ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 8/1 ਸਫ਼ੇ 4-6
  • ਆਖ਼ਰਕਾਰ—ਸਾਰਿਆਂ ਲਈ ਨਿਆਉਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਖ਼ਰਕਾਰ—ਸਾਰਿਆਂ ਲਈ ਨਿਆਉਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਵਾਅਦਾ ਜਿਸ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ
  • ਅਨਿਆਉਂ ਨੂੰ ਜਿੱਤਿਆ ਜਾ ਸਕਦਾ ਹੈ
  • ਧਾਰਮਿਕਤਾ ਦੇ ਬੀ ਬੀਜਣੇ
  • ਕੀ ਤੁਹਾਡੀ ਇਨਸਾਫ਼ ਦੀ ਪੁਕਾਰ ਸੁਣੀ ਜਾਵੇਗੀ?
    ਹੋਰ ਵਿਸ਼ੇ
  • ਯਹੋਵਾਹ—ਸੱਚੇ ਨਿਆਉਂ ਅਤੇ ਧਾਰਮਿਕਤਾ ਦਾ ਸ੍ਰੋਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ”
    ਯਹੋਵਾਹ ਦੇ ਨੇੜੇ ਰਹੋ
  • ਯਹੋਵਾਹ ਦੀ ਰੀਸ ਕਰੋ—ਨਿਆਉਂ ਅਤੇ ਧਾਰਮਿਕਤਾ ਦੇ ਕੰਮ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 8/1 ਸਫ਼ੇ 4-6

ਆਖ਼ਰਕਾਰ—ਸਾਰਿਆਂ ਲਈ ਨਿਆਉਂ

“ਅਸੀਂ ਨਵੇਂ ਤਰੀਕਿਆਂ ਨਾਲ . . . ਦੁਖੀ ਆਵਾਜ਼ਾਂ, ਚਿੰਤਾਤੁਰ ਆਵਾਜ਼ਾਂ, ਅਤੇ ਉਹ ਆਵਾਜ਼ਾਂ ਜੋ ਕਦੀ ਸੁਣੇ ਜਾਣ ਤੋਂ ਮਾਯੂਸ ਹੋ ਚੁੱਕੀਆਂ ਹਨ, ਨੂੰ ਸੁਣਨ ਦੀ ਕੋਸ਼ਿਸ਼ ਕਰਾਂਗੇ। . . . ਸਿਰਫ਼ ਕਾਨੂੰਨ ਵਿਚ ਜਾਨ ਪਾਉਣ ਦੀ ਲੋੜ ਹੈ: ਆਖ਼ਰਕਾਰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਜਿਵੇਂ ਪਰਮੇਸ਼ੁਰ ਦੇ ਸਾਮ੍ਹਣੇ ਸਾਰੇ ਇਨਸਾਨ ਬਰਾਬਰ ਸਨਮਾਨ ਨਾਲ ਪੈਦਾ ਹੁੰਦੇ ਹਨ, ਉਵੇਂ ਹੀ ਮਨੁੱਖਾਂ ਦੇ ਸਾਮ੍ਹਣੇ ਵੀ ਸਾਰੇ ਇਨਸਾਨ ਬਰਾਬਰ ਸਨਮਾਨ ਨਾਲ ਪੈਦਾ ਹੋਣ।”—ਅਮਰੀਕਾ ਦਾ ਰਾਸ਼ਟਰਪਤੀ ਰਿਚਰਡ ਮਿਲਹਾਊਸ ਨਿਕਸਨ, ਉਦਘਾਟਨੀ ਭਾਸ਼ਣ, ਜਨਵਰੀ 20, 1969.

ਜਦੋਂ ਰਾਜੇ, ਰਾਸ਼ਟਰਪਤੀ, ਅਤੇ ਪ੍ਰਧਾਨ ਮੰਤਰੀ ਅਹੁਦਾ ਸੰਭਾਲਦੇ ਹਨ, ਤਾਂ ਉਨ੍ਹਾਂ ਦੀ ਜ਼ਬਾਨ ਤੇ ਨਿਆਉਂ ਦੀਆਂ ਗੱਲਾਂ ਹੁੰਦੀਆਂ ਹਨ। ਸੰਯੁਕਤ ਰਾਜ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ, ਰਿਚਰਡ ਨਿਕਸਨ, ਇਨ੍ਹਾਂ ਤੋਂ ਵੱਖਰਾ ਨਹੀਂ ਸੀ। ਪਰੰਤੂ ਉਸ ਦੀਆਂ ਗੱਲਾਂ ਵਿਚ ਕੋਈ ਦਮ ਨਹੀਂ ਰਿਹਾ ਜਦੋਂ ਇਨ੍ਹਾਂ ਦੀ ਤੁਲਨਾ ਇਤਿਹਾਸ ਨਾਲ ਕੀਤੀ ਗਈ। ਭਾਵੇਂ ਕਿ ਉਸ ਨੇ “ਕਾਨੂੰਨ ਵਿਚ ਜਾਨ ਪਾਉਣ” ਦਾ ਪ੍ਰਣ ਕੀਤਾ ਸੀ, ਨਿਕਸਨ ਨੂੰ ਬਾਅਦ ਵਿਚ ਕਾਨੂੰਨ ਤੋੜਨ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ ਮਜਬੂਰਨ ਆਪਣਾ ਅਹੁਦਾ ਛੱਡਣਾ ਪਿਆ। ਤਿੰਨ ਦਹਾਕਿਆਂ ਬਾਅਦ, ‘ਦੁਖੀ, ਚਿੰਤਾਤੁਰ, ਅਤੇ ਮਾਯੂਸ ਆਵਾਜ਼ਾਂ’ ਅਜੇ ਵੀ ਸੁਣੇ ਜਾਣ ਲਈ ਦੁਹਾਈ ਦੇ ਰਹੀਆਂ ਹਨ।

ਅਜਿਹੀਆਂ ਆਵਾਜ਼ਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਗਿਲੇ-ਸ਼ਿਕਵੇ ਦੂਰ ਕਰਨੇ ਕੋਈ ਸੌਖਾ ਕੰਮ ਨਹੀਂ ਹੈ, ਜਿਵੇਂ ਕਿ ਅਣਗਿਣਤ ਨੇਕਨੀਅਤ ਨੇਤਾਵਾਂ ਨੇ ਪਾਇਆ ਹੈ। ‘ਸਾਰਿਆਂ ਲਈ ਨਿਆਉਂ,’ ਪ੍ਰਾਪਤ ਨਾ ਹੋਣ ਵਾਲਾ ਟੀਚਾ ਸਾਬਤ ਹੋਇਆ ਹੈ। ਫਿਰ ਵੀ, ਬਹੁਤ ਸਦੀਆਂ ਪਹਿਲਾਂ ਇਕ ਵਾਅਦਾ ਕੀਤਾ ਗਿਆ ਸੀ ਜਿਸ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ—ਨਿਆਉਂ ਸੰਬੰਧੀ ਇਕ ਅਨੋਖਾ ਵਾਅਦਾ।

ਆਪਣੇ ਨਬੀ ਯਸਾਯਾਹ ਰਾਹੀਂ, ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ “ਦਾਸ” ਨੂੰ ਘੱਲੇਗਾ ਜਿਸ ਨੂੰ ਉਹ ਆਪ ਚੁਣੇਗਾ। “ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ,” ਯਹੋਵਾਹ ਨੇ ਉਨ੍ਹਾਂ ਨੂੰ ਦੱਸਿਆ। “ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ।” (ਯਸਾਯਾਹ 42:1-3) ਕੋਈ ਮਨੁੱਖੀ ਸ਼ਾਸਕ ਅਜਿਹਾ ਵਿਆਪਕ ਐਲਾਨ ਕਰਨ ਦਾ ਹੌਸਲਾ ਨਹੀਂ ਕਰੇਗਾ, ਜਿਸ ਦਾ ਅਰਥ ਹੋਵੇਗਾ ਹਰ ਕੌਮ ਲਈ ਸਥਾਈ ਨਿਆਉਂ। ਕੀ ਇਸ ਵਾਅਦੇ ਤੇ ਭਰੋਸਾ ਰੱਖਿਆ ਜਾ ਸਕਦਾ ਹੈ? ਕੀ ਅਜਿਹੀ ਅਨੋਖੀ ਪ੍ਰਾਪਤੀ ਹਾਸਲ ਕੀਤੀ ਜਾ ਸਕਦੀ ਹੈ?

ਇਕ ਵਾਅਦਾ ਜਿਸ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ

ਇਕ ਵਾਅਦੇ ਉੱਤੇ ਉੱਨਾ ਹੀ ਭਰੋਸਾ ਰੱਖਿਆ ਜਾ ਸਕਦਾ ਹੈ ਜਿੰਨਾ ਉਸ ਦੇ ਕਰਨ ਵਾਲੇ ਉੱਤੇ। ਇਸ ਮਾਮਲੇ ਵਿਚ, ਸਰਬਸ਼ਕਤੀਮਾਨ ਪਰਮੇਸ਼ੁਰ ਖ਼ੁਦ ਐਲਾਨ ਕਰਦਾ ਹੈ ਕਿ ਉਸ ਦਾ “ਦਾਸ” ਪੂਰੇ ਸੰਸਾਰ ਵਿਚ ਨਿਆਉਂ ਸਥਾਪਿਤ ਕਰੇਗਾ। ਸਿਆਸਤਦਾਨਾਂ ਤੋਂ ਭਿੰਨ, ਯਹੋਵਾਹ ਫੋਕੇ ਵਾਅਦੇ ਨਹੀਂ ਕਰਦਾ ਹੈ। ‘ਉਸ ਦਾ ਝੂਠ ਬੋਲਣਾ ਅਣਹੋਣਾ ਹੈ,’ ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ। (ਇਬਰਾਨੀਆਂ 6:18) “ਜੋ ਮੈਂ ਕਰਨ ਦੀ ਠਾਣੀ ਹੈ ਉਹ ਹੋ ਕੇ ਰਹੇਗਾ,” ਪਰਮੇਸ਼ੁਰ ਦ੍ਰਿੜ੍ਹਤਾ ਨਾਲ ਐਲਾਨ ਕਰਦਾ ਹੈ।—ਯਸਾਯਾਹ 14:24, ਟੂਡੇਜ਼ ਇੰਗਲਿਸ਼ ਵਰਯਨ।

ਉਸ ਵਾਅਦੇ ਵਿਚ ਸਾਡਾ ਭਰੋਸਾ ਹੋਰ ਵੀ ਮਜ਼ਬੂਤ ਹੁੰਦਾ ਹੈ ਜਦੋਂ ਅਸੀਂ ਪਰਮੇਸ਼ੁਰ ਦੇ ਚੁਣੇ ਹੋਏ “ਦਾਸ,” ਯਿਸੂ ਮਸੀਹ ਦੇ ਰਿਕਾਰਡ ਨੂੰ ਦੇਖਦੇ ਹਾਂ। ਨਿਆਉਂ ਸਥਾਪਿਤ ਕਰਨ ਵਾਲੇ ਵਿਅਕਤੀ ਨੂੰ ਨਿਆਉਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਨਿਆਉਂ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਯਿਸੂ ਦਾ ਰਿਕਾਰਡ ਅਜਿਹੇ ਮਨੁੱਖ ਵਜੋਂ ਬੇਦਾਗ਼ ਸੀ ਜਿਸ ਨੇ “ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ।” (ਇਬਰਾਨੀਆਂ 1:9) ਜੋ ਉਸ ਨੇ ਕਿਹਾ, ਜਿਸ ਤਰ੍ਹਾਂ ਉਸ ਨੇ ਜੀਵਨ ਬਤੀਤ ਕੀਤਾ, ਅਤੇ ਇੱਥੋਂ ਤਕ ਕਿ ਜਿਸ ਤਰ੍ਹਾਂ ਉਹ ਮਰਿਆ, ਇਸ ਸਭ ਨੇ ਸਾਬਤ ਕੀਤਾ ਕਿ ਉਹ ਸੱਚ-ਮੁੱਚ ਇਕ ਨਿਆਂਪੂਰਣ ਇਨਸਾਨ ਸੀ। ਯਿਸੂ ਦੀ ਮੌਤ ਤੇ, ਇਕ ਰੋਮੀ ਸੂਬੇਦਾਰ, ਜਿਸ ਨੇ ਜ਼ਾਹਰਾ ਤੌਰ ਤੇ ਯਿਸੂ ਦੇ ਮੁਕੱਦਮੇ ਨੂੰ ਅਤੇ ਉਸ ਨੂੰ ਮੌਤ ਦੀ ਸਜ਼ਾ ਭੁਗਤਦੇ ਹੋਏ ਆਪਣੀਆਂ ਅੱਖਾਂ ਨਾਲ ਦੇਖਿਆ ਸੀ, ਇਹ ਕਹਿਣ ਲਈ ਪ੍ਰੇਰਿਤ ਹੋਇਆ: “ਸੱਚੀ ਮੁੱਚੀ ਇਹ ਧਰਮੀ ਪੁਰਖ ਸੀ!”—ਲੂਕਾ 23:47.

ਧਰਮੀ ਜੀਵਨ ਬਿਤਾਉਣ ਤੋਂ ਇਲਾਵਾ, ਯਿਸੂ ਨੇ ਅਨਿਆਉਂ ਦਾ ਵਿਰੋਧ ਕੀਤਾ ਜੋ ਉਸ ਦੇ ਦਿਨਾਂ ਵਿਚ ਕਾਫ਼ੀ ਪ੍ਰਚਲਿਤ ਸੀ। ਉਸ ਨੇ ਇਹ ਵਿਰੋਧ, ਰਾਜ-ਪਲਟਾ ਕੇ ਜਾਂ ਕ੍ਰਾਂਤੀ ਰਾਹੀਂ ਨਹੀਂ ਕੀਤਾ, ਬਲਕਿ ਜੋ ਲੋਕ ਸੁਣਨ ਲਈ ਤਿਆਰ ਸਨ ਉਨ੍ਹਾਂ ਨੂੰ ਸੱਚਾ ਨਿਆਉਂ ਸਿਖਾਉਣ ਦੁਆਰਾ ਕੀਤਾ। ਉਸ ਦਾ ਪਹਾੜੀ ਉਪਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਉਂਦਾ ਹੈ ਕਿ ਸੱਚਾ ਨਿਆਉਂ ਅਤੇ ਧਾਰਮਿਕਤਾ ਦੇ ਕੰਮ ਕਿਸ ਤਰ੍ਹਾਂ ਕੀਤੇ ਜਾਣੇ ਚਾਹੀਦੇ ਹਨ।—ਮੱਤੀ, ਅਧਿਆਇ 5-7.

ਯਿਸੂ ਨੇ ਜੋ ਪ੍ਰਚਾਰ ਕੀਤਾ ਉਸ ਅਨੁਸਾਰ ਕੰਮ ਵੀ ਕੀਤਾ। ਉਸ ਨੇ ਦੁਖੀ ਕੋੜ੍ਹੀਆਂ, ਅਰਥਾਤ ਯਹੂਦੀ ਸਮਾਜ ਦੇ “ਅਛੂਤਾਂ” ਨਾਲ ਘਿਰਣਾ ਨਹੀਂ ਕੀਤੀ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਨਾਲ ਗੱਲ ਕੀਤੀ, ਉਨ੍ਹਾਂ ਨੂੰ ਛੋਹਿਆ, ਅਤੇ ਉਨ੍ਹਾਂ ਨੂੰ ਚੰਗਾ ਵੀ ਕੀਤਾ। (ਮਰਕੁਸ 1:40-42) ਜਿਨ੍ਹਾਂ ਲੋਕਾਂ ਨੂੰ ਉਹ ਮਿਲਿਆ, ਉਹ ਸਾਰੇ ਉਸ ਲਈ ਮਹੱਤਤਾ ਰੱਖਦੇ ਸਨ, ਅਤੇ ਇਨ੍ਹਾਂ ਵਿਚ ਗ਼ਰੀਬ ਅਤੇ ਦੱਬੇ-ਕੁਚਲੇ ਲੋਕ ਵੀ ਸ਼ਾਮਲ ਸਨ। (ਮੱਤੀ 9:36) “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ,” ਉਸ ਨੇ ਉਨ੍ਹਾਂ ਨੂੰ ਕਿਹਾ।—ਮੱਤੀ 11:28.

ਮੁੱਖ ਤੌਰ ਤੇ, ਯਿਸੂ ਨੇ ਆਪਣੇ ਆਪ ਨੂੰ ਅਨਿਆਉਂ ਨਾਲ ਭ੍ਰਿਸ਼ਟ ਹੋਣ ਜਾਂ ਕੁੜੱਤਣ ਨਾਲ ਭਰਨ ਨਹੀਂ ਦਿੱਤਾ। ਉਸ ਨੇ ਕਦੀ ਵੀ ਬੁਰੇ ਦੇ ਬਦਲੇ ਬੁਰਾ ਨਹੀਂ ਕੀਤਾ। (1 ਪਤਰਸ 2:22, 23) ਇੱਥੋਂ ਤਕ ਕਿ ਜਦੋਂ ਉਹ ਅਸਹਿ ਦਰਦ ਵਿਚ ਸੀ, ਉਦੋਂ ਵੀ ਉਸ ਨੇ ਉਨ੍ਹਾਂ ਸਿਪਾਹੀਆਂ ਲਈ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕੀਤੀ ਜਿਨ੍ਹਾਂ ਨੇ ਉਸ ਨੂੰ ਸੂਲੀ ਤੇ ਟੰਗਿਆ ਸੀ। “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ,” ਉਸ ਨੇ ਤਰਲਾ ਕੀਤਾ, “ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ।” (ਲੂਕਾ 23:34) ਨਿਰਸੰਦੇਹ, ਯਿਸੂ ਨੇ ‘ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕੀਤੀ।’ (ਮੱਤੀ 12:18) ਸਾਡੇ ਕੋਲ ਪਰਮੇਸ਼ੁਰ ਦੇ ਪੁੱਤਰ ਦੀ ਜੀਉਂਦੀ-ਜਾਗਦੀ ਉਦਾਹਰਣ ਤੋਂ ਹੋਰ ਵੱਡਾ ਸਬੂਤ ਕਿਹੜਾ ਹੈ ਕਿ ਪਰਮੇਸ਼ੁਰ ਇਕ ਨਿਆਂਪੂਰਣ ਸੰਸਾਰ ਸਥਾਪਿਤ ਕਰਨਾ ਚਾਹੁੰਦਾ ਹੈ?

ਅਨਿਆਉਂ ਨੂੰ ਜਿੱਤਿਆ ਜਾ ਸਕਦਾ ਹੈ

ਅਨਿਆਉਂ ਨੂੰ ਜਿੱਤੇ ਜਾ ਸਕਣ ਦਾ ਜੀਉਂਦਾ-ਜਾਗਦਾ ਸਬੂਤ ਅੱਜ ਸੰਸਾਰ ਵਿਚ ਵੀ ਮੌਜੂਦ ਹੈ। ਵਿਅਕਤੀਗਤ ਤੌਰ ਤੇ, ਅਤੇ ਸੰਗਠਨ ਵਜੋਂ, ਯਹੋਵਾਹ ਦੇ ਗਵਾਹ ਪੂਰਵ-ਧਾਰਣਾ, ਪੱਖਪਾਤ, ਜਾਤੀਵਾਦ, ਅਤੇ ਹਿੰਸਾ ਉੱਤੇ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਹੇਠਾਂ ਦਿੱਤੀ ਗਈ ਉਦਾਹਰਣ ਉੱਤੇ ਗੌਰ ਕਰੋ।

ਪੇਡਰੋa ਵਿਸ਼ਵਾਸ ਕਰਦਾ ਸੀ ਕਿ ਬਾਸਕ ਕੰਟ੍ਰੀ, ਸਪੇਨ ਦਾ ਉਹ ਇਲਾਕਾ ਜਿੱਥੇ ਉਹ ਰਹਿੰਦਾ ਸੀ, ਵਿਚ ਨਿਆਉਂ ਲਿਆਉਣ ਲਈ ਢਾਹੂ ਸਰਗਰਮੀਆਂ ਹੀ ਇੱਕੋ-ਇਕ ਰਾਹ ਸੀ। ਇਸ ਉਦੇਸ਼ ਨਾਲ, ਉਹ ਇਕ ਅੱਤਵਾਦੀ ਸੰਗਠਨ ਦਾ ਮੈਂਬਰ ਬਣ ਗਿਆ ਜਿਸ ਨੇ ਉਸ ਨੂੰ ਫ਼ਰਾਂਸ ਵਿਚ ਨੀਮ-ਫ਼ੌਜੀ ਸਿਖਲਾਈ ਦਿੱਤੀ। ਜਦੋਂ ਉਸ ਦੀ ਸਿਖਲਾਈ ਖ਼ਤਮ ਹੋ ਗਈ, ਤਾਂ ਉਸ ਨੂੰ ਇਕ ਅੱਤਵਾਦੀ ਟੁਕੜੀ ਬਣਾਉਣ ਅਤੇ ਪੁਲਸ ਬੈਰਕਾਂ ਨੂੰ ਬਾਰੂਦ ਨਾਲ ਉਡਾਉਣ ਦਾ ਹੁਕਮ ਦਿੱਤਾ ਗਿਆ। ਉਸ ਦੀ ਟੁਕੜੀ ਨੇ ਬਾਰੂਦ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਪੁਲਸ ਨੇ ਉਸ ਨੂੰ ਗਿਰਫ਼ਤਾਰ ਕੀਤਾ। ਉਸ ਨੇ ਜੇਲ੍ਹ ਵਿਚ 18 ਮਹੀਨੇ ਗੁਜ਼ਾਰੇ, ਪਰੰਤੂ ਜੇਲ੍ਹ ਵਿੱਚੋਂ ਵੀ ਉਸ ਨੇ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ, ਭੁੱਖ ਹੜਤਾਲਾਂ ਵਿਚ ਹਿੱਸਾ ਲਿਆ, ਅਤੇ ਇਕ ਵਾਰ ਉਸ ਨੇ ਆਪਣੇ ਗੁੱਟ ਕੱਟ ਲਏ।

ਪੇਡਰੋ ਨੇ ਸੋਚਿਆ ਕਿ ਉਹ ਨਿਆਉਂ ਲਈ ਲੜ ਰਿਹਾ ਸੀ। ਫਿਰ ਉਸ ਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਪਤਾ ਲੱਗਾ। ਜਦੋਂ ਪੇਡਰੋ ਜੇਲ੍ਹ ਵਿਚ ਸੀ, ਤਾਂ ਉਸ ਦੀ ਪਤਨੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ। ਅਤੇ ਜਦੋਂ ਪੇਡਰੋ ਨੂੰ ਰਿਹਾ ਕੀਤਾ ਗਿਆ, ਤਾਂ ਉਸ ਦੀ ਪਤਨੀ ਨੇ ਉਸ ਨੂੰ ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਆਉਣ ਦਾ ਸੱਦਾ ਦਿੱਤਾ। ਉਸ ਨੇ ਸਭਾ ਦਾ ਇੰਨਾ ਆਨੰਦ ਮਾਣਿਆ ਕਿ ਉਸ ਨੇ ਬਾਈਬਲ ਅਧਿਐਨ ਲਈ ਬੇਨਤੀ ਕੀਤੀ। ਅਧਿਐਨ ਕਰਨ ਨਾਲ ਉਸ ਦੇ ਨਜ਼ਰੀਏ ਅਤੇ ਜੀਉਣ ਦੇ ਢੰਗ ਵਿਚ ਵੱਡੀਆਂ ਤਬਦੀਲੀਆਂ ਆ ਗਈਆਂ। ਆਖ਼ਰਕਾਰ, 1989 ਵਿਚ, ਪੇਡਰੋ ਅਤੇ ਉਸ ਦੀ ਪਤਨੀ ਦੋਵਾਂ ਨੇ ਬਪਤਿਸਮਾ ਲਿਆ।

“ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਜਦੋਂ ਮੈਂ ਅੱਤਵਾਦੀ ਸੀ ਉਦੋਂ ਮੈਂ ਕਦੀ ਵੀ ਕਿਸੇ ਦਾ ਕਤਲ ਨਹੀਂ ਕੀਤਾ,” ਪੇਡਰੋ ਕਹਿੰਦਾ ਹੈ। “ਹੁਣ ਮੈਂ ਲੋਕਾਂ ਨੂੰ ਸੱਚੀ ਸ਼ਾਂਤੀ ਅਤੇ ਨਿਆਉਂ ਦਾ ਸੰਦੇਸ਼—ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ—ਦੇਣ ਲਈ ਪਰਮੇਸ਼ੁਰ ਦੀ ਆਤਮਾ ਦੀ ਤਲਵਾਰ, ਬਾਈਬਲ, ਨੂੰ ਇਸਤੇਮਾਲ ਕਰਦਾ ਹਾਂ।” ਹਾਲ ਹੀ ਵਿਚ ਪੇਡਰੋ, ਜੋ ਹੁਣ ਯਹੋਵਾਹ ਦੇ ਗਵਾਹਾਂ ਦੇ ਇਕ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹੈ, ਉਨ੍ਹਾਂ ਬੈਰਕਾਂ ਵਿਚ ਗਿਆ ਜਿਨ੍ਹਾਂ ਨੂੰ ਉਸ ਨੇ ਉਡਾਉਣ ਦੀ ਯੋਜਨਾ ਬਣਾਈ ਸੀ। ਇਸ ਵਾਰ ਉਹ ਉੱਥੇ ਰਹਿ ਰਹੇ ਪਰਿਵਾਰਾਂ ਨੂੰ ਸ਼ਾਂਤੀ ਦੇ ਸੰਦੇਸ਼ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਗਿਆ ਸੀ।

ਯਹੋਵਾਹ ਦੇ ਗਵਾਹ ਇਹ ਤਬਦੀਲੀਆਂ ਕਰਦੇ ਹਨ ਕਿਉਂਕਿ ਉਹ ਇਕ ਧਰਮੀ ਸੰਸਾਰ ਲਈ ਲੋਚਦੇ ਹਨ। (2 ਪਤਰਸ 3:13) ਹਾਲਾਂਕਿ ਉਹ ਇਸ ਧਰਮੀ ਸੰਸਾਰ ਨੂੰ ਲਿਆਉਣ ਦੇ ਪਰਮੇਸ਼ੁਰ ਦੇ ਵਾਅਦੇ ਵਿਚ ਪੂਰੇ ਦਿਲ ਨਾਲ ਭਰੋਸਾ ਰੱਖਦੇ ਹਨ, ਫਿਰ ਵੀ ਉਨ੍ਹਾਂ ਨੂੰ ਅਹਿਸਾਸ ਹੈ ਕਿ ਨਿਆਂਪੂਰਣ ਜੀਵਨ ਜੀਉਣਾ ਵੀ ਉਨ੍ਹਾਂ ਦਾ ਫ਼ਰਜ਼ ਬਣਦਾ ਹੈ। ਬਾਈਬਲ ਇਹ ਸਪੱਸ਼ਟ ਕਰਦੀ ਹੈ ਕਿ ਪਰਮੇਸ਼ੁਰ ਸਾਡੇ ਤੋਂ ਸਾਡਾ ਫ਼ਰਜ਼ ਪੂਰਾ ਕਰਨ ਦੀ ਆਸ ਰੱਖਦਾ ਹੈ।

ਧਾਰਮਿਕਤਾ ਦੇ ਬੀ ਬੀਜਣੇ

ਇਹ ਸੱਚ ਹੈ ਕਿ ਜਦੋਂ ਅਸੀਂ ਅਨਿਆਉਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸੰਭਵ ਹੈ ਕਿ ਅਸੀਂ ਇਹ ਦੁਹਾਈ ਦੇਣ ਦਾ ਝੁਕਾਅ ਰੱਖੀਏ: “ਇਨਸਾਫ਼ ਦਾ ਪਰਮੇਸ਼ੁਰ ਕਿੱਥੇ ਹੈ?” ਮਲਾਕੀ ਦੇ ਦਿਨਾਂ ਦੇ ਯਹੂਦੀਆਂ ਨੇ ਇਹੋ ਦੁਹਾਈ ਦਿੱਤੀ ਸੀ। (ਮਲਾਕੀ 2:17) ਕੀ ਪਰਮੇਸ਼ੁਰ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਜਾਇਜ਼ ਸਮਝਿਆ? ਇਸ ਦੇ ਉਲਟ, ਇਸ ਦੁਹਾਈ ਨੇ ਉਸ ਨੂੰ “ਅਕਾ ਦਿੱਤਾ” ਕਿਉਂਕਿ, ਦੂਸਰੀਆਂ ਚੀਜ਼ਾਂ ਦੇ ਨਾਲ-ਨਾਲ, ਉਹ ਆਪਣੀਆਂ ਪਤਨੀਆਂ ਨਾਲ ਬੇਵਫ਼ਾਈ ਕਰ ਰਹੇ ਸਨ ਜੋ ਬੁੱਢੀਆਂ ਹੋ ਚੁੱਕੀਆਂ ਸਨ, ਅਤੇ ਉਨ੍ਹਾਂ ਨੂੰ ਛੋਟੇ-ਛੋਟੇ ਬਹਾਨਿਆਂ ਤੇ ਤਲਾਕ ਦੇ ਰਹੇ ਸਨ। ਯਹੋਵਾਹ ਨੇ ‘ਉਨ੍ਹਾਂ ਦੀਆਂ ਜੁਆਨੀ ਦੀਆਂ ਤੀਵੀਆਂ’ ਲਈ ਆਪਣੀ ਚਿੰਤਾ ਪ੍ਰਗਟ ਕੀਤੀ ਜਿਨ੍ਹਾਂ ਦੇ ਨਾਲ ‘ਉਨ੍ਹਾਂ ਨੇ ਬੇਪਰਤੀਤੀ ਕੀਤੀ, ਭਾਵੇਂ ਉਹ ਉਨ੍ਹਾਂ ਦੀਆਂ ਸਾਥਣਾਂ ਅਤੇ ਉਨ੍ਹਾਂ ਦੇ ਨੇਮ ਦੀਆਂ ਤੀਵੀਆਂ ਸਨ।’—ਮਲਾਕੀ 2:14.

ਕੀ ਅਸੀਂ ਅਨਿਆਉਂ ਬਾਰੇ ਜਾਇਜ਼ ਤੌਰ ਤੇ ਸ਼ਿਕਾਇਤ ਕਰ ਸਕਦੇ ਹਾਂ ਜੇਕਰ ਅਸੀਂ ਆਪ ਅਨਿਆਉਂ ਦੇ ਰਸਤੇ ਤੇ ਚੱਲਦੇ ਹਾਂ? ਦੂਸਰੇ ਪਾਸੇ, ਜੇਕਰ ਅਸੀਂ ਆਪਣੇ ਦਿਲਾਂ ਵਿੱਚੋਂ ਪੂਰਵ-ਧਾਰਣਾ ਅਤੇ ਜਾਤੀਵਾਦ ਨੂੰ ਜੜ੍ਹੋਂ ਉਖਾੜਨ ਦੁਆਰਾ, ਨਿਰਪੱਖ ਹੋਣ ਅਤੇ ਸਾਰਿਆਂ ਨਾਲ ਪਿਆਰ ਕਰਨ ਦੁਆਰਾ, ਅਤੇ ਬੁਰੇ ਦੇ ਬਦਲੇ ਬੁਰਾ ਨਾ ਕਰਨ ਦੁਆਰਾ ਮਸੀਹ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੱਚ-ਮੁੱਚ ਨਿਆਉਂ ਨਾਲ ਪ੍ਰੇਮ ਕਰਦੇ ਹਾਂ।

ਜੇਕਰ ਅਸੀਂ ਨਿਆਉਂ ਦੀ ਫ਼ਸਲ ਵੱਢਣੀ ਹੈ, ਤਾਂ ਬਾਈਬਲ ਸਾਨੂੰ ‘ਧਰਮ ਬੀਜਣ’ ਦੀ ਤਾਕੀਦ ਕਰਦੀ ਹੈ। (ਹੋਸ਼ੇਆ 10:12) ਚਾਹੇ ਇਹ ਜਿੰਨੀ ਵੀ ਛੋਟੀ ਲੱਗੇ, ਅਨਿਆਉਂ ਉੱਤੇ ਹਰ ਵਿਅਕਤੀਗਤ ਜਿੱਤ ਮਹੱਤਵਪੂਰਣ ਹੈ। ਜਿਵੇਂ ਕਿ ਮਾਰਟਿਨ ਲੂਥਰ ਕਿੰਗ, ਜੂਨੀਅਰ, ਨੇ ਆਪਣੀ ਬਰਮਿੰਘਮ ਜੇਲ੍ਹ ਤੋਂ ਚਿੱਠੀ (ਅੰਗ੍ਰੇਜ਼ੀ) ਵਿਚ ਲਿਖਿਆ, “ਕਿਤੇ ਵੀ ਕੀਤਾ ਗਿਆ ਅਨਿਆਉਂ ਹਰ ਜਗ੍ਹਾ ਦੇ ਨਿਆਉਂ ਲਈ ਖ਼ਤਰਾ ਹੈ।” ਜੋ ‘ਧਰਮ ਨੂੰ ਭਾਲਦੇ’ ਹਨ, ਉਨ੍ਹਾਂ ਨੂੰ ਪਰਮੇਸ਼ੁਰ ਆਪਣੇ ਜਲਦੀ ਆਉਣ ਵਾਲੇ ਧਰਮੀ ਨਵੇਂ ਸੰਸਾਰ ਦੇ ਵਾਰਸ ਚੁਣਦਾ ਹੈ।—ਸਫ਼ਨਯਾਹ 2:3.

ਅਸੀਂ ਮਨੁੱਖੀ ਵਾਅਦਿਆਂ ਦੀ ਕੱਚੀ ਨੀਂਹ ਉੱਤੇ ਨਿਆਉਂ ਲਈ ਆਪਣੀਆਂ ਉਮੀਦਾਂ ਕਾਇਮ ਨਹੀਂ ਕਰ ਸਕਦੇ ਹਾਂ, ਪਰ ਅਸੀਂ ਆਪਣੇ ਪ੍ਰੇਮਮਈ ਸ੍ਰਿਸ਼ਟੀਕਰਤਾ ਦੇ ਵਚਨ ਉੱਤੇ ਭਰੋਸਾ ਰੱਖ ਸਕਦੇ ਹਾਂ। ਇਸੇ ਕਰਕੇ ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਆਉਣ ਲਈ ਪ੍ਰਾਰਥਨਾ ਕਰਦੇ ਰਹਿਣ ਲਈ ਕਿਹਾ ਸੀ। (ਮੱਤੀ 6:9, 10) ਯਿਸੂ, ਉਸ ਰਾਜ ਦਾ ਨਿਯੁਕਤ ਰਾਜਾ, “ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।”—ਜ਼ਬੂਰ 72:12, 13.

ਸਪੱਸ਼ਟ ਹੈ ਕਿ ਅਨਿਆਉਂ ਸਦੀਵੀ ਨਹੀਂ ਹੈ। ਸਾਰੀ ਧਰਤੀ ਉੱਤੇ ਮਸੀਹ ਦਾ ਸ਼ਾਸਨ ਹਮੇਸ਼ਾ ਲਈ ਅਨਿਆਉਂ ਨੂੰ ਜਿੱਤ ਲਵੇਗਾ, ਜਿਵੇਂ ਪਰਮੇਸ਼ੁਰ ਆਪਣੇ ਨਬੀ ਯਿਰਮਿਯਾਹ ਦੁਆਰਾ ਭਰੋਸਾ ਦਿਵਾਉਂਦਾ ਹੈ: “ਉਹ ਸਮਾਂ ਆ ਰਿਹਾ ਹੈ, ਜਦੋਂ ਮੈਂ . . . ਆਪਣੀਆਂ ਪ੍ਰਤਿਗਿਆਵਾਂ ਨੂੰ ਪੂਰਾ ਕਰਾਂਗਾ। ਉਸ ਸਮੇਂ ਮੈਂ ਦਾਊਦ ਦੇ ਵੰਸ ਵਿਚੋਂ ਇਕ ਨੇਕ ਰਾਜਾ ਚੁਣਾਂਗਾ। ਉਹ ਰਾਜਾ ਸਾਰੀ ਧਰਤੀ ਉਤੇ ਭਲਾ ਅਤੇ ਸੱਚਾ ਨਿਆਂ ਕਰੇਗਾ।”—ਯਿਰਮਿਯਾਹ 33:14, 15, ਪਵਿੱਤਰ ਬਾਈਬਲ ਨਵਾਂ ਅਨੁਵਾਦ।

[ਫੁਟਨੋਟ]

a ਇਕ ਬਦਲਵਾਂ ਨਾਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ