ਅਸਮਾਨਤਾ ਦੀ ਮੌਜੂਦਾ ਮਹਾਂਮਾਰੀ
“ਅਸੀਂ ਮੰਨਦੇ ਹਾਂ ਕਿ ਇਹ ਸੱਚਾਈਆਂ ਸਪੱਸ਼ਟ ਹਨ, ਕਿ ਸਾਰੇ ਇਨਸਾਨ ਬਰਾਬਰ ਸ੍ਰਿਸ਼ਟ ਕੀਤੇ ਗਏ ਹਨ, ਕਿ ਉਨ੍ਹਾਂ ਦੇ ਸ੍ਰਿਸ਼ਟੀਕਰਤਾ ਨੇ ਉਨ੍ਹਾਂ ਨੂੰ ਕੁਝ ਜਨਮ-ਸਿੱਧ ਅਧਿਕਾਰ ਬਖ਼ਸ਼ੇ ਹਨ, ਜਿਨ੍ਹਾਂ ਵਿਚ ਜੀਵਨ, ਆਜ਼ਾਦੀ ਅਤੇ ਖ਼ੁਸ਼ੀ ਮਾਣਨ ਦਾ ਅਧਿਕਾਰ ਸ਼ਾਮਲ ਹੈ।”—ਸੁਤੰਤਰਤਾ ਦਾ ਘੋਸ਼ਣਾ-ਪੱਤਰ ਜੋ 1776 ਵਿਚ ਸੰਯੁਕਤ ਰਾਜ ਅਮਰੀਕਾ ਦੁਆਰਾ ਅਪਣਾਇਆ ਗਿਆ ਸੀ।
“ਸਾਰੇ ਇਨਸਾਨ ਆਜ਼ਾਦ ਪੈਦਾ ਹੁੰਦੇ ਹਨ ਅਤੇ ਅਧਿਕਾਰਾਂ ਵਿਚ ਸਮਾਨ ਹਨ।”—ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦਾ ਘੋਸ਼ਣਾ-ਪੱਤਰ ਜੋ 1789 ਵਿਚ ਫ਼ਰਾਂਸ ਦੀ ਨੈਸ਼ਨਲ ਅਸੈਂਬਲੀ ਦੁਆਰਾ ਅਪਣਾਇਆ ਗਿਆ ਸੀ।
“ਸਾਰੇ ਇਨਸਾਨ ਆਜ਼ਾਦ ਪੈਦਾ ਹੁੰਦੇ ਹਨ ਅਤੇ ਸਾਰੇ ਬਰਾਬਰ ਸਨਮਾਨ ਅਤੇ ਅਧਿਕਾਰ ਦੇ ਯੋਗ ਹਨ।”—ਸੰਯੁਕਤ ਰਾਸ਼ਟਰ-ਸੰਘ ਦੀ ਜਨਰਲ ਅਸੈਂਬਲੀ ਦੁਆਰਾ 1948 ਵਿਚ ਅਪਣਾਏ ਗਏ ਮਨੁੱਖੀ ਅਧਿਕਾਰਾਂ ਦਾ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ।
ਇਸ ਵਿਚ ਕੋਈ ਸ਼ੱਕ ਨਹੀਂ ਹੈ। ਸੰਸਾਰ ਭਰ ਵਿਚ ਸਾਰੇ ਇਨਸਾਨ ਸਮਾਨ-ਅਧਿਕਾਰ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਮਨੁੱਖੀ ਸਮਾਨਤਾ ਦੇ ਵਿਚਾਰ ਨੂੰ ਵਾਰ-ਵਾਰ ਦੁਹਰਾਉਣਾ ਪਿਆ ਹੈ, ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਹਾਲੇ ਤਕ ਸਾਰੀ ਮਨੁੱਖਜਾਤੀ ਨੂੰ ਸਮਾਨ-ਅਧਿਕਾਰ ਨਹੀਂ ਮਿਲਿਆ ਹੈ।
ਕੀ ਕੋਈ ਸੱਚ-ਮੁੱਚ ਇਹ ਕਹਿ ਸਕਦਾ ਹੈ ਕਿ ਅੱਜ 20 ਵੀਂ ਸਦੀ ਦੇ ਖ਼ਤਮ ਹੋ ਜਾਣ ਤੇ ਹਾਲਾਤ ਸੁਧਰ ਗਏ ਹਨ? ਕੀ ਸੰਯੁਕਤ ਰਾਜ ਅਮਰੀਕਾ ਅਤੇ ਫ਼ਰਾਂਸ ਦੇ ਸਾਰੇ ਨਾਗਰਿਕ ਜਾਂ ਸੰਯੁਕਤ ਰਾਸ਼ਟਰ-ਸੰਘ ਦੇ 185 ਮੈਂਬਰ ਦੇਸ਼ਾਂ ਦੇ ਸਾਰੇ ਨਾਗਰਿਕ ਸੱਚ-ਮੁੱਚ ਆਪਣੇ ਜਨਮ-ਸਿੱਧ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਨ?
ਭਾਵੇਂ ਕਿ ਹਰ ਇਨਸਾਨ ਨੂੰ ਸਮਾਨ-ਅਧਿਕਾਰ ਮਿਲਣ ਦਾ ਵਿਚਾਰ “ਸਪੱਸ਼ਟ” ਹੋਵੇ, ਪਰ ਸਾਰੇ ਲੋਕਾਂ ਨੂੰ “ਜੀਵਨ, ਆਜ਼ਾਦੀ ਅਤੇ ਖ਼ੁਸ਼ੀ ਮਾਣਨ” ਦਾ ਸਮਾਨ-ਅਧਿਕਾਰ ਨਹੀਂ ਮਿਲਦਾ ਹੈ। ਉਦਾਹਰਣ ਲਈ, ਕੀ ਅਸੀਂ ਕਹਿ ਸਕਦੇ ਹਾਂ ਕਿ ਅਫ਼ਰੀਕਾ ਵਿਚ ਇਕ ਬੱਚੇ ਨੂੰ ਜੀਉਣ ਦਾ ਸਮਾਨ-ਅਧਿਕਾਰ ਮਿਲ ਰਿਹਾ ਹੈ ਜਿੱਥੇ 2,569 ਲੋਕਾਂ ਲਈ ਸਿਰਫ਼ ਇਕ ਡਾਕਟਰ ਹੈ ਜਦੋਂ ਕਿ ਯੂਰਪ ਵਿਚ ਸਿਰਫ਼ 289 ਲੋਕਾਂ ਲਈ ਇਕ ਡਾਕਟਰ ਹੁੰਦਾ ਹੈ? ਜਾਂ ਭਾਰਤ ਵਿਚ ਆਜ਼ਾਦੀ ਅਤੇ ਖ਼ੁਸ਼ੀ ਮਾਣਨ ਦੇ ਸਮਾਨ-ਅਧਿਕਾਰਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜਿੱਥੇ ਇਕ ਤਿਹਾਈ ਮੁੰਡੇ ਅਤੇ ਦੋ ਤਿਹਾਈ ਕੁੜੀਆਂ ਵੱਡੀਆਂ ਹੋ ਕੇ ਅਨਪੜ੍ਹ ਹੋਣਗੀਆਂ, ਜਦੋਂ ਕਿ ਜਪਾਨ, ਜਰਮਨੀ ਅਤੇ ਗ੍ਰੇਟ-ਬ੍ਰਿਟੇਨ ਵਿਚ ਲਗਭਗ ਹਰ ਬੱਚੇ ਨੂੰ ਸਿੱਖਿਆ ਮਿਲਣ ਦੀ ਗਾਰੰਟੀ ਹੈ?
ਕੀ ਕੇਂਦਰੀ ਅਮਰੀਕੀ ਦੇਸ਼ਾਂ ਦੇ ਲੋਕ, ਜਿੱਥੇ ਇਕ ਵਿਅਕਤੀ ਦੀ ਔਸਤਨ ਆਮਦਨ 1,380 ਡਾਲਰ ਹੈ, ਫਰਾਂਸ ਦੀ ਤੁਲਨਾ ਵਿਚ ਆਪਣੀ ਜ਼ਿੰਦਗੀ ਵਿਚ “ਬਰਾਬਰ ਸਨਮਾਨ ਤੇ ਅਧਿਕਾਰ” ਦਾ ਆਨੰਦ ਮਾਣਦੇ ਹਨ, ਜਿੱਥੇ ਇਕ ਵਿਅਕਤੀ ਦੀ ਆਮਦਨ 24,990 ਡਾਲਰ ਹੈ? ਅਫ਼ਰੀਕਾ ਵਿਚ ਇਕ ਨਵਜੰਮੀ ਬੱਚੀ ਜਿਸ ਦੀ 56 ਸਾਲ ਤਕ ਜੀਉਣ ਦੀ ਉਮੀਦ ਹੁੰਦੀ ਹੈ, ਦੀ ਉੱਤਰੀ ਅਮਰੀਕਾ ਵਿਚ ਜੰਮੀ ਬੱਚੀ ਨਾਲ ਕੀ ਸਮਾਨਤਾ, ਜਿਸ ਦੀ 79 ਸਾਲ ਤਕ ਜੀਉਣ ਦੀ ਉਮੀਦ ਹੈ?
ਅਸਮਾਨਤਾ ਦੇ ਕਈ ਰੂਪ ਹਨ, ਅਤੇ ਇਸ ਦੇ ਸਾਰੇ ਹੀ ਰੂਪ ਘਿਣਾਉਣੇ ਹਨ। ਜੀਵਨ ਦੇ ਮਿਆਰਾਂ ਵਿਚ ਅਤੇ ਸਿਹਤ-ਸੰਭਾਲ ਤੇ ਸਿੱਖਿਆ ਹਾਸਲ ਕਰਨ ਦੇ ਮੌਕਿਆਂ ਵਿਚ ਅਸਮਾਨਤਾ ਇਸ ਦੇ ਕੇਵਲ ਕੁਝ-ਕੁ ਰੂਪ ਹਨ। ਕਈ ਵਾਰੀ ਰਾਜਨੀਤਿਕ, ਨਸਲੀ ਜਾਂ ਧਾਰਮਿਕ ਭਿੰਨਤਾਵਾਂ ਕਰਕੇ ਲੋਕਾਂ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਜ਼ਾਦੀ ਤੋਂ ਵਾਂਝਿਆਂ ਕੀਤਾ ਜਾਂਦਾ ਹੈ। ਸਮਾਨ-ਅਧਿਕਾਰਾਂ ਬਾਰੇ ਇੰਨੀ ਗੱਲ-ਬਾਤ ਕਰਨ ਦੇ ਬਾਵਜੂਦ ਵੀ ਅਸੀਂ ਅਸਮਾਨਤਾ ਦੇ ਸੰਸਾਰ ਵਿਚ ਰਹਿੰਦੇ ਹਾਂ। ਇਕ ਮਹਾਂਮਾਰੀ ਦੀ ਤਰ੍ਹਾਂ—ਜੋ ਕਿ ਵੱਡੇ ਜਾਂ ਵਿਆਪਕ ਕਸ਼ਟ ਦਾ ਕਾਰਨ ਹੁੰਦੀ ਹੈ—ਅਸਮਾਨਤਾ ਮਨੁੱਖੀ ਸਮਾਜ ਦੇ ਹਰ ਦਾਇਰੇ ਵਿਚ ਫੈਲੀ ਹੋਈ ਹੈ। ਇਸ ਦੇ ਕਾਰਨ, ਗ਼ਰੀਬੀ, ਬੀਮਾਰੀ, ਅਗਿਆਨਤਾ, ਬੇਰੁਜ਼ਗਾਰੀ ਅਤੇ ਊਚ-ਨੀਚ ਦਾ ਭੇਦ-ਭਾਵ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਉਂਦਾ ਹੈ।
“ਸਾਰੇ ਇਨਸਾਨ ਬਰਾਬਰ ਸ੍ਰਿਸ਼ਟ ਕੀਤੇ ਗਏ ਹਨ।” ਕਿੰਨਾ ਹੀ ਵਧੀਆ ਵਿਚਾਰ! ਪਰ ਕਿੰਨੀ ਦੁੱਖ ਦੀ ਗੱਲ ਹੈ ਕਿ ਸੱਚਾਈ ਇਸ ਦੇ ਬਿਲਕੁਲ ਉਲਟ ਹੈ!
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
UN PHOTO 152113/SHELLEY ROTNER