ਉਨ੍ਹਾਂ ਦੀ ਨਿਹਚਾ ਕਾਰਨ ਉਨ੍ਹਾਂ ਨਾਲ ਘਿਰਣਾ ਕੀਤੀ ਗਈ
“ਤੁਹਾਨੂੰ ਸਭ ਲੋਕ ਮੇਰੇ ਨਾਂ ਦੀ ਖ਼ਾਤਰ ਘ੍ਰਿਣਾ ਕਰਨਗੇ।”—ਮੱਤੀ 10:22, ਪਵਿੱਤਰ ਬਾਈਬਲ ਨਵਾਂ ਅਨੁਵਾਦ।
1, 2. ਆਪਣੇ ਧਾਰਮਿਕ ਸਿਧਾਂਤਾਂ ਉੱਤੇ ਚੱਲਣ ਕਰਕੇ ਯਹੋਵਾਹ ਦੇ ਗਵਾਹਾਂ ਨੂੰ ਕਿਹੜੀਆਂ ਕੁਝ ਤਕਲੀਫ਼ਾਂ ਸਹਾਰਨੀਆਂ ਪਈਆਂ?
ਕ੍ਰੀਟ ਟਾਪੂ ਦੇ ਇਕ ਈਮਾਨਦਾਰ ਦੁਕਾਨਦਾਰ ਨੂੰ ਕਈ ਵਾਰ ਗਿਰਫ਼ਤਾਰ ਕੀਤਾ ਗਿਆ ਅਤੇ ਵਾਰ-ਵਾਰ ਯੂਨਾਨ ਦੀਆਂ ਅਦਾਲਤਾਂ ਸਾਮ੍ਹਣੇ ਲਿਆਂਦਾ ਗਿਆ। ਉਹ ਆਪਣੀ ਪਤਨੀ ਅਤੇ ਪੰਜ ਬੱਚਿਆਂ ਤੋਂ ਦੂਰ, ਕੁਲ ਮਿਲਾ ਕੇ 6 ਸਾਲ ਤੋਂ ਜ਼ਿਆਦਾ ਸਮਾਂ ਜੇਲ੍ਹ ਵਿਚ ਰਿਹਾ। ਜਪਾਨ ਵਿਚ ਇਕ 17-ਸਾਲਾ ਵਿਦਿਆਰਥੀ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ, ਭਾਵੇਂ ਕਿ ਉਸ ਦਾ ਚਾਲ-ਚਲਣ ਬਹੁਤ ਚੰਗਾ ਸੀ, ਅਤੇ ਉਹ ਆਪਣੀ ਕਲਾਸ ਦੇ 42 ਵਿਦਿਆਰਥੀਆਂ ਵਿੱਚੋਂ ਸਭ ਤੋਂ ਹੁਸ਼ਿਆਰ ਸੀ। ਫ਼ਰਾਂਸ ਵਿਚ ਕਈ ਲੋਕਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ, ਭਾਵੇਂ ਕਿ ਉਹ ਬਹੁਤ ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕਰਦੇ ਆ ਰਹੇ ਸਨ। ਇਨ੍ਹਾਂ ਅਸਲੀ ਅਨੁਭਵਾਂ ਵਿਚ ਕਿਹੜੀ ਸਮਾਨਤਾ ਹੈ?
2 ਇਹ ਸਾਰੇ ਵਿਅਕਤੀ ਯਹੋਵਾਹ ਦੇ ਗਵਾਹ ਹਨ। ਉਨ੍ਹਾਂ ਦਾ “ਅਪਰਾਧ”? ਆਪਣੇ ਧਾਰਮਿਕ ਸਿਧਾਂਤਾਂ ਅਨੁਸਾਰ ਚੱਲਣਾ। ਯਿਸੂ ਮਸੀਹ ਦੀਆਂ ਸਿੱਖਿਆਵਾਂ ਦੀ ਆਗਿਆਕਾਰਤਾ ਵਿਚ, ਉਹ ਦੁਕਾਨਦਾਰ ਆਪਣੇ ਧਰਮ ਬਾਰੇ ਦੂਸਰਿਆਂ ਨੂੰ ਦੱਸਦਾ ਸੀ। (ਮੱਤੀ 28:19, 20) ਉਸ ਨੂੰ ਯੂਨਾਨ ਦੇ ਇਕ ਬਹੁਤ ਪੁਰਾਣੇ ਕਾਨੂੰਨ ਅਧੀਨ ਦੋਸ਼ੀ ਠਹਿਰਾਇਆ ਗਿਆ। ਇਸ ਕਾਨੂੰਨ ਅਨੁਸਾਰ ਧਰਮ-ਪ੍ਰਚਾਰ ਇਕ ਕਾਨੂੰਨੀ ਅਪਰਾਧ ਹੈ। ਉਸ ਵਿਦਿਆਰਥੀ ਨੂੰ ਇਸ ਕਰਕੇ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਬਾਈਬਲ-ਸਿੱਖਿਅਤ ਅੰਤਹਕਰਣ ਨੇ ਉਸ ਨੂੰ ਲਾਜ਼ਮੀ ਕੈਂਡੋ (ਜਪਾਨੀ ਤਲਵਾਰਬਾਜ਼ੀ) ਸਿਖਲਾਈ ਲੈਣ ਦੀ ਇਜਾਜ਼ਤ ਨਹੀਂ ਦਿੱਤੀ। (ਯਸਾਯਾਹ 2:4) ਅਤੇ ਫ਼ਰਾਂਸ ਵਿਚ ਨੌਕਰੀਓਂ ਕੱਢੇ ਗਏ ਵਿਅਕਤੀਆਂ ਨੂੰ ਇਹ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਕੱਢੇ ਜਾਣ ਦਾ ਇੱਕੋ-ਇਕ ਕਾਰਨ ਸੀ ਕਿ ਉਹ ਆਪਣੇ ਆਪ ਨੂੰ ਯਹੋਵਾਹ ਦੇ ਗਵਾਹ ਕਹਿੰਦੇ ਸਨ।
3. ਆਮ ਤੌਰ ਤੇ, ਦੂਸਰੇ ਮਨੁੱਖ ਕਿਉਂ ਯਹੋਵਾਹ ਦੇ ਗਵਾਹਾਂ ਨੂੰ ਕਠੋਰ ਸਤਾਹਟਾਂ ਦਾ ਨਿਸ਼ਾਨਾ ਨਹੀਂ ਬਣਾਉਂਦੇ ਹਨ?
3 ਹਾਲ ਹੀ ਵਿਚ, ਕੁਝ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਇਹੋ ਜਿਹੀਆਂ ਤਕਲੀਫ਼ਾਂ ਸਹਾਰੀਆਂ ਹਨ। ਪਰ, ਆਮ ਤੌਰ ਤੇ, ਦੂਸਰੇ ਮਨੁੱਖ ਯਹੋਵਾਹ ਦੇ ਗਵਾਹਾਂ ਨੂੰ ਕਠੋਰ ਸਤਾਹਟਾਂ ਦਾ ਨਿਸ਼ਾਨਾ ਨਹੀਂ ਬਣਾਉਂਦੇ ਹਨ। ਯਹੋਵਾਹ ਦੇ ਲੋਕ ਆਪਣੇ ਨੇਕ ਚਾਲ-ਚਲਣ ਕਰਕੇ ਦੁਨੀਆਂ ਭਰ ਵਿਚ ਜਾਣੇ ਜਾਂਦੇ ਹਨ। ਉਨ੍ਹਾਂ ਦਾ ਚਾਲ-ਚਲਣ ਇੰਨਾ ਨੇਕ ਹੈ ਕਿ ਕਿਸੇ ਵੀ ਵਿਅਕਤੀ ਕੋਲ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ। (1 ਪਤਰਸ 2:11, 12) ਉਹ ਸਾਜ਼ਸ਼ਾਂ ਨਹੀਂ ਘੜਦੇ, ਅਤੇ ਨਾ ਹੀ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਵਿਚ ਹਿੱਸਾ ਲੈਂਦੇ ਹਨ। (1 ਪਤਰਸ 4:15) ਇਸ ਦੇ ਉਲਟ, ਉਹ ਪਹਿਲਾਂ ਪਰਮੇਸ਼ੁਰ ਪ੍ਰਤੀ, ਅਤੇ ਫਿਰ ਸਰਕਾਰਾਂ ਪ੍ਰਤੀ ਅਧੀਨਗੀ ਦਿਖਾਉਣ ਸੰਬੰਧੀ ਬਾਈਬਲ ਦੀ ਸਲਾਹ ਮੰਨਣ ਦੀ ਕੋਸ਼ਿਸ਼ ਕਰਦੇ ਹਨ। ਉਹ ਸਰਕਾਰ ਦੁਆਰਾ ਲਾਏ ਗਏ ਟੈਕਸ ਭਰਦੇ ਹਨ, ਅਤੇ ‘ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖਣ’ ਦੀ ਕੋਸ਼ਿਸ਼ ਕਰਦੇ ਹਨ। (ਰੋਮੀਆਂ 12:18; 13:6, 7; 1 ਪਤਰਸ 2:13-17) ਬਾਈਬਲ ਦੀ ਸਿੱਖਿਆ ਦੇਣ ਦੁਆਰਾ, ਉਹ ਲੋਕਾਂ ਨੂੰ ਕਾਨੂੰਨ, ਪਰਿਵਾਰਕ ਕਦਰਾਂ-ਕੀਮਤਾਂ, ਅਤੇ ਨੈਤਿਕਤਾ ਦਾ ਆਦਰ ਕਰਨ ਲਈ ਉਤਸ਼ਾਹਿਤ ਕਰਦੇ ਹਨ। ਬਹੁਤ ਸਾਰੀਆਂ ਸਰਕਾਰਾਂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਉਹ ਕਾਨੂੰਨ-ਪਾਲਕ ਨਾਗਰਿਕ ਹਨ। (ਰੋਮੀਆਂ 13:3) ਫਿਰ ਵੀ, ਜਿਵੇਂ ਕਿ ਪਹਿਲਾ ਪੈਰਾ ਦਿਖਾਉਂਦਾ ਹੈ, ਉਹ ਸਮੇਂ-ਸਮੇਂ ਤੇ ਵਿਰੋਧ ਦੇ ਸ਼ਿਕਾਰ ਬਣੇ ਹਨ, ਅਤੇ ਕੁਝ ਦੇਸ਼ਾਂ ਵਿਚ ਤਾਂ ਸਰਕਾਰਾਂ ਨੇ ਉਨ੍ਹਾਂ ਉੱਤੇ ਪਾਬੰਦੀ ਵੀ ਲਗਾਈ ਹੈ। ਕੀ ਇਸ ਤੋਂ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ?
ਸ਼ਾਗਿਰਦੀ ਦੀ “ਕੀਮਤ”
4. ਯਿਸੂ ਦੇ ਅਨੁਸਾਰ, ਉਸ ਦਾ ਚੇਲਾ ਬਣਨ ਤੇ ਇਕ ਵਿਅਕਤੀ ਕਿਸ ਗੱਲ ਦੀ ਆਸ ਰੱਖ ਸਕਦਾ ਸੀ?
4 ਯਿਸੂ ਮਸੀਹ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਸ ਦੇ ਚੇਲੇ ਬਣਨ ਵਿਚ ਕੀ-ਕੀ ਸ਼ਾਮਲ ਹੋਵੇਗਾ। “ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ,” ਉਸ ਨੇ ਆਪਣੇ ਪੈਰੋਕਾਰਾਂ ਨੂੰ ਦੱਸਿਆ। “ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” ਯਿਸੂ ਨਾਲ “ਧਿਗਾਨੇ” ਘਿਰਣਾ ਕੀਤੀ ਗਈ ਸੀ। (ਯੂਹੰਨਾ 15:18-20, 25; ਜ਼ਬੂਰ 69:4; ਲੂਕਾ 23:22) ਉਸ ਦੇ ਚੇਲੇ ਵੀ ਇਸ ਦੀ ਆਸ ਰੱਖ ਸਕਦੇ ਸਨ—ਬਿਨਾਂ ਕਿਸੇ ਜਾਇਜ਼ ਕਾਰਨ ਦੇ ਵਿਰੋਧ। ਕਈ ਵਾਰ ਉਸ ਨੇ ਚੇਤਾਵਨੀ ਦਿੱਤੀ: ‘ਤੁਹਾਨੂੰ ਸਭ ਲੋਕ ਘ੍ਰਿਣਾ ਕਰਨਗੇ।’—ਮੱਤੀ 10:22; 24:9.
5, 6. (ੳ) ਯਿਸੂ ਨੇ ਕਿਉਂ ਆਪਣੇ ਸੰਭਾਵੀ ਪੈਰੋਕਾਰਾਂ ਨੂੰ ‘ਕੀਮਤ ਉੱਤੇ ਵਿਚਾਰ ਕਰਨ’ ਦੀ ਤਾਕੀਦ ਕੀਤੀ ਸੀ? (ਅ) ਤਾਂ ਫਿਰ, ਜਦੋਂ ਅਸੀਂ ਵਿਰੋਧ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸਾਨੂੰ ਕਿਉਂ ਹੈਰਾਨ ਨਹੀਂ ਹੋਣਾ ਚਾਹੀਦਾ ਹੈ?
5 ਇਸ ਕਰਕੇ, ਯਿਸੂ ਨੇ ਆਪਣੇ ਸੰਭਾਵੀ ਪੈਰੋਕਾਰਾਂ ਨੂੰ ਸ਼ਾਗਿਰਦੀ ਦੀ ‘ਕੀਮਤ ਉੱਤੇ ਵਿਚਾਰ ਕਰਨ’ ਦੀ ਤਾਕੀਦ ਕੀਤੀ। (ਲੂਕਾ 14:28, ਰਿਵਾਈਜ਼ਡ ਸਟੈਂਡਰਡ ਵਰਯਨ) ਕਿਉਂ? ਇਹ ਫ਼ੈਸਲਾ ਕਰਨ ਲਈ ਨਹੀਂ ਕਿ ਉਨ੍ਹਾਂ ਨੂੰ ਉਸ ਦੇ ਪੈਰੋਕਾਰ ਬਣਨਾ ਚਾਹੀਦਾ ਹੈ ਜਾਂ ਨਹੀਂ, ਬਲਕਿ ਇਸ ਲਈ ਕਿ ਉਹ ਸ਼ਾਗਿਰਦੀ ਦੀ ਕੀਮਤ ਚੁਕਾਉਣ ਲਈ ਦ੍ਰਿੜ੍ਹ ਹੋ ਸਕਣ। ਸਾਨੂੰ ਯਿਸੂ ਦੇ ਚੇਲੇ ਬਣਨ ਦੇ ਵਿਸ਼ੇਸ਼-ਸਨਮਾਨ ਕਰਕੇ ਆਉਣ ਵਾਲੀ ਕਿਸੇ ਵੀ ਪਰੀਖਿਆ ਜਾਂ ਔਖਿਆਈ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। (ਲੂਕਾ 14:27) ਕੋਈ ਵੀ ਸਾਨੂੰ ਮਸੀਹ ਦੇ ਪੈਰੋਕਾਰ ਬਣ ਕੇ ਯਹੋਵਾਹ ਦੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ ਹੈ। ਇਹ ਫ਼ੈਸਲਾ ਅਸੀਂ ਆਪਣੀ ਇੱਛਾ ਨਾਲ ਕਰਦੇ ਹਾਂ; ਅਤੇ ਅਸੀਂ ਇਹ ਫ਼ੈਸਲਾ ਸਭ ਕੁਝ ਜਾਣ ਲੈਣ ਤੋਂ ਬਾਅਦ ਹੀ ਕਰਦੇ ਹਾਂ। ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਪਰਮੇਸ਼ੁਰ ਨਾਲ ਇਕ ਸਮਰਪਿਤ ਰਿਸ਼ਤਾ ਕਾਇਮ ਕਰਨ ਤੋਂ ਮਿਲਣ ਵਾਲੀਆਂ ਬਰਕਤਾਂ ਦੇ ਨਾਲ-ਨਾਲ, ਸਾਨੂੰ ਦੂਸਰੇ ਲੋਕਾਂ ਦੀ “ਘ੍ਰਿਣਾ” ਦਾ ਵੀ ਸਾਮ੍ਹਣਾ ਕਰਨਾ ਪਵੇਗਾ। ਇਸ ਕਰਕੇ, ਜਦੋਂ ਅਸੀਂ ਵਿਰੋਧ ਦਾ ਸਾਮ੍ਹਣਾ ਕਰਦੇ ਹਾਂ, ਤਾਂ ਅਸੀਂ ਹੈਰਾਨ ਨਹੀਂ ਹੁੰਦੇ। ਅਸੀਂ ‘ਕੀਮਤ ਉੱਤੇ ਵਿਚਾਰ ਕੀਤਾ’ ਹੈ, ਅਤੇ ਅਸੀਂ ਇਹ ਕੀਮਤ ਅਦਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।—1 ਪਤਰਸ 4:12-14.
6 ਕੁਝ ਲੋਕ, ਜਿਨ੍ਹਾਂ ਵਿਚ ਕੁਝ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ, ਸੱਚੇ ਮਸੀਹੀਆਂ ਦਾ ਵਿਰੋਧ ਕਿਉਂ ਕਰਨਾ ਚਾਹੁਣਗੇ? ਇਸ ਦੇ ਜਵਾਬ ਲਈ, ਪਹਿਲੀ ਸਦੀ ਸਾ.ਯੁ. ਦੇ ਦੋ ਧਾਰਮਿਕ ਸਮੂਹਾਂ ਦੀ ਜਾਂਚ ਕਰਨੀ ਸਾਡੇ ਲਈ ਸਹਾਇਕ ਹੋਵੇਗੀ। ਦੋਹਾਂ ਨਾਲ ਘਿਰਣਾ ਕੀਤੀ ਗਈ ਸੀ—ਪਰ ਬਹੁਤ ਹੀ ਵੱਖੋ-ਵੱਖਰੇ ਕਾਰਨਾਂ ਕਰਕੇ।
ਘਿਰਣਾ ਕਰਨ ਵਾਲਿਆਂ ਨਾਲ ਘਿਰਣਾ ਕੀਤੀ ਗਈ
7, 8. ਗ਼ੈਰ-ਯਹੂਦੀਆਂ ਪ੍ਰਤੀ ਨਫ਼ਰਤ ਕਿਹੜੀਆਂ ਸਿੱਖਿਆਵਾਂ ਵਿਚ ਨਜ਼ਰ ਆਉਂਦੀ ਸੀ, ਅਤੇ ਸਿੱਟੇ ਵਜੋਂ ਯਹੂਦੀਆਂ ਨੇ ਕਿਸ ਤਰ੍ਹਾਂ ਦਾ ਰਵੱਈਆ ਰੱਖਣਾ ਸ਼ੁਰੂ ਕਰ ਦਿੱਤਾ?
7 ਪਹਿਲੀ ਸਦੀ ਸਾ.ਯੁ. ਵਿਚ, ਇਸਰਾਏਲ ਰੋਮੀ ਸ਼ਾਸਨ ਦੇ ਅਧੀਨ ਸੀ, ਅਤੇ ਯਹੂਦੀ ਧਰਮ, ਅਰਥਾਤ ਯਹੂਦੀ ਧਾਰਮਿਕ ਪ੍ਰਣਾਲੀ, ਪੂਰੀ ਤਰ੍ਹਾਂ ਸਦੂਕੀਆਂ ਤੇ ਫ਼ਰੀਸੀਆਂ ਵਰਗੇ ਅਤਿਆਚਾਰੀ ਆਗੂਆਂ ਦੀ ਪਕੜ ਵਿਚ ਸੀ। (ਮੱਤੀ 23:2-4) ਇਨ੍ਹਾਂ ਕੱਟੜ-ਪੰਥੀ ਆਗੂਆਂ ਨੇ ਮੂਸਾ ਦੀ ਬਿਵਸਥਾ ਵਿਚ ਦੂਸਰੀਆਂ ਕੌਮਾਂ ਤੋਂ ਵੱਖਰੇ ਰਹਿਣ ਸੰਬੰਧੀ ਉਪਦੇਸ਼ ਨੂੰ ਤੋੜ-ਮਰੋੜ ਕੇ ਕਿਹਾ ਕਿ ਯਹੂਦੀਆਂ ਨੂੰ ਗ਼ੈਰ-ਯਹੂਦੀਆਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ, ਇਨ੍ਹਾਂ ਨੇ ਇਕ ਅਜਿਹਾ ਧਰਮ ਬਣਾ ਦਿੱਤਾ ਜਿਸ ਨੇ ਗ਼ੈਰ-ਯਹੂਦੀਆਂ ਪ੍ਰਤੀ ਘਿਰਣਾ ਪੈਦਾ ਕੀਤੀ, ਅਤੇ ਇਸ ਦੇ ਬਦਲੇ ਵਿਚ, ਗ਼ੈਰ-ਯਹੂਦੀਆਂ ਨੇ ਵੀ ਉਨ੍ਹਾਂ ਨਾਲ ਘਿਰਣਾ ਕੀਤੀ।
8 ਯਹੂਦੀਆਂ ਵਿਚ ਗ਼ੈਰ-ਯਹੂਦੀ ਲੋਕਾਂ ਪ੍ਰਤੀ ਨਫ਼ਰਤ ਪੈਦਾ ਕਰਨੀ, ਯਹੂਦੀ ਆਗੂਆਂ ਲਈ ਔਖੀ ਗੱਲ ਨਹੀਂ ਸੀ, ਕਿਉਂਕਿ ਉਸ ਸਮੇਂ ਯਹੂਦੀ ਗ਼ੈਰ-ਯਹੂਦੀਆਂ ਨੂੰ ਨੀਚ ਸਮਝਦੇ ਸਨ। ਇਨ੍ਹਾਂ ਧਾਰਮਿਕ ਆਗੂਆਂ ਨੇ ਸਿਖਾਇਆ ਕਿ ਇਕ ਯਹੂਦੀ ਤੀਵੀਂ ਕਦੀ ਵੀ ਗ਼ੈਰ-ਯਹੂਦੀਆਂ ਨਾਲ ਇਕੱਲੀ ਨਾ ਹੋਵੇ, ਕਿਉਂਕਿ “ਉਨ੍ਹਾਂ ਬਾਰੇ ਸ਼ੱਕ ਹੈ ਕਿ ਉਹ ਬਦਮਾਸ਼ ਹਨ।” ਇਕ ਯਹੂਦੀ ਆਦਮੀ ਨੂੰ “ਉਨ੍ਹਾਂ ਨਾਲ ਇਕੱਲੇ [ਨਹੀਂ] ਹੋਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਬਾਰੇ ਸ਼ੱਕ ਹੈ ਕਿ ਉਹ ਖ਼ੂਨ ਵਹਾਉਂਦੇ ਹਨ।” ਗ਼ੈਰ-ਯਹੂਦੀ ਦੁਆਰਾ ਚੋਇਆ ਗਿਆ ਦੁੱਧ ਵਰਤਿਆ ਨਹੀਂ ਜਾ ਸਕਦਾ ਸੀ ਜੇ ਦੁੱਧ ਚੋਣ ਵੇਲੇ ਕੋਈ ਯਹੂਦੀ ਉੱਥੇ ਮੌਜੂਦ ਨਾ ਹੋਵੇ। ਆਪਣੇ ਆਗੂਆਂ ਦੇ ਪ੍ਰਭਾਵ ਅਧੀਨ, ਯਹੂਦੀ ਆਪਣੇ ਆਪ ਨੂੰ ਗ਼ੈਰ-ਯਹੂਦੀਆਂ ਤੋਂ ਅਲੱਗ ਰੱਖਦੇ ਸਨ ਅਤੇ ਉਨ੍ਹਾਂ ਨਾਲ ਕੋਈ ਵੀ ਵਾਸਤਾ ਨਹੀਂ ਰੱਖਦੇ ਸਨ।—ਯੂਹੰਨਾ 4:9 ਦੀ ਤੁਲਨਾ ਕਰੋ।
9. ਗ਼ੈਰ-ਯਹੂਦੀਆਂ ਸੰਬੰਧੀ ਯਹੂਦੀ ਆਗੂਆਂ ਦੀ ਸਿੱਖਿਆ ਦਾ ਕੀ ਅਸਰ ਪਿਆ?
9 ਗ਼ੈਰ-ਯਹੂਦੀਆਂ ਸੰਬੰਧੀ ਅਜਿਹੀਆਂ ਸਿੱਖਿਆਵਾਂ ਨੇ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਵਿਚਕਾਰ ਸੁਖਾਵੇਂ ਸੰਬੰਧਾਂ ਨੂੰ ਹੱਲਾ-ਸ਼ੇਰੀ ਨਹੀਂ ਦਿੱਤੀ। ਗ਼ੈਰ-ਯਹੂਦੀ ਲੋਕ ਯਹੂਦੀਆਂ ਨੂੰ ਪੂਰੀ ਮਨੁੱਖਜਾਤੀ ਦੇ ਵੈਰੀ ਸਮਝਦੇ ਸਨ। ਰੋਮੀ ਇਤਿਹਾਸਕਾਰ ਟੈਸੀਟਸ (ਜਿਸ ਦਾ ਜਨਮ ਲਗਭਗ 56 ਸਾ.ਯੁ. ਵਿਚ ਹੋਇਆ) ਨੇ ਯਹੂਦੀਆਂ ਬਾਰੇ ਕਿਹਾ ਕਿ “ਉਹ ਪੂਰੀ ਮਨੁੱਖਜਾਤੀ ਨੂੰ ਆਪਣੇ ਦੁਸ਼ਮਣਾਂ ਵਾਂਗ ਘਿਰਣਾ ਕਰਦੇ ਸਨ।” ਟੈਸੀਟਸ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜੇ ਗ਼ੈਰ-ਯਹੂਦੀ ਲੋਕ ਯਹੂਦੀ ਨਵ-ਧਰਮੀ ਬਣ ਜਾਂਦੇ ਸਨ, ਉਨ੍ਹਾਂ ਨੂੰ ਆਪਣੇ ਦੇਸ਼ ਨਾਲੋਂ ਸੰਬੰਧ ਤੋੜਨ, ਅਤੇ ਆਪਣੇ ਪਰਿਵਾਰ ਤੇ ਮਿੱਤਰਾਂ ਨੂੰ ਤੁੱਛ ਸਮਝਣ ਦੀ ਸਿੱਖਿਆ ਦਿੱਤੀ ਜਾਂਦੀ ਸੀ। ਆਮ ਤੌਰ ਤੇ, ਰੋਮੀ ਲੋਕਾਂ ਨੇ ਯਹੂਦੀਆਂ ਨੂੰ ਸਹਾਰਿਆ, ਕਿਉਂਕਿ ਗਿਣਤੀ ਵਿਚ ਜ਼ਿਆਦਾ ਹੋਣ ਕਰਕੇ ਯਹੂਦੀ ਕਾਫ਼ੀ ਤਾਕਤਵਰ ਸਨ। ਪਰ 66 ਸਾ.ਯੁ. ਵਿਚ ਯਹੂਦੀਆਂ ਦੀ ਬਗਾਵਤ ਨੇ ਰੋਮੀਆਂ ਨੂੰ ਬਦਲਾ ਲੈਣ ਲਈ ਭੜਕਾ ਦਿੱਤਾ, ਜਿਸ ਕਾਰਨ 70 ਸਾ.ਯੁ. ਵਿਚ ਯਰੂਸ਼ਲਮ ਨਾਸ਼ ਹੋ ਗਿਆ।
10, 11. (ੳ) ਮੂਸਾ ਦੀ ਬਿਵਸਥਾ ਨੇ ਵਿਦੇਸ਼ੀਆਂ ਨਾਲ ਕਿਸ ਤਰ੍ਹਾਂ ਦੇ ਵਿਵਹਾਰ ਦੀ ਮੰਗ ਕੀਤੀ? (ਅ) ਯਹੂਦੀ ਧਰਮ ਨਾਲ ਜੋ ਵਾਪਰਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
10 ਵਿਦੇਸ਼ੀਆਂ ਪ੍ਰਤੀ ਇਹ ਨਜ਼ਰੀਆ, ਮੂਸਾ ਦੀ ਬਿਵਸਥਾ ਵਿਚ ਦੱਸੀ ਗਈ ਉਪਾਸਨਾ ਨਾਲ ਕਿੰਨਾ ਮੇਲ ਖਾਂਦਾ ਹੈ? ਬਿਵਸਥਾ ਵਿਚ ਦੂਸਰੀਆਂ ਕੌਮਾਂ ਤੋਂ ਅਲੱਗ ਰਹਿਣ ਲਈ ਕਿਹਾ ਗਿਆ ਸੀ, ਪਰ ਇਹ ਇਸਰਾਏਲੀਆਂ ਦੀ ਰੱਖਿਆ ਕਰਨ ਲਈ, ਖ਼ਾਸ ਕਰਕੇ ਉਨ੍ਹਾਂ ਦੀ ਸ਼ੁੱਧ ਉਪਾਸਨਾ ਦੀ ਰੱਖਿਆ ਕਰਨ ਲਈ ਕਿਹਾ ਗਿਆ ਸੀ। (ਯਹੋਸ਼ੁਆ 23:6-8) ਫਿਰ ਵੀ, ਬਿਵਸਥਾ ਮੰਗ ਕਰਦੀ ਸੀ ਕਿ ਯਹੂਦੀ ਲੋਕ ਵਿਦੇਸ਼ੀਆਂ ਨਾਲ ਨਿਆਉਂ ਅਤੇ ਈਮਾਨਦਾਰੀ ਨਾਲ ਪੇਸ਼ ਆਉਣ ਅਤੇ ਉਨ੍ਹਾਂ ਦੀ ਪਰਾਹੁਣਚਾਰੀ ਕਰਨ—ਜਦੋਂ ਤਕ ਕਿ ਉਹ ਇਸਰਾਏਲ ਦੇ ਨਿਯਮਾਂ ਦੀ ਘੋਰ ਉਲੰਘਣਾ ਨਹੀਂ ਕਰਦੇ ਸਨ। (ਲੇਵੀਆਂ 24:22) ਵਿਦੇਸ਼ੀਆਂ ਸੰਬੰਧੀ ਨਿਯਮ ਦੇ ਪ੍ਰਤੱਖ ਮਕਸਦ ਤੋਂ ਦੂਰ ਹਟ ਕੇ, ਯਿਸੂ ਦੇ ਦਿਨਾਂ ਦੇ ਯਹੂਦੀ ਧਾਰਮਿਕ ਆਗੂਆਂ ਨੇ ਇਕ ਅਜਿਹਾ ਧਰਮ ਬਣਾ ਦਿੱਤਾ ਸੀ ਜਿਸ ਨੇ ਵਿਦੇਸ਼ੀਆਂ ਪ੍ਰਤੀ ਘਿਰਣਾ ਪੈਦਾ ਕੀਤੀ ਅਤੇ ਇਸ ਕਰਕੇ ਵਿਦੇਸ਼ੀਆਂ ਵਿਚ ਉਨ੍ਹਾਂ ਪ੍ਰਤੀ ਘਿਰਣਾ ਪੈਦਾ ਹੋਈ। ਅਖ਼ੀਰ, ਯਹੋਵਾਹ ਨੇ ਪਹਿਲੀ ਸਦੀ ਦੀ ਯਹੂਦੀ ਕੌਮ ਉੱਪਰੋਂ ਆਪਣੀ ਮਿਹਰ ਹਟਾ ਲਈ।—ਮੱਤੀ 23:38.
11 ਕੀ ਅਸੀਂ ਇਸ ਤੋਂ ਕੋਈ ਸਬਕ ਸਿੱਖਦੇ ਹਾਂ? ਜੀ ਹਾਂ! ਆਪਣੇ ਆਪ ਨੂੰ ਬਹੁਤ ਧਰਮੀ ਸਮਝਣ ਵਾਲਾ ਘਮੰਡੀ ਰਵੱਈਆ, ਜੋ ਸਾਡੇ ਧਾਰਮਿਕ ਸਿਧਾਂਤਾਂ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਨੀਵਾਂ ਦਿਖਾਉਂਦਾ ਹੈ, ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਸਹੀ ਤਰੀਕੇ ਨਾਲ ਨਹੀਂ ਦਰਸਾਉਂਦਾ, ਨਾ ਹੀ ਇਹ ਉਸ ਨੂੰ ਖ਼ੁਸ਼ ਕਰਦਾ ਹੈ। ਪਹਿਲੀ ਸਦੀ ਦੇ ਵਫ਼ਾਦਾਰ ਮਸੀਹੀਆਂ ਉੱਤੇ ਗੌਰ ਕਰੋ। ਉਨ੍ਹਾਂ ਨੇ ਗ਼ੈਰ-ਮਸੀਹੀਆਂ ਨਾਲ ਘਿਰਣਾ ਨਹੀਂ ਕੀਤੀ, ਨਾ ਹੀ ਰੋਮ ਵਿਰੁੱਧ ਬਗਾਵਤ ਕੀਤੀ। ਫਿਰ ਵੀ, ਉਨ੍ਹਾਂ ਨਾਲ “ਘ੍ਰਿਣਾ” ਕੀਤੀ ਗਈ। ਕਿਉਂ? ਅਤੇ ਕਿਨ੍ਹਾਂ ਨੇ ਉਨ੍ਹਾਂ ਨਾਲ ਘਿਰਣਾ ਕੀਤੀ?
ਮੁਢਲੇ ਮਸੀਹੀ—ਕਿਨ੍ਹਾਂ ਨੇ ਉਨ੍ਹਾਂ ਨਾਲ ਘਿਰਣਾ ਕੀਤੀ?
12. ਸ਼ਾਸਤਰਵਚਨਾਂ ਤੋਂ ਇਹ ਕਿਵੇਂ ਸਪੱਸ਼ਟ ਹੁੰਦਾ ਹੈ ਕਿ ਯਿਸੂ ਚਾਹੁੰਦਾ ਹੈ ਕਿ ਉਸ ਦੇ ਪੈਰੋਕਾਰ ਗ਼ੈਰ-ਮਸੀਹੀਆਂ ਪ੍ਰਤੀ ਇਕ ਸੰਤੁਲਿਤ ਨਜ਼ਰੀਆ ਰੱਖਣ?
12 ਯਿਸੂ ਦੀਆਂ ਸਿੱਖਿਆਵਾਂ ਤੋਂ ਇਹ ਗੱਲ ਸਪੱਸ਼ਟ ਹੈ ਕਿ ਉਹ ਚਾਹੁੰਦਾ ਸੀ ਕਿ ਉਸ ਦੇ ਚੇਲੇ ਗ਼ੈਰ-ਮਸੀਹੀਆਂ ਪ੍ਰਤੀ ਇਕ ਸੰਤੁਲਿਤ ਨਜ਼ਰੀਆ ਰੱਖਣ। ਇਕ ਪਾਸੇ, ਉਸ ਨੇ ਕਿਹਾ ਕਿ ਉਸ ਦੇ ਪੈਰੋਕਾਰ ਜਗਤ ਤੋਂ ਵੱਖਰੇ ਹੋਣਗੇ ਅਰਥਾਤ, ਉਹ ਉਸ ਰਵੱਈਏ ਅਤੇ ਆਚਰਣ ਤੋਂ ਦੂਰ ਰਹਿਣਗੇ ਜੋ ਯਹੋਵਾਹ ਦੇ ਧਰਮੀ ਰਾਹਾਂ ਦੇ ਉਲਟ ਹਨ। ਉਹ ਲੜਾਈਆਂ ਅਤੇ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿਣਗੇ। (ਯੂਹੰਨਾ 17:14, 16) ਦੂਸਰੇ ਪਾਸੇ, ਗ਼ੈਰ-ਮਸੀਹੀਆਂ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਬਜਾਇ, ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਕਿ ਉਹ ‘ਆਪਣੇ ਵੈਰੀਆਂ ਨਾਲ ਪਿਆਰ ਕਰਨ।’ (ਮੱਤੀ 5:44) ਪੌਲੁਸ ਰਸੂਲ ਨੇ ਮਸੀਹੀਆਂ ਨੂੰ ਪ੍ਰੇਰਿਆ: “ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਤਿਹਾਇਆ ਹੋਵੇ ਤਾਂ ਉਹ ਨੂੰ ਪਿਆ।” (ਰੋਮੀਆਂ 12:20) ਉਸ ਨੇ ਮਸੀਹੀਆਂ ਨੂੰ ‘ਸਭਨਾਂ ਨਾਲ ਭਲਾ ਕਰਨ’ ਲਈ ਵੀ ਕਿਹਾ।—ਗਲਾਤੀਆਂ 6:10.
13. ਯਹੂਦੀ ਧਾਰਮਿਕ ਆਗੂ ਮਸੀਹ ਦੇ ਚੇਲਿਆਂ ਦੇ ਇੰਨੇ ਖ਼ਿਲਾਫ਼ ਕਿਉਂ ਸਨ?
13 ਪਰ, ਮਸੀਹ ਦੇ ਚੇਲਿਆਂ ਨਾਲ ਤਿੰਨ ਤਰ੍ਹਾਂ ਦੇ ਲੋਕਾਂ ਨੇ “ਘ੍ਰਿਣਾ” ਕੀਤੀ। ਪਹਿਲੇ ਯਹੂਦੀ ਧਾਰਮਿਕ ਆਗੂ ਸਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਸੀਹੀਆਂ ਨੇ ਝਟਪਟ ਉਨ੍ਹਾਂ ਦਾ ਧਿਆਨ ਖਿੱਚਿਆ! ਨੈਤਿਕਤਾ ਅਤੇ ਖਰਿਆਈ ਦੇ ਸੰਬੰਧ ਵਿਚ ਮਸੀਹੀਆਂ ਦੇ ਉੱਚੇ ਸਿਧਾਂਤ ਸਨ, ਅਤੇ ਉਹ ਉਮੀਦ ਭਰੇ ਸੰਦੇਸ਼ ਦਾ ਗਰਮਜੋਸ਼ੀ ਨਾਲ ਪ੍ਰਚਾਰ ਕਰਦੇ ਸਨ। ਹਜ਼ਾਰਾਂ ਲੋਕਾਂ ਨੇ ਯਹੂਦੀ ਧਰਮ ਨੂੰ ਛੱਡ ਕੇ ਮਸੀਹੀਅਤ ਨੂੰ ਅਪਣਾ ਲਿਆ। (ਰਸੂਲਾਂ ਦੇ ਕਰਤੱਬ 2:41; 4:4; 6:7) ਯਹੂਦੀ ਧਾਰਮਿਕ ਆਗੂਆਂ ਦੀ ਨਜ਼ਰ ਵਿਚ, ਯਿਸੂ ਦੇ ਯਹੂਦੀ ਚੇਲੇ ਧਰਮ-ਤਿਆਗੀ ਸਨ! (ਰਸੂਲਾਂ ਦੇ ਕਰਤੱਬ 13:45 ਦੀ ਤੁਲਨਾ ਕਰੋ।) ਇਨ੍ਹਾਂ ਕ੍ਰੋਧੀ ਆਗੂਆਂ ਨੇ ਮਹਿਸੂਸ ਕੀਤਾ ਕਿ ਮਸੀਹੀਅਤ ਨੇ ਉਨ੍ਹਾਂ ਦੀਆਂ ਰੀਤਾਂ ਨੂੰ ਬੇਅਸਰ ਕਰ ਦਿੱਤਾ। ਮਸੀਹੀਅਤ ਨੇ ਗ਼ੈਰ-ਯਹੂਦੀਆਂ ਪ੍ਰਤੀ ਉਨ੍ਹਾਂ ਦੇ ਰਵੱਈਏ ਨੂੰ ਵੀ ਨਾਮਨਜ਼ੂਰ ਕੀਤਾ! 36 ਸਾ.ਯੁ. ਤੋਂ, ਗ਼ੈਰ-ਯਹੂਦੀ ਲੋਕ ਮਸੀਹੀ ਬਣ ਸਕਦੇ ਸਨ, ਅਤੇ ਯਹੂਦੀ ਮਸੀਹੀਆਂ ਨਾਲ ਸਮਾਨ ਨਿਹਚਾ ਅਤੇ ਸਮਾਨ ਵਿਸ਼ੇਸ਼-ਸਨਮਾਨਾਂ ਦਾ ਆਨੰਦ ਮਾਣ ਸਕਦੇ ਸਨ।—ਰਸੂਲਾਂ ਦੇ ਕਰਤੱਬ 10:34, 35.
14, 15. (ੳ) ਮਸੀਹੀ ਲੋਕ ਦੇਵੀ-ਦੇਵਤਿਆਂ ਦੇ ਉਪਾਸਕਾਂ ਦੀ ਘਿਰਣਾ ਦੇ ਸ਼ਿਕਾਰ ਕਿਉਂ ਬਣੇ? ਇਕ ਉਦਾਹਰਣ ਦਿਓ। (ਅ) ਮੁਢਲੇ ਮਸੀਹੀਆਂ ਨਾਲ ਕਿਹੜੇ ਤੀਸਰੇ ਸਮੂਹ ਨੇ “ਘ੍ਰਿਣਾ” ਕੀਤੀ?
14 ਦੂਸਰਾ, ਮਸੀਹੀ ਲੋਕ ਦੇਵੀ-ਦੇਵਤਿਆਂ ਦੇ ਉਪਾਸਕਾਂ ਦੀ ਘਿਰਣਾ ਦੇ ਸ਼ਿਕਾਰ ਬਣੇ। ਉਦਾਹਰਣ ਲਈ, ਪ੍ਰਾਚੀਨ ਅਫ਼ਸੁਸ ਵਿਚ, ਦੇਵੀ ਅਰਤਿਮਿਸ ਲਈ ਚਾਂਦੀ ਦੇ ਮੰਦਰ ਬਣਾਉਣਾ, ਇਕ ਮੁਨਾਫ਼ੇ ਵਾਲਾ ਕਾਰੋਬਾਰ ਸੀ। ਪਰ ਜਦੋਂ ਪੌਲੁਸ ਨੇ ਉੱਥੇ ਪ੍ਰਚਾਰ ਕੀਤਾ, ਤਾਂ ਕਾਫ਼ੀ ਸਾਰੇ ਅਫ਼ਸੀਆਂ ਨੇ ਸੱਚਾਈ ਨੂੰ ਅਪਣਾਇਆ ਅਤੇ ਅਰਤਿਮਿਸ ਦੀ ਉਪਾਸਨਾ ਕਰਨੀ ਛੱਡ ਦਿੱਤੀ। ਜਦੋਂ ਸੁਨਿਆਰਿਆਂ ਨੂੰ ਆਪਣਾ ਕਾਰੋਬਾਰ ਖ਼ਤਰੇ ਵਿਚ ਨਜ਼ਰ ਆਇਆ, ਤਾਂ ਉਨ੍ਹਾਂ ਨੇ ਬਹੁਤ ਰੌਲਾ-ਰੱਪਾ ਪਾਇਆ। (ਰਸੂਲਾਂ ਦੇ ਕਰਤੱਬ 19:24-41) ਬਿਥੁਨਿਯਾ (ਹੁਣ ਉੱਤਰ-ਪੱਛਮੀ ਤੁਰਕੀ) ਵਿਚ ਮਸੀਹੀਅਤ ਦੇ ਫੈਲਣ ਤੋਂ ਬਾਅਦ ਵੀ ਕੁਝ ਇਸੇ ਤਰ੍ਹਾਂ ਹੋਇਆ। ਮਸੀਹੀ ਯੂਨਾਨੀ ਸ਼ਾਸਤਰ ਦੇ ਪੂਰਾ ਹੋਣ ਤੋਂ ਜਲਦੀ ਬਾਅਦ, ਬਿਥੁਨਿਯਾ ਦੇ ਰਾਜਪਾਲ, ਪਲੀਨੀ ਛੋਟੇ ਨੇ ਦੱਸਿਆ ਕਿ ਦੇਵੀ-ਦੇਵਤਿਆਂ ਦੇ ਮੰਦਰ ਖਾਲੀ ਹੋ ਗਏ ਸਨ ਅਤੇ ਬਲੀ ਲਈ ਚੜ੍ਹਾਏ ਜਾਣ ਵਾਲੇ ਪਸ਼ੂਆਂ ਲਈ ਤੂੜੀ ਦੀ ਵਿਕਰੀ ਬਹੁਤ ਘੱਟ ਗਈ ਸੀ। ਇਸ ਦਾ ਦੋਸ਼ ਮਸੀਹੀਆਂ ਉੱਤੇ ਲਾਇਆ ਗਿਆ—ਅਤੇ ਉਨ੍ਹਾਂ ਨੂੰ ਸਤਾਇਆ ਗਿਆ—ਕਿਉਂਕਿ ਉਨ੍ਹਾਂ ਦੀ ਉਪਾਸਨਾ ਵਿਚ ਪਸ਼ੂਆਂ ਦੀਆਂ ਬਲੀਆਂ ਅਤੇ ਮੂਰਤੀਆਂ ਦੀ ਇਜਾਜ਼ਤ ਨਹੀਂ ਸੀ। (ਇਬਰਾਨੀਆਂ 10:1-9; 1 ਯੂਹੰਨਾ 5:21) ਸਪੱਸ਼ਟ ਹੈ ਕਿ ਮਸੀਹੀਅਤ ਦੇ ਫੈਲਾਅ ਦਾ ਦੇਵੀ-ਦੇਵਤਿਆਂ ਦੀ ਉਪਾਸਨਾ ਤੋਂ ਹੋਣ ਵਾਲੇ ਮਾਇਕ ਲਾਭ ਉੱਤੇ ਮਾੜਾ ਅਸਰ ਪਿਆ, ਅਤੇ ਉਹ ਲੋਕ ਬਹੁਤ ਹੀ ਖਿੱਝ ਗਏ ਜਿਨ੍ਹਾਂ ਨੂੰ ਆਪਣੇ ਵਪਾਰ ਤੋਂ ਅਤੇ ਵੱਡੀ ਕਮਾਈ ਤੋਂ ਹੱਥ ਧੋਣਾ ਪਿਆ।
15 ਤੀਸਰਾ, ਕੌਮ-ਪਰਸਤ ਰੋਮੀਆਂ ਨੇ ਮਸੀਹੀਆਂ ਨਾਲ “ਘ੍ਰਿਣਾ” ਕੀਤੀ। ਪਹਿਲਾਂ, ਰੋਮੀਆਂ ਦੀ ਨਜ਼ਰ ਵਿਚ ਮਸੀਹੀ ਲੋਕ ਇਕ ਛੋਟਾ ਅਤੇ ਸ਼ਾਇਦ ਕੱਟੜ ਧਾਰਮਿਕ ਸਮੂਹ ਸਨ। ਪਰ, ਸਮੇਂ ਦੇ ਬੀਤਣ ਨਾਲ, ਮਹਿਜ਼ ਮਸੀਹੀ ਹੋਣ ਦਾ ਦਾਅਵਾ ਕਰਨਾ ਵੀ ਇਕ ਅਪਰਾਧ ਬਣ ਗਿਆ ਅਤੇ ਇਸ ਦੀ ਸਜ਼ਾ ਮੌਤ ਸੀ। ਮਸੀਹੀ ਜੀਵਨ ਬਸਰ ਕਰਨ ਵਾਲੇ ਈਮਾਨਦਾਰ ਨਾਗਰਿਕਾਂ ਨੂੰ ਸਤਾਹਟ ਅਤੇ ਮੌਤ ਦੇ ਲਈ ਯੋਗ ਸ਼ਿਕਾਰ ਕਿਉਂ ਸਮਝਿਆ ਗਿਆ?
ਮੁਢਲੇ ਮਸੀਹੀ—ਰੋਮੀ ਸਮਾਜ ਵਿਚ ਉਨ੍ਹਾਂ ਨਾਲ ਕਿਉਂ ਘਿਰਣਾ ਕੀਤੀ ਗਈ?
16. ਮਸੀਹੀ ਕਿਨ੍ਹਾਂ ਤਰੀਕਿਆਂ ਵਿਚ ਜਗਤ ਤੋਂ ਵੱਖਰੇ ਰਹੇ, ਅਤੇ ਇਸ ਗੱਲ ਨੇ ਉਨ੍ਹਾਂ ਨੂੰ ਰੋਮੀ ਸਮਾਜ ਦੇ ਵੈਰੀ ਕਿਉਂ ਬਣਾ ਦਿੱਤਾ?
16 ਮੁੱਖ ਤੌਰ ਤੇ, ਰੋਮੀ ਸਮਾਜ ਵਿਚ ਮਸੀਹੀਆਂ ਨਾਲ ਇਸ ਲਈ ਘਿਰਣਾ ਕੀਤੀ ਗਈ ਕਿਉਂਕਿ ਉਹ ਆਪਣੇ ਧਾਰਮਿਕ ਸਿਧਾਂਤਾਂ ਅਨੁਸਾਰ ਚੱਲਦੇ ਸਨ। ਉਦਾਹਰਣ ਲਈ, ਉਨ੍ਹਾਂ ਨੇ ਜਗਤ ਤੋਂ ਆਪਣੇ ਆਪ ਨੂੰ ਵੱਖਰੇ ਰੱਖਿਆ। (ਯੂਹੰਨਾ 15:19) ਇਸ ਕਰਕੇ ਉਨ੍ਹਾਂ ਨੇ ਕੋਈ ਰਾਜਨੀਤਿਕ ਪਦਵੀ ਸਵੀਕਾਰ ਨਹੀਂ ਕੀਤੀ, ਅਤੇ ਉਨ੍ਹਾਂ ਨੇ ਫ਼ੌਜ ਵਿਚ ਕੰਮ ਕਰਨ ਤੋਂ ਇਨਕਾਰ ਕੀਤਾ। ਸਿੱਟੇ ਵਜੋਂ, ਉਨ੍ਹਾਂ ਨੂੰ “ਸੰਸਾਰ ਪੱਖੋਂ ਮਰੇ ਹੋਏ ਲੋਕ ਅਤੇ ਜੀਵਨ ਦੇ ਹਰ ਮਾਮਲੇ ਵਿਚ ਨਿਕੰਮੇ ਕਿਹਾ ਗਿਆ,” ਇਤਿਹਾਸਕਾਰ ਔਗਸਟਸ ਨੀਐਂਡਰ ਕਹਿੰਦਾ ਹੈ। ਜਗਤ ਦੇ ਭਾਗ ਨਾ ਹੋਣ ਦਾ ਇਹ ਵੀ ਅਰਥ ਸੀ ਕਿ ਉਹ ਭ੍ਰਿਸ਼ਟ ਰੋਮੀ ਸਮਾਜ ਦੇ ਬੁਰੇ ਕੰਮਾਂ ਤੋਂ ਦੂਰ ਰਹਿੰਦੇ ਸਨ। “ਮਸੀਹੀਆਂ ਦੇ ਛੋਟੇ-ਛੋਟੇ ਸਮੂਹ, ਆਪਣੀ ਪਵਿੱਤਰਤਾ ਅਤੇ ਮਾਨ-ਮਰਯਾਦਾ ਕਰਕੇ ਅਯਾਸ਼ੀ ਵਿਚ ਡੁੱਬੇ ਗ਼ੈਰ-ਮਸੀਹੀਆਂ ਨੂੰ ਦੋਸ਼ੀ ਮਹਿਸੂਸ ਕਰਾ ਰਹੇ ਸਨ,” ਇਤਿਹਾਸਕਾਰ ਵਿਲ ਡੁਰੈਂਟ ਦੱਸਦਾ ਹੈ। (1 ਪਤਰਸ 4:3, 4) ਮਸੀਹੀਆਂ ਨੂੰ ਸਤਾਉਣ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਦੁਆਰਾ, ਸ਼ਾਇਦ ਰੋਮੀ ਆਪਣੇ ਅੰਤਹਕਰਣ ਦੀ ਆਵਾਜ਼ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਉਨ੍ਹਾਂ ਨੂੰ ਲਾਅਨਤਾਂ ਪਾ ਰਹੀ ਸੀ।
17. ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਦੇ ਪ੍ਰਚਾਰ ਦਾ ਕੰਮ ਪ੍ਰਭਾਵਸ਼ਾਲੀ ਸੀ?
17 ਪਹਿਲੀ ਸਦੀ ਦੇ ਮਸੀਹੀਆਂ ਨੇ ਪੂਰੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। (ਮੱਤੀ 24:14) ਲਗਭਗ 60 ਸਾ.ਯੁ. ਵਿਚ, ਪੌਲੁਸ ਕਹਿ ਸਕਦਾ ਸੀ ਕਿ ਖ਼ੁਸ਼ ਖ਼ਬਰੀ ਦਾ “ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਕੀਤਾ ਜਾ ਚੁੱਕਾ ਸੀ। (ਕੁਲੁੱਸੀਆਂ 1:23) ਪਹਿਲੀ ਸਦੀ ਦੇ ਅਖ਼ੀਰ ਵਿਚ, ਯਿਸੂ ਦੇ ਪੈਰੋਕਾਰਾਂ ਨੇ ਪੂਰੇ ਰੋਮੀ ਸਾਮਰਾਜ ਵਿਚ ਚੇਲੇ ਬਣਾ ਲਏ ਸਨ—ਏਸ਼ੀਆ, ਯੂਰਪ, ਅਤੇ ਅਫ਼ਰੀਕਾ ਵਿਚ! “ਕੈਸਰ ਦੇ ਘਰ” ਦੇ ਕੁਝ ਮੈਂਬਰ ਵੀ ਮਸੀਹੀ ਬਣੇ।a (ਫ਼ਿਲਿੱਪੀਆਂ 4:22) ਇਸ ਜੋਸ਼ੀਲੇ ਪ੍ਰਚਾਰ ਕੰਮ ਨੇ ਕ੍ਰੋਧ ਭੜਕਾਇਆ। ਨੀਐਂਡਰ ਕਹਿੰਦਾ ਹੈ: “ਮਸੀਹੀਅਤ ਨੇ ਹਰ ਦਰਜੇ ਦੇ ਲੋਕਾਂ ਵਿਚ ਤੇਜ਼ੀ ਨਾਲ ਤਰੱਕੀ ਕੀਤੀ, ਅਤੇ ਇਹ ਕੌਮੀ ਧਰਮ ਲਈ ਇਕ ਖ਼ਤਰਾ ਬਣ ਗਈ ਸੀ।”
18. ਯਹੋਵਾਹ ਦੀ ਅਣਵੰਡੀ ਭਗਤੀ ਕਰਨ ਕਰਕੇ ਮਸੀਹੀ ਕਿਸ ਤਰ੍ਹਾਂ ਰੋਮੀ ਸਰਕਾਰ ਦੇ ਵੈਰੀ ਬਣ ਗਏ?
18 ਯਿਸੂ ਦੇ ਪੈਰੋਕਾਰ ਯਹੋਵਾਹ ਦੀ ਅਣਵੰਡੀ ਭਗਤੀ ਕਰਦੇ ਸਨ। (ਮੱਤੀ 4:8-10) ਸ਼ਾਇਦ ਉਨ੍ਹਾਂ ਦੀ ਉਪਾਸਨਾ ਦਾ ਇਹ ਪਹਿਲੂ, ਉਨ੍ਹਾਂ ਪ੍ਰਤੀ ਰੋਮ ਦੇ ਵੈਰ ਦਾ ਸਭ ਤੋਂ ਵੱਡਾ ਕਾਰਨ ਸੀ। ਰੋਮੀਆਂ ਨੇ ਦੂਸਰੇ ਧਰਮਾਂ ਨੂੰ ਉੱਨੀ ਦੇਰ ਤਕ ਸਹਾਰਿਆ, ਜਿੰਨੀ ਦੇਰ ਤਕ ਉਨ੍ਹਾਂ ਦੇ ਪੈਰੋਕਾਰਾਂ ਨੇ ਸਮਰਾਟ ਦੀ ਵੀ ਉਪਾਸਨਾ ਕੀਤੀ। ਮੁਢਲੇ ਮਸੀਹੀ ਅਜਿਹੀ ਉਪਾਸਨਾ ਵਿਚ ਭਾਗ ਨਹੀਂ ਲੈ ਸਕਦੇ ਸਨ। ਉਹ ਆਪਣੇ ਆਪ ਨੂੰ ਰੋਮੀ ਰਾਜ ਤੋਂ ਵੀ ਉੱਚੀ ਇਕ ਸ਼ਕਤੀ, ਯਹੋਵਾਹ ਪਰਮੇਸ਼ੁਰ, ਦੇ ਸਾਮ੍ਹਣੇ ਜਵਾਬਦੇਹ ਸਮਝਦੇ ਸਨ। (ਰਸੂਲਾਂ ਦੇ ਕਰਤੱਬ 5:29) ਇਸ ਕਰਕੇ, ਇਕ ਮਸੀਹੀ ਭਾਵੇਂ ਬਾਕੀ ਸਾਰੇ ਮਾਮਲਿਆਂ ਵਿਚ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਉਸ ਨੂੰ ਰਾਜ ਦਾ ਵੈਰੀ ਸਮਝਿਆ ਜਾਂਦਾ ਸੀ।
19, 20. (ੳ) ਵਫ਼ਾਦਾਰ ਮਸੀਹੀਆਂ ਬਾਰੇ ਫੈਲਾਈਆਂ ਗਈਆਂ ਤੁਹਮਤ ਭਰੀਆਂ ਗੱਲਾਂ ਲਈ ਮੁੱਖ ਤੌਰ ਤੇ ਕੌਣ ਜ਼ਿੰਮੇਵਾਰ ਸਨ? (ਅ) ਮਸੀਹੀਆਂ ਉੱਤੇ ਕਿਹੜੇ ਝੂਠੇ ਦੋਸ਼ ਲਾਏ ਗਏ ਸਨ?
19 ਇਕ ਹੋਰ ਵੀ ਕਾਰਨ ਸੀ ਜਿਸ ਕਰਕੇ ਵਫ਼ਾਦਾਰ ਮਸੀਹੀਆਂ ਨਾਲ ਰੋਮੀ ਸਮਾਜ ਵਿਚ “ਘ੍ਰਿਣਾ” ਕੀਤੀ ਗਈ: ਮਸੀਹੀਆਂ ਬਾਰੇ ਫੈਲਾਈਆਂ ਗਈਆਂ ਝੂਠੀਆਂ ਗੱਲਾਂ ਉੱਤੇ ਲੋਕਾਂ ਨੇ ਆਸਾਨੀ ਨਾਲ ਵਿਸ਼ਵਾਸ ਕਰ ਲਿਆ, ਅਤੇ ਇਨ੍ਹਾਂ ਝੂਠੀਆਂ ਗੱਲਾਂ ਨੂੰ ਫੈਲਾਉਣ ਵਿਚ ਯਹੂਦੀ ਧਾਰਮਿਕ ਆਗੂਆਂ ਦਾ ਵੱਡਾ ਹੱਥ ਸੀ। (ਰਸੂਲਾਂ ਦੇ ਕਰਤੱਬ 17:5-8) ਲਗਭਗ 60 ਜਾਂ 61 ਸਾ.ਯੁ. ਵਿਚ, ਜਦੋਂ ਪੌਲੁਸ ਰੋਮ ਵਿਚ ਸੀ ਅਤੇ ਸਮਰਾਟ ਨੀਰੋ ਦੁਆਰਾ ਮੁਕੱਦਮੇ ਦੀ ਸੁਣਵਾਈ ਦੀ ਉਡੀਕ ਕਰ ਰਿਹਾ ਸੀ, ਉੱਘੇ ਯਹੂਦੀਆਂ ਨੇ ਮਸੀਹੀਆਂ ਬਾਰੇ ਇਹ ਕਿਹਾ ਸੀ: “ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।” (ਰਸੂਲਾਂ ਦੇ ਕਰਤੱਬ 28:22) ਬਿਨਾਂ ਸ਼ੱਕ, ਨੀਰੋ ਨੇ ਵੀ ਉਨ੍ਹਾਂ ਬਾਰੇ ਤੁਹਮਤ ਭਰੀਆਂ ਗੱਲਾਂ ਸੁਣੀਆਂ ਹੋਣਗੀਆਂ। 64 ਸਾ.ਯੁ. ਵਿਚ, ਜਦੋਂ ਰੋਮ ਵਿਚ ਲੱਗੀ ਅੱਗ ਦਾ ਦੋਸ਼ ਨੀਰੋ ਉੱਤੇ ਲਾਇਆ ਗਿਆ, ਜਿਸ ਅੱਗ ਨੇ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦਿੱਤਾ, ਤਾਂ ਇਹ ਕਿਹਾ ਜਾਂਦਾ ਹੈ ਕਿ ਉਸ ਨੇ ਬਦਨਾਮ ਹੋਏ ਮਸੀਹੀਆਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ। ਸ਼ਾਇਦ ਇਸੇ ਕਰਕੇ ਰੋਮ ਵਿਚ ਵੱਡੀ ਸਤਾਹਟ ਦੀ ਲਹਿਰ ਦੌੜ ਗਈ ਜਿਸ ਦਾ ਉਦੇਸ਼ ਮਸੀਹੀਆਂ ਨੂੰ ਖ਼ਤਮ ਕਰ ਦੇਣਾ ਸੀ।
20 ਮਸੀਹੀਆਂ ਉੱਤੇ ਝੂਠੇ ਦੋਸ਼ ਲਾਉਣ ਵੇਲੇ, ਉਨ੍ਹਾਂ ਦੇ ਵੈਰੀ ਜਾਂ ਤਾਂ ਸਰਾਸਰ ਝੂਠ ਦਾ ਸਹਾਰਾ ਲੈਂਦੇ ਸਨ, ਜਾਂ ਉਨ੍ਹਾਂ ਦੇ ਸਿਧਾਂਤਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਸਨ। ਕਿਉਂਕਿ ਉਹ ਇੱਕੋ-ਇਕ ਪਰਮੇਸ਼ੁਰ ਨੂੰ ਮੰਨਦੇ ਸਨ, ਅਤੇ ਸਮਰਾਟ ਦੀ ਉਪਾਸਨਾ ਨਹੀਂ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਨਾਸਤਿਕ ਕਿਹਾ ਗਿਆ। ਕਿਉਂਕਿ ਪਰਿਵਾਰ ਦੇ ਕੁਝ ਗ਼ੈਰ-ਮਸੀਹੀ ਮੈਂਬਰਾਂ ਨੇ ਆਪਣੇ ਮਸੀਹੀ ਰਿਸ਼ਤੇਦਾਰਾਂ ਦਾ ਵਿਰੋਧ ਕੀਤਾ, ਇਸ ਲਈ ਮਸੀਹੀਆਂ ਉੱਤੇ ਪਰਿਵਾਰ ਵਿਚ ਫੁੱਟ ਪਾਉਣ ਦਾ ਦੋਸ਼ ਲਾਇਆ ਗਿਆ। (ਮੱਤੀ 10:21) ਉਨ੍ਹਾਂ ਨੂੰ ਆਦਮਖ਼ੋਰ ਵੀ ਕਿਹਾ ਗਿਆ। ਕੁਝ ਵਿਦਵਾਨਾਂ ਅਨੁਸਾਰ, ਇਹ ਦੋਸ਼ ਇਸ ਲਈ ਲਾਇਆ ਗਿਆ ਸੀ ਕਿਉਂਕਿ ਲੋਕਾਂ ਨੇ ਪ੍ਰਭੂ ਦੇ ਸੰਧਿਆ ਭੋਜਨ ਦੇ ਮੌਕੇ ਤੇ ਕਹੇ ਗਏ ਯਿਸੂ ਦੇ ਸ਼ਬਦਾਂ ਦਾ ਗ਼ਲਤ ਅਰਥ ਕੱਢਿਆ ਸੀ।—ਮੱਤੀ 26:26-28.
21. ਮਸੀਹੀਆਂ ਨਾਲ ਕਿਨ੍ਹਾਂ ਦੋ ਕਾਰਨਾਂ ਕਰਕੇ “ਘ੍ਰਿਣਾ” ਕੀਤੀ ਗਈ ਸੀ?
21 ਇਸ ਲਈ, ਰੋਮੀਆਂ ਨੇ ਵਫ਼ਾਦਾਰ ਮਸੀਹੀਆਂ ਨਾਲ ਦੋ ਮੂਲ ਕਾਰਨਾਂ ਕਰਕੇ “ਘ੍ਰਿਣਾ” ਕੀਤੀ: (1) ਬਾਈਬਲ ਤੇ ਆਧਾਰਿਤ ਉਨ੍ਹਾਂ ਦੇ ਸਿਧਾਂਤ ਅਤੇ ਅਭਿਆਸ, ਅਤੇ (2) ਉਨ੍ਹਾਂ ਉੱਤੇ ਲਾਏ ਗਏ ਝੂਠੇ ਦੋਸ਼। ਕਾਰਨ ਚਾਹੇ ਕੋਈ ਵੀ ਹੋਵੇ, ਵਿਰੋਧੀਆਂ ਦਾ ਸਿਰਫ਼ ਇੱਕੋ ਮਕਸਦ ਸੀ—ਮਸੀਹੀਅਤ ਦਾ ਖ਼ਾਤਮਾ। ਨਿਰਸੰਦੇਹ, ਮਸੀਹੀਆਂ ਵਿਰੁੱਧ ਸਤਾਹਟ ਭੜਕਾਉਣ ਪਿੱਛੇ ਅਸਲ ਹੱਥ ਅਲੌਕਿਕ ਵਿਰੋਧੀਆਂ, ਅਰਥਾਤ ਅਦ੍ਰਿਸ਼ਟ ਦੁਸ਼ਟ ਆਤਮਿਕ ਪ੍ਰਾਣੀਆਂ ਦਾ ਸੀ।—ਅਫ਼ਸੀਆਂ 6:12.
22. (ੳ) ਕਿਹੜੀ ਉਦਾਹਰਣ ਦਿਖਾਉਂਦੀ ਹੈ ਕਿ ਯਹੋਵਾਹ ਦੇ ਗਵਾਹ ‘ਸਭਨਾਂ ਨਾਲ ਭਲਾ ਕਰਨ’ ਦੀ ਕੋਸ਼ਿਸ਼ ਕਰਦੇ ਹਨ? (ਸਫ਼ਾ 11 ਉੱਤੇ ਡੱਬੀ ਦੇਖੋ।) (ਅ) ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ?
22 ਮੁਢਲੇ ਮਸੀਹੀਆਂ ਦੀ ਤਰ੍ਹਾਂ, ਯਹੋਵਾਹ ਦੇ ਗਵਾਹਾਂ ਨਾਲ ਵੀ ਅੱਜ ਅਨੇਕ ਦੇਸ਼ਾਂ ਵਿਚ “ਘ੍ਰਿਣਾ” ਕੀਤੀ ਜਾਂਦੀ ਹੈ। ਫਿਰ ਵੀ, ਉਹ ਉਨ੍ਹਾਂ ਲੋਕਾਂ ਨਾਲ ਘਿਰਣਾ ਨਹੀਂ ਕਰਦੇ ਜੋ ਗਵਾਹ ਨਹੀਂ ਹਨ; ਨਾ ਹੀ ਉਹ ਕਦੀ ਸਰਕਾਰ ਦੇ ਖ਼ਿਲਾਫ਼ ਬਗਾਵਤ ਭੜਕਾਉਂਦੇ ਹਨ। ਇਸ ਦੇ ਉਲਟ, ਉਹ ਆਪਣੇ ਸੱਚੇ ਪਿਆਰ ਕਰਕੇ ਦੁਨੀਆਂ ਭਰ ਵਿਚ ਜਾਣੇ ਜਾਂਦੇ ਹਨ, ਅਜਿਹਾ ਪਿਆਰ ਜੋ ਸਮਾਜਕ, ਜਾਤੀਗਤ, ਅਤੇ ਨਸਲੀ ਅੜਿੱਕਿਆਂ ਨੂੰ ਪਾਰ ਕਰ ਜਾਂਦਾ ਹੈ। ਤਾਂ ਫਿਰ, ਉਹ ਕਿਉਂ ਸਤਾਏ ਜਾਂਦੇ ਹਨ? ਅਤੇ ਉਹ ਵਿਰੋਧ ਦਾ ਸਾਮ੍ਹਣਾ ਕਿਵੇਂ ਕਰਦੇ ਹਨ? ਇਨ੍ਹਾਂ ਸਵਾਲਾਂ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।
[ਫੁਟਨੋਟ]
a ਇਹ ਜ਼ਰੂਰੀ ਨਹੀਂ ਕਿ ਇਹ ਸ਼ਬਦ “ਕੈਸਰ ਦੇ ਘਰ,” ਉਸ ਸਮੇਂ ਸ਼ਾਸਨ ਕਰ ਰਹੇ ਨੀਰੋ ਦੇ ਪਰਿਵਾਰ ਦੇ ਹੀ ਮੈਂਬਰਾਂ ਵੱਲ ਸੰਕੇਤ ਕਰਨ। ਇਸ ਦੀ ਬਜਾਇ, ਇਹ ਉਹ ਘਰੇਲੂ ਨੌਕਰ ਅਤੇ ਛੋਟੇ ਅਫ਼ਸਰ ਵੀ ਹੋ ਸਕਦੇ ਸਨ, ਜੋ ਸ਼ਾਇਦ ਸ਼ਾਹੀ ਪਰਿਵਾਰ ਅਤੇ ਸ਼ਾਹੀ ਅਧਿਕਾਰੀਆਂ ਲਈ ਖਾਣਾ ਬਣਾਉਣ ਅਤੇ ਸਫ਼ਾਈ ਕਰਨ ਵਰਗੇ ਘਰੇਲੂ ਕੰਮ ਕਰਦੇ ਸਨ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਯਿਸੂ ਨੇ ਸੰਭਾਵੀ ਪੈਰੋਕਾਰਾਂ ਨੂੰ ਸ਼ਾਗਿਰਦੀ ਦੀ ਕੀਮਤ ਉੱਤੇ ਵਿਚਾਰ ਕਰਨ ਦੀ ਕਿਉਂ ਤਾਕੀਦ ਕੀਤੀ ਸੀ?
◻ ਗ਼ੈਰ-ਯਹੂਦੀਆਂ ਪ੍ਰਤੀ ਪ੍ਰਚਲਿਤ ਨਜ਼ਰੀਏ ਦਾ ਯਹੂਦੀ ਧਰਮ ਉੱਤੇ ਕੀ ਪ੍ਰਭਾਵ ਪਿਆ, ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?
◻ ਵਫ਼ਾਦਾਰ ਮੁਢਲੇ ਮਸੀਹੀਆਂ ਨੇ ਕਿਹੜੇ ਤਿੰਨ ਸਮੂਹਾਂ ਦੇ ਵਿਰੋਧ ਦਾ ਸਾਮ੍ਹਣਾ ਕੀਤਾ?
◻ ਰੋਮੀਆਂ ਨੇ ਕਿਹੜੇ ਮੂਲ ਕਾਰਨਾਂ ਕਰਕੇ ਮੁਢਲੇ ਮਸੀਹੀਆਂ ਨਾਲ “ਘ੍ਰਿਣਾ” ਕੀਤੀ?
[ਸਫ਼ੇ 11 ਉੱਤੇ ਡੱਬੀ]
‘ਸਭਨਾਂ ਨਾਲ ਭਲਾ ਕਰਨਾ’
ਯਹੋਵਾਹ ਦੇ ਗਵਾਹ ਬਾਈਬਲ ਦੇ ਉਪਦੇਸ਼ ‘ਸਭਨਾਂ ਨਾਲ ਭਲਾ ਕਰੋ’ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। (ਗਲਾਤੀਆਂ 6:10) ਲੋੜ ਵੇਲੇ, ਗੁਆਂਢੀਆਂ ਲਈ ਪਿਆਰ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਵੀ ਮਦਦ ਕਰਨ ਲਈ ਪ੍ਰੇਰਦਾ ਹੈ ਜੋ ਉਨ੍ਹਾਂ ਦੇ ਧਾਰਮਿਕ ਸਿਧਾਂਤਾਂ ਨੂੰ ਨਹੀਂ ਮੰਨਦੇ ਹਨ। ਉਦਾਹਰਣ ਲਈ, 1994 ਵਿਚ ਰਵਾਂਡਾ ਦੇ ਸੰਕਟਮਈ ਹਾਲਾਤ ਦੌਰਾਨ, ਯੂਰਪ ਦੇ ਗਵਾਹਾਂ ਨੇ ਰਾਹਤ ਕਾਰਜਾਂ ਵਿਚ ਮਦਦ ਕਰਨ ਲਈ ਅਫ਼ਰੀਕਾ ਜਾਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਮਦਦ ਦੇਣ ਲਈ ਤੁਰੰਤ ਸੁਵਿਵਸਥਿਤ ਕੈਂਪ ਅਤੇ ਖੁੱਲ੍ਹੇ ਹਸਪਤਾਲ ਲਾਏ ਗਏ। ਢੇਰ ਸਾਰਾ ਭੋਜਨ, ਕੱਪੜੇ, ਅਤੇ ਕੰਬਲ ਹਵਾਈ ਜਹਾਜ਼ ਦੁਆਰਾ ਭੇਜੇ ਗਏ। ਇਨ੍ਹਾਂ ਰਾਹਤ ਕਾਰਜਾਂ ਤੋਂ ਲਾਭ ਪ੍ਰਾਪਤ ਕਰਨ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਉੱਥੋਂ ਦੇ ਯਹੋਵਾਹ ਦੇ ਗਵਾਹਾਂ ਨਾਲੋਂ ਤਿੱਗੁਣੀ ਸੀ।
[ਸਫ਼ੇ 9 ਉੱਤੇ ਤਸਵੀਰ]
ਪਹਿਲੀ ਸਦੀ ਦੇ ਮਸੀਹੀਆਂ ਨੇ ਪੂਰੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ