ਮਿੱਟੀ ਦਿਆਂ ਭਾਂਡਿਆਂ ਵਿਚ ਸਾਡਾ ਖ਼ਜ਼ਾਨਾ
“ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ [“ਮਹਾ-ਸ਼ਕਤੀ,” “ਪਵਿੱਤਰ ਬਾਈਬਲ ਨਵਾਂ ਅਨੁਵਾਦ”] ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ।”—2 ਕੁਰਿੰਥੀਆਂ 4:7.
1. ਯਿਸੂ ਦੀ ਉਦਾਹਰਣ ਤੋਂ ਸਾਨੂੰ ਕੀ ਉਤਸ਼ਾਹ ਮਿਲਣਾ ਚਾਹੀਦਾ ਹੈ?
ਜਦੋਂ ਯਿਸੂ ਧਰਤੀ ਉੱਤੇ ਯਹੋਵਾਹ ਦੁਆਰਾ ਢਾਲ਼ਿਆ ਜਾ ਰਿਹਾ ਸੀ, ਤਾਂ ਉਸ ਨੇ ਨਿੱਜੀ ਤੌਰ ਤੇ ਮਨੁੱਖਜਾਤੀ ਦੀਆਂ ਦੁਰਬਲਤਾਈਆਂ ਨੂੰ ਅਨੁਭਵ ਕੀਤਾ। ਉਸ ਦੀ ਵਫ਼ਾਦਾਰੀ ਦੀ ਉਦਾਹਰਣ ਤੋਂ ਸਾਨੂੰ ਕਿੰਨਾ ਉਤਸ਼ਾਹਿਤ ਹੋਣਾ ਚਾਹੀਦਾ ਹੈ! ਪਤਰਸ ਰਸੂਲ ਸਾਨੂੰ ਦੱਸਦਾ ਹੈ: “ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਇਸ ਤਰ੍ਹਾਂ ਢਾਲ਼ੇ ਜਾਣ ਤੇ, ਯਿਸੂ ਨੇ ਸੰਸਾਰ ਦੇ ਉੱਤੇ ਜਿੱਤ ਪ੍ਰਾਪਤ ਕੀਤੀ। ਉਸ ਨੇ ਆਪਣੇ ਚੇਲਿਆਂ ਨੂੰ ਵੀ ਜੇਤੂ ਹੋਣ ਲਈ ਹਿੰਮਤ ਦਿੱਤੀ। (ਰਸੂਲਾਂ ਦੇ ਕਰਤੱਬ 4:13, 31; 9:27, 28; 14:3; 19:8) ਅਤੇ ਉਨ੍ਹਾਂ ਨਾਲ ਆਪਣੀ ਆਖ਼ਰੀ ਗੱਲ-ਬਾਤ ਦੇ ਅੰਤ ਵਿਚ, ਉਸ ਨੇ ਉਨ੍ਹਾਂ ਨੂੰ ਕਿੰਨਾ ਵੱਡਾ ਉਤਸ਼ਾਹ ਦਿੱਤਾ! ਉਸ ਨੇ ਕਿਹਾ: “ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।”—ਯੂਹੰਨਾ 16:33.
2. ਸੰਸਾਰ ਦੇ ਅੰਨ੍ਹੇਪਣ ਤੋਂ ਉਲਟ ਸਾਡੇ ਕੋਲ ਕਿਹੜਾ ਚਾਨਣ ਹੈ?
2 ਇਸੇ ਤਰ੍ਹਾਂ, “ਇਸ ਜੁੱਗ ਦੇ ਈਸ਼ੁਰ” ਦੁਆਰਾ ਲਿਆਂਦੇ ਗਏ ਅੰਨ੍ਹੇਪਣ ਦੀ ਤੁਲਨਾ “ਤੇਜ ਦੀ ਖੁਸ਼ ਖਬਰੀ ਦੇ ਚਾਨਣ” ਨਾਲ ਕਰਨ ਤੋਂ ਬਾਅਦ, ਪੌਲੁਸ ਰਸੂਲ ਨੇ ਸਾਡੀ ਅਨਮੋਲ ਸੇਵਕਾਈ ਬਾਰੇ ਕਿਹਾ: “ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ [“ਮਹਾ-ਸ਼ਕਤੀ,” ਨਵਾਂ ਅਨੁਵਾਦ] ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ। ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਦੁਬਧਾ ਵਿੱਚ ਹਾਂ ਪਰ ਹੱਦੋਂ ਵਧ ਨਹੀਂ। ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ।” (2 ਕੁਰਿੰਥੀਆਂ 4:4, 7-9) ਚਾਹੇ ਅਸੀਂ ਕਮਜ਼ੋਰ ‘ਮਿੱਟੀ ਦੇ ਭਾਂਡੇ’ ਹਾਂ, ਪਰਮੇਸ਼ੁਰ ਨੇ ਸਾਨੂੰ ਆਪਣੀ ਆਤਮਾ ਦੁਆਰਾ ਇਸ ਤਰੀਕੇ ਨਾਲ ਢਾਲ਼ਿਆ ਹੈ ਕਿ ਅਸੀਂ ਸ਼ਤਾਨ ਦੇ ਸੰਸਾਰ ਉੱਤੇ ਪੂਰੀ ਤਰ੍ਹਾਂ ਫਤਹ ਪਾ ਸਕਦੇ ਹਾਂ।—ਰੋਮੀਆਂ 8:35-39; 1 ਕੁਰਿੰਥੀਆਂ 15:57.
ਪੁਰਾਣੇ ਇਸਰਾਏਲ ਨੂੰ ਢਾਲ਼ਿਆ ਗਿਆ
3. ਯਹੂਦੀ ਕੌਮ ਦੇ ਢਾਲ਼ੇ ਜਾਣ ਬਾਰੇ ਯਸਾਯਾਹ ਨੇ ਕਿਵੇਂ ਵਰਣਨ ਕੀਤਾ?
3 ਯਹੋਵਾਹ ਸਿਰਫ਼ ਵਿਅਕਤੀਆਂ ਨੂੰ ਹੀ ਨਹੀਂ, ਸਗੋਂ ਪੂਰੀਆਂ ਕੌਮਾਂ ਨੂੰ ਵੀ ਢਾਲ਼ਦਾ ਹੈ। ਉਦਾਹਰਣ ਲਈ, ਜਦੋਂ ਪ੍ਰਾਚੀਨ ਇਸਰਾਏਲ ਨੇ ਯਹੋਵਾਹ ਦੁਆਰਾ ਆਪਣੇ ਆਪ ਨੂੰ ਢਲ਼ਣ ਦਿੱਤਾ ਤਾਂ ਉਹ ਕੌਮ ਵਧੀ-ਫੁੱਲੀ। ਪਰ ਅਖ਼ੀਰ ਵਿਚ ਇਹ ਕੌਮ ਢੀਠ ਹੋ ਕੇ ਅਣਆਗਿਆਕਾਰੀ ਦੇ ਰਾਹ ਤੇ ਤੁਰਨ ਲੱਗ ਪਈ। ਨਤੀਜੇ ਵਜੋਂ, ਇਸਰਾਏਲ ਦਾ ਸਿਰਜਣਹਾਰ ਉਨ੍ਹਾਂ ਉੱਤੇ “ਹਾਇ” ਲਿਆਇਆ। (ਯਸਾਯਾਹ 45:9) ਅੱਠਵੀਂ ਸਦੀ ਸਾ.ਯੁ.ਪੂ. ਵਿਚ, ਯਸਾਯਾਹ ਨੇ ਇਸਰਾਏਲ ਦੇ ਘੋਰ ਪਾਪ ਬਾਰੇ ਗੱਲ ਕਰਦੇ ਹੋਏ ਯਹੋਵਾਹ ਨੂੰ ਕਿਹਾ: “ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ। . . . ਸਾਡੇ ਸਭ ਮਨ ਭਾਉਂਦੇ ਅਸਥਾਨ ਬਰਬਾਦ ਹੋ ਗਏ।” (ਯਸਾਯਾਹ 64:8-11) ਇਸਰਾਏਲ ਇਹੋ ਜਿਹੇ ਭਾਂਡੇ ਦੇ ਰੂਪ ਵਿਚ ਢਲ਼ ਗਿਆ ਸੀ ਜੋ ਸਿਰਫ਼ ਨਾਸ਼ ਕਰਨ ਦੇ ਹੀ ਯੋਗ ਸੀ।
4. ਯਿਰਮਿਯਾਹ ਦੁਆਰਾ ਕਿਹੜਾ ਦ੍ਰਿਸ਼ਟਾਂਤ ਪੇਸ਼ ਕੀਤਾ ਗਿਆ ਸੀ?
4 ਇਕ ਸਦੀ ਬਾਅਦ, ਜਦੋਂ ਲੇਖੇ ਦਾ ਦਿਨ ਨੇੜੇ ਸੀ, ਤਾਂ ਯਹੋਵਾਹ ਨੇ ਯਿਰਮਿਯਾਹ ਨੂੰ ਕਿਹਾ ਕਿ ਤੂੰ ਇਕ ਮਿੱਟੀ ਦੀ ਸੁਰਾਹੀ ਲੈ, ਅਤੇ ਯਰੂਸ਼ਲਮ ਦੇ ਕੁਝ ਬਜ਼ੁਰਗਾਂ ਨੂੰ ਨਾਲ ਲੈ ਕੇ ਹਿੰਨੋਮ ਦੀ ਵਾਦੀ ਵਿਚ ਜਾ। ਫਿਰ ਯਹੋਵਾਹ ਨੇ ਉਸ ਨੂੰ ਇਹ ਨਿਰਦੇਸ਼ ਦਿੱਤਾ: “ਤੂੰ ਓਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਸੁਰਾਹੀ ਨੂੰ ਭੰਨ ਸੁੱਟੀਂ। ਤੂੰ ਓਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ,—ਏਵੇਂ ਹੀ ਮੈਂ ਏਸ ਪਰਜਾ ਨੂੰ ਅਤੇ ਏਸ ਸ਼ਹਿਰ ਨੂੰ ਭੰਨ ਸੁੱਟਾਂਗਾ ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਭੰਨ ਦਿੰਦਾ ਹੈ, ਜਿਹੜਾ ਫੇਰ ਸਾਬਤ ਨਹੀਂ ਹੋ ਸੱਕਦਾ।”—ਯਿਰਮਿਯਾਹ 19:10, 11.
5. ਇਸਰਾਏਲ ਨੂੰ ਯਹੋਵਾਹ ਨੇ ਕਿੰਨੀ ਵੱਡੀ ਸਜ਼ਾ ਦਿੱਤੀ?
5 ਨਬੂਕਦਨੱਸਰ ਨੇ 607 ਸਾ.ਯੁ.ਪੂ. ਵਿਚ, ਯਰੂਸ਼ਲਮ ਨੂੰ ਹੈਕਲ ਸਮੇਤ ਤਬਾਹ ਕਰ ਦਿੱਤਾ ਅਤੇ ਬਚੇ ਹੋਏ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਵਿਚ ਲੈ ਗਿਆ। ਪਰ 70 ਸਾਲਾਂ ਦੀ ਕੈਦ ਤੋਂ ਬਾਅਦ, ਪਸ਼ਚਾਤਾਪੀ ਯਹੂਦੀ ਆਪਣੇ ਦੇਸ਼ ਵਾਪਸ ਜਾ ਕੇ ਯਰੂਸ਼ਲਮ ਅਤੇ ਹੈਕਲ ਦੀ ਮੁੜ ਉਸਾਰੀ ਕਰਨ ਦੇ ਕਾਬਲ ਹੋਏ। (ਯਿਰਮਿਯਾਹ 25:11) ਪਰੰਤੂ, ਪਹਿਲੀ ਸਦੀ ਸਾ.ਯੁ. ਤਕ ਇਸ ਕੌਮ ਨੇ ਇਕ ਵਾਰ ਫਿਰ ਮਹਾਨ ਘੁਮਿਆਰ ਨੂੰ ਤਿਆਗ ਦਿੱਤਾ ਸੀ ਅਤੇ ਆਖ਼ਰਕਾਰ ਇਹ ਕੌਮ ਇਸ ਹੱਦ ਤਕ ਡਿੱਗ ਪਈ ਕਿ ਇਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਕਤਲ ਕਰਨ ਦਾ ਵੱਡਾ ਜੁਰਮ ਕੀਤਾ। 70 ਸਾ.ਯੁ.ਪੂ. ਵਿਚ ਪਰਮੇਸ਼ੁਰ ਨੇ ਯਹੂਦੀ ਰੀਤੀ-ਵਿਵਸਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ, ਰੋਮੀ ਵਿਸ਼ਵ ਸ਼ਕਤੀ ਨੂੰ ਇਸਤੇਮਾਲ ਕਰਦੇ ਹੋਏ ਯਰੂਸ਼ਲਮ ਅਤੇ ਇਸ ਦੀ ਹੈਕਲ ਨੂੰ ਚੂਰ-ਚੂਰ ਕਰ ਦਿੱਤਾ। ਉਸ ਤੋਂ ਬਾਅਦ ਇਸਰਾਏਲੀ ਕੌਮ ਨੂੰ ਕਦੇ ਵੀ “ਪਵਿੱਤ੍ਰ ਅਤੇ ਸ਼ਾਨਦਾਰ” ਚੀਜ਼ ਵਜੋਂ ਯਹੋਵਾਹ ਦੇ ਹੱਥੋਂ ਢਾਲ਼ਿਆ ਨਹੀਂ ਜਾਵੇਗਾ।a
ਇਕ ਅਧਿਆਤਮਿਕ ਕੌਮ ਨੂੰ ਢਾਲ਼ਣਾ
6, 7. (ੳ) ਅਧਿਆਤਮਿਕ ਇਸਰਾਏਲ ਦੇ ਢਾਲ਼ੇ ਜਾਣ ਬਾਰੇ ਪੌਲੁਸ ਨੇ ਕਿਵੇਂ ਵਰਣਨ ਕੀਤਾ? (ਅ) “ਦਯਾ ਦੇ ਭਾਂਡਿਆਂ” ਦੀ ਪੂਰੀ ਗਿਣਤੀ ਕਿੰਨੀ ਹੈ, ਅਤੇ ਇਹ ਗਿਣਤੀ ਕਿਵੇਂ ਪੂਰੀ ਕੀਤੀ ਗਈ?
6 ਯਿਸੂ ਨੂੰ ਸਵੀਕਾਰ ਕਰਨ ਵਾਲੇ ਯਹੂਦੀਆਂ ਨੂੰ ਇਕ ਨਵੀਂ ਕੌਮ, “ਪਰਮੇਸ਼ੁਰ ਦੇ [ਅਧਿਆਤਮਿਕ] ਇਸਰਾਏਲ” ਦੇ ਬੁਨਿਆਦੀ ਮੈਂਬਰਾਂ ਦੇ ਤੌਰ ਤੇ ਢਾਲ਼ਿਆ ਗਿਆ। (ਗਲਾਤੀਆਂ 6:16) ਇਸ ਲਈ, ਪੌਲੁਸ ਦੇ ਸ਼ਬਦ ਢੁਕਵੇਂ ਹਨ: ‘ਕੀ ਘੁਮਿਆਰ ਮਿੱਟੀ ਦੇ ਉੱਪਰ ਵੱਸ ਨਹੀਂ ਰੱਖਦਾ ਜੋ ਇੱਕੋ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ? ਪਰਮੇਸ਼ੁਰ ਨੇ ਇਹ ਚਾਹ ਕਰ ਕੇ ਭਈ ਆਪਣਾ ਕ੍ਰੋਧ ਵਿਖਾਲੇ ਅਤੇ ਆਪਣੀ ਸਮਰੱਥਾ ਪਰਗਟ ਕਰੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ ਵੱਡੇ ਧੀਰਜ ਨਾਲ ਸਹਾਰਿਆ। ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਪਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪਰਤਾਪ ਦਾ ਧਨ ਪਰਗਟ ਕਰੇ।’—ਰੋਮੀਆਂ 9:21-23.
7 ਪੁਨਰ-ਉਥਿਤ ਯਿਸੂ ਨੇ ਬਾਅਦ ਵਿਚ ਦੱਸਿਆ ਕਿ ‘ਦਯਾ ਦੇ ਇਨ੍ਹਾਂ ਭਾਂਡਿਆਂ’ ਦੀ ਗਿਣਤੀ 1,44,000 ਹੋਵੇਗੀ। (ਪਰਕਾਸ਼ ਦੀ ਪੋਥੀ 7:4; 14:1) ਪੈਦਾਇਸ਼ੀ ਇਸਰਾਏਲ ਵਿੱਚੋਂ ਇਹ ਗਿਣਤੀ ਪੂਰੀ ਨਾ ਹੋਣ ਕਰਕੇ ਯਹੋਵਾਹ ਨੇ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਵੀ ਆਪਣੀ ਦਇਆ ਦਿਖਾਈ। (ਰੋਮੀਆਂ 11:25, 26) ਇਹ ਨਵੀਂ-ਨਵੀਂ ਬਣੀ ਮਸੀਹੀ ਕਲੀਸਿਯਾ ਤੇਜ਼ੀ ਨਾਲ ਵਧਣ-ਫੁੱਲਣ ਲੱਗੀ। 30 ਸਾਲਾਂ ਦੇ ਵਿਚ ਹੀ ਖ਼ੁਸ਼ ਖ਼ਬਰੀ ਦਾ “ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਕੀਤਾ ਜਾ ਰਿਹਾ ਸੀ। (ਕੁਲੁੱਸੀਆਂ 1:23) ਇਸ ਕਰਕੇ ਕਈ ਥਾਵਾਂ ਤੇ ਫੈਲੀਆਂ ਹੋਈਆਂ ਸਥਾਨਕ ਕਲੀਸਿਯਾਵਾਂ ਨੂੰ ਸਹੀ ਨਿਗਰਾਨੀ ਦੇ ਅਧੀਨ ਕਰਨ ਦੀ ਲੋੜ ਪਈ।
8. ਪਹਿਲੀ ਪ੍ਰਬੰਧਕ ਸਭਾ ਕਿਨ੍ਹਾਂ ਨਾਲ ਬਣੀ ਸੀ ਅਤੇ ਬਾਅਦ ਵਿਚ ਇਸ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ?
8 ਯਿਸੂ ਨੇ ਆਪਣੇ 12 ਰਸੂਲਾਂ ਨੂੰ ਪਹਿਲੀ ਪ੍ਰਬੰਧਕ ਸਭਾ ਦੇ ਮੈਂਬਰ ਬਣਨ ਲਈ ਤਿਆਰ ਕੀਤਾ ਸੀ, ਅਤੇ ਉਨ੍ਹਾਂ ਨੂੰ ਦੂਸਰੇ ਚੇਲਿਆਂ ਸਮੇਤ ਸੇਵਕਾਈ ਲਈ ਵੀ ਸਿਖਲਾਈ ਦਿੱਤੀ ਗਈ ਸੀ। (ਲੂਕਾ 8:1; 9:1, 2; 10:1, 2) ਪੰਤੇਕੁਸਤ, 33 ਸਾ.ਯੁ. ਦੇ ਦਿਨ ਤੇ, ਮਸੀਹੀ ਕਲੀਸਿਯਾ ਸਥਾਪਿਤ ਕੀਤੀ ਗਈ, ਅਤੇ ਬਾਅਦ ਵਿਚ ਇਸ ਦੀ ਪ੍ਰਬੰਧਕ ਸਭਾ ਵਿਚ ‘ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ’ ਨੂੰ ਵੀ ਸ਼ਾਮਲ ਕਰ ਲਿਆ ਗਿਆ। ਇੰਜ ਲੱਗਦਾ ਹੈ ਕਿ ਕਾਫ਼ੀ ਸਮੇਂ ਤਕ, ਯਿਸੂ ਦੇ ਮਤਰੇਏ ਭਰਾ ਯਾਕੂਬ ਨੇ ਸਭਾਪਤੀ ਦੇ ਤੌਰ ਤੇ ਕੰਮ ਕੀਤਾ, ਭਾਵੇਂ ਕਿ ਉਹ ਰਸੂਲ ਨਹੀਂ ਸੀ। (ਰਸੂਲਾਂ ਦੇ ਕਰਤੱਬ 12:17; 15:2, 6, 13; 21:18) ਇਤਿਹਾਸਕਾਰ ਯੂਸੀਬੀਅਸ ਦੇ ਅਨੁਸਾਰ, ਰਸੂਲ ਸਤਾਹਟ ਦਾ ਖ਼ਾਸ ਨਿਸ਼ਾਨਾ ਬਣ ਗਏ ਸਨ ਅਤੇ ਇਸ ਕਰਕੇ ਉਹ ਦੂਸਰੇ ਖੇਤਰਾਂ ਵਿਚ ਤਿੱਤਰ-ਬਿੱਤਰ ਹੋ ਗਏ। ਇਸ ਕਰਕੇ ਪ੍ਰਬੰਧਕ ਸਭਾ ਵਿਚ ਫਿਰ ਤਬਦੀਲੀਆਂ ਕੀਤੀਆਂ ਗਈਆਂ।
9. ਯਿਸੂ ਨੇ ਕਿਸ ਅਫ਼ਸੋਸਨਾਕ ਸਥਿਤੀ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ?
9 ਪਹਿਲੀ ਸਦੀ ਦੇ ਅੰਤ ਤਕ, ‘ਵੈਰੀ, ਸ਼ਤਾਨ’ ਨੇ ‘ਸੁਰਗ ਦੇ ਰਾਜ’ ਦੇ ਕਣਕ ਵਰਗੇ ਵਾਰਸਾਂ ਵਿਚ ‘ਜੰਗਲੀ ਬੂਟੀ ਬੀਜਣੀ’ ਸ਼ੁਰੂ ਕਰ ਦਿੱਤੀ। ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਅਫ਼ਸੋਸਨਾਕ ਸਥਿਤੀ ਨੂੰ ਜਾਰੀ ਰਹਿਣ ਦੀ ਇਜਾਜ਼ਤ “ਜੁਗ ਦੇ ਅੰਤ ਦੇ ਸਮੇ” ਵਿਚ ਵਾਢੀ ਦੇ ਵੇਲੇ ਤਕ ਦਿੱਤੀ ਜਾਵੇਗੀ। “ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ” ਫਿਰ ਤੋਂ “ਸੂਰਜ ਵਾਂਙੁ ਚਮਕਣਗੇ।” (ਮੱਤੀ 13:24, 25, 37-43) ਇਹ ਕਦੋਂ ਹੋਵੇਗਾ?
ਅੱਜ ਪਰਮੇਸ਼ੁਰ ਦੇ ਇਸਰਾਏਲ ਨੂੰ ਢਾਲ਼ਣਾ
10, 11. (ੳ) ਆਧੁਨਿਕ ਦਿਨਾਂ ਵਿਚ ਪਰਮੇਸ਼ੁਰ ਦੇ ਇਸਰਾਏਲ ਨੂੰ ਢਾਲ਼ਣ ਦਾ ਕੰਮ ਕਿਵੇਂ ਸ਼ੁਰੂ ਹੋਇਆ? (ਅ) ਈਸਾਈ-ਜਗਤ ਅਤੇ ਜੋਸ਼ੀਲੇ ਬਾਈਬਲ ਸਟੂਡੈਂਟਸ ਵਿਚ ਕਿਹੜੀਆਂ ਵੱਖਰੀਆਂ-ਵੱਖਰੀਆਂ ਸਿੱਖਿਆਵਾਂ ਪਾਈਆਂ ਗਈਆਂ ਸਨ?
10 ਸਾਲ 1870 ਵਿਚ ਚਾਰਲਸ ਟੇਜ਼ ਰਸਲ ਨੇ ਅਮਰੀਕਾ ਵਿਚ ਪਿਟੱਸਬਰਗ, ਪੈਨਸਿਲਵੇਨੀਆ ਵਿਖੇ ਬਾਈਬਲ ਦਾ ਅਧਿਐਨ ਕਰਨ ਲਈ ਇਕ ਗਰੁੱਪ ਬਣਾਇਆ। 1879 ਵਿਚ ਉਸ ਨੇ ਇਕ ਮਹੀਨਾਵਾਰ ਰਸਾਲਾ ਛਾਪਣਾ ਸ਼ੁਰੂ ਕੀਤਾ, ਜਿਹੜਾ ਅੱਜ-ਕੱਲ੍ਹ ਪਹਿਰਾਬੁਰਜ ਕਹਾਉਂਦਾ ਹੈ। ਇਨ੍ਹਾਂ ਬਾਈਬਲ ਸਟੂਡੈਂਟਸ ਨੇ, ਜੋ ਉਸ ਵੇਲੇ ਇਸੇ ਨਾਂ ਤੋਂ ਜਾਣੇ ਜਾਂਦੇ ਸਨ, ਜਲਦੀ ਹੀ ਇਹ ਸਮਝ ਲਿਆ ਕਿ ਈਸਾਈ-ਜਗਤ ਨੇ ਸ਼ਾਸਤਰ ਵਿਰੋਧੀ ਗ਼ੈਰ-ਮਸੀਹੀ ਸਿੱਖਿਆਵਾਂ ਨੂੰ ਅਪਣਾਇਆ ਹੋਇਆ ਸੀ, ਜਿਵੇਂ ਕਿ ਆਤਮਾ ਦੀ ਅਮਰਤਾ, ਨਰਕ ਦੀ ਅੱਗ, ਸੋਧਨ-ਸਥਾਨ, ਇਕ ਤ੍ਰਿਏਕੀ ਈਸ਼ਵਰ ਅਤੇ ਬੱਚਿਆਂ ਦਾ ਬਪਤਿਸਮਾ।
11 ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਸੀ ਕਿ ਬਾਈਬਲ ਦੀ ਸੱਚਾਈ ਦੇ ਇਨ੍ਹਾਂ ਪ੍ਰੇਮੀਆਂ ਨੇ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦੀ ਸਿੱਖਿਆ ਦਿੱਤੀ, ਜਿਵੇਂ ਕਿ ਯਿਸੂ ਦੀ ਰਿਹਾਈ-ਕੀਮਤ ਬਲੀਦਾਨ ਦੁਆਰਾ ਮੁਕਤੀ ਦੀ ਸਿੱਖਿਆ ਅਤੇ ਪਰਮੇਸ਼ੁਰ ਦੇ ਰਾਜ ਅਧੀਨ ਫਿਰਦੌਸ ਵਰਗੀ ਸ਼ਾਂਤੀਪੂਰਣ ਧਰਤੀ ਉੱਤੇ ਸਦੀਪਕ ਜੀਵਨ ਹਾਸਲ ਕਰਨ ਲਈ ਲੋਕਾਂ ਦੇ ਪੁਨਰ-ਉਥਾਨ ਦੀ ਸਿੱਖਿਆ। ਇਸ ਤੋਂ ਵੀ ਵੱਧ, ਪੂਰੇ ਵਿਸ਼ਵ ਦੇ ਸਰਬਸੱਤਾਵਾਨ ਪ੍ਰਭੂ ਵਜੋਂ, ਯਹੋਵਾਹ ਪਰਮੇਸ਼ੁਰ ਦੇ ਨਿਕਟ ਭਵਿੱਖ ਵਿਚ ਹੋਣ ਵਾਲੇ ਦੋਸ਼-ਨਿਵਾਰਣ ਉੱਤੇ ਜ਼ੋਰ ਦਿੱਤਾ ਗਿਆ ਸੀ। ਬਾਈਬਲ ਸਟੂਡੈਂਟਸ ਇਹ ਵਿਸ਼ਵਾਸ ਕਰਦੇ ਸਨ ਕਿ ਪ੍ਰਭੂ ਦੀ ਇਸ ਪ੍ਰਾਰਥਨਾ ਦਾ ਜਵਾਬ ਜਲਦੀ ਹੀ ਮਿਲਣ ਵਾਲਾ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਉਨ੍ਹਾਂ ਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੁਆਰਾ ਸ਼ਾਂਤੀ-ਪਸੰਦ ਮਸੀਹੀਆਂ ਦੇ ਵਿਸ਼ਵ-ਵਿਆਪੀ ਸੰਗਠਨ ਵਿਚ ਢਾਲ਼ਿਆ ਜਾ ਰਿਹਾ ਸੀ।
12. ਬਾਈਬਲ ਸਟੂਡੈਂਟਸ ਨੇ ਇਕ ਮਹੱਤਵਪੂਰਣ ਤਾਰੀਖ਼ ਬਾਰੇ ਕਿਵੇਂ ਜਾਣਿਆ?
12 ਦਾਨੀਏਲ ਦੇ ਚੌਥੇ ਅਧਿਆਇ ਅਤੇ ਦੂਸਰੀਆਂ ਹੋਰ ਭਵਿੱਖਬਾਣੀਆਂ ਦੀ ਡੂੰਘੀ ਜਾਂਚ ਕਰਨ ਤੇ, ਬਾਈਬਲ ਸਟੂਡੈਂਟਸ ਇਸ ਗੱਲ ਨਾਲ ਕਾਇਲ ਹੋ ਗਏ ਕਿ ਬਹੁਤ ਜਲਦੀ ਯਿਸੂ ਇਕ ਮਸੀਹਾਈ ਰਾਜੇ ਦੇ ਤੌਰ ਤੇ ਮੌਜੂਦ ਹੋਵੇਗਾ। ਉਨ੍ਹਾਂ ਨੇ ਇਹ ਜਾਣਿਆ ਕਿ 1914 ਵਿਚ ‘ਪਰਾਈਆਂ ਕੌਮਾਂ ਦਾ ਸਮਾਂ’ ਪੂਰਾ ਹੋਵੇਗਾ। (ਲੂਕਾ 21:24; ਹਿਜ਼ਕੀਏਲ 21:26, 27) ਬਾਈਬਲ ਸਟੂਡੈਂਟਸ ਨੇ ਆਪਣੀਆਂ ਸਰਗਰਮੀਆਂ ਨੂੰ ਤੇਜ਼ੀ ਨਾਲ ਵਧਾਇਆ ਅਤੇ ਪੂਰੇ ਸੰਯੁਕਤ ਰਾਜ ਅਮਰੀਕਾ ਵਿਚ ਬਾਈਬਲ ਕਲਾਸਾਂ (ਜਿਨ੍ਹਾਂ ਨੂੰ ਬਾਅਦ ਵਿਚ ਕਲੀਸਿਯਾਵਾਂ ਕਿਹਾ ਜਾਣ ਲੱਗਾ) ਸ਼ੁਰੂ ਕੀਤੀਆਂ। ਇਸ ਸਦੀ ਦੇ ਸ਼ੁਰੂ ਹੋਣ ਤੇ, ਉਨ੍ਹਾਂ ਦਾ ਬਾਈਬਲ ਸਿੱਖਿਆ ਦੇਣ ਦਾ ਕੰਮ ਯੂਰਪ, ਆਸਟ੍ਰੇਲੀਆ ਅਤੇ ਇਸ ਦੇ ਆਲੇ-ਦੁਆਲੇ ਦੇ ਟਾਪੂਆਂ ਵਿਚ ਫੈਲ ਚੁੱਕਾ ਸੀ। ਇਸ ਲਈ ਹੁਣ ਇਕ ਚੰਗੀ ਵਿਵਸਥਾ ਦੀ ਜ਼ਰੂਰਤ ਸੀ।
13. ਬਾਈਬਲ ਸਟੂਡੈਂਟਸ ਨੇ ਕਿਹੜਾ ਕਾਨੂੰਨੀ ਰੁਤਬਾ ਪ੍ਰਾਪਤ ਕੀਤਾ, ਅਤੇ ਸੋਸਾਇਟੀ ਦੇ ਪਹਿਲੇ ਪ੍ਰਧਾਨ ਨੇ ਕਿਹੜੀਆਂ ਮੁੱਖ ਸੇਵਾਵਾਂ ਦਿੱਤੀਆਂ?
13 ਬਾਈਬਲ ਸਟੂਡੈਂਟਸ ਨੂੰ ਕਾਨੂੰਨੀ ਰੁਤਬਾ ਦੇਣ ਲਈ, 1884 ਵਿਚ ਸੰਯੁਕਤ ਰਾਜ ਅਮਰੀਕਾ ਵਿਚ ਜ਼ਾਯੰਸ ਵਾਚ ਟਾਵਰ ਸੋਸਾਇਟੀ ਸਥਾਪਿਤ ਕੀਤੀ ਗਈ। ਇਸ ਦਾ ਮੁੱਖ-ਦਫ਼ਤਰ ਪਿਟੱਸਬਰਗ, ਪੈਨਸਿਲਵੇਨੀਆ ਵਿਚ ਸੀ। ਇਸ ਦੇ ਡਾਇਰੈਕਟਰ ਪ੍ਰਬੰਧਕ ਸਭਾ ਵਜੋਂ ਸੇਵਾ ਕਰਦੇ ਸਨ ਅਤੇ ਪਰਮੇਸ਼ੁਰ ਦੇ ਰਾਜ ਦੇ ਵਿਸ਼ਵ-ਵਿਆਪੀ ਪ੍ਰਚਾਰ ਕੰਮ ਦੀ ਦੇਖ-ਰੇਖ ਕਰਦੇ ਸਨ। ਸੋਸਾਇਟੀ ਦੇ ਪਹਿਲੇ ਪ੍ਰਧਾਨ, ਚਾਰਲਸ ਟੀ. ਰਸਲ ਨੇ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਦੇ ਛੇ ਖੰਡ ਲਿਖੇ ਅਤੇ ਪ੍ਰਚਾਰ ਕਰਨ ਦੇ ਉਦੇਸ਼ ਨਾਲ ਦੂਰ-ਦੂਰ ਤਕ ਸਫ਼ਰ ਕੀਤਾ। ਉਨ੍ਹਾਂ ਨੇ ਆਪਣੀ ਸਾਰੀ ਧਨ-ਦੌਲਤ, ਜੋ ਉਨ੍ਹਾਂ ਨੇ ਬਾਈਬਲ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਇਕੱਠੀ ਕੀਤੀ ਸੀ, ਵਿਸ਼ਵ-ਵਿਆਪੀ ਪ੍ਰਚਾਰ ਦੇ ਕੰਮ ਲਈ ਦਾਨ ਕਰ ਦਿੱਤੀ। ਸਾਲ 1916 ਵਿਚ, ਜਦੋਂ ਯੂਰਪ ਵਿਚ ਮਹਾਂ-ਯੁੱਧ ਜ਼ੋਰ ਫੜ ਰਿਹਾ ਸੀ, ਇਕ ਪ੍ਰਚਾਰ ਸੰਬੰਧੀ ਯਾਤਰਾ ਕਰਦੇ ਸਮੇਂ, ਬੀਮਾਰ ਭਰਾ ਰਸਲ ਦੀ ਮੌਤ ਹੋ ਗਈ। ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਸੰਬੰਧੀ ਗਵਾਹੀ ਦੇਣ ਦੇ ਕੰਮ ਨੂੰ ਫੈਲਾਉਣ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ।
14. ਜੇ. ਐੱਫ਼. ਰਦਰਫ਼ਰਡ ਨੇ ਕਿਸ ਤਰੀਕੇ ਨਾਲ ‘ਅੱਛੀ ਲੜਾਈ ਲੜੀ’? (2 ਤਿਮੋਥਿਉਸ 4:7)
14 ਜੋਸਫ਼ ਐੱਫ਼. ਰਦਰਫ਼ਰਡ, ਜਿਨ੍ਹਾਂ ਨੇ ਮਿਸੂਰੀ ਸ਼ਹਿਰ ਵਿਚ ਕੁਝ ਸਮੇਂ ਲਈ ਜੱਜ ਦਾ ਕੰਮ ਕੀਤਾ ਸੀ, ਸੋਸਾਇਟੀ ਦੇ ਦੂਜੇ ਪ੍ਰਧਾਨ ਬਣੇ। ਉਹ ਬਾਈਬਲ ਦੀ ਸੱਚਾਈ ਦਾ ਨਿਡਰਤਾ ਨਾਲ ਸਮਰਥਨ ਕਰਦੇ ਸਨ, ਜਿਸ ਕਰਕੇ ਈਸਾਈ-ਜਗਤ ਦੇ ਪਾਦਰੀ “ਬਿਧੀ ਦੀ ਓਟ ਵਿੱਚ ਸ਼ਰਾਰਤ ਘੜਨ” ਲਈ ਸਿਆਸਤਦਾਨਾਂ ਨਾਲ ਰਲ ਗਏ। 21 ਜੂਨ 1918 ਨੂੰ ਭਰਾ ਰਦਰਫ਼ਰਡ ਅਤੇ ਸੱਤ ਹੋਰ ਉੱਘੇ ਬਾਈਬਲ ਸਟੂਡੈਂਟਸ ਨੂੰ ਕੈਦ ਕਰ ਲਿਆ ਗਿਆ, ਅਤੇ ਇੱਕੋ ਹੀ ਸਮੇਂ ਤੇ ਦਸ-ਦਸ ਜਾਂ ਵੀਹ-ਵੀਹ ਸਾਲਾਂ ਦੀ ਸਜ਼ਾ ਸੁਣਾਈ ਗਈ। ਬਾਈਬਲ ਸਟੂਡੈਂਟਸ ਨੇ ਮੁਕੱਦਮਾ ਲੜਿਆ। (ਜ਼ਬੂਰ 94:20; ਫ਼ਿਲਿੱਪੀਆਂ 1:7) ਅਪੀਲ ਕੀਤੇ ਜਾਣ ਤੇ 26 ਮਾਰਚ 1919 ਨੂੰ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ, ਅਤੇ ਬਾਅਦ ਵਿਚ ਉਨ੍ਹਾਂ ਨੂੰ ਰਾਜ-ਧਰੋਹ ਦੇ ਝੂਠੇ ਦੋਸ਼ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ।b ਇਸ ਅਨੁਭਵ ਨੇ ਉਨ੍ਹਾਂ ਨੂੰ ਸੱਚਾਈ ਦੇ ਪੱਕੇ ਹਿਮਾਇਤੀਆਂ ਦੇ ਤੌਰ ਤੇ ਢਾਲ਼ਿਆ। ਭਰਾਵਾਂ ਨੇ ਵੱਡੀ ਬਾਬੁਲ ਦੀ ਵਿਰੋਧਤਾ ਦੇ ਬਾਵਜੂਦ, ਯਹੋਵਾਹ ਦੀ ਮਦਦ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਸੰਬੰਧੀ ਅਧਿਆਤਮਿਕ ਲੜਾਈ ਵਿਚ ਜੇਤੂ ਰਹਿਣ ਲਈ ਕੋਈ ਕਸਰ ਬਾਕੀ ਨਾ ਛੱਡੀ। ਇਹ ਲੜਾਈ 1999 ਤਕ ਵੀ ਜਾਰੀ ਹੈ।—ਮੱਤੀ, ਅਧਿਆਇ 23; ਯੂਹੰਨਾ 8:38-47 ਦੀ ਤੁਲਨਾ ਕਰੋ।
15. ਇਤਿਹਾਸਕ ਦ੍ਰਿਸ਼ਟੀ ਤੋਂ ਸਾਲ 1931 ਮਹੱਤਵਪੂਰਣ ਕਿਉਂ ਸੀ?
15 ਉੱਨੀ ਸੌ ਵੀਹ ਅਤੇ 1930 ਦੇ ਦਹਾਕਿਆਂ ਦੌਰਾਨ, ਪਰਮੇਸ਼ੁਰ ਦੇ ਮਸਹ ਕੀਤੇ ਹੋਏ ਇਸਰਾਏਲ ਨੂੰ ਮਹਾਨ ਘੁਮਿਆਰ ਦੇ ਨਿਰਦੇਸ਼ਨ ਅਧੀਨ ਲਗਾਤਾਰ ਢਾਲ਼ਿਆ ਗਿਆ। ਸ਼ਾਸਤਰ ਤੋਂ ਸੱਚਾਈ ਦਾ ਚਾਨਣ ਚਮਕਿਆ, ਜਿਸ ਨਾਲ ਯਹੋਵਾਹ ਦੀ ਮਹਿਮਾ ਹੋਈ ਅਤੇ ਯਿਸੂ ਦੇ ਮਸੀਹਾਈ ਰਾਜ ਉੱਤੇ ਧਿਆਨ ਕੇਂਦ੍ਰਿਤ ਹੋਇਆ। 1931 ਵਿਚ ਬਾਈਬਲ ਸਟੂਡੈਂਟਸ ਨੇ ਆਪਣਾ ਨਵਾਂ ਨਾਂ ਯਹੋਵਾਹ ਦੇ ਗਵਾਹ ਕਬੂਲ ਕਰ ਕੇ ਵੱਡਾ ਆਨੰਦ ਕੀਤਾ।—ਯਸਾਯਾਹ 43:10-12; ਮੱਤੀ 6:9, 10; 24:14.
16 ਅਤੇ ਸਫ਼ੇ 19 ਦੀ ਡੱਬੀ। 1,44,000 ਦੀ ਗਿਣਤੀ ਕਦੋਂ ਪੂਰੀ ਹੋਈ, ਅਤੇ ਸਾਡੇ ਕੋਲ ਇਸ ਦਾ ਕਿਹੜਾ ਸਬੂਤ ਹੈ?
16 ਉੱਨੀ ਸੌ ਤੀਹ ਦੇ ਦਹਾਕੇ ਦੌਰਾਨ, 1,44,000 “ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਮਾਤਬਰ ਹਨ,” ਦੀ ਗਿਣਤੀ ਪੂਰੀ ਹੋ ਚੁੱਕੀ ਲੱਗਦੀ ਸੀ। (ਪਰਕਾਸ਼ ਦੀ ਪੋਥੀ 17:14; ਸਫ਼ਾ 19 ਦੀ ਡੱਬੀ ਨੂੰ ਵੇਖੋ।) ਅਸੀਂ ਨਹੀਂ ਜਾਣਦੇ ਕਿ ਪਹਿਲੀ ਸਦੀ ਵਿਚ ਕਿੰਨੇ ਮਸਹ ਕੀਤੇ ਹੋਏ ਮਸੀਹੀ ਚੁਣੇ ਗਏ ਸਨ ਅਤੇ ਈਸਾਈ-ਜਗਤ ਦੇ ਮਹਾਂ ਧਰਮ-ਤਿਆਗ ਦੀਆਂ ਹਨੇਰੀਆਂ ਸਦੀਆਂ ਦੌਰਾਨ “ਜੰਗਲੀ ਬੂਟੀ” ਵਿੱਚੋਂ ਕਿੰਨੇ ਚੁਣੇ ਗਏ ਸਨ। ਪਰ 1935 ਵਿਚ ਪੂਰੇ ਸੰਸਾਰ ਵਿਚ ਕੁੱਲ 56,153 ਪ੍ਰਕਾਸ਼ਕਾਂ ਦੇ ਸਿਖਰ ਵਿੱਚੋਂ, 52,465 ਪ੍ਰਕਾਸ਼ਕਾਂ ਨੇ ਸਮਾਰਕ ਦੇ ਪ੍ਰਤੀਕ ਲੈ ਕੇ ਆਪਣੀ ਸਵਰਗੀ ਆਸ ਦਾ ਸੰਕੇਤ ਦਿੱਤਾ। ਜਿਹੜੇ ਅਜੇ ਇਕੱਠੇ ਕੀਤੇ ਜਾਣੇ ਸਨ, ਉਨ੍ਹਾਂ ਦੇ ਭਵਿੱਖ ਬਾਰੇ ਕੀ ਕਿਹਾ ਜਾ ਸਕਦਾ ਸੀ?
‘ਵੇਖੋ! ਇਕ ਵੱਡੀ ਭੀੜ’
17. ਸਾਲ 1935 ਵਿਚ ਕਿਹੜੀ ਇਤਿਹਾਸਕ ਘਟਨਾ ਵਾਪਰੀ ਸੀ?
17 ਅਮਰੀਕਾ ਵਿਚ ਵਾਸ਼ਿੰਗਟਨ, ਡੀ.ਸੀ. ਵਿਖੇ, 30 ਮਈ ਤੋਂ 3 ਜੂਨ 1935 ਤਕ ਹੋਏ ਮਹਾਂ-ਸੰਮੇਲਨ ਵਿਚ, ਭਰਾ ਰਦਰਫ਼ਰਡ ਨੇ ਇਤਿਹਾਸ ਵਿਚ ਇਕ ਨਵਾਂ ਮੋੜ ਲਿਆਉਣ ਵਾਲਾ “ਵੱਡੀ ਭੀੜ” ਨਾਮਕ ਭਾਸ਼ਣ ਦਿੱਤਾ। ਇਸ ਸਮੂਹ “ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ” ਨੇ ਉਦੋਂ ਪ੍ਰਗਟ ਹੋਣਾ ਸੀ, ਜਦੋਂ ਅਧਿਆਤਮਿਕ ਇਸਰਾਏਲ ਦੇ 1,44,000 ਮੈਂਬਰਾਂ ਤੇ ਮੁਹਰ ਲਗਾਉਣ ਦਾ ਕੰਮ ਪੂਰਾ ਹੋਣ ਵਾਲਾ ਸੀ। ਇਹ ਵੀ “ਲੇਲੇ ਦੇ ਲਹੂ,” ਅਰਥਾਤ ਯਿਸੂ ਦੇ ਲਹੂ ਦੀ ਰਿਹਾਈ-ਸ਼ਕਤੀ ਵਿਚ ਨਿਹਚਾ ਰੱਖਣਗੇ, ਅਤੇ ਉਪਾਸਨਾ ਲਈ ਯਹੋਵਾਹ ਦੇ ਹੈਕਲ-ਰੂਪੀ ਪ੍ਰਬੰਧ ਵਿਚ ਪਵਿੱਤਰ ਸੇਵਾ ਕਰਨਗੇ। ਇਕ ਸਮੂਹ ਦੇ ਤੌਰ ਤੇ, ਉਹ “ਵੱਡੀ ਬਿਪਤਾ ਵਿੱਚੋਂ” ਜੀਉਂਦਾ ਬਚਣਗੇ, ਤਾਂਕਿ ਉਹ ਧਰਤੀ ਉੱਤੇ ਫ਼ਿਰਦੌਸ ਦੇ ਅਧਿਕਾਰੀ ਹੋ ਸਕਣ, ਜਿੱਥੇ “ਅਗਾਹਾਂ ਨੂੰ ਮੌਤ ਨਾ ਹੋਵੇਗੀ।” ਉਸ ਮਹਾਂ-ਸੰਮੇਲਨ ਤੋਂ ਕਈ ਸਾਲ ਪਹਿਲਾਂ ਇਸ ਸਮੂਹ ਨੂੰ ਯੋਨਾਦਾਬ ਵਜੋਂ ਜਾਣਿਆ ਜਾਂਦਾ ਸੀ।—ਪਰਕਾਸ਼ ਦੀ ਪੋਥੀ 7:9-17; 21:4; ਯਿਰਮਿਯਾਹ 35:10.
18. ਸਾਲ 1938 ਕਿਨ੍ਹਾਂ ਕਾਰਨਾਂ ਕਰਕੇ ਇਕ ਮਹੱਤਵਪੂਰਣ ਸਾਲ ਸੀ?
18 ਸਾਲ 1938 ਇਕ ਮਹੱਤਵਪੂਰਣ ਸਾਲ ਰਿਹਾ, ਕਿਉਂਕਿ ਇਸ ਸਾਲ ਵਿਚ ਦੋਹਾਂ ਸਮੂਹਾਂ ਦੀ ਸਾਫ਼-ਸਾਫ਼ ਪਛਾਣ ਕਰਵਾਈ ਗਈ ਸੀ। 15 ਮਾਰਚ ਅਤੇ 1 ਅਪ੍ਰੈਲ 1938 ਦੇ ਪਹਿਰਾਬੁਰਜ ਦੇ ਅੰਕਾਂ ਨੇ “ਉਸ ਦਾ ਝੁੰਡ” ਨਾਮਕ ਦੋ ਹਿੱਸਿਆਂ ਦਾ ਅਧਿਐਨ ਪੇਸ਼ ਕਰ ਕੇ, ਮਸਹ ਕੀਤੇ ਹੋਏ ਬਕੀਏ ਅਤੇ ਉਸ ਦੇ ਸਾਥੀ, ਵੱਡੇ ਝੁੰਡ ਦੇ ਤੁਲਨਾਤਮਕ ਦਰਜੇ ਨੂੰ ਸਪੱਸ਼ਟ ਕੀਤਾ। ਫਿਰ 1 ਜੂਨ ਅਤੇ 15 ਜੂਨ ਦੇ ਅੰਕਾਂ ਵਿਚ “ਸੰਗਠਨ” ਨਾਮਕ ਅਧਿਐਨ ਲੇਖ ਛਾਪੇ ਗਏ, ਜੋ ਯਸਾਯਾਹ 60:17 ਉੱਤੇ ਆਧਾਰਿਤ ਸਨ। ਸਾਰੀਆਂ ਕਲੀਸਿਯਾਵਾਂ ਨੂੰ ਕਿਹਾ ਗਿਆ ਸੀ ਕਿ ਉਹ ਸਥਾਨਕ ਸੇਵਕ ਨਿਯੁਕਤ ਕਰਨ ਲਈ ਪ੍ਰਬੰਧਕ ਸਭਾ ਨੂੰ ਦਰਖ਼ਾਸਤ ਕਰਨ, ਤਾਂਕਿ ਪਰਮੇਸ਼ੁਰ ਦੁਆਰਾ ਦੱਸਿਆ ਗਿਆ ਬਿਹਤਰ ਦੈਵ-ਸ਼ਾਸਕੀ ਪ੍ਰਬੰਧ ਕੀਤਾ ਜਾ ਸਕੇ। ਕਲੀਸਿਯਾਵਾਂ ਨੇ ਇਸੇ ਤਰ੍ਹਾਂ ਹੀ ਕੀਤਾ।
19 ਅਤੇ ਫੁਟਨੋਟ। ਕਿਹੜੇ ਤੱਥ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ‘ਹੋਰ ਭੇਡਾਂ’ ਨੂੰ 60 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਕੱਠਾ ਕੀਤਾ ਜਾ ਰਿਹਾ ਹੈ?
19 ਸਾਲ 1939 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਨੇ ਬਿਆਨ ਕੀਤਾ: “ਮਸੀਹ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਦੀ ਗਿਣਤੀ ਧਰਤੀ ਉੱਤੇ ਹੁਣ ਬਹੁਤ ਥੋੜ੍ਹੀ ਰਹਿ ਗਈ ਹੈ, ਅਤੇ ਉਨ੍ਹਾਂ ਦੀ ਗਿਣਤੀ ਹੁਣ ਕਦੇ ਨਹੀਂ ਵਧੇਗੀ। ਸ਼ਾਸਤਰ ਵਿਚ ਇਨ੍ਹਾਂ ਨੂੰ ਪਰਮੇਸ਼ੁਰ ਦੇ ਸੰਗਠਨ, ਸੀਯੋਨ, ਦੀ ਸੰਤਾਨ ਦਾ ‘ਬਕੀਆ’ ਕਿਹਾ ਗਿਆ ਹੈ। (ਪਰ. 12:17) ਪ੍ਰਭੂ ਹੁਣ ‘ਹੋਰ ਭੇਡਾਂ’ ਇਕੱਠੀਆਂ ਕਰ ਰਿਹਾ ਹੈ, ਜੋ ‘ਵੱਡੀ ਭੀੜ’ ਬਨਣਗੀਆਂ। (ਯੂਹੰ. 10:16) ਹੁਣ ਇਕੱਠੇ ਕੀਤੇ ਜਾ ਰਹੇ ਲੋਕ, ਬਕੀਏ ਦੇ ਸਾਥੀ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਹੁਣ ਤੋਂ, ‘ਹੋਰ ਭੇਡਾਂ’ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਤਦ ਤਕ ਵਧੇਗੀ ਜਦ ਤਕ ਕਿ ‘ਵੱਡੀ ਭੀੜ’ ਇਕੱਠੀ ਨਹੀਂ ਹੋ ਜਾਂਦੀ।” ਮਸਹ ਕੀਤੇ ਹੋਏ ਬਕੀਏ ਨੂੰ ਵੱਡੀ ਭੀੜ ਇਕੱਠੀ ਕਰਨ ਦੇ ਕੰਮ ਦੀ ਦੇਖ-ਰੇਖ ਕਰਨ ਲਈ ਢਾਲ਼ਿਆ ਗਿਆ ਸੀ। ਇਸ ਵੱਡੀ ਭੀੜ ਨੂੰ ਵੀ ਹੁਣ ਢਾਲ਼ਿਆ ਜਾਣਾ ਸੀ।c
20. ਸਾਲ 1942 ਤੋਂ ਕਿਹੜੀਆਂ ਸੰਸਥਾਈ ਤਬਦੀਲੀਆਂ ਕੀਤੀਆਂ ਗਈਆਂ?
20 ਜਨਵਰੀ 1942 ਵਿਚ, ਜਦੋਂ ਦੂਸਰਾ ਮਹਾਂ-ਯੁੱਧ ਸਿਖਰ ਤੇ ਸੀ, ਜੋਸਫ਼ ਰਦਰਫ਼ਰਡ ਦੀ ਮੌਤ ਹੋ ਗਈ ਅਤੇ ਉਨ੍ਹਾਂ ਤੋਂ ਬਾਅਦ ਨੇਥਨ ਨੌਰ ਸੋਸਾਇਟੀ ਦੇ ਪ੍ਰਧਾਨ ਬਣੇ। ਸੋਸਾਇਟੀ ਦੇ ਤੀਜੇ ਪ੍ਰਧਾਨ ਨੂੰ ਕਲੀਸਿਯਾਵਾਂ ਵਿਚ ਦੈਵ-ਸ਼ਾਸਕੀ ਸਕੂਲ ਅਤੇ ਮਿਸ਼ਨਰੀਆਂ ਨੂੰ ਸਿਖਲਾਈ ਦੇਣ ਵਾਸਤੇ ਗਿਲੀਅਡ ਸਕੂਲ ਦੀ ਸਥਾਪਨਾ ਕਰਨ ਲਈ ਬੜੇ ਹੀ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ। 1944 ਵਿਚ ਹੋਈ ਸੋਸਾਇਟੀ ਦੀ ਸਾਲਾਨਾ ਮੀਟਿੰਗ ਦੌਰਾਨ, ਉਨ੍ਹਾਂ ਨੇ ਇਹ ਘੋਸ਼ਣਾ ਕੀਤੀ ਕਿ ਸੋਸਾਇਟੀ ਦਾ ਚਾਰਟਰ ਬਦਲਿਆ ਜਾ ਰਿਹਾ ਸੀ ਤਾਂਕਿ ਮੈਂਬਰਸ਼ਿਪ ਹੁਣ ਚੰਦੇ ਉੱਤੇ ਨਹੀਂ ਬਲਕਿ ਅਧਿਆਤਮਿਕਤਾ ਉੱਤੇ ਆਧਾਰਿਤ ਹੋਵੇਗੀ। ਅਗਲੇ 30 ਸਾਲਾਂ ਵਿਚ ਪ੍ਰਚਾਰਕਾਂ ਦੀ ਗਿਣਤੀ ਪੂਰੇ ਸੰਸਾਰ ਵਿਚ 1,56,299 ਤੋਂ ਵੱਧ ਕੇ 21,79,256 ਹੋ ਗਈ। ਸਾਲ 1971-75 ਦੇ ਦੌਰਾਨ ਹੋਰ ਸੰਸਥਾਈ ਤਬਦੀਲੀਆਂ ਕਰਨ ਦੀ ਜ਼ਰੂਰਤ ਪਈ। ਹੁਣ ਪੂਰੀ ਧਰਤੀ ਉੱਤੇ ਕੀਤੇ ਜਾ ਰਹੇ ਰਾਜ ਪ੍ਰਚਾਰ ਦੇ ਕੰਮ ਦੀ ਪੂਰੀ ਦੇਖ-ਰੇਖ ਇਕੱਲਾ ਇਕ ਪ੍ਰਧਾਨ ਨਹੀਂ ਕਰ ਸਕਦਾ ਸੀ। ਪ੍ਰਬੰਧਕ ਸਭਾ ਦੇ ਮਸਹ ਕੀਤੇ ਹੋਏ ਮੈਂਬਰਾਂ ਦੀ ਗਿਣਤੀ 18 ਤਕ ਵਧਾ ਦਿੱਤੀ ਗਈ, ਅਤੇ ਸਾਰਿਆਂ ਨੇ ਵਾਰੀ ਸਿਰ ਚੇਅਰਮੈਨ ਵਜੋਂ ਸੇਵਾ ਕਰਨੀ ਸੀ। ਇਨ੍ਹਾਂ ਵਿੱਚੋਂ ਹੁਣ ਤਕ ਲਗਭਗ ਅੱਧੇ ਧਰਤੀ ਉੱਤੇ ਆਪਣੀ ਜ਼ਿੰਦਗੀ ਪੂਰੀ ਕਰ ਚੁੱਕੇ ਹਨ।
21. ਛੋਟੇ ਝੁੰਡ ਦੇ ਮੈਂਬਰ ਕਿਹੜੇ ਕਾਰਨ ਕਰਕੇ ਰਾਜ ਦੇ ਵਾਰਸ ਬਣਨ ਦੇ ਯੋਗ ਹੋਏ ਹਨ?
21 ਛੋਟੇ ਝੁੰਡ ਦੇ ਬਚੇ ਹੋਏ ਮੈਂਬਰਾਂ ਨੂੰ ਕਈ ਸਦੀਆਂ ਦੌਰਾਨ ਆਏ ਪਰਤਾਵਿਆਂ ਦੁਆਰਾ ਢਾਲ਼ਿਆ ਗਿਆ ਹੈ। ਉਨ੍ਹਾਂ ਕੋਲ ‘ਆਤਮਾ ਦੀ ਸਾਖੀ’ ਹੈ, ਇਸ ਲਈ ਉਹ ਹੌਸਲਾ ਨਹੀਂ ਹਾਰਦੇ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।”—ਰੋਮੀਆਂ 8:16, 17; ਲੂਕਾ 12:32; 22:28-30.
22, 23. ਛੋਟੇ ਝੁੰਡ ਅਤੇ ਹੋਰ ਭੇਡਾਂ ਨੂੰ ਕਿਸ ਤਰ੍ਹਾਂ ਢਾਲ਼ਿਆ ਜਾ ਰਿਹਾ ਹੈ?
22 ਧਰਤੀ ਉੱਤੇ ਆਤਮਾ ਨਾਲ ਮਸਹ ਕੀਤੇ ਗਏ ਬਕੀਏ ਦੀ ਗਿਣਤੀ ਘੱਟ ਜਾਣ ਕਰਕੇ ਵੱਡੀ ਭੀੜ ਵਿੱਚੋਂ ਸਿਆਣੇ ਭਰਾਵਾਂ ਨੂੰ ਸੰਸਾਰ ਭਰ ਦੀਆਂ ਲਗਭਗ ਸਾਰੀਆਂ ਕਲੀਸਿਯਾਵਾਂ ਦੀ ਅਧਿਆਤਮਿਕ ਦੇਖ-ਰੇਖ ਸੌਂਪੀ ਗਈ ਹੈ। ਜਿਉਂ-ਜਿਉਂ ਆਖ਼ਰੀ ਮਸਹ ਕੀਤੇ ਹੋਏ ਗਵਾਹ ਧਰਤੀ ਉੱਤੇ ਆਪਣੀ ਜ਼ਿੰਦਗੀ ਪੂਰੀ ਕਰਦੇ ਹਨ, ਵੱਡੀ ਭੀੜ ਵਿੱਚੋਂ ਰਾਜਕੁਮਾਰ-ਰੂਪੀ ਸਰੀਮ ਧਰਤੀ ਉੱਤੇ ਸਰਦਾਰਾਂ ਦੇ ਵਰਗ ਦੇ ਤੌਰ ਤੇ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਤਿਆਰ ਕੀਤੇ ਗਏ ਹੋਣਗੇ।—ਹਿਜ਼ਕੀਏਲ 44:3; ਯਸਾਯਾਹ 32:1.
23 ਛੋਟਾ ਝੁੰਡ ਅਤੇ ਹੋਰ ਭੇਡਾਂ ਆਦਰ ਦੇ ਕੰਮ ਲਈ ਵਰਤੇ ਜਾਣ ਵਾਲੇ ਭਾਂਡਿਆਂ ਦੇ ਰੂਪ ਵਿਚ ਅਜੇ ਵੀ ਢਾਲ਼ੇ ਜਾ ਰਹੇ ਹਨ। (ਯੂਹੰਨਾ 10:14-16) ਚਾਹੇ ਸਾਡੀ ਆਸ “ਨਵੇਂ ਅਕਾਸ਼” ਦੀ ਜਾਂ “ਨਵੀਂ ਧਰਤੀ” ਦੀ ਹੋਵੇ, ਆਓ ਆਪਾਂ ਯਹੋਵਾਹ ਵੱਲੋਂ ਦਿੱਤੇ ਗਏ ਸੱਦੇ ਨੂੰ ਦਿਲੋਂ-ਜਾਨ ਨਾਲ ਸਵੀਕਾਰ ਕਰੀਏ: “ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ, ਵੇਖੋ ਤਾਂ, ਮੈਂ ਯਰੂਸ਼ਲਮ ਲਈ ਅਨੰਦਤਾ, ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ।” (ਯਸਾਯਾਹ 65:17, 18) ਆਓ ਆਪਾਂ ਕਮਜ਼ੋਰ ਇਨਸਾਨ, ਨਿਮਰਤਾ ਨਾਲ “ਮਹਾ-ਸ਼ਕਤੀ,” ਭਾਵ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਹਮੇਸ਼ਾ ਢਾਲ਼ੇ ਜਾਈਏ!—2 ਕੁਰਿੰਥੀਆਂ 4:7, ਨਵਾਂ ਅਨੁਵਾਦ; ਯੂਹੰਨਾ 16:13.
[ਫੁਟਨੋਟ]
a ਪ੍ਰਾਚੀਨ ਇਸਰਾਏਲ ਦੇ ਪ੍ਰਤਿਰੂਪ, ਧਰਮ-ਤਿਆਗੀ ਈਸਾਈ-ਜਗਤ ਲਈ ਇਹ ਇਕ ਚੇਤਾਵਨੀ ਹੈ ਕਿ ਯਹੋਵਾਹ ਉਸ ਨੂੰ ਵੀ ਇਸੇ ਤਰ੍ਹਾਂ ਦੀ ਹੀ ਸਜ਼ਾ ਦੇਵੇਗਾ।—1 ਪਤਰਸ 4:17, 18.
b ਰੋਮਨ ਕੈਥੋਲਿਕ ਜੱਜ ਮੈਨਟਨ ਨੇ ਜ਼ਮਾਨਤ ਤੇ ਬਾਈਬਲ ਸਟੂਡੈਂਟਸ ਨੂੰ ਛੱਡਣ ਤੋਂ ਨਾਂਹ ਕਰ ਦਿੱਤੀ ਸੀ, ਪਰ ਬਾਅਦ ਵਿਚ ਉਸ ਨੂੰ ਖ਼ੁਦ ਰਿਸ਼ਵਤ ਲੈਣ ਦੇ ਜੁਰਮ ਵਿਚ ਕੈਦ ਹੋ ਗਈ ਸੀ।
c ਸਾਲ 1938 ਵਿਚ ਸੰਸਾਰ ਭਰ ਵਿਚ ਸਮਾਰਕ ਸਮਾਰੋਹ ਵਿਚ ਹਾਜ਼ਰ ਹੋਣ ਵਾਲਿਆਂ ਦੀ ਗਿਣਤੀ 73,420 ਸੀ, ਜਿਸ ਵਿੱਚੋਂ 39,225 ਵਿਅਕਤੀਆਂ—ਪੂਰੀ ਹਾਜ਼ਰੀ ਵਿੱਚੋਂ 53 ਪ੍ਰਤਿਸ਼ਤ ਲੋਕਾਂ—ਨੇ ਪ੍ਰਤੀਕ ਲਏ ਸਨ। 1998 ਵਿਚ ਇਹ ਹਾਜ਼ਰੀ 1,38,96,312 ਤਕ ਵੱਧ ਗਈ, ਜਿਸ ਵਿੱਚੋਂ ਸਿਰਫ਼ 8,756 ਵਿਅਕਤੀਆਂ ਨੇ ਪ੍ਰਤੀਕ ਲਏ, ਯਾਨੀ ਕਿ ਪ੍ਰਤੀਕ ਲੈਣ ਵਾਲਿਆਂ ਦੀ ਗਿਣਤੀ, ਔਸਤਨ 10 ਕਲੀਸਿਯਾਵਾਂ ਵਿੱਚੋਂ 1 ਵਿਅਕਤੀ ਤੋਂ ਵੀ ਘੱਟ ਸੀ।
ਕੀ ਤੁਹਾਨੂੰ ਯਾਦ ਹੈ?
◻ ਆਪਣੇ ਪਿਤਾ ਵੱਲੋਂ ਢਾਲ਼ੇ ਜਾਣ ਦੁਆਰਾ, ਯਿਸੂ ਸਾਡੇ ਲਈ ਇਕ ਮਿਸਾਲ ਕਿਵੇਂ ਬਣਿਆ?
◻ ਪ੍ਰਾਚੀਨ ਇਸਰਾਏਲ ਕਿਵੇਂ ਢਾਲ਼ਿਆ ਗਿਆ?
◻ ‘ਪਰਮੇਸ਼ੁਰ ਦਾ ਇਸਰਾਏਲ’ ਹੁਣ ਤਕ ਕਿਵੇਂ ਢਾਲ਼ਿਆ ਗਿਆ ਹੈ?
◻ ‘ਹੋਰ ਭੇਡਾਂ’ ਕਿਸ ਉਦੇਸ਼ ਲਈ ਢਾਲ਼ੀਆਂ ਗਈਆਂ ਹਨ?
[ਸਫ਼ੇ 18 ਉੱਤੇ ਡੱਬੀ]
ਈਸਾਈ-ਜਗਤ ਨੂੰ ਹੋਰ ਢਾਲ਼ਿਆ ਗਿਆ
ਯੂਨਾਨ ਵਿਚ ਐਥਿਨਜ਼ ਤੋਂ ਐਸੋਸੀਏਟਿਡ ਪ੍ਰੈੱਸ ਵੱਲੋਂ ਮਿਲੀ ਇਕ ਖ਼ਬਰ ਨੇ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਗ੍ਰੀਕ ਆਰਥੋਡਾਕਸ ਚਰਚ ਦੇ ਮੁਖੀ ਬਾਰੇ ਕਿਹਾ: “ਉਸ ਨੂੰ ਸ਼ਾਂਤੀ ਦਾ ਦੂਤ ਹੋਣਾ ਚਾਹੀਦਾ ਸੀ। ਪਰ ਗ੍ਰੀਕ ਆਰਥੋਡਾਕਸ ਚਰਚ ਦਾ ਆਗੂ ਲੜਾਈ ਦੀ ਤਿਆਰੀ ਕਰ ਰਹੇ ਜਰਨੈਲ ਵਰਗਾ ਹੈ।
“‘ਲੋੜ ਪੈਣ ਤੇ, ਅਸੀਂ ਖ਼ੂਨ ਵਹਾਉਣ ਲਈ ਅਤੇ ਕੁਰਬਾਨੀਆਂ ਦੇਣ ਲਈ ਤਿਆਰ ਹਾਂ। ਅਸੀਂ, ਗਿਰਜੇ ਦੇ ਨਾਤੇ, ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ . . . ਪਰ ਲੋੜ ਪੈਣ ਤੇ ਅਸੀਂ ਪਵਿੱਤਰ ਹਥਿਆਰਾਂ ਤੇ ਅਸੀਸ ਦਿੰਦੇ ਹਾਂ।’ ਇਹ ਗੱਲ ਆਰਚਬਿਸ਼ਪ ਕ੍ਰਿਸਟੋਡੂਲੋਸ ਨੇ ਕੁਆਰੀ ਮਰਿਯਮ ਦੇ ਸਵਰਗ-ਗਮਨ ਦੇ ਤਿਉਹਾਰ ਤੇ ਕਹੀ, ਜਿਸ ਦਿਨ ਤੇ ਯੂਨਾਨ ਦਾ ਹਥਿਆਰਬੰਦ ਫ਼ੌਜ ਦਿਵਸ ਵੀ ਮਨਾਇਆ ਜਾਂਦਾ ਹੈ।”
[ਸਫ਼ੇ 19 ਉੱਤੇ ਡੱਬੀ]
“ਹੋਰ ਵਿਅਕਤੀ ਨਹੀਂ ਜੋੜੇ ਜਾਣਗੇ!”
ਸਾਲ 1970 ਦੀ ਗਿਲੀਅਡ ਗ੍ਰੈਜੂਏਸ਼ਨ ਦੇ ਸਮੇਂ ਵਾਚ ਟਾਵਰ ਸੋਸਾਇਟੀ ਦੇ ਉਪ-ਪ੍ਰਧਾਨ ਫਰੈਡਰਿਕ ਫ਼੍ਰਾਂਜ਼ ਨੇ ਵਿਦਿਆਰਥੀਆਂ ਨੂੰ, ਜਿਹੜੇ ਸਾਰੇ ਦੇ ਸਾਰੇ ਧਰਤੀ ਉੱਤੇ ਫ਼ਿਰਦੌਸ ਵਿਚ ਰਹਿਣ ਦੀ ਆਸ ਰੱਖਦੇ ਸਨ, ਕਿਹਾ ਕਿ ਇਹ ਸੰਭਵ ਸੀ ਕਿ ਉਹ ਮਸਹ ਕੀਤੇ ਹੋਏ ਬਕੀਏ ਵਿੱਚੋਂ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਪਤਿਸਮਾ ਦੇਣ। ਕੀ ਇਸ ਤਰ੍ਹਾਂ ਹੋ ਸਕਦਾ ਸੀ? ਭਰਾ ਨੇ ਸਮਝਾਇਆ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਹੋਰ ਭੇਡਾਂ ਵਿੱਚੋਂ ਹੀ ਸੀ, ਅਤੇ ਉਸ ਨੇ ਯਿਸੂ ਅਤੇ ਕਈ ਰਸੂਲਾਂ ਨੂੰ ਬਪਤਿਸਮਾ ਦਿੱਤਾ। ਫਿਰ ਭਰਾ ਨੇ ਪੁੱਛਿਆ ਕਿ ਕੀ ਬਕੀਏ ਦੇ ਹੋਰ ਮੈਂਬਰ ਇਕੱਠੇ ਕਰਨ ਲਈ ਅਜੇ ਹੋਰ ਸੱਦਾ ਦਿੱਤਾ ਜਾਣਾ ਸੀ। “ਨਹੀਂ, ਹੋਰ ਵਿਅਕਤੀ ਨਹੀਂ ਜੋੜੇ ਜਾਣਗੇ!” ਉਨ੍ਹਾਂ ਨੇ ਕਿਹਾ। “ਉਹ ਸੱਦਾ 1931-35 ਵਿਚ ਖ਼ਤਮ ਹੋ ਗਿਆ ਸੀ! ਇਨ੍ਹਾਂ ਤੋਂ ਇਲਾਵਾ ਹੋਰ ਮੈਂਬਰ ਨਹੀਂ ਜੋੜੇ ਜਾਣਗੇ। ਫਿਰ ਜਿਹੜੇ ਕੁਝ ਨਵੇਂ ਵਿਅਕਤੀ ਸਮਾਰਕ ਪ੍ਰਤੀਕ ਲੈ ਰਹੇ ਹਨ, ਉਹ ਕੌਣ ਹਨ? ਜੇ ਉਹ ਬਕੀਏ ਦੇ ਮੈਂਬਰ ਹਨ ਤਾਂ ਫਿਰ ਉਹ ਬਦਲ ਹਨ! ਉਹ ਮਸਹ ਕੀਤੇ ਹੋਇਆਂ ਦੇ ਵਰਗ ਵਿਚ ਵਾਧਾ ਨਹੀਂ ਹਨ, ਬਲਕਿ ਉਨ੍ਹਾਂ ਮੈਂਬਰਾਂ ਦੀ ਥਾਂ ਤੇ ਚੁਣੇ ਗਏ ਹਨ ਜੋ ਸ਼ਾਇਦ ਨਿਹਚਾ ਤੋਂ ਬੇਮੁਖ ਹੋ ਗਏ ਹਨ।”
[ਸਫ਼ੇ 15 ਉੱਤੇ ਤਸਵੀਰ]
ਅਸੀਂ ਆਪਣੀ ਸੇਵਾ ਦੇ ਖ਼ਜ਼ਾਨੇ ਦੀ ਕਿੰਨੀ ਕਦਰ ਕਰਦੇ ਹਾਂ!
[ਸਫ਼ੇ 16 ਉੱਤੇ ਤਸਵੀਰ]
ਪ੍ਰਾਚੀਨ ਇਸਰਾਏਲ ਇਕ ਅਜਿਹਾ ਭਾਂਡਾ ਬਣਿਆ ਜੋ ਨਾਸ਼ ਹੋਣ ਦੇ ਯੋਗ ਸੀ