ਅਸਮਾਨਤਾ—ਕੀ ਇਹ ਪਰਮੇਸ਼ੁਰ ਦਾ ਇਰਾਦਾ ਸੀ?
ਇੱਕੋ ਸ਼ਬਦ ਵਿਚ ਇਸ ਦਾ ਜਵਾਬ ਹੈ, ਨਹੀਂ। ਆਓ ਦੇਖੀਏ ਕਿਉਂ।
ਪਰਮੇਸ਼ੁਰ ਦਾ ਇਰਾਦਾ ਸੀ ਕਿ ਸਾਰੇ ਇਨਸਾਨਾਂ ਨੂੰ ਜੀਵਨ ਅਤੇ ਖ਼ੁਸ਼ੀ ਦਾ ਆਨੰਦ ਮਾਣਨ ਦਾ ਇੱਕੋ ਜਿਹਾ ਮੌਕਾ ਮਿਲੇ। ਇਨਸਾਨ ਦੀ ਸ੍ਰਿਸ਼ਟੀ ਦੇ ਬਾਰੇ ਅਸੀਂ ਪੜ੍ਹਦੇ ਹਾਂ: “ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਅਕਾਸ਼ ਦਿਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਸਾਰੇ ਘਿੱਸਰਨ ਵਾਲਿਆਂ ਉੱਤੇ ਰਾਜ ਕਰਨ।” ਜ਼ਮੀਨੀ ਸ੍ਰਿਸ਼ਟੀ ਪੂਰੀ ਕਰਨ ਤੋਂ ਬਾਅਦ, “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।”—ਉਤਪਤ 1:26, 31.
ਕੀ ਪਰਮੇਸ਼ੁਰ ਅੱਜ ਅਸਮਾਨਤਾ ਦੇ ਭੈੜੇ ਨਤੀਜਿਆਂ ਨੂੰ “ਬਹੁਤ ਹੀ ਚੰਗਾ” ਕਹਿ ਸਕਦਾ ਹੈ? ਬਿਲਕੁਲ ਨਹੀਂ, ਕਿਉਂਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਉਸ ਦੇ ਬਾਰੇ ਕਿਹਾ ਗਿਆ ਹੈ ਕਿ ਉਹ “ਕਿਸੇ ਦਾ ਪੱਖ ਨਹੀਂ ਕਰਦਾ” ਅਤੇ “ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 10:17; 32:4. ਅੱਯੂਬ 34:19 ਦੀ ਤੁਲਨਾ ਕਰੋ।) ਅਤੇ ਪਤਰਸ ਰਸੂਲ ਨੇ ਸਿੱਟਾ ਕੱਢਿਆ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
ਜਦੋਂ ਕਿ ਪਰਮੇਸ਼ੁਰ ਪ੍ਰੇਮਮਈ, ਨਿਰਪੱਖ, ਨਿਆਈ, ਸੱਚਾ ਅਤੇ ਧਰਮੀ ਹੈ ਤਾਂ ਉਹ ਖ਼ੁਸ਼ੀ ਮਾਣਨ ਦੇ ਅਧਿਕਾਰ ਦੇ ਮਾਮਲੇ ਵਿਚ ਕਿਸ ਤਰ੍ਹਾਂ ਇਨਸਾਨਾਂ ਨੂੰ ਅਸਮਾਨ ਬਣਾ ਸਕਦਾ ਸੀ? ਲੋਕਾਂ ਵਿਚ ਊਚ-ਨੀਚ ਹੋਣ ਦੇਣਾ ਅਤੇ ਉਨ੍ਹਾਂ ਨੂੰ ਅਸਮਾਨ ਅਧਿਕਾਰਾਂ ਵਾਲੀ ਸਮਾਜਕ ਵਿਵਸਥਾ ਵਿਚ ਰੱਖਣਾ, ਉਸ ਦੀ ਸ਼ਖ਼ਸੀਅਤ ਦੇ ਬਿਲਕੁਲ ਉਲਟ ਹੋਵੇਗਾ। ਉਸ ਦਾ ਇਰਾਦਾ ਸੀ ਕਿ ਸਾਰੇ ਇਨਸਾਨ ‘ਆਜ਼ਾਦ ਪੈਦਾ ਹੋਣ ਅਤੇ ਸਾਰੇ ਬਰਾਬਰ ਸਨਮਾਨ ਤੇ ਅਧਿਕਾਰ ਦੇ ਯੋਗ’ ਹੋਣ। ਫਿਰ ਵੀ, ਸਪੱਸ਼ਟ ਤੌਰ ਤੇ ਅੱਜ ਹਾਲਾਤ ਇਸ ਤਰ੍ਹਾਂ ਦੇ ਨਹੀਂ ਹਨ। ਕਿਉਂ?
ਅਸਮਾਨਤਾ ਦੀ ਜੜ੍ਹ
ਇਨਸਾਨਾਂ ਨੂੰ ਬਰਾਬਰ ਸ੍ਰਿਸ਼ਟ ਕਰਨ ਵਿਚ ਪਰਮੇਸ਼ੁਰ ਦਾ ਇਹ ਇਰਾਦਾ ਨਹੀਂ ਸੀ ਕਿ ਸਾਰੇ ਇਨਸਾਨ ਹਰ ਗੱਲ ਵਿਚ ਬਰਾਬਰ ਹੋਣਗੇ। ਉਹ ਹੁਨਰ, ਰੁਚੀਆਂ ਅਤੇ ਸ਼ਖ਼ਸੀਅਤਾਂ ਵਿਚ ਅਲੱਗ ਹੋ ਸਕਦੇ ਹਨ। ਉਹ ਰੁਤਬੇ ਜਾਂ ਅਧਿਕਾਰ ਦੇ ਖੇਤਰ ਵਿਚ ਅਲੱਗ ਹੋ ਸਕਦੇ ਹਨ। ਉਦਾਹਰਣ ਲਈ, ਆਦਮੀ ਅਤੇ ਔਰਤ ਹਰ ਪੱਖੋਂ ਇਕ-ਸਮਾਨ ਨਹੀਂ ਹਨ, ਪਰ ਪਰਮੇਸ਼ੁਰ ਨੇ ਔਰਤ ਨੂੰ ਆਦਮੀ ਦੇ “ਪੂਰਕ” ਵਜੋਂ ਬਣਾਇਆ ਸੀ। (ਉਤਪਤ 2:18, ਨਿ ਵ) ਸਪੱਸ਼ਟ ਤੌਰ ਤੇ ਮਾਤਾ-ਪਿਤਾ ਅਤੇ ਬੱਚਿਆਂ ਨੂੰ ਇੱਕੋ ਜਿਹੇ ਅਧਿਕਾਰ ਪ੍ਰਾਪਤ ਨਹੀਂ ਹਨ। ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ, ਫਿਰ ਵੀ ਸਾਰੇ ਲੋਕਾਂ ਦਾ, ਅਰਥਾਤ ਸਾਰੇ ਆਦਮੀਆਂ, ਔਰਤਾਂ ਅਤੇ ਬੱਚਿਆਂ ਦਾ ਇਹ ਪਰਮੇਸ਼ੁਰ-ਦਿੱਤ ਅਧਿਕਾਰ ਹੋਣਾ ਸੀ ਕਿ ਉਨ੍ਹਾਂ ਨੂੰ ਖ਼ੁਸ਼ੀ ਹਾਸਲ ਕਰਨ ਦਾ ਪੂਰਾ-ਪੂਰਾ ਮੌਕਾ ਮਿਲੇ। ਉਹ ਸਾਰੇ ਬਰਾਬਰ ਸਨਮਾਨ ਦੇ ਹੱਕਦਾਰ ਹੁੰਦੇ ਅਤੇ ਪਰਮੇਸ਼ੁਰ ਦੀ ਨਜ਼ਰ ਵਿਚ ਉਨ੍ਹਾਂ ਦਾ ਬਰਾਬਰ ਦਾ ਦਰਜਾ ਹੁੰਦਾ।
ਇਸੇ ਤਰ੍ਹਾਂ, ਪਰਮੇਸ਼ੁਰ ਨੇ ਇਨਸਾਨਾਂ ਨੂੰ ਸ੍ਰਿਸ਼ਟ ਕਰਨ ਤੋਂ ਪਹਿਲਾਂ ਆਪਣੇ ਆਤਮਿਕ ਪੁੱਤਰਾਂ ਨੂੰ ਬਣਾਇਆ ਅਤੇ ਉਨ੍ਹਾਂ ਨੂੰ ਅਲੱਗ-ਅਲੱਗ ਕੰਮ ਅਤੇ ਜ਼ਿੰਮੇਵਾਰੀਆਂ ਦਿੱਤੀਆਂ। (ਉਤਪਤ 3:24; 16:7-11; ਯਸਾਯਾਹ 6:6; ਯਹੂਦਾਹ 9) ਪਰ ਫਿਰ ਵੀ, ਉਹ ਆਪਣੇ ਅਧਿਕਾਰ ਦੇ ਦਾਇਰੇ ਵਿਚ ਰਹਿ ਕੇ ਜ਼ਿੰਦਗੀ ਅਤੇ ਖ਼ੁਸ਼ੀ ਪ੍ਰਾਪਤ ਕਰਨ ਲਈ ਪਰਮੇਸ਼ੁਰ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਪੂਰਾ-ਪੂਰਾ ਆਨੰਦ ਮਾਣ ਸਕਦੇ ਸਨ। ਇਸ ਤੋਂ ਪਰਮੇਸ਼ੁਰ ਦੀ ਨਿਰਪੱਖਤਾ ਸਾਫ਼-ਸਾਫ਼ ਨਜ਼ਰ ਆਉਂਦੀ ਸੀ।
ਪਰ ਅਫ਼ਸੋਸ ਦੀ ਗੱਲ ਹੈ ਕਿ ਇਕ ਆਤਮਿਕ ਪ੍ਰਾਣੀ ਪਰਮੇਸ਼ੁਰ ਦੇ ਇਸ ਨਿਰਪੱਖ ਪ੍ਰਬੰਧ ਤੋਂ ਖ਼ੁਸ਼ ਨਹੀਂ ਸੀ। ਪਰਮੇਸ਼ੁਰ ਨੇ ਜੋ ਕੁਝ ਉਸ ਨੂੰ ਦਿੱਤਾ ਸੀ, ਉਹ ਉਸ ਨਾਲੋਂ ਜ਼ਿਆਦਾ ਚਾਹੁੰਦਾ ਸੀ। ਉਹ ਹੋਰ ਵੀ ਉੱਚੀ ਪਦਵੀ ਨੂੰ ਲੋਚਦਾ ਸੀ। ਆਪਣੇ ਮਨ ਵਿਚ ਇਸ ਗ਼ਲਤ ਇੱਛਾ ਨੂੰ ਵਧਾਉਣ ਦੁਆਰਾ, ਉਸ ਨੇ ਆਪਣੇ ਆਪ ਨੂੰ ਯਹੋਵਾਹ, ਜਿਹੜਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਪੂਰੇ ਵਿਸ਼ਵ ਵਿਚ ਸਭ ਤੋਂ ਉੱਚੀ ਪਦਵੀ ਦਾ ਜਾਇਜ਼ ਮਾਲਕ ਸੀ, ਦਾ ਵਿਰੋਧੀ ਬਣਾ ਲਿਆ। ਬਾਅਦ ਵਿਚ ਪਰਮੇਸ਼ੁਰ ਦੇ ਇਸ ਬਾਗ਼ੀ ਪੁੱਤਰ ਨੇ ਇਨਸਾਨਾਂ ਨੂੰ ਫੁਸਲਾਇਆ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਜੋ ਕੁਝ ਦਿੱਤਾ ਸੀ, ਉਹ ਉਸ ਨਾਲੋਂ ਜ਼ਿਆਦਾ ਦੀ ਮੰਗ ਕਰਨ। (ਉਤਪਤ 3:1-6. ਯਸਾਯਾਹ 14:12-14 ਦੀ ਤੁਲਨਾ ਕਰੋ।) ਇਸ ਤਰ੍ਹਾਂ ਜ਼ਿੰਦਗੀ ਅਤੇ ਖ਼ੁਸ਼ੀ ਪ੍ਰਾਪਤ ਕਰਨ ਲਈ ਯਹੋਵਾਹ ਨੇ ਇਨਸਾਨਾਂ ਲਈ ਜਿਹੜਾ ਪ੍ਰਬੰਧ ਕੀਤਾ ਸੀ, ਉਹ ਬੁਰੀ ਤਰ੍ਹਾਂ ਵਿਗੜ ਗਿਆ ਸੀ। ਪਰਕਾਸ਼ ਦੀ ਪੋਥੀ 20:2 ਵਿਚ ਇਸ ਦੁਸ਼ਟ ਆਤਮਿਕ ਬਾਗ਼ੀ ਦੀ ਪਛਾਣ “ਇਬਲੀਸ ਅਤੇ ਸ਼ਤਾਨ” ਵਜੋਂ ਕਰਾਈ ਗਈ ਹੈ ਜੋ ਮਨੁੱਖੀ ਅਸਮਾਨਤਾ ਦੀ ਜੜ੍ਹ ਬਣਿਆ।
ਕੀ ਹਾਲਾਤ ਕਦੀ ਬਦਲਣਗੇ?
ਇੱਕੋ ਸ਼ਬਦ ਵਿਚ ਇਸ ਦਾ ਜਵਾਬ ਹੈ ਹਾਂ!
ਪਰ ਮਨਚਾਹੀਆਂ ਤਬਦੀਲੀਆਂ ਕੌਣ ਲਿਆ ਸਕਦਾ ਹੈ? ਬਿਨਾਂ ਸ਼ੱਕ, ਕੁਝ ਮਨੁੱਖੀ ਨੇਤਾਵਾਂ ਨੇ ਸਦੀਆਂ ਤੋਂ ਇਨ੍ਹਾਂ ਹਾਲਾਤਾਂ ਨੂੰ ਬਦਲਣ ਲਈ ਸੱਚੇ ਦਿਲੋਂ ਸੰਘਰਸ਼ ਕੀਤਾ ਹੈ। ਉਨ੍ਹਾਂ ਦੀ ਸਫ਼ਲਤਾ ਸੀਮਿਤ ਹੋਣ ਕਰਕੇ, ਬਹੁਤ ਸਾਰੇ ਲੋਕ ਇਸ ਸਿੱਟੇ ਤੇ ਪੁੱਜੇ ਹਨ ਕਿ ਮਨੁੱਖੀ ਅਸਮਾਨਤਾ ਦੀ ਸਮੱਸਿਆ ਨੂੰ ਕਦੀ ਵੀ ਹੱਲ ਕੀਤੇ ਜਾਣ ਦੀ ਉਮੀਦ ਰੱਖਣੀ ਬੇਕਾਰ ਹੈ। ਪਰ, ਪਰਮੇਸ਼ੁਰ ਦੇ ਵਿਚਾਰ ਨੂੰ ਯਸਾਯਾਹ 55:10, 11 ਵਿਚ ਦਰਜ ਕੀਤਾ ਗਿਆ ਹੈ: “ਜਿਵੇਂ ਤਾਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਨੂੰ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਐਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”
ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਇਹ ਐਲਾਨ ਕੀਤਾ ਹੈ ਕਿ ਉਹ ਸਾਰੇ ਇਨਸਾਨਾਂ ਨੂੰ ਜੀਵਨ ਅਤੇ ਖ਼ੁਸ਼ੀ ਮਾਣਨ ਦੇ ਸਮਾਨ ਮੌਕੇ ਦੇਣ ਦੇ ਆਪਣੇ ਮੁਢਲੇ ਮਕਸਦ ਨੂੰ ਪੂਰਾ ਕਰੇਗਾ! ਸੱਚਾਈ ਦਾ ਪਰਮੇਸ਼ੁਰ ਹੋਣ ਦੇ ਨਾਤੇ, ਉਹ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਖ਼ੁਸ਼ੀ ਦੀ ਗੱਲ ਹੈ ਕਿ ਉਹ ਅਜਿਹਾ ਕਰਨ ਦੀ ਇੱਛਾ ਰੱਖਦਾ ਹੈ ਅਤੇ ਉਸ ਕੋਲ ਅਜਿਹਾ ਕਰਨ ਦੀ ਤਾਕਤ ਵੀ ਹੈ। ਉਹ ਇਹ ਕਿਵੇਂ ਕਰੇਗਾ?
ਪਰਮੇਸ਼ੁਰ ਆਪਣੇ ਰਾਜ ਦੁਆਰਾ ਇਹ ਕਰੇਗਾ ਜਿਸ ਦੇ ਬਾਰੇ ਯਿਸੂ ਮਸੀਹ ਨੇ ਆਪਣੇ ਸਾਰੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, . . . ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਜੀ ਹਾਂ, ਆਪਣੇ ਇਸ ਰਾਜ ਦੁਆਰਾ ਹੀ ਯਹੋਵਾਹ “ਏਹਨਾਂ ਸਾਰੀਆਂ ਪਾਤਸ਼ਾਹੀਆਂ [ਜਿਹੜੀਆਂ ਹੁਣ ਮੌਜੂਦ ਹਨ] ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ” ਪਰ ਇਹ ਰਾਜ “ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:44.
ਇਸ ਸਵਰਗੀ ਰਾਜ ਦੇ ਸ਼ਾਸਨ ਅਧੀਨ ਇਕ ਨਵਾਂ ਮਨੁੱਖੀ ਸਮਾਜ ਹੋਵੇਗਾ। ਇਸ ਦੇ ਬਾਰੇ ਯੂਹੰਨਾ ਰਸੂਲ ਨੇ ਬਾਈਬਲ ਦੀ ਆਖ਼ਰੀ ਕਿਤਾਬ, ਪਰਕਾਸ਼ ਦੀ ਪੋਥੀ ਵਿਚ ਲਿਖਿਆ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ।” (ਪਰਕਾਸ਼ ਦੀ ਪੋਥੀ 21:1) ਅਸਮਾਨਤਾ ਦੇ ਸਾਰੇ ਘਿਣਾਉਣੇ ਰੂਪ—ਗ਼ਰੀਬੀ, ਬੀਮਾਰੀ, ਅਗਿਆਨਤਾ, ਊਚ-ਨੀਚ ਅਤੇ ਦੂਸਰੇ ਇਨਸਾਨੀ ਦੁੱਖ ਖ਼ਤਮ ਹੋ ਚੁੱਕੇ ਹੋਣਗੇ।a
ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ ਯਹੋਵਾਹ ਦੇ ਗਵਾਹ ਲੋਕਾਂ ਦਾ ਧਿਆਨ ਉਸ ਰਾਜ ਵੱਲ ਖਿੱਚਦੇ ਆ ਰਹੇ ਹਨ। (ਮੱਤੀ 24:14) ਕਿਤਾਬਾਂ ਦੀ ਮਦਦ ਨਾਲ ਅਤੇ ਨਿੱਜੀ ਮਦਦ ਦੇਣ ਦੁਆਰਾ ਉਨ੍ਹਾਂ ਨੇ ਬਾਈਬਲ ਵਿਚ ਪਾਏ ਜਾਂਦੇ ਪਰਮੇਸ਼ੁਰ ਦੇ ਮਕਸਦ ਦਾ ਗਿਆਨ ਹਾਸਲ ਕਰਨ ਵਿਚ ਲੋਕਾਂ ਦੀ ਮਦਦ ਕਰਨ ਦਾ ਪੂਰਾ ਜਤਨ ਕੀਤਾ ਹੈ। ਪਰੰਤੂ, ਸੰਸਾਰ ਭਰ ਵਿਚ ਸਿੱਖਿਆ ਦੇਣ ਦੇ ਉਨ੍ਹਾਂ ਦੇ ਕੰਮ ਨੇ ਲੋਕਾਂ ਨੂੰ ਨਾ ਸਿਰਫ਼ ਭਵਿੱਖ ਵਿਚ ਸਮਾਨਤਾ ਅਤੇ ਖ਼ੁਸ਼ੀ ਨਾਲ ਜੀਉਣ ਦੀ ਆਸ਼ਾ ਦਿੱਤੀ ਹੈ, ਸਗੋਂ ਹੁਣ ਵੀ ਅਸਮਾਨਤਾ ਦੀ ਮਹਾਂਮਾਰੀ ਨੂੰ ਰੋਕਣ ਵਿਚ ਮਦਦ ਕੀਤੀ ਹੈ। ਆਓ ਦੇਖੀਏ ਕਿਵੇਂ।
[ਫੁਟਨੋਟ]
a ਕਿਸ ਤਰ੍ਹਾਂ ਪਰਮੇਸ਼ੁਰ ਦਾ ਰਾਜ ਜਲਦੀ ਹੀ ਸਾਰਿਆਂ ਨੂੰ ਸਮਾਨ-ਅਧਿਕਾਰ ਦਿਲਾਵੇਗਾ, ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰ ਕੇ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਅਧਿਆਇ 10 ਤੇ 11 ਦੇਖੋ।
[ਸਫ਼ੇ 5 ਉੱਤੇ ਸੁਰਖੀ]
ਪਰਮੇਸ਼ੁਰ ਦਾ ਇਰਾਦਾ ਸੀ ਕਿ ਸਾਰੇ ਇਨਸਾਨਾਂ ਨੂੰ ਜੀਵਨ ਅਤੇ ਖ਼ੁਸ਼ੀ ਮਾਣਨ ਦਾ ਇਕ-ਸਮਾਨ ਮੌਕਾ ਮਿਲੇ