ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹੋ
“ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ।”—ਜ਼ਬੂਰ 37:34.
1, 2. ਰਾਜਾ ਦਾਊਦ ਲਈ ਯਹੋਵਾਹ ਦੇ ਰਾਹ ਉੱਤੇ ਚੱਲਣ ਵਿਚ ਕੀ-ਕੀ ਸ਼ਾਮਲ ਕਰਦਾ ਸੀ, ਅਤੇ ਇਹ ਅੱਜ ਸਾਡੇ ਤੋਂ ਕੀ ਮੰਗ ਕਰਦਾ ਹੈ?
“ਮੇਰੇ ਤੁਰਨ ਦਾ ਰਾਹ ਮੈਨੂੰ ਦੱਸ, ਮੈਂ ਤਾਂ ਆਪਣੀ ਜਾਨ ਤੇਰੀ ਵੱਲ ਉਠਾ ਰੱਖੀ ਹੈ।” (ਜ਼ਬੂਰ 143:8) ਮਸੀਹੀ ਅੱਜ ਰਾਜਾ ਦਾਊਦ ਦੇ ਇਹ ਸ਼ਬਦ ਦਿਲੋਂ ਦੁਹਰਾਉਂਦੇ ਹਨ। ਉਹ ਸੱਚੇ ਦਿਲੋਂ ਯਹੋਵਾਹ ਨੂੰ ਖ਼ੁਸ਼ ਕਰਨਾ ਅਤੇ ਉਸ ਦੇ ਰਾਹ ਉੱਤੇ ਚੱਲਣਾ ਚਾਹੁੰਦੇ ਹਨ। ਇਸ ਤਰ੍ਹਾਂ ਕਰਨ ਵਿਚ ਕੀ ਸ਼ਾਮਲ ਹੈ? ਦਾਊਦ ਲਈ ਇਸ ਦਾ ਮਤਲਬ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਕਰਨੀ ਸੀ। ਇਸ ਵਿਚ ਕੌਮਾਂ ਨਾਲ ਮੇਲ-ਜੋਲ ਰੱਖਣ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਣਾ ਸ਼ਾਮਲ ਸੀ। ਅਤੇ ਇਸ ਵਿਚ ਗੁਆਂਢੀ ਲੋਕਾਂ ਦਿਆਂ ਦੇਵਤਿਆਂ ਦੀ ਸੇਵਾ ਕਰਨ ਦੀ ਬਜਾਇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨੀ ਵੀ ਸ਼ਾਮਲ ਸੀ। ਮਸੀਹੀਆਂ ਲਈ, ਯਹੋਵਾਹ ਦੇ ਰਾਹ ਉੱਤੇ ਚੱਲਣ ਵਿਚ ਇਸ ਤੋਂ ਬਹੁਤ ਜ਼ਿਆਦਾ ਸ਼ਾਮਲ ਹੈ।
2 ਇਕ ਗੱਲ ਇਹ ਹੈ ਕਿ ਅੱਜ ਯਹੋਵਾਹ ਦੇ ਰਾਹ ਉੱਤੇ ਚੱਲਣ ਦਾ ਮਤਲਬ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਰੱਖਣੀ ਅਤੇ ਉਸ ਨੂੰ “ਰਾਹ ਅਤੇ ਸਚਿਆਈ ਅਤੇ ਜੀਉਣ” ਵਜੋਂ ਸਵੀਕਾਰ ਕਰਨਾ ਹੈ। (ਯੂਹੰਨਾ 3:16; 14:6; ਇਬਰਾਨੀਆਂ 5:9) ਇਸ ਦਾ ਮਤਲਬ ‘ਮਸੀਹ ਦੀ ਸ਼ਰਾ ਨੂੰ ਪੂਰਿਆਂ ਕਰਨਾ’ ਵੀ ਹੈ, ਜਿਸ ਵਿਚ ਇਕ ਦੂਸਰੇ ਨਾਲ ਪ੍ਰੇਮ ਕਰਨਾ ਸ਼ਾਮਲ ਹੈ, ਖ਼ਾਸ ਕਰਕੇ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਨਾਲ। (ਗਲਾਤੀਆਂ 6:2; ਮੱਤੀ 25:34-40) ਜਿਹੜੇ ਯਹੋਵਾਹ ਦੇ ਰਾਹ ਉੱਤੇ ਚੱਲਦੇ ਹਨ ਉਹ ਉਸ ਦਿਆਂ ਸਿਧਾਂਤਾਂ ਅਤੇ ਹੁਕਮਾਂ ਨਾਲ ਪਿਆਰ ਕਰਦੇ ਹਨ। (ਜ਼ਬੂਰ 119:97; ਕਹਾਉਤਾਂ 4:5, 6) ਉਹ ਮਸੀਹੀ ਸੇਵਕਾਈ ਵਿਚ ਹਿੱਸਾ ਲੈਣ ਦੇ ਆਪਣੇ ਵੱਡੇ ਸਨਮਾਨ ਦੀ ਬਹੁਤ ਕਦਰ ਕਰਦੇ ਹਨ। (ਕੁਲੁੱਸੀਆਂ 4:17; 2 ਤਿਮੋਥਿਉਸ 4:5) ਪ੍ਰਾਰਥਨਾ ਉਨ੍ਹਾਂ ਦੀਆਂ ਜ਼ਿੰਦਗੀਆਂ ਦਾ ਇਕ ਬਾਕਾਇਦਾ ਹਿੱਸਾ ਹੈ। (ਰੋਮੀਆਂ 12:12) ਅਤੇ ਉਹ ‘ਚੌਕਸੀ ਨਾਲ ਵੇਖਦੇ ਹਨ ਭਈਂ ਉਹ ਕਿੱਕੁਰ ਚੱਲਦੇ ਹਨ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ।’ (ਅਫ਼ਸੀਆਂ 5:15) ਉਹ ਅਸਥਾਈ ਮਾਲੀ ਫ਼ਾਇਦਿਆਂ ਜਾਂ ਨਾਜਾਇਜ਼ ਸਰੀਰਕ ਮਜ਼ਿਆਂ ਲਈ ਰੂਹਾਨੀ ਧਨ ਦੀ ਕੁਰਬਾਨੀ ਨਹੀਂ ਦਿੰਦੇ। (ਮੱਤੀ 6:19, 20; 1 ਯੂਹੰਨਾ 2:15-17) ਇਸ ਦੇ ਨਾਲ-ਨਾਲ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਅਤੇ ਉਸ ਉੱਤੇ ਭਰੋਸਾ ਰੱਖਣਾ ਆਵੱਸ਼ਕ ਹੈ। (2 ਕੁਰਿੰਥੀਆਂ 1:9; 10:5; ਅਫ਼ਸੀਆਂ 4:24) ਕਿਉਂ? ਕਿਉਂਕਿ ਸਾਡੀ ਸਥਿਤੀ ਪ੍ਰਾਚੀਨ ਇਸਰਾਏਲ ਦੀ ਸਥਿਤੀ ਵਰਗੀ ਹੈ।
ਵਿਸ਼ਵਾਸ ਅਤੇ ਵਫ਼ਾਦਾਰੀ ਦੀ ਜ਼ਰੂਰਤ
3. ਵਫ਼ਾਦਾਰੀ, ਨਿਹਚਾ, ਅਤੇ ਵਿਸ਼ਵਾਸ ਸਾਨੂੰ ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹਿਣ ਵਿਚ ਕਿਉਂ ਮਦਦ ਦੇਣਗੇ?
3 ਇਸਰਾਏਲ ਇਕ ਛੋਟੀ ਜਿਹੀ ਕੌਮ ਸੀ ਅਤੇ ਵਿਰੋਧੀ ਗੁਆਂਢੀਆਂ ਦੁਆਰਾ ਘੇਰੀ ਹੋਈ ਸੀ ਜੋ ਮੂਰਤੀ-ਪੂਜਾ ਵਿਚ ਕਾਮੀ ਰੀਤਾਂ ਪੂਰੀਆਂ ਕਰਦੇ ਸਨ। (1 ਇਤਹਾਸ 16:26) ਸਿਰਫ਼ ਇਸਰਾਏਲੀ ਲੋਕ ਹੀ ਇੱਕੋ ਸੱਚੇ ਅਤੇ ਅਦਿੱਖ ਪਰਮੇਸ਼ੁਰ, ਯਹੋਵਾਹ, ਦੀ ਉਪਾਸਨਾ ਕਰਦੇ ਸਨ ਅਤੇ ਉਹ ਲੋੜਦਾ ਸੀ ਕਿ ਉਹ ਉੱਚੇ ਨੈਤਿਕ ਮਿਆਰ ਕਾਇਮ ਰੱਖਣ। (ਬਿਵਸਥਾ ਸਾਰ 6:4) ਇਸੇ ਤਰ੍ਹਾਂ ਅੱਜ ਵੀ, ਸਿਰਫ਼ ਸੱਠ ਕੁ ਲੱਖ ਲੋਕ ਯਹੋਵਾਹ ਦੀ ਉਪਾਸਨਾ ਕਰਦੇ ਹਨ। ਅਤੇ ਉਹ ਅਜਿਹੇ ਸੰਸਾਰ ਵਿਚ ਜੀ ਰਹੇ ਹਨ ਜਿਸ ਵਿਚ ਤਕਰੀਬਨ ਛੇ ਅਰਬ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਮਿਆਰ ਅਤੇ ਧਰਮੀ ਨਜ਼ਰੀਏ ਉਨ੍ਹਾਂ ਤੋਂ ਬਿਲਕੁਲ ਉਲਟ ਹਨ। ਜੇਕਰ ਅਸੀਂ ਉਨ੍ਹਾਂ ਕੁਝ ਲੱਖਾਂ ਵਿੱਚੋਂ ਹਾਂ, ਤਾਂ ਸਾਨੂੰ ਗ਼ਲਤ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ। ਕਿਸ ਤਰ੍ਹਾਂ? ਯਹੋਵਾਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿ ਕੇ ਅਤੇ ਉਸ ਉੱਤੇ ਵਿਸ਼ਵਾਸ ਕਰ ਕੇ, ਅਤੇ ਇਸ ਗੱਲ ਵਿਚ ਪੱਕਾ ਭਰੋਸਾ ਰੱਖ ਕੇ ਕਿ ਉਹ ਆਪਣੇ ਵਾਅਦੇ ਨਿਭਾਏਗਾ। (ਇਬਰਾਨੀਆਂ 11:6) ਇਹ ਸਾਨੂੰ ਉਨ੍ਹਾਂ ਚੀਜ਼ਾਂ ਵਿਚ ਭਰੋਸਾ ਰੱਖਣ ਤੋਂ ਰੋਕੇਗਾ ਜਿਨ੍ਹਾਂ ਵਿਚ ਸੰਸਾਰ ਭਰੋਸਾ ਰੱਖਦਾ ਹੈ।—ਕਹਾਉਤਾਂ 20:22; 1 ਤਿਮੋਥਿਉਸ 6:17.
4. ਕੌਮਾਂ “ਦੀ ਬੁੱਧ ਅਨ੍ਹੇਰੀ” ਕਿਉਂ “ਹੋਈ ਹੋਈ ਹੈ”?
4 ਪੌਲੁਸ ਰਸੂਲ ਨੇ ਇਹ ਦਿਖਾਇਆ ਸੀ ਕਿ ਮਸੀਹੀਆਂ ਨੂੰ ਸੰਸਾਰ ਤੋਂ ਕਿੰਨਾ ਵੱਖਰਾ ਹੋਣਾ ਚਾਹੀਦਾ ਹੈ ਜਦੋਂ ਉਸ ਨੇ ਲਿਖਿਆ: “ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੁ ਵਿੱਚ ਗਵਾਹ ਹੋ ਕੇ ਤਗੀਦ ਕਰਦਾ ਹਾਂ ਜੋ ਤੁਸੀਂ ਅਗਾਹਾਂ ਨੂੰ ਅਜਿਹੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੇ ਵਿਰਥਾਪੁਣੇ ਨਾਲ ਚੱਲਦੀਆਂ ਹਨ। ਉਨ੍ਹਾਂ ਦੀ ਬੁੱਧ ਅਨ੍ਹੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਓਹ ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ।” (ਅਫ਼ਸੀਆਂ 4:17, 18) ਯਿਸੂ “ਸੱਚਾ ਚਾਨਣ” ਹੈ। (ਯੂਹੰਨਾ 1:9) ਜਿਹੜੇ ਵੀ ਉਸ ਨੂੰ ਠੁਕਰਾਉਂਦੇ ਹਨ ਜਾਂ ਉਸ ਵਿਚ ਵਿਸ਼ਵਾਸ ਕਰਨ ਦਾ ਸਿਰਫ਼ ਦਾਅਵਾ ਕਰਦੇ ਹਨ ਪਰ “ਮਸੀਹ ਦੀ ਸ਼ਰਾ” ਨੂੰ ਨਹੀਂ ਮੰਨਦੇ, ਉਨ੍ਹਾਂ ਦੀ “ਬੁੱਧ ਅਨ੍ਹੇਰੀ ਹੋਈ ਹੋਈ ਹੈ।” ਯਹੋਵਾਹ ਦੇ ਰਾਹ ਉੱਤੇ ਚੱਲਣ ਦੀ ਬਜਾਇ ਉਹ ਤਾਂ “ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ।” ਸੰਸਾਰੀ ਤੌਰ-ਤਰੀਕਿਆਂ ਵਿਚ ਉਹ ਆਪਣੇ ਆਪ ਨੂੰ ਭਾਵੇਂ ਕਿੰਨੇ ਵੀ ਬੁੱਧੀਮਾਨ ਕਿਉਂ ਨਾ ਸਮਝਣ, ਉਹ ਸੱਚੇ ਗਿਆਨ ‘ਵਿਚ ਅਗਿਆਨ’ ਹਨ, ਯਾਨੀ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦਾ ਗਿਆਨ ਜੋ ਜੀਵਨ ਵੱਲ ਲੈ ਜਾਂਦਾ ਹੈ।—ਯੂਹੰਨਾ 17:3; 1 ਕੁਰਿੰਥੀਆਂ 3:19.
5. ਭਾਵੇਂ ਕਿ ਸੱਚਾਈ ਦਾ ਚਾਨਣ ਸੰਸਾਰ ਵਿਚ ਚਮਕ ਰਿਹਾ ਹੈ, ਕਈ ਦਿਲ ਭਾਵਹੀਣ ਕਿਉਂ ਹਨ?
5 ਲੇਕਿਨ, ਸੱਚਾਈ ਦਾ ਚਾਨਣ ਸੰਸਾਰ ਵਿਚ ਚਮਕ ਰਿਹਾ ਹੈ! (ਜ਼ਬੂਰ 43:3; ਫ਼ਿਲਿੱਪੀਆਂ 2:15) “ਬੁੱਧ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ।” (ਕਹਾਉਤਾਂ 1:20) ਪਿਛਲੇ ਸਾਲ ਯਹੋਵਾਹ ਦੇ ਗਵਾਹਾਂ ਨੇ ਇਕ ਅਰਬ ਤੋਂ ਜ਼ਿਆਦਾ ਘੰਟੇ ਆਪਣੇ ਗੁਆਂਢੀਆਂ ਨੂੰ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਦੱਸਣ ਵਿਚ ਗੁਜ਼ਾਰੇ। ਹਜ਼ਾਰਾਂ ਹੀ ਲੋਕ ਇਸ ਸੰਦੇਸ਼ ਤੋਂ ਪ੍ਰਭਾਵਿਤ ਹੋਏ। ਲੇਕਿਨ, ਕੀ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਕਿ ਕਈਆਂ ਹੋਰਨਾਂ ਨੇ ਇਸ ਨੂੰ ਸੁਣਨ ਤੋਂ ਇਨਕਾਰ ਕੀਤਾ? ਨਹੀਂ। ਪੌਲੁਸ ਨੇ ਉਨ੍ਹਾਂ ਦੇ “ਮਨ ਦੀ ਕਠੋਰਤਾ” ਬਾਰੇ ਗੱਲ ਕੀਤੀ ਸੀ। ਕਈਆਂ ਦੇ ਦਿਲ ਖ਼ੁਦਗਰਜ਼ੀ ਜਾਂ ਪੈਸੇ ਦੇ ਲਾਲਚ ਕਾਰਨ ਭਾਵਹੀਣ ਹਨ। ਦੂਸਰਿਆਂ ਉੱਤੇ ਝੂਠੇ ਧਰਮ ਦਾ ਜਾਂ ਸੰਸਾਰਕ ਨਜ਼ਰੀਏ ਦਾ ਅਸਰ ਪਿਆ ਹੋਇਆ ਹੈ, ਜੋ ਕਿ ਅੱਜ ਦੂਰ-ਦੂਰ ਤਕ ਫੈਲਿਆ ਹੋਇਆ ਹੈ। ਜੀਵਨ ਦਿਆਂ ਕਠਿਨ ਅਨੁਭਵਾਂ ਦੇ ਕਾਰਨ ਕਈਆਂ ਨੇ ਪਰਮੇਸ਼ੁਰ ਵੱਲੋਂ ਮੂੰਹ ਮੋੜ ਲਿਆ ਹੈ। ਦੂਸਰੇ ਯਹੋਵਾਹ ਦੇ ਉੱਚੇ ਨੈਤਿਕ ਮਿਆਰਾਂ ਅਨੁਸਾਰ ਚੱਲਣ ਤੋਂ ਇਨਕਾਰ ਕਰਦੇ ਹਨ। (ਯੂਹੰਨਾ 3:20) ਕੀ ਯਹੋਵਾਹ ਦੇ ਰਾਹ ਉੱਤੇ ਚੱਲਦੇ ਹੋਏ ਕਿਸੇ ਵਿਅਕਤੀ ਦਾ ਦਿਲ ਇਨ੍ਹਾਂ ਚੀਜ਼ਾਂ ਕਰਕੇ ਭਾਵਹੀਣ ਹੋ ਸਕਦਾ ਹੈ?
6, 7. ਭਾਵੇਂ ਕਿ ਇਸਰਾਏਲੀ ਯਹੋਵਾਹ ਦੇ ਉਪਾਸਕ ਸਨ, ਉਨ੍ਹਾਂ ਨੇ ਕਿਨ੍ਹਾਂ ਸਮਿਆਂ ਤੇ ਗ਼ਲਤੀ ਕੀਤੀ ਅਤੇ ਕਿਉਂ?
6 ਪੌਲੁਸ ਦਿਖਾਉਂਦਾ ਹੈ ਕਿ ਪ੍ਰਾਚੀਨ ਇਸਰਾਏਲ ਵਿਚ ਇਸ ਤਰ੍ਹਾਂ ਹੋਇਆ ਸੀ। ਉਸ ਨੇ ਲਿਖਿਆ: “ਅਤੇ ਏਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ ਭਈ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾਂ ਨਾ ਕਰੀਏ ਜਿਵੇਂ ਓਹਨਾਂ ਨੇ ਕਾਮਨਾਂ ਕੀਤੀਆਂ ਸਨ। ਅਤੇ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਓਹਨਾਂ ਵਿੱਚੋਂ ਕਈਕੁ ਹੋਏ ਸਨ। ਜਿਸ ਪਰਕਾਰ ਲਿਖਿਆ ਹੋਇਆ ਹੈ ਜੋ ਓਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ। ਅਤੇ ਨਾ ਅਸੀਂ ਹਰਾਮਕਾਰੀ ਕਰੀਏ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਜਣਿਆਂ ਦੇ ਸੱਥਰ ਲੱਥੇ।”—1 ਕੁਰਿੰਥੀਆਂ 10:6-8.
7 ਪੌਲੁਸ ਪਹਿਲਾਂ ਉਸ ਸਮੇਂ ਦਾ ਸੰਕੇਤ ਕਰਦਾ ਹੈ ਜਦੋਂ ਇਸਰਾਏਲ ਨੇ ਸੀਨਈ ਪਹਾੜ ਦੇ ਪੈਰੀਂ ਇਕ ਸੋਨੇ ਦੇ ਬੱਛੇ ਦੀ ਪੂਜਾ ਕੀਤੀ। (ਕੂਚ 32:5, 6) ਇਹ ਠੀਕ ਉਸ ਈਸ਼ਵਰੀ ਹੁਕਮ ਦੀ ਅਵੱਗਿਆ ਸੀ ਜਿਸ ਨੂੰ ਉਨ੍ਹਾਂ ਨੇ ਸਿਰਫ਼ ਕੁਝ ਹੀ ਹਫ਼ਤੇ ਪਹਿਲਾਂ ਮੰਨਣ ਦਾ ਵਾਅਦਾ ਕੀਤਾ ਸੀ। (ਕੂਚ 20:4-6; 24:3) ਫਿਰ, ਪੌਲੁਸ ਉਸ ਸਮੇਂ ਵੱਲ ਸੰਕੇਤ ਕਰਦਾ ਹੈ ਜਦੋਂ ਇਸਰਾਏਲੀਆਂ ਨੇ ਮੋਆਬ ਦੀਆਂ ਧੀਆਂ ਨਾਲ ਬਆਲ ਅੱਗੇ ਮੱਥਾ ਟੇਕਿਆ। (ਗਿਣਤੀ 25:1-9) ਬੱਛੇ ਦੀ ਪੂਜਾ ਵਿਚ ਘੋਰ ਐਸ਼ਪਰਸਤੀ ਸੀ, ਯਾਨੀ ‘ਹੱਸਣਾ ਖੇਲਣਾ।’a ਬਆਲ ਦੀ ਪੂਜਾ ਵਿਚ ਘੋਰ ਲਿੰਗੀ ਅਨੈਤਿਕਤਾ ਸ਼ਾਮਲ ਸੀ। (ਪਰਕਾਸ਼ ਦੀ ਪੋਥੀ 2:14) ਇਸਰਾਏਲੀਆਂ ਨੇ ਇਹ ਪਾਪ ਕਿਉਂ ਕੀਤੇ? ਕਿਉਂਕਿ ਉਨ੍ਹਾਂ ਨੇ ਆਪਣਿਆਂ ਦਿਲਾਂ ਨੂੰ ‘ਮਾੜੀਆਂ ਗੱਲਾਂ ਦੀਆਂ ਕਾਮਨਾਂ ਕਰਨ ਦਿੱਤੀਆਂ’—ਚਾਹੇ ਉਹ ਮੂਰਤੀ-ਪੂਜਾ ਸੀ ਜਾਂ ਉਸ ਦੇ ਨਾਂ ਵਿਚ ਕੀਤੇ ਗਏ ਕਾਮੀ ਅਭਿਆਸ ਸਨ।
8. ਅਸੀਂ ਇਸਰਾਏਲ ਦੇ ਅਨੁਭਵ ਤੋਂ ਕੀ ਸਿੱਖ ਸਕਦੇ ਹਾਂ?
8 ਪੌਲੁਸ ਨੇ ਸੰਕੇਤ ਕੀਤਾ ਕਿ ਸਾਨੂੰ ਇਨ੍ਹਾਂ ਘਟਨਾਵਾਂ ਤੋਂ ਸਿੱਖਣਾ ਚਾਹੀਦਾ ਹੈ। ਕੀ ਸਿੱਖਣਾ ਚਾਹੀਦਾ ਹੈ? ਇਹ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਕੀ ਮਸੀਹੀ ਸੋਨੇ ਦੇ ਬੱਛੇ ਜਾਂ ਪ੍ਰਾਚੀਨ ਮੋਆਬੀ ਦੇਵਤੇ ਨੂੰ ਮੱਥਾ ਟੇਕਣਗੇ। ਲੇਕਿਨ ਅਨੈਤਿਕਤਾ ਜਾਂ ਬੇਹੱਦ ਐਸ਼ਪਰਸਤੀ ਬਾਰੇ ਕੀ? ਇਹ ਅੱਜ-ਕੱਲ੍ਹ ਆਮ ਹਨ, ਅਤੇ ਜੇ ਅਸੀਂ ਇਨ੍ਹਾਂ ਦੀ ਇੱਛਾ ਆਪਣਿਆਂ ਦਿਲਾਂ ਵਿਚ ਵਧਣ ਦੇਈਏ ਤਾਂ ਇਹ ਸਾਡੇ ਅਤੇ ਯਹੋਵਾਹ ਦੇ ਵਿਚਕਾਰ ਇਕ ਦੀਵਾਰ ਬਣ ਜਾਣਗੀਆਂ। ਇਸ ਦਾ ਨਤੀਜਾ ਮੂਰਤੀ-ਪੂਜਾ ਵਿਚ ਹਿੱਸਾ ਲੈਣ ਦੇ ਸਮਾਨ ਹੋਵੇਗਾ—ਪਰਮੇਸ਼ੁਰ ਤੋਂ ਅੱਡ ਹੋਣਾ। (ਕੁਲੁੱਸੀਆਂ 3:5; ਫ਼ਿਲਿੱਪੀਆਂ 3:19 ਦੀ ਤੁਲਨਾ ਕਰੋ।) ਪੌਲੁਸ ਸੰਗੀ ਵਿਸ਼ਵਾਸੀਆਂ ਨੂੰ ਇਹ ਸਲਾਹ ਦੇ ਕੇ ਇਨ੍ਹਾਂ ਘਟਨਾਵਾਂ ਦੀ ਚਰਚਾ ਸਮਾਪਤ ਕਰਦਾ ਹੈ ਕਿ “ਮੂਰਤੀ ਪੂਜਾ ਤੋਂ ਭੱਜੋ।”—1 ਕੁਰਿੰਥੀਆਂ 10:14.
ਯਹੋਵਾਹ ਦੇ ਰਾਹ ਉੱਤੇ ਚੱਲਣ ਲਈ ਮਦਦ
9. (ੳ) ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹਿਣ ਲਈ ਸਾਨੂੰ ਕਿਹੜੀ ਮਦਦ ਮਿਲਦੀ ਹੈ? (ਅ) ‘ਸਾਡੇ ਪਿੱਛੋਂ ਗੱਲ’ ਸੁਣਨ ਦਾ ਇਕ ਤਰੀਕਾ ਕੀ ਹੈ?
9 ਜੇਕਰ ਯਹੋਵਾਹ ਦੇ ਰਾਹ ਉੱਤੇ ਚੱਲਣ ਦਾ ਸਾਡਾ ਪੱਕਾ ਇਰਾਦਾ ਹੈ ਤਾਂ ਸਾਨੂੰ ਮਦਦ ਮਿਲ ਸਕਦੀ ਹੈ। ਯਸਾਯਾਹ ਨੇ ਭਵਿੱਖਬਾਣੀ ਕੀਤੀ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾਯਾਹ 30:21) ‘ਸਾਡੇ ਕੰਨ’ ਕਿਸ ਤਰ੍ਹਾਂ ‘ਸਾਡੇ ਪਿੱਛੋਂ ਉਹ ਗੱਲ’ ਸੁਣਦੇ ਹਨ? ਅੱਜ ਸਾਡੇ ਵਿੱਚੋਂ ਕੋਈ ਵੀ ਪਰਮੇਸ਼ੁਰ ਵੱਲੋਂ ਇਕ ਸੱਚ-ਮੁੱਚ ਦੀ ਆਵਾਜ਼ ਨਹੀਂ ਸੁਣਦਾ ਜਾਂ ਇਕ ਨਿੱਜੀ ਸੰਦੇਸ਼ ਪ੍ਰਾਪਤ ਨਹੀਂ ਕਰਦਾ। ਜੋ “ਗੱਲ” ਸੁਣੀ ਜਾਂਦੀ ਹੈ ਉਹ ਸਾਡੇ ਸਾਰਿਆਂ ਕੋਲ ਇਕ ਹੀ ਤਰੀਕੇ ਵਿਚ ਪਹੁੰਚਦੀ ਹੈ। ਪਹਿਲਾਂ ਤਾਂ ਇਹ ਪ੍ਰੇਰਿਤ ਸ਼ਾਸਤਰ, ਬਾਈਬਲ, ਰਾਹੀਂ ਆਉਂਦੀ ਹੈ ਜਿਸ ਵਿਚ ਪਰਮੇਸ਼ੁਰ ਦੇ ਖ਼ਿਆਲ ਹਨ ਅਤੇ ਇਨਸਾਨਾਂ ਨਾਲ ਉਸ ਦੇ ਵਰਤਾਉ ਦਾ ਰਿਕਾਰਡ ਹੈ। ਕਿਉਂਕਿ ਸਾਨੂੰ ਰੋਜ਼ ਉਨ੍ਹਾਂ ਦੇ ਪ੍ਰਾਪੇਗੰਡਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਜੋ “ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ,” ਸਾਨੂੰ ਚੰਗੀ ਰੂਹਾਨੀ ਸਿਹਤ ਕਾਇਮ ਰੱਖਣ ਲਈ ਬਾਕਾਇਦਾ ਬਾਈਬਲ ਪੜ੍ਹਨ ਅਤੇ ਉਸ ਉੱਤੇ ਮਨਨ ਕਰਨ ਦੀ ਜ਼ਰੂਰਤ ਹੈ। ਇਹ ਸਾਨੂੰ “ਵਿਰਥੀਆਂ ਗੱਲਾਂ” ਤੋਂ ਬਚਣ ਲਈ ਅਤੇ ਸਾਨੂੰ ‘ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਹੋਣ’ ਵਿਚ ਮਦਦ ਦੇਵੇਗਾ। (ਰਸੂਲਾਂ ਦੇ ਕਰਤੱਬ 14:14, 15; 2 ਤਿਮੋਥਿਉਸ 3:16, 17) ਇਹ ਸਾਨੂੰ ਮਜ਼ਬੂਤ ਕਰੇਗਾ, ਸਾਡਾ ਹੌਸਲਾ ਵਧਾਵੇਗਾ ਅਤੇ ‘ਸਾਡੇ ਮਾਰਗ ਨੂੰ ਸੁਫਲ ਬਣਾਉਣ’ ਵਿਚ ਸਾਡੀ ਮਦਦ ਕਰੇਗਾ। (ਯਹੋਸ਼ੁਆ 1:7, 8) ਇਸ ਲਈ, ਯਹੋਵਾਹ ਦਾ ਬਚਨ ਉਤੇਜਿਤ ਕਰਦਾ ਹੈ: “ਸੋ ਹੁਣ, ਹੇ ਮੇਰੇ ਪੁੱਤ੍ਰੋ, ਤੁਸੀਂ ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ। ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਅਤੇ ਉਸ ਤੋਂ ਮੂੰਹ ਨਾ ਮੋੜੋ।”—ਕਹਾਉਤਾਂ 8:32, 33.
10. ‘ਸਾਡੇ ਪਿੱਛੋਂ ਗੱਲ’ ਸੁਣਨ ਦਾ ਦੂਸਰਾ ਤਰੀਕਾ ਕਿਹੜਾ ਹੈ?
10 ‘ਸਾਡੇ ਪਿੱਛੋਂ ਗੱਲ’ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਵੀ ਸਾਨੂੰ ਸੁਣਾਈ ਦੇਵੇਗੀ, ਜੋ ‘ਵੇਲੇ ਸਿਰ ਰਸਤ’ ਦਿੰਦਾ ਹੈ। (ਮੱਤੀ 24:45-47) ਛਾਪੇ ਗਏ ਬਾਈਬਲ-ਆਧਾਰਿਤ ਪ੍ਰਕਾਸ਼ਨ ਰਸਤ ਦੇਣ ਦਾ ਇਕ ਤਰੀਕਾ ਹੈ, ਅਤੇ ਹਾਲ ਹੀ ਦੇ ਸਾਲਾਂ ਵਿਚ ਸਾਨੂੰ ਚੋਖੀ ਰਸਤ ਮਿਲੀ ਹੈ। ਮਿਸਾਲ ਲਈ, ਪਹਿਰਾਬੁਰਜ ਰਸਾਲੇ ਰਾਹੀਂ, ਭਵਿੱਖਬਾਣੀ ਦੀ ਸਾਡੀ ਸਮਝ ਸੁਧਾਰੀ ਗਈ ਹੈ। ਇਸ ਰਸਾਲੇ ਰਾਹੀਂ, ਸਾਨੂੰ ਲੋਕਾਂ ਦੀ ਬੇਪਰਵਾਹੀ ਦੇ ਬਾਵਜੂਦ ਪ੍ਰਚਾਰ ਦੇ ਕੰਮ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਦ੍ਰਿੜ੍ਹ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ ਹੈ, ਸਾਨੂੰ ਛੁਪਿਆਂ ਖ਼ਤਰਿਆਂ ਤੋਂ ਬਚਣ ਦੀ ਮਦਦ ਦਿੱਤੀ ਗਈ ਹੈ, ਅਤੇ ਸਾਨੂੰ ਮਸੀਹੀ ਗੁਣ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਅਸੀਂ ਇਸ ਵੇਲੇ ਸਿਰ ਮਿਲੀ ਰਸਤ ਦੀ ਕਿੰਨੀ ਕਦਰ ਕਰਦੇ ਹਾਂ!
11. ਤੀਸਰਾ ਤਰੀਕਾ ਦੱਸੋ ਜਿਸ ਰਾਹੀਂ ਅਸੀਂ ‘ਸਾਡੇ ਪਿੱਛੋਂ ਗੱਲ’ ਸੁਣ ਸਕਦੇ ਹਾਂ।
11 ਮਾਤਬਰ ਅਤੇ ਬੁੱਧਵਾਨ ਨੌਕਰ ਸਾਡੀਆਂ ਨਿਯਮਿਤ ਸਭਾਵਾਂ ਰਾਹੀਂ ਵੀ ਸਾਡੇ ਲਈ ਰਸਤ ਦਾ ਪ੍ਰਬੰਧ ਕਰਦਾ ਹੈ। ਇਨ੍ਹਾਂ ਵਿਚ ਸਥਾਨਕ ਕਲੀਸਿਯਾ ਸਭਾਵਾਂ, ਸਾਲ ਵਿਚ ਦੋ ਵਾਰ ਸਰਕਟ ਸੰਮੇਲਨ, ਅਤੇ ਹਰ ਸਾਲ ਇਕ ਮਹਾਂ-ਸੰਮੇਲਨ ਸ਼ਾਮਲ ਹੈ। ਕਿਹੜਾ ਵਫ਼ਾਦਾਰ ਮਸੀਹੀ ਅਜਿਹੇ ਇਕੱਠਾਂ ਦੀ ਕਦਰ ਨਹੀਂ ਕਰਦਾ? ਇਹ ਯਹੋਵਾਹ ਦੇ ਰਾਹ ਉੱਤੇ ਚੱਲਣ ਵਿਚ ਸਾਨੂੰ ਸਹਾਰਾ ਦੇਣ ਦਾ ਇਕ ਮਹੱਤਵਪੂਰਣ ਪ੍ਰਬੰਧ ਹੈ। ਕਿਉਂਕਿ ਕਈਆਂ ਨੂੰ ਕੰਮ ਤੇ ਜਾਂ ਸਕੂਲੇ ਅਜਿਹੇ ਲੋਕਾਂ ਦੀ ਸੰਗਤ ਵਿਚ ਕਾਫ਼ੀ ਸਮਾਂ ਗੁਜ਼ਾਰਨਾ ਪੈਂਦਾ ਹੈ ਜੋ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹਨ, ਨਿਯਮਿਤ ਮਸੀਹੀ ਸੰਗਤ ਸੱਚ-ਮੁੱਚ ਜਾਨ-ਬਚਾਊ ਹੈ। ਸਭਾਵਾਂ ਸਾਨੂੰ ‘ਇਕ ਦੂਏ ਨੂੰ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ’ ਦਾ ਵਧੀਆ ਮੌਕਾ ਦਿੰਦੀਆਂ ਹਨ। (ਇਬਰਾਨੀਆਂ 10:24) ਅਸੀਂ ਆਪਣੇ ਭਰਾਵਾਂ ਨੂੰ ਪ੍ਰੇਮ ਕਰਦੇ ਹਾਂ ਅਤੇ ਅਸੀਂ ਉਨ੍ਹਾਂ ਨਾਲ ਸੰਗਤ ਕਰਨੀ ਪਸੰਦ ਕਰਦੇ ਹਾਂ।—ਜ਼ਬੂਰ 133:1.
12. ਯਹੋਵਾਹ ਦੇ ਗਵਾਹਾਂ ਦਾ ਪੱਕਾ ਇਰਾਦਾ ਕੀ ਹੈ, ਅਤੇ ਉਨ੍ਹਾਂ ਨੇ ਹਾਲ ਹੀ ਵਿਚ ਇਸ ਨੂੰ ਕਿਸ ਤਰ੍ਹਾਂ ਪ੍ਰਗਟ ਕੀਤਾ ਸੀ?
12 ਅਜਿਹੀ ਰੂਹਾਨੀ ਰਸਤ ਦੁਆਰਾ ਮਜ਼ਬੂਤ ਕੀਤੇ ਜਾਣ ਕਰਕੇ, ਅੱਜ ਤਕਰੀਬਨ ਸੱਠ ਲੱਖ ਲੋਕ ਯਹੋਵਾਹ ਦੇ ਰਾਹ ਉੱਤੇ ਚੱਲ ਰਹੇ ਹਨ, ਅਤੇ ਲੱਖਾਂ ਹੋਰ ਲੋਕ ਬਾਈਬਲ ਦੇ ਅਧਿਐਨ ਦੁਆਰਾ ਇਸ ਤਰ੍ਹਾਂ ਚੱਲਣਾ ਸਿੱਖ ਰਹੇ ਹਨ। ਕੀ ਉਹ ਇਸ ਹਕੀਕਤ ਦੁਆਰਾ ਨਿਰਾਸ਼ ਜਾਂ ਕਮਜ਼ੋਰ ਹੁੰਦੇ ਹਨ ਕਿ ਧਰਤੀ ਦੇ ਕਰੋੜਾਂ ਲੋਕਾਂ ਦੀ ਤੁਲਨਾ ਵਿਚ ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ? ਹਰਗਿਜ਼ ਨਹੀਂ! ਉਨ੍ਹਾਂ ਨੇ ਪੱਕਾ ਇਰਾਦਾ ਬਣਾਇਆ ਹੈ ਕਿ ਉਹ ਯਹੋਵਾਹ ਦੀ ਇੱਛਾ ਵਫ਼ਾਦਾਰੀ ਨਾਲ ਕਰਦੇ ਹੋਏ ‘ਆਪਣੇ ਪਿੱਛੋਂ ਗੱਲ’ ਨੂੰ ਧਿਆਨ ਦਿੰਦੇ ਰਹਿਣਗੇ। ਇਸ ਪੱਕੇ ਇਰਾਦੇ ਦੇ ਪ੍ਰਗਟਾਵੇ ਵਜੋਂ, 1998/99 ‘ਈਸ਼ਵਰੀ ਜੀਵਨ ਦੇ ਰਾਹ’ ਦੇ ਜ਼ਿਲ੍ਹਾ ਅਤੇ ਅੰਤਰਰਾਸ਼ਟਰੀ ਮਹਾਂ-ਸੰਮੇਲਨਾਂ ਦੌਰਾਨ, ਪ੍ਰਤਿਨਿਧਾਂ ਨੇ ਇਕ ਮਤਾ ਅਪਣਾਇਆ ਜੋ ਉਨ੍ਹਾਂ ਦੇ ਦਿਲ ਦੀ ਇੱਛਾ ਪ੍ਰਗਟ ਕਰਦਾ ਹੈ। ਅੱਗੇ ਉਸ ਮਤਾ ਦੇ ਸ਼ਬਦ ਹਨ।
ਮਤਾ
13, 14. ਸੰਸਾਰ ਦੇ ਹਾਲਾਤਾਂ ਬਾਰੇ ਯਹੋਵਾਹ ਦੇ ਗਵਾਹ ਕਿਹੜਾ ਵਾਸਤਵਿਕ ਨਜ਼ਰੀਆ ਰੱਖਦੇ ਹਨ?
13 “ਯਹੋਵਾਹ ਦੇ ਗਵਾਹਾਂ ਵਜੋਂ, ਅਸੀਂ ਜੋ ‘ਈਸ਼ਵਰੀ ਜੀਵਨ ਦੇ ਰਾਹ’ ਮਹਾਂ-ਸੰਮੇਲਨ ਵਿਚ ਇਕੱਠੇ ਹੋਏ ਹਾਂ, ਪੂਰੇ ਦਿਲ ਨਾਲ ਸਹਿਮਤ ਹਾਂ ਕਿ ਜੀਵਨ ਲਈ ਪਰਮੇਸ਼ੁਰ ਦਾ ਰਾਹ ਉੱਤਮ ਹੈ। ਲੇਕਿਨ, ਅਸੀਂ ਮੰਨਦੇ ਹਾਂ ਕਿ ਅੱਜ ਦੁਨੀਆਂ ਵਿਚ ਜ਼ਿਆਦਾਤਰ ਲੋਕ ਇਸ ਤਰ੍ਹਾਂ ਮਹਿਸੂਸ ਨਹੀਂ ਕਰਦੇ ਹਨ। ਇਹ ਦੇਖਣ ਲਈ ਕਿ ਜੀਵਨ ਦੇ ਉੱਤਮ ਰਾਹ ਵਿਚ ਕੀ-ਕੀ ਸ਼ਾਮਲ ਹੈ ਮਾਨਵ ਸਮਾਜ ਨੇ ਅਨੇਕ ਧਾਰਣਾਵਾਂ, ਫ਼ਲਸਫ਼ਿਆਂ, ਅਤੇ ਧਾਰਮਿਕ ਵਿਚਾਰਾਂ ਨੂੰ ਪਰਖਿਆ ਹੈ। ਮਾਨਵ ਇਤਿਹਾਸ ਅਤੇ ਸੰਸਾਰ ਦੇ ਮੌਜੂਦਾ ਹਾਲਾਤ ਉੱਤੇ ਇਕ ਨਜ਼ਰ, ਯਿਰਮਿਯਾਹ 10:23 ਵਿਚ ਦਰਜ ਈਸ਼ਵਰੀ ਐਲਾਨ ਦੀ ਸੱਚਾਈ ਨੂੰ ਸਾਬਤ ਕਰਦੀ ਹੈ: ‘ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।’
14 “ਹਰ ਰੋਜ਼ ਅਸੀਂ ਹੋਰ ਸਬੂਤ ਦੇਖਦੇ ਹਾਂ ਜੋ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਸਾਬਤ ਕਰਦੇ ਹਨ। ਆਮ ਤੌਰ ਤੇ, ਮਾਨਵ ਸਮਾਜ ਈਸ਼ਵਰੀ ਜੀਵਨ ਦੇ ਰਾਹ ਵੱਲ ਧਿਆਨ ਨਹੀਂ ਦਿੰਦਾ। ਲੋਕ ਉਹੀ ਕੰਮ ਕਰਦੇ ਹਨ ਜੋ ਉਨ੍ਹਾਂ ਨੂੰ ਠੀਕ ਲੱਗਦੇ ਹਨ। ਨਤੀਜੇ ਬਹੁਤ ਦੁਖਦਾਈ ਨਿਕਲੇ ਹਨ—ਪਰਿਵਾਰਕ ਜੀਵਨ ਵਿਚ ਵਿਗਾੜ, ਜਿਸ ਕਾਰਨ ਬੱਚਿਆਂ ਨੂੰ ਬਿਨਾਂ ਅਗਵਾਈ ਦੇ ਛੱਡਿਆ ਗਿਆ ਹੈ; ਭੌਤਿਕ ਚੀਜ਼ਾਂ ਇਕੱਠੀਆਂ ਕਰਨ ਲਈ ਜਾਨ-ਤੋੜ ਮਿਹਨਤ, ਜਿਸ ਦੇ ਅਖ਼ੀਰ ਵਿਚ ਖੋਖਲਾਪਣ ਅਤੇ ਨਿਰਾਸ਼ਤਾ ਹੀ ਹੱਥ ਲੱਗਦੀ ਹੈ; ਬੇਅਰਥ ਅਪਰਾਧ ਅਤੇ ਹਿੰਸਾ, ਜਿਨ੍ਹਾਂ ਦੇ ਅਣਗਿਣਤ ਲੋਕ ਸ਼ਿਕਾਰ ਬਣੇ ਹਨ; ਨਸਲੀ ਦੰਗੇ-ਫ਼ਸਾਦ, ਜਿਨ੍ਹਾਂ ਨੇ ਲੱਖਾਂ ਜਾਨਾਂ ਦਾ ਭਿਆਨਕ ਨੁਕਸਾਨ ਕੀਤਾ ਹੈ; ਵਿਆਪਕ ਤੌਰ ਤੇ ਫੈਲੀ ਅਨੈਤਿਕਤਾ, ਜਿਸ ਨੇ ਲਿੰਗੀ ਤੌਰ ਤੇ ਸੰਚਾਰਿਤ ਰੋਗਾਂ ਨੂੰ ਤੇਜ਼ੀ ਨਾਲ ਫੈਲਾਇਆ ਹੈ। ਇਹ ਸਿਰਫ਼ ਕੁਝ ਗੁੰਝਲਦਾਰ ਸਮੱਸਿਆਵਾਂ ਹਨ ਜੋ ਖ਼ੁਸ਼ੀ, ਸ਼ਾਂਤੀ, ਅਤੇ ਸੁਰੱਖਿਆ ਦੀ ਭਾਲ ਵਿਚ ਰੁਕਾਵਟ ਪਾਉਂਦੀਆਂ ਹਨ।
15, 16. ਈਸ਼ਵਰੀ ਜੀਵਨ ਦੇ ਰਾਹ ਦੇ ਸੰਬੰਧ ਵਿਚ, ਮਤਾ ਵਿਚ ਕਿਹੜਾ ਪੱਕਾ ਇਰਾਦਾ ਪ੍ਰਗਟ ਕੀਤਾ ਗਿਆ ਸੀ?
15 “ਮਨੁੱਖਜਾਤੀ ਦੀ ਦੁਖੀ ਹਾਲਤ ਅਤੇ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ,’ ਆਰਮਾਗੇਡਨ (ਪਰਕਾਸ਼ ਦੀ ਪੋਥੀ 16:14, 16) ਨੂੰ ਧਿਆਨ ਵਿਚ ਰੱਖਦਿਆਂ, ਅਸੀਂ ਯਹੋਵਾਹ ਦੇ ਗਵਾਹਾਂ ਵਜੋਂ ਮਤਾ ਪੇਸ਼ ਕਰਦੇ ਹਾਂ ਕਿ:
16 “ਪਹਿਲਾ: ਬਿਨਾਂ ਸ਼ਰਤ ਆਪਣੇ ਆਪ ਨੂੰ ਵਿਅਕਤੀਗਤ ਤੌਰ ਤੇ ਯਹੋਵਾਹ ਨੂੰ ਸਮਰਪਿਤ ਕਰਨ ਕਰਕੇ, ਅਸੀਂ ਆਪਣੇ ਆਪ ਨੂੰ ਉਸ ਦੀ ਅਮਾਨਤ ਸਮਝਦੇ ਹਾਂ। ਨਾਲੇ ਅਸੀਂ ਯਹੋਵਾਹ ਵੱਲੋਂ ਉਸ ਦੇ ਪੁੱਤਰ, ਯਿਸੂ ਮਸੀਹ ਰਾਹੀਂ ਕੀਤੇ ਗਏ ਰਿਹਾਈ-ਕੀਮਤ ਦੇ ਪ੍ਰਬੰਧ ਵਿਚ ਅਟੱਲ ਨਿਹਚਾ ਰੱਖਾਂਗੇ। ਯਹੋਵਾਹ ਦੇ ਗਵਾਹਾਂ ਵਜੋਂ ਸੇਵਾ ਕਰ ਕੇ ਅਤੇ ਯਿਸੂ ਮਸੀਹ ਦੇ ਸ਼ਾਸਨ ਰਾਹੀਂ ਪ੍ਰਗਟ ਕੀਤੀ ਗਈ ਪਰਮੇਸ਼ੁਰ ਦੀ ਸਰਬਸੱਤਾ ਦੇ ਅਧੀਨ ਰਹਿ ਕੇ ਅਸੀਂ ਈਸ਼ਵਰੀ ਜੀਵਨ ਦੇ ਰਾਹ ਉੱਤੇ ਚੱਲਣ ਦਾ ਪੱਕਾ ਇਰਾਦਾ ਕਰਦੇ ਹਾਂ।”
17, 18. ਯਹੋਵਾਹ ਦੇ ਗਵਾਹ ਨੈਤਿਕ ਮਿਆਰਾਂ ਅਤੇ ਮਸੀਹੀ ਭਾਈਚਾਰੇ ਦੇ ਸੰਬੰਧ ਵਿਚ ਕਿਹੜੀ ਸਥਿਤੀ ਕਾਇਮ ਰੱਖਣਗੇ?
17 ‘ਦੂਜਾ: ਅਸੀਂ ਬਾਈਬਲ ਦੇ ਉੱਚ ਨੈਤਿਕ ਅਤੇ ਅਧਿਆਤਮਿਕ ਮਿਆਰਾਂ ਦੀ ਪਾਲਣਾ ਕਰਦੇ ਰਹਾਂਗੇ। ਅਸੀਂ ਪੱਕਾ ਇਰਾਦਾ ਕਰਦੇ ਹਾਂ ਕਿ ਅਸੀਂ ਕੌਮਾਂ ਵਾਂਗ ਨਹੀਂ ਚੱਲਣਾ ਜੋ ਆਪਣੀ ਬੁੱਧ ਦੇ ਵਿਅਰਥਪੁਣੇ ਨਾਲ ਚੱਲਦੀਆਂ ਹਨ। (ਅਫ਼ਸੀਆਂ 4:17-19) ਇਹ ਸਾਡਾ ਪੱਕਾ ਇਰਾਦਾ ਹੈ ਕਿ ਅਸੀਂ ਯਹੋਵਾਹ ਦੇ ਅੱਗੇ ਸ਼ੁੱਧ ਰਹਾਂਗੇ ਅਤੇ ਜਗਤ ਤੋਂ ਨਿਹਕਲੰਕ ਰਹਾਂਗੇ।’—ਯਾਕੂਬ 1:27.
18 “ਤੀਜਾ: ਇਕ ਵਿਸ਼ਵ-ਵਿਆਪੀ ਮਸੀਹੀ ਭਾਈਚਾਰੇ ਵਜੋਂ ਅਸੀਂ ਆਪਣੀ ਸ਼ਾਸਤਰ-ਸੰਬੰਧੀ ਸਥਿਤੀ ਤੇ ਕਾਇਮ ਰਹਾਂਗੇ। ਕੌਮਾਂ ਦੇ ਵਿਚਕਾਰ ਅਸੀਂ ਮਸੀਹੀ ਨਿਰਪੱਖਤਾ ਕਾਇਮ ਰੱਖਾਂਗੇ, ਅਤੇ ਆਪਣੇ ਆਪ ਨੂੰ ਜਾਤੀਗਤ, ਕੌਮੀ, ਜਾਂ ਨਸਲੀ ਨਫ਼ਰਤ ਜਾਂ ਮਤਭੇਦਾਂ ਦੇ ਫੰਦਿਆਂ ਵਿਚ ਫਸਣ ਨਹੀਂ ਦੇਵਾਂਗੇ।
19, 20. (ੳ) ਮਸੀਹੀ ਮਾਪੇ ਕੀ ਕਰਨਗੇ? (ਅ) ਮਸੀਹ ਦੇ ਚੇਲਿਆਂ ਵਜੋਂ ਸਾਰੇ ਸੱਚੇ ਮਸੀਹੀ ਆਪਣੀ ਪਛਾਣ ਕਿਸ ਤਰ੍ਹਾਂ ਕਰਵਾਉਂਦੇ ਰਹਿਣਗੇ?
19 “ਚੌਥਾ: ਅਸੀਂ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਈਸ਼ਵਰੀ ਜੀਵਨ ਦਾ ਰਾਹ ਬਿਠਾਵਾਂਗੇ। ਅਸੀਂ ਮਸੀਹੀ ਰਹਿਣੀ-ਬਹਿਣੀ ਵਿਚ ਇਕ ਮਿਸਾਲ ਕਾਇਮ ਕਰਾਂਗੇ, ਜਿਸ ਵਿਚ ਸ਼ਾਮਲ ਹੈ ਬਾਕਾਇਦਾ ਬਾਈਬਲ ਪਠਨ ਕਰਨਾ, ਪਰਿਵਾਰਕ ਅਧਿਐਨ ਕਰਨਾ, ਅਤੇ ਮਸੀਹੀ ਕਲੀਸਿਯਾ ਵਿਚ ਅਤੇ ਖੇਤਰ ਸੇਵਕਾਈ ਵਿਚ ਪੂਰੇ ਦਿਲ ਨਾਲ ਹਿੱਸਾ ਲੈਣਾ।
20 “ਪੰਜਵਾਂ: ਅਸੀਂ ਸਾਰੇ ਜਣੇ ਉਨ੍ਹਾਂ ਈਸ਼ਵਰੀ ਗੁਣਾਂ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਸਾਡੇ ਸ੍ਰਿਸ਼ਟੀਕਰਤਾ ਵਿਚ ਹਨ, ਅਤੇ ਅਸੀਂ ਉਸ ਦੇ ਵਿਅਕਤਿੱਤਵ ਅਤੇ ਉਸ ਦੇ ਰਾਹਾਂ ਦੀ ਰੀਸ ਕਰਨ ਦਾ ਜਤਨ ਕਰਾਂਗੇ, ਜਿਵੇਂ ਯਿਸੂ ਨੇ ਕੀਤਾ ਸੀ। (ਅਫ਼ਸੀਆਂ 5:1) ਅਸੀਂ ਦ੍ਰਿੜ੍ਹ ਇਰਾਦਾ ਕਰਦੇ ਹਾਂ ਕਿ ਸਾਡੇ ਸਾਰੇ ਕੰਮ ਪ੍ਰੇਮ ਨਾਲ ਹੋਣਗੇ, ਜਿਸ ਕਰਕੇ ਅਸੀਂ ਮਸੀਹ ਦੇ ਚੇਲਿਆਂ ਵਜੋਂ ਆਪਣੀ ਪਛਾਣ ਕਰਾਵਾਂਗੇ।”—ਯੂਹੰਨਾ 13:35.
21-23. ਯਹੋਵਾਹ ਦੇ ਗਵਾਹ ਕੀ ਕਰਦੇ ਰਹਿਣਗੇ, ਅਤੇ ਉਨ੍ਹਾਂ ਨੂੰ ਕਿਸ ਗੱਲ ਉੱਤੇ ਦ੍ਰਿੜ੍ਹ ਵਿਸ਼ਵਾਸ ਹੈ?
21 ‘ਛੇਵਾਂ: ਅਸੀਂ ਰੁਕਾਵਟ ਤੋਂ ਬਿਨਾਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਾਂਗੇ, ਚੇਲੇ ਬਣਾਉਂਦੇ ਰਹਾਂਗੇ, ਅਤੇ ਉਨ੍ਹਾਂ ਨੂੰ ਈਸ਼ਵਰੀ ਜੀਵਨ ਦੇ ਰਾਹ ਵਿਚ ਸਿੱਖਿਆ ਦੇਵਾਂਗੇ ਤੇ ਉਨ੍ਹਾਂ ਨੂੰ ਕਲੀਸਿਯਾਈ ਸਭਾਵਾਂ ਵਿਚ ਹੋਰ ਸਿਖਲਾਈ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਾਂਗੇ।—ਮੱਤੀ 24:14; 28:19, 20; ਇਬਰਾਨੀਆਂ 10:24, 25.
22 ‘ਸੱਤਵਾਂ: ਨਿੱਜੀ ਤੌਰ ਤੇ ਨਾਲੇ ਇਕ ਧਾਰਮਿਕ ਸੰਗਠਨ ਵਜੋਂ, ਅਸੀਂ ਆਪਣੇ ਜੀਵਨ ਵਿਚ ਪਰਮੇਸ਼ੁਰ ਦੀ ਇੱਛਾ ਨੂੰ ਪਹਿਲੀ ਥਾਂ ਦੇਵਾਂਗੇ। ਉਸ ਦੇ ਬਚਨ, ਬਾਈਬਲ ਨੂੰ ਇਕ ਮਾਰਗ-ਦਰਸ਼ਕ ਵਜੋਂ ਇਸਤੇਮਾਲ ਕਰਦੇ ਹੋਏ, ਅਸੀਂ ਸੱਜੇ ਨੂੰ ਜਾਂ ਖੱਬੇ ਨੂੰ ਨਹੀਂ ਮੁੜਾਂਗੇ, ਅਤੇ ਇਸ ਤਰ੍ਹਾਂ ਦਿਖਾਵਾਂਗੇ ਕਿ ਪਰਮੇਸ਼ੁਰ ਦਾ ਰਾਹ ਸੰਸਾਰ ਦੇ ਰਾਹਾਂ ਨਾਲੋਂ ਕਿਤੇ ਉੱਤਮ ਹੈ। ਅਸੀਂ ਦ੍ਰਿੜ੍ਹਤਾ ਅਤੇ ਵਫ਼ਾਦਾਰੀ ਨਾਲ—ਹੁਣ ਅਤੇ ਸਦਾ ਲਈ—ਈਸ਼ਵਰੀ ਜੀਵਨ ਦੇ ਰਾਹ ਉੱਤੇ ਚੱਲਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ!’
23 “ਅਸੀਂ ਇਹ ਮਤਾ ਇਸ ਲਈ ਪੇਸ਼ ਕਰਦੇ ਹਾਂ ਕਿਉਂਕਿ ਅਸੀਂ ਯਹੋਵਾਹ ਦੇ ਪ੍ਰੇਮਮਈ ਵਾਅਦੇ ਵਿਚ ਪੂਰਾ ਭਰੋਸਾ ਰੱਖਦੇ ਹਾਂ ਕਿ ਜਿਹੜਾ ਪਰਮੇਸ਼ੁਰ ਦੀ ਇੱਛਾ ਉੱਤੇ ਚੱਲਦਾ ਹੈ ਉਹ ਸਦਾ ਤਕ ਕਾਇਮ ਰਹਿੰਦਾ ਹੈ। ਅਸੀਂ ਇਹ ਮਤਾ ਇਸ ਲਈ ਪੇਸ਼ ਕਰਦੇ ਹਾਂ ਕਿਉਂਕਿ ਸਾਨੂੰ ਦ੍ਰਿੜ੍ਹ ਵਿਸ਼ਵਾਸ ਹੈ ਕਿ ਸ਼ਾਸਤਰ-ਸੰਬੰਧੀ ਸਿਧਾਂਤਾਂ, ਸਲਾਹ, ਅਤੇ ਉਪਦੇਸ਼ ਦੇ ਅਨੁਸਾਰ ਜੀਉਣਾ ਅੱਜ ਜੀਵਨ ਦਾ ਉੱਤਮ ਰਾਹ ਹੈ ਅਤੇ ਇਹ ਭਵਿੱਖ ਲਈ ਇਕ ਚੰਗੀ ਨੀਂਹ ਧਰਦਾ ਹੈ, ਤਾਂਕਿ ਅਸੀਂ ਅਸਲੀ ਜੀਵਨ ਨੂੰ ਮਜ਼ਬੂਤੀ ਨਾਲ ਫੜੀ ਰੱਖ ਸਕੀਏ। (1 ਤਿਮੋਥਿਉਸ 6:19; 2 ਤਿਮੋਥਿਉਸ 4:7ਅ, 8) ਸਭ ਤੋਂ ਜ਼ਰੂਰੀ ਗੱਲ, ਅਸੀਂ ਇਹ ਮਤਾ ਇਸ ਲਈ ਪੇਸ਼ ਕਰਦੇ ਹਾਂ ਕਿਉਂਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ, ਜਾਨ, ਬੁੱਧ, ਅਤੇ ਸ਼ਕਤੀ ਨਾਲ ਪ੍ਰੇਮ ਕਰਦੇ ਹਾਂ!
24, 25. ਮਤਾ ਪ੍ਰਤੀ ਜਵਾਬ ਕੀ ਸੀ ਅਤੇ ਯਹੋਵਾਹ ਦੇ ਰਾਹ ਉੱਤੇ ਚੱਲਣ ਵਾਲਿਆਂ ਦਾ ਪੱਕਾ ਇਰਾਦਾ ਕੀ ਹੈ?
24 “ਸਾਰੇ ਜੋ ਇਸ ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਹਾਜ਼ਰ ਹਨ ਅਤੇ ਜੋ ਇਸ ਮਤਾ ਨੂੰ ਅਪਣਾਉਣ ਲਈ ਰਾਜ਼ੀ ਹਨ, ਕਿਰਪਾ ਕਰ ਕੇ ਹਾਂ ਬੋਲਣ!”
25 ਸੰਸਾਰ ਦੇ ਚਾਰੋ ਪਾਸੇ ਸੈਂਕੜੇ ਸ਼੍ਰੋਤੇ-ਭਵਨ ਅਤੇ ਸਟੇਡੀਅਮ ਸਾਰੇ ਹਾਜ਼ਰ ਲੋਕਾਂ ਦੇ ਗਰਜਦੇ “ਹਾਂ!” ਦੇ ਜਵਾਬ ਨਾਲ ਗੂੰਜੇ। ਯਹੋਵਾਹ ਦੇ ਗਵਾਹਾਂ ਨੂੰ ਕੋਈ ਸ਼ੱਕ ਨਹੀਂ ਕਿ ਉਹ ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹਿਣਗੇ। ਉਹ ਯਹੋਵਾਹ ਵਿਚ ਪੂਰਾ ਭਰੋਸਾ ਅਤੇ ਵਿਸ਼ਵਾਸ ਰੱਖਦੇ ਹਨ ਕਿ ਉਹ ਆਪਣੇ ਵਾਅਦੇ ਪੂਰੇ ਕਰੇਗਾ। ਭਾਵੇਂ ਜੋ ਮਰਜ਼ੀ ਹੋ ਜਾਵੇਂ ਉਹ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਅਤੇ ਉਹ ਉਸ ਦੀ ਇੱਛਾ ਪੂਰੀ ਕਰਨ ਦਾ ਪੱਕਾ ਇਰਾਦਾ ਰੱਖਦੇ ਹਨ।
“ਪਰਮੇਸ਼ੁਰ ਸਾਡੀ ਵੱਲ ਹੈ”
26. ਯਹੋਵਾਹ ਦੇ ਰਾਹ ਉੱਤੇ ਚੱਲਣ ਵਾਲਿਆਂ ਦੀ ਖ਼ੁਸ਼ਹਾਲ ਸਥਿਤੀ ਕੀ ਹੈ?
26 ਯਹੋਵਾਹ ਦੇ ਗਵਾਹ ਜ਼ਬੂਰਾਂ ਦੇ ਲਿਖਾਰੀ ਦੇ ਉਪਦੇਸ਼ ਨੂੰ ਯਾਦ ਰੱਖਦੇ ਹਨ: “ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ।” (ਜ਼ਬੂਰ 37:34) ਉਹ ਪੌਲੁਸ ਦੇ ਉਤਸ਼ਾਹਜਨਕ ਸ਼ਬਦ ਨਹੀਂ ਭੁੱਲਦੇ: “ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ? ਜਿਹ ਨੇ ਆਪਣੇ ਹੀ ਪੁੱਤ੍ਰ ਦਾ ਭੀ ਸਰਫ਼ਾ ਨਾ ਕੀਤਾ ਸਗੋਂ ਉਹ ਨੂੰ ਅਸਾਂ ਸਭਨਾਂ ਦੇ ਲਈ ਦੇ ਦਿੱਤਾ ਸੋ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿੱਕੁਰ ਨਾ ਬਖ਼ਸ਼ੇਗਾ?” (ਰੋਮੀਆਂ 8:31, 32) ਜੀ ਹਾਂ, ਜੇਕਰ ਅਸੀਂ ਯਹੋਵਾਹ ਦੇ ਰਾਹ ਵਿਚ ਚੱਲਦੇ ਰਹੀਏ ਤਾਂ ਉਹ ਸਾਨੂੰ “ਭੋਗਣ ਲਈ ਸੱਭੋ ਕੁਝ ਤਰਾਤਰੀ” ਦੇਵੇਗਾ। (1 ਤਿਮੋਥਿਉਸ 6:17) ਜਿਸ ਸਥਿਤੀ ਵਿਚ ਅਸੀਂ ਹਾਂ ਉਸ ਤੋਂ ਬਿਹਤਰ ਹੋਰ ਕਿਹੜੀ ਹੋ ਸਕਦੀ ਹੈ—ਆਪਣੇ ਪਿਆਰੇ ਭੈਣਾਂ-ਭਰਾਵਾਂ ਦੇ ਨਾਲ-ਨਾਲ ਯਹੋਵਾਹ ਦੇ ਰਾਹ ਉੱਤੇ ਚੱਲਣਾ। ਆਓ ਆਪਾਂ ਯਹੋਵਾਹ ਦੇ ਨਾਲ-ਨਾਲ ਰਹਿਣ ਦਾ ਪੱਕਾ ਇਰਾਦਾ ਬਣਾਈਏ ਅਤੇ ਅੰਤ ਤਕ ਇਸ ਪੂਰੇ ਭਰੋਸੇ ਨਾਲ ਕਾਇਮ ਰਹੀਏ ਕਿ ਉਸ ਦੇ ਸਹੀ ਸਮੇਂ ਤੇ ਅਸੀਂ ਉਸ ਨੂੰ ਆਪਣੇ ਸਾਰੇ ਵਾਅਦੇ ਨਿਭਾਉਂਦੇ ਦੇਖਾਂਗੇ।—ਤੀਤੁਸ 1:2.
[ਫੁਟਨੋਟ]
a ਇੱਥੇ ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ “ਹੱਸਣ ਖੇਲਣ” ਵੱਲ ਸੰਕੇਤ ਕਰਦੇ ਹੋਏ, ਇਕ ਵਿਆਖਿਆਕਾਰ ਕਹਿੰਦਾ ਹੈ ਕਿ ਇਹ ਅਧਰਮੀ ਤਿਉਹਾਰਾਂ ਤੇ ਕੀਤੇ ਗਏ ਨਾਚਾਂ ਵੱਲ ਸੰਕੇਤ ਕਰਦਾ ਹੈ ਅਤੇ ਉਹ ਇਹ ਵੀ ਕਹਿੰਦਾ ਹੈ: “ਜਿੱਦਾਂ ਕਿ ਸਭ ਜਾਣਦੇ ਹਨ, ਇਨ੍ਹਾਂ ਵਿੱਚੋਂ ਕਈ ਨਾਚ ਜ਼ਿਆਦਾ ਕਾਮੀ ਹਵਸ ਪੈਦਾ ਕਰਨ ਲਈ ਹੀ ਤਿਆਰ ਕੀਤੇ ਜਾਂਦੇ ਸਨ।”
ਕੀ ਤੁਹਾਨੂੰ ਯਾਦ ਹੈ?
◻ ਇਕ ਮਸੀਹੀ ਲਈ, ਯਹੋਵਾਹ ਦੇ ਰਾਹ ਉੱਤੇ ਚੱਲਣ ਵਿਚ ਕੀ ਲੋੜਦਾ ਹੈ?
◻ ਸਾਨੂੰ ਯਹੋਵਾਹ ਉੱਤੇ ਭਰੋਸਾ ਅਤੇ ਉਸ ਪ੍ਰਤੀ ਵਫ਼ਾਦਾਰੀ ਕਿਉਂ ਵਿਕਸਿਤ ਕਰਨੀ ਚਾਹੀਦੀ ਹੈ?
◻ ਜਿਉਂ-ਜਿਉਂ ਅਸੀਂ ਯਹੋਵਾਹ ਦੇ ਰਾਹ ਉੱਤੇ ਚੱਲਦੇ ਹਾਂ ਅਸੀਂ ਕਿਹੜੀ ਮਦਦ ਪ੍ਰਾਪਤ ਕਰ ਸਕਦੇ ਹਾਂ?
◻ ‘ਈਸ਼ਵਰੀ ਜੀਵਨ ਦੇ ਰਾਹ’ ਦੇ ਮਹਾਂ-ਸੰਮੇਲਨਾਂ ਤੇ ਅਪਣਾਏ ਗਏ ਮਤਾ ਦੀਆਂ ਕੁਝ ਮੁੱਖ ਗੱਲਾਂ ਦੱਸੋ।
[ਸਫ਼ੇ 18 ਉੱਤੇ ਤਸਵੀਰਾਂ]
“ਈਸ਼ਵਰੀ ਜੀਵਨ ਦਾ ਰਾਹ” ਜ਼ਿਲ੍ਹਾ ਅਤੇ ਅੰਤਰਰਾਸ਼ਟਰੀ ਮਹਾਂ-ਸੰਮੇਲਨਾਂ ਤੇ ਇਕ ਮਹੱਤਵਪੂਰਣ ਮਤਾ ਅਪਣਾਇਆ ਗਿਆ ਸੀ