ਸੌਲੁਸ—ਪ੍ਰਭੂ ਲਈ ਇਕ ਚੁਣਿਆ ਹੋਇਆ ਵਸੀਲਾ
ਤਰਸੁਸ ਦਾ ਸੌਲੁਸ, ਮਸੀਹ ਦੇ ਚੇਲਿਆਂ ਦਾ ਖ਼ੂਨ ਕਰਨ ਵਾਲਾ ਵਿਰੋਧੀ ਸੀ। ਪਰ ਪ੍ਰਭੂ ਨੇ ਉਸ ਲਈ ਕੁਝ ਹੋਰ ਸੋਚ ਕੇ ਰੱਖਿਆ ਸੀ। ਸੌਲੁਸ ਨੇ ਉਸੇ ਚੀਜ਼ ਦਾ ਪ੍ਰਮੁੱਖ ਪ੍ਰਤਿਨਿਧ ਬਣਨਾ ਸੀ ਜਿਸ ਦਾ ਉਸ ਨੇ ਪਹਿਲਾਂ ਜੋਸ਼ ਨਾਲ ਵਿਰੋਧ ਕੀਤਾ ਸੀ। ਯਿਸੂ ਨੇ ਕਿਹਾ: “[ਸੌਲੁਸ] ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ।”—ਰਸੂਲਾਂ ਦੇ ਕਰਤੱਬ 9:15.
‘ਧੱਕੇਖੋਰ’ ਵਜੋਂ ਸੌਲੁਸ ਦਾ ਜੀਵਨ ਬਿਲਕੁਲ ਬਦਲਿਆ ਗਿਆ ਜਦੋਂ ਉਸ ਉੱਤੇ ਰਹਿਮ ਕੀਤਾ ਗਿਆ ਅਤੇ ਉਹ ਪ੍ਰਭੂ ਯਿਸੂ ਮਸੀਹ ਦਾ “ਚੁਣਿਆ ਹੋਇਆ ਵਸੀਲਾ” ਬਣ ਗਿਆ। (1 ਤਿਮੋਥਿਉਸ 1:12, 13) ਜਿਸ ਜੋਸ਼ ਨੇ ਉਸ ਨੂੰ ਇਸਤੀਫ਼ਾਨ ਨੂੰ ਪੱਥਰ ਮਾਰ ਕੇ ਮਰਵਾਉਣ ਅਤੇ ਯਿਸੂ ਦਿਆਂ ਚੇਲਿਆਂ ਉੱਤੇ ਹੋਰ ਹਮਲੇ ਕਰਨ ਲਈ ਪ੍ਰੇਰਿਤ ਕੀਤਾ ਸੀ, ਹੁਣ ਉਸੇ ਜੋਸ਼ ਨੇ ਸੌਲੁਸ ਨੂੰ ਬਿਲਕੁਲ ਵੱਖਰੇ ਕੰਮ ਕਰਨ ਲਈ ਮੋੜ ਦਿੱਤਾ ਜਦੋਂ ਉਹ ਮਸੀਹੀ ਪੌਲੁਸ ਰਸੂਲ ਬਣਿਆ। ਸਪੱਸ਼ਟ ਹੈ ਕਿ ਯਿਸੂ ਨੇ ਸੌਲੁਸ ਵਿਚ ਬਹੁਤ ਸੋਹਣੇ ਗੁਣ ਦੇਖੇ ਸਨ। ਕਿਹੋ ਜਿਹੇ ਗੁਣ? ਸੌਲੁਸ ਕੌਣ ਸੀ? ਉਸ ਦੇ ਪਿਛੋਕੜ ਨੇ ਉਸ ਨੂੰ ਸੱਚੀ ਉਪਾਸਨਾ ਵਧਾਉਣ ਵਿਚ ਕਿਵੇਂ ਯੋਗ ਬਣਾਇਆ ਸੀ? ਕੀ ਅਸੀਂ ਉਸ ਦੇ ਤਜਰਬੇ ਤੋਂ ਕੁਝ ਸਿੱਖ ਸਕਦੇ ਹਾਂ?
ਸੌਲੁਸ ਦਾ ਪਰਿਵਾਰਕ ਪਿਛੋਕੜ
ਪੰਤੇਕੁਸਤ 33 ਸਾ.ਯੁ. ਤੋਂ ਥੋੜ੍ਹੀ ਦੇਰ ਬਾਅਦ, ਇਸਤੀਫ਼ਾਨ ਦੇ ਕਤਲ ਹੋਣ ਦੇ ਸਮੇਂ, ਸੌਲੁਸ ਨੂੰ “ਇੱਕ ਜੁਆਨ” ਸੱਦਿਆ ਗਿਆ ਸੀ। ਲਗਭਗ 60-61 ਸਾ.ਯੁ. ਵਿਚ ਫਿਲੇਮੋਨ ਨੂੰ ਲਿਖਣ ਦੇ ਸਮੇਂ ਤਕ ਉਹ “ਬੁੱਢਾ” ਹੋ ਚੁੱਕਾ ਸੀ। (ਰਸੂਲਾਂ ਦੇ ਕਰਤੱਬ 7:58; ਫਿਲੇਮੋਨ 9) ਵਿਦਵਾਨਾਂ ਦੇ ਅਨੁਸਾਰ ਪੁਰਾਣੇ ਜ਼ਮਾਨੇ ਵਿਚ ਉਮਰਾਂ ਦਾ ਹਿਸਾਬ ਲਾਉਣ ਦੇ ਅਨੁਸਾਰ “ਜੁਆਨ” ਦਾ ਮਤਲਬ ਸ਼ਾਇਦ 24 ਅਤੇ 40 ਸਾਲਾਂ ਦੇ ਵਿਚਕਾਰ ਦੀ ਉਮਰ ਹੋ ਸਕਦੀ ਸੀ, ਅਤੇ “ਬੁੱਢਾ” 50 ਤੋਂ 56 ਸਾਲਾਂ ਦਾ ਹੋ ਸਕਦਾ ਸੀ। ਇਸ ਲਈ ਸੰਭਵ ਹੈ ਕਿ ਸੌਲੁਸ ਯਿਸੂ ਦੇ ਜਨਮ ਤੋਂ ਥੋੜ੍ਹੇ ਸਾਲ ਬਾਅਦ ਪੈਦਾ ਹੋਇਆ ਸੀ।
ਉਸ ਸਮੇਂ ਯਹੂਦੀ ਲੋਕ ਦੁਨੀਆਂ ਦਿਆਂ ਕਈਆਂ ਇਲਾਕਿਆਂ ਵਿਚ ਰਹਿੰਦੇ ਸਨ। ਯਹੂਦਿਯਾ ਤੋਂ ਉਨ੍ਹਾਂ ਦੇ ਖਿੰਡਣ ਦੇ ਕੁਝ ਕਾਰਨ ਸਨ, ਦੁਸ਼ਮਣਾਂ ਵੱਲੋਂ ਕਬਜ਼ਾ, ਗ਼ੁਲਾਮੀ, ਦੇਸ਼-ਨਿਕਾਲਾ, ਵਪਾਰ, ਅਤੇ ਆਪਣੀ ਮਰਜ਼ੀ ਨਾਲ ਪਰਵਾਸ। ਭਾਵੇਂ ਕਿ ਉਸ ਦਾ ਪਰਿਵਾਰ ਖਿੰਡੇ ਹੋਏ ਯਹੂਦੀਆਂ ਵਿੱਚੋਂ ਸੀ, ਸੌਲੁਸ ਸ਼ਰਾ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਉੱਤੇ ਜ਼ੋਰ ਦਿੰਦਾ ਹੈ ਅਤੇ ਕਹਿੰਦਾ ਹੈ ਕਿ “ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਸ਼ਰਾ ਦੀ ਪੁੱਛੋ ਤਾਂ ਫ਼ਰੀਸੀ।” ਸੌਲੁਸ ਦਾ ਨਾਂ ਉਸ ਦੇ ਗੋਤ ਵਿੱਚੋਂ ਇਕ ਉੱਘੇ ਮੈਂਬਰ, ਯਾਨੀ ਇਸਰਾਏਲ ਦੇ ਪਹਿਲੇ ਰਾਜੇ ਦੇ ਇਬਰਾਨੀ ਨਾਂ ਤੋਂ ਰੱਖਿਆ ਗਿਆ ਸੀ। ਜਨਮ ਤੋਂ ਰੋਮੀ ਹੋਣ ਦੇ ਨਾਤੇ, ਤਰਸੁਸ ਦੇ ਸੌਲੁਸ ਦਾ ਇਕ ਲਾਤੀਨੀ ਨਾਂ ਵੀ ਸੀ, ਪੌਲੁਸ।—ਫ਼ਿਲਿੱਪੀਆਂ 3:5; ਰਸੂਲਾਂ ਦੇ ਕਰਤੱਬ 13:21; 22:25-29.
ਇਕ ਰੋਮੀ ਵਜੋਂ ਪੈਦਾ ਹੋਣ ਦਾ ਮਤਲਬ ਸੀ ਕਿ ਉਸ ਦੇ ਪਿਉ-ਦਾਦਿਆਂ ਵਿੱਚੋਂ ਕਿਸੇ ਨੇ ਰੋਮ ਦੇ ਨਾਗਰਿਕ ਹੋਣ ਦੀ ਹੈਸੀਅਤ ਦਾ ਸਨਮਾਨ ਪ੍ਰਾਪਤ ਕਰ ਲਿਆ ਸੀ। ਉਹ ਕਿਸ ਤਰ੍ਹਾਂ? ਕਈ ਸੰਭਵ ਤਰੀਕੇ ਹਨ। ਵਿਰਸੇ ਵਿਚ ਨਾਗਰਿਕਤਾ ਪ੍ਰਾਪਤ ਕਰਨ ਤੋਂ ਇਲਾਵਾ, ਇਹ ਕਿਸੇ ਵਿਅਕਤੀ ਜਾਂ ਸਮੂਹ ਨੂੰ ਖ਼ਾਸ ਗੁਣਾਂ ਲਈ, ਨਿਰੇ ਰਾਜਨੀਤਿਕ ਯੋਗਤਾਵਾਂ ਲਈ, ਜਾਂ ਰਾਜ ਵਾਸਤੇ ਮਾਅਰਕੇ ਦੀ ਸੇਵਾ ਕਰਨ ਲਈ ਇਨਾਮ ਵਜੋਂ ਦਿੱਤੀ ਜਾ ਸਕਦੀ ਸੀ। ਕਿਸੇ ਰੋਮੀ ਤੋਂ ਆਪਣੀ ਆਜ਼ਾਦੀ ਖ਼ਰੀਦ ਸਕਣ ਵਾਲਾ ਇਕ ਗ਼ੁਲਾਮ, ਜਾਂ ਰੋਮ ਦੇ ਇਕ ਨਾਗਰਿਕ ਵੱਲੋਂ ਮੁਕਤ ਕੀਤਾ ਜਾਣ ਵਾਲਾ ਗ਼ੁਲਾਮ, ਖ਼ੁਦ ਇਕ ਰੋਮੀ ਬਣ ਜਾਂਦਾ ਸੀ। ਸਹਾਇਕ ਫ਼ੌਜਾਂ ਦਾ ਇਕ ਸਾਬਕਾ ਫ਼ੌਜੀ ਵੀ ਰੋਮੀ ਲੀਜਨਾਂ ਵਿੱਚੋਂ ਨਿਕਲਣ ਤੇ ਇਕ ਰੋਮੀ ਬਣ ਜਾਂਦਾ ਸੀ। ਰੋਮੀ ਬਸਤੀਆਂ ਵਿਚ ਰਹਿਣ ਵਾਲੇ ਵੀ ਰੋਮ ਦੇ ਨਾਗਰਿਕ ਬਣ ਸਕਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਸਮਿਆਂ ਦੌਰਾਨ ਨਾਗਰਿਕਤਾ ਵੱਡੀ ਰਕਮ ਨਾਲ ਖ਼ਰੀਦੀ ਜਾਂਦੀ ਸੀ। ਅਸੀਂ ਇਹ ਨਹੀਂ ਜਾਣਦੇ ਕਿ ਸੌਲੁਸ ਦੇ ਪਰਿਵਾਰ ਨੂੰ ਨਾਗਰਿਕਤਾ ਕਿਵੇਂ ਮਿਲੀ ਸੀ।
ਅਸੀਂ ਇੰਨਾ ਜਾਣਦੇ ਹਾਂ ਕਿ ਸੌਲੁਸ ਤਰਸੁਸ ਤੋਂ ਆਇਆ ਸੀ, ਜੋ ਕਿਲਿਕਿਯਾ (ਹੁਣ ਦੱਖਣੀ ਤੁਰਕੀ ਵਿਚ) ਦੇ ਰੋਮੀ ਸੂਬੇ ਦਾ ਖ਼ਾਸ ਸ਼ਹਿਰ ਅਤੇ ਰਾਜਧਾਨੀ ਸੀ। ਭਾਵੇਂ ਕਿ ਉਸ ਇਲਾਕੇ ਵਿਚ ਯਹੂਦੀਆਂ ਦਾ ਕਾਫ਼ੀ ਵੱਡਾ ਸਮਾਜ ਸੀ, ਉੱਥੇ ਰਹਿ ਕੇ ਸੌਲੁਸ ਨੂੰ ਗ਼ੈਰ-ਯਹੂਦੀਆਂ ਦੇ ਸਭਿਆਚਾਰ ਬਾਰੇ ਵੀ ਪਤਾ ਲੱਗਿਆ। ਤਰਸੁਸ ਇਕ ਵੱਡਾ ਤੇ ਅਮੀਰ ਸ਼ਹਿਰ ਸੀ ਜੋ ਹੈਲਨਵਾਦੀ, ਜਾਂ ਯੂਨਾਨੀ ਸਿੱਖਿਆ ਦੇ ਕੇਂਦਰ ਵਜੋਂ ਪ੍ਰਸਿੱਧ ਸੀ। ਅੰਦਾਜ਼ੇ ਅਨੁਸਾਰ ਇਸ ਦੀ ਜਨਸੰਖਿਆ 3,00,000 ਅਤੇ 5,00,000 ਦੇ ਵਿਚਾਲੇ ਸੀ। ਇਹ ਏਸ਼ੀਆ ਮਾਈਨਰ, ਸੀਰੀਆ, ਅਤੇ ਮੇਸੋਪੋਟੇਮੀਆ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਇਕ ਵਪਾਰਕ ਕੇਂਦਰ ਸੀ। ਤਰਸੁਸ ਦੀ ਅਮੀਰੀ, ਉਸ ਦੇ ਵਪਾਰ ਅਤੇ ਆਲੇ-ਦੁਆਲੇ ਦੀ ਚੰਗੀ ਜ਼ਮੀਨ ਦੇ ਕਾਰਨ ਸੀ, ਜਿਸ ਤੋਂ ਮੁੱਖ ਤੌਰ ਤੇ ਫ਼ਸਲ, ਮੈ ਅਤੇ ਲਿਨਨ ਮਿਲਦੀ ਸੀ। ਉਸ ਦੇ ਕੱਪੜੇ ਦੇ ਕਾਮਯਾਬ ਉਦਯੋਗ ਤੋਂ ਬੱਕਰੀ ਦੇ ਵਾਲਾਂ ਦਾ ਬਣਿਆ ਹੋਇਆ ਕੱਪੜਾ ਆਉਂਦਾ ਸੀ, ਜਿਸ ਨਾਲ ਤੰਬੂ ਬਣਾਏ ਜਾਂਦੇ ਸਨ।
ਸੌਲੁਸ ਦੀ ਪੜ੍ਹਾਈ-ਲਿਖਾਈ
ਸੌਲੁਸ, ਯਾਨੀ ਪੌਲੁਸ, ਨੇ ਤੰਬੂ ਬਣਾ ਕੇ ਆਪਣੇ ਮਿਸ਼ਨਰੀ ਕੰਮ ਵਿਚ ਈਮਾਨਦਾਰੀ ਨਾਲ ਆਪਣਾ ਗੁਜ਼ਾਰਾ ਤੋਰਿਆ। (ਰਸੂਲਾਂ ਦੇ ਕਰਤੱਬ 18:2, 3; 20:34) ਤੰਬੂ ਬਣਾਉਣ ਦਾ ਕੰਮ ਉਸ ਦੇ ਜੱਦੀ ਸ਼ਹਿਰ, ਤਰਸੁਸ, ਵਿਚ ਆਮ ਸੀ। ਸੰਭਵ ਹੈ ਕਿ ਸੌਲੁਸ ਨੇ ਤੰਬੂ ਬਣਾਉਣ ਦਾ ਕੰਮ ਜਵਾਨੀ ਵਿਚ ਆਪਣੇ ਪਿਤਾ ਤੋਂ ਸਿੱਖਿਆ ਹੋਵੇ।
ਸੌਲੁਸ ਦਾ ਭਾਸ਼ਾਵਾਂ ਬਾਰੇ ਗਿਆਨ ਵੀ ਉਸ ਦੇ ਮਿਸ਼ਨਰੀ ਕੰਮ ਵਿਚ ਬਹੁਮੁੱਲਾ ਸਾਬਤ ਹੋਇਆ—ਖ਼ਾਸ ਕਰਕੇ ਯੂਨਾਨੀ ਭਾਸ਼ਾ ਬੋਲਣ ਦੀ ਉਸ ਦੀ ਯੋਗਤਾ, ਜੋ ਰੋਮੀ ਸਾਮਰਾਜ ਦੀ ਆਮ ਬੋਲੀ ਸੀ। (ਰਸੂਲਾਂ ਦੇ ਕਰਤੱਬ 21:37-22:2) ਉਸ ਦੀਆਂ ਲਿਖਤਾਂ ਦੇ ਵਿਸ਼ਲੇਸ਼ਕ ਕਹਿੰਦੇ ਹਨ ਕਿ ਉਸ ਨੂੰ ਬਹੁਤ ਵਧੀਆ ਯੂਨਾਨੀ ਆਉਂਦੀ ਸੀ। ਉਸ ਦੇ ਸ਼ਬਦ ਕਲਾਸਿਕੀ ਜਾਂ ਸਨਾਤਨੀ ਯੂਨਾਨੀ ਲੇਖਕਾਂ ਵਰਗੇ ਨਹੀਂ ਸਨ। ਇਸ ਦੀ ਬਜਾਇ, ਉਸ ਦੀ ਭਾਸ਼ਾ ਸੈਪਟੁਜਿੰਟ ਵਰਗੀ ਸੀ, ਜੋ ਇਬਰਾਨੀ ਸ਼ਾਸਤਰਾਂ ਦਾ ਉਹ ਯੂਨਾਨੀ ਤਰਜਮਾ ਹੈ ਜਿਸ ਤੋਂ ਉਹ ਅਕਸਰ ਹਵਾਲੇ ਦਿੰਦਾ ਸੀ। ਇਸ ਸਬੂਤ ਕਰਕੇ ਕਈ ਵਿਦਵਾਨ ਮੰਨਦੇ ਹਨ ਕਿ ਸੌਲੁਸ ਨੇ ਸ਼ਾਇਦ ਇਕ ਯਹੂਦੀ ਸਕੂਲ ਵਿਚ ਯੂਨਾਨੀ ਭਾਸ਼ਾ ਦੀ ਘੱਟੋ-ਘੱਟ ਮੂਲ ਸਿਖਲਾਈ ਹਾਸਲ ਕੀਤੀ ਸੀ। ਮਾਰਟਿਨ ਹੇਂਗਲ ਕਹਿੰਦਾ ਹੈ, ‘ਪੁਰਾਣੇ ਸਮਿਆਂ ਵਿਚ ਬਿਹਤਰ ਪੜ੍ਹਾਈ-ਲਿਖਾਈ, ਖ਼ਾਸ ਕਰਕੇ ਯੂਨਾਨੀ ਸਿੱਖਿਆ, ਮੁਫ਼ਤ ਵਿਚ ਨਹੀਂ ਹਾਸਲ ਕੀਤੀ ਜਾ ਸਕਦੀ ਸੀ; ਆਮ ਕਰਕੇ ਇਸ ਲਈ ਕਾਫ਼ੀ ਪੈਸਿਆਂ ਦੀ ਜ਼ਰੂਰਤ ਸੀ।’ ਸੌਲੁਸ ਦੀ ਪੜ੍ਹਾਈ-ਲਿਖਾਈ ਸੰਕੇਤ ਕਰਦੀ ਹੈ ਕਿ ਉਹ ਇਕ ਉੱਚੇ ਖ਼ਾਨਦਾਨ ਤੋਂ ਸੀ।
ਸੰਭਵ ਹੈ ਕਿ ਘੱਟੋ-ਘੱਟ 13 ਸਾਲਾਂ ਦੀ ਉਮਰ ਤੇ, ਸੌਲੁਸ ਨੇ ਆਪਣੀ ਬਾਕੀ ਪੜ੍ਹਾਈ ਆਪਣੇ ਘਰੋਂ ਕੁਝ 840 ਕਿਲੋਮੀਟਰ ਦੂਰ ਯਰੂਸ਼ਲਮ ਵਿਚ ਆ ਕੇ ਕੀਤੀ। ਉਹ ਗਮਲੀਏਲ ਦੇ ਚਰਨਾਂ ਵਿਚ ਸਿਖਾਇਆ ਗਿਆ ਸੀ, ਜੋ ਫ਼ਰੀਸੀਵਾਦੀ ਦਸਤੂਰ ਦਾ ਇਕ ਪ੍ਰਸਿੱਧ ਅਤੇ ਇੱਜ਼ਤਦਾਰ ਅਧਿਆਪਕ ਸੀ। (ਰਸੂਲਾਂ ਦੇ ਕਰਤੱਬ 22:3; 23:6) ਉਸ ਸਿੱਖਿਆ ਨੇ, ਜੋ ਅੱਜ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਪੜ੍ਹਾਈ ਦੇ ਬਰਾਬਰ ਹੈ, ਉਸ ਨੂੰ ਯਹੂਦੀ ਧਰਮ ਵਿਚ ਨਾਂ ਕਮਾਉਣ ਦਾ ਚੰਗਾ ਮੌਕਾ ਪੇਸ਼ ਕੀਤਾ।a
ਯੋਗਤਾਵਾਂ ਚੰਗੀ ਤਰ੍ਹਾਂ ਇਸਤੇਮਾਲ ਕੀਤੀਆਂ ਗਈਆਂ
ਇਕ ਹੈਲਨਵਾਦੀ ਅਤੇ ਰੋਮੀ ਸ਼ਹਿਰ ਵਿਚ ਰਹਿਣ ਵਾਲੇ ਯਹੂਦੀ ਪਰਿਵਾਰ ਵਿਚ ਪੈਦਾ ਹੋਣ ਦੇ ਕਾਰਨ, ਸੌਲੁਸ ਤਿੰਨ ਸਮਾਜਾਂ ਦਾ ਭਾਗ ਸੀ। ਬਿਨਾਂ ਸ਼ੱਕ ਇਕ ਸਰਬਦੇਸ਼ੀ ਬਹੁਭਾਸ਼ੀ ਪਿਛੋਕੜ ਨੇ ਉਸ ਦੀ ‘ਸਭਨਾਂ ਲਈ ਸਭ ਕੁਝ ਬਣਨ’ ਵਿਚ ਮਦਦ ਕੀਤੀ। (1 ਕੁਰਿੰਥੀਆਂ 9:19-23) ਰੋਮ ਦੇ ਨਾਗਰਿਕ ਹੋਣ ਨੇ ਉਸ ਨੂੰ ਬਾਅਦ ਵਿਚ ਕਾਨੂੰਨੀ ਤੌਰ ਤੇ ਆਪਣੀ ਸੇਵਕਾਈ ਦੀ ਰੱਖਿਆ ਕਰਨ ਅਤੇ ਰੋਮੀ ਸਾਮਰਾਜ ਵਿਚ ਸਭ ਤੋਂ ਉੱਚੇ ਹਾਕਮ ਅੱਗੇ ਖ਼ੁਸ਼ ਖ਼ਬਰੀ ਲੈ ਜਾਣ ਦਿੱਤਾ। (ਰਸੂਲਾਂ ਦੇ ਕਰਤੱਬ 16:37-40; 25:11, 12) ਜੀ ਉੱਠਿਆ ਯਿਸੂ, ਸੌਲੁਸ ਦੇ ਪਿਛੋਕੜ, ਉਸ ਦੀ ਪੜ੍ਹਾਈ-ਲਿਖਾਈ, ਅਤੇ ਉਸ ਦੀ ਸ਼ਖ਼ਸੀਅਤ ਨੂੰ ਜਾਣਦਾ ਸੀ, ਅਤੇ ਉਸ ਨੇ ਹਨਾਨਿਯਾਹ ਨੂੰ ਕਿਹਾ: “ਤੂੰ ਚੱਲਿਆ ਜਾਹ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ। ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁਝ ਝੱਲਣਾ ਪਵੇਗਾ।” (ਰਸੂਲਾਂ ਦੇ ਕਰਤੱਬ 9:13-16) ਜਦੋਂ ਸੌਲੁਸ ਦਾ ਜੋਸ਼ ਸਹੀ ਪਾਸੇ ਲਾਇਆ ਗਿਆ, ਤਾਂ ਇਹ ਜੋਸ਼ ਦੂਰ ਦੇ ਖੇਤਰਾਂ ਵਿਚ ਰਾਜ ਸੰਦੇਸ਼ ਫੈਲਾਉਣ ਵਿਚ ਸਹਾਇਕ ਸੀ।
ਮਸੀਹੀ ਇਤਿਹਾਸ ਵਿਚ ਯਿਸੂ ਦਾ ਸੌਲੁਸ ਨੂੰ ਇਕ ਖ਼ਾਸ ਕੰਮ ਲਈ ਚੁਣਨਾ ਇਕ ਅਨੋਖੀ ਘਟਨਾ ਸੀ। ਫਿਰ ਵੀ, ਵਰਤਮਾਨ ਦਿਨ ਦਿਆਂ ਸਾਰਿਆਂ ਮਸੀਹੀਆਂ ਕੋਲ ਨਿੱਜੀ ਯੋਗਤਾਵਾਂ ਅਤੇ ਗੁਣ ਹਨ ਜੋ ਖ਼ੁਸ਼ ਖ਼ਬਰੀ ਫੈਲਾਉਣ ਵਿਚ ਚੰਗੀ ਤਰ੍ਹਾਂ ਵਰਤੇ ਜਾ ਸਕਦੇ ਹਨ। ਜਦੋਂ ਸੌਲੁਸ ਸਮਝ ਗਿਆ ਕਿ ਯਿਸੂ ਉਸ ਤੋਂ ਕੀ ਚਾਹੁੰਦਾ ਸੀ, ਤਾਂ ਉਹ ਪਿੱਛੇ ਨਹੀਂ ਹਟਿਆ। ਰਾਜ ਦਿਆਂ ਕੰਮਾਂ ਨੂੰ ਅੱਗੇ ਵਧਾਉਣ ਵਿਚ ਜੋ ਕੁਝ ਉਹ ਕਰ ਸਕਦਾ ਸੀ ਉਸ ਨੇ ਕੀਤਾ। ਕੀ ਇਹ ਤੁਹਾਡੇ ਬਾਰੇ ਵੀ ਸੱਚ ਹੈ?
[ਫੁਟਨੋਟ]
a ਇਸ ਦੇ ਸੰਬੰਧ ਵਿਚ ਕਿ ਸੌਲੁਸ ਨੇ ਗਮਲੀਏਲ ਤੋਂ ਕਿਹੋ ਜਿਹੀ ਪੜ੍ਹਾਈ ਹਾਸਲ ਕੀਤੀ, 15 ਜੁਲਾਈ, 1996, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 26-29 ਦੇਖੋ।
[ਸਫ਼ੇ 30 ਉੱਤੇ ਡੱਬੀ/ਤਸਵੀਰ]
ਰੋਮੀ ਨਾਗਰਿਕਤਾ ਲਈ ਨਾਂ ਦਰਜ ਕਰਾਉਣਾ ਅਤੇ ਅਧਿਕਾਰ-ਪੱਤਰ ਬਣਾਉਣਾ
ਰੋਮੀ ਨਾਗਰਿਕਾਂ ਦੇ ਜਾਇਜ਼ ਬੱਚਿਆਂ ਦਾ ਨਾਂ ਦਰਜ ਕਰਾਉਣਾ ਅਗਸਟਸ ਦੁਆਰਾ ਦੋ ਕਾਨੂੰਨਾਂ ਨਾਲ ਸਥਾਪਿਤ ਕੀਤਾ ਗਿਆ ਸੀ ਜੋ 4 ਅਤੇ 9 ਸਾ.ਯੁ. ਵਿਚ ਪਾਸ ਕੀਤੇ ਗਏ ਸਨ। ਜਨਮ ਤੋਂ ਬਾਅਦ 30 ਦਿਨਾਂ ਦੇ ਅੰਦਰ-ਅੰਦਰ ਨਾਂ ਦੀ ਰਜਿਸਟਰੀ ਕਰਨੀ ਪੈਂਦੀ ਸੀ। ਸੂਬਿਆਂ ਵਿਚ, ਪਰਿਵਾਰਾਂ ਨੂੰ ਸਹੀ ਸਰਕਾਰੀ ਦਫ਼ਤਰ ਵਿਚ ਮੈਜਿਸਟ੍ਰੇਟ ਦੇ ਅੱਗੇ ਬਿਆਨ ਕਰਨਾ ਪੈਂਦਾ ਸੀ ਕਿ ਬੱਚਾ ਜਾਇਜ਼ ਹੈ ਅਤੇ ਉਸ ਕੋਲ ਰੋਮੀ ਨਾਗਰਿਕਤਾ ਹੈ। ਮਾਪਿਆਂ ਦੇ ਨਾਂ, ਬੱਚੇ ਦਾ ਲਿੰਗ ਤੇ ਉਸ ਦਾ ਨਾਂ, ਅਤੇ ਜਨਮ ਦੀ ਤਾਰੀਖ਼ ਵੀ ਦਰਜ ਕੀਤੇ ਜਾਂਦੇ ਸਨ। ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਵੀ, ਹਰ ਰੋਮੀ ਮਿਊਨਸਪੈਲਿਟੀ, ਬਸਤੀ, ਅਤੇ ਪ੍ਰੀਫੈਕਟ ਦੇ ਜ਼ਿਲ੍ਹੇ ਵਿਚ ਹਰ ਪੰਜ ਸਾਲ ਬਾਅਦ ਨਾਗਰਿਕਾਂ ਦੀ ਗਿਣਤੀ ਕਰ ਕੇ ਉਨ੍ਹਾਂ ਦੀ ਰਜਿਸਟਰੀ ਦੁਬਾਰਾ ਕੀਤੀ ਜਾਂਦੀ ਸੀ।
ਇਸ ਤਰ੍ਹਾਂ ਦਫ਼ਤਰਖ਼ਾਨੇ ਵਿਚ ਸਹੀ ਤਰ੍ਹਾਂ ਰੱਖੇ ਰਿਕਾਰਡਾਂ ਰਾਹੀਂ ਨਾਗਰਿਕ ਹੋਣ ਦਾ ਸਬੂਤ ਮਿਲ ਸਕਦਾ ਸੀ। ਲੱਕੜ ਦੀਆਂ ਹਲਕੀਆਂ ਕਬਜ਼ੇਦਾਰ ਫੱਟੀਆਂ ਤੇ ਅਜਿਹਿਆਂ ਰਿਕਾਰਡਾਂ ਦੀਆਂ ਪ੍ਰਮਾਣਿਤ ਕਾਪੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਸਨ। ਕੁਝ ਵਿਦਵਾਨਾਂ ਦੀ ਰਾਇ ਵਿਚ, ਜਦੋਂ ਪੌਲੁਸ ਨੇ ਰੋਮੀ ਨਾਗਰਿਕ ਹੋਣ ਦਾ ਦਾਅਵਾ ਕੀਤਾ ਸੀ, ਤਾਂ ਉਹ ਸ਼ਾਇਦ ਇਸ ਨੂੰ ਸਾਬਤ ਕਰਨ ਲਈ ਇਸ ਦਾ ਅਧਿਕਾਰ-ਪੱਤਰ ਦੇ ਸਕਿਆ ਸੀ। (ਰਸੂਲਾਂ ਦੇ ਕਰਤੱਬ 16:37; 22:25-29; 25:11) ਕਿਉਂਕਿ ਰੋਮੀ ਨਾਗਰਿਕਤਾ ਨੂੰ ਇੰਨਾ “ਉੱਚਾ” ਸਮਝਿਆ ਜਾਂਦਾ ਸੀ ਅਤੇ ਇਹ ਇਕ ਵਿਅਕਤੀ ਨੂੰ ਕਈ ਸਨਮਾਨ ਪ੍ਰਾਪਤ ਕਰਨ ਦਾ ਅਧਿਕਾਰ ਦੇ ਸਕਦੀ ਸੀ, ਅਜਿਹਿਆਂ ਦਸਤਾਵੇਜ਼ਾਂ ਦੀ ਨਕਲ ਕਰਨੀ ਇਕ ਬਹੁਤ ਹੀ ਗੰਭੀਰ ਅਪਰਾਧ ਸੀ। ਆਪਣੀ ਹੈਸੀਅਤ ਬਾਰੇ ਝੂਠ ਬੋਲਣ ਦੀ ਸਜ਼ਾ ਮੌਤ ਸੀ।
[ਕ੍ਰੈਡਿਟ ਲਾਈਨ]
Historic Costume in Pictures/Dover Publications, Inc., New York
[ਸਫ਼ੇ 31 ਉੱਤੇ ਡੱਬੀ/ਤਸਵੀਰ]
ਸੌਲੁਸ ਦਾ ਰੋਮੀ ਨਾਂ
ਰੋਮ ਦੇ ਹਰੇਕ ਨਰ ਨਾਗਰਿਕ ਦੇ ਨਾਂ ਦੇ ਘੱਟੋ-ਘੱਟ ਤਿੰਨ ਹਿੱਸੇ ਹੁੰਦੇ ਸਨ। ਉਸ ਦਾ ਪਹਿਲਾ ਨਾਂ, ਗੋਤ (ਜੋ ਉਸ ਦੇ ਕਬੀਲੇ, ਜਾਂ ਗੈਨਸ ਨਾਲ ਸੰਬੰਧ ਰੱਖਦਾ ਸੀ), ਅਤੇ ਉਪਨਾਮ। ਇਸ ਦੀ ਇਕ ਮਸ਼ਹੂਰ ਉਦਾਹਰਣ ਗੇਅਸ ਜੂਲੀਅਸ ਸੀਜ਼ਰ ਹੈ। ਬਾਈਬਲ ਕੋਈ ਪੂਰੇ ਰੋਮੀ ਨਾਂ ਨਹੀਂ ਦਿੰਦੀ, ਪਰ ਹੋਰ ਸ੍ਰੋਤ ਸਾਨੂੰ ਦੱਸਦੇ ਹਨ ਕਿ ਅਗ੍ਰਿੱਪਾ ਦਾ ਨਾਂ ਮਰਕੁਸ ਜੂਲੀਅਸ ਅਗ੍ਰਿੱਪਾ ਸੀ। ਗਾਲੀਓ ਦਾ ਨਾਂ ਲੂਸ਼ੀਅਸ ਜੂਨੀਅਸ ਗਾਲਿਓ ਸੀ। (ਰਸੂਲਾਂ ਦੇ ਕਰਤੱਬ 18:12; 25:13) ਬਾਈਬਲ ਵਿਚ ਵਿਅਕਤੀ ਦੇ ਤਿੰਨਾਂ ਨਾਵਾਂ ਵਿੱਚੋਂ ਦੋ ਨਾਵਾਂ ਦੀਆਂ ਉਦਾਹਰਣਾਂ ਹਨ ਪੁੰਤਿਯੁਸ ਪਿਲਾਤੁਸ (ਹੇਠ ਦਿੱਤਾ ਸ਼ਿਲਾ-ਲੇਖ), ਸਰਗੀਉਸ ਪੌਲੁਸ, ਕਲੌਦਿਯੁਸ ਲੁਸਿਯਸ, ਅਤੇ ਪੁਰਕਿਯੁਸ ਫ਼ੇਸਤੁਸ।—ਰਸੂਲਾਂ ਦੇ ਕਰਤੱਬ 4:27; 13:7; 23:26; 24:27.
ਇਹ ਪੱਕੀ ਤਰ੍ਹਾਂ ਨਹੀਂ ਸਾਬਤ ਕੀਤਾ ਜਾ ਸਕਦਾ ਕਿ ਪੌਲੁਸ, ਸੌਲੁਸ ਦਾ ਪਹਿਲਾ ਜਾਂ ਉਰਫ਼ ਨਾਂ ਸੀ। ਇਹ ਕੋਈ ਅਨੋਖੀ ਗੱਲ ਨਹੀਂ ਸੀ ਕਿ ਪਰਿਵਾਰ ਜਾਂ ਦੋਸਤਾਂ ਵਿਚਕਾਰ ਕਿਸੇ ਵਿਅਕਤੀ ਦਾ ਕੋਈ ਹੋਰ ਨਾਂ ਵੀ ਰੱਖਿਆ ਜਾਵੇ। ਹੋ ਸਕਦਾ ਹੈ ਕਿ ਸੌਲੁਸ ਵਰਗਾ ਗ਼ੈਰ-ਰੋਮੀ ਨਾਂ ਕਿਸੇ ਹੋਰ ਨਾਂ ਦੀ ਥਾਂ ਵਰਤਿਆ ਗਿਆ ਹੋਵੇ। “ਇਕ ਰੋਮੀ ਨਾਂ ਵਜੋਂ [ਸੌਲੁਸ] ਇਕ ਢੁਕਵਾਂ ਨਾਂ ਨਹੀਂ ਸੀ,” ਇਕ ਵਿਦਵਾਨ ਕਹਿੰਦਾ ਹੈ, “ਪਰ ਇਕ ਦੇਸੀ ਨਾਂ ਵਜੋਂ, ਜੋ ਕਿਸੇ ਰੋਮੀ ਨਾਗਰਿਕ ਨੂੰ ਸਿਗਨੁਮ ਦੇ ਤੌਰ ਤੇ ਦਿੱਤਾ ਗਿਆ ਸੀ, ਇਹ ਬਿਲਕੁਲ ਢੁਕਵਾਂ ਸੀ।” ਬਹੁਭਾਸ਼ੀ ਇਲਾਕਿਆਂ ਵਿਚ, ਸਥਿਤੀ ਨਿਸ਼ਚਿਤ ਕਰਦੀ ਸੀ ਕਿ ਕੋਈ ਆਪਣਾ ਕਿਹੜਾ ਨਾਂ ਵਰਤਦਾ।
[ਕ੍ਰੈਡਿਟ ਲਾਈਨ]
Photograph by Israel Museum, ©Israel Antiquities Authority