ਕੀ ਤੁਹਾਡਾ ਕੰਮ ਅੱਗ ਵਿਚ ਟਿਕਿਆ ਰਹੇਗਾ?
“ਹਰੇਕ ਸੁਚੇਤ ਰਹੇ ਭਈ [ਉਹ ਨੀਂਹ ਉੱਤੇ] ਕਿਸ ਤਰਾਂ ਦੀ ਉਸਾਰੀ ਕਰਦਾ ਹੈ।”—1 ਕੁਰਿੰਥੀਆਂ 3:10.
1. ਵਫ਼ਾਦਾਰ ਮਸੀਹੀ, ਸੰਭਾਵੀ ਚੇਲਿਆਂ ਦੇ ਸੰਬੰਧ ਵਿਚ ਕਿਹੜੀ ਉਮੀਦ ਰੱਖਦੇ ਹਨ?
ਇਕ ਮਸੀਹੀ ਵਿਆਹੁਤਾ ਜੋੜਾ ਆਪਣੇ ਨਵੇਂ ਜੰਮੇ ਬੱਚੇ ਨੂੰ ਨੀਝ ਨਾਲ ਦੇਖਦਾ ਹੈ। ਇਕ ਰਾਜ ਪ੍ਰਕਾਸ਼ਕ ਆਪਣੇ ਬਾਈਬਲ ਸਿੱਖਿਆਰਥੀ ਦੇ ਚਿਹਰੇ ਤੇ ਉਤਸੁਕਤਾ ਅਤੇ ਦਿਲਚਸਪੀ ਭਰੇ ਹਾਵ-ਭਾਵ ਦੇਖਦਾ ਹੈ। ਮੰਚ ਤੋਂ ਸਿਖਾ ਰਿਹਾ ਇਕ ਮਸੀਹੀ ਬਜ਼ੁਰਗ, ਹਾਜ਼ਰੀਨਾਂ ਵਿਚ ਇਕ ਨਵੇਂ ਵਿਅਕਤੀ ਨੂੰ ਦੇਖਦਾ ਹੈ ਜੋ ਆਪਣੀ ਬਾਈਬਲ ਵਿੱਚੋਂ ਉਤਸੁਕਤਾ ਨਾਲ ਸ਼ਾਸਤਰ-ਵਚਨ ਪੜ੍ਹ ਰਿਹਾ ਹੈ। ਯਹੋਵਾਹ ਦੇ ਇਨ੍ਹਾਂ ਵਫ਼ਾਦਾਰ ਸੇਵਕਾਂ ਦੇ ਦਿਲ ਉਮੀਦ ਨਾਲ ਭਰੇ ਹੋਏ ਹਨ। ਉਹ ਸੋਚਦੇ ਹਨ, ‘ਕੀ ਇਹ ਵਿਅਕਤੀ ਯਹੋਵਾਹ ਨਾਲ ਪ੍ਰੇਮ ਕਰੇਗਾ ਅਤੇ ਉਸ ਦੀ ਸੇਵਾ ਕਰੇਗਾ—ਅਤੇ ਵਫ਼ਾਦਾਰ ਰਹੇਗਾ?’ ਨਿਰਸੰਦੇਹ, ਅਜਿਹਾ ਆਪਣੇ ਆਪ ਨਹੀਂ ਹੁੰਦਾ ਹੈ। ਇਸ ਲਈ ਮਿਹਨਤ ਕਰਨੀ ਜ਼ਰੂਰੀ ਹੈ।
2. ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਸਿਖਾਉਣ ਦੇ ਕੰਮ ਦੀ ਮਹੱਤਤਾ ਬਾਰੇ ਕਿਵੇਂ ਯਾਦ ਕਰਵਾਇਆ, ਅਤੇ ਇਹ ਸਾਨੂੰ ਆਪਣੇ ਆਪ ਦੀ ਕਿਹੜੀ ਜਾਂਚ ਕਰਨ ਲਈ ਪ੍ਰੇਰਿਤ ਕਰਦੀ ਹੈ?
2 ਇਕ ਮਾਹਰ ਸਿੱਖਿਅਕ ਹੋਣ ਕਰਕੇ, ਪੌਲੁਸ ਨੇ ਸਿਖਾਉਣ ਅਤੇ ਚੇਲੇ ਬਣਾਉਣ ਦੇ ਕੰਮ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਜਦੋਂ ਉਸ ਨੇ ਲਿਖਿਆ: “ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ।” (ਇਬਰਾਨੀਆਂ 5:12) ਜਿਨ੍ਹਾਂ ਮਸੀਹੀਆਂ ਨਾਲ ਉਹ ਗੱਲ ਕਰ ਰਿਹਾ ਸੀ, ਉਨ੍ਹਾਂ ਨੇ ਬਹੁਤ ਥੋੜ੍ਹੀ ਤਰੱਕੀ ਕੀਤੀ ਸੀ, ਚਾਹੇ ਕਿ ਉਹ ਲੰਮੇ ਸਮੇਂ ਤੋਂ ਵਿਸ਼ਵਾਸੀ ਸਨ। ਉਹ ਸਿਰਫ਼ ਦੂਜਿਆਂ ਨੂੰ ਸਿਖਾਉਣ ਦੇ ਅਯੋਗ ਹੀ ਨਹੀਂ ਸਨ, ਸਗੋਂ ਉਨ੍ਹਾਂ ਨੂੰ ਸੱਚਾਈ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਵੀ ਯਾਦ ਕਰਾਉਣ ਦੀ ਲੋੜ ਸੀ। ਅੱਜ, ਸਾਨੂੰ ਸਾਰਿਆਂ ਨੂੰ ਸਿੱਖਿਅਕਾਂ ਵਜੋਂ ਆਪਣੀਆਂ ਯੋਗਤਾਵਾਂ ਦੀ ਸਮੇਂ-ਸਮੇਂ ਤੇ ਜਾਂਚ ਕਰਨੀ ਚਾਹੀਦੀ ਹੈ ਅਤੇ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਵਿਚ ਕਿਸ ਤਰ੍ਹਾਂ ਸੁਧਾਰ ਕਰ ਸਕਦੇ ਹਾਂ। ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਹਨ। ਉਨ੍ਹਾਂ ਲਈ ਅਸੀਂ ਕੀ ਕਰ ਸਕਦੇ ਹਾਂ?
3. (ੳ) ਪੌਲੁਸ ਰਸੂਲ ਨੇ ਮਸੀਹੀ ਚੇਲੇ ਬਣਾਉਣ ਦੇ ਕੰਮ ਦੀ ਤੁਲਨਾ ਕਿਸ ਚੀਜ਼ ਨਾਲ ਕੀਤੀ? (ਅ) ਮਸੀਹੀ ਉਸਰਈਆ ਹੋਣ ਦੇ ਨਾਤੇ, ਸਾਡੇ ਕੋਲ ਕਿਹੜਾ ਵਿਸ਼ੇਸ਼-ਸਨਮਾਨ ਹੈ?
3 ਇਸ ਨੂੰ ਸਮਝਾਉਣ ਲਈ ਪੌਲੁਸ ਨੇ ਇਕ ਮਿਸਾਲ ਦਿੱਤੀ, ਜਿਸ ਵਿਚ ਉਸ ਨੇ ਚੇਲੇ ਬਣਾਉਣ ਦੇ ਕੰਮ ਦੀ ਤੁਲਨਾ ਇਕ ਇਮਾਰਤ ਉਸਾਰਨ ਨਾਲ ਕੀਤੀ। ਉਸ ਨੇ ਇਹ ਕਹਿੰਦੇ ਹੋਏ ਸ਼ੁਰੂ ਕੀਤਾ: “ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ। ਤੁਸੀਂ ਪਰਮੇਸ਼ੁਰ ਦੀ ਖੇਤੀ ਅਰ ਪਰਮੇਸ਼ੁਰ ਦਾ ਭਵਨ ਹੋ।” (1 ਕੁਰਿੰਥੀਆਂ 3:9) ਅਸੀਂ ਉਸਾਰੀ ਦੇ ਅਜਿਹੇ ਕੰਮ ਵਿਚ ਹਿੱਸਾ ਲੈ ਰਹੇ ਹਾਂ ਜਿਸ ਵਿਚ ਲੋਕ ਸ਼ਾਮਲ ਹਨ; ਅਸੀਂ ਮਸੀਹ ਦੇ ਚੇਲਿਆਂ ਵਜੋਂ ਉਸਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਅਸੀਂ ਉਸ ਪਰਮੇਸ਼ੁਰ ਦੇ ਸਾਂਝੀਦਾਰ ਵਜੋਂ ਕੰਮ ਕਰਦੇ ਹਾਂ ਜਿਸ ਨੇ “ਸੱਭੋ ਕੁਝ ਬਣਾਇਆ।” (ਇਬਰਾਨੀਆਂ 3:4) ਕਿੰਨਾ ਵਧੀਆ ਵਿਸ਼ੇਸ਼-ਸਨਮਾਨ! ਆਓ ਅਸੀਂ ਦੇਖੀਏ ਕਿ ਕੁਰਿੰਥੀਆਂ ਨੂੰ ਦਿੱਤੀ ਪੌਲੁਸ ਦੀ ਪ੍ਰੇਰਿਤ ਸਲਾਹ ਇਸ ਕੰਮ ਵਿਚ ਹੋਰ ਮਾਹਰ ਹੋਣ ਲਈ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ। ਅਸੀਂ ਖ਼ਾਸ ਕਰਕੇ “ਸਿੱਖਿਆ” ਦੇਣ ਦੀ ਆਪਣੀ ਕਲਾ ਉੱਤੇ ਧਿਆਨ ਦੇਵਾਂਗੇ।—2 ਤਿਮੋਥਿਉਸ 4:2.
ਸਹੀ ਨੀਂਹ ਰੱਖਣੀ
4. (ੳ) ਉਸਾਰੀ ਦੇ ਮਸੀਹੀ ਕੰਮ ਵਿਚ ਪੌਲੁਸ ਦੀ ਕੀ ਭੂਮਿਕਾ ਸੀ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਅਤੇ ਉਸ ਦੇ ਸਰੋਤੇ ਪੱਕੀ ਨੀਂਹ ਦੀ ਮਹੱਤਤਾ ਨੂੰ ਸਮਝਦੇ ਸਨ?
4 ਜੇਕਰ ਅਸੀਂ ਇਕ ਸਥਿਰ ਅਤੇ ਮਜ਼ਬੂਤ ਇਮਾਰਤ ਬਣਾਉਣੀ ਹੈ, ਤਾਂ ਉਸ ਲਈ ਪੱਕੀ ਨੀਂਹ ਦੀ ਜ਼ਰੂਰਤ ਹੈ। ਇਸ ਲਈ, ਪੌਲੁਸ ਨੇ ਲਿਖਿਆ: “ਪਰਮੇਸ਼ੁਰ ਦੀ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਾਨ ਹੋਈ ਹੈ ਮੈਂ ਸਿਆਣੇ ਰਾਜ ਮਿਸਤ੍ਰੀ ਵਾਂਙੁ ਨੀਂਹ ਰੱਖੀ।” (1 ਕੁਰਿੰਥੀਆਂ 3:10) ਮਿਲਦੇ-ਜੁਲਦੇ ਦ੍ਰਿਸ਼ਟਾਂਤ ਨੂੰ ਇਸਤੇਮਾਲ ਕਰਦੇ ਹੋਏ, ਯਿਸੂ ਮਸੀਹ ਨੇ ਇਕ ਅਜਿਹੇ ਘਰ ਬਾਰੇ ਦੱਸਿਆ ਜਿਹੜਾ ਤੂਫ਼ਾਨ ਤੋਂ ਬਚਿਆ ਕਿਉਂਕਿ ਉਸ ਦੇ ਬਣਾਉਣ ਵਾਲੇ ਨੇ ਪੱਕੀ ਨੀਂਹ ਰੱਖੀ ਸੀ। (ਲੂਕਾ 6:47-49) ਯਿਸੂ ਨੀਂਹ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਜਦੋਂ ਯਹੋਵਾਹ ਨੇ ਧਰਤੀ ਦੀ ਨੀਂਹ ਰੱਖੀ ਸੀ, ਤਾਂ ਯਿਸੂ ਮੌਜੂਦ ਸੀ।a (ਕਹਾਉਤਾਂ 8:29-31) ਯਿਸੂ ਦੇ ਸਰੋਤਿਆਂ ਨੇ ਵੀ ਪੱਕੀ ਨੀਂਹ ਦੀ ਮਹੱਤਤਾ ਨੂੰ ਸਮਝਿਆ। ਸਿਰਫ਼ ਪੱਕੀ ਨੀਂਹ ਵਾਲੇ ਘਰ ਹੀ ਤੇਜ਼ ਹੜ੍ਹ ਅਤੇ ਭੁਚਾਲ ਤੋਂ ਬਚ ਸਕਦੇ ਸਨ ਜੋ ਕਦੀ-ਕਦੀ ਫਲਸਤੀਨ ਵਿਚ ਆਉਂਦੇ ਸਨ। ਪਰੰਤੂ, ਪੌਲੁਸ ਕਿਹੜੀ ਨੀਂਹ ਬਾਰੇ ਗੱਲ ਕਰ ਰਿਹਾ ਸੀ?
5. ਮਸੀਹੀ ਕਲੀਸਿਯਾ ਦੀ ਨੀਂਹ ਕੌਣ ਹੈ, ਅਤੇ ਇਸ ਬਾਰੇ ਪਹਿਲਾਂ ਕਿਵੇਂ ਦੱਸਿਆ ਗਿਆ ਸੀ?
5 ਪੌਲੁਸ ਨੇ ਲਿਖਿਆ: “ਉਸ ਨੀਂਹ ਤੋਂ ਬਿਨਾ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸੱਕਦਾ ਅਰ ਉਹ ਯਿਸੂ ਮਸੀਹ ਹੈ।” (1 ਕੁਰਿੰਥੀਆਂ 3:11) ਇਸ ਤੋਂ ਵੀ ਪਹਿਲਾਂ, ਯਿਸੂ ਦੀ ਤੁਲਨਾ ਇਕ ਨੀਂਹ ਨਾਲ ਕੀਤੀ ਗਈ ਸੀ। ਯਸਾਯਾਹ 28:16 ਨੇ ਪਹਿਲਾਂ ਹੀ ਦੱਸਿਆ ਸੀ: “ਪ੍ਰਭੁ ਯਹੋਵਾਹ ਫ਼ਰਮਾਉਂਦਾ ਹੈ, ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ, ਇੱਕ ਪਰਖਿਆ ਹੋਇਆ ਪੱਥਰ, ਇੱਕ ਅਮੋਲਕ ਖੂੰਜੇ ਦਾ ਪੱਥਰ ਪੱਕੀ ਨੀਂਹ ਦਾ ਧਰਦਾ ਹਾਂ।” ਯਹੋਵਾਹ ਦਾ ਬਹੁਤ ਲੰਮੇ ਸਮੇਂ ਤੋਂ ਇਹ ਮਕਸਦ ਸੀ ਕਿ ਉਸ ਦਾ ਪੁੱਤਰ ਮਸੀਹੀ ਕਲੀਸਿਯਾ ਦੀ ਨੀਂਹ ਬਣੇ।—ਜ਼ਬੂਰ 118:22; ਅਫ਼ਸੀਆਂ 2:19-22; 1 ਪਤਰਸ 2:4-6.
6. ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਵਿਚ ਕਿਸ ਤਰ੍ਹਾਂ ਸਹੀ ਨੀਂਹ ਧਰੀ?
6 ਹਰ ਇਕ ਮਸੀਹੀ ਦੀ ਨੀਂਹ ਕੀ ਹੈ? ਜਿਵੇਂ ਪੌਲੁਸ ਨੇ ਦੱਸਿਆ, ਪਰਮੇਸ਼ੁਰ ਦੇ ਬਚਨ ਵਿਚ ਦੱਸੀ ਗਈ ਨੀਂਹ—ਯਿਸੂ ਮਸੀਹ—ਤੋਂ ਇਲਾਵਾ ਸੱਚੇ ਮਸੀਹੀ ਲਈ ਹੋਰ ਕੋਈ ਨੀਂਹ ਨਹੀਂ ਹੈ। ਯਕੀਨਨ ਪੌਲੁਸ ਨੇ ਅਜਿਹੀ ਨੀਂਹ ਧਰੀ ਸੀ। ਕੁਰਿੰਥੁਸ ਵਿਚ, ਜਿੱਥੇ ਫ਼ਲਸਫ਼ੇ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਸੀ, ਉਸ ਨੇ ਸੰਸਾਰ ਦੀ ਬੁੱਧ ਨਾਲ ਲੋਕਾਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੀ ਬਜਾਇ, ਪੌਲੁਸ ਨੇ “ਸਲੀਬ ਦਿੱਤੇ ਹੋਏ ਮਸੀਹ” ਦਾ ਪ੍ਰਚਾਰ ਕੀਤਾ, ਪਰ ਉਸ ਦੇ ਪ੍ਰਚਾਰ ਨੂੰ ਕੌਮਾਂ ਨੇ “ਮੂਰਖਤਾਈ” ਸਮਝ ਕੇ ਸਵੀਕਾਰ ਨਹੀਂ ਕੀਤਾ। (1 ਕੁਰਿੰਥੀਆਂ 1:23) ਪੌਲੁਸ ਨੇ ਸਿਖਾਇਆ ਕਿ ਯਹੋਵਾਹ ਦੇ ਮਕਸਦ ਵਿਚ ਯਿਸੂ ਦੀ ਮੁੱਖ ਭੂਮਿਕਾ ਹੈ।—2 ਕੁਰਿੰਥੀਆਂ 1:20; ਕੁਲੁੱਸੀਆਂ 2:2, 3.
7. ਪੌਲੁਸ ਦੁਆਰਾ ਆਪਣੇ ਆਪ ਨੂੰ ‘ਸਿਆਣਾ ਰਾਜ ਮਿਸਤ੍ਰੀ’ ਕਹਿਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
7 ਪੌਲੁਸ ਨੇ ਕਿਹਾ ਕਿ ਉਸ ਨੇ “ਸਿਆਣੇ ਰਾਜ ਮਿਸਤ੍ਰੀ ਵਾਂਙੁ” ਸਿੱਖਿਆ ਦਿੱਤੀ। ਪੌਲੁਸ ਇਹ ਕਹਿ ਕੇ ਸ਼ੇਖ਼ੀ ਨਹੀਂ ਮਾਰ ਰਿਹਾ ਸੀ। ਉਹ ਕੇਵਲ ਇਹ ਕਬੂਲ ਕਰ ਰਿਹਾ ਸੀ ਕਿ ਯਹੋਵਾਹ ਨੇ ਉਸ ਨੂੰ ਇਕ ਅਦਭੁਤ ਦਾਤ ਦਿੱਤੀ ਹੈ—ਕੰਮ ਨੂੰ ਸੁਵਿਵਸਥਿਤ ਜਾਂ ਨਿਰਦੇਸ਼ਿਤ ਕਰਨ ਦੀ ਦਾਤ। (1 ਕੁਰਿੰਥੀਆਂ 12:28) ਇਹ ਸੱਚ ਹੈ ਕਿ ਅੱਜ ਸਾਡੇ ਕੋਲ ਅਜਿਹੀਆਂ ਚਮਤਕਾਰੀ ਦਾਤਾਂ ਨਹੀਂ ਹਨ ਜੋ ਕਿ ਪਹਿਲੀ ਸਦੀ ਦੇ ਮਸੀਹੀਆਂ ਨੂੰ ਬਖ਼ਸ਼ੀਆਂ ਗਈਆਂ ਸਨ। ਅਤੇ ਅਸੀਂ ਸ਼ਾਇਦ ਆਪਣੇ ਆਪ ਨੂੰ ਮਾਹਰ ਸਿੱਖਿਅਕ ਨਹੀਂ ਸਮਝਦੇ ਹਾਂ। ਪਰੰਤੂ ਇਕ ਖ਼ਾਸ ਅਰਥ ਵਿਚ, ਅਸੀਂ ਮਾਹਰ ਸਿੱਖਿਅਕ ਹਾਂ। ਵਿਚਾਰ ਕਰੋ: ਯਹੋਵਾਹ ਸਾਡੀ ਮਦਦ ਕਰਨ ਲਈ ਸਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ। (ਲੂਕਾ 12:11, 12 ਦੀ ਤੁਲਨਾ ਕਰੋ।) ਅਤੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਸਾਨੂੰ ਉਸ ਦੇ ਬਚਨ ਦੀਆਂ ਬੁਨਿਆਦੀ ਸਿੱਖਿਆਵਾਂ ਦਾ ਗਿਆਨ ਪ੍ਰਾਪਤ ਹੈ। ਇਹ ਸੱਚ-ਮੁੱਚ ਅਦਭੁਤ ਦਾਤਾਂ ਹਨ, ਜਿਨ੍ਹਾਂ ਨੂੰ ਦੂਸਰਿਆਂ ਨੂੰ ਸਿਖਾਉਣ ਲਈ ਵਰਤਿਆ ਜਾ ਸਕਦਾ ਹੈ। ਆਓ ਆਪਾਂ ਸਹੀ ਨੀਂਹ ਧਰਨ ਲਈ ਇਨ੍ਹਾਂ ਨੂੰ ਵਰਤਣ ਦਾ ਪੱਕਾ ਇਰਾਦਾ ਕਰੀਏ।
8. ਸੰਭਾਵੀ ਚੇਲਿਆਂ ਵਿਚ ਅਸੀਂ ਮਸੀਹ ਨੂੰ ਨੀਂਹ ਵਜੋਂ ਕਿਵੇਂ ਧਰਦੇ ਹਾਂ?
8 ਜਦੋਂ ਅਸੀਂ ਮਸੀਹ ਨੂੰ ਨੀਂਹ ਵਜੋਂ ਧਰਦੇ ਹਾਂ, ਤਾਂ ਅਸੀਂ ਉਸ ਨੂੰ ਖੁਰਲੀ ਵਿਚ ਪਏ ਇਕ ਬੇਬੱਸ ਬੱਚੇ ਵਜੋਂ, ਜਾਂ ਤ੍ਰਿਏਕ ਵਿਚ ਯਹੋਵਾਹ ਦੇ ਬਰਾਬਰ ਦੇ ਵਿਅਕਤੀ ਵਜੋਂ ਪੇਸ਼ ਨਹੀਂ ਕਰਦੇ ਹਾਂ। ਨਹੀਂ, ਅਜਿਹੀ ਸ਼ਾਸਤਰ-ਵਿਰੋਧੀ ਧਾਰਣਾ ਝੂਠੇ ਮਸੀਹੀਆਂ ਲਈ ਨੀਂਹ ਧਰਦੀ ਹੈ। ਇਸ ਦੀ ਬਜਾਇ, ਅਸੀਂ ਸਿਖਾਉਂਦੇ ਹਾਂ ਕਿ ਉਹ ਸਰਬ ਮਹਾਨ ਮਨੁੱਖ ਹੈ ਜੋ ਕਦੀ ਜੀਉਂਦਾ ਰਿਹਾ, ਕਿ ਉਸ ਨੇ ਸਾਡੀ ਖ਼ਾਤਰ ਆਪਣਾ ਸੰਪੂਰਣ ਜੀਵਨ ਦਿੱਤਾ, ਅਤੇ ਕਿ ਅੱਜ ਉਹ ਯਹੋਵਾਹ ਦੇ ਨਿਯੁਕਤ ਰਾਜੇ ਵਜੋਂ ਸਵਰਗ ਵਿਚ ਰਾਜ ਕਰ ਰਿਹਾ ਹੈ। (ਰੋਮੀਆਂ 5:8; ਪਰਕਾਸ਼ ਦੀ ਪੋਥੀ 11:15) ਅਸੀਂ ਆਪਣੇ ਸਿੱਖਿਆਰਥੀ ਨੂੰ ਯਿਸੂ ਦੇ ਕਦਮਾਂ ਉੱਤੇ ਚੱਲਣ ਅਤੇ ਉਸ ਦੇ ਗੁਣਾਂ ਦੀ ਰੀਸ ਕਰਨ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। (1 ਪਤਰਸ 2:21) ਅਸੀਂ ਚਾਹੁੰਦੇ ਹਾਂ ਕਿ ਉਹ ਸੇਵਕਾਈ ਪ੍ਰਤੀ ਯਿਸੂ ਦੇ ਜੋਸ਼ ਤੋਂ, ਦੱਬੇ-ਕੁਚਲੇ ਲੋਕਾਂ ਲਈ ਉਸ ਦੀ ਰਹਿਮ-ਦਿਲੀ ਤੋਂ, ਦੋਸ਼-ਭਾਵਨਾ ਹੇਠ ਦੱਬੇ ਹੋਏ ਪਾਪੀਆਂ ਵਾਸਤੇ ਉਸ ਦੀ ਦਇਆ ਤੋਂ, ਅਤੇ ਪਰਤਾਵਿਆਂ ਦੌਰਾਨ ਉਸ ਦੇ ਮਜ਼ਬੂਤ ਹੌਸਲੇ ਤੋਂ ਦਿਲੋਂ ਪ੍ਰਭਾਵਿਤ ਹੋਣ। ਸੱਚ-ਮੁੱਚ, ਯਿਸੂ ਇਕ ਉੱਤਮ ਨੀਂਹ ਹੈ। ਪਰ ਸਾਨੂੰ ਅੱਗੇ ਕੀ ਕਰਨ ਦੀ ਲੋੜ ਹੈ?
ਸਹੀ ਸਮਾਨ ਨਾਲ ਉਸਾਰੀ ਕਰਨੀ
9. ਭਾਵੇਂ ਕਿ ਪੌਲੁਸ ਮੁੱਖ ਤੌਰ ਤੇ ਇਕ ਨੀਂਹ ਧਰਨ ਵਾਲਾ ਸੀ, ਪਰ ਉਸ ਨੂੰ ਉਨ੍ਹਾਂ ਲੋਕਾਂ ਬਾਰੇ ਕਿਹੜੀ ਚਿੰਤਾ ਸੀ ਜਿਨ੍ਹਾਂ ਨੇ ਉਸ ਦੁਆਰਾ ਸਿਖਾਈ ਗਈ ਸੱਚਾਈ ਨੂੰ ਸਵੀਕਾਰ ਕੀਤਾ ਸੀ?
9 ਪੌਲੁਸ ਨੇ ਲਿਖਿਆ: “ਪਰ ਜੇ ਕੋਈ ਇਹ ਨੀਂਹ ਉੱਤੇ ਸੋਨੇ, ਚਾਂਦੀ, ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ ਅਤੇ ਭੋ ਦੀ ਉਸਾਰੀ ਕਰੇ, ਤਾਂ ਹਰੇਕ ਦਾ ਕੰਮ ਪਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਉਘਾੜ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪਰਕਾਰ ਦਾ ਹੈ।” (1 ਕੁਰਿੰਥੀਆਂ 3:12, 13) ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ? ਇਸ ਦੇ ਪਿਛੋਕੜ ਉੱਤੇ ਗੌਰ ਕਰੋ। ਪੌਲੁਸ ਮੁੱਖ ਤੌਰ ਤੇ ਇਕ ਨੀਂਹ ਧਰਨ ਵਾਲਾ ਸੀ। ਆਪਣੇ ਮਿਸ਼ਨਰੀ ਦੌਰੇ ਤੇ, ਉਸ ਨੇ ਸ਼ਹਿਰ-ਸ਼ਹਿਰ ਜਾ ਕੇ ਉਨ੍ਹਾਂ ਬਹੁਤ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ, ਜਿਨ੍ਹਾਂ ਨੇ ਮਸੀਹ ਬਾਰੇ ਕਦੀ ਸੁਣਿਆ ਹੀ ਨਹੀਂ ਸੀ। (ਰੋਮੀਆਂ 15:20) ਜਿਉਂ-ਜਿਉਂ ਲੋਕ ਉਸ ਦੁਆਰਾ ਸਿਖਾਈ ਗਈ ਸੱਚਾਈ ਨੂੰ ਸਵੀਕਾਰ ਕਰਦੇ ਗਏ, ਤਿਉਂ-ਤਿਉਂ ਕਲੀਸਿਯਾਵਾਂ ਬਣਦੀਆਂ ਗਈਆਂ। ਪੌਲੁਸ ਨੂੰ ਇਨ੍ਹਾਂ ਵਫ਼ਾਦਾਰ ਵਿਅਕਤੀਆਂ ਦੀ ਬਹੁਤ ਚਿੰਤਾ ਸੀ। (2 ਕੁਰਿੰਥੀਆਂ 11:28, 29) ਪਰ, ਉਹ ਆਪਣੇ ਕੰਮ ਕਰਕੇ ਇਕ ਥਾਂ ਤੋਂ ਦੂਜੀ ਥਾਂ ਜਾਂਦਾ ਰਹਿੰਦਾ ਸੀ। ਇਸ ਕਰਕੇ, ਕੁਰਿੰਥੁਸ ਵਿਚ ਨੀਂਹ ਧਰਨ ਵਿਚ 18 ਮਹੀਨੇ ਬਿਤਾਉਣ ਤੋਂ ਬਾਅਦ, ਉਹ ਦੂਸਰੇ ਸ਼ਹਿਰਾਂ ਵਿਚ ਪ੍ਰਚਾਰ ਕਰਨ ਲਈ ਚਲਿਆ ਗਿਆ। ਪਰ ਅਜੇ ਵੀ, ਉਸ ਨੂੰ ਗਹਿਰੀ ਦਿਲਚਸਪੀ ਸੀ ਕਿ ਉਸ ਨੇ ਉੱਥੇ ਜੋ ਨੀਂਹ ਧਰੀ ਸੀ ਉਸ ਉੱਤੇ ਦੂਸਰੇ ਕਿਵੇਂ ਉਸਾਰੀ ਕਰ ਰਹੇ ਸਨ।—ਰਸੂਲਾਂ ਦੇ ਕਰਤੱਬ 18:8-11; 1 ਕੁਰਿੰਥੀਆਂ 3:6.
10, 11. (ੳ) ਪੌਲੁਸ ਨੇ ਕਿਵੇਂ ਦੋ ਪ੍ਰਕਾਰ ਦੇ ਉਸਾਰੀ ਸਮਾਨ ਵਿਚ ਅੰਤਰ ਦੱਸਿਆ? (ਅ) ਪ੍ਰਾਚੀਨ ਕੁਰਿੰਥੁਸ ਵਿਚ ਸੰਭਵ ਤੌਰ ਤੇ ਕਿਸ ਪ੍ਰਕਾਰ ਦੀਆਂ ਇਮਾਰਤਾਂ ਸਨ? (ੲ) ਕਿਸ ਪ੍ਰਕਾਰ ਦੀਆਂ ਇਮਾਰਤਾਂ ਸੰਭਵ ਤੌਰ ਤੇ ਅੱਗ ਵਿਚ ਟਿਕੀਆਂ ਰਹਿਣਗੀਆਂ, ਅਤੇ ਚੇਲੇ ਬਣਾਉਣ ਵਾਲੇ ਮਸੀਹੀ ਇਸ ਤੋਂ ਕਿਹੜਾ ਸਬਕ ਸਿੱਖਦੇ ਹਨ?
10 ਇਹ ਜਾਪਦਾ ਹੈ ਕਿ ਜਿਹੜੇ ਲੋਕ ਕੁਰਿੰਥੁਸ ਵਿਚ ਪੌਲੁਸ ਦੁਆਰਾ ਧਰੀ ਨੀਂਹ ਉੱਤੇ ਉਸਾਰੀ ਕਰ ਰਹੇ ਸਨ, ਉਹ ਬਹੁਤ ਹੀ ਘਟੀਆ ਕੰਮ ਕਰ ਰਹੇ ਸਨ। ਸਮੱਸਿਆ ਨੂੰ ਸਪੱਸ਼ਟ ਕਰਨ ਲਈ, ਪੌਲੁਸ ਦੋ ਪ੍ਰਕਾਰ ਦੇ ਉਸਾਰੀ ਸਮਾਨ ਵਿਚ ਅੰਤਰ ਦੱਸਦਾ ਹੈ: ਇਕ ਪਾਸੇ ਸੋਨਾ, ਚਾਂਦੀ, ਅਤੇ ਬਹੁਮੁੱਲੇ ਪੱਥਰ; ਦੂਸਰੇ ਪਾਸੇ ਲੱਕੜੀ, ਘਾਹ-ਫੂਸ, ਅਤੇ ਭੋ। ਇਕ ਇਮਾਰਤ ਵਧੀਆ, ਮਜ਼ਬੂਤ, ਅੱਗ ਰੋਕਣ ਵਾਲੇ ਸਮਾਨ ਨਾਲ ਖੜ੍ਹੀ ਕੀਤੀ ਜਾ ਸਕਦੀ ਹੈ; ਜਾਂ ਜਲਦਬਾਜ਼ੀ ਵਿਚ ਰੱਦੀ, ਕਮਜ਼ੋਰ, ਅਤੇ ਜਲਣਸ਼ੀਲ ਸਮਾਨ ਨਾਲ ਵੀ ਖੜ੍ਹੀ ਕੀਤੀ ਜਾ ਸਕਦੀ ਹੈ। ਨਿਰਸੰਦੇਹ, ਕੁਰਿੰਥੁਸ ਵਰਗਾ ਵੱਡਾ ਸ਼ਹਿਰ ਦੋਵੇਂ ਤਰ੍ਹਾਂ ਦੀਆਂ ਇਮਾਰਤਾਂ ਨਾਲ ਭਰਿਆ ਹੋਇਆ ਸੀ। ਉੱਥੇ ਵੱਡੇ-ਵੱਡੇ, ਕੀਮਤੀ ਪੱਥਰਾਂ ਨਾਲ ਬਣੇ ਹੋਏ ਸ਼ਾਨਦਾਰ ਮੰਦਰ ਸਨ, ਜਿਨ੍ਹਾਂ ਦੇ ਮੱਥੇ ਜਾਂ ਕੁਝ ਹਿੱਸੇ ਸੋਨੇ ਅਤੇ ਚਾਂਦੀ ਨਾਲ ਮੜ੍ਹੇ ਹੋਏ ਸਨ।b ਇਹ ਮਜ਼ਬੂਤ ਇਮਾਰਤਾਂ ਸ਼ਾਇਦ ਲੱਕੜਾਂ ਅਤੇ ਘਾਹ-ਫੂਸ ਨਾਲ ਬਣੀਆਂ ਆਲੇ-ਦੁਆਲੇ ਦੀਆਂ ਝੌਂਪੜੀਆਂ, ਝੁੱਗੀਆਂ, ਅਤੇ ਖੋਖਿਆਂ ਦੀ ਤੁਲਨਾ ਵਿਚ ਬਹੁਤ ਹੀ ਸ਼ਾਨਦਾਰ ਦਿੱਸਦੀਆਂ ਸਨ।
11 ਅੱਗ ਵਿਚ ਇਨ੍ਹਾਂ ਇਮਾਰਤਾਂ ਦਾ ਕੀ ਹੋਵੇਗਾ? ਇਸ ਦਾ ਜਵਾਬ ਪੌਲੁਸ ਦੇ ਦਿਨਾਂ ਵਿਚ ਉੱਨਾ ਹੀ ਸਪੱਸ਼ਟ ਸੀ ਜਿੰਨਾ ਕਿ ਸਾਡੇ ਦਿਨਾਂ ਵਿਚ। ਅਸਲ ਵਿਚ, ਰੋਮੀ ਜਰਨੈਲ ਮਮੀਅਸ ਨੇ 146 ਸਾ.ਯੁ.ਪੂ. ਵਿਚ ਕੁਰਿੰਥੁਸ ਸ਼ਹਿਰ ਨੂੰ ਜਿੱਤ ਕੇ ਅੱਗ ਨਾਲ ਸਾੜ ਦਿੱਤਾ ਸੀ। ਲੱਕੜਾਂ, ਘਾਹ-ਫੂਸ, ਜਾਂ ਭੋ ਨਾਲ ਬਣੀਆਂ ਬਹੁਤ ਸਾਰੀਆਂ ਝੌਂਪੜੀਆਂ ਆਦਿ ਯਕੀਨਨ ਪੂਰੀ ਤਰ੍ਹਾਂ ਸੜ ਗਈਆਂ ਸਨ। ਪਰੰਤੂ ਪੱਥਰਾਂ ਨਾਲ ਬਣੀਆਂ, ਅਤੇ ਸੋਨੇ-ਚਾਂਦੀ ਨਾਲ ਮੜ੍ਹੀਆਂ ਮਜ਼ਬੂਤ ਇਮਾਰਤਾਂ ਦਾ ਕੀ ਹੋਇਆ? ਬਿਨਾਂ ਸ਼ੱਕ, ਇਹ ਬਚ ਗਈਆਂ ਸਨ। ਕੁਰਿੰਥੁਸ ਵਿਚ ਪੌਲੁਸ ਦੇ ਸਿੱਖਿਆਰਥੀ ਸ਼ਾਇਦ ਹਰ ਰੋਜ਼ ਅਜਿਹੀਆਂ ਇਮਾਰਤਾਂ ਸਾਮ੍ਹਣਿਓਂ ਲੰਘੇ ਹੋਣਗੇ। ਇਹ ਮਜ਼ਬੂਤ ਇਮਾਰਤਾਂ ਆਫ਼ਤਾਂ ਦੇ ਬਾਵਜੂਦ ਖੜ੍ਹੀਆਂ ਰਹੀਆਂ, ਜਦ ਕਿ ਆਲੇ-ਦੁਆਲੇ ਦੀਆਂ ਝੌਂਪੜੀਆਂ ਕਦੋਂ ਦੀਆਂ ਨਾਸ਼ ਹੋ ਚੁੱਕੀਆਂ ਸਨ। ਪੌਲੁਸ ਨੇ ਆਪਣੀ ਗੱਲ ਨੂੰ ਕਿੰਨੇ ਸਪੱਸ਼ਟ ਤਰੀਕੇ ਨਾਲ ਸਮਝਾਇਆ! ਜਦੋਂ ਅਸੀਂ ਸਿਖਾਉਂਦੇ ਹਾਂ, ਉਸ ਵੇਲੇ ਸਾਨੂੰ ਆਪਣੇ ਆਪ ਨੂੰ ਉਸਰਈਏ ਸਮਝਣ ਦੀ ਲੋੜ ਹੈ। ਅਸੀਂ ਸਭ ਤੋਂ ਵਧੀਆ, ਮਜ਼ਬੂਤ ਤੋਂ ਮਜ਼ਬੂਤ ਸਮਾਨ ਨਾਲ ਉਸਾਰੀ ਕਰਨੀ ਚਾਹੁੰਦੇ ਹਾਂ। ਇਸ ਤਰ੍ਹਾਂ ਸਾਡਾ ਕੰਮ ਸੰਭਵ ਤੌਰ ਤੇ ਕਾਇਮ ਰਹੇਗਾ। ਇਹ ਮਜ਼ਬੂਤ ਸਮਾਨ ਕੀ ਹੈ, ਅਤੇ ਇਸ ਨੂੰ ਪ੍ਰਯੋਗ ਕਰਨਾ ਕਿਉਂ ਜ਼ਰੂਰੀ ਹੈ?
ਕੀ ਤੁਹਾਡਾ ਕੰਮ ਅੱਗ ਵਿਚ ਟਿਕਿਆ ਰਹੇਗਾ?
12. ਕੁਰਿੰਥੁਸ ਵਿਚ ਕੁਝ ਮਸੀਹੀ ਉਸਾਰੀ ਦੇ ਕੰਮ ਵਿਚ ਕਿਵੇਂ ਲਾਪਰਵਾਹੀ ਕਰ ਰਹੇ ਸਨ?
12 ਸਪੱਸ਼ਟ ਤੌਰ ਤੇ, ਪੌਲੁਸ ਨੇ ਮਹਿਸੂਸ ਕੀਤਾ ਕਿ ਕੁਰਿੰਥੁਸ ਵਿਚ ਕੁਝ ਮਸੀਹੀ ਘਟੀਆ ਢੰਗ ਨਾਲ ਉਸਾਰੀ ਕਰ ਰਹੇ ਸਨ। ਕੀ ਕਮੀ ਸੀ? ਜਿਵੇਂ ਕਿ ਸੰਦਰਭ ਤੋਂ ਪਤਾ ਚੱਲਦਾ ਹੈ, ਕਲੀਸਿਯਾ ਦੀ ਏਕਤਾ ਨੂੰ ਖ਼ਤਰਾ ਹੋਣ ਦੇ ਬਾਵਜੂਦ, ਭੈਣ-ਭਰਾ ਮਨੁੱਖੀ ਸ਼ਖ਼ਸੀਅਤਾਂ ਦੀ ਵਡਿਆਈ ਕਰ ਰਹੇ ਸਨ, ਜਿਸ ਕਰਕੇ ਕਲੀਸਿਯਾ ਵਿਚ ਫੁੱਟ ਪੈ ਗਈ ਸੀ। ਕੁਝ ਕਹਿ ਰਹੇ ਸਨ ਕਿ “ਮੈਂ ਪੌਲੁਸ ਦਾ ਹਾਂ,” ਜਦ ਕਿ ਦੂਸਰੇ ਜ਼ੋਰ ਦੇ ਰਹੇ ਸਨ ਕਿ “ਮੈਂ ਅਪੁੱਲੋਸ ਦਾ ਹਾਂ।” ਸਪੱਸ਼ਟ ਹੈ ਕਿ ਕੁਝ ਆਪਣੀ ਬੁੱਧ ਉੱਤੇ ਘਮੰਡ ਕਰਦੇ ਸਨ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਕਾਰਨ ਕਲੀਸਿਯਾ ਵਿਚ ਦੁਨਿਆਵੀ ਸੋਚ, ਅਧਿਆਤਮਿਕ ਨਿਆਣਪੁਣਾ, ਅਤੇ ‘ਜਲਣ ਅਤੇ ਝਗੜਿਆਂ’ ਦਾ ਮਾਹੌਲ ਪੈਦਾ ਹੋ ਗਿਆ ਸੀ। (1 ਕੁਰਿੰਥੀਆਂ 1:12; 3:1-4, 18) ਯਕੀਨਨ, ਕਲੀਸਿਯਾ ਵਿਚ ਅਤੇ ਸੇਵਕਾਈ ਵਿਚ ਦੂਜਿਆਂ ਨੂੰ ਸਿਖਾਉਣ ਵੇਲੇ ਵੀ ਅਜਿਹਾ ਰਵੱਈਆ ਪ੍ਰਗਟ ਹੋਇਆ ਹੋਵੇਗਾ। ਸਿੱਟੇ ਵਜੋਂ ਉਹ ਚੇਲੇ ਬਣਾਉਣ ਦੇ ਕੰਮ ਵਿਚ ਲਾਪਰਵਾਹੀ ਕਰ ਰਹੇ ਸਨ, ਮਾਨੋ ਉਹ ਘਟੀਆ ਸਮਾਨ ਨਾਲ ਇਮਾਰਤ ਨੂੰ ਉਸਾਰ ਰਹੇ ਸਨ। ਇਹ “ਅੱਗ” ਵਿਚ ਟਿਕੀ ਨਹੀਂ ਰਹੇਗੀ। ਪੌਲੁਸ ਕਿਸ ਅੱਗ ਬਾਰੇ ਗੱਲ ਕਰ ਰਿਹਾ ਸੀ?
13. ਪੌਲੁਸ ਦੇ ਦ੍ਰਿਸ਼ਟਾਂਤ ਵਿਚ ਅੱਗ ਕਿਸ ਚੀਜ਼ ਨੂੰ ਦਰਸਾਉਂਦੀ ਹੈ, ਅਤੇ ਸਾਰੇ ਮਸੀਹੀਆਂ ਨੂੰ ਕਿਹੜੀ ਗੱਲ ਜਾਣਨੀ ਚਾਹੀਦੀ ਹੈ?
13 ਅੱਗ ਜਿਸ ਦਾ ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚ ਸਾਮ੍ਹਣਾ ਕਰਦੇ ਹਾਂ, ਉਹ ਹੈ ਨਿਹਚਾ ਦੀਆਂ ਪਰੀਖਿਆਵਾਂ। (ਯੂਹੰਨਾ 15:20; ਯਾਕੂਬ 1:2, 3) ਕੁਰਿੰਥੁਸ ਦੇ ਮਸੀਹੀਆਂ ਨੂੰ ਇਹ ਜਾਣਨ ਦੀ ਲੋੜ ਸੀ ਜਿਵੇਂ ਕਿ ਅੱਜ ਸਾਨੂੰ ਵੀ ਇਹ ਜਾਣਨ ਦੀ ਲੋੜ ਹੈ, ਕਿ ਜਿਸ ਕਿਸੇ ਨੂੰ ਅਸੀਂ ਸੱਚਾਈ ਸਿਖਾਉਂਦੇ ਹਾਂ, ਉਹ ਜ਼ਰੂਰ ਪਰਖਿਆ ਜਾਵੇਗਾ। ਜੇ ਅਸੀਂ ਘਟੀਆ ਤਰੀਕੇ ਨਾਲ ਸਿਖਾਉਂਦੇ ਹਾਂ, ਤਾਂ ਇਸ ਦੇ ਮਾੜੇ ਸਿੱਟੇ ਨਿਕਲ ਸਕਦੇ ਹਨ। ਪੌਲੁਸ ਨੇ ਚੇਤਾਵਨੀ ਦਿੱਤੀ: “ਜੇ ਕਿਸੇ ਦਾ ਕੰਮ ਜਿਹੜਾ ਉਹ ਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹ ਨੂੰ ਬਦਲਾ ਮਿਲੇਗਾ। ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹ ਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ ਸੜਦਿਆਂ।”c—1 ਕੁਰਿੰਥੀਆਂ 3:14, 15.
14. (ੳ) ਚੇਲੇ ਬਣਾਉਣ ਵਾਲੇ ਮਸੀਹੀਆਂ ਦੀ ਕਿਸ ਤਰ੍ਹਾਂ “ਹਾਨੀ” ਹੋ ਸਕਦੀ ਹੈ, ਪਰ ਉਹ ਕਿਵੇਂ ਸੜਦਿਆਂ ਸੜਦਿਆਂ ਬਚਦੇ ਹਨ? (ਅ) ਅਸੀਂ ਹਾਨੀ ਦੇ ਖ਼ਤਰੇ ਨੂੰ ਕਿਵੇਂ ਘੱਟ ਕਰ ਸਕਦੇ ਹਾਂ?
14 ਸੱਚ-ਮੁੱਚ ਕਿੰਨੇ ਵਿਚਾਰਨਯੋਗ ਸ਼ਬਦ! ਕਿਸੇ ਨੂੰ ਚੇਲਾ ਬਣਾਉਣ ਵਿਚ ਸਖ਼ਤ ਮਿਹਨਤ ਕਰਨ ਤੋਂ ਬਾਅਦ, ਉਸ ਨੂੰ ਪਰਤਾਵੇ ਜਾਂ ਸਤਾਹਟ ਦੇ ਸਾਮ੍ਹਣੇ ਹਾਰ ਮੰਨਦੇ ਅਤੇ ਆਖ਼ਰਕਾਰ ਸੱਚਾਈ ਦੇ ਰਾਹ ਨੂੰ ਛੱਡਦੇ ਦੇਖਣਾ ਬਹੁਤ ਦੁਖਦਾਈ ਹੋ ਸਕਦਾ ਹੈ। ਪੌਲੁਸ ਇਸ ਗੱਲ ਨੂੰ ਕਬੂਲ ਕਰਦਾ ਹੈ ਜਦੋਂ ਉਹ ਕਹਿੰਦਾ ਹੈ ਕਿ ਅਜਿਹੇ ਮਾਮਲਿਆਂ ਵਿਚ ਸਾਡੀ ਹਾਨੀ ਹੋ ਜਾਂਦੀ ਹੈ। ਇਹ ਅਨੁਭਵ ਇੰਨਾ ਦੁਖਦਾਈ ਹੋ ਸਕਦਾ ਹੈ ਕਿ ਅਸੀਂ ਮਾਨੋ “ਸੜਦਿਆਂ ਸੜਦਿਆਂ” ਬਚਦੇ ਹਾਂ—ਉਸ ਮਨੁੱਖ ਵਾਂਗ, ਜੋ ਅੱਗ ਵਿਚ ਆਪਣਾ ਸਭ ਕੁਝ ਗੁਆ ਬੈਠਦਾ ਹੈ ਪਰ ਉਹ ਖ਼ੁਦ ਮਸਾਂ ਹੀ ਬਚਦਾ ਹੈ। ਆਪਣੀ ਤਰਫ਼ੋਂ ਅਸੀਂ ਹਾਨੀ ਦੇ ਖ਼ਤਰੇ ਨੂੰ ਕਿਵੇਂ ਘੱਟ ਕਰ ਸਕਦੇ ਹਾਂ? ਮਜ਼ਬੂਤ ਸਮਾਨ ਨਾਲ ਉਸਾਰੀ ਕਰੋ! ਜੇ ਅਸੀਂ ਆਪਣੇ ਸਿੱਖਿਆਰਥੀਆਂ ਨੂੰ ਇਸ ਤਰ੍ਹਾਂ ਸਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੇ ਦਿਲਾਂ ਤਕ ਪਹੁੰਚਦੇ ਹਾਂ, ਅਤੇ ਉਨ੍ਹਾਂ ਨੂੰ ਬੁੱਧ, ਸਮਝ, ਯਹੋਵਾਹ ਦੇ ਭੈ, ਅਤੇ ਸੱਚੀ ਨਿਹਚਾ ਵਰਗੇ ਬਹੁਮੁੱਲੇ ਮਸੀਹੀ ਗੁਣਾਂ ਦੀ ਕਦਰ ਕਰਨ ਲਈ ਪ੍ਰੇਰਿਤ ਕਰਦੇ ਹਾਂ, ਤਾਂ ਅਸੀਂ ਮਜ਼ਬੂਤ, ਅੱਗ ਰੋਕਣ ਵਾਲੇ ਸਮਾਨ ਨਾਲ ਉਸਾਰੀ ਕਰ ਰਹੇ ਹਾਂ। (ਜ਼ਬੂਰ 19:9, 10; ਕਹਾਉਤਾਂ 3:13-15; 1 ਪਤਰਸ 1:6, 7) ਜਿਹੜੇ ਵਿਅਕਤੀ ਇਨ੍ਹਾਂ ਗੁਣਾਂ ਨੂੰ ਪੈਦਾ ਕਰਦੇ ਹਨ, ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਰਹਿਣਗੇ; ਉਨ੍ਹਾਂ ਨੂੰ ਸਦਾ ਜੀਉਂਦੇ ਰਹਿਣ ਦੀ ਪੱਕੀ ਉਮੀਦ ਹੈ। (1 ਯੂਹੰਨਾ 2:17) ਪਰੰਤੂ, ਅਸੀਂ ਪੌਲੁਸ ਦੇ ਦ੍ਰਿਸ਼ਟਾਂਤ ਨੂੰ ਕਿਸ ਤਰ੍ਹਾਂ ਅਮਲ ਵਿਚ ਲਿਆ ਸਕਦੇ ਹਾਂ? ਕੁਝ ਉਦਾਹਰਣਾਂ ਉੱਤੇ ਗੌਰ ਕਰੋ।
15. ਅਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹਾਂ ਕਿ ਆਪਣੇ ਬਾਈਬਲ ਸਿੱਖਿਆਰਥੀਆਂ ਨੂੰ ਉਸਾਰਨ ਦੇ ਕੰਮ ਵਿਚ ਅਸੀਂ ਲਾਪਰਵਾਹੀ ਨਾ ਵਰਤੀਏ?
15 ਬਾਈਬਲ ਸਿੱਖਿਆਰਥੀਆਂ ਨੂੰ ਸਿਖਾਉਂਦੇ ਸਮੇਂ, ਸਾਨੂੰ ਯਹੋਵਾਹ ਪਰਮੇਸ਼ੁਰ ਦੀ ਬਜਾਇ ਮਨੁੱਖਾਂ ਨੂੰ ਕਦੀ ਵੀ ਨਹੀਂ ਵਡਿਆਉਣਾ ਚਾਹੀਦਾ ਹੈ। ਸਾਡਾ ਮਕਸਦ ਉਨ੍ਹਾਂ ਨੂੰ ਇਹ ਸਿਖਾਉਣਾ ਨਹੀਂ ਹੈ ਕਿ ਉਹ ਸਾਨੂੰ ਬੁੱਧੀ ਦਾ ਮੂਲ ਸੋਮਾ ਵਿਚਾਰਨ। ਅਸੀਂ ਚਾਹੁੰਦੇ ਹਾਂ ਕਿ ਉਹ ਮਾਰਗ-ਦਰਸ਼ਨ ਲਈ ਯਹੋਵਾਹ, ਉਸ ਦੇ ਬਚਨ, ਅਤੇ ਉਸ ਦੇ ਸੰਗਠਨ ਵੱਲ ਦੇਖਣ। ਇਸ ਲਈ, ਅਸੀਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵਿਚ ਨਿਰੇ ਆਪਣੇ ਵਿਚਾਰ ਪੇਸ਼ ਨਹੀਂ ਕਰਦੇ ਹਾਂ। ਇਸ ਦੀ ਬਜਾਇ, ਅਸੀਂ ਉਨ੍ਹਾਂ ਨੂੰ ਬਾਈਬਲ, ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਨੂੰ ਇਸਤੇਮਾਲ ਕਰ ਕੇ ਜਵਾਬ ਲੱਭਣੇ ਸਿਖਾਉਂਦੇ ਹਾਂ। (ਮੱਤੀ 24:45-47) ਇਸੇ ਤਰ੍ਹਾਂ, ਅਸੀਂ ਸਚੇਤ ਰਹਿੰਦੇ ਹਾਂ ਕਿ ਅਸੀਂ ਆਪਣੇ ਬਾਈਬਲ ਸਿੱਖਿਆਰਥੀਆਂ ਉੱਤੇ ਅਧਿਕਾਰ ਨਾ ਜਤਾਈਏ। ਜਦੋਂ ਦੂਸਰੇ ਉਨ੍ਹਾਂ ਵਿਚ ਦਿਲਚਸਪੀ ਦਿਖਾਉਂਦੇ ਹਨ, ਤਾਂ ਉਸ ਵੇਲੇ ਬੁਰਾ ਮਨਾਉਣ ਦੀ ਬਜਾਇ, ਸਾਨੂੰ ਆਪਣੇ ਸਿੱਖਿਆਰਥੀਆਂ ਨੂੰ ‘ਖੁਲ੍ਹੇ ਦਿਲ ਦੇ ਹੋ ਕੇ’ ਪਿਆਰ ਦਿਖਾਉਣ ਅਤੇ ਕਲੀਸਿਯਾ ਵਿਚ ਜ਼ਿਆਦਾ ਤੋਂ ਜ਼ਿਆਦਾ ਭੈਣ-ਭਰਾਵਾਂ ਨੂੰ ਜਾਣਨ ਅਤੇ ਉਨ੍ਹਾਂ ਦੀ ਕਦਰ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।—2 ਕੁਰਿੰਥੀਆਂ 6:12, 13.
16. ਬਜ਼ੁਰਗ ਕਿਸ ਤਰ੍ਹਾਂ ਅੱਗ ਰੋਕਣ ਵਾਲੇ ਸਮਾਨ ਨਾਲ ਉਸਾਰੀ ਕਰ ਸਕਦੇ ਹਨ?
16 ਮਸੀਹੀ ਬਜ਼ੁਰਗ ਵੀ ਚੇਲਿਆਂ ਨੂੰ ਉਸਾਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਜਦੋਂ ਉਹ ਕਲੀਸਿਯਾ ਨੂੰ ਸਿਖਾਉਂਦੇ ਹਨ, ਤਾਂ ਉਹ ਅੱਗ ਰੋਕਣ ਵਾਲੇ ਸਮਾਨ ਨਾਲ ਉਸਾਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦਾ ਸਿਖਾਉਣ ਦਾ ਢੰਗ, ਤਜਰਬਾ, ਅਤੇ ਵਿਅਕਤਿੱਤਵ ਸ਼ਾਇਦ ਕਾਫ਼ੀ ਭਿੰਨ ਹੋ ਸਕਦੇ ਹਨ, ਪਰ ਉਹ ਪੈਰੋਕਾਰਾਂ ਨੂੰ ਆਪਣੇ ਪਿੱਛੇ ਲਾਉਣ ਲਈ ਇਨ੍ਹਾਂ ਭਿੰਨਤਾਵਾਂ ਦਾ ਲਾਭ ਨਹੀਂ ਉਠਾਉਂਦੇ ਹਨ। (ਰਸੂਲਾਂ ਦੇ ਕਰਤੱਬ 20:29, 30 ਦੀ ਤੁਲਨਾ ਕਰੋ।) ਅਸੀਂ ਨਹੀਂ ਜਾਣਦੇ ਕਿ ਕੁਰਿੰਥੁਸ ਵਿਚ ਕੁਝ ਵਿਅਕਤੀ ਕਿਉਂ ਕਹਿ ਰਹੇ ਸਨ, “ਮੈਂ ਪੌਲੁਸ ਦਾ ਹਾਂ” ਜਾਂ, “ਮੈਂ ਅਪੁੱਲੋਸ ਦਾ ਹਾਂ।” ਪਰ ਅਸੀਂ ਯਕੀਨ ਕਰ ਸਕਦੇ ਹਾਂ ਕਿ ਇਨ੍ਹਾਂ ਦੋਨਾਂ ਵਫ਼ਾਦਾਰ ਬਜ਼ੁਰਗਾਂ ਨੇ ਅਜਿਹੇ ਫੁੱਟ-ਪਾਊ ਵਿਚਾਰਾਂ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਸੀ। ਪੌਲੁਸ ਅਜਿਹੇ ਜਜ਼ਬਿਆਂ ਤੋਂ ਖ਼ੁਸ਼ ਨਹੀਂ ਹੋਇਆ ਸੀ; ਉਸ ਨੇ ਸਖ਼ਤੀ ਨਾਲ ਇਨ੍ਹਾਂ ਦਾ ਵਿਰੋਧ ਕੀਤਾ। (1 ਕੁਰਿੰਥੀਆਂ 3:5-7) ਇਸੇ ਤਰ੍ਹਾਂ ਅੱਜ ਵੀ, ਬਜ਼ੁਰਗ ਯਾਦ ਰੱਖਦੇ ਹਨ ਕਿ ਉਹ ‘ਪਰਮੇਸ਼ੁਰ ਦੇ ਇੱਜੜ’ ਦੇ ਚਰਵਾਹੇ ਹਨ। (ਟੇਢੇ ਟਾਈਪ ਸਾਡੇ।) (1 ਪਤਰਸ 5:2) ਇਹ ਕਿਸੇ ਇਨਸਾਨ ਦੀ ਮਲਕੀਅਤ ਨਹੀਂ ਹੈ। ਇਸ ਲਈ, ਬਜ਼ੁਰਗ ਇਸ ਝੁਕਾਅ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਦੇ ਹਨ ਕਿ ਕੋਈ ਇਕ ਬਜ਼ੁਰਗ, ਇੱਜੜ ਜਾਂ ਬਜ਼ੁਰਗਾਂ ਦੇ ਸਮੂਹ ਉੱਤੇ ਹਾਵੀ ਨਾ ਹੋਵੇ। ਜਦੋਂ ਤਕ ਬਜ਼ੁਰਗ ਕਲੀਸਿਯਾ ਦੀ ਸੇਵਾ ਕਰਨ ਲਈ ਦਿਲੋਂ ਪ੍ਰੇਰਿਤ ਹੁੰਦੇ ਹਨ, ਅਤੇ ਦਿਲਾਂ ਤਕ ਪਹੁੰਚਣਾ ਚਾਹੁੰਦੇ ਹਨ, ਅਤੇ ਪੂਰੇ ਮਨ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਭੇਡਾਂ ਦੀ ਮਦਦ ਕਰਦੇ ਹਨ, ਤਾਂ ਉਹ ਅੱਗ ਰੋਕਣ ਵਾਲੇ ਸਮਾਨ ਨਾਲ ਉਸਾਰੀ ਕਰ ਰਹੇ ਹੁੰਦੇ ਹਨ।
17. ਮਸੀਹੀ ਮਾਪੇ ਕਿਵੇਂ ਆਪਣੇ ਬੱਚਿਆਂ ਨੂੰ ਅੱਗ ਰੋਕਣ ਵਾਲੇ ਸਮਾਨ ਨਾਲ ਉਸਾਰਨ ਦੀ ਕੋਸ਼ਿਸ਼ ਕਰਦੇ ਹਨ?
17 ਮਸੀਹੀ ਮਾਪੇ ਵੀ ਇਸ ਮਾਮਲੇ ਵਿਚ ਬਹੁਤ ਫ਼ਿਕਰ ਕਰਦੇ ਹਨ। ਉਹ ਇਹ ਦੇਖਣ ਦੀ ਦਿਲੋਂ ਉਮੀਦ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਅਨੰਤ ਕਾਲ ਤਕ ਜੀਉਣ! ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਦੇ ਸਿਧਾਂਤ ‘ਸਿਖਾਉਣ’ ਅਤੇ ਉਨ੍ਹਾਂ ਦੇ ਦਿਲਾਂ ਵਿਚ ਬਿਠਾਉਣ ਲਈ ਸਖ਼ਤ ਮਿਹਨਤ ਕਰਦੇ ਹਨ। (ਬਿਵਸਥਾ ਸਾਰ 6:6, 7) ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸੱਚਾਈ ਸਿੱਖਣ, ਅਤੇ ਇਸ ਨੂੰ ਜੀਵਨ ਦਾ ਸੰਤੋਖਜਨਕ, ਲਾਭਦਾਇਕ, ਅਤੇ ਸੁਖਦਾਇਕ ਰਾਹ ਵਿਚਾਰਨ, ਨਾ ਕਿ ਸਿਰਫ਼ ਅਸੂਲਾਂ ਦੀ ਸੂਚੀ ਜਾਂ ਗਿਆਨ ਦਾ ਭੰਡਾਰ। (1 ਤਿਮੋਥਿਉਸ 1:11) ਆਪਣੇ ਬੱਚਿਆਂ ਨੂੰ ਮਸੀਹ ਦੇ ਵਫ਼ਾਦਾਰ ਚੇਲਿਆਂ ਵਜੋਂ ਉਸਾਰਨ ਲਈ, ਪ੍ਰੇਮਪੂਰਣ ਮਾਪੇ ਅੱਗ ਰੋਕਣ ਵਾਲੇ ਸਮਾਨ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਧੀਰਜ ਨਾਲ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਅਤੇ ਉਨ੍ਹਾਂ ਦੀ ਮਦਦ ਕਰਦੇ ਹਨ ਕਿ ਉਹ ਉਨ੍ਹਾਂ ਗੁਣਾਂ ਨੂੰ ਆਪਣੇ ਵਿੱਚੋਂ ਕੱਢ ਸੁੱਟਣ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ ਅਤੇ ਉਨ੍ਹਾਂ ਗੁਣਾਂ ਨੂੰ ਪੈਦਾ ਕਰਨ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ।—ਗਲਾਤੀਆਂ 5:22, 23.
ਕੋਣ ਜ਼ਿੰਮੇਵਾਰ ਹੈ?
18. ਜਦੋਂ ਇਕ ਚੇਲਾ ਲਾਭਕਾਰੀ ਸਿੱਖਿਆ ਨੂੰ ਛੱਡ ਦਿੰਦਾ ਹੈ, ਤਾਂ ਇਹ ਕਿਉਂ ਜ਼ਰੂਰੀ ਨਹੀਂ ਕਿ ਇਹ ਉਸ ਵਿਅਕਤੀ ਦਾ ਕਸੂਰ ਹੈ ਜਿਸ ਨੇ ਉਸ ਨੂੰ ਸਿਖਾਉਣ ਅਤੇ ਸਿਖਲਾਈ ਦੇਣ ਦੀ ਕੋਸ਼ਿਸ਼ ਕੀਤੀ ਸੀ?
18 ਇਸ ਚਰਚੇ ਨਾਲ ਇਕ ਮਹੱਤਵਪੂਰਣ ਸਵਾਲ ਖੜ੍ਹਾ ਹੁੰਦਾ ਹੈ। ਜੇ ਕੋਈ ਵਿਅਕਤੀ ਜਿਸ ਦੀ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸੱਚਾਈ ਤੋਂ ਬੇਮੁੱਖ ਹੋ ਜਾਵੇ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਸਿੱਖਿਅਕ ਵਜੋਂ ਨਾਕਾਮ ਹੋ ਗਏ ਹਾਂ—ਕਿ ਅਸੀਂ ਜ਼ਰੂਰ ਘਟੀਆ ਸਮਾਨ ਨਾਲ ਉਸਾਰੀ ਕੀਤੀ ਹੋਣੀ ਹੈ? ਜ਼ਰੂਰੀ ਨਹੀਂ। ਪੌਲੁਸ ਦੇ ਸ਼ਬਦ ਯਕੀਨਨ ਸਾਨੂੰ ਯਾਦ ਕਰਾਉਂਦੇ ਹਨ ਕਿ ਚੇਲਿਆਂ ਦੀ ਉਸਾਰੀ ਕਰਨੀ ਇਕ ਵੱਡੀ ਜ਼ਿੰਮੇਵਾਰੀ ਹੈ। ਅਸੀਂ ਚੰਗੀ ਉਸਾਰੀ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੁੰਦੇ ਹਾਂ। ਪਰ ਪਰਮੇਸ਼ੁਰ ਦਾ ਬਚਨ ਸਾਨੂੰ ਇਹ ਨਹੀਂ ਦੱਸ ਰਿਹਾ ਕਿ ਜਦੋਂ ਇਕ ਵਿਅਕਤੀ ਜਿਸ ਦੀ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ, ਸੱਚਾਈ ਤੋਂ ਬੇਮੁੱਖ ਹੋ ਜਾਂਦਾ ਹੈ, ਤਾਂ ਅਸੀਂ ਇਸ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈਏ ਅਤੇ ਦੋਸ਼-ਭਾਵਨਾ ਹੇਠ ਦੱਬੇ ਜਾਈਏ। ਉਸਰਈਏ ਦੇ ਤੌਰ ਤੇ ਆਪਣੀ ਭੂਮਿਕਾ ਤੋਂ ਇਲਾਵਾ ਦੂਸਰੀਆਂ ਗੱਲਾਂ ਵੀ ਸ਼ਾਮਲ ਹਨ। ਉਦਾਹਰਣ ਲਈ, ਗੌਰ ਕਰੋ ਕਿ ਪੌਲੁਸ ਨੇ ਉਸ ਸਿੱਖਿਅਕ ਦੇ ਸੰਬੰਧ ਵਿਚ ਕੀ ਕਿਹਾ ਸੀ ਜਿਸ ਨੇ ਮਾੜੇ ਤਰੀਕੇ ਨਾਲ ਉਸਾਰੀ ਦਾ ਕੰਮ ਕੀਤਾ ਸੀ: “ਉਹ ਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ।” (1 ਕੁਰਿੰਥੀਆਂ 3:15) ਜੇ ਸਿੱਖਿਅਕ ਅਖ਼ੀਰ ਵਿਚ ਬਚ ਜਾਂਦਾ ਹੈ—ਜਦ ਕਿ ਉਹ ਮਸੀਹੀ ਵਿਅਕਤਿੱਤਵ ਜੋ ਉਸ ਨੇ ਆਪਣੇ ਸਿੱਖਿਆਰਥੀ ਵਿਚ ਉਸਾਰਨ ਦੀ ਕੋਸ਼ਿਸ਼ ਕੀਤੀ ਸੀ, ਅਗਨੀ ਪਰੀਖਿਆ ਵਿਚ “ਸੜ” ਜਾਂਦਾ ਹੈ—ਤਾਂ ਸਾਨੂੰ ਕੀ ਸਿੱਟਾ ਕੱਢਣਾ ਚਾਹੀਦਾ ਹੈ? ਇਹੋ ਕਿ ਯਹੋਵਾਹ ਸਿੱਖਿਆਰਥੀ ਨੂੰ ਉਸ ਦੇ ਇਸ ਫ਼ੈਸਲੇ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ ਕਿ ਉਹ ਵਫ਼ਾਦਾਰ ਰਹੇਗਾ ਜਾਂ ਨਹੀਂ।
19. ਅਸੀਂ ਅਗਲੇ ਲੇਖ ਵਿਚ ਕਿਸ ਵਿਸ਼ੇ ਉੱਤੇ ਚਰਚਾ ਕਰਾਂਗੇ?
19 ਨਿੱਜੀ ਜ਼ਿੰਮੇਵਾਰੀ ਦੀ ਵੱਡੀ ਮਹੱਤਤਾ ਹੈ। ਇਹ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ। ਵਿਸ਼ੇਸ਼ ਤੌਰ ਤੇ, ਬਾਈਬਲ ਸਾਨੂੰ ਇਸ ਬਾਰੇ ਕੀ ਸਿਖਾਉਂਦੀ ਹੈ? ਸਾਡੇ ਅਗਲੇ ਲੇਖ ਵਿਚ ਇਸ ਉੱਤੇ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ‘ਧਰਤੀ ਦੀ ਨੀਂਹ’ ਸ਼ਾਇਦ ਉਨ੍ਹਾਂ ਕੁਦਰਤੀ ਤਾਕਤਾਂ ਨੂੰ ਸੂਚਿਤ ਕਰਦੀ ਹੈ ਜੋ ਧਰਤੀ ਨੂੰ—ਅਤੇ ਸਾਰੇ ਆਕਾਸ਼ੀ ਪਿੰਡਾਂ ਨੂੰ—ਉਨ੍ਹਾਂ ਦੀ ਜਗ੍ਹਾ ਤੇ ਕਾਇਮ ਰੱਖਦੀਆਂ ਹਨ। ਇਸ ਤੋਂ ਇਲਾਵਾ, ਧਰਤੀ ਵੀ ਇਸ ਤਰੀਕੇ ਨਾਲ ਉਸਾਰੀ ਗਈ ਹੈ ਕਿ ਇਹ ਸਦਾ ਤਕ “ਅਟੱਲ” ਰਹੇਗੀ, ਜਾਂ ਕਦੇ ਵੀ ਨਾਸ਼ ਨਹੀਂ ਹੋਵੇਗੀ।—ਜ਼ਬੂਰ 104:5.
b ਜਿਨ੍ਹਾਂ “ਬਹੁਮੁੱਲੇ ਪੱਥਰਾਂ” ਦਾ ਪੌਲੁਸ ਨੇ ਜ਼ਿਕਰ ਕੀਤਾ ਸੀ, ਉਹ ਜ਼ਰੂਰੀ ਨਹੀਂ ਕਿ ਰਤਨ ਹੋਣ ਜਿਵੇਂ ਕਿ ਹੀਰੇ-ਜਵਾਹਰਾਤ। ਇਹ ਸੰਗਮਰਮਰ, ਚਿੱਟੇ, ਜਾਂ ਸਲੇਟੀ ਪੱਥਰਾਂ ਵਰਗੇ ਕੀਮਤੀ ਪੱਥਰ ਵੀ ਹੋ ਸਕਦੇ ਸਨ।
c ਪੌਲੁਸ ਉਸਰਈਏ ਦੇ ਬਚਾਉ ਨੂੰ ਨਹੀਂ, ਪਰ ਉਸਰਈਏ ਦੇ “ਕੰਮ” ਦੇ ਬਚਾਉ ਨੂੰ ਸ਼ੱਕ ਵਿਚ ਪਾ ਰਿਹਾ ਸੀ। ਦ ਨਿਊ ਇੰਗਲਿਸ਼ ਬਾਈਬਲ ਇਨ੍ਹਾਂ ਆਇਤਾਂ ਦਾ ਅਨੁਵਾਦ ਇਸ ਤਰ੍ਹਾਂ ਕਰਦੀ ਹੈ: “ਜੇ ਇਕ ਵਿਅਕਤੀ ਦੀ ਇਮਾਰਤ ਖੜ੍ਹੀ ਰਹੇ, ਤਾਂ ਉਸ ਨੂੰ ਫਲ ਮਿਲੇਗਾ; ਜੇ ਉਹ ਸੜ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਝੱਲਣਾ ਪਵੇਗਾ; ਪਰ ਉਹ ਆਪਣੀ ਜਾਨ ਸਣੇ ਬਚ ਜਾਵੇਗਾ, ਜਿਵੇਂ ਕੋਈ ਵਿਅਕਤੀ ਅੱਗ ਵਿੱਚੋਂ ਬਚਦਾ ਹੈ।”
ਤੁਸੀਂ ਕਿਵੇਂ ਜਵਾਬ ਦਿਓਗੇ?
◻ ਸੱਚੇ ਮਸੀਹੀ ਵਿਚ “ਨੀਂਹ” ਕੀ ਹੈ, ਅਤੇ ਇਹ ਕਿਸ ਤਰ੍ਹਾਂ ਧਰੀ ਜਾਂਦੀ ਹੈ?
◻ ਅਸੀਂ ਭਿੰਨ-ਭਿੰਨ ਪ੍ਰਕਾਰ ਦੇ ਉਸਾਰੀ ਸਮਾਨ ਤੋਂ ਕੀ ਸਿੱਖ ਸਕਦੇ ਹਾਂ?
◻ “ਅੱਗ” ਕਿਸ ਚੀਜ਼ ਨੂੰ ਦਰਸਾਉਂਦੀ ਹੈ, ਅਤੇ ਇਸ ਨਾਲ ਕੁਝ ਲੋਕਾਂ ਦੀ ਕਿਸ ਤਰ੍ਹਾਂ “ਹਾਨੀ” ਹੋ ਸਕਦੀ ਹੈ?
◻ ਬਾਈਬਲ ਸਿੱਖਿਅਕ, ਬਜ਼ੁਰਗ, ਅਤੇ ਮਾਪੇ ਕਿਵੇਂ ਅੱਗ ਰੋਕਣ ਵਾਲੇ ਸਮਾਨ ਨਾਲ ਉਸਾਰੀ ਕਰ ਸਕਦੇ ਹਨ?
[ਸਫ਼ੇ 9 ਉੱਤੇ ਤਸਵੀਰ]
ਬਹੁਤ ਸਾਰੇ ਪ੍ਰਾਚੀਨ ਸ਼ਹਿਰਾਂ ਵਿਚ, ਅੱਗ ਰੋਕਣ ਵਾਲੇ ਪੱਥਰਾਂ ਨਾਲ ਬਣੀਆਂ ਇਮਾਰਤਾਂ ਅਤੇ ਕੱਚੇ ਘਰ ਦੋਵੇਂ ਪਾਏ ਜਾਂਦੇ ਸਨ