ ਹਨ ਕਿ ਇਹ ਬਿਹਤਰ ਭਵਿੱਖ ਮਾਨਵੀ ਜਤਨਾਂ ਰਾਹੀਂ ਆਵੇਗਾ। ਇਸ ਦੀ ਬਜਾਇ, ਉਹ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਵਿਚ ਉਮੀਦ ਰੱਖਦੇ ਹਨ। ਉਹ ਜਾਣਦਾ ਹੈ ਕਿ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਅਤੇ ਇਹ ਕਿੰਨਾ ਸ਼ਾਨਦਾਰ ਹੋਵੇਗਾ! ਉਹ ਇਹ ਵੀ ਜਾਣਦਾ ਹੈ ਕਿ ਮਾਨਵ ਅਜਿਹਾ ਭਵਿੱਖ ਨਹੀਂ ਲਿਆ ਸਕਦੇ ਹਨ। ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਿਰਜਿਆ ਹੈ, ਉਹ ਉਨ੍ਹਾਂ ਦੀਆਂ ਸੀਮਾਵਾਂ ਨੂੰ ਕਿਸੇ ਵੀ ਵਿਅਕਤੀ ਨਾਲੋਂ ਬਿਹਤਰ ਜਾਣਦਾ ਹੈ। ਉਹ ਆਪਣੇ ਬਚਨ ਵਿਚ ਸਾਨੂੰ ਸਪੱਸ਼ਟ ਤੌਰ ਤੇ ਦੱਸਦਾ ਹੈ ਕਿ ਉਸ ਨੇ ਇਨਸਾਨ ਨੂੰ ਬਿਨਾਂ ਈਸ਼ਵਰੀ ਅਗਵਾਈ ਦੇ ਸਫ਼ਲਤਾਪੂਰਵਕ ਸ਼ਾਸਨ ਕਰਨ ਦੀ ਯੋਗਤਾ ਨਾਲ ਸ੍ਰਿਸ਼ਟ ਨਹੀਂ ਕੀਤਾ ਸੀ। ਲੰਬੇ ਸਮੇਂ ਲਈ ਉਸ ਤੋਂ ਸੁਤੰਤਰ ਹੋ ਕੇ ਮਾਨਵ ਨੂੰ ਸ਼ਾਸਨ ਕਰਨ ਦੀ ਇਜਾਜ਼ਤ ਦੇਣ ਦੁਆਰਾ ਪਰਮੇਸ਼ੁਰ ਨੇ ਯਕੀਨੀ ਤੌਰ ਤੇ ਉਸ ਦੀ ਅਯੋਗਤਾ ਨੂੰ ਪ੍ਰਦਰਸ਼ਿਤ ਕੀਤਾ ਹੈ। ਇਕ ਲੇਖਕ ਨੇ ਕਬੂਲ ਕੀਤਾ: “ਮਾਨਵ ਨੇ ਆਪਣੀ ਸਮਝ ਅਨੁਸਾਰ ਹਰ ਪ੍ਰਕਾਰ ਦੀ ਹਕੂਮਤ ਅਜ਼ਮਾਈ ਹੈ, ਪਰ ਨਤੀਜਾ ਨਿਸਫਲ ਰਿਹਾ ਹੈ।”

14 ਯਿਰਮਿਯਾਹ 10:23 ਵਿਚ, ਅਸੀਂ ਪ੍ਰੇਰਿਤ ਨਬੀ ਦੇ ਸ਼ਬਦ ਪੜ੍ਹਦੇ ਹਾਂ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” ਨਾਲੇ, ਜ਼ਬੂਰ 146:3 ਕਹਿੰਦਾ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।” ਅਸਲ ਵਿਚ, ਕਿਉਂਕਿ ਅਸੀਂ ਜਨਮ ਤੋਂ ਹੀ ਅਪੂਰਣ ਹਾਂ, ਜਿਵੇਂ ਰੋਮੀਆਂ 5:12 ਦਿਖਾਉਂਦਾ ਹੈ, ਪਰਮੇਸ਼ੁਰ ਦਾ ਬਚਨ ਸਾਨੂੰ ਆਪਣੇ ਆਪ ਉੱਤੇ ਵੀ ਭਰੋਸਾ ਰੱਖਣ ਤੋਂ ਸਾਵਧਾਨ ਕਰਦਾ ਹੈ। ਯਿਰਮਿਯਾਹ 17:9 ਕਹਿੰਦਾ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” ਇਸ ਲਈ, ਕਹਾਉਤਾਂ 28:26 ਐਲਾਨ ਕਰਦਾ ਹੈ: “ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਮੱਤ ਨਾਲ ਤੁਰਦਾ ਹੈ ਉਹ ਛੁਡਾਇਆ ਜਾਵੇਗਾ।”

15. ਅਸੀਂ ਉਹ ਬੁੱਧ ਕਿੱਥੋਂ ਪਾ ਸਕਦੇ ਹਾਂ ਜੋ ਸਾਨੂੰ ਮਾਰਗ-ਦਰਸ਼ਿਤ ਕਰੇਗੀ?

15 ਅਸੀਂ ਇਹ ਮੱਤ, ਜਾਂ ਬੁੱਧ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ? “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।” (ਕਹਾਉਤਾਂ 9:10) ਕੇਵਲ ਯਹੋਵਾਹ ਕੋਲ ਹੀ ਉਹ ਬੁੱਧ ਹੈ ਜੋ ਸਾਨੂੰ ਇਨ੍ਹਾਂ ਭਿਆਨਕ ਸਮਿਆਂ ਵਿਚ ਮਾਰਗ-ਦਰਸ਼ਿਤ ਕਰ ਸਕਦੀ ਹੈ। ਅਤੇ ਉਸ ਨੇ ਪਵਿੱਤਰ ਸ਼ਾਸਤਰ ਰਾਹੀਂ ਸਾਨੂੰ ਆਪਣੀ ਬੁੱਧ ਤਕ ਪਹੁੰਚ ਦਿੱਤੀ ਹੈ, ਜਿਸ ਨੂੰ ਉਸ ਨੇ ਸਾਡੇ ਮਾਰਗ-ਦਰਸ਼ਨ ਲਈ ਪ੍ਰੇਰਿਤ ਕੀਤਾ ਹੈ।—ਕਹਾਉਤਾਂ 2:1-9; 3:1-6; 2 ਤਿਮੋਥਿਉਸ 3:16, 17.

ਮਾਨਵ ਸ਼ਾਸਨ ਦਾ ਭਵਿੱਖ

16. ਭਵਿੱਖ ਨੂੰ ਕਿਸ ਨੇ ਨਿਰਧਾਰਿਤ ਕੀਤਾ ਹੈ?

16 ਤਾਂ ਫਿਰ, ਪਰਮੇਸ਼ੁਰ ਦਾ ਬਚਨ ਸਾਨੂੰ ਭਵਿੱਖ ਬਾਰੇ ਕੀ ਦੱਸਦਾ ਹੈ? ਇਹ ਸਾਨੂੰ ਦੱਸਦਾ ਹੈ ਕਿ ਭਵਿੱਖ ਵਿਚ ਯਕੀਨਨ ਉਹ ਚੀਜ਼ਾਂ ਨਹੀਂ ਹੋਣਗੀਆਂ ਜੋ ਇਨਸਾਨਾਂ ਨੇ ਬੀਤੇ ਸਮਿਆਂ ਵਿਚ ਕੀਤੀਆਂ ਹਨ। ਸੋ ਪੈਟਰਿਕ ਹੈਨਰੀ ਦਾ ਦ੍ਰਿਸ਼ਟੀਕੋਣ ਗ਼ਲਤ ਸੀ। ਇਸ ਧਰਤੀ ਦਾ ਅਤੇ ਇਸ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਦਾ ਭਵਿੱਖ, ਮਾਨਵ ਦੁਆਰਾ ਨਹੀਂ, ਬਲਕਿ ਯਹੋਵਾਹ ਪਰਮੇਸ਼ੁਰ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ। ਇਸ ਧਰਤੀ ਉੱਤੇ ਉਸ ਦੀ ਇੱਛਾ ਪੂਰੀ ਕੀਤੀ ਜਾਣੀ ਹੈ, ਨਾ ਕਿ ਇਸ ਸੰਸਾਰ ਦੇ ਕਿਸੇ ਮਨੁੱਖ ਜਾਂ ਕੌਮ ਦੀ। “ਮਨੁੱਖ ਦੇ ਮਨ ਵਿੱਚ ਅਨੇਕ ਜੁਗਤਾਂ ਹੁੰਦੀਆਂ ਹਨ, ਪਰ ਯਹੋਵਾਹ ਦਾ ਮਤਾ ਕਾਇਮ ਰਹੇਗਾ।”—ਕਹਾਉਤਾਂ 19:21.

17, 18. ਸਾਡੇ ਸਮਿਆਂ ਲਈ ਪਰਮੇਸ਼ੁਰ ਦੀ ਇੱਛਾ ਕੀ ਹੈ?

17 ਸਾਡੇ ਸਮਿਆਂ ਲਈ ਪਰਮੇਸ਼ੁਰ ਦੀ ਇੱਛਾ ਕੀ ਹੈ? ਉਸ ਦਾ ਮਕਸਦ ਇਸ ਹਿੰਸਕ, ਅਨੈਤਿਕ ਰੀਤੀ-ਵਿਵਸਥਾ ਨੂੰ ਖ਼ਤਮ ਕਰਨਾ ਹੈ। ਛੇਤੀ ਹੀ ਮਾਨਵੀ ਰਾਜ ਦੇ ਸਦੀਆਂ ਪੁਰਾਣੇ ਦੁਸ਼ਟ ਸ਼ਾਸਨ ਦੀ ਥਾਂ ਤੇ ਪਰਮੇਸ਼ੁਰ ਦੀ ਬਣਾਈ ਗਈ ਹਕੂਮਤ ਹੋਵੇਗੀ। ਦਾਨੀਏਲ 2:44 ਵਿਚ ਪਾਈ ਜਾਂਦੀ ਭਵਿੱਖਬਾਣੀ ਬਿਆਨ ਕਰਦੀ ਹੈ: “ਉਨ੍ਹਾਂ ਰਾਜਿਆਂ [ਜੋ ਅੱਜ ਮੌਜੂਦ ਹਨ] ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ [ਸਵਰਗ ਵਿਚ] ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” ਇਹ ਰਾਜ, ਸ਼ਤਾਨ ਅਰਥਾਤ ਇਬਲੀਸ ਦੇ ਦੁਸ਼ਟ ਪ੍ਰਭਾਵ ਨੂੰ ਵੀ ਹਟਾ ਦੇਵੇਗਾ, ਅਜਿਹਾ ਕੰਮ ਜੋ ਇਨਸਾਨ ਕਦੀ ਵੀ ਨਹੀਂ ਕਰ ਸਕਦਾ ਹੈ। ਇਸ ਸੰਸਾਰ ਉੱਤੇ ਉਸ ਦੀ ਹਕੂਮਤ ਸਦਾ ਲਈ ਖ਼ਤਮ ਹੋ ਜਾਵੇਗੀ।—ਰੋਮੀਆਂ 16:20; 2 ਕੁਰਿੰਥੀਆਂ 4:4; 1 ਯੂਹੰਨਾ 5:19.

18 ਧਿਆਨ ਦਿਓ ਕਿ ਇਹ ਸਵਰਗੀ ਸਰਕਾਰ ਹਰ ਪ੍ਰਕਾਰ ਦੇ ਮਾਨਵੀ ਸ਼ਾਸਨ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇਵੇਗੀ। ਇਸ ਧਰਤੀ ਉੱਤੇ ਹਕੂਮਤ ਦੀ ਵਾਗਡੋਰ ਮਨੁੱਖਾਂ ਦੇ ਹੱਥਾਂ ਵਿਚ ਨਹੀਂ ਦਿੱਤੀ ਜਾਵੇਗੀ। ਸਵਰਗ ਵਿਚ, ਉਹ ਲੋਕ ਜੋ ਉਸ ਦੇ ਸਵਰਗੀ ਰਾਜ ਵਿਚ ਸ਼ਾਮਲ ਹਨ, ਮਨੁੱਖਜਾਤੀ ਦੀ ਭਲਿਆਈ ਲਈ ਧਰਤੀ ਦੇ ਸਾਰੇ ਮਾਮਲਿਆਂ ਨੂੰ ਨਿਯੰਤ੍ਰਿਤ ਕਰਨਗੇ। (ਪਰਕਾਸ਼ ਦੀ ਪੋਥੀ 5:10; 20:4-6) ਧਰਤੀ ਉੱਤੇ, ਵਫ਼ਾਦਾਰ ਮਾਨਵ ਪਰਮੇਸ਼ੁਰ ਦੇ ਰਾਜ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਨਗੇ। ਯਿਸੂ ਨੇ ਸਾਨੂੰ ਇਸੇ ਹਕੂਮਤ ਲਈ ਪ੍ਰਾਰਥਨਾ ਕਰਨੀ ਸਿਖਾਈ ਸੀ ਜਦੋਂ ਉਸ ਨੇ ਕਿਹਾ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:10.

19, 20. (ੳ) ਬਾਈਬਲ ਰਾਜ ਪ੍ਰਬੰਧ ਦਾ ਕਿਵੇਂ ਵਰਣਨ ਕਰਦੀ ਹੈ? (ਅ) ਰਾਜ ਦੀ ਹਕੂਮਤ ਮਨੁੱਖਜਾਤੀ ਲਈ ਕੀ ਕਰੇਗੀ?

19 ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਉੱਤੇ ਆਪਣੀ ਨਿਹਚਾ ਰੱਖਦੇ ਹਨ। ਇਹ ਉਹ ‘ਨਵਾਂ ਅਕਾਸ਼’ ਹੈ ਜਿਸ ਬਾਰੇ ਰਸੂਲ ਪਤਰਸ ਨੇ ਲਿਖਿਆ ਸੀ: “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) “ਨਵੀਂ ਧਰਤੀ” ਉਹ ਨਵਾਂ ਮਾਨਵੀ ਸਮਾਜ ਹੈ ਜਿਸ ਉੱਤੇ ‘ਨਵਾਂ ਅਕਾਸ਼,’ ਅਰਥਾਤ ਪਰਮੇਸ਼ੁਰ ਦਾ ਰਾਜ ਸ਼ਾਸਨ ਕਰੇਗਾ। ਇਹ ਉਹ ਪ੍ਰਬੰਧ ਹੈ ਜੋ ਪਰਮੇਸ਼ੁਰ ਨੇ ਇਕ ਦਰਸ਼ਣ ਵਿਚ ਯੂਹੰਨਾ ਰਸੂਲ ਨੂੰ ਪ੍ਰਗਟ ਕੀਤਾ ਸੀ, ਜਿਸ ਨੇ ਲਿਖਿਆ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ . . . ਅਤੇ [ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:1, 4.

20 ਧਿਆਨ ਦਿਓ ਕਿ ਨਵੀਂ ਧਰਤੀ ਧਰਮੀ ਹੋਵੇਗੀ। ਪਰਮੇਸ਼ੁਰ ਦੀ ਕਰਨੀ, ਅਰਥਾਤ ਆਰਮਾਗੇਡਨ ਦੀ ਲੜਾਈ ਦੁਆਰਾ ਸਾਰੇ ਅਧਰਮੀ ਵਿਅਕਤੀ ਹਟਾਏ ਜਾ ਚੁੱਕੇ ਹੋਣਗੇ। (ਪਰਕਾਸ਼ ਦੀ ਪੋਥੀ 16:14, 16) ਕਹਾਉਤਾਂ 2:21, 22 ਦੀ ਭਵਿੱਖਬਾਣੀ ਇਸ ਤਰ੍ਹਾਂ ਕਹਿੰਦੀ ਹੈ: “ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ।” ਅਤੇ ਜ਼ਬੂਰ 37:9 ਵਾਅਦਾ ਕਰਦਾ ਹੈ: “ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ।” ਕੀ ਤੁਸੀਂ ਅਜਿਹੇ ਨਵੇਂ ਸੰਸਾਰ ਵਿਚ ਜੀਉਣਾ ਨਹੀਂ ਚਾਹੋਗੇ?

ਯਹੋਵਾਹ ਦੇ ਵਾਅਦਿਆਂ ਉੱਤੇ ਨਿਹਚਾ ਰੱਖੋ

21. ਅਸੀਂ ਯਹੋਵਾਹ ਦੇ ਵਾਅਦਿਆਂ ਵਿਚ ਨਿਹਚਾ ਕਿਉਂ ਰੱਖ ਸਕਦੇ ਹਾਂ?

21 ਕੀ ਅਸੀਂ ਯਹੋਵਾਹ ਦੇ ਵਾਅਦਿਆਂ ਉੱਤੇ ਨਿਹਚਾ ਰੱਖ ਸਕਦੇ ਹਾਂ? ਉਸ ਗੱਲ ਉੱਤੇ ਧਿਆਨ ਦਿਓ ਜੋ ਯਹੋਵਾਹ ਆਪਣੇ ਨਬੀ ਯਸਾਯਾਹ ਦੁਆਰਾ ਕਹਿੰਦਾ ਹੈ: “ਪੁਰਾਣੇ ਸਮੇਂ ਦੀਆਂ ਪਹਿਲੀਆਂ ਗੱਲਾਂ ਨੂੰ ਚੇਤੇ ਰੱਖੋ, ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ, ਪਰਮੇਸ਼ੁਰ, ਅਤੇ ਮੇਰੇ ਵਰਗਾ ਕੋਈ ਨਹੀਂ। ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।” ਆਇਤ 11 ਦਾ ਦੂਜਾ ਭਾਗ ਕਹਿੰਦਾ ਹੈ: “ਹਾਂ, ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ।” (ਯਸਾਯਾਹ 46:9-11) ਜੀ ਹਾਂ, ਅਸੀਂ ਯਹੋਵਾਹ ਅਤੇ ਉਸ ਦੇ ਵਾਅਦਿਆਂ ਉੱਤੇ ਇੰਨੇ ਯਕੀਨ ਨਾਲ ਨਿਹਚਾ ਰੱਖ ਸਕਦੇ ਹਾਂ ਜਿਵੇਂ ਕਿ ਉਹ ਵਾਅਦੇ ਪਹਿਲਾਂ ਹੀ ਪੂਰੇ ਹੋ ਚੁੱਕੇ ਹੋਣ। ਬਾਈਬਲ ਇਸ ਨਿਹਚਾ ਨੂੰ ਇਸ ਤਰ੍ਹਾਂ ਪ੍ਰਗਟ ਕਰਦੀ ਹੈ: “ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।”—ਇਬਰਾਨੀਆਂ 11:1.

22. ਅਸੀਂ ਕਿਉਂ ਯਕੀਨੀ ਹੋ ਸਕਦੇ ਹਾਂ ਕਿ ਯਹੋਵਾਹ ਆਪਣੇ ਵਾਅਦੇ ਪੂਰੇ ਕਰੇਗਾ?

22 ਨਿਮਰ ਲੋਕ ਅਜਿਹੀ ਨਿਹਚਾ ਪ੍ਰਦਰਸ਼ਿਤ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਪਰਮੇਸ਼ੁਰ ਆਪਣੇ ਵਾਅਦਿਆਂ ਨੂੰ ਪੂਰਾ ਕਰੇਗਾ। ਮਿਸਾਲ ਲਈ, ਜ਼ਬੂਰ 37:29 ਵਿਚ ਅਸੀਂ ਪੜ੍ਹਦੇ ਹਾਂ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਕੀ ਅਸੀਂ ਇਸ ਉੱਤੇ ਵਿਸ਼ਵਾਸ ਕਰ ਸਕਦੇ ਹਾਂ? ਜੀ ਹਾਂ, ਕਿਉਂਕਿ ਇਬਰਾਨੀਆਂ 6:18 ਕਹਿੰਦਾ ਹੈ: “ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ।” ਕੀ ਪਰਮੇਸ਼ੁਰ ਧਰਤੀ ਦਾ ਮਾਲਕ ਹੈ, ਕਿ ਉਹ ਇਸ ਨੂੰ ਨਿਮਰ ਵਿਅਕਤੀਆਂ ਨੂੰ ਦੇ ਸਕਦਾ ਹੈ? ਪਰਕਾਸ਼ ਦੀ ਪੋਥੀ 4:11 ਘੋਸ਼ਣਾ ਕਰਦੀ ਹੈ: “ਤੈਂ . . . ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ।” ਇਸ ਲਈ, ਜ਼ਬੂਰ 24:1 ਕਹਿੰਦਾ ਹੈ: “ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ।” ਯਹੋਵਾਹ ਨੇ ਧਰਤੀ ਨੂੰ ਸ੍ਰਿਸ਼ਟ ਕੀਤਾ, ਉਹ ਇਸ ਦਾ ਮਾਲਕ ਹੈ, ਅਤੇ ਉਹ ਧਰਤੀ ਉਨ੍ਹਾਂ ਨੂੰ ਦਿੰਦਾ ਹੈ ਜੋ ਉਸ ਵਿਚ ਨਿਹਚਾ ਰੱਖਦੇ ਹਨ। ਇਸ ਵਾਅਦੇ ਵਿਚ ਸਾਡਾ ਵਿਸ਼ਵਾਸ ਵਧਾਉਣ ਲਈ, ਅਗਲਾ ਲੇਖ ਦਿਖਾਵੇਗਾ ਕਿ ਯਹੋਵਾਹ ਨੇ ਅਤੀਤ ਵਿਚ ਅਤੇ ਸਾਡੇ ਸਮੇਂ ਵਿਚ ਆਪਣੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਕਿਵੇਂ ਪੂਰੇ ਕੀਤੇ ਹਨ, ਅਤੇ ਕਿ ਅਸੀਂ ਕਿਉਂ ਪੂਰੀ ਤਰ੍ਹਾਂ ਯਕੀਨੀ ਹੋ ਸਕਦੇ ਹਾਂ ਕਿ ਉਹ ਭਵਿੱਖ ਵਿਚ ਵੀ ਇਹੋ ਹੀ ਕਰੇਗਾ।

ਪੁਨਰ-ਵਿਚਾਰ ਲਈ ਨੁਕਤੇ

◻ ਇਤਿਹਾਸ ਦੌਰਾਨ ਲੋਕਾਂ ਦੀਆਂ ਉਮੀਦਾਂ ਨੂੰ ਕੀ ਹੋਇਆ ਹੈ?

◻ ਇਕ ਬਿਹਤਰ ਭਵਿੱਖ ਲਈ ਸਾਨੂੰ ਇਨਸਾਨਾਂ ਤੋਂ ਕਿਉਂ ਆਸ ਨਹੀਂ ਰੱਖਣੀ ਚਾਹੀਦੀ ਹੈ?

◻ ਭਵਿੱਖ ਦੇ ਸੰਬੰਧ ਵਿਚ ਪਰਮੇਸ਼ੁਰ ਦੀ ਇੱਛਾ ਕੀ ਹੈ?

◻ ਅਸੀਂ ਕਿਉਂ ਯਕੀਨੀ ਹਾਂ ਕਿ ਪਰਮੇਸ਼ੁਰ ਆਪਣੇ ਵਾਅਦੇ ਪੂਰੇ ਕਰੇਗਾ?

[ਸਫ਼ੇ 23 ਉੱਤੇ ਤਸਵੀਰ]

ਬਾਈਬਲ ਸਹੀ-ਸਹੀ ਕਹਿੰਦੀ ਹੈ: “ਏਹ ਮਨੁੱਖ ਦੇ ਵੱਸ ਨਹੀਂ ਕਿ . . . ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23

[ਕ੍ਰੈਡਿਟ ਲਾਈਨ]

ਬੰਬ: U.S. National Archives photo; ਭੁੱਖੇ ਬੱਚੇ: WHO/OXFAM; ਸ਼ਰਨਾਰਥੀ: UN PHOTO 186763/J. Isaac; ਮੁਸੋਲੀਨੀ ਅਤੇ ਹਿਟਲਰ: U.S. National Archives photo

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ