ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 2/1 ਸਫ਼ੇ 9-13
  • ਮਹਾਨ ਘੁਮਿਆਰ ਅਤੇ ਉਸ ਦਾ ਕੰਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਹਾਨ ਘੁਮਿਆਰ ਅਤੇ ਉਸ ਦਾ ਕੰਮ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਘੁਮਿਆਰ ਹੋਰ ਘੜਤਾਂ ਘੜਦਾ ਹੈ
  • ਤੁਸੀਂ ਕਿਸ ਤਰ੍ਹਾਂ ਦਾ ਭਾਂਡਾ ਬਣੋਗੇ?
  • ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਢਾਲ਼ੇ ਗਏ
  • ਆਪਣੇ ਬੱਚਿਆਂ ਨੂੰ ਢਾਲ਼ਣਾ
  • ਸਾਰੇ ਢਾਲ਼ੇ ਜਾਂਦੇ ਹਨ
  • ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਆਪਣੇ ਘੁਮਿਆਰ ਯਹੋਵਾਹ ਦੀ ਕਦਰ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਮਿੱਟੀ ਦਿਆਂ ਭਾਂਡਿਆਂ ਵਿਚ ਸਾਡਾ ਖ਼ਜ਼ਾਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ
    ਸਾਡੀ ਰਾਜ ਸੇਵਕਾਈ—2007
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 2/1 ਸਫ਼ੇ 9-13

ਮਹਾਨ ਘੁਮਿਆਰ ਅਤੇ ਉਸ ਦਾ ਕੰਮ

“ਆਦਰ ਦੇ ਕੰਮ ਲਈ . . . ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ [ਬਣੋ]।”—2 ਤਿਮੋਥਿਉਸ 2:21.

1, 2. (ੳ) ਪਰਮੇਸ਼ੁਰ ਦੁਆਰਾ ਕੀਤੀ ਗਈ ਆਦਮੀ ਅਤੇ ਔਰਤ ਦੀ ਸ੍ਰਿਸ਼ਟੀ ਇਕ ਵਿਲੱਖਣ ਕੰਮ ਕਿਵੇਂ ਸੀ? (ਅ) ਮਹਾਨ ਘੁਮਿਆਰ ਨੇ ਆਦਮ ਅਤੇ ਹੱਵਾਹ ਨੂੰ ਕਿਸ ਉਦੇਸ਼ ਲਈ ਬਣਾਇਆ ਸੀ?

ਯਹੋਵਾਹ ਮਹਾਨ ਘੁਮਿਆਰ ਹੈ। ਸਾਡਾ ਪਹਿਲਾ ਪਿਤਾ ਆਦਮ, ਉਸ ਦੀ ਸਭ ਤੋਂ ਉੱਤਮ ਸ੍ਰਿਸ਼ਟੀ ਸੀ। ਬਾਈਬਲ ਸਾਨੂੰ ਦੱਸਦੀ ਹੈ: “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ,” ਅਰਥਾਤ ਇਕ “ਜੀਉਂਦਾ ਪ੍ਰਾਣੀ” ਬਣ ਗਿਆ। (ਉਤਪਤ 2:7; ਉਤਪਤ 2:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਪਹਿਲਾ ਆਦਮੀ ਸੰਪੂਰਣ ਸੀ ਅਤੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ ਸੀ। ਇਹ ਪਰਮੇਸ਼ੁਰ ਦੀ ਈਸ਼ਵਰੀ ਬੁੱਧੀ ਅਤੇ ਧਾਰਮਿਕਤਾ ਤੇ ਇਨਸਾਫ਼ ਲਈ ਉਸ ਦੇ ਪਿਆਰ ਦਾ ਸਬੂਤ ਸੀ।

2 ਆਦਮ ਦੀ ਪਸਲੀ ਦਾ ਇਸਤੇਮਾਲ ਕਰ ਕੇ ਪਰਮੇਸ਼ੁਰ ਨੇ ਆਦਮੀ ਲਈ ਇਕ ਪੂਰਕ ਅਤੇ ਸਹਾਇਕਣ, ਅਰਥਾਤ ਇਕ ਔਰਤ ਨੂੰ ਬਣਾਇਆ। ਹੱਵਾਹ ਦੀ ਨਿਰਮਲ ਖ਼ੂਬਸੂਰਤੀ, ਅੱਜ ਦੀਆਂ ਸਭ ਤੋਂ ਸੋਹਣੀਆਂ ਔਰਤਾਂ ਦੀ ਖ਼ੂਬਸੂਰਤੀ ਨਾਲੋਂ ਵੀ ਕਿਤੇ ਵੱਧ ਕੇ ਸੀ। (ਉਤਪਤ 2:21-23) ਇਸ ਤੋਂ ਇਲਾਵਾ, ਪਹਿਲੇ ਮਨੁੱਖੀ ਜੋੜੇ ਨੂੰ ਇਸ ਤਰ੍ਹਾਂ ਦਾ ਸਰੀਰ ਅਤੇ ਯੋਗਤਾਵਾਂ ਦਿੱਤੀਆਂ ਗਈਆਂ ਸਨ ਕਿ ਉਹ ਇਸ ਧਰਤੀ ਨੂੰ ਇਕ ਸੋਹਣਾ ਬਾਗ਼ ਬਣਾਉਣ ਦੇ ਮਿੱਥੇ ਗਏ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਣ। ਉਨ੍ਹਾਂ ਨੂੰ ਪਰਮੇਸ਼ੁਰ ਦੇ ਉਸ ਹੁਕਮ ਦੀ ਪਾਲਣਾ ਕਰਨ ਲਈ ਵੀ ਯੋਗਤਾ ਦਿੱਤੀ ਗਈ ਸੀ, ਜਿਸ ਦਾ ਜ਼ਿਕਰ ਉਤਪਤ 1:28 ਵਿਚ ਕੀਤਾ ਗਿਆ ਹੈ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” ਅੰਤ ਵਿਚ, ਇਸ ਵਿਸ਼ਵ-ਵਿਆਪੀ ਬਾਗ਼ ਨੂੰ ਅਰਬਾਂ ਹੀ ਖ਼ੁਸ਼ ਇਨਸਾਨਾਂ ਨਾਲ ਆਬਾਦ ਕੀਤਾ ਜਾਣਾ ਸੀ, ਜਿਨ੍ਹਾਂ ਨੇ ਆਪਸ ਵਿਚ ਇਸ ਤਰ੍ਹਾਂ ਦੇ ਪ੍ਰੇਮ ਨਾਲ ਜੁੜੇ ਹੋਣਾ ਸੀ ਜੋ ਕਿ “ਪੂਰਨ ਏਕਤਾ ਦਾ ਆਧਾਰ ਹੈ।”—ਕੁਲੁੱਸੀਆਂ 3:14, ਪਵਿੱਤਰ ਬਾਈਬਲ ਨਵਾਂ ਅਨੁਵਾਦ।

3. ਸਾਡੇ ਪਹਿਲੇ ਮਾਤਾ-ਪਿਤਾ ਨਿਰਾਦਰ ਦੇ ਭਾਂਡੇ ਕਿਵੇਂ ਬਣ ਗਏ, ਅਤੇ ਉਸ ਦਾ ਕੀ ਨਤੀਜਾ ਨਿਕਲਿਆ?

3 ਦੁੱਖ ਦੀ ਗੱਲ ਹੈ ਕਿ ਸਾਡੇ ਪਹਿਲੇ ਮਾਤਾ-ਪਿਤਾ ਨੇ ਮਹਾਨ ਘੁਮਿਆਰ, ਅਰਥਾਤ ਆਪਣੇ ਸਰਬਸੱਤਾਵਾਨ ਸ੍ਰਿਸ਼ਟੀਕਰਤਾ ਦੇ ਹੁਕਮ ਦੀ ਜਾਣ-ਬੁੱਝ ਕੇ ਉਲੰਘਣਾ ਕਰਨ ਦੀ ਚੋਣ ਕੀਤੀ। ਉਨ੍ਹਾਂ ਵੱਲੋਂ ਅਪਣਾਏ ਗਏ ਰਾਹ ਦਾ ਵਰਣਨ ਯਸਾਯਾਹ 29:15, 16 ਵਿਚ ਕੀਤਾ ਗਿਆ ਹੈ: “ਹਾਇ ਓਹਨਾਂ ਉੱਤੇ ਜਿਹੜੇ ਯਹੋਵਾਹ ਤੋਂ ਆਪਣੀ ਸਲਾਹ ਡੂੰਘੀ ਰੱਖ ਕੇ ਲੁਕਾਉਂਦੇ ਹਨ! ਜਿਨ੍ਹਾਂ ਦੇ ਕੰਮ ਅਨ੍ਹੇਰੇ ਵਿੱਚ ਹੁੰਦੇ ਹਨ, ਅਤੇ ਜਿਹੜੇ ਆਖਦੇ ਹਨ, ਕੌਣ ਸਾਨੂੰ ਵੇਖਦਾ, ਅਤੇ ਕੌਣ ਸਾਨੂੰ ਜਾਣਦਾ ਹੈ? . . . ਕੀ ਘੁਮਿਆਰ ਮਿੱਟੀ ਵਰਗਾ ਗਿਣਿਆ ਜਾਵੇਗਾ, ਭਈ ਬਣੀ ਹੋਈ ਚੀਜ਼ ਆਪਣੇ ਬਣਾਉਣ ਵਾਲੇ ਵਿਖੇ ਆਖੇ, ਓਸ ਮੈਨੂੰ ਨਹੀਂ ਬਣਾਇਆ, ਯਾ ਘੜਤ ਘੜਨ ਵਾਲੇ ਵਿਖੇ ਆਖੇ, ਉਸ ਨੂੰ ਕੋਈ ਮੱਤ ਨਹੀਂ?” ਉਨ੍ਹਾਂ ਦੀ ਬਗਾਵਤ ਤਬਾਹੀ ਲਿਆਈ—ਸਦੀਵੀ ਮੌਤ ਦੀ ਸਜ਼ਾ। ਇਸ ਤੋਂ ਵੀ ਵੱਧ, ਉਨ੍ਹਾਂ ਤੋਂ ਪੈਦਾ ਹੋਈ ਸਾਰੀ ਮਾਨਵਜਾਤੀ ਨੂੰ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ। (ਰੋਮੀਆਂ 5:12, 18) ਮਹਾਨ ਘੁਮਿਆਰ ਦੀ ਕਾਰੀਗਰੀ ਦੀ ਖ਼ੂਬਸੂਰਤੀ ਪੂਰੀ ਤਰ੍ਹਾਂ ਵਿਗੜ ਗਈ।

4. ਅਸੀਂ ਕਿਹੜਾ ਸਨਮਾਨਯੋਗ ਕੰਮ ਕਰ ਸਕਦੇ ਹਾਂ?

4 ਫਿਰ ਵੀ, ਪਾਪੀ ਆਦਮ ਦੀ ਅਪੂਰਣ ਸੰਤਾਨ ਹੋਣ ਦੇ ਬਾਵਜੂਦ ਵੀ, ਅਸੀਂ ਯਹੋਵਾਹ ਦੀ ਪ੍ਰਸ਼ੰਸਾ, ਜ਼ਬੂਰ 139:14 ਵਿਚ ਲਿਖੇ ਗਏ ਸ਼ਬਦਾਂ ਵਿਚ ਕਰ ਸਕਦੇ ਹਾਂ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!” ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਮਹਾਨ ਘੁਮਿਆਰ ਦੀ ਮੁਢਲੀ ਕਾਰੀਗਰੀ ਦੀ ਖ਼ੂਬਸੂਰਤੀ ਇੰਨੇ ਬੁਰੇ ਤਰੀਕੇ ਨਾਲ ਵਿਗੜ ਗਈ!

ਘੁਮਿਆਰ ਹੋਰ ਘੜਤਾਂ ਘੜਦਾ ਹੈ

5. ਮਹਾਨ ਘੁਮਿਆਰ ਨੇ ਆਪਣੇ ਹੁਨਰ ਨੂੰ ਕਿਵੇਂ ਇਸਤੇਮਾਲ ਕਰਨਾ ਸੀ?

5 ਖ਼ੁਸ਼ੀ ਦੀ ਗੱਲ ਹੈ ਕਿ ਇਕ ਘੁਮਿਆਰ ਵਜੋਂ ਸਾਡੇ ਸ੍ਰਿਸ਼ਟੀਕਰਤਾ ਨੇ ਆਪਣੇ ਇਸ ਹੁਨਰ ਨੂੰ ਪਹਿਲੇ ਮਾਨਵ ਨੂੰ ਬਣਾਉਣ ਤੋਂ ਬਾਅਦ ਵੀ ਇਸਤੇਮਾਲ ਕਰਨਾ ਸੀ। ਪੌਲੁਸ ਰਸੂਲ ਸਾਨੂੰ ਦੱਸਦਾ ਹੈ: “ਭਲਾ ਹੇ ਸ਼ਖ਼ਸਾ, ਤੂੰ ਪਰਮੇਸ਼ੁਰ ਨਾਲ ਵਿਵਾਦ ਕਰਨ ਵਾਲਾ ਕੌਣ ਹੈਂ? ਕੀ ਘੜਤ ਘੜਨ ਵਾਲੇ ਨੂੰ ਆਖੇਗੀ ਭਈ ਤੈਂ ਮੈਨੂੰ ਇਸ ਢਬ ਕਿਉਂ ਬਣਾਇਆ? ਕੀ ਘੁਮਿਆਰ ਮਿੱਟੀ ਦੇ ਉੱਪਰ ਵੱਸ ਨਹੀਂ ਰੱਖਦਾ ਜੋ ਇੱਕੋ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ?”—ਰੋਮੀਆਂ 9:20, 21.

6, 7. (ੳ) ਅੱਜ ਬਹੁਤ ਸਾਰੇ ਲੋਕਾਂ ਨੇ ਕਿਸ ਤਰ੍ਹਾਂ ਨਿਰਾਦਰ ਦੇ ਭਾਂਡੇ ਬਣਨ ਦੀ ਚੋਣ ਕੀਤੀ ਹੈ? (ਅ) ਧਰਮੀ ਲੋਕ ਆਦਰ ਦੇ ਕੰਮਾਂ ਲਈ ਵਰਤੇ ਜਾਣ ਵਾਲੇ ਭਾਂਡਿਆਂ ਵਜੋਂ ਕਿਸ ਤਰ੍ਹਾਂ ਢਾਲ਼ੇ ਜਾਂਦੇ ਹਨ?

6 ਜੀ ਹਾਂ, ਮਹਾਨ ਘੁਮਿਆਰ ਦੇ ਕੁਝ ਭਾਂਡੇ, ਆਦਰ ਦੇ ਕੰਮ ਲਈ ਅਤੇ ਕੁਝ ਨਿਰਾਦਰ ਦੇ ਕੰਮ ਲਈ ਢਾਲ਼ੇ ਜਾਣਗੇ। ਜਿਹੜੇ ਲੋਕ ਦੁਸ਼ਟਤਾ ਦੀ ਦਲਦਲ ਵਿਚ ਖੁਭਦੇ ਜਾ ਰਹੇ ਸੰਸਾਰ ਦਾ ਸਾਥ ਦੇਣ ਦੀ ਚੋਣ ਕਰਦੇ ਹਨ, ਉਹ ਇਸ ਤਰੀਕੇ ਨਾਲ ਢਾਲ਼ੇ ਜਾਂਦੇ ਹਨ ਕਿ ਉਹ ਨਾਸ਼ ਦੇ ਯੋਗ ਠਹਿਰਨਗੇ। ਜਦੋਂ ਮਹਾਨ ਰਾਜਾ, ਮਸੀਹ ਯਿਸੂ, ਨਿਆਉਂ ਕਰਨ ਲਈ ਆਵੇਗਾ, ਤਾਂ ਨਿਰਾਦਰ ਦੇ ਅਜਿਹੇ ਭਾਂਡਿਆਂ ਵਿਚ ਬੱਕਰੀਆਂ ਵਰਗੇ ਸਾਰੇ ਜ਼ਿੱਦੀ ਲੋਕ ਸ਼ਾਮਲ ਹੋਣਗੇ, ਜਿਹੜੇ ਕਿ ਮੱਤੀ 25:46 ਦੇ ਅਨੁਸਾਰ, “ਸਦੀਪਕ ਸਜ਼ਾ ਵਿੱਚ ਜਾਣਗੇ।” ਪਰ ਭੇਡਾਂ ਵਰਗੇ “ਧਰਮੀ” ਜਿਹੜੇ ਕਿ “ਆਦਰ” ਦੇ ਕੰਮ ਲਈ ਢਾਲ਼ੇ ਗਏ ਹੋਣਗੇ, ਉਹ “ਸਦੀਪਕ ਜੀਉਣ” ਪ੍ਰਾਪਤ ਕਰਨਗੇ।

7 ਨਿਮਰਤਾ ਨਾਲ ਇਨ੍ਹਾਂ ਧਰਮੀ ਲੋਕਾਂ ਨੇ ਆਪਣੇ ਆਪ ਨੂੰ ਈਸ਼ਵਰੀ ਇੱਛਾ ਅਨੁਸਾਰ ਢਲ਼ ਜਾਣ ਦਿੱਤਾ ਹੈ। ਉਹ ਈਸ਼ਵਰੀ ਜੀਵਨ ਦੇ ਰਾਹ ਅੰਦਰ ਦਾਖ਼ਲ ਹੋ ਚੁੱਕੇ ਹਨ। ਉਨ੍ਹਾਂ ਨੇ 1 ਤਿਮੋਥਿਉਸ 6:17-19 ਦੀ ਸਲਾਹ ਨੂੰ ਮੰਨਿਆ ਹੈ: ‘ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖੋ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।’ ਉਹ “ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ” ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਉਹ ‘ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਦੇ ਹਨ ਭਈ ਓਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।’ ਉਹ ਈਸ਼ਵਰੀ ਸੱਚਾਈ ਅਨੁਸਾਰ ਢਾਲ਼ੇ ਜਾਂਦੇ ਹਨ ਅਤੇ ਮਸੀਹ ਯਿਸੂ ਦੁਆਰਾ ਕੀਤੇ ਗਏ ਯਹੋਵਾਹ ਦੇ ਪ੍ਰਬੰਧ ਵਿਚ ਅਟੱਲ ਨਿਹਚਾ ਰੱਖਦੇ ਹਨ। ਯਿਸੂ ਨੇ “ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ” ਤਾਂਕਿ ਉਹ ਆਦਮ ਦੇ ਪਾਪ ਕਰਕੇ ਹੋਏ ਸਾਰੇ ਨੁਕਸਾਨ ਦੀ ਪੂਰਤੀ ਕਰ ਸਕੇ। (1 ਤਿਮੋਥਿਉਸ 2:6) ਫਿਰ ਕਿੰਨੀ ਖ਼ੁਸ਼ੀ ਨਾਲ ਸਾਨੂੰ ਪੌਲੁਸ ਦੀ ਸਲਾਹ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ‘ਨਵੀਂ ਇਨਸਾਨੀਅਤ ਨੂੰ ਪਹਿਨ ਲਵੋ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਢਾਲ਼ੀ ਜਾਂਦੀ ਹੈ’!—ਕੁਲੁੱਸੀਆਂ 3:10.

ਤੁਸੀਂ ਕਿਸ ਤਰ੍ਹਾਂ ਦਾ ਭਾਂਡਾ ਬਣੋਗੇ?

8. (ੳ) ਕਿਹੜੀ ਚੀਜ਼ ਨਿਰਧਾਰਿਤ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਭਾਂਡਾ ਬਣਦੇ ਹਾਂ? (ਅ) ਕਿਹੜੀਆਂ ਦੋ ਗੱਲਾਂ ਸਾਨੂੰ ਢਾਲ਼ਦੀਆਂ ਹਨ?

8 ਕਿਹੜੀ ਚੀਜ਼ ਨਿਰਧਾਰਿਤ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਭਾਂਡੇ ਬਣਦੇ ਹਾਂ? ਸਾਡਾ ਰਵੱਈਆ ਅਤੇ ਆਚਰਣ। ਪਹਿਲਾਂ ਇਹ ਸਾਡੇ ਦਿਲ ਦੀਆਂ ਇੱਛਾਵਾਂ ਅਤੇ ਝੁਕਾਵਾਂ ਦੁਆਰਾ ਢਾਲ਼ੇ ਜਾਂਦੇ ਹਨ। ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਆਦਮੀ ਦਾ ਮਨ ਉਹ ਦਾ ਰਾਹ ਠਹਿਰਾਉਂਦਾ ਹੈ, ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ ਹੈ।” (ਕਹਾਉਤਾਂ 16:9) ਦੂਜਾ, ਜੋ ਅਸੀਂ ਸੁਣਦੇ ਅਤੇ ਵੇਖਦੇ ਹਾਂ, ਨਾਲੇ ਸਾਡੀ ਸੰਗਤ ਅਤੇ ਤਜਰਬੇ ਵੀ ਸਾਡੇ ਰਵੱਈਏ ਅਤੇ ਆਚਰਣ ਨੂੰ ਢਾਲ਼ਦੇ ਹਨ। ਇਸ ਲਈ, ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਇਸ ਸਲਾਹ ਵੱਲ ਧਿਆਨ ਦੇਈਏ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਜਿਵੇਂ 2 ਪਤਰਸ 1:16 ਸਾਨੂੰ ਚੇਤਾਵਨੀ ਦਿੰਦਾ ਹੈ, ਸਾਨੂੰ “ਚਤਰਾਈ ਦੀਆਂ ਬਣਾਉਟੀ ਕਹਾਣੀਆਂ,” ਜਾਂ ਪਵਿੱਤਰ ਬਾਈਬਲ ਨਵਾਂ ਅਨੁਵਾਦ ਅਨੁਸਾਰ, “ਮਨ ਘੜ੍ਹਤ ਕਥਾਵਾਂ” ਉੱਤੇ ਵਿਸ਼ਵਾਸ ਕਰਨ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਵਿਚ ਧਰਮ-ਤਿਆਗੀ ਈਸਾਈ-ਜਗਤ ਦੀਆਂ ਸਿੱਖਿਆਵਾਂ ਅਤੇ ਤਿਉਹਾਰ ਸ਼ਾਮਲ ਹਨ।

9. ਮਹਾਨ ਘੁਮਿਆਰ ਦੁਆਰਾ ਢਾਲ਼ੇ ਜਾਣ ਤੇ ਅਸੀਂ ਕਿਵੇਂ ਚੰਗੀ ਪ੍ਰਤਿਕ੍ਰਿਆ ਵਿਖਾ ਸਕਦੇ ਹਾਂ?

9 ਇਸ ਲਈ, ਸਾਡੀ ਪ੍ਰਤਿਕ੍ਰਿਆ ਦੇ ਅਨੁਸਾਰ ਪਰਮੇਸ਼ੁਰ ਸਾਨੂੰ ਢਾਲ਼ ਸਕਦਾ ਹੈ। ਨਿਮਰਤਾ ਨਾਲ ਅਸੀਂ ਯਹੋਵਾਹ ਦੇ ਸਾਮ੍ਹਣੇ ਦਾਊਦ ਦੁਆਰਾ ਕੀਤੀ ਗਈ ਪ੍ਰਾਰਥਨਾ ਨੂੰ ਦੁਹਰਾ ਸਕਦੇ ਹਾਂ: “ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ!” (ਜ਼ਬੂਰ 139:23, 24) ਯਹੋਵਾਹ ਰਾਜ ਸੰਦੇਸ਼ ਦਾ ਪ੍ਰਚਾਰ ਕਰਵਾ ਰਿਹਾ ਹੈ। ਸਾਡੇ ਦਿਲਾਂ ਨੇ ਇਸ ਖ਼ੁਸ਼ ਖ਼ਬਰੀ ਲਈ ਅਤੇ ਅੱਗੋਂ ਯਹੋਵਾਹ ਦੀ ਅਗਵਾਈ ਲਈ ਵੀ ਕਦਰਦਾਨੀ ਵਿਖਾਈ ਹੈ। ਆਪਣੇ ਸੰਗਠਨ ਦੁਆਰਾ, ਉਹ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਸੰਬੰਧ ਵਿਚ ਵੱਖੋ-ਵੱਖਰੇ ਵਿਸ਼ੇਸ਼-ਸਨਮਾਨ ਦਿੰਦਾ ਹੈ; ਆਓ ਅਸੀਂ ਇਨ੍ਹਾਂ ਨੂੰ ਸਵੀਕਾਰ ਕਰੀਏ ਅਤੇ ਇਨ੍ਹਾਂ ਦੀ ਕਦਰ ਪਾਈਏ।—ਫ਼ਿਲਿੱਪੀਆਂ 1:9-11.

10. ਅਧਿਆਤਮਿਕ ਪ੍ਰੋਗ੍ਰਾਮਾਂ ਦੇ ਅਨੁਸਾਰ ਚੱਲਣ ਲਈ ਸਾਨੂੰ ਵੱਡਾ ਜਤਨ ਕਿਵੇਂ ਕਰਨਾ ਚਾਹੀਦਾ ਹੈ?

10 ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਉੱਤੇ ਲਗਾਤਾਰ ਧਿਆਨ ਲਗਾਉਂਦੇ ਹੋਏ, ਰੋਜ਼ਾਨਾ ਬਾਈਬਲ ਪੜ੍ਹੀਏ, ਅਤੇ ਆਪਣੇ ਪਰਿਵਾਰਾਂ ਅਤੇ ਦੋਸਤਾਂ-ਮਿੱਤਰਾਂ ਨਾਲ ਗੱਲ-ਬਾਤ ਕਰਦੇ ਸਮੇਂ ਬਾਈਬਲ ਅਤੇ ਯਹੋਵਾਹ ਦੀ ਸੇਵਾ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਈਏ। ਯਹੋਵਾਹ ਦੇ ਗਵਾਹਾਂ ਦਾ ਹਰ ਬੈਥਲ ਪਰਿਵਾਰ ਅਤੇ ਮਿਸ਼ਨਰੀ ਗਰੁੱਪ ਸਵੇਰ ਨੂੰ ਬਾਈਬਲ ਦੀ ਚਰਚਾ ਕਰਦਾ ਹੈ, ਜਿਸ ਵਿਚ ਆਮ ਤੌਰ ਤੇ ਇਕ ਹਫ਼ਤੇ ਬਾਈਬਲ ਵਿੱਚੋਂ ਅਤੇ ਦੂਸਰੇ ਹਫ਼ਤੇ ਚਾਲੂ ਯੀਅਰ ਬੁੱਕ ਵਿੱਚੋਂ ਕੁਝ ਹਿੱਸਾ ਪੜ੍ਹਿਆ ਜਾਂਦਾ ਹੈ। ਕੀ ਤੁਹਾਡਾ ਪਰਿਵਾਰ ਵੀ ਇਸ ਤਰ੍ਹਾਂ ਕਰ ਸਕਦਾ ਹੈ? ਇਸ ਤੋਂ ਇਲਾਵਾ, ਮਸੀਹੀ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨਾਲ ਮੇਲ-ਜੋਲ ਰੱਖਣ, ਸਭਾਵਾਂ ਵਿਚ ਹਾਜ਼ਰ ਹੋਣ, ਅਤੇ ਖ਼ਾਸ ਤੌਰ ਤੇ ਹਫ਼ਤਾਵਾਰ ਪਹਿਰਾਬੁਰਜ ਅਧਿਐਨ ਵਿਚ ਹਿੱਸਾ ਲੈਣ ਨਾਲ ਵੀ ਸਾਨੂੰ ਸਾਰਿਆਂ ਨੂੰ ਕਿੰਨੇ ਫ਼ਾਇਦੇ ਮਿਲਦੇ ਹਨ!

ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਢਾਲ਼ੇ ਗਏ

11, 12. (ੳ) ਪਰਤਾਵਿਆਂ ਬਾਰੇ ਯਾਕੂਬ ਦੀ ਸਲਾਹ ਨੂੰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ? (ਅ) ਅੱਯੂਬ ਦਾ ਅਨੁਭਵ ਸਾਨੂੰ ਖਰਿਆਈ ਬਣਾਈ ਰੱਖਣ ਲਈ ਕਿਵੇਂ ਉਤਸ਼ਾਹਿਤ ਕਰਦਾ ਹੈ?

11 ਸਾਡੀਆਂ ਰੋਜ਼ਾਨਾ ਦੀਆਂ ਜ਼ਿੰਦਗੀਆਂ ਵਿਚ, ਪਰਮੇਸ਼ੁਰ ਕੁਝ ਸਥਿਤੀਆਂ ਨੂੰ ਪੈਦਾ ਹੋਣ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਵਿੱਚੋਂ ਸ਼ਾਇਦ ਕੁਝ ਸਾਨੂੰ ਮੁਸ਼ਕਲ ਲੱਗਣ। ਸਾਨੂੰ ਇਨ੍ਹਾਂ ਸਥਿਤੀਆਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਯਾਕੂਬ 4:8 ਦੀ ਸਲਾਹ ਅਨੁਸਾਰ, ਸਾਨੂੰ ਕੁੜੱਤਣ ਨਾਲ ਨਹੀਂ ਭਰਨਾ ਚਾਹੀਦਾ ਹੈ, ਸਗੋਂ ਸਾਨੂੰ ਪਰਮੇਸ਼ੁਰ ਦੇ ਨੇੜੇ ਜਾਣਾ ਅਤੇ ਆਪਣੇ ਪੂਰੇ ਦਿਲ ਨਾਲ ਉਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ, ਇਹ ਵਿਸ਼ਵਾਸ ਰੱਖਦੇ ਹੋਏ ਕਿ ਜੇਕਰ ਅਸੀਂ ‘ਉਸ ਦੇ ਨੇੜੇ ਜਾਵਾਂਗੇ ਤਾਂ ਉਹ ਸਾਡੇ ਨੇੜੇ ਆਵੇਗਾ।’ ਇਹ ਸੱਚ ਹੈ ਕਿ ਸਾਨੂੰ ਔਕੜਾਂ ਅਤੇ ਪਰਤਾਵਿਆਂ ਨੂੰ ਸਹਿਣਾ ਪਵੇਗਾ, ਪਰ ਪਰਮੇਸ਼ੁਰ ਇਨ੍ਹਾਂ ਨੂੰ ਇਸ ਲਈ ਹੋਣ ਦਿੰਦਾ ਹੈ ਕਿਉਂਕਿ ਇਹ ਸਾਨੂੰ ਢਾਲ਼ਣ ਵਿਚ ਹਿੱਸਾ ਪਾਉਂਦੇ ਹਨ, ਅਤੇ ਇਸ ਦਾ ਨਤੀਜਾ ਖ਼ੁਸ਼ੀ ਭਰਿਆ ਹੁੰਦਾ ਹੈ। ਯਾਕੂਬ 1:2, 3 ਸਾਨੂੰ ਭਰੋਸਾ ਦਿਵਾਉਂਦਾ ਹੈ: “ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।”

12 ਯਾਕੂਬ ਇਹ ਵੀ ਕਹਿੰਦਾ ਹੈ: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ। ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ।” (ਯਾਕੂਬ 1:13, 14) ਸਾਡੇ ਪਰਤਾਵੇ ਬਹੁਤ ਸਾਰੇ ਅਤੇ ਵੱਖ-ਵੱਖ ਤਰ੍ਹਾਂ ਦੇ ਹੋ ਸਕਦੇ ਹਨ, ਪਰ ਜਿਵੇਂ ਅੱਯੂਬ ਨਾਲ ਹੋਇਆ ਸੀ, ਇਹ ਸਾਰੇ ਪਰਤਾਵੇ ਸਾਨੂੰ ਢਾਲ਼ਣ ਵਿਚ ਹਿੱਸਾ ਪਾਉਂਦੇ ਹਨ। ਯਾਕੂਬ 5:11 ਵਿਚ ਸਾਨੂੰ ਕਿੰਨਾ ਵੱਡਾ ਭਰੋਸਾ ਦਿੱਤਾ ਗਿਆ ਹੈ: “ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ। ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ।” ਮਹਾਨ ਘੁਮਿਆਰ ਦੇ ਹੱਥੋਂ ਬਣੇ ਭਾਂਡੇ ਵਾਂਗ, ਆਓ ਅਸੀਂ ਅੱਯੂਬ ਵਾਂਗ ਹਰ ਸਮੇਂ ਆਪਣੀ ਖਰਿਆਈ ਨੂੰ ਬਣਾਈ ਰੱਖੀਏ ਅਤੇ ਪੂਰਾ ਭਰੋਸਾ ਰੱਖੀਏ ਕਿ ਇਸ ਦਾ ਨਤੀਜਾ ਵਧੀਆ ਹੀ ਨਿਕਲੇਗਾ!—ਅੱਯੂਬ 2:3, 9, 10; 27:5; 31:1-6; 42:12-15.

ਆਪਣੇ ਬੱਚਿਆਂ ਨੂੰ ਢਾਲ਼ਣਾ

13, 14. (ੳ) ਮਾਤਾ-ਪਿਤਾ ਨੂੰ ਕਿਸ ਉਮਰ ਤੋਂ ਆਪਣੇ ਬੱਚਿਆਂ ਨੂੰ ਢਾਲ਼ਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਉਹ ਕੀ ਉਮੀਦ ਰੱਖ ਸਕਦੇ ਹਨ? (ਅ) ਤੁਸੀਂ ਕਿਹੜੇ ਅਨੁਭਵ ਦੱਸ ਸਕਦੇ ਹੋ ਜਿਨ੍ਹਾਂ ਦੇ ਖ਼ੁਸ਼ੀ ਭਰੇ ਨਤੀਜੇ ਨਿਕਲੇ ਹਨ?

13 ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਢਾਲ਼ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬੱਚੇ ਵੱਡੇ ਹੋ ਕੇ ਯਹੋਵਾਹ ਦੇ ਬਹੁਤ ਹੀ ਵਫ਼ਾਦਾਰ ਸੇਵਕ ਬਣ ਸਕਦੇ ਹਨ! (2 ਤਿਮੋਥਿਉਸ 3:14, 15) ਇਹ ਉਸ ਵੇਲੇ ਵੀ ਸੱਚ ਸਾਬਤ ਹੋਇਆ ਹੈ ਜਦੋਂ ਪਰਤਾਵੇ ਬਹੁਤ ਔਖੇ ਸਨ। ਕੁਝ ਸਾਲ ਪਹਿਲਾਂ, ਜਦੋਂ ਅਫ਼ਰੀਕਾ ਦੇ ਇਕ ਦੇਸ਼ ਵਿਚ ਸਤਾਹਟ ਬਹੁਤ ਵੱਧ ਗਈ ਸੀ, ਤਾਂ ਇਕ ਵਿਸ਼ਵਾਸਯੋਗ ਪਰਿਵਾਰ ਨੇ ਆਪਣੇ ਘਰ ਦੇ ਪਿਛਲੇ ਪਾਸੇ ਇਕ ਸ਼ੈੱਡ ਵਿਚ ਲੁਕ ਕੇ ਪਹਿਰਾਬੁਰਜ ਦੀ ਛਪਾਈ ਦਾ ਕੰਮ ਸੰਭਾਲਿਆ। ਇਕ ਦਿਨ ਸਿਪਾਹੀ, ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਕਰਨ ਵਾਸਤੇ ਸਾਰੇ ਘਰਾਂ ਦੀ ਤਲਾਸ਼ੀ ਲੈ ਰਹੇ ਸਨ। ਇਸ ਪਰਿਵਾਰ ਦੇ ਦੋ ਜਵਾਨ ਮੁੰਡਿਆਂ ਕੋਲ ਲੁਕ ਜਾਣ ਦਾ ਕਾਫ਼ੀ ਸਮਾਂ ਸੀ, ਪਰ ਤਲਾਸ਼ੀ ਲੈਣ ਤੇ ਸਿਪਾਹੀਆਂ ਨੂੰ ਪ੍ਰਿੰਟਿੰਗ ਪ੍ਰੈੱਸ ਦੇ ਭੇਦ ਬਾਰੇ ਪਤਾ ਲੱਗ ਜਾਣਾ ਸੀ। ਇਸ ਤਰ੍ਹਾਂ ਹੋਣ ਤੇ, ਪੂਰੇ ਪਰਿਵਾਰ ਤੇ ਕਾਫ਼ੀ ਤਸੀਹੇ ਆ ਸਕਦੇ ਸਨ ਅਤੇ ਸ਼ਾਇਦ ਉਸ ਪਰਿਵਾਰ ਨੂੰ ਜਾਨੋਂ ਵੀ ਮਾਰਿਆ ਜਾ ਸਕਦਾ ਸੀ। ਹੁਣ ਕੀ ਕੀਤਾ ਜਾਵੇ? ਦੋਵੇਂ ਮੁੰਡਿਆਂ ਨੇ ਬੜੀ ਬਹਾਦਰੀ ਨਾਲ ਯੂਹੰਨਾ 15:13 ਦਾ ਹਵਾਲਾ ਦਿੰਦੇ ਹੋਏ ਕਿਹਾ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” ਉਨ੍ਹਾਂ ਨੇ ਘਰ ਦੀ ਬੈਠਕ ਵਿਚ ਡਟੇ ਰਹਿਣ ਦਾ ਫ਼ੈਸਲਾ ਕੀਤਾ। ਸਿਪਾਹੀ ਉੱਥੋਂ ਉਨ੍ਹਾਂ ਨੂੰ ਜ਼ਰੂਰ ਲੱਭ ਲੈਣਗੇ ਅਤੇ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਤੇ ਬੇਰਹਿਮੀ ਨਾਲ ਉਨ੍ਹਾਂ ਨੂੰ ਤਸੀਹੇ ਵੀ ਦੇਣਗੇ ਜਾਂ ਫਿਰ ਮਾਰ ਹੀ ਦੇਣਗੇ। ਪਰ ਇਸ ਤਰ੍ਹਾਂ ਕਰਨ ਤੇ ਸਿਪਾਹੀ ਘਰ ਦੀ ਹੋਰ ਤਲਾਸ਼ੀ ਨਾ ਲੈਣਗੇ। ਪ੍ਰਿੰਟਿੰਗ ਪ੍ਰੈੱਸ ਅਤੇ ਪਰਿਵਾਰ ਦੇ ਬਾਕੀ ਸਾਰੇ ਮੈਂਬਰ ਸੁਰੱਖਿਅਤ ਰਹਿਣਗੇ। ਪਰ ਇਕ ਹੈਰਾਨੀ ਵਾਲੀ ਗੱਲ ਹੋਈ। ਸਿਪਾਹੀ ਇਕ ਇਸੇ ਘਰ ਨੂੰ ਛੱਡ ਕੇ ਦੂਜੇ ਘਰਾਂ ਵਿਚ ਚਲੇ ਗਏ! ਪ੍ਰਿੰਟਿੰਗ ਪ੍ਰੈੱਸ ਸਮੇਤ, ਆਦਰ ਦੇ ਕੰਮ ਲਈ ਢਾਲ਼ੇ ਗਏ ਇਹ ਇਨਸਾਨੀ ਭਾਂਡੇ ਬਚ ਗਏ, ਤਾਂਕਿ ਉਹ ਸਮੇਂ ਸਿਰ ਅਧਿਆਤਮਿਕ ਭੋਜਨ ਛਾਪਣਾ ਜਾਰੀ ਰੱਖ ਸਕਣ। ਦੋਹਾਂ ਵਿੱਚੋਂ ਇਕ ਮੁੰਡਾ ਅਤੇ ਉਸ ਦੀ ਭੈਣ, ਹੁਣ ਬੈਥਲ ਵਿਚ ਸੇਵਾ ਕਰ ਰਹੇ ਹਨ; ਇਹ ਭਰਾ ਅਜੇ ਵੀ ਉਹੀ ਪੁਰਾਣੀ ਪ੍ਰਿੰਟਿੰਗ ਪ੍ਰੈੱਸ ਚਲਾਉਂਦਾ ਹੈ।

14 ਬੱਚਿਆਂ ਨੂੰ ਇਹ ਸਿਖਾਇਆ ਜਾ ਸਕਦਾ ਹੈ ਕਿ ਪ੍ਰਾਰਥਨਾ ਕਿਵੇਂ ਕਰੀਦੀ ਹੈ, ਅਤੇ ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਇਸ ਦੀ ਇਕ ਸ਼ਾਨਦਾਰ ਉਦਾਹਰਣ ਸਾਨੂੰ ਰਵਾਂਡਾ ਵਿਚ ਹੋਏ ਕਤਲਾਮ ਦੌਰਾਨ ਮਿਲਦੀ ਹੈ। ਬਾਗ਼ੀ ਇਕ ਛਿਆਂ ਸਾਲਾਂ ਦੀ ਕੁੜੀ ਅਤੇ ਉਸ ਦੇ ਮਾਤਾ-ਪਿਤਾ ਨੂੰ ਹੱਥ-ਗੋਲੇ ਨਾਲ ਉਡਾਉਣ ਹੀ ਲੱਗੇ ਸਨ ਕਿ ਇਸ ਕੁੜੀ ਨੇ ਜੋਸ਼ ਨਾਲ ਪਰਮੇਸ਼ੁਰ ਨੂੰ ਉੱਚੀ-ਉੱਚੀ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਨੂੰ ਯਹੋਵਾਹ ਦੀ ਹੋਰ ਸੇਵਾ ਕਰਨ ਲਈ ਜ਼ਿੰਦਾ ਛੱਡ ਦਿੱਤਾ ਜਾਵੇ। ਇਸ ਛੋਟੀ ਕੁੜੀ ਦੀ ਪ੍ਰਾਰਥਨਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਸ ਪਰਿਵਾਰ ਨੂੰ ਛੱਡ ਦਿੱਤਾ ਅਤੇ ਕਿਹਾ, “ਅਸੀਂ ਇਸ ਛੋਟੀ ਕੁੜੀ ਕਰਕੇ ਤੁਹਾਨੂੰ ਨਹੀਂ ਮਾਰ ਸਕਦੇ।”—1 ਪਤਰਸ 3:12.

15. ਪੌਲੁਸ ਨੇ ਕਿਹੜੇ ਭ੍ਰਿਸ਼ਟ ਪ੍ਰਭਾਵਾਂ ਬਾਰੇ ਚੇਤਾਵਨੀ ਦਿੱਤੀ?

15 ਸਾਡੇ ਜ਼ਿਆਦਾਤਰ ਨੌਜਵਾਨਾਂ ਨੂੰ ਬੇਸ਼ੱਕ ਇਸ ਤਰ੍ਹਾਂ ਦੇ ਔਖੇ ਹਾਲਾਤਾਂ ਦਾ ਸਾਮ੍ਹਣਾ ਨਹੀਂ ਕਰਨਾ ਪੈਂਦਾ ਹੈ, ਪਰ ਸਕੂਲ ਵਿਚ ਅਤੇ ਅੱਜ ਦੇ ਭ੍ਰਿਸ਼ਟ ਸੰਸਾਰ ਵਿਚ ਉਨ੍ਹਾਂ ਉੱਤੇ ਬਹੁਤ ਸਾਰੇ ਪਰਤਾਵੇ ਆਉਂਦੇ ਹਨ: ਗੰਦੀ ਬੋਲੀ, ਅਸ਼ਲੀਲ ਕਿਤਾਬਾਂ, ਘਟੀਆ ਮਨੋਰੰਜਨ, ਅਤੇ ਹਾਣੀਆਂ ਵੱਲੋਂ ਗ਼ਲਤ ਕੰਮ ਕਰਨ ਦਾ ਦਬਾਉ ਅੱਜ ਬਹੁਤ ਵਿਆਪਕ ਹੈ। ਪੌਲੁਸ ਰਸੂਲ ਨੇ ਵਾਰ-ਵਾਰ ਇਨ੍ਹਾਂ ਪ੍ਰਭਾਵਾਂ ਬਾਰੇ ਚੇਤਾਵਨੀ ਦਿੱਤੀ।—1 ਕੁਰਿੰਥੀਆਂ 5:6; 15:33, 34; ਅਫ਼ਸੀਆਂ 5:3-7.

16. ਇਕ ਵਿਅਕਤੀ ਆਦਰ ਦੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਕਿਵੇਂ ਬਣ ਸਕਦਾ ਹੈ?

16 “ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ” ਰੱਖੇ ਗਏ ਭਾਂਡਿਆਂ ਦਾ ਜ਼ਿਕਰ ਕਰਨ ਮਗਰੋਂ, ਪੌਲੁਸ ਕਹਿੰਦਾ ਹੈ: “ਸੋ ਜੇ ਕੋਈ ਆਪਣੇ ਆਪ ਨੂੰ ਇਨ੍ਹਾਂ [ਨਿਰਾਦਰ ਦੇ ਕੰਮ ਲਈ ਰੱਖੇ ਗਏ ਭਾਂਡਿਆਂ] ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ ਮਾਲਕ ਦੇ ਵਰਤਣ ਜੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ।” ਇਸ ਲਈ, ਆਓ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਦੋਸਤ ਚੁਣਨ ਦੇ ਮਾਮਲੇ ਵਿਚ ਚੌਕਸ ਰਹਿਣ ਲਈ ਉਤਸ਼ਾਹਿਤ ਕਰੀਏ। ਉਨ੍ਹਾਂ ਨੂੰ ‘ਜੁਆਨੀ ਦੀਆਂ ਕਾਮਨਾਂ ਤੋਂ ਭੱਜਣਾ’ ਚਾਹੀਦਾ ਹੈ, ‘ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੁ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਧਰਮ, ਨਿਹਚਾ, ਪ੍ਰੇਮ ਅਤੇ ਮਿਲਾਪ ਦੇ ਮਗਰ ਲੱਗਣਾ’ ਚਾਹੀਦਾ ਹੈ। (2 ਤਿਮੋਥਿਉਸ 2:20-22) ਜੇਕਰ ਪਰਿਵਾਰ ਦੇ ਮੈਂਬਰ ਮਿਲ ਕੇ ‘ਇੱਕ ਦੂਏ ਦੀ ਉੱਨਤੀ ਕਰਨ’ ਦਾ ਜਤਨ ਕਰਨ, ਤਾਂ ਇਹ ਸਾਡੇ ਨੌਜਵਾਨਾਂ ਨੂੰ ਵਧੀਆ ਤਰੀਕੇ ਨਾਲ ਢਾਲ਼ਣ ਵਿਚ ਬਹੁਤ ਲਾਹੇਵੰਦ ਸਿੱਧ ਹੋ ਸਕਦਾ ਹੈ। (1 ਥੱਸਲੁਨੀਕੀਆਂ 5:11; ਕਹਾਉਤਾਂ 22:6) ਰੋਜ਼ਾਨਾ ਬਾਈਬਲ ਪੜ੍ਹਨਾ, ਅਤੇ ਸੋਸਾਇਟੀ ਦੇ ਢੁਕਵੇਂ ਪ੍ਰਕਾਸ਼ਨਾਂ ਵਿੱਚੋਂ ਬਾਈਬਲ ਅਧਿਐਨ ਕਰਨਾ, ਇਸ ਵਿਚ ਕਾਫ਼ੀ ਮਦਦ ਕਰ ਸਕਦਾ ਹੈ।

ਸਾਰੇ ਢਾਲ਼ੇ ਜਾਂਦੇ ਹਨ

17. ਤਾੜਨਾ ਸਾਨੂੰ ਕਿਵੇਂ ਢਾਲ਼ੇਗੀ, ਅਤੇ ਉਸ ਦਾ ਕੀ ਆਨੰਦਦਾਇਕ ਨਤੀਜਾ ਨਿਕਲੇਗਾ?

17 ਸਾਨੂੰ ਢਾਲ਼ਣ ਵਾਸਤੇ, ਯਹੋਵਾਹ ਆਪਣੇ ਬਚਨ ਅਤੇ ਆਪਣੇ ਸੰਗਠਨ ਦੁਆਰਾ ਸਲਾਹ ਦਿੰਦਾ ਹੈ। ਇਸ ਈਸ਼ਵਰੀ ਸਲਾਹ ਨੂੰ ਕਦੇ ਰੱਦ ਨਾ ਕਰੋ! ਬੁੱਧੀਮਤਾ ਨਾਲ ਇਸ ਵੱਲ ਧਿਆਨ ਦਿਓ, ਅਤੇ ਇਸ ਅਨੁਸਾਰ ਆਪਣੇ ਆਪ ਨੂੰ ਢਾਲ਼ੋ ਤਾਂਕਿ ਯਹੋਵਾਹ ਤੁਹਾਨੂੰ ਆਦਰ ਦੇ ਕੰਮ ਲਈ ਇਸਤੇਮਾਲ ਕਰ ਸਕੇ। ਕਹਾਉਤਾਂ 3:11, 12 ਸਲਾਹ ਦਿੰਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ, ਕਿਉਂ ਜੋ ਯਹੋਵਾਹ ਓਸੇ ਨੂੰ ਤਾੜਦਾ ਹੈ ਜਿਹ ਦੇ ਨਾਲ ਪਿਆਰ ਕਰਦਾ ਹੈ, ਜਿਵੇਂ ਪਿਉ ਉਸ ਪੁੱਤ੍ਰ ਨੂੰ ਜਿਸ ਤੋਂ ਉਹ ਪਰਸੰਨ ਹੈ।” ਇਸ ਤੋਂ ਇਲਾਵਾ, ਇਕ ਹੋਰ ਪ੍ਰੇਮਮਈ ਸਲਾਹ ਇਬਰਾਨੀਆਂ 12:6-11 ਵਿਚ ਦਿੱਤੀ ਗਈ ਹੈ: “ਪ੍ਰਭੂ ਜਿਹ ਦੇ ਨਾਲ ਪਿਆਰ ਕਰਦਾ ਹੈ, ਉਹ ਨੂੰ ਤਾੜਦਾ ਹੈ . . . ਸਾਰੀ ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” ਇਸ ਤਰ੍ਹਾਂ ਦੀ ਤਾੜਨਾ ਦਾ ਮੁੱਖ ਸ੍ਰੋਤ, ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੋਣਾ ਚਾਹੀਦਾ ਹੈ।—2 ਤਿਮੋਥਿਉਸ 3:16, 17.

18. ਲੂਕਾ ਅਧਿਆਇ 15 ਵਿਚ, ਅਸੀਂ ਤੋਬਾ ਕਰਨ ਬਾਰੇ ਕਿਹੜੀ ਗੱਲ ਸਿੱਖ ਸਕਦੇ ਹਾਂ?

18 ਯਹੋਵਾਹ ਦਿਆਲੂ ਵੀ ਹੈ। (ਕੂਚ 34:6) ਜਿੱਥੇ ਦਿਲੋਂ ਤੋਬਾ ਕੀਤੀ ਜਾਂਦੀ ਹੈ, ਉੱਥੇ ਗੰਭੀਰ ਪਾਪ ਹੋਣ ਦੇ ਬਾਵਜੂਦ ਵੀ ਪਰਮੇਸ਼ੁਰ ਮਾਫ਼ੀ ਦਿੰਦਾ ਹੈ। ਇੱਥੋਂ ਤਕ ਕਿ ਸਾਡੇ ਦਿਨਾਂ ਦੇ ‘ਉਜਾੜੂ ਪੁੱਤਰ’ ਵੀ ਆਦਰ ਦੇ ਕੰਮ ਲਈ ਵਰਤੇ ਜਾਣ ਵਾਲੇ ਭਾਂਡਿਆਂ ਦੇ ਰੂਪ ਵਿਚ ਢਾਲ਼ੇ ਜਾ ਸਕਦੇ ਹਨ। (ਲੂਕਾ 15:22-24, 32) ਸ਼ਾਇਦ ਸਾਡੇ ਪਾਪ ਉਸ ਉਜਾੜੂ ਪੁੱਤਰ ਦੇ ਪਾਪ ਜਿੰਨੇ ਗੰਭੀਰ ਨਾ ਹੋਣ। ਪਰ ਜੇਕਰ ਅਸੀਂ ਬਾਈਬਲ ਦੀ ਸਲਾਹ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਰਹਾਂਗੇ, ਤਾਂ ਅਸੀਂ ਆਦਰ ਦੇ ਕੰਮ ਲਈ ਵਰਤੇ ਜਾਣ ਵਾਲੇ ਭਾਂਡਿਆਂ ਦੇ ਰੂਪ ਵਿਚ ਢਲ਼ਦੇ ਜਾਵਾਂਗੇ।

19. ਅਸੀਂ ਯਹੋਵਾਹ ਦੇ ਹੱਥਾਂ ਵਿਚ ਆਦਰਯੋਗ ਭਾਂਡਿਆਂ ਦੇ ਤੌਰ ਤੇ ਸੇਵਾ ਕਰਨੀ ਕਿਵੇਂ ਜਾਰੀ ਰੱਖ ਸਕਦੇ ਹਾਂ?

19 ਜਦੋਂ ਅਸੀਂ ਪਹਿਲਾਂ-ਪਹਿਲ ਸੱਚਾਈ ਸਿੱਖੀ ਸੀ, ਤਾਂ ਅਸੀਂ ਯਹੋਵਾਹ ਦੇ ਹੱਥੋਂ ਢਾਲ਼ੇ ਜਾਣ ਲਈ ਰਜ਼ਾਮੰਦ ਸੀ। ਅਸੀਂ ਦੁਨਿਆਵੀ ਤੌਰ-ਤਰੀਕਿਆਂ ਨੂੰ ਤਿਆਗ ਦਿੱਤਾ, ਨਵੀਂ ਇਨਸਾਨੀਅਤ ਨੂੰ ਪਹਿਨਣ ਲੱਗ ਪਏ, ਅਤੇ ਸਮਰਪਿਤ ਤੇ ਬਪਤਿਸਮਾ-ਪ੍ਰਾਪਤ ਮਸੀਹੀ ਬਣ ਗਏ। ਅਸੀਂ ਅਫ਼ਸੀਆਂ 4:20-24 ਦੀ ਸਲਾਹ ਨੂੰ ਮੰਨਦੇ ਹੋਏ ‘ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟਿਆ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਸੀ। ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।’ ਆਓ ਅਸੀਂ ਵਿਅਕਤੀਗਤ ਤੌਰ ਤੇ ਮਹਾਨ ਘੁਮਿਆਰ, ਯਹੋਵਾਹ ਦੇ ਹੱਥਾਂ ਵਿਚ ਹਮੇਸ਼ਾ ਨਰਮ ਮਿੱਟੀ ਵਰਗੇ ਸਿੱਧ ਹੋਈਏ, ਅਤੇ ਹਮੇਸ਼ਾ ਆਦਰ ਦੇ ਕੰਮ ਲਈ ਤਿਆਰ ਕੀਤੇ ਹੋਏ ਭਾਂਡਿਆਂ ਦੇ ਤੌਰ ਤੇ ਸੇਵਾ ਕਰਦੇ ਰਹੀਏ!

ਪੁਨਰ-ਵਿਚਾਰ ਵਜੋਂ

◻ ਸਾਡੀ ਧਰਤੀ ਲਈ ਮਹਾਨ ਘੁਮਿਆਰ ਦਾ ਕੀ ਉਦੇਸ਼ ਹੈ?

◻ ਤੁਸੀਂ ਆਦਰਯੋਗ ਕੰਮ ਲਈ ਕਿਵੇਂ ਢਾਲ਼ੇ ਜਾ ਸਕਦੇ ਹੋ?

◻ ਸਾਡੇ ਬੱਚੇ ਕਿਸ ਤਰੀਕੇ ਨਾਲ ਢਾਲ਼ੇ ਜਾ ਸਕਦੇ ਹਨ?

◻ ਤਾੜਨਾ ਪ੍ਰਤੀ ਸਾਡਾ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ ਹੈ?

[ਸਫ਼ੇ 10 ਉੱਤੇ ਤਸਵੀਰ]

ਕੀ ਤੁਸੀਂ ਆਦਰਯੋਗ ਭਾਂਡੇ ਦੇ ਰੂਪ ਵਿਚ ਢਾਲ਼ੇ ਜਾਓਗੇ ਜਾਂ ਫਿਰ ਨਕਾਰੇ ਜਾਓਗੇ?

[ਸਫ਼ੇ 12 ਉੱਤੇ ਤਸਵੀਰ]

ਬੱਚੇ ਛੋਟੀ ਉਮਰ ਤੋਂ ਹੀ ਢਾਲ਼ੇ ਜਾ ਸਕਦੇ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ