ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 12/1 ਸਫ਼ੇ 13-18
  • ਆਪਣੀ ਨਿਹਚਾ ਦੀ ਰੱਖਿਆ ਕਰਨਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀ ਨਿਹਚਾ ਦੀ ਰੱਖਿਆ ਕਰਨਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਤੁਹਾਡੀ ਤਰਕਸ਼ੀਲਤਾ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਹੋਵੇ”
  • ਕਦੋਂ ਚੁੱਪ ਕਰਨਾ ਹੈ, ਕਦੋਂ ਬੋਲਣਾ ਹੈ
  • ਤੁਹਮਤ ਭਰੀ ਜਾਣਕਾਰੀ ਬਾਰੇ ਕੀ?
  • ਕਾਨੂੰਨੀ ਤੌਰ ਤੇ ਖ਼ੁਸ਼ ਖ਼ਬਰੀ ਦੀ ਰੱਖਿਆ ਕਰਨਾ
  • ਉਨ੍ਹਾਂ ਦੀ ਨਿਹਚਾ ਕਾਰਨ ਉਨ੍ਹਾਂ ਨਾਲ ਘਿਰਣਾ ਕੀਤੀ ਗਈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਯਹੋਵਾਹ ਦੇ ਗਵਾਹ ਆਪਣੇ ʼਤੇ ਲੱਗੇ ਸਾਰੇ ਦੋਸ਼ਾਂ ਦਾ ਜਵਾਬ ਕਿਉਂ ਨਹੀਂ ਦਿੰਦੇ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਕੀ ਯਹੋਵਾਹ ਦੇ ਗਵਾਹ ਸੱਚੇ ਮਸੀਹੀ ਹਨ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਬਿਨਾਂ ਕਾਰਨ ਨਫ਼ਰਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 12/1 ਸਫ਼ੇ 13-18

ਆਪਣੀ ਨਿਹਚਾ ਦੀ ਰੱਖਿਆ ਕਰਨਾ

“ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ।”—1 ਪਤਰਸ 3:15.

1, 2. ਯਹੋਵਾਹ ਦੇ ਗਵਾਹ ਵਿਰੋਧ ਤੋਂ ਹੈਰਾਨ ਕਿਉਂ ਨਹੀਂ ਹੁੰਦੇ, ਪਰ ਉਹ ਕੀ ਚਾਹੁੰਦੇ ਹਨ?

ਜ਼ਿਆਦਾਤਰ ਦੇਸ਼ਾਂ ਵਿਚ, ਯਹੋਵਾਹ ਦੇ ਗਵਾਹ ਆਮ ਤੌਰ ਤੇ ਈਮਾਨਦਾਰ ਅਤੇ ਨੇਕ ਚਾਲ-ਚਲਣ ਵਾਲੇ ਲੋਕਾਂ ਵਜੋਂ ਜਾਣੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਦੀ ਨਜ਼ਰ ਵਿਚ ਉਹ ਚੰਗੇ ਗੁਆਂਢੀ ਹਨ ਜੋ ਕਿਸੇ ਨੂੰ ਤੰਗ ਨਹੀਂ ਕਰਦੇ। ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਅਮਨ-ਪਸੰਦ ਮਸੀਹੀਆਂ ਨੇ—ਲੜਾਈਆਂ ਵੇਲੇ ਅਤੇ ਸ਼ਾਂਤੀ ਦੇ ਸਮੇਂ ਵਿਚ—ਨਾਜਾਇਜ਼ ਸਤਾਹਟਾਂ ਸਹੀਆਂ ਹਨ। ਲੇਕਿਨ ਉਹ ਅਜਿਹੇ ਵਿਰੋਧ ਤੋਂ ਹੈਰਾਨ ਨਹੀਂ ਹੁੰਦੇ ਹਨ। ਅਸਲ ਵਿਚ, ਉਹ ਇਸ ਦੀ ਆਸ ਰੱਖਦੇ ਹਨ। ਆਖ਼ਰਕਾਰ, ਉਹ ਜਾਣਦੇ ਹਨ ਕਿ ਪਹਿਲੀ ਸਦੀ ਸਾ.ਯੁ. ਵਿਚ ਵਫ਼ਾਦਾਰ ਮਸੀਹੀਆਂ ਨਾਲ “ਘ੍ਰਿਣਾ” ਕੀਤੀ ਗਈ ਸੀ। (ਮੱਤੀ 10:22, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਲਈ ਅੱਜ ਜਿਹੜੇ ਲੋਕ ਮਸੀਹ ਦੇ ਸੱਚੇ ਪੈਰੋਕਾਰ ਬਣਨ ਦੀ ਕੋਸ਼ਿਸ਼ ਕਰਦੇ ਹਨ, ਉਹ ਵੀ ਇਸੇ ਤਰ੍ਹਾਂ ਦੇ ਸਲੂਕ ਦੀ ਆਸ ਰੱਖਦੇ ਹਨ। ਇਸ ਤੋਂ ਇਲਾਵਾ, ਬਾਈਬਲ ਕਹਿੰਦੀ ਹੈ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।”—2 ਤਿਮੋਥਿਉਸ 3:12.

2 ਯਹੋਵਾਹ ਦੇ ਗਵਾਹ ਸਤਾਹਟ ਦੀ ਭਾਲ ਨਹੀਂ ਕਰਦੇ ਹਨ, ਨਾ ਹੀ ਉਨ੍ਹਾਂ ਨੂੰ ਇਸ ਕਾਰਨ ਆਉਣ ਵਾਲੀਆਂ ਔਖਿਆਈਆਂ—ਜੁਰਮਾਨੇ, ਕੈਦ, ਜਾਂ ਮਾਰ-ਕੁਟਾਈ—ਤੋਂ ਆਨੰਦ ਮਿਲਦਾ ਹੈ। ਉਹ ‘ਚੈਨ ਅਤੇ ਸੁਖ ਨਾਲ ਉਮਰ ਭੋਗਣੀ’ ਚਾਹੁੰਦੇ ਹਨ, ਤਾਂਕਿ ਉਹ ਬਿਨਾਂ ਕਿਸੇ ਰੁਕਾਵਟ ਦੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਣ। (1 ਤਿਮੋਥਿਉਸ 2:1, 2) ਉਹ ਜ਼ਿਆਦਾਤਰ ਦੇਸ਼ਾਂ ਵਿਚ ਉਪਾਸਨਾ ਕਰਨ ਦੀ ਆਪਣੀ ਧਾਰਮਿਕ ਆਜ਼ਾਦੀ ਦੀ ਬਹੁਤ ਕਦਰ ਕਰਦੇ ਹਨ, ਅਤੇ ਉਹ “ਸਾਰੇ ਮਨੁੱਖਾਂ ਦੇ ਨਾਲ,” ਅਤੇ ਮਨੁੱਖੀ ਸਰਕਾਰਾਂ ਦੇ ਸ਼ਾਸਕਾਂ ਨਾਲ ਵੀ ‘ਮੇਲ ਰੱਖਣ’ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਰੋਮੀਆਂ 12:18; 13:1-7) ਤਾਂ ਫਿਰ, ਉਨ੍ਹਾਂ ਨਾਲ “ਘ੍ਰਿਣਾ” ਕਿਉਂ ਕੀਤੀ ਜਾਂਦੀ ਹੈ?

3. ਕਿਹੜੇ ਇਕ ਕਾਰਨ ਕਰਕੇ ਯਹੋਵਾਹ ਦੇ ਗਵਾਹਾਂ ਨਾਲ ਨਾਜਾਇਜ਼ ਤੌਰ ਤੇ ਘਿਰਣਾ ਕੀਤੀ ਜਾਂਦੀ ਹੈ?

3 ਬੁਨਿਆਦੀ ਤੌਰ ਤੇ, ਯਹੋਵਾਹ ਦੇ ਗਵਾਹਾਂ ਨਾਲ ਵੀ ਉਨ੍ਹਾਂ ਕਾਰਨਾਂ ਕਰਕੇ ਹੀ ਨਾਜਾਇਜ਼ ਤੌਰ ਤੇ ਘਿਰਣਾ ਕੀਤੀ ਜਾਂਦੀ ਹੈ ਜਿਨ੍ਹਾਂ ਕਾਰਨਾਂ ਕਰਕੇ ਮੁਢਲੇ ਮਸੀਹੀ ਸਤਾਏ ਜਾਂਦੇ ਸਨ। ਪਹਿਲਾ, ਯਹੋਵਾਹ ਦੇ ਗਵਾਹ ਆਪਣੇ ਧਾਰਮਿਕ ਸਿਧਾਂਤਾਂ ਅਨੁਸਾਰ ਚੱਲਦੇ ਹਨ ਜਿਸ ਕਰਕੇ ਕੁਝ ਵਿਅਕਤੀ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ। ਉਦਾਹਰਣ ਲਈ, ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਜੋਸ਼ ਨਾਲ ਪ੍ਰਚਾਰ ਕਰਦੇ ਹਨ, ਪਰ ਲੋਕ ਅਕਸਰ ਉਨ੍ਹਾਂ ਦੇ ਜੋਸ਼ ਨੂੰ ਗ਼ਲਤ ਸਮਝਦੇ ਹਨ, ਅਤੇ ਉਨ੍ਹਾਂ ਦੇ ਪ੍ਰਚਾਰ ਨੂੰ “ਜਬਰੀ ਧਰਮ-ਪਰਿਵਰਤਨ” ਮੰਨਦੇ ਹਨ। (ਰਸੂਲਾਂ ਦੇ ਕਰਤੱਬ 4:19, 20 ਦੀ ਤੁਲਨਾ ਕਰੋ।) ਉਹ ਕੌਮਾਂ ਦੀ ਰਾਜਨੀਤੀ ਅਤੇ ਲੜਾਈਆਂ ਪ੍ਰਤੀ ਵੀ ਨਿਰਪੱਖ ਹਨ, ਅਤੇ ਕਈ ਵਾਰ ਇਸ ਦਾ ਗ਼ਲਤ ਮਤਲਬ ਕੱਢ ਲਿਆ ਜਾਂਦਾ ਹੈ ਕਿ ਯਹੋਵਾਹ ਦੇ ਗਵਾਹ ਦੇਸ਼ਧਰੋਹੀ ਹਨ।—ਮੀਕਾਹ 4:3, 4.

4, 5. (ੳ) ਯਹੋਵਾਹ ਦੇ ਗਵਾਹ ਝੂਠੇ ਦੋਸ਼ਾਂ ਦੇ ਸ਼ਿਕਾਰ ਕਿਵੇਂ ਬਣੇ ਹਨ? (ਅ) ਯਹੋਵਾਹ ਦੇ ਸੇਵਕਾਂ ਦੀ ਸਤਾਹਟ ਨੂੰ ਭੜਕਾਉਣ ਪਿੱਛੇ ਮੁੱਖ ਤੌਰ ਤੇ ਅਕਸਰ ਕਿਸ ਦਾ ਹੱਥ ਰਿਹਾ ਹੈ?

4 ਦੂਸਰਾ, ਯਹੋਵਾਹ ਦੇ ਗਵਾਹ ਝੂਠੇ ਦੋਸ਼ਾਂ ਦੇ ਵੀ ਸ਼ਿਕਾਰ ਬਣੇ ਹਨ। ਉਨ੍ਹਾਂ ਦੇ ਖ਼ਿਲਾਫ਼ ਸਰਾਸਰ ਝੂਠ ਬੋਲੇ ਜਾਂਦੇ ਹਨ, ਅਤੇ ਉਨ੍ਹਾਂ ਦੇ ਧਾਰਮਿਕ ਸਿਧਾਂਤਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਕਾਰਨ, ਕੁਝ ਦੇਸ਼ਾਂ ਵਿਚ ਉਨ੍ਹਾਂ ਨੂੰ ਇਕ ਖ਼ਤਰਨਾਕ ਫ਼ਿਰਕਾ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਕਿਉਂਕਿ ਉਹ ‘ਲਹੂ ਤੋਂ ਬਚੇ ਰਹਿਣ’ ਦੇ ਬਾਈਬਲੀ ਹੁਕਮ ਨੂੰ ਮੰਨਣ ਕਰਕੇ, ਬਿਨਾਂ ਲਹੂ ਲਏ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਨਾਜਾਇਜ਼ ਤੌਰ ਤੇ “ਬੱਚਿਆਂ ਦੇ ਹਤਿਆਰੇ” ਅਤੇ “ਆਤਮਘਾਤੀ ਫ਼ਿਰਕਾ” ਕਿਹਾ ਗਿਆ ਹੈ। (ਰਸੂਲਾਂ ਦੇ ਕਰਤੱਬ 15:29) ਪਰ ਸੱਚਾਈ ਇਹ ਹੈ ਕਿ ਯਹੋਵਾਹ ਦੇ ਗਵਾਹ ਜ਼ਿੰਦਗੀ ਨੂੰ ਬਹੁਤ ਕੀਮਤੀ ਸਮਝਦੇ ਹਨ, ਅਤੇ ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਵਧੀਆ ਤੋਂ ਵਧੀਆ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਇਲਜ਼ਾਮ ਕਿ ਹਰ ਸਾਲ ਯਹੋਵਾਹ ਦੇ ਗਵਾਹਾਂ ਦੇ ਬਹੁਤ ਸਾਰੇ ਬੱਚੇ ਇਸ ਕਰਕੇ ਮਰ ਜਾਂਦੇ ਹਨ ਕਿਉਂਕਿ ਉਹ ਲਹੂ ਲੈਣ ਤੋਂ ਇਨਕਾਰ ਕਰਦੇ ਹਨ, ਬਿਲਕੁਲ ਝੂਠਾ ਹੈ। ਇਸ ਤੋਂ ਇਲਾਵਾ, ਕਿਉਂਕਿ ਬਾਈਬਲ ਸੱਚਾਈ ਦਾ ਪਰਿਵਾਰ ਦੇ ਸਾਰੇ ਮੈਂਬਰਾਂ ਉੱਤੇ ਇੱਕੋ ਜਿਹਾ ਪ੍ਰਭਾਵ ਨਹੀਂ ਪੈਂਦਾ ਹੈ, ਗਵਾਹਾਂ ਉੱਤੇ ਪਰਿਵਾਰਾਂ ਵਿਚ ਫੁੱਟ ਪਾਉਣ ਦਾ ਦੋਸ਼ ਵੀ ਲਾਇਆ ਗਿਆ ਹੈ। ਪਰ, ਜਿਹੜੇ ਵਿਅਕਤੀ ਯਹੋਵਾਹ ਦੇ ਗਵਾਹਾਂ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਗਵਾਹ ਪਰਿਵਾਰਕ ਜ਼ਿੰਦਗੀ ਦੀ ਬਹੁਤ ਕਦਰ ਕਰਦੇ ਹਨ ਅਤੇ ਬਾਈਬਲ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਪਤੀ ਅਤੇ ਪਤਨੀ ਇਕ ਦੂਸਰੇ ਨੂੰ ਪਿਆਰ ਕਰਨ ਅਤੇ ਇਕ ਦੂਸਰੇ ਦਾ ਆਦਰ ਕਰਨ ਅਤੇ ਕਿ ਬੱਚੇ ਆਪਣੇ ਮਾਪਿਆਂ ਦਾ ਕਹਿਣਾ ਮੰਨਣ ਭਾਵੇਂ ਮਾਪੇ ਵਿਸ਼ਵਾਸੀ ਹਨ ਜਾਂ ਨਹੀਂ।—ਅਫ਼ਸੀਆਂ 5:21–6:3.

5 ਬਹੁਤ ਸਾਰੇ ਮੌਕਿਆਂ ਤੇ, ਯਹੋਵਾਹ ਦੇ ਸੇਵਕਾਂ ਦੀ ਸਤਾਹਟ ਨੂੰ ਭੜਕਾਉਣ ਪਿੱਛੇ ਮੁੱਖ ਤੌਰ ਤੇ ਧਾਰਮਿਕ ਵਿਰੋਧੀਆਂ ਦਾ ਹੀ ਹੱਥ ਰਿਹਾ ਹੈ। ਉਨ੍ਹਾਂ ਨੇ ਗਵਾਹਾਂ ਦੇ ਕੰਮ ਨੂੰ ਦਬਾਉਣ ਦੀ ਕੋਸ਼ਿਸ਼ ਵਿਚ ਰਾਜਨੀਤਿਕ ਅਧਿਕਾਰੀਆਂ ਅਤੇ ਮੀਡੀਆ ਉੱਤੇ ਆਪਣਾ ਪ੍ਰਭਾਵ ਪਾਇਆ ਹੈ। ਸਾਨੂੰ, ਯਹੋਵਾਹ ਦੇ ਗਵਾਹਾਂ ਵਜੋਂ, ਅਜਿਹੇ ਵਿਰੋਧ ਦਾ ਸਾਮ੍ਹਣਾ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ—ਚਾਹੇ ਇਹ ਵਿਰੋਧ ਸਾਡੇ ਧਾਰਮਿਕ ਸਿਧਾਂਤਾਂ ਅਤੇ ਅਭਿਆਸਾਂ ਕਰਕੇ ਆਉਣ, ਜਾਂ ਝੂਠੇ ਇਲਜ਼ਾਮਾਂ ਕਰਕੇ ਆਉਣ?

“ਤੁਹਾਡੀ ਤਰਕਸ਼ੀਲਤਾ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਹੋਵੇ”

6. ਮਸੀਹੀ ਕਲੀਸਿਯਾ ਤੋਂ ਬਾਹਰ ਦੇ ਲੋਕਾਂ ਪ੍ਰਤੀ ਇਕ ਸੰਤੁਲਿਤ ਨਜ਼ਰੀਆ ਰੱਖਣਾ ਕਿਉਂ ਜ਼ਰੂਰੀ ਹੈ?

6 ਸਭ ਤੋਂ ਪਹਿਲਾਂ, ਸਾਨੂੰ ਉਨ੍ਹਾਂ ਲੋਕਾਂ ਪ੍ਰਤੀ, ਜਿਹੜੇ ਸਾਡੇ ਧਾਰਮਿਕ ਸਿਧਾਂਤਾਂ ਨੂੰ ਨਹੀਂ ਮੰਨਦੇ ਹਨ, ਸਹੀ ਨਜ਼ਰੀਆ—ਯਹੋਵਾਹ ਦਾ ਨਜ਼ਰੀਆ—ਰੱਖਣ ਦੀ ਜ਼ਰੂਰਤ ਹੈ। ਨਹੀਂ ਤਾਂ, ਅਸੀਂ ਬਿਨਾਂ ਵਜ੍ਹਾ ਹੀ ਦੂਸਰਿਆਂ ਦੀ ਦੁਸ਼ਮਣੀ ਮੁੱਲ ਲਵਾਂਗੇ ਜਾਂ ਉਨ੍ਹਾਂ ਵੱਲੋਂ ਬਦਨਾਮ ਹੋਵਾਂਗੇ। “ਤੁਹਾਡੀ ਤਰਕਸ਼ੀਲਤਾ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਹੋਵੇ,” ਪੌਲੁਸ ਰਸੂਲ ਨੇ ਲਿਖਿਆ। (ਫ਼ਿਲਿੱਪੀਆਂ 4:5, ਨਿ ਵ) ਇਸ ਲਈ, ਬਾਈਬਲ ਸਾਨੂੰ ਉਤਸ਼ਾਹਿਤ ਕਰਦੀ ਹੈ ਕਿ ਅਸੀਂ ਮਸੀਹੀ ਕਲੀਸਿਯਾ ਤੋਂ ਬਾਹਰ ਦੇ ਲੋਕਾਂ ਪ੍ਰਤੀ ਸੰਤੁਲਿਤ ਨਜ਼ਰੀਆ ਰੱਖੀਏ।

7. ਆਪਣੇ ਆਪ ਨੂੰ ‘ਜਗਤ ਤੋਂ ਨਿਹਕਲੰਕ ਰੱਖਣ’ ਵਿਚ ਕੀ-ਕੀ ਸ਼ਾਮਲ ਹੈ?

7 ਇਕ ਪਾਸੇ, ਬਾਈਬਲ ਸਾਨੂੰ ਬਹੁਤ ਸਪੱਸ਼ਟ ਤਰੀਕੇ ਨਾਲ ‘ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣ’ ਦਾ ਉਪਦੇਸ਼ ਦਿੰਦੀ ਹੈ। (ਯਾਕੂਬ 1:27; 4:4) ਇੱਥੇ ਸ਼ਬਦ “ਜਗਤ,” ਸੱਚੇ ਮਸੀਹੀਆਂ ਤੋਂ ਅਲੱਗ ਪੂਰੀ ਮਨੁੱਖਜਾਤੀ ਵੱਲ ਸੰਕੇਤ ਕਰਦਾ ਹੈ। ਬਾਈਬਲ ਵਿਚ ਹੋਰ ਕਈ ਥਾਵਾਂ ਤੇ ਇਹ ਸ਼ਬਦ ਇਸੇ ਅਰਥ ਵਿਚ ਵਰਤਿਆ ਗਿਆ ਹੈ। ਅਸੀਂ ਲੋਕਾਂ ਦੇ ਇਸੇ ਸਮਾਜ ਵਿਚ ਰਹਿੰਦੇ ਹਾਂ; ਅਸੀਂ ਕੰਮ ਤੇ, ਸਕੂਲ ਵਿਚ, ਅਤੇ ਗੁਆਂਢ ਵਿਚ ਉਨ੍ਹਾਂ ਨੂੰ ਮਿਲਦੇ ਹਾਂ। (ਯੂਹੰਨਾ 17:11, 15; 1 ਕੁਰਿੰਥੀਆਂ 5:9, 10) ਫਿਰ ਵੀ, ਅਜਿਹੇ ਰਵੱਈਏ, ਬੋਲੀ, ਅਤੇ ਆਚਰਣ ਤੋਂ ਦੂਰ ਰਹਿ ਕੇ, ਜੋ ਪਰਮੇਸ਼ੁਰ ਦੇ ਧਰਮੀ ਰਾਹਾਂ ਦੇ ਉਲਟ ਹਨ, ਅਸੀਂ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਦੇ ਹਾਂ। ਇਹ ਵੀ ਜ਼ਰੂਰੀ ਹੈ ਕਿ ਅਸੀਂ ਇਸ ਜਗਤ ਨਾਲ ਨਜ਼ਦੀਕੀ ਸੰਗਤ ਕਰਨ, ਅਤੇ ਖ਼ਾਸ ਕਰਕੇ ਉਨ੍ਹਾਂ ਲੋਕਾਂ ਨਾਲ ਸੰਗਤ ਕਰਨ ਦੇ ਖ਼ਤਰੇ ਨੂੰ ਪਛਾਣੀਏ, ਜਿਹੜੇ ਯਹੋਵਾਹ ਦੇ ਮਿਆਰਾਂ ਦੀ ਘੋਰ ਉਲੰਘਣਾ ਕਰਦੇ ਹਨ।—ਕਹਾਉਤਾਂ 13:20.

8. ਜਗਤ ਤੋਂ ਨਿਹਕਲੰਕ ਰਹਿਣ ਦੀ ਸਲਾਹ ਸਾਨੂੰ ਦੂਸਰਿਆਂ ਨੂੰ ਨੀਚ ਸਮਝਣ ਦਾ ਕੋਈ ਕਾਰਨ ਕਿਉਂ ਨਹੀਂ ਦਿੰਦੀ?

8 ਫਿਰ ਵੀ, ਜਗਤ ਤੋਂ ਨਿਹਕਲੰਕ ਰਹਿਣ ਦੀ ਸਲਾਹ ਸਾਨੂੰ ਉਨ੍ਹਾਂ ਸਾਰਿਆਂ ਲੋਕਾਂ ਨੂੰ ਨੀਵਾਂ ਦਿਖਾਉਣ ਦਾ ਕੋਈ ਕਾਰਨ ਨਹੀਂ ਦਿੰਦੀ, ਜਿਹੜੇ ਯਹੋਵਾਹ ਦੇ ਗਵਾਹ ਨਹੀਂ ਹਨ। (ਕਹਾਉਤਾਂ 8:13) ਯਹੂਦੀ ਧਾਰਮਿਕ ਆਗੂਆਂ ਦੀ ਉਦਾਹਰਣ ਨੂੰ ਯਾਦ ਕਰੋ, ਜਿਸ ਦੀ ਪਿਛਲੇ ਲੇਖ ਵਿਚ ਚਰਚਾ ਕੀਤੀ ਗਈ ਸੀ। ਜਿਸ ਤਰ੍ਹਾਂ ਦਾ ਧਰਮ ਉਨ੍ਹਾਂ ਨੇ ਬਣਾਇਆ ਸੀ, ਉਸ ਉੱਤੇ ਯਹੋਵਾਹ ਦੀ ਮਿਹਰ ਨਹੀਂ ਸੀ; ਨਾ ਹੀ ਇਸ ਕਾਰਨ ਗ਼ੈਰ-ਯਹੂਦੀਆਂ ਨਾਲ ਉਨ੍ਹਾਂ ਦੇ ਚੰਗੇ ਸੰਬੰਧ ਬਣੇ। (ਮੱਤੀ 21:43, 45) ਆਪਣੇ ਆਪ ਨੂੰ ਬਹੁਤ ਧਰਮੀ ਸਮਝਣ ਕਰਕੇ, ਇਨ੍ਹਾਂ ਕੱਟੜ-ਪੰਥੀ ਆਦਮੀਆਂ ਨੇ ਗ਼ੈਰ-ਯਹੂਦੀਆਂ ਨੂੰ ਨੀਚ ਸਮਝਿਆ। ਅਸੀਂ ਅਜਿਹਾ ਤੰਗ-ਨਜ਼ਰੀਆ ਨਹੀਂ ਰੱਖਦੇ। ਅਸੀਂ ਉਨ੍ਹਾਂ ਲੋਕਾਂ ਨਾਲ, ਜਿਹੜੇ ਯਹੋਵਾਹ ਦੇ ਗਵਾਹ ਨਹੀਂ ਹਨ, ਭੈੜੇ ਤਰੀਕੇ ਨਾਲ ਪੇਸ਼ ਨਹੀਂ ਆਉਂਦੇ। ਪੌਲੁਸ ਰਸੂਲ ਦੇ ਵਾਂਗ, ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਵੀ ਬਾਈਬਲ ਦੀ ਸੱਚਾਈ ਦਾ ਸੰਦੇਸ਼ ਸੁਣਨ, ਉਹ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨ।—ਰਸੂਲਾਂ ਦੇ ਕਰਤੱਬ 26:29; 1 ਤਿਮੋਥਿਉਸ 2:3, 4.

9. ਜੇ ਅਸੀਂ ਇਕ ਸੰਤੁਲਿਤ, ਬਾਈਬਲੀ ਨਜ਼ਰੀਆ ਰੱਖਦੇ ਹਾਂ, ਤਾਂ ਅਸੀਂ ਉਨ੍ਹਾਂ ਲੋਕਾਂ ਬਾਰੇ ਕਿੱਦਾਂ ਦੀਆਂ ਗੱਲਾਂ ਨਹੀਂ ਕਰਾਂਗੇ ਜਿਹੜੇ ਸਾਡੇ ਧਾਰਮਿਕ ਸਿਧਾਂਤਾਂ ਨੂੰ ਨਹੀਂ ਮੰਨਦੇ ਹਨ?

9 ਇਕ ਸੰਤੁਲਿਤ, ਬਾਈਬਲੀ ਨਜ਼ਰੀਆ ਰੱਖਣ ਕਰਕੇ, ਅਸੀਂ ਉਨ੍ਹਾਂ ਲੋਕਾਂ ਬਾਰੇ ਸੋਚ-ਸਮਝ ਕੇ ਗੱਲ ਕਰਾਂਗੇ, ਜਿਹੜੇ ਯਹੋਵਾਹ ਦੇ ਗਵਾਹ ਨਹੀਂ ਹਨ। ਪੌਲੁਸ ਨੇ ਤੀਤੁਸ ਨੂੰ ਕਰੇਤ ਟਾਪੂ ਦੇ ਮਸੀਹੀਆਂ ਨੂੰ ਇਹ ਯਾਦ ਕਰਾਉਣ ਦੀ ਹਿਦਾਇਤ ਦਿੱਤੀ ਸੀ ਕਿ ਉਹ ‘ਕਿਸੇ ਦੀ ਬਦਨਾਮੀ ਨਾ ਕਰਨ, ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।’ (ਤੀਤੁਸ 3:2) ਧਿਆਨ ਦਿਓ ਕਿ ਮਸੀਹੀਆਂ ਨੂੰ “ਕਿਸੇ ਦੀ” ਵੀ ਬਦਨਾਮੀ ਨਹੀਂ ਕਰਨੀ ਸੀ—ਕਰੇਤ ਦੇ ਗ਼ੈਰ-ਮਸੀਹੀਆਂ ਦੀ ਵੀ ਨਹੀਂ, ਜਿਨ੍ਹਾਂ ਵਿੱਚੋਂ ਕੁਝ ਲੋਕ ਝੂਠ ਬੋਲਣ, ਪੇਟੂਪੁਣੇ, ਅਤੇ ਆਲਸ ਲਈ ਜਾਣੇ ਜਾਂਦੇ ਸਨ। (ਤੀਤੁਸ 1:12) ਇਸ ਲਈ ਉਨ੍ਹਾਂ ਲੋਕਾਂ ਬਾਰੇ ਗੱਲ ਕਰਦੇ ਸਮੇਂ ਜਿਹੜੇ ਸਾਡੇ ਧਾਰਮਿਕ ਸਿਧਾਂਤਾਂ ਨੂੰ ਨਹੀਂ ਮੰਨਦੇ ਹਨ, ਅਪਮਾਨਜਨਕ ਸ਼ਬਦਾਂ ਦਾ ਪ੍ਰਯੋਗ ਕਰਨਾ ਬਾਈਬਲ ਦੇ ਵਿਰੁੱਧ ਹੋਵੇਗਾ। ਘਮੰਡੀ ਰਵੱਈਆ ਦੂਸਰਿਆਂ ਨੂੰ ਯਹੋਵਾਹ ਦੀ ਉਪਾਸਨਾ ਵੱਲ ਆਕਰਸ਼ਿਤ ਨਹੀਂ ਕਰੇਗਾ। ਇਸ ਦੀ ਬਜਾਇ, ਜਦੋਂ ਅਸੀਂ ਯਹੋਵਾਹ ਦੇ ਬਚਨ ਦੇ ਸੰਤੁਲਿਤ ਸਿਧਾਂਤਾਂ ਅਨੁਸਾਰ ਦੂਸਰਿਆਂ ਨੂੰ ਵਿਚਾਰਦੇ ਹਾਂ, ਅਤੇ ਇਨ੍ਹਾਂ ਅਨੁਸਾਰ ਉਨ੍ਹਾਂ ਨਾਲ ਸਲੂਕ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ‘ਸਿੱਖਿਆ ਨੂੰ ਸਿੰਗਾਰਦੇ’ ਹਾਂ।—ਤੀਤੁਸ 2:10.

ਕਦੋਂ ਚੁੱਪ ਕਰਨਾ ਹੈ, ਕਦੋਂ ਬੋਲਣਾ ਹੈ

10, 11. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਜਾਣਦਾ ਸੀ ਕਿ (ੳ) “ਚੁੱਪ ਕਰਨ ਦਾ ਵੇਲਾ” ਕਿਹੜਾ ਸੀ? (ਅ) “ਬੋਲਣ ਦਾ ਵੇਲਾ” ਕਿਹੜਾ ਸੀ?

10 ਉਪਦੇਸ਼ਕ ਦੀ ਪੋਥੀ 3:7 ਕਹਿੰਦਾ ਹੈ: “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” ਹੁਣ ਇੱਥੇ ਇਹ ਫ਼ੈਸਲਾ ਕਰਨ ਦੀ ਮੁਸ਼ਕਲ ਹੈ ਕਿ ਕਦੋਂ ਵਿਰੋਧੀਆਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਅਤੇ ਕਦੋਂ ਆਪਣੀ ਨਿਹਚਾ ਦੀ ਰੱਖਿਆ ਕਰਨ ਲਈ ਬੋਲਣਾ ਚਾਹੀਦਾ ਹੈ। ਅਸੀਂ ਉਸ ਵਿਅਕਤੀ ਦੀ ਉਦਾਹਰਣ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਜਿਸ ਨੇ ਹਮੇਸ਼ਾ ਹੀ ਵੱਡੀ ਸਿਆਣਪ ਦਿਖਾਈ, ਯਾਨੀ ਕਿ ਯਿਸੂ। (1 ਪਤਰਸ 2:21) ਉਹ ਜਾਣਦਾ ਸੀ ਕਿ ਕਿਹੜਾ “ਚੁੱਪ ਕਰਨ ਦਾ ਵੇਲਾ” ਸੀ। ਉਦਾਹਰਣ ਲਈ, ਜਦੋਂ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਪਿਲਾਤੁਸ ਦੇ ਸਾਮ੍ਹਣੇ ਉਸ ਉੱਤੇ ਝੂਠਾ ਦੋਸ਼ ਲਾਇਆ, ਤਾਂ ਯਿਸੂ ਨੇ “ਕੁਝ ਜਵਾਬ ਨਹੀਂ” ਦਿੱਤਾ। (ਮੱਤੀ 27:11-14) ਉਹ ਅਜਿਹੀ ਕੋਈ ਵੀ ਗੱਲ ਨਹੀਂ ਕਹਿਣਾ ਚਾਹੁੰਦਾ ਸੀ, ਜਿਸ ਨਾਲ ਉਸ ਸੰਬੰਧੀ ਪਰਮੇਸ਼ੁਰ ਦੀ ਇੱਛਾ ਪੂਰੀ ਹੋਣ ਵਿਚ ਅੜਿੱਕਾ ਪੈਂਦਾ। ਇਸ ਦੀ ਬਜਾਇ, ਉਸ ਨੇ ਆਪਣੇ ਕੰਮਾਂ ਨੂੰ ਬੋਲਣ ਦਿੱਤਾ। ਉਹ ਜਾਣਦਾ ਸੀ ਕਿ ਸੱਚਾਈ ਵੀ ਇਨ੍ਹਾਂ ਘਮੰਡੀ ਵਿਅਕਤੀਆਂ ਦੇ ਦਿਲਾਂ-ਦਿਮਾਗਾਂ ਨੂੰ ਨਹੀਂ ਬਦਲੇਗੀ। ਇਸ ਲਈ ਉਸ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਨਜ਼ਰਅੰਦਾਜ਼ ਕੀਤਾ, ਅਤੇ ਆਪਣੀ ਮਕਸਦ ਭਰੀ ਖਾਮੋਸ਼ੀ ਨੂੰ ਤੋੜਨ ਤੋਂ ਇਨਕਾਰ ਕੀਤਾ।—ਯਸਾਯਾਹ 53:7.

11 ਪਰ, ਯਿਸੂ ਇਹ ਵੀ ਜਾਣਦਾ ਸੀ ਕਿ ਕਿਹੜਾ “ਬੋਲਣ ਦਾ ਵੇਲਾ” ਸੀ। ਕਈ ਮੌਕਿਆਂ ਤੇ, ਉਸ ਨੇ ਆਪਣੇ ਆਲੋਚਕਾਂ ਨਾਲ ਨਿਧੜਕ ਹੋ ਕੇ ਅਤੇ ਖੁੱਲ੍ਹ ਕੇ ਬਹਿਸ ਕੀਤੀ, ਅਤੇ ਉਨ੍ਹਾਂ ਦੇ ਝੂਠੇ ਦੋਸ਼ਾਂ ਨੂੰ ਗ਼ਲਤ ਸਾਬਤ ਕੀਤਾ। ਉਦਾਹਰਣ ਲਈ, ਜਦੋਂ ਸਦੂਕੀਆਂ ਤੇ ਫ਼ਰੀਸੀਆਂ ਨੇ ਉਸ ਉੱਤੇ ਬਆਲਜ਼ਬੂਲ ਦੀ ਸਹਾਇਤਾ ਨਾਲ ਪਿਸ਼ਾਚਾਂ ਨੂੰ ਕੱਢਣ ਦਾ ਦੋਸ਼ ਲਾਉਂਦੇ ਹੋਏ ਭੀੜ ਸਾਮ੍ਹਣੇ ਉਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਯਿਸੂ ਨੇ ਉਨ੍ਹਾਂ ਦੇ ਝੂਠੇ ਦੋਸ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਜ਼ਬਰਦਸਤ ਤਰਕ ਅਤੇ ਦ੍ਰਿਸ਼ਟਾਂਤ ਦੇ ਕੇ, ਉਸ ਨੇ ਉਨ੍ਹਾਂ ਦੇ ਦੋਸ਼ ਨੂੰ ਝੂਠਾ ਸਾਬਤ ਕੀਤਾ। (ਮਰਕੁਸ 3:20-30; ਅਤੇ ਮੱਤੀ 15:1-11; 22:17-21; ਯੂਹੰਨਾ 18:37 ਵੀ ਦੇਖੋ।) ਇਸੇ ਤਰ੍ਹਾਂ, ਵਿਸ਼ਵਾਸਘਾਤ ਅਤੇ ਗਿਰਫ਼ਤਾਰ ਕੀਤੇ ਜਾਣ ਤੋਂ ਬਾਅਦ, ਜਦੋਂ ਯਿਸੂ ਨੂੰ ਖਿੱਚ ਕੇ ਮਹਾਸਭਾ ਦੇ ਸਾਮ੍ਹਣੇ ਲਿਆਂਦਾ ਗਿਆ, ਤਾਂ ਪ੍ਰਧਾਨ ਜਾਜਕ ਕੇਫ਼ਾਸ ਨੇ ਚਲਾਕੀ ਨਾਲ ਪੁੱਛਿਆ: “ਮੈਂ ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਾਨੂੰ ਦੱਸ।” ਇਹ ਵੀ “ਇੱਕ ਬੋਲਣ ਦਾ ਵੇਲਾ” ਸੀ, ਕਿਉਂਕਿ ਉਸ ਦੇ ਚੁੱਪ ਰਹਿਣ ਦਾ ਇਹ ਗ਼ਲਤ ਮਤਲਬ ਕੱਢਿਆ ਜਾ ਸਕਦਾ ਸੀ ਕਿ ਉਹ ਮਸੀਹਾ ਹੋਣ ਤੋਂ ਇਨਕਾਰ ਕਰ ਰਿਹਾ ਸੀ। ਯਿਸੂ ਨੇ ਜਵਾਬ ਦਿੱਤਾ: “ਮੈਂ ਹਾਂ।”—ਮੱਤੀ 26:63, 64; ਮਰਕੁਸ 14:61, 62.

12. ਕਿਹੜੇ ਹਾਲਾਤਾਂ ਨੇ ਪੌਲੁਸ ਤੇ ਬਰਨਬਾਸ ਨੂੰ ਇਕੋਨਿਯੁਮ ਵਿਚ ਬੇਧੜਕ ਉਪਦੇਸ਼ ਕਰਨ ਲਈ ਪ੍ਰੇਰਿਤ ਕੀਤਾ?

12 ਪੌਲੁਸ ਤੇ ਬਰਨਬਾਸ ਦੀ ਉਦਾਹਰਣ ਉੱਤੇ ਵੀ ਗੌਰ ਕਰੋ। ਰਸੂਲਾਂ ਦੇ ਕਰਤੱਬ 14:1, 2 ਕਹਿੰਦਾ ਹੈ: “ਇਕੋਨਿਯੁਮ ਵਿੱਚ ਇਉਂ ਹੋਇਆ ਕਿ ਓਹ ਯਹੂਦੀਆਂ ਦੀ ਸਮਾਜ ਵਿੱਚ ਗਏ ਅਰ ਅਜਿਹਾ ਬਚਨ ਕੀਤਾ ਜੋ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਾਹਲੇ ਲੋਕਾਂ ਨੇ ਨਿਹਚਾ ਕੀਤੀ। ਪਰ ਉਨ੍ਹਾਂ ਯਹੂਦੀਆਂ ਨੇ ਜਿਨ੍ਹਾਂ ਨਾ ਮੰਨਿਆ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨਾਂ ਨੂੰ ਉਭਾਰ ਕੇ ਭਾਈਆਂ ਦੀ ਵੱਲੋਂ ਬੁਰਾ ਕਰ ਦਿੱਤਾ।” ਦ ਨਿਊ ਇੰਗਲਿਸ਼ ਬਾਈਬਲ ਇਸ ਤਰ੍ਹਾਂ ਕਹਿੰਦੀ ਹੈ: “ਪਰ ਜਿਹੜੇ ਯਹੂਦੀ ਨਹੀਂ ਬਦਲੇ ਸਨ ਉਨ੍ਹਾਂ ਨੇ ਗ਼ੈਰ-ਯਹੂਦੀਆਂ ਨੂੰ ਭੜਕਾ ਦਿੱਤਾ ਅਤੇ ਮਸੀਹੀਆਂ ਦੇ ਖ਼ਿਲਾਫ਼ ਉਨ੍ਹਾਂ ਦੇ ਮਨਾਂ ਵਿਚ ਜ਼ਹਿਰ ਭਰ ਦਿੱਤਾ।” ਇਨ੍ਹਾਂ ਯਹੂਦੀ ਵਿਰੋਧੀਆਂ ਨੇ ਖ਼ੁਦ ਤਾਂ ਸੰਦੇਸ਼ ਨੂੰ ਰੱਦ ਕੀਤਾ ਹੀ, ਪਰ ਉਨ੍ਹਾਂ ਨੇ ਇਲਜ਼ਾਮਤਰਾਸ਼ੀ ਕਰ ਕੇ ਗ਼ੈਰ-ਯਹੂਦੀ ਲੋਕਾਂ ਨੂੰ ਮਸੀਹੀਆਂ ਦੇ ਖ਼ਿਲਾਫ਼ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ।a ਉਨ੍ਹਾਂ ਨੂੰ ਮਸੀਹੀਅਤ ਨਾਲ ਕਿੰਨਾ ਵੈਰ ਸੀ! (ਰਸੂਲਾਂ ਦੇ ਕਰਤੱਬ 10:28 ਦੀ ਤੁਲਨਾ ਕਰੋ।) ਪੌਲੁਸ ਅਤੇ ਬਰਨਬਾਸ ਨੇ ਅਹਿਸਾਸ ਕੀਤਾ ਕਿ ਇਹ “ਬੋਲਣ ਦਾ ਵੇਲਾ” ਸੀ, ਨਹੀਂ ਤਾਂ ਲੋਕਾਂ ਦੇ ਇਲਜ਼ਾਮਾਂ ਕਰਕੇ ਨਵੇਂ ਚੇਲੇ ਹੌਸਲਾ ਹਾਰ ਦਿੰਦੇ। “ਸੋ ਓਹ [ਪੌਲੁਸ ਅਤੇ ਬਰਨਬਾਸ] ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੁ ਦੇ ਆਸਰੇ ਬੇਧੜਕ ਉਪਦੇਸ਼ ਕਰਦੇ ਰਹੇ,” ਅਤੇ ਯਹੋਵਾਹ ਨੇ ਉਨ੍ਹਾਂ ਨੂੰ ਚਮਤਕਾਰ ਕਰਨ ਦੀ ਸ਼ਕਤੀ ਦੇ ਕੇ ਆਪਣੀ ਪ੍ਰਵਾਨਗੀ ਦਿੱਤੀ। ਇਸ ਦੇ ਸਿੱਟੇ ਵਜੋਂ, “ਕਈ ਯਹੂਦੀਆਂ ਦੀ ਵੱਲ ਅਤੇ ਕਈ ਰਸੂਲਾਂ ਦੀ ਵੱਲ ਹੋ ਗਏ।”—ਰਸੂਲਾਂ ਦੇ ਕਰਤੱਬ 14:3, 4.

13. ਜਦੋਂ ਸਾਡੇ ਉੱਤੇ ਦੋਸ਼ ਲਾਏ ਜਾਂਦੇ ਹਨ, ਤਾਂ ਆਮ ਤੌਰ ਤੇ “ਚੁੱਪ ਕਰਨ ਦਾ ਵੇਲਾ” ਕਦੋਂ ਹੁੰਦਾ ਹੈ?

13 ਤਾਂ ਫਿਰ, ਜਦੋਂ ਸਾਡੇ ਉੱਤੇ ਦੋਸ਼ ਲਾਇਆ ਜਾਂਦਾ ਹੈ, ਤਾਂ ਸਾਨੂੰ ਇਸ ਦਾ ਸਾਮ੍ਹਣਾ ਕਿਵੇਂ ਕਰਨਾ ਚਾਹੀਦਾ ਹੈ? ਇਹ ਸਭ ਹਾਲਾਤਾਂ ਉੱਤੇ ਨਿਰਭਰ ਕਰਦਾ ਹੈ। ਕੁਝ ਹਾਲਾਤਾਂ ਵਿਚ ਸਾਨੂੰ ਇਸ ਸਿਧਾਂਤ ਨੂੰ ਲਾਗੂ ਕਰਨਾ ਚਾਹੀਦਾ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ,” ਖ਼ਾਸ ਕਰਕੇ ਉਦੋਂ ਜਦੋਂ ਪੱਕੇ ਵਿਰੋਧੀ ਸਾਡੇ ਨਾਲ ਫ਼ਜ਼ੂਲ ਬਹਿਸ ਕਰਨੀ ਚਾਹੁੰਦੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੁਝ ਲੋਕ ਅਸਲ ਵਿਚ ਸੱਚਾਈ ਨੂੰ ਜਾਣਨਾ ਹੀ ਨਹੀਂ ਚਾਹੁੰਦੇ ਹਨ। (2 ਥੱਸਲੁਨੀਕੀਆਂ 2:9-12) ਉਨ੍ਹਾਂ ਲੋਕਾਂ ਨਾਲ ਬਹਿਸ ਕਰਨੀ ਵਿਅਰਥ ਹੈ ਜਿਨ੍ਹਾਂ ਦੇ ਘਮੰਡੀ ਦਿਲ ਵਿਸ਼ਵਾਸ ਕਰਨਾ ਹੀ ਨਹੀਂ ਚਾਹੁੰਦੇ ਹਨ। ਇਸ ਤੋਂ ਇਲਾਵਾ, ਜੇ ਅਸੀਂ ਸਾਡੇ ਤੇ ਝੂਠਾ ਦੋਸ਼ ਲਾਉਣ ਵਾਲੇ ਹਰੇਕ ਵਿਅਕਤੀ ਨਾਲ ਬਹਿਸ ਕਰਨ ਲੱਗ ਪਈਏ, ਤਾਂ ਅਸੀਂ ਇਕ ਜ਼ਿਆਦਾ ਮਹੱਤਵਪੂਰਣ ਅਤੇ ਲਾਭਦਾਇਕ ਕੰਮ ਨੂੰ ਨਹੀਂ ਕਰ ਪਾਵਾਂਗੇ, ਅਰਥਾਤ ਉਨ੍ਹਾਂ ਨੇਕਦਿਲ ਇਨਸਾਨਾਂ ਦੀ ਮਦਦ ਕਰਨੀ ਜਿਹੜੇ ਸੱਚ-ਮੁੱਚ ਬਾਈਬਲ ਦੀ ਸੱਚਾਈ ਨੂੰ ਸਿੱਖਣਾ ਚਾਹੁੰਦੇ ਹਨ। ਇਸ ਕਰਕੇ ਜਦੋਂ ਅਸੀਂ ਅਜਿਹੇ ਵਿਰੋਧੀਆਂ ਦਾ ਸਾਮ੍ਹਣਾ ਕਰਦੇ ਹਾਂ ਜਿਹੜੇ ਸਾਡੇ ਬਾਰੇ ਝੂਠੀਆਂ ਗੱਲਾਂ ਫੈਲਾਉਣ ਤੇ ਤੁਲੇ ਹੋਏ ਹਨ, ਤਾਂ ਸਾਨੂੰ ਪਰਮੇਸ਼ੁਰ ਵੱਲੋਂ ਸਲਾਹ ਹੈ: “ਓਹਨਾਂ ਤੋਂ ਲਾਂਭੇ ਰਹੋ।”—ਰੋਮੀਆਂ 16:17, 18; ਮੱਤੀ 7:6.

14. ਅਸੀਂ ਦੂਸਰਿਆਂ ਸਾਮ੍ਹਣੇ ਕਿਨ੍ਹਾਂ ਤਰੀਕਿਆਂ ਨਾਲ ਆਪਣੀ ਨਿਹਚਾ ਦੀ ਰੱਖਿਆ ਕਰ ਸਕਦੇ ਹਾਂ?

14 ਨਿਰਸੰਦੇਹ, ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀ ਨਿਹਚਾ ਦੀ ਰੱਖਿਆ ਨਾ ਕਰੀਏ। ਆਖ਼ਰਕਾਰ, “ਬੋਲਣ ਦਾ ਵੇਲਾ” ਵੀ ਹੁੰਦਾ ਹੈ। ਅਸੀਂ ਉਚਿਤ ਤੌਰ ਤੇ ਉਨ੍ਹਾਂ ਸੁਹਿਰਦ ਲੋਕਾਂ ਦੀ ਪਰਵਾਹ ਕਰਦੇ ਹਾਂ ਜਿਹੜੇ ਸਾਡੇ ਬਾਰੇ ਅਪਮਾਨਜਨਕ ਗੱਲਾਂ ਸੁਣਦੇ ਹਨ। ਅਸੀਂ ਦੂਸਰਿਆਂ ਨੂੰ ਆਪਣੇ ਦਿਲੀ ਵਿਸ਼ਵਾਸ ਬਾਰੇ ਸਪੱਸ਼ਟ ਵਿਆਖਿਆ ਦੇਣ ਲਈ ਤਿਆਰ ਹਾਂ; ਬਲਕਿ, ਅਸੀਂ ਅਜਿਹੇ ਮੌਕੇ ਦਾ ਸੁਆਗਤ ਕਰਦੇ ਹਾਂ। ਪਤਰਸ ਨੇ ਲਿਖਿਆ: “ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤਰਸ 3:15) ਜਦੋਂ ਸੱਚੀ ਦਿਲਚਸਪੀ ਰੱਖਣ ਵਾਲੇ ਲੋਕ ਸਾਡੇ ਤੋਂ ਉਨ੍ਹਾਂ ਵਿਸ਼ਵਾਸਾਂ ਦਾ ਸਬੂਤ ਮੰਗਦੇ ਹਨ ਜੋ ਸਾਨੂੰ ਬਹੁਤ ਅਜ਼ੀਜ਼ ਹਨ, ਜਦੋਂ ਉਹ ਵਿਰੋਧੀਆਂ ਦੁਆਰਾ ਲਗਾਏ ਗਏ ਝੂਠੇ ਦੋਸ਼ਾਂ ਬਾਰੇ ਪੁੱਛਦੇ ਹਨ, ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਬਾਈਬਲ ਵਿੱਚੋਂ ਸਹੀ ਉੱਤਰ ਦੇ ਕੇ ਆਪਣੀ ਨਿਹਚਾ ਦੀ ਰੱਖਿਆ ਕਰੀਏ। ਇਸ ਤੋਂ ਇਲਾਵਾ, ਸਾਡਾ ਨੇਕ ਚਾਲ-ਚਲਣ ਵੱਡੀ ਗਵਾਹੀ ਦੇ ਸਕਦਾ ਹੈ। ਜਦੋਂ ਖੁੱਲ੍ਹੇ ਵਿਚਾਰਾਂ ਵਾਲੇ ਵਿਅਕਤੀ ਨੋਟ ਕਰਦੇ ਹਨ ਕਿ ਅਸੀਂ ਸੱਚ-ਮੁੱਚ ਪਰਮੇਸ਼ੁਰ ਦੇ ਧਰਮੀ ਮਿਆਰਾਂ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਆਸਾਨੀ ਨਾਲ ਦੇਖ ਸਕਦੇ ਹਨ ਕਿ ਸਾਡੇ ਤੇ ਲਾਏ ਗਏ ਦੋਸ਼ ਝੂਠੇ ਹਨ।—1 ਪਤਰਸ 2:12-15.

ਤੁਹਮਤ ਭਰੀ ਜਾਣਕਾਰੀ ਬਾਰੇ ਕੀ?

15. ਇਕ ਉਦਾਹਰਣ ਦਿਓ ਕਿ ਯਹੋਵਾਹ ਦੇ ਗਵਾਹ ਮੀਡੀਆ ਰਾਹੀਂ ਦਿੱਤੀ ਗਈ ਗ਼ਲਤ ਜਾਣਕਾਰੀ ਦੇ ਕਿਵੇਂ ਸ਼ਿਕਾਰ ਬਣੇ ਹਨ।

15 ਕਈ ਵਾਰ, ਮੀਡੀਆ ਰਾਹੀਂ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤ ਜਾਣਕਾਰੀ ਦਿੱਤੀ ਜਾਂਦੀ ਹੈ। ਉਦਾਹਰਣ ਲਈ, ਅਗਸਤ 1, 1997, ਨੂੰ ਇਕ ਰੂਸੀ ਅਖ਼ਬਾਰ ਨੇ ਇਕ ਤੁਹਮਤ ਭਰਿਆ ਲੇਖ ਛਾਪਿਆ, ਜਿਸ ਵਿਚ ਹੋਰ ਗੱਲਾਂ ਤੋਂ ਇਲਾਵਾ ਇਹ ਦੋਸ਼ ਲਾਇਆ ਗਿਆ ਸੀ ਕਿ ਯਹੋਵਾਹ ਦੇ ਗਵਾਹ ਆਪਣੇ ਸਾਰੇ ਮੈਂਬਰਾਂ ਤੋਂ ਮੰਗ ਕਰਦੇ ਹਨ ਕਿ ਉਹ ‘ਆਪਣੀਆਂ ਪਤਨੀਆਂ, ਪਤੀਆਂ, ਅਤੇ ਮਾਪਿਆਂ ਨੂੰ ਤਿਆਗ ਦੇਣ ਜੇ ਉਹ ਉਨ੍ਹਾਂ ਦੇ ਧਰਮ ਨੂੰ ਨਹੀਂ ਸਮਝਦੇ ਹਨ, ਅਤੇ ਨਾ ਹੀ ਮੰਨਦੇ ਹਨ।’ ਜਿਹੜਾ ਵੀ ਵਿਅਕਤੀ ਸੱਚ-ਮੁੱਚ ਯਹੋਵਾਹ ਦੇ ਗਵਾਹਾਂ ਨੂੰ ਜਾਣਦਾ ਹੈ, ਉਸ ਨੂੰ ਪਤਾ ਹੈ ਕਿ ਇਹ ਦੋਸ਼ ਝੂਠਾ ਹੈ। ਬਾਈਬਲ ਦਿਖਾਉਂਦੀ ਹੈ ਕਿ ਮਸੀਹੀਆਂ ਨੂੰ ਆਪਣੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰਾਂ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਅਤੇ ਯਹੋਵਾਹ ਦੇ ਗਵਾਹ ਇਸ ਸਲਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। (1 ਕੁਰਿੰਥੀਆਂ 7:12-16; 1 ਪਤਰਸ 3:1-4) ਤਾਂ ਵੀ ਇਹ ਲੇਖ ਛਾਪਿਆ ਗਿਆ ਸੀ, ਅਤੇ ਬਹੁਤ ਸਾਰੇ ਪਾਠਕਾਂ ਨੂੰ ਗ਼ਲਤ ਜਾਣਕਾਰੀ ਦਿੱਤੀ ਗਈ ਸੀ। ਜਦੋਂ ਸਾਡੇ ਉੱਤੇ ਝੂਠਾ ਦੋਸ਼ ਲਾਇਆ ਜਾਂਦਾ ਹੈ, ਤਾਂ ਅਸੀਂ ਆਪਣੀ ਨਿਹਚਾ ਦੀ ਕਿਵੇਂ ਰੱਖਿਆ ਕਰ ਸਕਦੇ ਹਾਂ?

16, 17, ਅਤੇ ਸਫ਼ਾ 16 ਉੱਤੇ ਦਿੱਤੀ ਡੱਬੀ. (ੳ) ਮੀਡੀਆ ਰਾਹੀਂ ਦਿੱਤੀ ਗਈ ਝੂਠੀ ਜਾਣਕਾਰੀ ਦਾ ਜਵਾਬ ਦੇਣ ਬਾਰੇ ਪਹਿਰਾਬੁਰਜ ਨੇ ਇਕ ਵਾਰ ਕੀ ਕਿਹਾ ਸੀ? (ਅ) ਕਿਹੜੇ ਹਾਲਾਤਾਂ ਵਿਚ ਸ਼ਾਇਦ ਯਹੋਵਾਹ ਦੇ ਗਵਾਹ ਮੀਡੀਆ ਰਾਹੀਂ ਦਿੱਤੀਆਂ ਗਈਆਂ ਗ਼ਲਤ ਰਿਪੋਰਟਾਂ ਦਾ ਜਵਾਬ ਦੇਣ?

16 ਇੱਥੇ ਇਕ ਵਾਰ ਫਿਰ, “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” ਪਹਿਰਾਬੁਰਜ ਨੇ ਇਕ ਵਾਰ ਇਸ ਤਰ੍ਹਾਂ ਕਿਹਾ: “ਅਸੀਂ ਮੀਡੀਆ ਰਾਹੀਂ ਫੈਲਾਈ ਗਈ ਝੂਠੀ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰਾਂਗੇ ਜਾਂ ਉਚਿਤ ਤਰੀਕਿਆਂ ਨਾਲ ਸੱਚਾਈ ਦੀ ਰੱਖਿਆ ਕਰਾਂਗੇ, ਇਹ ਹਾਲਾਤ ਉੱਤੇ, ਆਲੋਚਨਾ ਕਰਨ ਵਾਲਿਆਂ ਉੱਤੇ, ਅਤੇ ਉਨ੍ਹਾਂ ਦੇ ਮਨੋਰਥ ਉੱਤੇ ਨਿਰਭਰ ਕਰਦਾ ਹੈ।” ਕੁਝ ਮਾਮਲਿਆਂ ਵਿਚ, ਗ਼ਲਤ ਰਿਪੋਰਟਾਂ ਨੂੰ ਸ਼ਾਇਦ ਨਜ਼ਰਅੰਦਾਜ਼ ਕਰਨਾ ਹੀ ਠੀਕ ਹੋਵੇਗਾ, ਤਾਂ ਜੋ ਅਸੀਂ ਝੂਠ ਨੂੰ ਹੋਰ ਜ਼ਿਆਦਾ ਫੈਲਣ ਤੋਂ ਰੋਕ ਸਕੀਏ।

17 ਦੂਸਰੇ ਮਾਮਲਿਆਂ ਵਿਚ, ਸ਼ਾਇਦ “ਬੋਲਣ ਦਾ ਵੇਲਾ” ਹੋਵੇ। ਇਕ ਜ਼ਿੰਮੇਵਾਰ ਪੱਤਰਕਾਰ ਜਾਂ ਰਿਪੋਰਟਰ ਨੂੰ ਸ਼ਾਇਦ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੋਵੇ, ਅਤੇ ਉਹ ਸ਼ਾਇਦ ਸਾਡੇ ਬਾਰੇ ਸਹੀ ਜਾਣਕਾਰੀ ਦਾ ਸੁਆਗਤ ਕਰੇ। (“ਗ਼ਲਤ ਜਾਣਕਾਰੀ ਨੂੰ ਠੀਕ ਕਰਨਾ” ਨਾਮਕ ਡੱਬੀ ਦੇਖੋ।) ਜੇ ਮੀਡੀਆ ਰਾਹੀਂ ਦਿੱਤੀ ਗਈ ਜਾਣਕਾਰੀ ਕਰਕੇ ਲੋਕ ਸਾਡੇ ਵਿਰੁੱਧ ਹੋ ਜਾਂਦੇ ਹਨ, ਅਤੇ ਇਹ ਸਾਡੇ ਪ੍ਰਚਾਰ ਦੇ ਕੰਮ ਵਿਚ ਅੜਿੱਕਾ ਪਾਉਂਦਾ ਹੈ, ਤਾਂ ਵਾਚ ਟਾਵਰ ਸੋਸਾਇਟੀ ਦੇ ਸ਼ਾਖਾ ਦਫ਼ਤਰ ਦੇ ਪ੍ਰਤਿਨਿਧ ਸ਼ਾਇਦ ਕੁਝ ਮੁਨਾਸਬ ਤਰੀਕਿਆਂ ਨਾਲ ਸੱਚਾਈ ਦੀ ਰੱਖਿਆ ਕਰਨ ਲਈ ਕਦਮ ਚੁੱਕਣ।b ਉਦਾਹਰਣ ਲਈ, ਯੋਗ ਬਜ਼ੁਰਗਾਂ ਨੂੰ ਅਸਲੀਅਤ ਪੇਸ਼ ਕਰਨ ਲਈ ਨਿਯੁਕਤ ਕੀਤਾ ਜਾ ਸਕਦਾ ਹੈ, ਜਿਵੇਂ ਕਿ ਕਿਸੇ ਟੀ. ਵੀ. ਪ੍ਰੋਗ੍ਰਾਮ ਵਿਚ, ਜਿਸ ਵਿਚ ਹਾਜ਼ਰ ਨਾ ਹੋਣ ਕਾਰਨ ਇਹ ਸਮਝਿਆ ਜਾ ਸਕਦਾ ਹੈ ਕਿ ਯਹੋਵਾਹ ਦੇ ਗਵਾਹਾਂ ਕੋਲ ਕੋਈ ਜਵਾਬ ਨਹੀਂ ਹੈ। ਅਜਿਹੇ ਮਾਮਲਿਆਂ ਵਿਚ ਯਹੋਵਾਹ ਦੇ ਗਵਾਹ ਬੁੱਧੀਮਤਾ ਨਾਲ ਵਾਚ ਟਾਵਰ ਸੋਸਾਇਟੀ ਅਤੇ ਉਸ ਦੇ ਪ੍ਰਤਿਨਿਧਾਂ ਦੇ ਨਿਰਦੇਸ਼ਨ ਨੂੰ ਪੂਰਾ ਸਹਿਯੋਗ ਦਿੰਦੇ ਹਨ।—ਇਬਰਾਨੀਆਂ 13:17.

ਕਾਨੂੰਨੀ ਤੌਰ ਤੇ ਖ਼ੁਸ਼ ਖ਼ਬਰੀ ਦੀ ਰੱਖਿਆ ਕਰਨਾ

18. (ੳ) ਪ੍ਰਚਾਰ ਕਰਨ ਲਈ ਸਾਨੂੰ ਮਨੁੱਖੀ ਸਰਕਾਰਾਂ ਦੀ ਇਜਾਜ਼ਤ ਦੀ ਲੋੜ ਕਿਉਂ ਨਹੀਂ ਹੈ? (ਅ) ਜਦੋਂ ਸਾਨੂੰ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਜਾਂਦਾ ਹੈ, ਤਾਂ ਅਸੀਂ ਕਿਹੜਾ ਰਾਹ ਅਪਣਾਉਂਦੇ ਹਾਂ?

18 ਸਾਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਇਖ਼ਤਿਆਰ ਸਵਰਗ ਤੋਂ ਮਿਲਿਆ ਹੈ। ਯਿਸੂ ਨੇ ਸਾਨੂੰ ਇਹ ਕੰਮ ਕਰਨ ਦਾ ਹੁਕਮ ਦਿੱਤਾ ਹੈ, ਜਿਸ ਨੂੰ ‘ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਦਿੱਤਾ ਗਿਆ ਹੈ।’ (ਮੱਤੀ 28:18-20; ਫ਼ਿਲਿੱਪੀਆਂ 2:9-11) ਇਸ ਲਈ, ਪ੍ਰਚਾਰ ਕਰਨ ਲਈ ਸਾਨੂੰ ਮਨੁੱਖੀ ਸਰਕਾਰਾਂ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਫਿਰ ਵੀ, ਸਾਨੂੰ ਅਹਿਸਾਸ ਹੈ ਕਿ ਧਾਰਮਿਕ ਆਜ਼ਾਦੀ ਰਾਜ ਦੇ ਸੰਦੇਸ਼ ਨੂੰ ਫੈਲਾਉਣ ਵਿਚ ਸਹਾਈ ਹੁੰਦੀ ਹੈ। ਜਿਨ੍ਹਾਂ ਦੇਸ਼ਾਂ ਵਿਚ ਸਾਨੂੰ ਉਪਾਸਨਾ ਕਰਨ ਦੀ ਆਜ਼ਾਦੀ ਹੈ, ਅਸੀਂ ਇਸ ਆਜ਼ਾਦੀ ਦੀ ਰੱਖਿਆ ਕਰਨ ਲਈ ਕਾਨੂੰਨ ਦਾ ਸਹਾਰਾ ਲਵਾਂਗੇ। ਜਿੱਥੇ ਸਾਨੂੰ ਆਜ਼ਾਦੀ ਨਹੀਂ ਦਿੱਤੀ ਜਾਂਦੀ ਹੈ, ਉੱਥੇ ਅਸੀਂ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡਾ ਉਦੇਸ਼, ਸਮਾਜਕ ਸੁਧਾਰ ਕਰਨਾ ਨਹੀਂ, ਪਰ ਕਾਨੂੰਨੀ ਤੌਰ ਤੇ ‘ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣਾ’ ਹੈ।c—ਫ਼ਿਲਿੱਪੀਆਂ 1:7.

19. (ੳ) ‘ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦੇਣ’ ਦਾ ਕੀ ਨਤੀਜਾ ਨਿਕਲ ਸਕਦਾ ਹੈ? (ਅ) ਅਸੀਂ ਕੀ ਕਰਨ ਦਾ ਪੱਕਾ ਇਰਾਦਾ ਰੱਖਦੇ ਹਾਂ?

19 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਅਸੀਂ ਯਹੋਵਾਹ ਨੂੰ ਵਿਸ਼ਵ ਸਰਬਸੱਤਾਵਾਨ ਮੰਨਦੇ ਹਾਂ। ਉਸ ਦੇ ਨਿਯਮ ਸਭ ਤੋਂ ਉੱਚੇ ਹਨ। ਅਸੀਂ ਈਮਾਨਦਾਰੀ ਨਾਲ ਮਨੁੱਖੀ ਸਰਕਾਰਾਂ ਦੀ ਆਗਿਆ ਮੰਨਦੇ ਹਾਂ, ਅਤੇ ‘ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਦਿੰਦੇ ਹਾਂ।’ ਪਰ ਅਸੀਂ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਜ਼ਿੰਮੇਵਾਰੀ—‘ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦੇਣੀਆਂ’—ਨੂੰ ਪੂਰਾ ਕਰਨ ਵਿਚ ਕਿਸੇ ਨੂੰ ਵੀ ਅੜਿੱਕਾ ਨਹੀਂ ਪਾਉਣ ਦਿਆਂਗੇ। (ਮੱਤੀ 22:21) ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਇਸ ਤਰ੍ਹਾਂ ਕਰਨ ਨਾਲ ਕੌਮਾਂ ਸਾਡੇ ਨਾਲ ‘ਘ੍ਰਿਣਾ ਕਰਨਗੀਆਂ,’ ਪਰ ਅਸੀਂ ਇਸ ਨੂੰ ਸ਼ਾਗਿਰਦੀ ਦੀ ਕੀਮਤ ਵਜੋਂ ਸਵੀਕਾਰ ਕਰਦੇ ਹਾਂ। 20ਵੀਂ ਸਦੀ ਵਿਚ ਯਹੋਵਾਹ ਦੇ ਗਵਾਹਾਂ ਦਾ ਕਾਨੂੰਨੀ ਰਿਕਾਰਡ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਪਣੀ ਨਿਹਚਾ ਦੀ ਰੱਖਿਆ ਕਰਨ ਦਾ ਪੱਕਾ ਇਰਾਦਾ ਰੱਖਦੇ ਹਾਂ। ਯਹੋਵਾਹ ਦੀ ਮਦਦ ਅਤੇ ਸਹਾਰੇ ਨਾਲ, ਅਸੀਂ ‘ਖੁਸ਼ ਖਬਰੀ ਸੁਣਾਉਣ ਤੋਂ ਨਾ ਹਟਾਂਗੇ।’—ਰਸੂਲਾਂ ਦੇ ਕਰਤੱਬ 5:42.

[ਫੁਟਨੋਟ]

a ਮੈਥਿਯੂ ਹੈਨਰੀਸ ਕੌਮੈਂਟਰੀ ਔਨ ਦ ਹੋਲ ਬਾਈਬਲ ਵਿਆਖਿਆ ਕਰਦੀ ਹੈ ਕਿ ਯਹੂਦੀ ਵਿਰੋਧੀ “ਜਾਣ-ਬੁੱਝ ਕੇ ਉਨ੍ਹਾਂ [ਗ਼ੈਰ-ਮਸੀਹੀਆਂ] ਕੋਲ ਗਏ ਜਿਨ੍ਹਾਂ ਨਾਲ ਉਨ੍ਹਾਂ ਦੀ ਥੋੜ੍ਹੀ-ਬਹੁਤੀ ਵੀ ਜਾਣ-ਪਛਾਣ ਸੀ, ਅਤੇ ਜੋ ਵੀ ਉਹ ਬੁਰਾ-ਭਲਾ ਕਹਿ ਸਕਦੇ ਸਨ ਉਨ੍ਹਾਂ ਨੇ ਕਿਹਾ, ਅਤੇ ਉਨ੍ਹਾਂ ਦੇ ਮਨਾਂ ਵਿਚ ਮਸੀਹੀਅਤ ਦੇ ਬਾਰੇ ਸਿਰਫ਼ ਭੈੜੇ ਵਿਚਾਰ ਹੀ ਨਹੀਂ, ਸਗੋਂ ਹਿੰਸਕ ਵਿਚਾਰ ਵੀ ਪਾਏ।”

b ਜਦੋਂ ਰੂਸ ਦੀ ਅਖ਼ਬਾਰ ਵਿਚ (ਜਿਸ ਦਾ ਪੈਰਾ 15 ਵਿਚ ਜ਼ਿਕਰ ਕੀਤਾ ਗਿਆ ਹੈ) ਇਹ ਤੁਹਮਤ ਭਰਿਆ ਲੇਖ ਛਾਪਿਆ ਗਿਆ, ਤਾਂ ਯਹੋਵਾਹ ਦੇ ਗਵਾਹਾਂ ਨੇ ਰੂਸੀ ਰਾਜ-ਸੰਘ ਦੇ ਸੂਚਨਾ ਸੰਬੰਧੀ ਵਿਵਾਦਾਂ ਲਈ ਰਾਸ਼ਟਰਪਤੀ ਵੱਲੋਂ ਨਿਯੁਕਤ ਕੀਤੇ ਗਏ ਅਦਾਲਤੀ ਮੰਡਲ ਨੂੰ ਅਪੀਲ ਕੀਤੀ ਕਿ ਉਹ ਲੇਖ ਵਿਚ ਲਾਏ ਗਏ ਝੂਠੇ ਦੋਸ਼ਾਂ ਉੱਤੇ ਵਿਚਾਰ ਕਰੇ। ਹਾਲ ਹੀ ਵਿਚ ਅਦਾਲਤ ਨੇ ਆਪਣਾ ਫ਼ੈਸਲਾ ਦਿੱਤਾ ਜਿਸ ਵਿਚ ਅਦਾਲਤ ਨੇ ਤੁਹਮਤ ਭਰਿਆ ਲੇਖ ਛਾਪਣ ਕਰਕੇ ਅਖ਼ਬਾਰ ਵਾਲਿਆਂ ਨੂੰ ਫਿਟਕਾਰਿਆ।—ਜਾਗਰੂਕ ਬਣੋ! (ਅੰਗ੍ਰੇਜ਼ੀ), ਨਵੰਬਰ 22, 1998, ਸਫ਼ੇ 26-7 ਦੇਖੋ।

c ਪਹਿਰਾਬੁਰਜ (ਅੰਗ੍ਰੇਜ਼ੀ), ਦਸੰਬਰ 1, 1998, ਵਿਚ ਸਫ਼ੇ 19-22 ਉੱਤੇ ਦਿੱਤੇ ਗਏ ਲੇਖ “ਕਾਨੂੰਨੀ ਤੌਰ ਤੇ ਖ਼ੁਸ਼ ਖ਼ਬਰੀ ਦੀ ਰੱਖਿਆ ਕਰਨਾ” ਦੇਖੋ।

ਕੀ ਤੁਹਾਨੂੰ ਯਾਦ ਹੈ?

◻ ਯਹੋਵਾਹ ਦੇ ਗਵਾਹਾਂ ਨਾਲ ਕਿਉਂ “ਘ੍ਰਿਣਾ” ਕੀਤੀ ਜਾਂਦੀ ਹੈ?

◻ ਸਾਨੂੰ ਉਨ੍ਹਾਂ ਨੂੰ ਕਿਸ ਨਜ਼ਰ ਨਾਲ ਦੇਖਣਾ ਚਾਹੀਦਾ ਹੈ ਜਿਹੜੇ ਸਾਡੇ ਧਾਰਮਿਕ ਸਿਧਾਂਤਾਂ ਨੂੰ ਨਹੀਂ ਮੰਨਦੇ ਹਨ?

◻ ਵਿਰੋਧੀਆਂ ਨਾਲ ਨਜਿੱਠਦੇ ਸਮੇਂ, ਯਿਸੂ ਨੇ ਕਿਹੜੀ ਸੰਤੁਲਿਤ ਉਦਾਹਰਣ ਕਾਇਮ ਕੀਤੀ?

◻ ਜਦੋਂ ਸਾਡੇ ਉੱਤੇ ਦੋਸ਼ ਲਾਇਆ ਜਾਂਦਾ ਹੈ, ਤਾਂ ਅਸੀਂ ਇਸ ਸਿਧਾਂਤ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ”?

[ਸਫ਼ੇ 16 ਉੱਤੇ ਡੱਬੀ]

ਗ਼ਲਤ ਜਾਣਕਾਰੀ ਨੂੰ ਠੀਕ ਕਰਨਾ

“ਬੋਲੀਵੀਆ ਦੇ ਯਾਕਵੀਬਾ ਕਸਬੇ ਵਿਚ ਸਥਾਨਕ ਈਸਾਈਆਂ ਨੇ ਇਕ ਟੀ. ਵੀ. ਸਟੇਸ਼ਨ ਤੇ ਇਕ ਫ਼ਿਲਮ ਦਿਖਾਉਣ ਦਾ ਪ੍ਰਬੰਧ ਕੀਤਾ। ਇਹ ਫ਼ਿਲਮ ਪ੍ਰਤੱਖ ਤੌਰ ਤੇ ਧਰਮ-ਤਿਆਗੀਆਂ ਦੁਆਰਾ ਬਣਾਈ ਗਈ ਸੀ। ਇਸ ਪ੍ਰੋਗ੍ਰਾਮ ਦੇ ਭੈੜੇ ਅਸਰਾਂ ਨੂੰ ਦੇਖਦੇ ਹੋਏ, ਬਜ਼ੁਰਗਾਂ ਨੇ ਦੋ ਟੀ. ਵੀ. ਸਟੇਸ਼ਨਾਂ ਤੇ ਜਾਣ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਨੂੰ ਜਨਤਾ ਨੂੰ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ ਅਤੇ ਬਾਈਬਲ—ਤੱਥ ਅਤੇ ਭਵਿੱਖਬਾਣੀ ਦੀ ਪੁਸਤਕ ਨਾਮਕ ਦੋ ਵਿਡਿਓ ਦਿਖਾਉਣ ਲਈ ਬੇਨਤੀ ਕੀਤੀ। ਬਜ਼ੁਰਗਾਂ ਨੇ ਇਸ ਲਈ ਪੈਸੇ ਦੇਣ ਦੀ ਵੀ ਪੇਸ਼ਕਸ਼ ਕੀਤੀ। ਸੋਸਾਇਟੀ ਦੇ ਵਿਡਿਓ ਦੇਖਣ ਤੋਂ ਬਾਅਦ, ਇਕ ਰੇਡੀਓ ਸਟੇਸ਼ਨ ਦੇ ਮਾਲਕ ਨੂੰ ਧਰਮ-ਤਿਆਗੀਆਂ ਦੇ ਪ੍ਰੋਗ੍ਰਾਮ ਵਿਚ ਦਿੱਤੀ ਗਈ ਗ਼ਲਤ ਜਾਣਕਾਰੀ ਉੱਤੇ ਬਹੁਤ ਗੁੱਸਾ ਆਇਆ, ਅਤੇ ਉਸ ਨੇ ਯਹੋਵਾਹ ਦੇ ਗਵਾਹਾਂ ਦੇ ਹੋਣ ਵਾਲੇ ਜ਼ਿਲ੍ਹਾ ਮਹਾਂ-ਸੰਮੇਲਨ ਦੀ ਮੁਫ਼ਤ ਘੋਸ਼ਣਾ ਕਰਨ ਦੀ ਪੇਸ਼ਕਸ਼ ਕੀਤੀ। ਸੰਮੇਲਨ ਵਿਚ ਹਾਜ਼ਰੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੀ, ਅਤੇ ਜਦੋਂ ਯਹੋਵਾਹ ਦੇ ਗਵਾਹ ਲੋਕਾਂ ਨੂੰ ਸੇਵਕਾਈ ਵਿਚ ਮਿਲੇ, ਤਾਂ ਬਹੁਤ ਸਾਰੇ ਸੁਹਿਰਦ ਵਿਅਕਤੀ ਉਨ੍ਹਾਂ ਤੋਂ ਸਵਾਲ ਪੁੱਛਣ ਲੱਗ ਪਏ।”—1997 ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ, ਸਫ਼ੇ 61-2.

[ਸਫ਼ੇ 17 ਉੱਤੇ ਤਸਵੀਰ]

ਕਈ ਮੌਕਿਆਂ ਤੇ, ਯਿਸੂ ਨੇ ਖੁੱਲ੍ਹ ਕੇ ਆਪਣੇ ਆਲੋਚਕਾਂ ਦੇ ਝੂਠੇ ਦੋਸ਼ਾਂ ਨੂੰ ਗ਼ਲਤ ਸਾਬਤ ਕੀਤਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ