ਕੀ ਤੁਸੀਂ ਯਹੋਵਾਹ ਦੇ ਸੰਗਠਨ ਦੀ ਕਦਰ ਕਰਦੇ ਹੋ?
“ਯਹੋਵਾਹ ਇਉਂ ਆਖਦਾ ਹੈ ਕਿ ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।”—ਯਸਾਯਾਹ 66:1.
1, 2. (ੳ) ਤੁਸੀਂ ਯਹੋਵਾਹ ਦੇ ਸੰਗਠਨ ਦੇ ਕਿਹੜੇ ਦ੍ਰਿਸ਼ਟ ਸਬੂਤਾਂ ਬਾਰੇ ਦੱਸ ਸਕਦੇ ਹੋ? (ਅ) ਯਹੋਵਾਹ ਕਿੱਥੇ ਵੱਸਦਾ ਹੈ?
ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਹੋਵਾਹ ਦਾ ਇਕ ਸੰਗਠਨ ਹੈ? ਜੇਕਰ ਹਾਂ, ਤਾਂ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ? ਤੁਸੀਂ ਸ਼ਾਇਦ ਜਵਾਬ ਦੇਵੋਗੇ: ‘ਸਾਡਾ ਇਕ ਰਾਜ ਗ੍ਰਹਿ ਹੈ। ਸਾਡੀ ਇਕ ਸੁਵਿਵਸਥਿਤ ਕਲੀਸਿਯਾ ਹੈ ਜਿਸ ਵਿਚ ਬਜ਼ੁਰਗਾਂ ਦਾ ਸਮੂਹ ਹੈ। ਸਾਡਾ ਇਕ ਨਿਯੁਕਤ ਸਰਕਟ ਨਿਗਾਹਬਾਨ ਹੈ ਜੋ ਨਿਯਮਿਤ ਤੌਰ ਤੇ ਸਾਨੂੰ ਮਿਲਣ ਆਉਂਦਾ ਹੈ। ਅਸੀਂ ਵਿਵਸਥਿਤ ਸੰਮੇਲਨਾਂ ਅਤੇ ਮਹਾਂ-ਸੰਮੇਲਨਾਂ ਵਿਚ ਹਾਜ਼ਰ ਹੁੰਦੇ ਹਾਂ। ਸਾਡੇ ਦੇਸ਼ ਵਿਚ ਵਾਚ ਟਾਵਰ ਸੋਸਾਇਟੀ ਦਾ ਇਕ ਸ਼ਾਖਾ ਦਫ਼ਤਰ ਹੈ। ਨਿਸ਼ਚੇ ਹੀ, ਇਹ ਸਭ ਅਤੇ ਹੋਰ ਬਹੁਤ ਕੁਝ ਸਾਬਤ ਕਰਦਾ ਹੈ ਕਿ ਯਹੋਵਾਹ ਦਾ ਇਕ ਕਾਰਜਸ਼ੀਲ ਸੰਗਠਨ ਹੈ।’
2 ਅਜਿਹੀਆਂ ਚੀਜ਼ਾਂ ਇਕ ਸੰਗਠਨ ਦਾ ਸਬੂਤ ਦਿੰਦੀਆਂ ਹਨ। ਪਰ ਜੇਕਰ ਅਸੀਂ ਸਿਰਫ਼ ਧਰਤੀ ਉਤਲੀਆਂ ਚੀਜ਼ਾਂ ਦੇਖਦੇ ਹਾਂ ਅਤੇ ਉਸ ਦੀ ਹੀ ਕਦਰ ਕਰਦੇ ਹਾਂ, ਤਾਂ ਸਾਡੇ ਕੋਲ ਯਹੋਵਾਹ ਦੇ ਸੰਗਠਨ ਦੀ ਪੂਰੀ ਸਮਝ ਨਹੀਂ ਹੈ। ਯਹੋਵਾਹ ਨੇ ਯਸਾਯਾਹ ਨੂੰ ਦੱਸਿਆ ਸੀ ਕਿ ਧਰਤੀ ਤਾਂ ਸਿਰਫ਼ ਉਸ ਦੇ ਪੈਰਾਂ ਦੀ ਚੌਂਕੀ ਹੈ, ਪਰ ਅਕਾਸ਼ ਉਸ ਦਾ ਸਿੰਘਾਸਣ ਹੈ। (ਯਸਾਯਾਹ 66:1) ਯਹੋਵਾਹ ਕਿਸ “ਅਕਾਸ਼” ਵੱਲ ਸੰਕੇਤ ਕਰ ਰਿਹਾ ਸੀ? ਸਾਡੇ ਵਾਯੂਮੰਡਲ ਵੱਲ? ਪੁਲਾੜ ਵੱਲ? ਜਾਂ ਹੋਰ ਕਿਸੇ ਪ੍ਰਕਾਰ ਦੇ ਜੀਵਨ ਵੱਲ? ਯਸਾਯਾਹ ਯਹੋਵਾਹ ਦੇ “ਪਵਿੱਤ੍ਰ ਅਤੇ ਸ਼ਾਨਦਾਰ ਭਵਨ” ਬਾਰੇ ਗੱਲ ਕਰਦਾ ਹੈ, ਅਤੇ ਜ਼ਬੂਰਾਂ ਦਾ ਲਿਖਾਰੀ ਇਸ ਸਵਰਗ ਦਾ ਵਰਣਨ ‘ਉਸ ਦੇ ਵਸੇਬੇ’ ਵਜੋਂ ਕਰਦਾ ਹੈ। ਇਸ ਲਈ, ਯਸਾਯਾਹ 66:1 ਵਿਚ ਜ਼ਿਕਰ ਕੀਤਾ ਗਿਆ “ਅਕਾਸ਼,” ਅਦਿੱਖ ਆਤਮਿਕ ਲੋਕ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਯਹੋਵਾਹ ਦੀ ਸਭ ਤੋਂ ਉੱਚੀ ਪਦਵੀ ਹੈ।—ਯਸਾਯਾਹ 63:15; ਜ਼ਬੂਰ 33:13, 14.
3. ਅਸੀਂ ਸ਼ੱਕ ਉੱਤੇ ਕਿਵੇਂ ਜੇਤੂ ਹੋ ਸਕਦੇ ਹਾਂ?
3 ਇਸ ਲਈ, ਜੇਕਰ ਅਸੀਂ ਸੱਚ-ਮੁੱਚ ਯਹੋਵਾਹ ਦੇ ਸੰਗਠਨ ਨੂੰ ਸਮਝਣਾ ਅਤੇ ਇਸ ਦੀ ਕਦਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਸਵਰਗ ਵੱਲ ਦੇਖਣ ਦੀ ਲੋੜ ਹੈ। ਕਈਆਂ ਨੂੰ ਇਸ ਤਰ੍ਹਾਂ ਕਰਨ ਵਿਚ ਇਕ ਸਮੱਸਿਆ ਪੇਸ਼ ਆਉਂਦੀ ਹੈ। ਕਿਉਂਕਿ ਯਹੋਵਾਹ ਦਾ ਸਵਰਗੀ ਸੰਗਠਨ ਅਦਿੱਖ ਹੈ, ਅਸੀਂ ਕਿਵੇਂ ਜਾਣਦੇ ਹਾਂ ਕਿ ਉਹ ਸੱਚ-ਮੁੱਚ ਹੋਂਦ ਵਿਚ ਹੈ? ਕਈ ਸ਼ਾਇਦ ਸ਼ੱਕ ਕਰਨ ਅਤੇ ਸੋਚਣ, ‘ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ?’ ਖ਼ੈਰ, ਨਿਹਚਾ ਸ਼ੱਕ ਉੱਤੇ ਕਿਵੇਂ ਜੇਤੂ ਹੋ ਸਕਦੀ ਹੈ? ਦੋ ਮੁੱਖ ਤਰੀਕੇ ਹਨ ਪਰਮੇਸ਼ੁਰ ਦੇ ਬਚਨ ਦਾ ਡੂੰਘਾ ਨਿੱਜੀ ਅਧਿਐਨ ਕਰਨਾ ਅਤੇ ਮਸੀਹੀ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣਾ ਤੇ ਉਨ੍ਹਾਂ ਵਿਚ ਹਿੱਸਾ ਲੈਣਾ। ਫਿਰ ਅਸੀਂ ਸੱਚਾਈ ਦੇ ਚਾਨਣ ਨਾਲ ਆਪਣੇ ਸ਼ੱਕ ਨੂੰ ਦੂਰ ਕਰ ਸਕਦੇ ਹਾਂ। ਪਰਮੇਸ਼ੁਰ ਦੇ ਹੋਰ ਵੀ ਸੇਵਕ ਸਨ ਜਿਨ੍ਹਾਂ ਨੇ ਸ਼ੱਕ ਕੀਤਾ। ਆਓ ਅਸੀਂ ਅਲੀਸ਼ਾ ਦੇ ਸੇਵਕ ਬਾਰੇ ਵਿਚਾਰ ਕਰੀਏ ਜਦੋਂ ਅਰਾਮ ਨਾਮਕ ਦੇਸ਼ ਦੇ ਰਾਜੇ ਨੇ ਇਸਰਾਏਲ ਉੱਤੇ ਹਮਲਾ ਕਰ ਦਿੱਤਾ ਸੀ।—ਤੁਲਨਾ ਕਰੋ ਯੂਹੰਨਾ 20:24-29; ਯਾਕੂਬ 1:5-8.
ਉਹ ਵਿਅਕਤੀ ਜਿਸ ਨੇ ਸਵਰਗੀ ਲਸ਼ਕਰ ਦੇਖੇ
4, 5. (ੳ) ਅਲੀਸ਼ਾ ਦੇ ਸੇਵਕ ਦੀ ਕੀ ਸਮੱਸਿਆ ਸੀ? (ਅ) ਯਹੋਵਾਹ ਨੇ ਅਲੀਸ਼ਾ ਦੀ ਪ੍ਰਾਰਥਨਾ ਦਾ ਕਿਸ ਤਰ੍ਹਾਂ ਜਵਾਬ ਦਿੱਤਾ?
4 ਅਰਾਮ ਦੇਸ਼ ਦੇ ਰਾਜੇ ਨੇ ਅਲੀਸ਼ਾ ਨੂੰ ਫੜਨ ਲਈ ਰਾਤ ਦੇ ਵੇਲੇ ਦੋਥਾਨ ਨੂੰ ਇਕ ਤਕੜੀ ਫ਼ੌਜ ਭੇਜੀ। ਜਦੋਂ ਅਲੀਸ਼ਾ ਦਾ ਸੇਵਕ ਸਵੇਰੇ ਉੱਠ ਕੇ ਉਨ੍ਹਾਂ ਦੇ ਮੱਧ ਪੂਰਬੀ ਘਰ ਦੀ ਪੱਧਰੀ ਛੱਤ ਤੇ ਸ਼ਾਇਦ ਤਾਜ਼ੀ ਹਵਾ ਖਾਣ ਲਈ ਬਾਹਰ ਗਿਆ, ਤਾਂ ਉਹ ਕਿੰਨਾ ਹੈਰਾਨ ਹੋਇਆ ਹੋਵੇਗਾ! ਪਰਮੇਸ਼ੁਰ ਦੇ ਨਬੀ ਨੂੰ ਫੜਨ ਲਈ, ਅਰਾਮ ਦੇਸ਼ ਦੀ ਫ਼ੌਜ ਨੇ ਘੋੜਿਆਂ ਅਤੇ ਰਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਸੀ। ਸੇਵਕ ਨੇ ਅਲੀਸ਼ਾ ਨੂੰ ਪੁਕਾਰਿਆ: “ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ?” ਸਪੱਸ਼ਟ ਤੌਰ ਤੇ, ਸ਼ਾਂਤ ਆਵਾਜ਼ ਵਿਚ ਅਤੇ ਪੱਕੇ ਵਿਸ਼ਵਾਸ ਨਾਲ ਅਲੀਸ਼ਾ ਨੇ ਜਵਾਬ ਦਿੱਤਾ: “ਨਾ ਡਰ ਕਿਉਂ ਜੋ ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।” ਸੇਵਕ ਨੇ ਜ਼ਰੂਰ ਸੋਚਿਆ ਹੋਵੇਗਾ, ‘ਉਹ ਕਿੱਥੇ ਹਨ? ਮੈਨੂੰ ਤਾਂ ਨਹੀਂ ਦਿੱਸਦੇ!’ ਕਦੀ-ਕਦੀ ਸ਼ਾਇਦ ਸਾਡੀ ਵੀ ਇਹੀ ਸਮੱਸਿਆ ਹੋਵੇ ਕਿ ਅਸੀਂ ਸਵਰਗੀ ਲਸ਼ਕਰਾਂ ਨੂੰ ਸਮਝ ਦੀਆਂ ਅੱਖਾਂ ਨਾਲ ਦੇਖਣ ਤੋਂ ਅਸਫ਼ਲ ਹੋ ਜਾਂਦੇ ਹਾਂ।—2 ਰਾਜਿਆਂ 6:8-16; ਅਫ਼ਸੀਆਂ 1:18.
5 ਅਲੀਸ਼ਾ ਨੇ ਪ੍ਰਾਰਥਨਾ ਕੀਤੀ ਕਿ ਉਸ ਦੇ ਸੇਵਕ ਦੀਆਂ ਅੱਖਾਂ ਖੋਲ੍ਹੀਆਂ ਜਾਣ। ਫਿਰ ਕੀ ਹੋਇਆ? “ਯਹੋਵਾਹ ਨੇ ਉਸ ਜੁਆਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਭਈ ਅਲੀਸ਼ਾ ਦੇ ਦਵਾਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰਥਾਂ ਨਾਲ ਭਰਿਆ ਹੋਇਆ ਹੈ।” (2 ਰਾਜਿਆਂ 6:17) ਜੀ ਹਾਂ, ਉਸ ਨੇ ਸਵਰਗੀ ਲਸ਼ਕਰ ਦੇਖੇ, ਯਾਨੀ ਕਿ ਯਹੋਵਾਹ ਦੇ ਸੇਵਕ ਦੀ ਰੱਖਿਆ ਕਰਨ ਲਈ ਦੂਤਾਂ ਦੀ ਫ਼ੌਜ ਦੇਖੀ। ਹੁਣ ਉਹ ਅਲੀਸ਼ਾ ਦੇ ਵਿਸ਼ਵਾਸ ਨੂੰ ਸਮਝ ਸਕਦਾ ਸੀ।
6. ਅਸੀਂ ਯਹੋਵਾਹ ਦੇ ਸਵਰਗੀ ਸੰਗਠਨ ਬਾਰੇ ਕਿਵੇਂ ਅੰਤਰਦ੍ਰਿਸ਼ਟੀ ਪਾ ਸਕਦੇ ਹਾਂ?
6 ਕੀ ਸਾਨੂੰ ਵੀ ਕਦੀ-ਕਦੀ ਅਲੀਸ਼ਾ ਦੇ ਸੇਵਕ ਵਾਂਗ ਸਮਝਣ ਵਿਚ ਸਮੱਸਿਆ ਹੁੰਦੀ ਹੈ? ਕੀ ਅਸੀਂ ਸਿਰਫ਼ ਉਨ੍ਹਾਂ ਸਥਿਤੀਆਂ ਨੂੰ ਬਾਹਰੋਂ-ਬਾਹਰੋਂ ਦੇਖਣ ਦਾ ਝੁਕਾਅ ਰੱਖਦੇ ਹਾਂ ਜੋ ਸਾਨੂੰ ਜਾਂ ਕੁਝ ਦੇਸ਼ਾਂ ਵਿਚ ਮਸੀਹੀ ਕੰਮ ਨੂੰ ਖ਼ਤਰਾ ਪੇਸ਼ ਕਰਦੀਆਂ ਹਨ? ਜੇਕਰ ਹਾਂ, ਤਾਂ ਕੀ ਅਸੀਂ ਚਾਨਣ ਪਾਉਣ ਵਾਲੇ ਕਿਸੇ ਖ਼ਾਸ ਦਰਸ਼ਣ ਦੀ ਉਮੀਦ ਰੱਖ ਸਕਦੇ ਹਾਂ? ਨਹੀਂ, ਕਿਉਂਕਿ ਸਾਡੇ ਕੋਲ ਉਹ ਚੀਜ਼ ਹੈ ਜੋ ਅਲੀਸ਼ਾ ਦੇ ਸੇਵਕ ਕੋਲ ਨਹੀਂ ਸੀ ਅਰਥਾਤ ਇਕ ਪੂਰੀ ਪੁਸਤਕ, ਬਾਈਬਲ, ਜਿਸ ਵਿਚ ਅਨੇਕ ਦਰਸ਼ਣ ਦਰਜ ਕੀਤੇ ਗਏ ਹਨ ਅਤੇ ਜੋ ਸਾਨੂੰ ਸਵਰਗੀ ਸੰਗਠਨ ਬਾਰੇ ਅੰਤਰਦ੍ਰਿਸ਼ਟੀ ਦੇ ਸਕਦੀ ਹੈ। ਉਹ ਪ੍ਰੇਰਿਤ ਬਚਨ ਸਾਡੀ ਸੋਚਣੀ ਅਤੇ ਸਾਡੇ ਜੀਵਨ-ਢੰਗ ਨੂੰ ਸੁਧਾਰਨ ਲਈ ਮਾਰਗ-ਦਰਸ਼ਕ ਸਿਧਾਂਤ ਵੀ ਦਿੰਦਾ ਹੈ। ਫਿਰ ਵੀ, ਸਾਨੂੰ ਸੂਝ ਪ੍ਰਾਪਤ ਕਰਨ ਲਈ ਅਤੇ ਯਹੋਵਾਹ ਦੇ ਪ੍ਰਬੰਧ ਲਈ ਕਦਰ ਵਧਾਉਣ ਲਈ ਜਤਨ ਕਰਨ ਦੀ ਲੋੜ ਹੈ। ਅਤੇ ਇਹ ਅਸੀਂ ਨਿੱਜੀ ਅਧਿਐਨ, ਪ੍ਰਾਰਥਨਾ ਅਤੇ ਮਨਨ ਰਾਹੀਂ ਕਰ ਸਕਦੇ ਹਾਂ।—ਰੋਮੀਆਂ 12:12; ਫ਼ਿਲਿੱਪੀਆਂ 4:6; 2 ਤਿਮੋਥਿਉਸ 3:15-17.
ਸਮਝ ਪ੍ਰਾਪਤ ਕਰਨ ਲਈ ਅਧਿਐਨ ਕਰਨਾ
7. (ੳ) ਕਈਆਂ ਨੂੰ ਨਿੱਜੀ ਬਾਈਬਲ ਅਧਿਐਨ ਕਰਨ ਵਿਚ ਸ਼ਾਇਦ ਕੀ ਸਮੱਸਿਆ ਹੋਵੇ? (ਅ) ਨਿੱਜੀ ਅਧਿਐਨ ਲਈ ਕਿਉਂ ਜਤਨ ਕਰਨਾ ਚਾਹੀਦਾ ਹੈ?
7 ਨਿੱਜੀ ਅਧਿਐਨ ਅਨੇਕ ਲੋਕਾਂ ਲਈ ਇਕ ਮਨਭਾਉਂਦਾ ਕੰਮ ਨਹੀਂ ਹੁੰਦਾ ਹੈ, ਜਿਵੇਂ ਕਿ ਉਨ੍ਹਾਂ ਲਈ ਜਿਨ੍ਹਾਂ ਨੂੰ ਸਕੂਲ ਵਿਚ ਅਧਿਐਨ ਕਰਨਾ ਪਸੰਦ ਨਹੀਂ ਸੀ ਜਾਂ ਜਿਨ੍ਹਾਂ ਨੂੰ ਇਹ ਕਰਨ ਦਾ ਕਦੀ ਮੌਕਾ ਹੀ ਨਹੀਂ ਮਿਲਿਆ। ਫਿਰ ਵੀ, ਜੇਕਰ ਅਸੀਂ ਆਪਣੀਆਂ ਸਮਝ ਦੀਆਂ ਅੱਖਾਂ ਨਾਲ ਯਹੋਵਾਹ ਦੇ ਸੰਗਠਨ ਨੂੰ ਦੇਖਣਾ ਅਤੇ ਇਸ ਦੀ ਕਦਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਅਧਿਐਨ ਕਰਨ ਦੀ ਇੱਛਾ ਨੂੰ ਪੈਦਾ ਕਰਨਾ ਚਾਹੀਦਾ ਹੈ। ਕੀ ਤੁਸੀਂ ਤਿਆਰੀ ਬਿਨਾਂ ਸੁਆਦੀ ਭੋਜਨ ਦਾ ਆਨੰਦ ਮਾਣ ਸਕਦੇ ਹੋ? ਕੋਈ ਵੀ ਰਸੋਈਆ ਤੁਹਾਨੂੰ ਦੱਸੇਗਾ, ਸੁਆਦੀ ਭੋਜਨ ਬਣਾਉਣ ਦੀ ਤਿਆਰੀ ਵਿਚ ਬਹੁਤ ਕੰਮ ਹੁੰਦਾ ਹੈ। ਪਰ, ਇਹ ਅੱਧੇ ਘੰਟੇ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ ਖਾਧਾ ਜਾ ਸਕਦਾ ਹੈ। ਦੂਜੇ ਪਾਸੇ, ਨਿੱਜੀ ਅਧਿਐਨ ਤੋਂ ਸਾਰੀ ਉਮਰ ਲਾਭ ਮਿਲ ਸਕਦਾ ਹੈ। ਨਿੱਜੀ ਅਧਿਐਨ ਸਾਡੇ ਲਈ ਮੰਨਪਸੰਦ ਚੀਜ਼ ਬਣ ਸਕਦੀ ਹੈ ਜਦੋਂ ਅਸੀਂ ਇਸ ਵਿਚ ਆਪਣੀ ਤਰੱਕੀ ਨੂੰ ਦੇਖਦੇ ਹਾਂ। ਰਸੂਲ ਪੌਲੁਸ ਨੇ ਬਿਲਕੁਲ ਠੀਕ ਕਿਹਾ ਸੀ ਕਿ ਸਾਨੂੰ ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਪੜ੍ਹਾਈ ਕਰਨ ਵਿਚ ਲੱਗੇ ਰਹਿਣਾ ਚਾਹੀਦਾ ਹੈ। ਇਹ ਲਗਾਤਾਰ ਜਤਨ ਦੀ ਮੰਗ ਕਰਦਾ ਹੈ, ਪਰ ਇਸ ਦੇ ਲਾਭ ਸਦੀਵੀ ਹੋ ਸਕਦੇ ਹਨ।—1 ਤਿਮੋਥਿਉਸ 4:13-16.
8. ਕਹਾਉਤਾਂ ਵਿਚ ਕਿਸ ਤਰ੍ਹਾਂ ਦੇ ਰਵੱਈਏ ਦੀ ਸਲਾਹ ਦਿੱਤੀ ਗਈ ਹੈ?
8 ਪ੍ਰਾਚੀਨ ਸਮੇਂ ਦੇ ਇਕ ਬੁੱਧੀਮਾਨ ਆਦਮੀ ਨੇ ਕਿਹਾ: “ਹੇ ਮੇਰੇ ਪੁੱਤ੍ਰ [ਜਾਂ, ਧੀ], ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ,—ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।”—ਕਹਾਉਤਾਂ 2:1-5.
9. (ੳ) ਸੋਨੇ ਦੀ ਕੀਮਤ ਦੀ ਤੁਲਨਾ “ਪਰਮੇਸ਼ੁਰ ਦੇ ਗਿਆਨ” ਨਾਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? (ਅ) ਸਹੀ ਗਿਆਨ ਹਾਸਲ ਕਰਨ ਲਈ ਸਾਨੂੰ ਕਿਹੜੇ ਸੰਦਾਂ ਦੀ ਜ਼ਰੂਰਤ ਹੈ?
9 ਕੀ ਤੁਸੀਂ ਪਛਾਣਦੇ ਹੋ ਕਿ ਜਤਨ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਧਿਆਨ ਦਿਓ ਕਿ ਸ਼ਬਦ “ਜੇ ਤੂੰ” ਦੁਹਰਾਏ ਗਏ ਹਨ। ਅਤੇ ਇਨ੍ਹਾਂ ਸ਼ਬਦਾਂ ਉੱਤੇ ਵੀ ਧਿਆਨ ਦਿਓ, ‘ਜੇ ਤੂੰ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ।’ ਖਾਣਾਂ ਨੂੰ ਖੋਦਣ ਵਾਲਿਆਂ ਉਨ੍ਹਾਂ ਬਾਰੇ ਸੋਚੋ ਜਿਨ੍ਹਾਂ ਨੇ ਸਦੀਆਂ ਤੋਂ ਦੱਖਣੀ ਅਫ਼ਰੀਕਾ, ਬੋਲੀਵੀਆ, ਮੈਕਸੀਕੋ ਅਤੇ ਹੋਰ ਦੇਸ਼ਾਂ ਵਿਚ ਸੋਨੇ ਚਾਂਦੀ ਲਈ ਖੁਦਾਈ ਕੀਤੀ। ਗੈਂਤੀਆਂ ਅਤੇ ਬੇਲਚਿਆਂ ਇਸਤੇਮਾਲ ਕਰਦੇ ਹੋਏ, ਉਹ ਉਸ ਚਟਾਨ ਨੂੰ ਖੋਦਣ ਵਿਚ ਸਖ਼ਤ ਮਿਹਨਤ ਕਰਦੇ ਸਨ, ਜਿਸ ਵਿੱਚੋਂ ਉਨ੍ਹਾਂ ਨੂੰ ਕੀਮਤੀ ਧਾਤਾਂ ਮਿਲਣਗੀਆਂ। ਕੈਲੇਫ਼ੋਰਨੀਆ, ਯੂ.ਐੱਸ.ਏ., ਦੀ ਇਕ ਖਾਣ ਵਿਚ ਉਹ ਸੋਨੇ ਨੂੰ ਇੰਨਾ ਕੀਮਤੀ ਸਮਝਦੇ ਸਨ ਕਿ ਉਨ੍ਹਾਂ ਨੇ 591 ਕਿਲੋਮੀਟਰ ਲੰਬੀ ਸੁਰੰਗ ਪੁੱਟੀ, ਜਿਸ ਦੀ ਡੂੰਘਾਈ ਤਕਰੀਬਨ 1.5 ਕਿਲੋਮੀਟਰ ਸੀ—ਸਿਰਫ਼ ਸੋਨਾ ਲੱਭਣ ਵਾਸਤੇ। ਪਰ ਕੀ ਤੁਸੀਂ ਸੋਨਾ ਖਾ ਸਕਦੇ ਹੋ? ਸੋਨਾ ਪੀ ਸਕਦੇ ਹੋ? ਕੀ ਇਹ ਤੁਹਾਨੂੰ ਇਕ ਰੇਗਿਸਤਾਨ ਵਿਚ ਬਚਾਵੇਗਾ ਜੇ ਤੁਸੀਂ ਭੁੱਖੇ ਤਿਹਾਏ ਮਰ ਰਹੇ ਹੋਵੋ? ਬਿਲਕੁਲ ਨਹੀਂ, ਉਸ ਦੀ ਕੀਮਤ ਬਣਾਵਟੀ ਹੈ ਅਤੇ ਦਿਨ-ਪ੍ਰਤਿ-ਦਿਨ ਬਦਲਦੀ ਰਹਿੰਦੀ ਹੈ ਜਿਵੇਂ ਅੰਤਰ-ਰਾਸ਼ਟਰੀ ਬਾਜ਼ਾਰਾਂ ਤੋਂ ਪਤਾ ਲੱਗਦਾ ਹੈ। ਫਿਰ ਵੀ, ਆਦਮੀਆਂ ਨੇ ਇਸ ਦੀ ਖ਼ਾਤਰ ਆਪਣੀਆਂ ਜਾਨਾਂ ਦਿੱਤੀਆਂ ਹਨ। ਤਾਂ ਫਿਰ ਅਧਿਆਤਮਿਕ ਸੋਨੇ, ਅਰਥਾਤ “ਪਰਮੇਸ਼ੁਰ ਦੇ ਗਿਆਨ” ਨੂੰ ਹਾਸਲ ਕਰਨ ਲਈ ਕਿੰਨਾ ਕੁ ਜਤਨ ਕਰਨਾ ਚਾਹੀਦਾ ਹੈ? ਜ਼ਰਾ ਸੋਚੋ, ਵਿਸ਼ਵ ਦੇ ਸਰਬਸੱਤਾਵਾਨ ਪ੍ਰਭੂ ਦਾ ਗਿਆਨ ਨਾਲੇ ਉਸ ਦੇ ਸੰਗਠਨ, ਅਤੇ ਉਸ ਦੇ ਮਕਸਦਾਂ ਦਾ ਗਿਆਨ! ਇਸ ਮਾਮਲੇ ਵਿਚ ਅਸੀਂ ਅਧਿਆਤਮਿਕ ਗੈਂਤੀਆਂ ਅਤੇ ਬੇਲਚੇ ਇਸਤੇਮਾਲ ਕਰ ਸਕਦੇ ਹਾਂ। ਇਹ ਬਾਈਬਲ-ਆਧਾਰਿਤ ਪ੍ਰਕਾਸ਼ਨ ਹਨ ਜੋ ਯਹੋਵਾਹ ਦੇ ਬਚਨ ਦੀ ਖੁਦਾਈ ਕਰਨ ਅਤੇ ਉਸ ਦਾ ਅਰਥ ਸਮਝਣ ਵਿਚ ਸਾਡੀ ਮਦਦ ਕਰਦੇ ਹਨ।—ਅੱਯੂਬ 28:12-19.
ਅੰਤਰਦ੍ਰਿਸ਼ਟੀ ਲਈ ਖੁਦਾਈ ਕਰਨਾ
10. ਦਾਨੀਏਲ ਨੇ ਦਰਸ਼ਣ ਵਿਚ ਕੀ ਦੇਖਿਆ ਸੀ?
10 ਆਓ ਅਸੀਂ ਕੁਝ ਅਧਿਆਤਮਿਕ ਖੁਦਾਈ ਕਰੀਏ ਤਾਂਕਿ ਅਸੀਂ ਯਹੋਵਾਹ ਦੇ ਸਵਰਗੀ ਸੰਗਠਨ ਦਾ ਗਿਆਨ ਹਾਸਲ ਕਰਨਾ ਸ਼ੁਰੂ ਕਰ ਸਕੀਏ। ਇਸ ਦੀ ਮੁੱਖ ਅੰਤਰਦ੍ਰਿਸ਼ਟੀ ਲਈ, ਆਓ ਅਸੀਂ ਦਾਨੀਏਲ ਦੇ ਦਰਸ਼ਣ ਵੱਲ ਦੇਖੀਏ ਜਿਸ ਵਿਚ ਅੱਤ ਪ੍ਰਾਚੀਨ ਆਪਣੇ ਸਿੰਘਾਸਣ ਉੱਤੇ ਬੈਠਾ ਹੈ। ਦਾਨੀਏਲ ਲਿਖਦਾ ਹੈ: “ਮੈਂ ਐਥੋਂ ਤੀਕ ਵੇਖਦਾ ਰਿਹਾ ਕਿ ਸਿੰਘਾਸਣ ਰੱਖੇ ਗਏ, ਅਤੇ ਅੱਤ ਪਰਾਚੀਨ ਬੈਠ ਗਿਆ। ਉਹ ਦਾ ਬਸਤ੍ਰ ਬਰਫ਼ ਵਰਗਾ ਚਿੱਟਾ ਸੀ, ਅਤੇ ਉਹ ਦੇ ਸਿਰ ਦੇ ਵਾਲ ਉੱਨ ਵਾਂਗਰ ਸੁਥਰੇ, ਉਹ ਦਾ ਸਿੰਘਾਸਣ ਅੱਗ ਦੀ ਲਾਟ ਵਰਗਾ ਸੀ, ਅਤੇ ਉਸ ਦੇ ਪਹੀਏ ਬਲਦੀ ਅੱਗ ਵਰਗੇ ਸਨ। ਇੱਕ ਅੱਗ ਵਾਲੀ ਨਦੀ ਨਿੱਕਲੀ, ਜੋ ਉਹ ਦੇ ਅੱਗੋਂ ਦੀ ਵਗਦੀ ਸੀ। ਹਜ਼ਾਰਾਂ ਹੀ ਹਜ਼ਾਰ ਉਹ ਦੀ ਟਹਿਲ ਕਰਦੇ ਸਨ, ਅਤੇ ਲੱਖਾਂ ਦਰ ਲੱਖ ਉਹ ਦੇ ਅੱਗੇ ਖਲੋਤੇ ਸਨ! ਨਿਆਉਂ ਹੁੰਦਾ ਸੀ ਅਤੇ ਪੋਥੀਆਂ ਖੁਲ੍ਹੀਆਂ ਹੋਈਆਂ ਸਨ।” (ਦਾਨੀਏਲ 7:9, 10) ਇਹ ਹਜ਼ਾਰਾਂ ਕੌਣ ਸਨ ਜੋ ਯਹੋਵਾਹ ਦੀ ਟਹਿਲ ਕਰ ਰਹੇ ਸਨ? ਨਿਊ ਵਰਲਡ ਟ੍ਰਾਂਸਲੇਸ਼ਨ ਦੇ ਹਾਸ਼ੀਏ ਵਿਚ ਦਿੱਤੇ ਹਵਾਲੇ, “ਗੈਂਤੀਆਂ” ਅਤੇ “ਬੇਲਚਿਆਂ” ਵਾਂਗ ਇਸਤੇਮਾਲ ਕੀਤੇ ਜਾਣ ਤੇ, ਸਾਨੂੰ ਜ਼ਬੂਰ 68:17 ਅਤੇ ਇਬਰਾਨੀਆਂ 1:14 ਜਿਹੇ ਹਵਾਲਿਆਂ ਤੇ ਲੈ ਜਾਂਦੇ ਹਨ। ਜੀ ਹਾਂ, ਸਵਰਗੀ ਦੂਤ ਹੀ ਟਹਿਲ ਕਰਨ ਵਾਲੇ ਸਨ!
11. ਅਲੀਸ਼ਾ ਦੇ ਸ਼ਬਦਾਂ ਨੂੰ ਸਮਝਣ ਵਿਚ ਦਾਨੀਏਲ ਦਾ ਦਰਸ਼ਣ ਸਾਨੂੰ ਕਿਵੇਂ ਮਦਦ ਦੇ ਸਕਦਾ ਹੈ?
11 ਦਾਨੀਏਲ ਦਾ ਬਿਰਤਾਂਤ ਇਹ ਨਹੀਂ ਕਹਿੰਦਾ ਕਿ ਉਸ ਨੇ ਯਹੋਵਾਹ ਦੇ ਹੁਕਮ ਅਧੀਨ ਸਾਰੇ ਵਫ਼ਾਦਾਰ ਦੂਤ ਦੇਖੇ ਸਨ। ਲੱਖਾਂ ਹੀ ਹੋਰ ਹੋ ਸਕਦੇ ਹਨ। ਲੇਕਿਨ ਹੁਣ ਅਸੀਂ ਜ਼ਰੂਰ ਸਮਝ ਸਕਦੇ ਹਾਂ ਕਿ ਅਲੀਸ਼ਾ ਕਿਉਂ ਕਹਿ ਸਕਦਾ ਸੀ: “ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।” ਭਾਵੇਂ ਅਰਾਮ ਦੇਸ਼ ਦੇ ਰਾਜੇ ਦੀ ਫ਼ੌਜ ਨੂੰ ਬੇਵਫ਼ਾ ਦੂਤਾਂ, ਅਰਥਾਤ ਪਿਸ਼ਾਚਾਂ, ਦੀ ਸਹਾਇਤਾ ਪ੍ਰਾਪਤ ਸੀ, ਪਰੰਤੂ ਇਹ ਯਹੋਵਾਹ ਦੀਆਂ ਸਵਰਗੀ ਫ਼ੌਜਾਂ ਦੇ ਸਾਮ੍ਹਣੇ ਕੁਝ ਵੀ ਨਹੀਂ ਸਨ!—ਜ਼ਬੂਰ 34:7; 91:11.
12. ਤੁਸੀਂ ਦੂਤਾਂ ਬਾਰੇ ਹੋਰ ਕਿਵੇਂ ਜਾਣ ਸਕਦੇ ਹੋ?
12 ਤੁਸੀਂ ਸ਼ਾਇਦ ਇਨ੍ਹਾਂ ਦੂਤਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਜਿਵੇਂ ਕਿ ਯਹੋਵਾਹ ਦੀ ਸੇਵਾ ਕਰਨ ਵਿਚ ਇਹ ਕੀ ਕੰਮ ਕਰਦੇ ਹਨ। ਦੂਤ ਲਈ ਯੂਨਾਨੀ ਸ਼ਬਦ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਸੰਦੇਸ਼ਵਾਹਕ ਹਨ ਕਿਉਂਕਿ ਉਸ ਸ਼ਬਦ ਦਾ ਅਰਥ ਵੀ “ਸੰਦੇਸ਼ਵਾਹਕ” ਹੈ। ਮਗਰ, ਉਨ੍ਹਾਂ ਦੇ ਕੰਮਾਂ ਵਿਚ ਹੋਰ ਬਹੁਤ ਕੁਝ ਸ਼ਾਮਲ ਹੈ। ਪਰ, ਇਹ ਜਾਣਨ ਲਈ ਕਿ ਉਹ ਕੀ ਹੈ, ਤੁਹਾਨੂੰ ਖੁਦਾਈ ਕਰਨੀ ਪਵੇਗੀ। ਜੇਕਰ ਤੁਹਾਡੇ ਕੋਲ ਪੁਸਤਕ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਹੈ, ਤਾਂ ਤੁਸੀਂ “ਦੂਤ” ਲੇਖ ਦਾ ਅਧਿਐਨ ਕਰ ਸਕਦੇ ਹੋ, ਜਾਂ ਤੁਸੀਂ ਦੂਤਾਂ ਬਾਰੇ ਪਹਿਰਾਬੁਰਜ ਦੇ ਪਿਛਲੇ ਲੇਖਾਂ ਨੂੰ ਪੜ੍ਹ ਸਕਦੇ ਹੋ। ਤੁਸੀਂ ਹੈਰਾਨ ਹੋਵੋਗੇ ਕਿ ਪਰਮੇਸ਼ੁਰ ਦੇ ਇਨ੍ਹਾਂ ਸਵਰਗੀ ਸੇਵਕਾਂ ਬਾਰੇ ਤੁਸੀਂ ਕਿੰਨਾ ਕੁਝ ਸਿੱਖ ਸਕਦੇ ਹੋ ਅਤੇ ਤੁਸੀਂ ਇਨ੍ਹਾਂ ਦੀ ਸਹਾਇਤਾ ਦੀ ਕਦਰ ਕਰਨੀ ਸਿੱਖੋਗੇ। (ਪਰਕਾਸ਼ ਦੀ ਪੋਥੀ 14:6, 7) ਫਿਰ ਵੀ, ਪਰਮੇਸ਼ੁਰ ਦੇ ਸਵਰਗੀ ਸੰਗਠਨ ਵਿਚ, ਕੁਝ ਆਤਮਿਕ ਪ੍ਰਾਣੀ ਖ਼ਾਸ ਮਕਸਦਾਂ ਨੂੰ ਪੂਰਾ ਕਰਦੇ ਹਨ।
ਯਸਾਯਾਹ ਨੇ ਜੋ ਦੇਖਿਆ ਸੀ
13, 14. ਯਸਾਯਾਹ ਨੇ ਦਰਸ਼ਣ ਵਿਚ ਕੀ ਦੇਖਿਆ ਸੀ, ਅਤੇ ਇਸ ਨੇ ਉਸ ਨੂੰ ਕਿਵੇਂ ਪ੍ਰਭਾਵਿਤ ਕੀਤਾ?
13 ਆਓ ਅਸੀਂ ਹੁਣ ਯਸਾਯਾਹ ਦੇ ਦਰਸ਼ਣ ਦੀ ਕੁਝ ਖੁਦਾਈ ਕਰੀਏ। ਜਦੋਂ ਤੁਸੀਂ ਅਧਿਆਇ 6 ਦੀਆਂ 1 ਤੋਂ 7 ਆਇਤਾਂ ਪੜ੍ਹਦੇ ਹੋ, ਤਾਂ ਤੁਹਾਨੂੰ ਪ੍ਰਭਾਵਿਤ ਹੋਣਾ ਚਾਹੀਦਾ ਹੈ। ਯਸਾਯਾਹ ਕਹਿੰਦਾ ਹੈ ਕਿ ਉਸ ਨੇ ‘ਪ੍ਰਭੁ ਨੂੰ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ,’ ਅਤੇ “ਉਹ ਦੇ ਉਤਾਹਾਂ ਸਰਾਫ਼ੀਮ ਖਲੋਤੇ ਸਨ।” ਉਹ ਯਹੋਵਾਹ ਦੀ ਮਹਿਮਾ ਦਾ ਐਲਾਨ ਕਰ ਰਹੇ ਸਨ, ਅਤੇ ਉਸ ਦੀ ਪਵਿੱਤਰਤਾ ਦੇ ਜਸ ਗਾ ਰਹੇ ਸਨ। ਇਹ ਬਿਰਤਾਂਤ ਪੜ੍ਹ ਕੇ ਵੀ ਤੁਹਾਨੂੰ ਪ੍ਰਭਾਵਿਤ ਹੋਣਾ ਚਾਹੀਦਾ ਹੈ। ਯਸਾਯਾਹ ਕਿਵੇਂ ਪ੍ਰਭਾਵਿਤ ਹੋਇਆ ਸੀ? “ਮੈਂ ਆਖਿਆ, ਹਾਇ ਮੇਰੇ ਉੱਤੇ! ਮੈਂ ਤਾਂ [ਸ਼ੀਓਲ ਵਿਚ] ਬੱਸ ਹੋ ਗਿਆ! ਮੈਂ ਜੋ ਭਰਿਸ਼ਟ ਬੁੱਲ੍ਹਾਂ ਵਾਲਾ ਹਾਂ, ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਅਧੀਰਾਜ ਨੂੰ ਡਿੱਠਾ ਹੈ!” ਉਹ ਇਸ ਦਰਸ਼ਣ ਤੋਂ ਕਿੰਨਾ ਪ੍ਰਭਾਵਿਤ ਹੋਇਆ! ਕੀ ਤੁਸੀਂ ਵੀ ਹੋਏ ਹੋ?
14 ਤਾਂ ਫਿਰ ਯਸਾਯਾਹ ਇਸ ਪ੍ਰਤਾਪੀ ਦ੍ਰਿਸ਼ ਨੂੰ ਕਿਸ ਤਰ੍ਹਾਂ ਸਹਿਣ ਕਰ ਸਕਿਆ? ਉਹ ਵਿਆਖਿਆ ਕਰਦਾ ਹੈ ਕਿ ਇਕ ਸਰਾਫ਼ੀਮ ਉਸ ਨੂੰ ਬਚਾਉਣ ਲਈ ਆਇਆ ਅਤੇ ਉਸ ਨੇ ਕਿਹਾ: “ਤੇਰੀ ਬਦੀ ਦੂਰ ਹੋਈ ਤੇ ਤੇਰਾ ਪਾਪ ਢੱਕਿਆ ਗਿਆ।” (ਯਸਾਯਾਹ 6:7) ਯਸਾਯਾਹ ਪਰਮੇਸ਼ੁਰ ਦੀ ਦਇਆ ਉੱਤੇ ਭਰੋਸਾ ਰੱਖ ਕੇ ਯਹੋਵਾਹ ਦੇ ਸ਼ਬਦਾਂ ਵੱਲ ਧਿਆਨ ਦੇ ਸਕਦਾ ਸੀ। ਹੁਣ, ਕੀ ਤੁਸੀਂ ਇਨ੍ਹਾਂ ਉੱਚ ਪਦਵੀ ਵਾਲੇ ਆਤਮਿਕ ਪ੍ਰਾਣੀਆਂ ਬਾਰੇ ਹੋਰ ਨਹੀਂ ਜਾਣਨਾ ਚਾਹੋਗੇ? ਤਾਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੋਰ ਜਾਣਕਾਰੀ ਲਈ ਖੁਦਾਈ। ਤੁਹਾਡੇ ਇਸਤੇਮਾਲ ਲਈ ਇਕ ਸੰਦ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਹੈ, ਜਿਸ ਦੇ ਹਵਾਲਿਆਂ ਦੁਆਰਾ ਸਪੱਸ਼ਟ ਜਾਣਕਾਰੀ ਮਿਲਦੀ ਹੈ।
ਹਿਜ਼ਕੀਏਲ ਨੇ ਕੀ ਦੇਖਿਆ ਸੀ?
15. ਕੀ ਸੰਕੇਤ ਕਰਦਾ ਹੈ ਕਿ ਹਿਜ਼ਕੀਏਲ ਦਾ ਦਰਸ਼ਣ ਭਰੋਸੇਯੋਗ ਹੈ?
15 ਆਓ ਅਸੀਂ ਹੁਣ ਇਕ ਹੋਰ ਕਿਸਮ ਦੀ ਆਤਮਿਕ ਰਚਨਾ ਵੱਲ ਦੇਖੀਏ। ਜਦੋਂ ਹਿਜ਼ਕੀਏਲ ਬਾਬਲ ਵਿਚ ਹਾਲੇ ਇਕ ਕੈਦੀ ਸੀ, ਉਦੋਂ ਉਸ ਨੂੰ ਇਕ ਪ੍ਰੇਰਣਾਦਾਇਕ ਦਰਸ਼ਣ ਦੇਖਣ ਦਾ ਵਿਸ਼ੇਸ਼-ਸਨਮਾਨ ਮਿਲਿਆ। ਆਪਣੀ ਬਾਈਬਲ ਵਿਚ ਹਿਜ਼ਕੀਏਲ ਦਾ ਪਹਿਲਾ ਅਧਿਆਇ, ਤੇ ਉਸ ਦੀਆਂ ਪਹਿਲੀਆਂ ਤਿੰਨ ਆਇਤਾਂ ਖੋਲ੍ਹੋ। ਬਿਰਤਾਂਤ ਕਿਸ ਤਰ੍ਹਾਂ ਸ਼ੁਰੂ ਹੁੰਦਾ ਹੈ? ਕੀ ਇਹ ਕਹਿੰਦਾ ਹੈ, ‘ਬਹੁਤ ਦੇਰ ਪਹਿਲਾਂ, ਇਕ ਦੂਰ ਦੇ ਦੇਸ਼ ਵਿਚ . . .’? ਨਹੀਂ, ਇਹ ਕਿਸੇ ਮਿਥਿਹਾਸਕ ਸਮੇਂ ਦੀ ਕੋਈ ਕਲਪਿਤ ਕਹਾਣੀ ਨਹੀਂ ਹੈ। ਪਹਿਲੀ ਆਇਤ ਬਿਆਨ ਕਰਦੀ ਹੈ: “ਤੀਹਵੇਂ ਵਰ੍ਹੇ ਦੇ ਚੌਥੇ ਮਹੀਨੇ ਦੀ ਪੰਜਵੀਂ ਤਰੀਕ ਨੂੰ ਐਉਂ ਹੋਇਆ ਕਿ ਜਦ ਮੈਂ ਕਬਾਰ ਨਹਿਰ ਉੱਤੇ ਅਸੀਰਾਂ ਦੇ ਵਿਚਕਾਰ ਸਾਂ ਤਾਂ ਅਕਾਸ਼ ਖੁਲ੍ਹ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਣ ਪਾਏ।” ਤੁਸੀਂ ਇਸ ਆਇਤ ਬਾਰੇ ਕੀ ਦੇਖਦੇ ਹੋ? ਇਹ ਸਹੀ ਤਾਰੀਖ਼ ਅਤੇ ਠੀਕ ਜਗ੍ਹਾ ਦੱਸਦੀ ਹੈ। ਇਹ ਵੇਰਵੇ ਰਾਜਾ ਯਹੋਯਾਕੀਨ ਦੇ ਦੇਸ਼ਨਿਕਾਲੇ ਦੇ ਪੰਜਵੇਂ ਸਾਲ, 613 ਸਾ.ਯੁ.ਪੂ. ਵੱਲ ਇਸ਼ਾਰਾ ਕਰਦੇ ਹਨ।
16. ਹਿਜ਼ਕੀਏਲ ਨੇ ਕੀ ਦੇਖਿਆ ਸੀ?
16 ਯਹੋਵਾਹ ਦਾ ਹੱਥ ਹਿਜ਼ਕੀਏਲ ਉੱਤੇ ਆਇਆ ਅਤੇ ਉਹ ਇਕ ਭੈ-ਦਾਇਕ ਦਰਸ਼ਣ ਦੇਖਣ ਲੱਗਾ, ਜਿਸ ਵਿਚ ਯਹੋਵਾਹ ਇਕ ਵਿਸ਼ਾਲ ਸਵਰਗੀ ਰਥ ਵਿਚ ਸਿੰਘਾਸਣ ਉੱਤੇ ਬੈਠਾ ਸੀ, ਅਤੇ ਰਥ ਦੇ ਬਹੁਤ ਵੱਡੇ ਪਹੀਏ ਸਨ ਜਿਨ੍ਹਾਂ ਦੇ ਚੱਕਰਾਂ ਦੇ ਦੁਆਲੇ ਅੱਖਾਂ ਹੀ ਅੱਖਾਂ ਸਨ। ਇੱਥੇ ਜਿਸ ਵੇਰਵੇ ਵਿਚ ਅਸੀਂ ਦਿਲਚਸਪੀ ਰੱਖਦੇ ਹਾਂ ਉਹ ਹੈ ਕਿ ਇੱਥੇ ਚਾਰ ਜੰਤੂ ਸਨ, ਅਤੇ ਹਰੇਕ ਪਹੀਏ ਕੋਲ ਇਕ ਖੜ੍ਹਾ ਸੀ। “ਉਨ੍ਹਾਂ ਦਾ ਰੂਪ ਇਹ ਸੀ ਕਿ ਓਹ ਆਦਮੀ ਵਰਗੇ ਸਨ। ਅਤੇ ਹਰੇਕ ਦੇ ਚਾਰ ਮੂੰਹ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਦੇ ਚਾਰ ਖੰਭ ਸਨ। . . . ਉਨ੍ਹਾਂ ਦੇ ਚਿਹਰੇ ਆਦਮੀ ਦੇ ਚਿਹਰੇ ਵਰਗੇ ਸਨ, ਉਨ੍ਹਾਂ ਚੌਹਾਂ ਦੇ ਸੱਜੇ ਪਾਸੇ ਸ਼ੇਰ ਬਬਰ ਦੇ ਚਿਹਰੇ ਸਨ ਅਤੇ ਉਨ੍ਹਾਂ ਚੌਹਾਂ ਦੇ ਖੱਬੇ ਪਾਸੇ ਵੱਲ ਬਲਦ ਦੇ ਚਿਹਰੇ ਸਨ ਅਤੇ ਉਨ੍ਹਾਂ ਚੌਹਾਂ ਦੇ ਉਕਾਬ ਦੇ ਚਿਹਰੇ ਵੀ ਸਨ।”—ਹਿਜ਼ਕੀਏਲ 1:5, 6, 10.
17. ਕਰੂਬੀਆਂ ਦੇ ਚਾਰ ਚਿਹਰੇ ਕੀ ਦਰਸਾਉਂਦੇ ਹਨ?
17 ਇਹ ਚਾਰ ਜੰਤੂ ਕੀ ਸਨ? ਹਿਜ਼ਕੀਏਲ ਖ਼ੁਦ ਸਾਨੂੰ ਦੱਸਦਾ ਹੈ ਕਿ ਉਹ ਕਰੂਬੀ ਸਨ। (ਹਿਜ਼ਕੀਏਲ 10:1-3, 14) ਉਨ੍ਹਾਂ ਦੇ ਚਾਰ ਚਿਹਰੇ ਕਿਉਂ ਸਨ? ਸਰਬਸੱਤਾਵਾਨ ਪ੍ਰਭੂ ਯਹੋਵਾਹ ਦੇ ਚਾਰ ਪ੍ਰਮੁੱਖ ਗੁਣਾਂ ਨੂੰ ਦਰਸਾਉਣ ਵਾਸਤੇ। ਉਕਾਬ ਦਾ ਚਿਹਰਾ ਦੂਰ-ਦ੍ਰਿਸ਼ਟੀ ਬੁੱਧ ਦਾ ਪ੍ਰਤੀਕ ਸੀ। (ਅੱਯੂਬ 39:27-29) ਬਲਦ ਦਾ ਚਿਹਰਾ ਕੀ ਦਰਸਾਉਂਦਾ ਸੀ? ਆਪਣੀ ਗਰਦਨ ਅਤੇ ਮੋਢਿਆਂ ਵਿਚ ਵੱਡੀ ਤਾਕਤ ਕਾਰਨ, ਇਕ ਲੜਾਕੂ ਬਲਦ ਇਕ ਘੋੜੇ ਅਤੇ ਉਸ ਦੇ ਸਵਾਰ ਨੂੰ ਚੁੱਕ ਕੇ ਮਾਰ ਸਕਦਾ ਹੈ। ਨਿਸ਼ਚੇ ਹੀ, ਬਲਦ ਯਹੋਵਾਹ ਦੀ ਅਸੀਮ ਸ਼ਕਤੀ ਦਾ ਪ੍ਰਤੀਕ ਹੈ। ਸ਼ੇਰ ਦਲੇਰ ਨਿਆਉਂ ਦੇ ਪ੍ਰਤੀਕ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਅਖ਼ੀਰ ਵਿਚ, ਆਦਮੀ ਦਾ ਚਿਹਰਾ ਉਚਿਤ ਢੰਗ ਨਾਲ ਪਰਮੇਸ਼ੁਰ ਦੇ ਪ੍ਰੇਮ ਨੂੰ ਦਰਸਾਉਂਦਾ ਹੈ, ਕਿਉਂ ਜੋ ਪਾਰਥਿਵ ਜੀਵ-ਜੰਤੂਆਂ ਵਿੱਚੋਂ ਸਿਰਫ਼ ਆਦਮੀ ਹੀ ਇਸ ਗੁਣ ਨੂੰ ਸਿਆਣਪ ਨਾਲ ਪ੍ਰਗਟ ਕਰ ਸਕਦਾ ਹੈ।—ਮੱਤੀ 22:37, 39; 1 ਯੂਹੰਨਾ 4:8.
18. ਯੂਹੰਨਾ ਰਸੂਲ ਸਵਰਗੀ ਸੰਗਠਨ ਦੀ ਸਾਡੀ ਸਮਝ ਨੂੰ ਕਿਵੇਂ ਵਧਾਉਂਦਾ ਹੈ?
18 ਹੋਰ ਵੀ ਦਰਸ਼ਣ ਹਨ ਜੋ ਤਸਵੀਰ ਪੂਰੀ ਕਰਨ ਵਿਚ ਸਾਡੀ ਮਦਦ ਕਰਦੇ ਹਨ। ਇਨ੍ਹਾਂ ਵਿਚ ਯੂਹੰਨਾ ਦੇ ਦਰਸ਼ਣ ਵੀ ਹਨ ਜੋ ਬਾਈਬਲ ਦੀ ਪਰਕਾਸ਼ ਦੀ ਪੋਥੀ ਵਿਚ ਦਰਜ ਹਨ। ਹਿਜ਼ਕੀਏਲ ਵਾਂਗ, ਉਹ ਵੀ ਯਹੋਵਾਹ ਨੂੰ ਇਕ ਪ੍ਰਤਾਪੀ ਸਿੰਘਾਸਣ ਉੱਤੇ ਬੈਠਾ ਦੇਖਦਾ ਹੈ ਅਤੇ ਉਸ ਦੇ ਨਾਲ ਕਰੂਬੀ ਹਨ। ਇਹ ਕਰੂਬੀ ਕੀ ਕਰ ਰਹੇ ਹਨ? ਉਹ ਯਸਾਯਾਹ ਅਧਿਆਇ 6 ਦੇ ਸਰਾਫ਼ੀਮਾਂ ਦੇ ਐਲਾਨ ਨੂੰ ਦੁਹਰਾਉਂਦੇ ਹੋਏ ਇਹ ਕਹਿ ਰਹੇ ਹਨ: “ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈਸੀ ਅਤੇ ਹੈ ਅਤੇ ਆਉਣ ਵਾਲਾ ਹੈ!” (ਪਰਕਾਸ਼ ਦੀ ਪੋਥੀ 4:6-8) ਯੂਹੰਨਾ ਸਿੰਘਾਸਣ ਦੇ ਕੋਲ ਇਕ ਲੇਲਾ ਵੀ ਦੇਖਦਾ ਹੈ। ਇਹ ਕਿਸ ਨੂੰ ਦਰਸਾਉਂਦਾ ਹੋਵੇਗਾ? ਪਰਮੇਸ਼ੁਰ ਦੇ ਲੇਲੇ, ਯਾਨੀ ਕਿ ਯਿਸੂ ਮਸੀਹ ਨੂੰ।—ਪਰਕਾਸ਼ ਦੀ ਪੋਥੀ 5:13, 14.
19. ਇਸ ਅਧਿਐਨ ਦੁਆਰਾ, ਤੁਸੀਂ ਯਹੋਵਾਹ ਦੇ ਸੰਗਠਨ ਬਾਰੇ ਕੀ ਸਮਝਿਆ ਹੈ?
19 ਤਾਂ ਫਿਰ ਇਨ੍ਹਾਂ ਦਰਸ਼ਣਾਂ ਦੁਆਰਾ ਅਸੀਂ ਕੀ ਸਮਝਿਆ ਹੈ? ਇਹ ਕਿ ਸਵਰਗੀ ਸੰਗਠਨ ਵਿਚ ਸਭ ਤੋਂ ਉੱਪਰ ਯਹੋਵਾਹ ਪਰਮੇਸ਼ੁਰ ਆਪਣੇ ਸਿੰਘਾਸਣ ਉੱਤੇ ਬੈਠਾ ਹੈ ਅਤੇ ਉਸ ਦੇ ਨਾਲ ਲੇਲਾ, ਯਿਸੂ ਮਸੀਹ ਹੈ, ਜੋ ਸ਼ਬਦ ਜਾਂ ਲੋਗੋਸ ਹੈ। ਫਿਰ ਅਸੀਂ ਦੂਤਾਂ ਦਾ ਇਕ ਸਵਰਗੀ ਲਸ਼ਕਰ ਦੇਖਿਆ ਹੈ, ਜਿਸ ਵਿਚ ਸਰਾਫ਼ੀਮ ਅਤੇ ਕਰੂਬੀ ਸ਼ਾਮਲ ਸਨ। ਉਹ ਯਹੋਵਾਹ ਦੇ ਮਕਸਦਾਂ ਨੂੰ ਪੂਰਾ ਕਰਨ ਵਾਲੇ ਇਕ ਬਹੁਤ ਵੱਡੇ, ਸੰਯੁਕਤ ਸੰਗਠਨ ਦਾ ਹਿੱਸਾ ਹਨ। ਅਤੇ ਉਨ੍ਹਾਂ ਵਿੱਚੋਂ ਇਕ ਮਕਸਦ ਹੈ ਇਸ ਅੰਤ ਦੇ ਸਮੇਂ ਵਿਚ ਸੰਸਾਰ ਭਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ।—ਮਰਕੁਸ 13:10; ਯੂਹੰਨਾ 1:1-3; ਪਰਕਾਸ਼ ਦੀ ਪੋਥੀ 14:6, 7.
20. ਅਗਲੇ ਲੇਖ ਵਿਚ ਕਿਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ?
20 ਅਖ਼ੀਰ ਵਿਚ, ਧਰਤੀ ਉੱਤੇ ਯਹੋਵਾਹ ਦੇ ਗਵਾਹ ਹਨ ਜੋ ਆਪਣੇ ਰਾਜ ਗ੍ਰਹਿਆਂ ਵਿਚ ਮਿਲਦੇ ਹਨ ਤਾਂਕਿ ਉਹ ਸਿੱਖ ਸਕਣ ਕਿ ਸਰਬਸੱਤਾਵਾਨ ਪ੍ਰਭੂ ਦੀ ਇੱਛਾ ਕਿਵੇਂ ਪੂਰੀ ਕਰਨੀ ਹੈ। ਨਿਸ਼ਚੇ ਹੀ, ਹੁਣ ਅਸੀਂ ਸਮਝ ਸਕਦੇ ਹਾਂ ਕਿ ਸਾਡੇ ਨਾਲ ਦੇ ਸ਼ਤਾਨ ਅਤੇ ਸੱਚਾਈ ਦੇ ਦੁਸ਼ਮਣਾਂ ਨਾਲ ਦਿਆਂ ਨਾਲੋਂ ਕਿਤੇ ਬਾਹਲੇ ਹਨ। ਸਵਾਲ ਇਹ ਰਹਿੰਦਾ ਹੈ ਕਿ ਸਵਰਗੀ ਸੰਗਠਨ ਦਾ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨਾਲ ਕੀ ਸੰਬੰਧ ਹੈ? ਅਗਲਾ ਲੇਖ ਇਸ ਦੀ ਅਤੇ ਹੋਰ ਗੱਲਾਂ ਦੀ ਜਾਂਚ ਕਰੇਗਾ।
ਪੁਨਰ-ਵਿਚਾਰ ਲਈ ਸਵਾਲ
◻ ਯਹੋਵਾਹ ਦੇ ਸੰਗਠਨ ਦੀ ਕਦਰ ਕਰਨ ਲਈ, ਸਾਨੂੰ ਕੀ ਸਮਝਣ ਦੀ ਲੋੜ ਹੈ?
◻ ਅਲੀਸ਼ਾ ਦੇ ਸੇਵਕ ਨੇ ਕੀ ਅਨੁਭਵ ਕੀਤਾ ਸੀ, ਅਤੇ ਨਬੀ ਨੇ ਉਸ ਨੂੰ ਕਿਸ ਤਰ੍ਹਾਂ ਹੌਸਲਾ ਦਿੱਤਾ?
◻ ਸਾਨੂੰ ਨਿੱਜੀ ਅਧਿਐਨ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
◻ ਦਾਨੀਏਲ, ਯਸਾਯਾਹ, ਅਤੇ ਹਿਜ਼ਕੀਏਲ ਸਵਰਗੀ ਸੰਗਠਨ ਬਾਰੇ ਕਿਵੇਂ ਵੇਰਵੇ ਦਿੰਦੇ ਹਨ?
[ਸਫ਼ੇ 21 ਉੱਤੇ ਤਸਵੀਰ]
ਨਿੱਜੀ ਅਧਿਐਨ ਦੇ ਲਾਭ ਇਕ ਚੰਗੀ ਤਰ੍ਹਾਂ ਤਿਆਰ ਕੀਤੇ ਗਏ ਭੋਜਨ ਦੇ ਲਾਭ ਨਾਲੋਂ ਕੀਤੇ ਵੱਧ ਹਨ
[ਸਫ਼ੇ 23 ਉੱਤੇ ਤਸਵੀਰ]
ਯਹੋਵਾਹ ਨੇ ਸਵਰਗੀ ਲਸ਼ਕਰਾਂ ਦਾ ਦਰਸ਼ਣ ਦਿਖਾ ਕੇ ਅਲੀਸ਼ਾ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਸੀ