ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਫ਼ਰਾਂਸ ਵਿਚ ਯਹੋਵਾਹ ਦੇ ਗਵਾਹ ਲੋਕਾਂ ਕੋਲ ਜਾਂਦੇ ਹਨ
ਉਣੱਤੀ ਜਨਵਰੀ, 1999 ਨੂੰ ਸ਼ੁੱਕਰਵਾਰ ਸਵੇਰ ਤੋਂ ਲੈ ਕੇ ਐਤਵਾਰ ਤਕ, ਯਹੋਵਾਹ ਦੇ ਗਵਾਹਾਂ ਨੇ ਫ਼ਰਾਂਸ ਵਿਚ ਬੜੇ ਜੋਸ਼ ਨਾਲ ਫ਼ਰਾਂਸ ਦੇ ਲੋਕੋ, ਤੁਹਾਨੂੰ ਧੋਖਾ ਦਿੱਤਾ ਜਾ ਰਿਹਾ ਹੈ! ਨਾਮਕ ਟ੍ਰੈਕਟ ਦੀਆਂ 1 ਕਰੋੜ 20 ਲੱਖ ਕਾਪੀਆਂ, ਪਹਿਲਾਂ ਸੜਕਾਂ ਤੇ ਅਤੇ ਬਾਅਦ ਵਿਚ ਘਰ-ਘਰ ਜਾ ਕੇ ਵੰਡੀਆਂ। ਇਸ ਤਰ੍ਹਾਂ ਦੀ ਮੁਹਿੰਮ ਕਿਉਂ ਚਲਾਈ ਗਈ?
ਪੈਰਿਸ ਵਿਖੇ ਸ਼ੁੱਕਰਵਾਰ ਸਵੇਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਵਿਚ ਇਸ ਮੁਹਿੰਮ ਨੂੰ ਚਲਾਉਣ ਦਾ ਕਾਰਨ ਦੱਸਿਆ ਗਿਆ। ਯਹੋਵਾਹ ਦੇ ਗਵਾਹਾਂ ਦੇ ਇਕ ਬੁਲਾਰੇ ਨੇ ਕਿਹਾ: “ਅਸੀਂ ਅੱਜ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਦੇ ਲੋਕ ਹਾਂ ਨਾਲੇ ਸਾਡੇ ਬਾਰੇ ਫੈਲਾਈਆਂ ਗਈਆਂ ਅਪਮਾਨਜਨਕ ਗੱਲਾਂ ਦਾ ਅਸੀਂ ਜਵਾਬ ਦੇਣਾ ਚਾਹੁੰਦੇ ਹਾਂ। ਅਸੀਂ ਆਲੋਚਨਾ ਸੁਣਨ ਨੂੰ ਤਿਆਰ ਹਾਂ ਪਰ ਅਸੀਂ ਹੁਣ ਅਜਿਹੀਆਂ ਝੂਠੀਆਂ ਗੱਲਾਂ ਅਤੇ ਟਿੱਪਣੀਆਂ ਨੂੰ ਹੋਰ ਬਰਦਾਸ਼ਤ ਨਹੀਂ ਕਰਾਂਗੇ ਜਿਹੜੀਆਂ ਸਾਡੇ ਚੰਗੇ ਨਾਂ ਨੂੰ ਖ਼ਰਾਬ ਕਰਦੀਆਂ ਹਨ।”
ਭਾਵੇਂ ਕਿ ਫ਼ਰਾਂਸ ਵਿਚ ਯਹੋਵਾਹ ਦੇ ਗਵਾਹਾਂ ਦਾ ਧਰਮ ਸਭ ਤੋਂ ਜ਼ਿਆਦਾ ਗਿਣਤੀ ਵਾਲਾ ਤੀਸਰਾ ਮਸੀਹੀ ਧਰਮ ਹੈ, ਫਿਰ ਵੀ ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਦਾ ਸਕੂਲ ਵਿਚ ਅਪਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਤਾਇਆ ਗਿਆ। ਕੁਝ ਗਵਾਹਾਂ ਨੂੰ ਆਪਣੇ ਧਰਮ ਦੇ ਕਰਕੇ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਅਤੇ ਕਈਆਂ ਨੂੰ ਧਮਕਾਇਆ ਗਿਆ। ਹੈਰਾਨੀ ਦੀ ਗੱਲ ਹੈ ਕਿ ਜਿਹੜਾ ਚੰਦਾ ਉਨ੍ਹਾਂ ਨੂੰ ਮਿਲਿਆ ਹੈ, ਉਸ ਉੱਤੇ ਵੀ ਕੁੱਲ 60 ਫ਼ੀ ਸਦੀ ਟੈਕਸ ਲਾਇਆ ਗਿਆ ਹੈ। ਮੁਹਿੰਮ ਨੇ ਇਸ ਪੱਖਪਾਤ ਦਾ ਕਿਵੇਂ ਜਵਾਬ ਦਿੱਤਾ?
ਟ੍ਰੈਕਟ ਐਲਾਨ ਕਰਦਾ ਹੈ: “ਫਰਾਂਸ ਵਿਚ 2,50,000 ਯਹੋਵਾਹ ਦੇ ਗਵਾਹ ਅਤੇ ਉਨ੍ਹਾਂ ਦੇ ਸਾਥੀ ਇਸ ਗੱਲ ਪ੍ਰਤੀ ਰੋਸ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਦੇ ਮਸੀਹੀ ਧਰਮ ਨੂੰ, ਜੋ ਸੰਨ 1900 ਤੋਂ ਹੋਂਦ ਵਿਚ ਹੈ, ਮੱਕਾਰ ਤਰੀਕੇ ਨਾਲ ਸਾਲ 1995 ਤੋਂ ਦੂਸਰੇ ਖ਼ਤਰਨਾਕ ਫਿਰਕਿਆਂ ਵਿਚ ਸ਼ਾਮਲ ਕੀਤਾ ਗਿਆ ਹੈ। . . . ਉਹ ਰੋਸ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਗਿਆ ਹੈ।” ਫਰਾਂਸ ਵਿਚ ਗਵਾਹਾਂ ਉੱਤੇ ਲਾਏ ਗਏ ਝੂਠੇ ਦੋਸ਼ਾਂ ਦਾ ਅਤੇ ਭੰਡੀਖੋਰਾਂ ਦੁਆਰਾ ਬੜੀ ਚਲਾਕੀ ਨਾਲ ਗ਼ਲਤ ਅਫ਼ਵਾਹਾਂ ਫੈਲਾਉਣ ਦੀਆਂ ਕੋਸ਼ਿਸ਼ਾਂ ਦਾ ਪਰਦਾ-ਫ਼ਾਸ਼ ਕੀਤਾ ਗਿਆ। ਅਖ਼ੀਰ ਵਿਚ ਟ੍ਰੈਕਟ ਇਹ ਕਹਿੰਦਾ ਹੈ: “ਅੱਜ, 20 ਲੱਖ ਤੋਂ ਵੀ ਜ਼ਿਆਦਾ ਯਹੋਵਾਹ ਦੇ ਗਵਾਹ ਅਤੇ ਉਨ੍ਹਾਂ ਦੇ ਸਾਥੀ ਯੂਰਪ ਵਿਚ ਰਹਿੰਦੇ ਹਨ। ਉਹ ਇੰਜੀਲ ਦੀਆਂ ਕਦਰਾਂ-ਕੀਮਤਾਂ ਤੇ ਚੱਲਣ ਦੁਆਰਾ ਆਪੋ-ਆਪਣੇ ਦੇਸ਼ਾਂ ਦੀਆਂ ਸਰਕਾਰਾਂ ਦੇ ਨਿਯਮਾਂ ਨੂੰ ਮੰਨਦੇ ਹਨ। ਫਰਾਂਸ ਦੇ ਲੋਕੋ, ਇਹ ਹੀ ਸੱਚਾਈ ਹੈ ਅਤੇ ਇਸ ਸੱਚਾਈ ਨੂੰ ਤੁਹਾਡੇ ਸਾਮ੍ਹਣੇ ਪੇਸ਼ ਕਰਨਾ ਸਾਡਾ ਫ਼ਰਜ਼ ਹੈ!”
ਛੇਤੀ ਹੀ ਚੰਗਾ ਹੁੰਗਾਰਾ ਮਿਲਿਆ
ਪਹਿਲੇ ਹੀ ਦਿਨ ਲੱਖਾਂ ਟ੍ਰੈਕਟ ਵੰਡੇ ਗਏ। ਸਿਰਫ਼ ਪੈਰਿਸ ਵਿਚ ਹੀ, ਦੁਪਹਿਰ ਤਕ 7,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੇ ਲੋਕਾਂ ਨੂੰ 13 ਲੱਖ ਤੋਂ ਵੀ ਜ਼ਿਆਦਾ ਟ੍ਰੈਕਟ ਵੰਡੇ। ਯਕੀਨਨ ਲੋਕਾਂ ਨੇ ਸੜਕਾਂ ਤੇ ਇੰਨੇ ਸਾਰੇ ਗਵਾਹਾਂ ਨੂੰ ਟ੍ਰੈਕਟ ਵੰਡਦਿਆਂ ਪਹਿਲੀ ਵਾਰੀ ਦੇਖਿਆ ਸੀ। ਮੀਡੀਆ, ਜਿਸ ਵਿਚ ਰਾਸ਼ਟਰੀ ਤੇ ਸਥਾਨਕ ਅਖ਼ਬਾਰਾਂ ਅਤੇ ਟੈਲੀਵਿਯਨ ਵੀ ਸ਼ਾਮਲ ਸਨ, ਨੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਇਸ ਮੁਹਿੰਮ ਪ੍ਰਤੀ ਚੰਗਾ ਹੁੰਗਾਰਾ ਭਰਿਆ। ਅਖ਼ਬਾਰ ਲਾ ਪ੍ਰੋਗਰੇ ਡੇ ਲੀਓਨ ਨੇ ਲਿਖਿਆ: “ਇਸ ਪਹਿਲ-ਕਦਮੀ . . . ਦੁਆਰਾ ਇਕ ਸ਼ਬਦ ਬਾਰੇ ਲੋਕਾਂ ਦੀ ਗ਼ਲਤਫ਼ਹਿਮੀ ਨੂੰ ਦੂਰ ਕੀਤਾ ਗਿਆ ਹੈ। ਪਿਛਲੇ ਦਸਾਂ ਸਾਲਾਂ ਤੋਂ ‘ਫ਼ਿਰਕਾ’ ਸ਼ਬਦ ਨੂੰ . . . ਬਦਨਾਮ, ਖ਼ਤਰਨਾਕ ਅਤੇ ਨੁਕਸਾਨਦਾਇਕ ਅਰਥਾਂ ਵਿਚ ਲਿਆ ਗਿਆ ਹੈ। . . . ਯਹੋਵਾਹ ਦੇ ਗਵਾਹ ਸਮਾਜ ਲਈ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹਨ।”
ਜਿਹੜੇ ਲੋਕ ਯਹੋਵਾਹ ਦੇ ਗਵਾਹਾਂ ਨੂੰ ਜਾਣਦੇ ਹਨ, ਉਹ ਉਨ੍ਹਾਂ ਦੇ ਸ਼ਾਂਤ ਸੁਭਾਅ ਅਤੇ ਸਮਾਜਕ ਵਿਵਸਥਾ ਪ੍ਰਤੀ ਉਨ੍ਹਾਂ ਦੇ ਗਹਿਰੇ ਆਦਰ ਦੀ ਸ਼ਲਾਘਾ ਕਰਦੇ ਹਨ। ਇਸ ਲਈ, ਬਹੁਤ ਸਾਰੇ ਲੋਕਾਂ ਨੇ ਸੜਕਾਂ ਤੇ ਇਸ ਮੁਹਿੰਮ ਵਿਚ ਹਿੱਸਾ ਲੈ ਰਹੇ ਹਜ਼ਾਰਾਂ ਹੀ ਗਵਾਹਾਂ ਦੀ ਹਿਮਾਇਤ ਕੀਤੀ ਅਤੇ ਉਨ੍ਹਾਂ ਬਾਰੇ ਪ੍ਰਸ਼ੰਸਾ ਭਰੇ ਸ਼ਬਦ ਕਹੇ। ਟ੍ਰੈਕਟ ਮਿਲਣ ਤੋਂ ਫ਼ੌਰਨ ਬਾਅਦ, ਧੰਨਵਾਦ ਭਰੀਆਂ ਟੈਲੀਫ਼ੋਨ ਕਾਲਾਂ, ਫ਼ੈਕਸ ਅਤੇ ਚਿੱਠੀਆਂ ਮਿਲੀਆਂ। ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਸੀ ਕਿ ਨੇਕਦਿਲ ਲੋਕਾਂ ਨੂੰ ਝੂਠੀਆਂ ਅਤੇ ਬੇਹੁਦਾ ਟਿੱਪਣੀਆਂ ਤੋਂ ਉਲਟ, ਗਵਾਹਾਂ ਬਾਰੇ ਸੱਚਾਈ ਸੁਣਨ ਦਾ ਮੌਕਾ ਮਿਲਿਆ ਅਤੇ ਜਿਨ੍ਹਾਂ ਲੋਕਾਂ ਦੇ ਵਿਸ਼ਵਾਸਾਂ ਉੱਤੇ ਚਿੱਕੜ ਸੁੱਟਿਆ ਗਿਆ ਸੀ, ਉਹ ਲੋਕ ਆਪਣੇ ਵਿਸ਼ਵਾਸਾਂ ਪ੍ਰਤੀ ਆਪਣੇ ਜਜ਼ਬਾਤ ਜ਼ਾਹਰ ਕਰ ਸਕੇ ਜਿਹੜੇ ਉਨ੍ਹਾਂ ਨੂੰ ਬਹੁਤ ਅਜ਼ੀਜ਼ ਹਨ।