ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 4/1 ਸਫ਼ੇ 20-22
  • ਤੁਹਾਡੀ ਸੋਚਣੀ ਨੂੰ ਕੌਣ ਢਾਲ਼ਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਹਾਡੀ ਸੋਚਣੀ ਨੂੰ ਕੌਣ ਢਾਲ਼ਦਾ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸ਼ਤਾਨ ਦੇ ਢਾਂਚੇ ਵਿਚ ਢਾਲ਼ੇ ਗਏ?
  • ਜਾਣੋ ਕਿ ਕੀ ਹੋ ਰਿਹਾ ਹੈ
  • ਯਹੋਵਾਹ ਦੁਆਰਾ ਢਾਲ਼ੇ ਜਾਓ
  • ਆਪਣੇ ਘੁਮਿਆਰ ਯਹੋਵਾਹ ਦੀ ਕਦਰ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਆਪਣੀ ਸੋਚ ਅਤੇ ਚਾਲ-ਚਲਣ ਨੂੰ ਯਹੋਵਾਹ ਨੂੰ ਢਾਲ਼ਣ ਦਿਓ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
  • ਸ਼ੈਤਾਨ ਦੀਆਂ ਅਫ਼ਵਾਹਾਂ ਤੋਂ ਬਚੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 4/1 ਸਫ਼ੇ 20-22

ਤੁਹਾਡੀ ਸੋਚਣੀ ਨੂੰ ਕੌਣ ਢਾਲ਼ਦਾ ਹੈ?

“ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਕੀ ਸੋਚਾਂ ਜਾਂ ਕੀ ਕਰਾਂ!” ਆਮ ਤੌਰ ਤੇ ਇੰਨੇ ਜੋਸ਼ ਨਾਲ ਇਸ ਤਰ੍ਹਾਂ ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਆਪ ਉੱਤੇ ਅਤੇ ਆਪਣੇ ਫ਼ੈਸਲੇ ਉੱਤੇ ਬਹੁਤ ਭਰੋਸਾ ਹੈ। ਕੀ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ? ਸਮਝਣਯੋਗ ਗੱਲ ਹੈ ਕਿ ਕਿਸੇ ਨੂੰ ਵੀ ਤੁਹਾਡੇ ਲਈ ਫ਼ੈਸਲੇ ਨਹੀਂ ਕਰਨੇ ਚਾਹੀਦੇ ਹਨ। ਪਰ ਕੀ ਇੰਨੀ ਜਲਦੀ ਕਿਸੇ ਵੀ ਸਲਾਹ ਨੂੰ ਠੁਕਰਾ ਦੇਣਾ ਅਕਲਮੰਦੀ ਹੈ, ਜੋ ਸ਼ਾਇਦ ਬਾਅਦ ਵਿਚ ਚੰਗੀ ਹੀ ਸਾਬਤ ਹੋਵੇ? ਕੀ ਤੁਸੀਂ ਸੋਚਦੇ ਹੋ ਕਿ ਅਕਲਮੰਦੀ ਦੇ ਫ਼ੈਸਲੇ ਕਰਨ ਵਿਚ ਕੋਈ ਵੀ ਵਿਅਕਤੀ ਕਦੀ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ? ਪਰ ਕੀ ਤੁਸੀਂ ਯਕੀਨੀ ਤੌਰ ਤੇ ਕਹਿ ਸਕਦੇ ਹੋ ਕਿ ਕੋਈ ਵਿਅਕਤੀ, ਤੁਹਾਡੇ ਜਾਣੇ ਬਗੈਰ, ਤੁਹਾਡੀ ਸੋਚਣੀ ਨੂੰ ਨਹੀਂ ਢਾਲ਼ ਰਿਹਾ ਹੈ?

ਉਦਾਹਰਣ ਲਈ, ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ, ਹਿਟਲਰ ਦੇ ਪ੍ਰਸਾਰ ਮੰਤਰੀ, ਯੋਜ਼ਫ਼ ਗਬਲਜ਼ ਨੇ ਜਰਮਨੀ ਦੇ ਫ਼ਿਲਮ ਉਦਯੋਗ ਨੂੰ ਆਪਣੇ ਵੱਸ ਵਿਚ ਕਰ ਲਿਆ। ਕਿਉਂ? ਕਿਉਂਕਿ ਉਸ ਨੂੰ ਪਤਾ ਸੀ ਕਿ ਇਹ ਉਸ ਲਈ ਇਕ ਬੇਹੱਦ ਸ਼ਕਤੀਸ਼ਾਲੀ ਹਥਿਆਰ ਸਿੱਧ ਹੋਵੇਗਾ, ਜਿਸ ਨਾਲ ਉਹ “ਲੋਕਾਂ ਦੇ ਵਿਚਾਰਾਂ ਅਤੇ ਸਿੱਟੇ ਵਜੋਂ ਉਨ੍ਹਾਂ ਦੇ ਵਤੀਰੇ ਉੱਤੇ ਪ੍ਰਭਾਵ” ਪਾ ਸਕੇਗਾ। (ਪ੍ਰਸਾਰ ਅਤੇ ਜਰਮਨ ਸਿਨਮਾ 1933-1945 [ਅੰਗ੍ਰੇਜ਼ੀ]) ਤੁਸੀਂ ਸ਼ਾਇਦ ਜਾਣਦੇ ਹੀ ਹੋਵੋਗੇ ਕਿ ਉਸ ਨੇ ਕਿਵੇਂ ਇਸ ਜ਼ਰੀਏ ਨੂੰ ਅਤੇ ਦੂਜੇ ਸਾਧਨਾਂ ਨੂੰ ਬਹੁਤ ਪ੍ਰਭਾਵਕਤਾ ਨਾਲ ਇਸਤੇਮਾਲ ਕਰ ਕੇ ਆਮ ਜਨਤਾ ਨੂੰ, ਅਰਥਾਤ ਚੰਗੇ-ਭਲੇ ਸਮਝਦਾਰ ਲੋਕਾਂ ਨੂੰ ਵੀ ਨਾਜ਼ੀ ਫ਼ਲਸਫ਼ੇ ਨੂੰ ਅੰਨ੍ਹੇਵਾਹ ਮੰਨਣ ਲਈ ਉਕਸਾਇਆ ਸੀ।

ਹਕੀਕਤ ਇਹ ਹੈ ਕਿ ਤੁਸੀਂ ਜਿਨ੍ਹਾਂ ਨੂੰ ਸੁਣਦੇ ਹੋ, ਉਨ੍ਹਾਂ ਦੇ ਜਜ਼ਬਾਤ ਅਤੇ ਵਿਚਾਰ ਹਮੇਸ਼ਾ ਤੁਹਾਡੀ ਸੋਚਣੀ ਅਤੇ ਵਤੀਰੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਅਸਰ ਪਾਉਂਦੇ ਹਨ। ਬੇਸ਼ੱਕ, ਜ਼ਰੂਰੀ ਨਹੀਂ ਕਿ ਇਹ ਹਮੇਸ਼ਾ ਬੁਰੀ ਗੱਲ ਹੋਵੇ। ਜੇਕਰ ਇਹ ਉਹ ਲੋਕ ਹਨ ਜੋ ਦਿਲੋਂ ਤੁਹਾਡੀ ਭਲਾਈ ਚਾਹੁੰਦੇ ਹਨ—ਜਿਵੇਂ ਕਿ ਅਧਿਆਪਕ, ਦੋਸਤ, ਜਾਂ ਮਾਤਾ-ਪਿਤਾ—ਤਾਂ ਤੁਸੀਂ ਉਨ੍ਹਾਂ ਦੇ ਸਲਾਹ-ਮਸ਼ਵਰੇ ਤੋਂ ਬੇਹੱਦ ਲਾਭ ਪ੍ਰਾਪਤ ਕਰੋਗੇ। ਪਰ ਜੇਕਰ ਇਹ ਉਹ ਲੋਕ ਹਨ ਜੋ ਸਿਰਫ਼ ਆਪਣੀ ਹੀ ਭਲਾਈ ਚਾਹੁੰਦੇ ਹਨ ਅਤੇ ਜਿਨ੍ਹਾਂ ਦੀ ਖ਼ੁਦ ਆਪਣੀ ਸੋਚਣੀ ਗੁਮਰਾਹ ਜਾਂ ਭ੍ਰਿਸ਼ਟ ਹੋ ਚੁੱਕੀ ਹੈ, ਅਤੇ ਜਿਨ੍ਹਾਂ ਨੂੰ ਪੌਲੁਸ ਰਸੂਲ ਨੇ “ਛਲੀਏ” ਕਿਹਾ ਸੀ, ਤਾਂ ਫਿਰ ਇਨ੍ਹਾਂ ਤੋਂ ਖ਼ਬਰਦਾਰ ਰਹੋ!—ਤੀਤੁਸ 1:10; ਬਿਵਸਥਾ ਸਾਰ 13:6-8.

ਇਸ ਲਈ, ਨਿਸ਼ਚਿੰਤ ਹੋ ਕੇ ਇਹ ਨਾ ਸੋਚੋ ਕਿ ਕੋਈ ਵੀ ਤੁਹਾਡੇ ਤੇ ਕਦੇ ਵੀ ਪ੍ਰਭਾਵ ਨਹੀਂ ਪਾ ਸਕਦਾ। (1 ਕੁਰਿੰਥੀਆਂ 10:12 ਦੀ ਤੁਲਨਾ ਕਰੋ।) ਸ਼ਾਇਦ ਤੁਹਾਡੇ ਤੇ ਪਹਿਲਾਂ ਹੀ ਪ੍ਰਭਾਵ ਪੈ ਰਿਹਾ ਹੈ, ਅਤੇ ਤੁਸੀਂ ਮੰਨੋ ਭਾਵੇਂ ਨਾ ਮੰਨੋ, ਪਰ ਤੁਹਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਕਿ ਇਹ ਪ੍ਰਭਾਵ ਤੁਹਾਡੇ ਤੇ ਕਿੰਨਾ ਅਕਸਰ ਪੈਂਦਾ ਹੈ। ਆਮ ਉਦਾਹਰਣ ਵਜੋਂ, ਜ਼ਰਾ ਵਿਚਾਰ ਕਰੋ ਕਿ ਜਦੋਂ ਤੁਸੀਂ ਬਾਜ਼ਾਰ ਜਾਂਦੇ ਹੋ ਤਾਂ ਤੁਸੀਂ ਕਿਹੜੀ ਚੀਜ਼ ਖ਼ਰੀਦਣ ਦਾ ਫ਼ੈਸਲਾ ਕਰਦੇ ਹੋ। ਕੀ ਉਹ ਫ਼ੈਸਲਾ ਹਮੇਸ਼ਾ ਤੁਹਾਡਾ ਖ਼ੁਦ ਦਾ ਅਤੇ ਅਕਲਮੰਦੀ ਦਾ ਹੁੰਦਾ ਹੈ? ਜਾਂ ਕੀ ਦੂਸਰੇ ਲੋਕ, ਜਿਨ੍ਹਾਂ ਨੂੰ ਤੁਸੀਂ ਅਕਸਰ ਦੇਖ ਨਹੀਂ ਸਕਦੇ, ਚਲਾਕੀ ਨਾਲ ਤੁਹਾਡੀ ਚੋਣ ਉੱਤੇ ਜ਼ੋਰਦਾਰ ਪ੍ਰਭਾਵ ਪਾਉਂਦੇ ਹਨ? ਇਕ ਤਫਤੀਸ਼ੀ ਪੱਤਰਕਾਰ ਏਰਿਕ ਕਲਾਰਕ ਦੇ ਵਿਚਾਰ ਅਨੁਸਾਰ, ਤੁਹਾਡੀ ਚੋਣ ਉੱਤੇ ਇਨ੍ਹਾਂ ਲੋਕਾਂ ਦਾ ਬਹੁਤ ਪ੍ਰਭਾਵ ਪੈਂਦਾ ਹੈ। “ਸਾਡੇ ਉੱਤੇ ਇਸ਼ਤਿਹਾਰਾਂ ਦੀ ਜਿੰਨੀ ਜ਼ਿਆਦਾ ਬੰਬਾਰੀ ਹੁੰਦੀ ਹੈ,” ਉਹ ਕਹਿੰਦਾ ਹੈ, “ਅਸੀਂ ਉਨ੍ਹਾਂ ਦੇ ਪ੍ਰਭਾਵ ਵੱਲ ਉੱਨਾ ਹੀ ਘੱਟ ਧਿਆਨ ਦਿੰਦੇ ਹਾਂ, ਪਰ ਯਕੀਨੀ ਤੌਰ ਤੇ ਅਸੀਂ ਉੱਨਾ ਹੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਾਂ।” ਉਹ ਇਹ ਵੀ ਰਿਪੋਰਟ ਕਰਦਾ ਹੈ ਕਿ ਜਦੋਂ ਲੋਕਾਂ ਕੋਲੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੇ ਅਨੁਸਾਰ ਇਸ਼ਤਿਹਾਰਬਾਜ਼ੀ ਕਿੰਨੀ ਕੁ ਪ੍ਰਭਾਵਕਾਰੀ ਹੈ, ਤਾਂ “ਜ਼ਿਆਦਾਤਰ ਲੋਕ ਸਹਿਮਤ ਹੁੰਦੇ ਹਨ ਕਿ ਇਹ ਪ੍ਰਭਾਵ ਪਾਉਂਦੀ ਹੈ, ਪਰ ਉਨ੍ਹਾਂ ਉੱਤੇ ਨਹੀਂ।” ਅਕਸਰ ਲੋਕ ਇਹ ਮਹਿਸੂਸ ਕਰਦੇ ਹਨ ਕਿ ਬਾਕੀ ਸਭ ਲੋਕਾਂ ਉੱਤੇ ਇਸ ਦਾ ਪ੍ਰਭਾਵ ਪੈਂਦਾ ਹੈ, ਪਰ ਉਨ੍ਹਾਂ ਉੱਤੇ ਨਹੀਂ। “ਇੰਜ ਜਾਪਦਾ ਹੈ ਕਿ ਸਿਰਫ਼ ਉਹ ਇਕੱਲੇ ਹੀ ਇਸ ਤੋਂ ਸੁਰੱਖਿਅਤ ਹਨ।”—ਇੱਛਾ ਦੇ ਨਿਰਮਾਤਾ (ਅੰਗ੍ਰੇਜ਼ੀ)।

ਸ਼ਤਾਨ ਦੇ ਢਾਂਚੇ ਵਿਚ ਢਾਲ਼ੇ ਗਏ?

ਚਾਹੇ ਤੁਸੀਂ ਰੋਜ਼ਾਨਾ ਦੇ ਇਸ਼ਤਿਹਾਰਾਂ ਤੋਂ ਪ੍ਰਭਾਵਿਤ ਹੁੰਦੇ ਹੋ ਜਾਂ ਨਹੀਂ, ਸ਼ਾਇਦ ਇਸ ਦੇ ਬੁਰੇ ਨਤੀਜੇ ਨਾ ਨਿਕਲਣ। ਪਰੰਤੂ, ਇਕ ਹੋਰ ਪ੍ਰਭਾਵ ਹੈ ਜੋ ਇਸ ਤੋਂ ਵੀ ਕਿਤੇ ਜ਼ਿਆਦਾ ਖ਼ਤਰਨਾਕ ਹੈ। ਬਾਈਬਲ ਸਪੱਸ਼ਟ ਤੌਰ ਤੇ ਦਿਖਾਉਂਦੀ ਹੈ ਕਿ ਸ਼ਤਾਨ ਇਕ ਕੁਸ਼ਲ ਚਾਲਬਾਜ਼ ਹੈ। (ਪਰਕਾਸ਼ ਦੀ ਪੋਥੀ 12:9) ਉਸ ਦਾ ਫ਼ਲਸਫ਼ਾ ਮੂਲ ਰੂਪ ਵਿਚ ਇਸ਼ਤਿਹਾਰਬਾਜ਼ੀ ਕਰਨ ਵਾਲੇ ਉਸ ਏਜੰਟ ਦੀ ਸੋਚਣੀ ਵਾਂਗ ਹੈ ਜਿਸ ਨੇ ਕਿਹਾ ਕਿ ਗਾਹਕਾਂ ਨੂੰ ਦੋ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਜਾ ਸਕਦਾ ਹੈ—“ਉਨ੍ਹਾਂ ਨੂੰ ਲੁਭਾਉਣ ਦੁਆਰਾ ਜਾਂ ਉਨ੍ਹਾਂ ਦੇ ਮਨਾਂ ਨੂੰ ਢਾਲ਼ਣ ਦੁਆਰਾ।” ਜੇਕਰ ਪ੍ਰਸਾਰਕ ਅਤੇ ਇਸ਼ਤਿਹਾਰਬਾਜ਼ੀ ਕਰਨ ਵਾਲੇ ਲੋਕ ਤੁਹਾਡੀ ਸੋਚਣੀ ਨੂੰ ਢਾਲ਼ਣ ਲਈ ਅਜਿਹੀਆਂ ਚਲਾਕੀ ਭਰੀਆਂ ਜੁਗਤਾਂ ਨੂੰ ਇਸਤੇਮਾਲ ਕਰ ਸਕਦੇ ਹਨ, ਤਾਂ ਸ਼ਤਾਨ ਅਜਿਹੀਆਂ ਜੁਗਤਾਂ ਨੂੰ ਇਸਤੇਮਾਲ ਕਰਨ ਵਿਚ ਕਿੰਨਾ ਜ਼ਿਆਦਾ ਮਾਹਰ ਹੋਵੇਗਾ!—ਯੂਹੰਨਾ 8:44.

ਪੌਲੁਸ ਰਸੂਲ ਇਸ ਬਾਰੇ ਜਾਣਦਾ ਸੀ। ਉਸ ਨੂੰ ਡਰ ਸੀ ਕਿ ਉਸ ਦੇ ਕੁਝ ਸੰਗੀ ਮਸੀਹੀ ਸ਼ਾਇਦ ਚੌਕਸ ਨਾ ਰਹਿਣ ਅਤੇ ਸ਼ਤਾਨ ਦੇ ਧੋਖੇ ਦੇ ਸ਼ਿਕਾਰ ਬਣ ਜਾਣ। ਉਸ ਨੇ ਲਿਖਿਆ: “ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ।” (2 ਕੁਰਿੰਥੀਆਂ 11:3) ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਲਓ। ਨਹੀਂ ਤਾਂ ਤੁਸੀਂ ਵੀ ਉਨ੍ਹਾਂ ਲੋਕਾਂ ਵਰਗੇ ਹੋਵੋਗੇ ਜੋ ਵਿਸ਼ਵਾਸ ਕਰਦੇ ਹਨ ਕਿ ਪ੍ਰਸਾਰ ਦੂਜਿਆਂ ਉੱਤੇ ਪ੍ਰਭਾਵ ਪਾਉਂਦਾ ਹੈ ਅਤੇ ਦੂਜਿਆਂ ਦੇ ਮਨਾਂ ਨੂੰ ਢਾਲ਼ ਸਕਦਾ ਹੈ—“ਪਰ ਉਨ੍ਹਾਂ ਦੇ ਮਨਾਂ ਨੂੰ ਨਹੀਂ।” ਹਕੀਕਤ ਇਹ ਹੈ ਕਿ ਸ਼ਤਾਨ ਦਾ ਪ੍ਰਸਾਰ ਪ੍ਰਭਾਵ ਪਾਉਂਦਾ ਹੈ ਅਤੇ ਇਹ ਸਾਡੇ ਆਲੇ-ਦੁਆਲੇ ਦੀ ਇਸ ਪੀੜ੍ਹੀ ਦੁਆਰਾ ਪ੍ਰਦਰਸ਼ਿਤ ਕੀਤੀ ਗਈ ਕਠੋਰਤਾ, ਦੁਸ਼ਟਤਾ ਅਤੇ ਪਖੰਡ ਤੋਂ ਸਪੱਸ਼ਟ ਦਿਖਾਈ ਦਿੰਦਾ ਹੈ।

ਇਸ ਲਈ, ਪੌਲੁਸ ਨੇ ਆਪਣੇ ਸੰਗੀ ਮਸੀਹੀਆਂ ਨੂੰ ‘ਇਸ ਜੁੱਗ ਦੇ ਰੂਪ ਜੇਹੇ ਨਾ ਬਣਨ’ ਦੀ ਬੇਨਤੀ ਕੀਤੀ। (ਰੋਮੀਆਂ 12:2) ਇਕ ਬਾਈਬਲ ਅਨੁਵਾਦਕ ਪੌਲੁਸ ਦੇ ਸ਼ਬਦਾਂ ਦੀ ਇਸ ਤਰ੍ਹਾਂ ਵਿਆਖਿਆ ਕਰਦਾ ਹੈ: “ਤੁਸੀਂ ਆਪਣੇ ਆਪ ਨੂੰ ਆਲੇ-ਦੁਆਲੇ ਦੇ ਸੰਸਾਰ ਦੇ ਢਾਂਚੇ ਵਿਚ ਨਾ ਢਲ਼ਣ ਦਿਓ।” (ਰੋਮੀਆਂ 12:2, ਫ਼ਿਲਿਪਸ) ਸ਼ਤਾਨ ਤੁਹਾਨੂੰ ਜ਼ਬਰਦਸਤੀ ਆਪਣੇ ਢਾਂਚੇ ਵਿਚ ਢਾਲ਼ਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ, ਜਿਵੇਂ ਕਿ ਪੁਰਾਣੇ ਸਮੇਂ ਵਿਚ ਘੁਮਿਆਰ ਮਿੱਟੀ ਉੱਤੇ ਠੱਪੇ ਅਤੇ ਉਕਰਾਈਆਂ ਉੱਕਰਨ ਲਈ ਖੁੱਲ੍ਹੇ ਢਾਂਚੇ ਵਿਚ ਚਿਕਣੀ ਮਿੱਟੀ ਨੂੰ ਠੁੱਸ-ਠੁੱਸ ਕੇ ਪਾਉਂਦਾ ਸੀ। ਸ਼ਤਾਨ ਨੇ ਇਹ ਕਰਨ ਲਈ ਸੰਸਾਰ ਦੀ ਰਾਜਨੀਤੀ, ਵਪਾਰ, ਧਰਮ ਅਤੇ ਮਨੋਰੰਜਨ ਨੂੰ ਪੂਰਾ ਤਿਆਰ ਕੀਤਾ ਹੈ। ਉਸ ਦਾ ਪ੍ਰਭਾਵ ਕਿੰਨਾ ਕੁ ਫੈਲਿਆ ਹੋਇਆ ਹੈ? ਇਹ ਉੱਨਾ ਹੀ ਵਿਆਪਕ ਹੈ ਜਿੰਨਾ ਕਿ ਇਹ ਯੂਹੰਨਾ ਰਸੂਲ ਦੇ ਦਿਨਾਂ ਵਿਚ ਸੀ। “ਸਾਰਾ ਸੰਸਾਰ,” ਯੂਹੰਨਾ ਨੇ ਕਿਹਾ, “ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19. 2 ਕੁਰਿੰਥੀਆਂ 4:4 ਵੀ ਦੇਖੋ।) ਜੇਕਰ ਲੋਕਾਂ ਨੂੰ ਲੁਭਾਉਣ ਅਤੇ ਉਨ੍ਹਾਂ ਦੀ ਸੋਚਣੀ ਨੂੰ ਭ੍ਰਿਸ਼ਟ ਕਰਨ ਦੀ ਸ਼ਤਾਨ ਦੀ ਯੋਗਤਾ ਉੱਤੇ ਤੁਹਾਨੂੰ ਕੋਈ ਸ਼ੱਕ ਹੈ, ਤਾਂ ਯਾਦ ਕਰੋ ਕਿ ਉਸ ਨੇ ਕਿੰਨੇ ਪ੍ਰਭਾਵਕਾਰੀ ਤਰੀਕੇ ਨਾਲ ਇਸਰਾਏਲ ਦੀ ਪੂਰੀ ਕੌਮ ਨੂੰ ਗੁਮਰਾਹ ਕੀਤਾ ਸੀ ਜੋ ਕਿ ਪਰਮੇਸ਼ੁਰ ਨੂੰ ਸਮਰਪਿਤ ਸੀ। (1 ਕੁਰਿੰਥੀਆਂ 10:6-12) ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ? ਹਾਂ, ਹੋ ਸਕਦਾ ਹੈ, ਜੇਕਰ ਤੁਸੀਂ ਸ਼ਤਾਨ ਦੇ ਭਰਮਾਊ ਪ੍ਰਭਾਵ ਲਈ ਆਪਣੇ ਮਨ ਨੂੰ ਖੁੱਲ੍ਹਾ ਛੱਡਦੇ ਹੋ।

ਜਾਣੋ ਕਿ ਕੀ ਹੋ ਰਿਹਾ ਹੈ

ਆਮ ਤੌਰ ਤੇ ਅਜਿਹੀਆਂ ਗੁਪਤ ਤਾਕਤਾਂ ਤੁਹਾਡੀ ਸੋਚਣੀ ਨੂੰ ਸਿਰਫ਼ ਉਦੋਂ ਹੀ ਪ੍ਰਭਾਵਿਤ ਕਰਨਗੀਆਂ, ਜਦੋਂ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਦਿਓਗੇ। ਵੈਂਸ ਪੈਕਰਡ ਨੇ ਆਪਣੀ ਕਿਤਾਬ ਗੁਪਤ ਪ੍ਰੇਰਕ (ਅੰਗ੍ਰੇਜ਼ੀ) ਵਿਚ ਇਹ ਟਿੱਪਣੀ ਕੀਤੀ: “ਅਜਿਹੇ [ਗੁਪਤ] ਪ੍ਰੇਰਕਾਂ ਦੇ ਵਿਰੁੱਧ ਸਾਡੇ ਕੋਲ ਅਜੇ ਵੀ ਇਕ ਸ਼ਕਤੀਸ਼ਾਲੀ ਹਥਿਆਰ ਹੈ: ਅਸੀਂ ਪ੍ਰੇਰਿਤ ਨਾ ਹੋਣ ਦੀ ਚੋਣ ਕਰ ਸਕਦੇ ਹਾਂ। ਤਕਰੀਬਨ ਹਰ ਹਾਲ ਵਿਚ ਅਸੀਂ ਅਜੇ ਵੀ ਇਹ ਚੋਣ ਕਰ ਸਕਦੇ ਹਾਂ, ਅਤੇ ਸਾਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਜੇ ਅਸੀਂ ਜਾਣੀਏ ਕਿ ਕੀ ਹੋ ਰਿਹਾ ਹੈ।” ਇਹ ਗੱਲ ਪ੍ਰਸਾਰ ਅਤੇ ਧੋਖੇ ਬਾਰੇ ਵੀ ਸੱਚ ਹੈ।

ਨਿਸ਼ਚੇ ਹੀ, ਇਹ ‘ਜਾਣਨ ਲਈ ਕਿ ਕੀ ਹੋ ਰਿਹਾ ਹੈ,’ ਤੁਹਾਨੂੰ ਆਪਣੇ ਮਨ ਨੂੰ ਚੰਗੇ ਪ੍ਰਭਾਵਾਂ ਲਈ ਖੁੱਲ੍ਹਾ ਅਤੇ ਗ੍ਰਹਿਣਸ਼ੀਲ ਰੱਖਣਾ ਚਾਹੀਦਾ ਹੈ। ਇਕ ਤੰਦਰੁਸਤ ਸਰੀਰ ਦੀ ਤਰ੍ਹਾਂ, ਇਕ ਤੰਦਰੁਸਤ ਮਨ ਨੂੰ ਵੀ ਸਹੀ ਢੰਗ ਨਾਲ ਕੰਮ ਕਰਨ ਲਈ ਪੌਸ਼ਟਿਕ ਆਹਾਰ ਦੀ ਜ਼ਰੂਰਤ ਹੈ। (ਕਹਾਉਤਾਂ 5:1, 2) ਜਾਣਕਾਰੀ ਦੀ ਘਾਟ ਉੱਨੀ ਹੀ ਖ਼ਤਰਨਾਕ ਹੋ ਸਕਦੀ ਹੈ ਜਿੰਨੀ ਕਿ ਗ਼ਲਤ ਜਾਣਕਾਰੀ। ਇਸ ਲਈ ਜਦ ਕਿ ਇਹ ਸੱਚ ਹੈ ਕਿ ਤੁਹਾਨੂੰ ਆਪਣੇ ਮਨ ਨੂੰ ਗੁਮਰਾਹਕੁੰਨ ਵਿਚਾਰਾਂ ਅਤੇ ਫ਼ਲਸਫ਼ਿਆਂ ਤੋਂ ਸੁਰੱਖਿਅਤ ਰੱਖਣ ਦੀ ਲੋੜ ਹੈ, ਫਿਰ ਵੀ ਤੁਹਾਨੂੰ ਹਰ ਸਲਾਹ ਜਾਂ ਜਾਣਕਾਰੀ ਪ੍ਰਤੀ ਘਿਰਣਾ ਭਰਿਆ ਅਤੇ ਸਨਕੀ ਨਜ਼ਰੀਆ ਨਹੀਂ ਰੱਖਣਾ ਚਾਹੀਦਾ।—1 ਯੂਹੰਨਾ 4:1.

ਦਿਲੀ ਪ੍ਰੇਰਣਾ ਗੁਪਤ ਪ੍ਰਸਾਰ ਤੋਂ ਭਿੰਨ ਹੈ। ਪੌਲੁਸ ਰਸੂਲ ਨੇ ਨਿਸ਼ਚਿਤ ਤੌਰ ਤੇ ਨੌਜਵਾਨ ਤਿਮੋਥਿਉਸ ਨੂੰ “ਦੁਸ਼ਟ ਮਨੁੱਖ ਅਤੇ ਛਲੀਏ” ਤੋਂ ਖ਼ਬਰਦਾਰ ਰਹਿਣ ਦੀ ਚੇਤਾਵਨੀ ਦਿੱਤੀ ਜੋ “ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” ਪਰ ਪੌਲੁਸ ਨੇ ਅੱਗੇ ਕਿਹਾ: “ਪਰ ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ ਕਿਉਂ ਜੋ ਤੂੰ ਜਾਣਦਾ ਹੈਂ ਭਈ ਕਿਨ੍ਹਾਂ ਕੋਲੋਂ ਸਿੱਖੀਆਂ ਸਨ।” (2 ਤਿਮੋਥਿਉਸ 3:13, 14) ਕਿਉਂਕਿ ਜੋ ਗੱਲ ਤੁਸੀਂ ਆਪਣੇ ਮਨ ਵਿਚ ਬਿਠਾਉਂਦੇ ਹੋ, ਉਹ ਕੁਝ ਹੱਦ ਤਕ ਤੁਹਾਨੂੰ ਜ਼ਰੂਰ ਪ੍ਰਭਾਵਿਤ ਕਰੇਗੀ, ਇਸ ਲਈ ‘ਇਹ ਜਾਣਨਾ’ ਮਹੱਤਵਪੂਰਣ ਹੈ ਕਿ ਤੁਸੀਂ ‘ਇਹ ਗੱਲਾਂ ਕਿਨ੍ਹਾਂ ਕੋਲੋਂ ਸਿੱਖੀਆਂ ਹਨ,’ ਅਤੇ ਨਿਸ਼ਚਿਤ ਕਰੋ ਕਿ ਇਹ ਉਹ ਲੋਕ ਹਨ ਜੋ ਦਿਲੋਂ ਤੁਹਾਡੀ ਭਲਾਈ ਚਾਹੁੰਦੇ ਹਨ, ਨਾ ਕਿ ਖ਼ੁਦ ਆਪਣੀ।

ਚੋਣ ਤੁਸੀਂ ਕਰਨੀ ਹੈ। ਤੁਸੀਂ ਇਸ ਸੰਸਾਰ ਦੇ ਫ਼ਲਸਫ਼ਿਆਂ ਅਤੇ ਕਦਰਾਂ-ਕੀਮਤਾਂ ਨੂੰ ਆਪਣੀ ਸੋਚਣੀ ਉੱਤੇ ਪ੍ਰਭਾਵ ਪਾਉਣ ਦੇਣ ਦੁਆਰਾ “ਇਸ ਜੁੱਗ ਦੇ ਰੂਪ ਜੇਹੇ” ਬਣਨ ਦੀ ਚੋਣ ਕਰ ਸਕਦੇ ਹੋ। (ਰੋਮੀਆਂ 12:2) ਪਰ ਇਹ ਸੰਸਾਰ ਦਿਲੋਂ ਤੁਹਾਡੀ ਭਲਾਈ ਨਹੀਂ ਚਾਹੁੰਦਾ। ਇਸ ਲਈ, ਪੌਲੁਸ ਰਸੂਲ ਚੇਤਾਵਨੀ ਦਿੰਦਾ ਹੈ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ . . . ਦੇ ਅਨੁਸਾਰ ਹਨ।” (ਕੁਲੁੱਸੀਆਂ 2:8) ਇਸ ਤਰੀਕੇ ਨਾਲ ਸ਼ਤਾਨ ਦੇ ਢਾਂਚੇ ਵਿਚ ਢਾਲ਼ੇ ਜਾਣ ਜਾਂ ਉਸ ਦੁਆਰਾ ‘ਲੁੱਟੇ ਜਾਣ’ ਲਈ ਕੋਈ ਜਤਨ ਕਰਨ ਦੀ ਲੋੜ ਨਹੀਂ ਪੈਂਦੀ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਹੋਰ ਦੀ ਸਿਗਰਟ ਦੇ ਧੂੰਏ ਨੂੰ ਆਪਣੇ ਅੰਦਰ ਲੈਣਾ। ਤੁਸੀਂ ਉਸ ਪ੍ਰਦੂਸ਼ਿਤ ਹਵਾ ਵਿਚ ਸਿਰਫ਼ ਸਾਹ ਲੈਣ ਦੁਆਰਾ ਹੀ ਪ੍ਰਭਾਵਿਤ ਹੋ ਸਕਦੇ ਹੋ।

ਦੂਜੇ ਪਾਸੇ, ਤੁਸੀਂ ਉਸ ਹਵਾ ਵਿਚ ਸਾਹ ਲੈਣ ਤੋਂ ਪਰਹੇਜ਼ ਕਰ ਸਕਦੇ ਹੋ। (ਅਫ਼ਸੀਆਂ 2:2) ਨਾਲੇ ਪੌਲੁਸ ਦੀ ਸਲਾਹ ਨੂੰ ਮੰਨੋ: “ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਇਸ ਦੇ ਲਈ ਜਤਨ ਕਰਨਾ ਪੈਂਦਾ ਹੈ। (ਕਹਾਉਤਾਂ 2:1-5) ਯਾਦ ਰੱਖੋ, ਯਹੋਵਾਹ ਕੋਈ ਚਾਲਬਾਜ਼ ਨਹੀਂ ਹੈ। ਉਹ ਤੁਹਾਨੂੰ ਸਾਰੀ ਲੋੜੀਂਦੀ ਜਾਣਕਾਰੀ ਉਪਲਬਧ ਕਰਾਉਂਦਾ ਹੈ, ਪਰ ਇਸ ਤੋਂ ਲਾਭ ਪ੍ਰਾਪਤ ਕਰਨ ਲਈ ਤੁਹਾਨੂੰ ਇਸ ਨੂੰ ਸੁਣਨਾ ਅਤੇ ਇਸ ਨੂੰ ਆਪਣੀ ਸੋਚਣੀ ਉੱਤੇ ਪ੍ਰਭਾਵ ਪਾਉਣ ਦੇਣਾ ਚਾਹੀਦਾ ਹੈ। (ਯਸਾਯਾਹ 30:20, 21; 1 ਥੱਸਲੁਨੀਕੀਆਂ 2:13) ਤੁਹਾਨੂੰ ਆਪਣੇ ਮਨ ਨੂੰ “ਪਵਿੱਤਰ ਲਿਖਤਾਂ,” ਅਰਥਾਤ ਪਰਮੇਸ਼ੁਰ ਦੇ ਪ੍ਰੇਰਿਤ ਬਚਨ, ਬਾਈਬਲ ਵਿਚ ਪਾਈ ਜਾਂਦੀ ਸੱਚਾਈ ਨਾਲ ਭਰਨ ਲਈ ਤਿਆਰ ਰਹਿਣਾ ਚਾਹੀਦਾ ਹੈ।—2 ਤਿਮੋਥਿਉਸ 3:15-17.

ਯਹੋਵਾਹ ਦੁਆਰਾ ਢਾਲ਼ੇ ਜਾਓ

ਤੁਹਾਨੂੰ ਢਾਲ਼ਣ ਲਈ ਯਹੋਵਾਹ ਜੋ ਵੀ ਪ੍ਰਭਾਵ ਪਾਉਂਦਾ ਹੈ ਜੇਕਰ ਤੁਸੀਂ ਉਸ ਤੋਂ ਲਾਭ ਉਠਾਉਣਾ ਹੈ, ਤਾਂ ਤੁਹਾਨੂੰ ਆਗਿਆਕਾਰ ਪ੍ਰਤਿਕ੍ਰਿਆ ਦਿਖਾਉਣ ਲਈ ਹਮੇਸ਼ਾ ਤਿਆਰ ਰਹਿਣ ਦੀ ਜ਼ਰੂਰਤ ਹੈ। ਇਸ ਗੱਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਦਰਸਾਇਆ ਗਿਆ ਸੀ ਜਦੋਂ ਯਹੋਵਾਹ ਨੇ ਯਿਰਮਿਯਾਹ ਨਬੀ ਨੂੰ ਇਕ ਘੁਮਿਆਰ ਦੀ ਦੁਕਾਨ ਤੇ ਜਾਣ ਲਈ ਕਿਹਾ ਸੀ। ਯਿਰਮਿਯਾਹ ਨੇ ਦੇਖਿਆ ਕਿ ਜਦੋਂ ਘੁਮਿਆਰ ਦੁਆਰਾ ਬਣਾਇਆ ਜਾ ਰਿਹਾ ਭਾਂਡਾ “ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ,” ਤਾਂ ਘੁਮਿਆਰ ਨੇ ਕੋਈ ਹੋਰ ਭਾਂਡਾ ਬਣਾਉਣ ਦਾ ਫ਼ੈਸਲਾ ਕੀਤਾ। ਫਿਰ ਯਹੋਵਾਹ ਨੇ ਕਿਹਾ: “ਹੇ ਇਸਰਾਏਲ ਦੇ ਘਰਾਣੇ, ਕੀ ਮੈਂ ਏਸ ਘੁਮਿਆਰ ਵਾਂਙੁ ਤੁਹਾਡੇ ਨਾਲ ਨਹੀਂ ਕਰ ਸੱਕਦਾ? . . . ਵੇਖੋ, ਹੇ ਇਸਰਾਏਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ।” (ਯਿਰਮਿਯਾਹ 18:1-6) ਕੀ ਇਸ ਦਾ ਇਹ ਮਤਲਬ ਸੀ ਕਿ ਇਸਰਾਏਲ ਦੇ ਲੋਕ ਯਹੋਵਾਹ ਦੇ ਹੱਥਾਂ ਵਿਚ ਸਿਰਫ਼ ਬੇਜਾਨ ਮਿੱਟੀ ਦੇ ਢੇਲਿਆਂ ਦੀ ਤਰ੍ਹਾਂ ਸਨ ਜਿਨ੍ਹਾਂ ਨੂੰ ਉਹ ਜਿਵੇਂ ਚਾਹੇ ਆਪਣੀ ਮਨਮਰਜ਼ੀ ਨਾਲ ਉਸੇ ਤਰ੍ਹਾਂ ਦੇ ਭਾਂਡੇ ਵਿਚ ਢਾਲ਼ ਦੇਵੇ?

ਯਹੋਵਾਹ ਕਦੇ ਵੀ ਲੋਕਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਕੰਮ ਕਰਾਉਣ ਲਈ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਨਹੀਂ ਕਰਦਾ ਹੈ। ਜਦ ਕਿ ਇਕ ਮਨੁੱਖੀ ਘੁਮਿਆਰ ਆਪਣੇ ਬਣਾਏ ਹੋਏ ਨੁਕਸਦਾਰ ਭਾਂਡਿਆਂ ਲਈ ਜ਼ਿੰਮੇਵਾਰ ਹੁੰਦਾ ਹੈ, ਪਰ ਯਹੋਵਾਹ ਇਨਸਾਨਾਂ ਦੇ ਵਿਗੜਨ ਲਈ ਜ਼ਿੰਮੇਵਾਰ ਨਹੀਂ ਹੈ। (ਬਿਵਸਥਾ ਸਾਰ 32:4) ਵਿਗਾੜ ਉਦੋਂ ਪੈਦਾ ਹੁੰਦਾ ਹੈ ਜਦੋਂ ਯਹੋਵਾਹ ਲੋਕਾਂ ਨੂੰ ਸਕਾਰਾਤਮਕ ਰੂਪ ਵਿਚ ਢਾਲ਼ਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਉਸ ਦੇ ਨਿਰਦੇਸ਼ਨ ਦਾ ਵਿਰੋਧ ਕਰਦੇ ਹਨ। ਇਹ ਤੁਹਾਡੇ ਅਤੇ ਇਕ ਬੇਜਾਨ ਮਿੱਟੀ ਦੇ ਢੇਲੇ ਵਿਚਕਾਰ ਸਭ ਤੋਂ ਵੱਡਾ ਫ਼ਰਕ ਹੈ। ਤੁਹਾਡੇ ਕੋਲ ਚੋਣ ਕਰਨ ਦੀ ਆਜ਼ਾਦੀ ਹੈ। ਇਸ ਆਜ਼ਾਦੀ ਦੀ ਵਰਤੋਂ ਕਰਦੇ ਹੋਏ, ਤੁਸੀਂ ਜਾਂ ਤਾਂ ਯਹੋਵਾਹ ਦੁਆਰਾ ਢਾਲ਼ੇ ਜਾਣ ਦੀ ਚੋਣ ਕਰ ਸਕਦੇ ਹੋ ਜਾਂ ਜਾਣ-ਬੁੱਝ ਕੇ ਇਸ ਦਾ ਵਿਰੋਧ ਕਰ ਸਕਦੇ ਹੋ।

ਕਿੰਨਾ ਗੰਭੀਰ ਸਬਕ! ਘਮੰਡ ਨਾਲ ਇਹ ਕਹਿਣ ਦੀ ਬਜਾਇ ਕਿ “ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਕੀ ਕਰਾਂ,” ਯਹੋਵਾਹ ਦੀ ਆਵਾਜ਼ ਨੂੰ ਸੁਣਨਾ ਕਿੰਨਾ ਬਿਹਤਰ ਹੋਵੇਗਾ! ਸਾਨੂੰ ਸਾਰਿਆਂ ਨੂੰ ਯਹੋਵਾਹ ਦੇ ਮਾਰਗ-ਦਰਸ਼ਨ ਦੀ ਲੋੜ ਹੈ। (ਯੂਹੰਨਾ 17:3) ਜ਼ਬੂਰਾਂ ਦੇ ਲਿਖਾਰੀ ਦਾਊਦ ਦੀ ਤਰ੍ਹਾਂ ਬਣੋ, ਜਿਸ ਨੇ ਪ੍ਰਾਰਥਨਾ ਕੀਤੀ ਸੀ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ।” (ਜ਼ਬੂਰ 25:4) ਯਾਦ ਕਰੋ ਕਿ ਸੁਲੇਮਾਨ ਨੇ ਕੀ ਕਿਹਾ ਸੀ: “ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ।” (ਕਹਾਉਤਾਂ 1:5) ਕੀ ਤੁਸੀਂ ਸੁਣੋਗੇ? ਜੇ ਤੁਸੀਂ ਸੁਣੋਗੇ, ਤਾਂ ਫਿਰ ‘ਮੱਤ ਤੁਹਾਡੀ ਪਾਲਨਾ ਕਰੇਗੀ, ਅਤੇ ਸਮਝ ਤੁਹਾਡੀ ਰਾਖੀ ਕਰੇਗੀ।’—ਕਹਾਉਤਾਂ 2:11.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ