ਪਾਠਕਾਂ ਵੱਲੋਂ ਸਵਾਲ
ਕੀ 2 ਥੱਸਲੁਨੀਕੀਆਂ 3:14 ਤੇ ਜ਼ਿਕਰ ਕੀਤਾ ਗਿਆ “ਧਿਆਨ ਰੱਖਣਾ,” ਜਾਂ ‘ਨਿਸ਼ਾਨ ਲਾਉਣਾ’ (ਨਿ ਵ), ਕਲੀਸਿਯਾ ਵੱਲੋਂ ਕੋਈ ਰਸਮੀ ਕਾਰਵਾਈ ਹੈ, ਜਾਂ ਕੀ ਇਹ ਅਜਿਹੀ ਕੋਈ ਕਾਰਵਾਈ ਹੈ ਜੋ ਢੀਠ ਵਿਅਕਤੀਆਂ ਤੋਂ ਦੂਰ ਰਹਿਣ ਲਈ ਮਸੀਹੀ ਨਿੱਜੀ ਤੌਰ ਤੇ ਲਾਗੂ ਕਰਦੇ ਹਨ?
ਪੌਲੁਸ ਰਸੂਲ ਦੇ ਥੱਸਲੁਨੀਕੀਆਂ ਨੂੰ ਲਿਖੇ ਇਹ ਸ਼ਬਦ ਸੰਕੇਤ ਕਰਦੇ ਹਨ ਕਿ ਕਲੀਸਿਯਾ ਦੇ ਬਜ਼ੁਰਗ ‘ਧਿਆਨ ਰੱਖਣ’ ਜਾਂ ‘ਨਿਸ਼ਾਨ ਲਾਉਣ’ ਵਿਚ ਖ਼ਾਸ ਭੂਮਿਕਾ ਅਦਾ ਕਰਦੇ ਹਨ। ਫਿਰ ਬਾਅਦ ਵਿਚ, ਹਰੇਕ ਮਸੀਹੀ, ਅਧਿਆਤਮਿਕ ਟੀਚੇ ਮਨ ਵਿਚ ਰੱਖਦੇ ਹੋਏ, ਫ਼ੈਸਲੇ ਦੇ ਮੁਤਾਬਕ ਚੱਲਦਾ ਸੀ। ਅਸੀਂ ਇਸ ਗੱਲ ਨੂੰ ਸਭ ਤੋਂ ਬਿਹਤਰ ਤਰੀਕੇ ਵਿਚ ਸਮਝ ਸਕਦੇ ਹਾਂ ਜੇ ਅਸੀਂ ਉਸ ਮੁਢਲੀ ਸਥਿਤੀ ਵੱਲ ਧਿਆਨ ਦੇਈਏ ਜਦੋਂ ਪੌਲੁਸ ਨੇ ਇਹ ਸਲਾਹ ਦਿੱਤੀ ਸੀ।
ਪੌਲੁਸ ਨੇ ਥੱਸਲੁਨੀਕੀਆਂ ਦੀ ਕਲੀਸਿਯਾ ਸਥਾਪਿਤ ਕਰਨ ਵਿਚ ਮਦਦ ਕੀਤੀ ਸੀ, ਅਤੇ ਆਦਮੀਆਂ ਅਤੇ ਔਰਤਾਂ ਨੂੰ ਸੱਚਾਈ ਸਿੱਖਣ ਵਿਚ ਮਦਦ ਦਿੱਤੀ। (ਰਸੂਲਾਂ ਦੇ ਕਰਤੱਬ 17:1-4) ਬਾਅਦ ਵਿਚ ਉਨ੍ਹਾਂ ਦੀ ਸ਼ਲਾਘਾ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਉਸ ਨੇ ਕੁਰਿੰਥੁਸ ਤੋਂ ਲਿਖਿਆ। ਪੌਲੁਸ ਨੇ ਲੋੜੀਂਦੀ ਸਲਾਹ ਵੀ ਪੇਸ਼ ਕੀਤੀ ਸੀ। ਉਸ ਨੇ ਉਨ੍ਹਾਂ ਨੂੰ ‘ਚੁੱਪ ਚਾਪ ਰਹਿਣ ਅਤੇ ਆਪੋ ਆਪਣੇ ਕੰਮ ਧੰਦੇ ਕਰਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦੀ ਧਾਰਨਾ ਧਾਰਨ’ ਲਈ ਉਤੇਜਿਤ ਕੀਤਾ ਸੀ। ਕੁਝ ਵਿਅਕਤੀ ਇਸ ਤਰ੍ਹਾਂ ਨਹੀਂ ਕਰ ਰਹੇ ਸਨ, ਇਸ ਲਈ ਪੌਲੁਸ ਅੱਗੇ ਕਹਿੰਦਾ ਹੈ: “ਅਸੀਂ ਤੁਹਾਨੂੰ ਤਗੀਦ ਕਰਦੇ ਹਾਂ ਜੋ ਤੁਸੀਂ ਕੁਸੂਤਿਆਂ ਨੂੰ ਸਮਝਾਓ, ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ।” ਸਪੱਸ਼ਟ ਹੈ ਕਿ ਉਨ੍ਹਾਂ ਵਿਚਕਾਰ ‘ਕਸੂਤੇ’a ਵਿਅਕਤੀ ਸਨ ਜਿਨ੍ਹਾਂ ਨੂੰ ਸਲਾਹ ਦੀ ਜ਼ਰੂਰਤ ਸੀ।—1 ਥੱਸਲੁਨੀਕੀਆਂ 1:2-10; 4:11; 5:14.
ਕੁਝ ਮਹੀਨੇ ਬਾਅਦ, ਪੌਲੁਸ ਨੇ ਥੱਸਲੁਨੀਕੀਆਂ ਨੂੰ ਆਪਣੀ ਦੂਸਰੀ ਪੱਤਰੀ ਲਿਖੀ, ਜਿਸ ਵਿਚ ਯਿਸੂ ਦੀ ਆਉਣ ਵਾਲੀ ਮੌਜੂਦਗੀ ਬਾਰੇ ਹੋਰ ਗੱਲਾਂ ਵੀ ਸਨ। ਪੌਲੁਸ ਨੇ ਉਨ੍ਹਾਂ ਕਸੂਤਿਆਂ ਵਿਅਕਤੀਆਂ ਨਾਲ ਨਿਪਟਣ ਲਈ ਹੋਰ ਅਗਵਾਈ ਵੀ ਦਿੱਤੀ ਸੀ, ਜੋ ‘ਕੁਝ ਕੰਮ ਧੰਦਾ ਨਹੀਂ ਕਰਦੇ ਸਨ ਸਗੋਂ ਪਰਾਏ ਕੰਮਾਂ ਵਿੱਚ ਲੱਤ ਅੜਾਉਂਦੇ ਸਨ।’ ਉਨ੍ਹਾਂ ਦੇ ਕੰਮ, ਪੌਲੁਸ ਦੀ ਮਿਸਾਲ ਦੇ ਉਲਟ ਸਨ। ਪੌਲੁਸ ਖ਼ੁਦ ਇਕ ਸਖ਼ਤ ਮਿਹਨਤੀ ਬੰਦਾ ਸੀ ਅਤੇ ਅਜਿਹੇ ਵਿਅਕਤੀ ਆਪਣਾ ਭਾਰ ਆਪ ਚੁੱਕਣ ਦੇ ਉਸ ਦੇ ਸਾਫ਼ ਆਦੇਸ਼ ਦੇ ਉਲਟ ਜਾ ਰਹੇ ਸਨ। (2 ਥੱਸਲੁਨੀਕੀਆਂ 3:7-12) ਪੌਲੁਸ ਨੇ ਹਿਦਾਇਤ ਦਿੱਤੀ ਕਿ ਕੁਝ ਖ਼ਾਸ ਕਦਮ ਚੁੱਕੇ ਜਾਣ। ਇਹ ਕਦਮ ਬਜ਼ੁਰਗਾਂ ਵੱਲੋਂ ਕਸੂਤੇ ਵਿਅਕਤੀਆਂ ਨੂੰ ਚੇਤਾਵਨੀ ਦੇਣ ਜਾਂ ਸਲਾਹ-ਮਸ਼ਵਰਾ ਦੇਣ ਤੋਂ ਬਾਅਦ ਚੁੱਕੇ ਗਏ ਸਨ। ਪੌਲੁਸ ਲਿਖਦਾ ਹੈ:
“ਹੁਣ ਹੇ ਭਰਾਵੋ, ਅਸੀਂ . . . ਤੁਹਾਨੂੰ ਹੁਕਮ ਦਿੰਦੇ ਹਾਂ ਭਈ ਤੁਸੀਂ ਹਰ ਇੱਕ ਭਰਾ ਤੋਂ ਜਿਹੜਾ ਉਸ ਰਵਾਇਤ ਦੇ ਅਨੁਸਾਰ ਨਹੀਂ ਜੋ ਤੁਸਾਂ ਸਾਥੋਂ ਪਾਈ ਸਗੋਂ ਕਸੂਤਾ ਚੱਲਦਾ ਹੈ ਨਿਆਰੇ ਰਹੋ। ਪਰ ਤੁਸੀਂ, ਭਰਾਵੋ, ਭਲਿਆਈ ਕਰਦਿਆਂ ਹੌਸਲਾ ਨਾ ਹਾਰੋ। ਅਤੇ ਜੇ ਕੋਈ ਇਸ ਪੱਤ੍ਰੀ ਵਿੱਚ ਲਿਖੇ ਹੋਏ ਸਾਡੇ ਬਚਨ ਨੂੰ ਨਾ ਮੰਨੇ ਤਾਂ ਉਹ ਦਾ ਧਿਆਨ ਰੱਖਣਾ [‘ਉਸ ਉੱਤੇ ਨਿਸ਼ਾਨ ਲਾਈ ਰੱਖਣਾ,’ ਨਿ ਵ] ਜੋ ਉਹ ਦੀ ਸੰਗਤ ਨਾ ਕਰੋ ਭਈ ਉਹ ਲੱਜਿਆਵਾਨ ਹੋਵੇ। ਤਾਂ ਵੀ ਉਹ ਨੂੰ ਵੈਰੀ ਕਰਕੇ ਨਾ ਜਾਣੋਂ ਸਗੋਂ ਭਰਾ ਕਰਕੇ ਸਮਝਾਓ।”—2 ਥੱਸਲੁਨੀਕੀਆਂ 3:6, 13-15.
ਸੋ ਅਗਲੇ ਕਦਮਾਂ ਵਿਚ ਕਸੂਤੇ ਵਿਅਕਤੀਆਂ ਤੋਂ ਨਿਆਰੇ ਰਹਿਣਾ, ਉਨ੍ਹਾਂ ਤੇ ਨਿਸ਼ਾਨ ਲਾਉਣਾ, ਉਨ੍ਹਾਂ ਨਾਲ ਸੰਗਤ ਛੱਡ ਦੇਣੀ, ਪਰ ਫਿਰ ਵੀ ਉਨ੍ਹਾਂ ਨੂੰ ਭਰਾਵਾਂ ਵਾਂਗ ਸਮਝਾਉਣਾ ਸ਼ਾਮਲ ਹੈ। ਲੇਕਿਨ ਕਲੀਸਿਯਾ ਦੇ ਮੈਂਬਰ ਕਿਨ੍ਹਾਂ ਹਾਲਾਤਾਂ ਅਧੀਨ ਅਜਿਹੇ ਕਦਮ ਚੁੱਕਣਗੇ? ਇਸ ਨੂੰ ਸਮਝਣ ਵਾਸਤੇ, ਆਓ ਆਪਾਂ ਤਿੰਨ ਹਾਲਾਤਾਂ ਉੱਤੇ ਗੌਰ ਕਰੀਏ ਜਿਨ੍ਹਾਂ ਤੇ ਪੌਲੁਸ ਇੱਥੇ ਧਿਆਨ ਕੇਂਦ੍ਰਿਤ ਨਹੀਂ ਕਰ ਰਿਹਾ ਸੀ।
1. ਅਸੀਂ ਜਾਣਦੇ ਹਾਂ ਕਿ ਮਸੀਹੀ ਅਪੂਰਣ ਹਨ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਹੁੰਦੀਆਂ ਹਨ। ਫਿਰ ਵੀ, ਪ੍ਰੇਮ ਸੱਚੀ ਮਸੀਹੀਅਤ ਦਾ ਨਿਸ਼ਾਨ ਹੈ, ਜਿਸ ਕਾਰਨ ਸਾਨੂੰ ਸਮਝਦਾਰ ਹੋਣਾ ਅਤੇ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰਨੀਆਂ ਚਾਹੀਦੀਆਂ ਹਨ। ਮਿਸਾਲ ਲਈ, ਸ਼ਾਇਦ ਇਕ ਮਸੀਹੀ ਗੁੱਸੇ ਕਾਰਨ ਭੜਕ ਉੱਠੇ, ਜਿਵੇਂ ਪੌਲੁਸ ਅਤੇ ਬਰਨਬਾਸ ਵਿਚਕਾਰ ਹੋਇਆ ਸੀ। (ਰਸੂਲਾਂ ਦੇ ਕਰਤੱਬ 15:36-40) ਜਾਂ ਥਕਾਵਟ ਕਾਰਨ ਇਕ ਵਿਅਕਤੀ ਸ਼ਾਇਦ ਰੁੱਖੇ ਅਤੇ ਚੁਭਵੇਂ ਸ਼ਬਦ ਕਹੇ। ਅਜਿਹਿਆਂ ਮਾਮਲਿਆਂ ਵਿਚ, ਪ੍ਰੇਮ ਦਿਖਾਉਣ ਅਤੇ ਬਾਈਬਲ ਦੀ ਸਲਾਹ ਲਾਗੂ ਕਰਨ ਦੁਆਰਾ ਅਸੀਂ ਗ਼ਲਤੀ ਨੂੰ ਢੱਕ ਸਕਦੇ ਹਾਂ ਅਤੇ ਆਪਣੇ ਸੰਗੀ ਮਸੀਹੀਆਂ ਨਾਲ ਜੀਉਣਾ, ਸੰਗਤ ਰੱਖਣੀ ਅਤੇ ਕੰਮ ਕਰਨਾ ਜਾਰੀ ਰੱਖ ਸਕਦੇ ਹਾਂ। (ਮੱਤੀ 5:23-25; 6:14; 7:1-5; 1 ਪਤਰਸ 4:8) ਸਪੱਸ਼ਟ ਹੈ ਕਿ 2 ਥੱਸਲੁਨੀਕੀਆਂ ਵਿਚ ਪੌਲੁਸ ਅਜਿਹੀਆਂ ਕਮਜ਼ੋਰੀਆਂ ਬਾਰੇ ਗੱਲ ਨਹੀਂ ਕਰ ਰਿਹਾ ਸੀ।
2. ਪੌਲੁਸ ਅਜਿਹੀ ਸਥਿਤੀ ਬਾਰੇ ਗੱਲ ਨਹੀਂ ਕਰ ਰਿਹਾ ਸੀ ਜਿਸ ਵਿਚ ਇਕ ਮਸੀਹੀ ਖ਼ੁਦ ਕਿਸੇ ਵਿਅਕਤੀ ਨਾਲ, ਜਿਸ ਦਾ ਚਾਲ-ਚੱਲਣ ਜਾਂ ਰਵੱਈਆ ਚੰਗਾ ਨਾ ਹੋਵੇ, ਆਪਣੀ ਸੰਗਤ ਘਟਾਉਣ ਦਾ ਫ਼ੈਸਲਾ ਕਰਦਾ ਹੈ—ਮਿਸਾਲ ਲਈ, ਅਜਿਹਾ ਵਿਅਕਤੀ ਜੋ ਮਨੋਰੰਜਨ ਜਾਂ ਧਨ-ਦੌਲਤ ਵੱਲ ਕੁਝ ਜ਼ਿਆਦਾ ਹੀ ਧਿਆਨ ਦਿੰਦਾ ਹੋਵੇ। ਜਾਂ ਕੋਈ ਮਾਂ ਜਾਂ ਬਾਪ ਸ਼ਾਇਦ ਆਪਣੇ ਬੱਚੇ ਦਾ ਅਜਿਹੇ ਬੱਚਿਆਂ ਨਾਲ ਮੇਲ-ਜੋਲ ਰੋਕੇ ਜੋ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ, ਜੋ ਖ਼ਤਰਨਾਕ ਤਰੀਕੇ ਵਿਚ ਖੇਡਦੇ ਹਨ, ਜਾਂ ਜੋ ਮਸੀਹੀਅਤ ਦੀ ਗੰਭੀਰਤਾ ਨਹੀਂ ਸਮਝਦੇ। ਇਹ ਸਿਰਫ਼ ਨਿੱਜੀ ਫ਼ੈਸਲੇ ਹਨ ਜੋ ਕਹਾਉਤਾਂ 13:20 ਵਿਚ ਪੜ੍ਹੇ ਜਾਣ ਵਾਲੇ ਸ਼ਬਦਾਂ ਦੇ ਅਨੁਸਾਰ ਹਨ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—1 ਕੁਰਿੰਥੀਆਂ 15:33 ਦੀ ਤੁਲਨਾ ਕਰੋ।
3. ਇਨ੍ਹਾਂ ਗੱਲਾਂ ਨਾਲੋਂ ਕਾਫ਼ੀ ਗੰਭੀਰ ਵਿਸ਼ੇ ਤੇ ਪੌਲੁਸ ਨੇ ਕੁਰਿੰਥੀਆਂ ਨੂੰ ਅਜਿਹੇ ਵਿਅਕਤੀ ਬਾਰੇ ਲਿਖਿਆ ਜੋ ਗੰਭੀਰ ਪਾਪ ਕਰਦਾ ਹੈ ਅਤੇ ਤੋਬਾ ਨਹੀਂ ਕਰਦਾ। ਅਜਿਹੇ ਅਪਸ਼ਚਾਤਾਪੀ ਪਾਪੀਆਂ ਨੂੰ ਕਲੀਸਿਯਾ ਤੋਂ ਛੇਕਣ ਦੀ ਲੋੜ ਸੀ। “ਕੁਕਰਮੀ” ਬੰਦੇ ਮਾਨੋ ਸ਼ਤਾਨ ਦੇ ਹਵਾਲੇ ਕੀਤੇ ਜਾਣੇ ਚਾਹੀਦੇ ਸਨ। ਇਸ ਤੋਂ ਬਾਅਦ, ਵਫ਼ਾਦਾਰ ਮਸੀਹੀਆਂ ਨੂੰ ਅਜਿਹੇ ਕੁਕਰਮੀਆਂ ਨਾਲ ਮੇਲ-ਜੋਲ ਨਹੀਂ ਰੱਖਣਾ ਚਾਹੀਦਾ ਸੀ; ਯੂਹੰਨਾ ਰਸੂਲ ਨੇ ਮਸੀਹੀਆਂ ਉੱਤੇ ਜ਼ੋਰ ਪਾਇਆ ਕਿ ਉਹ ਅਜਿਹੇ ਵਿਅਕਤੀਆਂ ਨੂੰ ਨਮਸਕਾਰ ਵੀ ਨਾ ਕਰਨ। (1 ਕੁਰਿੰਥੀਆਂ 5:1-13; 2 ਯੂਹੰਨਾ 9-11) ਲੇਕਿਨ, 2 ਥੱਸਲੁਨੀਕੀਆਂ 3:14 ਵਿਚ ਦਿੱਤੀ ਗਈ ਸਲਾਹ ਇਸ ਸਥਿਤੀ ਵਿਚ ਵੀ ਲਾਗੂ ਨਹੀਂ ਹੁੰਦੀ।
ਉਪਰਲੀਆਂ ਤਿੰਨ ਸਥਿਤੀਆਂ ਤੋਂ ਵੱਖਰੀ ਉਹ ਸਥਿਤੀ ਹੈ ਜਿਸ ਵਿਚ ‘ਕਸੂਤੇ’ ਵਿਅਕਤੀ ਸ਼ਾਮਲ ਹੁੰਦੇ ਹਨ ਜਿਵੇਂ 2 ਥੱਸਲੁਨੀਕੀਆਂ ਵਿਚ ਚਰਚਾ ਕੀਤੀ ਗਈ ਹੈ। ਪੌਲੁਸ ਨੇ ਲਿਖਿਆ ਕਿ ਉਹ ਹਾਲੇ ਵੀ “ਭਰਾ” ਸਨ ਜਿਨ੍ਹਾਂ ਨੂੰ ਸਮਝ ਦੇਣ ਦੀ ਜ਼ਰੂਰਤ ਸੀ ਅਤੇ ਜਿਨ੍ਹਾਂ ਨਾਲ ਭਰਾਵਾਂ ਵਾਂਗ ਸਲੂਕ ਵੀ ਕਰਨਾ ਚਾਹੀਦਾ ਸੀ। ਇਸ ਲਈ, ‘ਕਸੂਤਿਆਂ’ ਭਰਾਵਾਂ ਦੀ ਸਮੱਸਿਆ ਨਾ ਹੀ ਮਸੀਹੀਆਂ ਦੇ ਦਰਮਿਆਨ ਕਿਸੇ ਨਿੱਜੀ ਗੱਲ ਦੇ ਕਾਰਨ ਸੀ, ਤਾਂ ਨਾ ਹੀ ਇੰਨੀ ਗੰਭੀਰ ਸੀ ਕਿ ਕਲੀਸਿਯਾ ਦੇ ਬਜ਼ੁਰਗਾਂ ਨੂੰ ਦਖ਼ਲ ਦੇ ਕੇ ਇਕ ਵਿਅਕਤੀ ਨੂੰ ਛੇਕਣਾ ਪੈਣਾ ਸੀ, ਜਿਵੇਂ ਪੌਲੁਸ ਨੇ ਕੁਰਿੰਥੁਸ ਵਿਚ ਕਿਸੇ ਅਨੈਤਿਕ ਮਾਮਲੇ ਦੇ ਸੰਬੰਧ ਵਿਚ ਕੀਤਾ ਸੀ। ‘ਕਸੂਤੇ’ ਵਿਅਕਤੀ ਗੰਭੀਰ ਪਾਪ ਕਰਨ ਦੇ ਦੋਸ਼ੀ ਨਹੀਂ ਸਨ ਜਿਵੇਂ ਕੁਰਿੰਥੁਸ ਵਿਚ ਛੇਕਿਆ ਗਿਆ ਆਦਮੀ ਸੀ।
ਥੱਸਲੁਨੀਕੀਆਂ ਵਿਚ ‘ਕਸੂਤੇ’ ਵਿਅਕਤੀ ਮਸੀਹੀਅਤ ਤੋਂ ਬਹੁਤ ਦੂਰ ਜਾਣ ਦੇ ਦੋਸ਼ੀ ਸਨ। ਉਹ ਕੰਮ-ਧੰਦਾ ਨਹੀਂ ਕਰਦੇ ਸਨ, ਕਿਉਂਜੋ ਉਨ੍ਹਾਂ ਦੇ ਖ਼ਿਆਲਾਂ ਅਨੁਸਾਰ ਮਸੀਹ ਦਾ ਆਉਣਾ ਬਹੁਤ ਨੇੜੇ ਸੀ ਜਾਂ ਕਿਉਂਜੋ ਉਹ ਆਲਸੀ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ‘ਪਰਾਏ ਕੰਮਾਂ ਵਿੱਚ ਲੱਤ ਅੜਾਉਣ’ ਦੁਆਰਾ ਬਹੁਤ ਫ਼ਸਾਦ ਪਾਏ ਸਨ। ਸੰਭਵ ਹੈ ਕਿ ਪੌਲੁਸ ਦੀ ਪਹਿਲੀ ਪੱਤਰੀ ਦੀ ਸਲਾਹ ਅਤੇ ਹੋਰ ਈਸ਼ਵਰੀ ਰਾਇ ਅਨੁਸਾਰ ਕਲੀਸਿਯਾ ਦੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਬਾਰ-ਬਾਰ ਸਲਾਹ-ਮਸ਼ਵਰਾ ਵੀ ਦਿੱਤਾ ਹੋਵੇਗਾ। (ਕਹਾਉਤਾਂ 6:6-11; 10:4, 5; 12:11, 24; 24:30-34) ਪਰ ਫਿਰ ਵੀ ਉਹ ਅਜਿਹੇ ਮਾਰਗ ਉੱਤੇ ਚੱਲਦੇ ਰਹੇ ਜੋ ਕਲੀਸਿਯਾ ਉੱਤੇ ਬਦਨਾਮੀ ਲਿਆਉਂਦਾ ਸੀ ਅਤੇ ਜੋ ਸ਼ਾਇਦ ਦੂਸਰਿਆਂ ਮਸੀਹੀਆਂ ਉੱਤੇ ਅਸਰ ਪਾ ਸਕਦਾ ਸੀ। ਇਸ ਲਈ ਮਸੀਹੀ ਬਜ਼ੁਰਗ ਪੌਲੁਸ ਨੇ, ਵਿਅਕਤੀਆਂ ਦੇ ਨਾਂ ਜ਼ਿਕਰ ਕਰਨ ਤੋਂ ਬਗੈਰ, ਉਨ੍ਹਾਂ ਦੀਆਂ ਬਦਚਲਣੀਆਂ ਦਾ ਭੇਤ ਖੋਲ੍ਹਿਆ ਅਤੇ ਉਨ੍ਹਾਂ ਦੇ ਕਸੂਤੇ ਕੰਮਾਂ ਵੱਲ ਖੁੱਲ੍ਹੇ-ਆਮ ਧਿਆਨ ਖਿੱਚਿਆ।
ਉਸ ਨੇ ਕਲੀਸਿਯਾ ਨੂੰ ਇਹ ਵੀ ਦੱਸਿਆ ਕਿ ਹਰੇਕ ਮਸੀਹੀ ਲਈ ਚੰਗਾ ਹੋਵੇਗਾ ਜੇ ਉਹ ਖ਼ੁਦ ਅਜਿਹੇ ਕਸੂਤੇ ਵਿਅਕਤੀ ਉੱਤੇ ‘ਨਿਸ਼ਾਨ ਲਾਵੇ।’ ਇਸ ਦਾ ਅਰਥ ਇਹ ਸੀ ਕਿ ਸਾਰਿਆਂ ਨੂੰ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਜਿਨ੍ਹਾਂ ਦੇ ਕੰਮ ਉਸ ਮਾਰਗ ਨਾਲ ਮਿਲਦੇ-ਜੁਲਦੇ ਸਨ ਜਿਸ ਬਾਰੇ ਕਲੀਸਿਯਾ ਨੂੰ ਸਾਫ਼-ਸਾਫ਼ ਖ਼ਬਰਦਾਰ ਕੀਤਾ ਗਿਆ ਸੀ। ਪੌਲੁਸ ਨੇ ਸਲਾਹ ਦਿੱਤੀ ਹੈ ਕਿ ਉਹ ‘ਹਰ ਇੱਕ ਭਰਾ ਤੋਂ ਜਿਹੜਾ ਕਸੂਤਾ ਚੱਲਦਾ ਹੈ ਨਿਆਰੇ ਰਹਿਣ।’ ਨਿਸ਼ਚੇ, ਇਸ ਦਾ ਮਤਲਬ ਅਜਿਹੇ ਵਿਅਕਤੀ ਤੋਂ ਬਿਲਕੁਲ ਦੂਰ ਰਹਿਣਾ ਨਹੀਂ ਹੋ ਸਕਦਾ, ਕਿਉਂਕਿ ਉਨ੍ਹਾਂ ਨੇ ਉਸ ਨੂੰ ‘ਭਰਾ ਕਰਕੇ ਸਮਝਾਉਣ’ ਦੀ ਕੋਸ਼ਿਸ਼ ਕਰਨੀ ਸੀ। ਉਹ ਮੀਟਿੰਗਾਂ ਵਿਚ ਅਤੇ ਸ਼ਾਇਦ ਪ੍ਰਚਾਰ ਦੇ ਕੰਮ ਵਿਚ ਮਸੀਹੀ ਮੇਲ-ਜੋਲ ਜਾਰੀ ਰੱਖਣਗੇ। ਅਤੇ ਉਹ ਉਮੀਦ ਰੱਖਦੇ ਸਨ ਕਿ ਉਨ੍ਹਾਂ ਦਾ ਭਰਾ ਸ਼ਾਇਦ ਤਾੜਨਾ ਸੁਣ ਕੇ ਆਪਣੇ ਗ਼ਲਤ ਰਾਹਾਂ ਨੂੰ ਛੱਡ ਦੇਵੇਗਾ।
ਉਹ ਕਿਸ ਅਰਥ ਵਿਚ ਉਸ ਤੋਂ “ਨਿਆਰੇ” ਰਹਿਣਗੇ? ਜ਼ਾਹਰ ਹੈ ਕਿ ਇਹ ਮੀਟਿੰਗਾਂ ਤੋਂ ਇਲਾਵਾ ਉਸ ਨਾਲ ਮੇਲ-ਜੋਲ ਰੱਖਣ ਦੇ ਸੰਬੰਧ ਵਿਚ ਸੀ। (ਗਲਾਤੀਆਂ 2:12 ਦੀ ਤੁਲਨਾ ਕਰੋ।) ਉਸ ਨਾਲ ਸੰਗਤ ਨਾ ਰੱਖਣੀ ਅਤੇ ਮਨੋਰੰਜਨ ਵਿਚ ਹਿੱਸਾ ਲੈਣਾ ਬੰਦ ਕਰਨਾ ਸ਼ਾਇਦ ਉਸ ਨੂੰ ਅਹਿਸਾਸ ਦਿਲਾਵੇ ਕਿ ਅਸੂਲੀ ਲੋਕ ਉਸ ਦੇ ਕੰਮ ਪਸੰਦ ਨਹੀਂ ਕਰਦੇ ਹਨ। ਜੇਕਰ ਉਹ ਨਾ ਵੀ ਸ਼ਰਮਿੰਦਾ ਹੋਵੇ ਅਤੇ ਨਾ ਵੀ ਬਦਲੇ, ਤਾਂ ਘੱਟੋ-ਘੱਟ ਦੂਸਰਿਆਂ ਲਈ ਉਸ ਦੀਆਂ ਕਰਤੂਤਾਂ ਸਿੱਖਣ ਅਤੇ ਉਸ ਵਰਗੇ ਬਣਨ ਦੀ ਘੱਟ ਸੰਭਾਵਨਾ ਹੋਵੇਗੀ। ਇਸ ਦੇ ਨਾਲ-ਨਾਲ, ਇਨ੍ਹਾਂ ਮਸੀਹੀਆਂ ਨੂੰ ਉਤਸ਼ਾਹੀ ਚੀਜ਼ਾਂ ਉੱਤੇ ਧਿਆਨ ਲਾਉਣਾ ਚਾਹੀਦਾ ਹੈ। ਪੌਲੁਸ ਉਨ੍ਹਾਂ ਨੂੰ ਸਲਾਹ ਦਿੰਦਾ ਹੈ: “ਪਰ ਤੁਸੀਂ, ਭਰਾਵੋ, ਭਲਿਆਈ ਕਰਦਿਆਂ ਹੌਸਲਾ ਨਾ ਹਾਰੋ।”—2 ਥੱਸਲੁਨੀਕੀਆਂ 3:13.
ਸਪੱਸ਼ਟ ਹੈ ਕਿ ਰਸੂਲ ਤੋਂ ਇਸ ਸਲਾਹ ਦੇ ਕਾਰਨ, ਸਾਨੂੰ ਆਪਣੇ ਭਰਾਵਾਂ ਦੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਲਈ ਉਨ੍ਹਾਂ ਨੂੰ ਘਟੀਆ ਨਹੀਂ ਸਮਝਣਾ ਚਾਹੀਦਾ ਹੈ, ਨਾ ਹੀ ਉਨ੍ਹਾਂ ਬਾਰੇ ਬੁਰਾ-ਭਲਾ ਕਹਿਣਾ ਚਾਹੀਦਾ ਹੈ। ਇਸ ਦੀ ਬਜਾਇ, ਇਸ ਦਾ ਟੀਚਾ ਹੈ ਅਜਿਹੇ ਵਿਅਕਤੀ ਦੀ ਮਦਦ ਕਰਨੀ ਜੋ ਮਸੀਹੀਅਤ ਦੇ ਵਿਰੁੱਧ ਜਾਣ ਵਾਲੇ ਪੁੱਠੇ ਰਸਤੇ ਤੇ ਚੱਲਣ ਲੱਗ ਪਿਆ ਹੈ।
ਪੌਲੁਸ ਨੇ ਕਈਆਂ ਵੇਰਵਿਆਂ ਵਾਲੇ ਅਸੂਲ ਸਥਾਪਿਤ ਨਹੀਂ ਕੀਤੇ ਸੀ ਜਿਵੇਂ ਕਿ ਉਹ ਕੋਈ ਗੁੰਝਲਦਾਰ ਕਾਰਵਾਈ ਸ਼ੁਰੂ ਕਰ ਰਿਹਾ ਸੀ। ਪਰ ਇਹ ਗੱਲ ਸਾਫ਼ ਹੈ ਕਿ ਬਜ਼ੁਰਗਾਂ ਨੂੰ ਪਹਿਲਾਂ ਕਸੂਤੇ ਵਿਅਕਤੀ ਨੂੰ ਤਾੜਨਾ ਦੇਣ ਅਤੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਉਹ ਸਫ਼ਲ ਨਹੀਂ ਹੁੰਦੇ ਅਤੇ ਵਿਅਕਤੀ ਅਜਿਹੇ ਰਾਹ ਵਿਚ ਜਾਰੀ ਰਹਿੰਦਾ ਹੈ ਜੋ ਗ਼ਲਤ ਹੈ ਅਤੇ ਜਿਸ ਤੋਂ ਦੂਸਰਿਆਂ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ, ਉਹ ਸ਼ਾਇਦ ਫ਼ੈਸਲਾ ਕਰਨ ਕਿ ਕਲੀਸਿਯਾ ਨੂੰ ਖ਼ਬਰਦਾਰ ਕਰ ਦੇਣਾ ਚਾਹੀਦਾ ਹੈ। ਉਹ ਅਜਿਹੇ ਭਾਸ਼ਣ ਦਾ ਇੰਤਜ਼ਾਮ ਕਰ ਸਕਦੇ ਹਨ ਜੋ ਅਜਿਹਿਆਂ ਕਸੂਤਿਆਂ ਕੰਮਾਂ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ। ਉਹ ਕਿਸੇ ਦੇ ਨਾਂ ਦਾ ਜ਼ਿਕਰ ਤਾਂ ਨਹੀਂ ਕਰਨਗੇ, ਪਰ ਉਨ੍ਹਾਂ ਦਾ ਚੇਤਾਵਨੀ-ਭਰਿਆ ਭਾਸ਼ਣ ਕਲੀਸਿਯਾ ਦੀ ਰੱਖਿਆ ਕਰਨ ਵਿਚ ਮਦਦ ਕਰੇਗਾ ਕਿਉਂਕਿ ਜ਼ਿੰਮੇਵਾਰ ਭੈਣ-ਭਰਾ ਕਸੂਤੇ ਰਵੱਈਏ ਵਾਲੇ ਵਿਅਕਤੀ ਨਾਲ ਸੰਗਤ ਘਟਾਉਣ ਵਿਚ ਜ਼ਿਆਦਾ ਸਾਵਧਾਨੀ ਵਰਤਣਗੇ।
ਉਮੀਦ ਰੱਖੀ ਜਾਂਦੀ ਹੈ ਕਿ ਕਸੂਤਾ ਵਿਅਕਤੀ ਆਖ਼ਰਕਾਰ ਆਪਣਿਆਂ ਕੰਮਾਂ ਤੋਂ ਸ਼ਰਮਿੰਦਾ ਹੋ ਕੇ ਤਬਦੀਲੀ ਕਰਨ ਲਈ ਪ੍ਰੇਰਿਤ ਹੋਵੇਗਾ। ਜਿਉਂ-ਜਿਉਂ ਬਜ਼ੁਰਗ ਅਤੇ ਕਲੀਸਿਯਾ ਦੇ ਦੂਸਰੇ ਮੈਂਬਰ ਤਬਦੀਲੀ ਦੇਖਦੇ ਹਨ, ਉਹ ਨਿੱਜੀ ਤੌਰ ਤੇ ਫ਼ੈਸਲਾ ਕਰ ਸਕਦੇ ਹਨ ਕਿ ਉਹ ਉਸ ਨਾਲ ਆਮ ਸੰਗਤ ਵਧਾਉਣਗੇ ਜਾਂ ਨਹੀਂ।
ਤਾਂ ਫਿਰ, ਥੋੜ੍ਹੇ ਸ਼ਬਦਾਂ ਵਿਚ: ਜੇ ਕੋਈ ਵਿਅਕਤੀ ਕਸੂਤੇ ਢੰਗ ਨਾਲ ਚੱਲ ਰਿਹਾ ਹੋਵੇ ਤਾਂ ਕਲੀਸਿਯਾ ਦੇ ਬਜ਼ੁਰਗ ਉਸ ਨੂੰ ਮਦਦ ਅਤੇ ਸਲਾਹ ਪੇਸ਼ ਕਰਨ ਵਿਚ ਅਗਵਾਈ ਕਰਦੇ ਹਨ। ਜੇਕਰ ਉਹ ਆਪਣੀਆਂ ਗ਼ਲਤੀਆਂ ਨੂੰ ਨਹੀਂ ਸੁਧਾਰਦਾ ਅਤੇ ਇਕ ਭੈੜਾ ਅਸਰ ਪਾਉਣਾ ਜਾਰੀ ਰੱਖਦਾ ਹੈ ਤਾਂ ਬਜ਼ੁਰਗ ਸ਼ਾਇਦ ਕਲੀਸਿਯਾ ਨੂੰ ਭਾਸ਼ਣ ਰਾਹੀਂ ਚੇਤਾਵਨੀ ਦੇਣ ਜੋ ਕਿ ਬਾਈਬਲ ਸੰਬੰਧੀ ਸਲਾਹ ਸਪੱਸ਼ਟ ਕਰੇ—ਚਾਹੇ ਇਹ ਵਿਆਹ ਦੇ ਇਰਾਦੇ ਨਾਲ ਕਿਸੇ ਅਜਿਹੇ ਵਿਅਕਤੀ ਨਾਲ ਦੋਸਤੀ ਕਰਨ ਬਾਰੇ ਹੋਵੇ ਜੋ ਸੱਚਾਈ ਵਿਚ ਨਹੀਂ ਹੈ ਜਾਂ ਕਿਸੇ ਹੋਰ ਗ਼ਲਤ ਕੰਮ ਬਾਰੇ ਹੋਵੇ। (1 ਕੁਰਿੰਥੀਆਂ 7:39; 2 ਕੁਰਿੰਥੀਆਂ 6:14) ਕਲੀਸਿਯਾ ਵਿਚ ਜਿਨ੍ਹਾਂ ਮਸੀਹੀਆਂ ਨੂੰ ਅਜਿਹੇ ਵਿਅਕਤੀਆਂ ਬਾਰੇ ਇਸ ਤਰ੍ਹਾਂ ਖ਼ਬਰਦਾਰ ਕੀਤਾ ਜਾਂਦਾ ਹੈ ਉਹ ਨਿੱਜੀ ਤੌਰ ਤੇ ਫ਼ੈਸਲਾ ਕਰ ਸਕਦੇ ਹਨ ਕਿ ਉਹ ਉਨ੍ਹਾਂ ਦੇ ਨਾਲ ਸੰਗਤ ਘਟਾਉਣਗੇ, ਜੋ ਬਿਨਾਂ ਸ਼ੱਕ ਕਸੂਤੇ ਰਾਹ ਤੇ ਚੱਲਦੇ ਹਨ ਪਰ ਜੋ ਫਿਰ ਵੀ ਭਰਾ ਹਨ।
[ਫੁਟਨੋਟ]
a ਇਹ ਯੂਨਾਨੀ ਸ਼ਬਦ ਉਨ੍ਹਾਂ ਸਿਪਾਹੀਆਂ ਲਈ ਵਰਤਿਆ ਜਾਂਦਾ ਸੀ ਜੋ ਨਾ ਕਤਾਰ ਵਿਚ ਰਹਿੰਦੇ ਸਨ ਅਤੇ ਨਾ ਹੀ ਅਸੂਲਾਂ ਤੇ ਚੱਲਦੇ ਸਨ, ਨਾਲੇ ਇਹ ਸ਼ਬਦ ਉਨ੍ਹਾਂ ਕੰਮ-ਚੋਰ ਸਿੱਖਿਆਰਥੀਆਂ ਲਈ ਵੀ ਵਰਤਿਆ ਜਾਂਦਾ ਸੀ ਜੋ ਸਕੂਲ ਦੀਆਂ ਕਲਾਸਾਂ ਵਿਚ ਹਾਜ਼ਰ ਨਹੀਂ ਹੁੰਦੇ ਸਨ।
[ਸਫ਼ੇ 31 ਉੱਤੇ ਤਸਵੀਰਾਂ]
ਮਸੀਹੀ ਬਜ਼ੁਰਗ ਕਸੂਤੇ ਵਿਅਕਤੀਆਂ ਨੂੰ ਤਾੜਨਾ ਦਿੰਦੇ ਹਨ ਅਤੇ ਫਿਰ ਵੀ ਉਨ੍ਹਾਂ ਨੂੰ ਸੰਗੀ ਮਸੀਹੀ ਸਮਝਦੇ ਹਨ